9 ਕੈਰੇਟ ਸੋਨੇ ਦੇ ਗਹਿਣੇ ਕਿਵੇਂ ਤੁਹਾਡੇ ਸ਼ੌਕ ਪੂਰੇ ਕਰ ਸਕਦੇ ਹਨ, ਜਾਣੋ ਹਾਲਮਾਰਕ ਹੋਣ ਨਾਲ ਖ਼ਰੀਦਦਾਰਾਂ ਨੂੰ ਕੀ ਫ਼ਾਇਦਾ ਹੋਵੇਗਾ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਜਿਹਾ ਦੇਸ਼ ਹੈ ਜਿੱਥੇ ਹਰ ਦਿਨ ਤਿਉਹਾਰ, ਵਿਆਹ ਜਾਂ ਘਰ ਵਿੱਚ ਬੱਚੇ ਦੇ ਜਨਮ ਦੀ ਖ਼ੁਸ਼ੀ ਸੋਨੇ ਦੇ ਗਹਿਣੇ ਖਰੀਦੇ ਬਿਨ੍ਹਾਂ ਅਕਸਰ ਅਧੂਰੀ ਮੰਨੀ ਜਾਂਦੀ ਹੈ।

ਪ੍ਰਤੀ ਤੋਲਾ ਇੱਕ ਲੱਖ ਤੋਂ ਮਹਿੰਗਾ ਹੋਇਆ ਸੋਨਾ ਮੱਧ ਵਰਗ ਦੀ ਪਹੁੰਚ ਤੋਂ ਬਾਹਰ ਨਜ਼ਰ ਆਉਣ ਲੱਗਿਆ ਹੈ। ਇਸ ਨਾਲ ਗਹਿਣਿਆਂ ਦੇ ਸ਼ੌਕੀਨਾਂ ਨੇ ਨਵੇਂ-ਨਵੇਂ ਬਦਲ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ।

ਬਾਜ਼ਾਰ ਵਿੱਚ ਵੀ ਕਈ ਨਵੇਂ ਬਦਲ ਆਏ ਹਨ ਜਿਵੇਂ ਕਿ ਕਈ ਵੱਡੇ ਬਰਾਂਡ 24 ਕੈਰੇਟ ਦੀ ਬਜਾਇ 22, 18 ਤੇ ਹੁਣ ਤਾਂ 9 ਕੈਰੇਟ ਦੇ ਗਹਿਣੇ ਬਣਾਉਣ ਲੱਗੇ ਹਨ। ਅਸਲ ਵਿੱਚ ਕੈਰੇਟ ਸੋਨੇ ਦੀ ਗੁਣਵੱਤਾ ਦਾ ਮਾਪਦੰਡ ਹੈ।

ਜ਼ਿਕਰਯੋਗ ਹੈ ਕਿ ਹੁਣ ਤੱਕ, ਭਾਰਤ ਵਿੱਚ ਹਾਲਮਾਰਕਿੰਗ ਸਿਰਫ਼ 24, 23, 22, 20, 18 ਅਤੇ 14 ਕੈਰੇਟ ਸੋਨੇ ਲਈ ਹੀ ਸੀ।

ਬਿਓਰੋ ਆਫ਼ ਇੰਡੀਅਨ ਸਟੈਂਰਡਰਜ਼ (ਬੀਆਈਐੱਸ) ਹਾਲਮਾਰਕ ਸੋਨੇ ਦੀ ਸ਼ੁੱਧਤਾ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਬੀਆਈਐੱਸ ਐਕਟ, 2016 ਦੇ ਤਹਿਤ ਖ਼ਪਤਕਾਰ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।

ਬਾਜ਼ਾਰ ਵਿੱਚ ਚਾਂਦੀ ਦੇ ਗਹਿਣੇ ਵੀ ਮੌਜੂਦ ਹਨ ਜਿਨ੍ਹਾਂ ਉੱਤੇ ਸੋਨੇ ਦੀ ਪਰਤ ਹੁੰਦੀ ਹੈ। ਪਰ ਗਾਹਕ ਚਾਂਦੀ ਦੇ ਗਹਿਣਿਆਂ ਦੀ ਬਜਾਇ 9 ਕੈਰੇਟ ਸੋਨੇ ਦੇ ਗਹਿਣਿਆਂ ਨੂੰ ਤਰਜ਼ੀਹ ਦਿੰਦੇ ਜਾਪ ਰਹੇ ਹਨ।

ਜਾਣਦੇ ਹਾਂ ਕਿ ਇਸ ਪਿੱਛੇ ਕੀ ਕਾਰਨ ਹੈ ਅਤੇ ਇਹ ਘੱਟ ਗੁਣਵੱਤਾ ਵਾਲਾ ਸੋਨਾ ਮੱਧ ਵਰਗ ਦੇ ਤੀਜ਼-ਤਿਉਹਾਰਾਂ ਦੇ ਰੰਗ ਨੂੰ ਫ਼ਿੱਕਾ ਹੋਣ ਤੋਂ ਕਿਵੇਂ ਬਚਾ ਸਕਦਾ ਹੈ।

ਅਧਿਕਾਰਿਤ ਮਨਜ਼ੂਰੀ

ਹਾਲ ਹੀ ਵਿੱਚ ਭਾਰਤ ਸਰਕਾਰ ਨੇ 9 ਕੈਰੇਟ ਸੋਨੇ ਲਈ ਹਾਲਮਾਰਕਿੰਗ ਮਾਪਦੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦਾ ਅਰਥ ਹੈ ਕਿ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਜੋ ਕਿ ਸੋਨੇ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੰਮ ਕਰਦਾ ਹੈ, ਉਸ ਵੱਲੋਂ ਇਸ ਨੂੰ ਹਾਲਮਾਰਕਿੰਗ ਪ੍ਰਣਾਲੀ ਦਾ ਹਿੱਸਾ ਬਣ ਗਿਆ ਹੈ।

ਇਹ ਨੋਟੀਫਿਕੇਸ਼ਨ ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਂਦੀ ਹੈ।

ਬੀਆਈਐੱਸ ਮੁਤਾਬਕ 9 ਕੈਰੇਟ ਸੋਨੇ ਦੀ ਘੱਟੋ-ਘੱਟ ਗੁਣਵੱਤਾ ਪ੍ਰਤੀ ਹਜ਼ਾਰ 375 ਹਿੱਸੇ ਹੋਣੀ ਚਾਹੀਦੀ ਹੈ ਅਤੇ ਹੁਣ ਇਹ ਹੋਰ ਸੋਨੇ ਦੀਆਂ ਸ਼੍ਰੇਣੀਆਂ ਵਾਂਗ ਹੀ ਨਿਯਮਾਂ ਦੇ ਅਧੀਨ ਹੋਵੇਗਾ।

ਅਧਿਕਾਰਿਤ ਜਿਊਲਰਾਂ, ਸੁਨਿਆਰਿਆਂ ਅਤੇ ਹਾਲਮਾਰਕਿੰਗ ਕੇਂਦਰਾਂ ਨੂੰ ਜੁਲਾਈ 2025 ਤੋਂ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਆਰਥਿਕ ਮਾਮਲਿਆਂ ਦੇ ਮਾਹਰ ਪ੍ਰੋਫ਼ੈਸਰ ਜੁਝਾਰ ਸਿੰਘ ਕਹਿੰਦੇ ਹਨ ਕਿ ਸੋਨੇ ਦੀਆਂ ਕੀਮਤਾਂ ਕਾਰਨ ਬਹੁਤ ਸਾਰੇ ਖਪਤਕਾਰਾਂ ਨੂੰ ਬਾਜ਼ਾਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਪਰ ਹੁਣ 9 ਕੈਰੇਟ ਤੱਕ ਦੇ ਗਹਿਣੇ ਖਰੀਦਣਾ ਵੀ ਕਾਨੂੰਨੀ ਤੌਰ ਉੱਤੇ ਪ੍ਰਵਾਨਿਤ ਹੋ ਗਿਆ ਹੈ ਅਤੇ ਇਸ ਤਰ੍ਹਾਂ ਉਹ ਖ਼ਪਤਕਾਰ ਵਾਪਸ ਬਾਜ਼ਾਰ ਵਿੱਚ ਆ ਸਕਣਗੇ।

ਜ਼ਿਕਰਯੋਗ ਹੈ ਕਿ 9 ਕੈਰੇਟ ਸੋਨੇ ਦੀ ਕੀਮਤ ਬਾਜ਼ਾਰ ਵਿੱਚ ਤਕਰੀਬਨ ₹40,400 ਪ੍ਰਤੀ 10 ਗ੍ਰਾਮ ਹੈ (ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਵੇਲੇ ਬਾਜ਼ਾਰ ਦੀਆਂ ਦੀਆਂ ਕੀਮਤਾਂ ਦੇ ਆਧਾਰ ਉੱਤੇ)।

9 ਕੈਰੇਟ ਸੋਨੇ ਦਾ ਗਾਹਕਾਂ ਨੂੰ ਕੀ ਫ਼ਾਇਦਾ ਹੋਵੇਗਾ

ਨੀਲਮ ਚੌਹਾਨ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਵਿੱਚ ਗਹਿਣੇ ਖ਼ਾਸਕਰ ਸੋਨੇ ਦੇ ਗਹਿਣੇ ਪਹਿਨਣ ਨੂੰ ਬੇਹੱਦ ਅਹਿਮੀਅਤ ਦਿੱਤੀ ਜਾਂਦੀ ਹੈ।

ਉਹ ਰੱਖੜੀ, ਦਿਵਾਲੀ ਜਾਂ ਨਵੇਂ ਸਾਲ ਉੱਤੇ ਤਾਂ ਗਹਿਣਾ ਖਰੀਦਣਾ ਪਸੰਦ ਕਰਦੇ ਹਨ, ਨਾਲ ਹੀ ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਉੱਤੇ ਵੀ ਹਰ ਸਾਲ ਕੁਝ ਨਾ ਕੁਝ ਸੋਨੇ ਦਾ ਖਰੀਦਦੇ ਹਨ।

ਨੀਲਮ ਕਹਿੰਦੇ ਹਨ, "ਔਰਤਾਂ ਲਈ ਸੋਨੇ ਦੇ ਗਹਿਣੇ ਇੱਕ ਸ਼ੌਕ ਹੀ ਨਹੀਂ ਬਲਕਿ ਇੱਕ ਨਿਵੇਸ਼ ਵੀ ਹੈ। ਅਸੀਂ ਜ਼ਮੀਨ ਜਾਇਦਾਦ ਦੇ ਰੂਪ ਵਿੱਚ ਤਾਂ ਅਕਸਰ ਕੁਝ ਨਹੀਂ ਖ਼ਰੀਦਦੀਆਂ ਪਰ ਸੋਨਾ ਇੱਕ ਅਜਿਹਾ ਨਿਵੇਸ਼ ਹੈ ਜਿੱਥੇ ਭਾਰਤੀ ਪਰਿਵਾਰਾਂ ਵਿੱਚ ਔਰਤਾਂ ਦਾ ਅਧਿਕਾਰ ਖੇਤਰ ਹੈ।"

"ਮੇਰੇ ਗਹਿਣਿਆਂ ਉੱਤੇ ਮੇਰਾ ਹੱਕ ਹੈ। ਮੈਂ ਉਨ੍ਹਾਂ ਦਾ ਜੋ ਮਰਜ਼ੀ ਕਰਾਂ ਮੈਨੂੰ ਕੋਈ ਸਵਾਲ ਨਹੀਂ ਕਰ ਸਕਦਾ। ਇਹ ਹੱਕ ਮੈਨੂੰ ਵਿਰਾਸਤ ਵਿੱਚ ਮਿਲਿਆ।"

"ਮੈਂ ਹਰ ਸਾਲ ਗਹਿਣੇ ਬਣਾਉਂਦੀ ਹਾਂ ਪਰ ਇਸ ਸਾਲ ਸੋਨੇ ਦੀਆਂ ਕੀਮਤਾਂ ਇੱਕ ਲੱਖ ਤੋਂ ਵੀ ਉੱਤੇ ਹਨ। ਅਜਿਹੇ ਵਿੱਚ ਰੱਖੜੀ ਉੱਤੇ ਮੈਂ ਆਪਣੇ ਲਈ ਨਵਾਂ ਤਜ਼ਰਬਾ ਕੀਤਾ। ਬਾਜ਼ਾਰ ਵਿੱਚ 18 ਕੈਰੇਟ ਦੇ ਹਾਲਮਾਰਕ ਗਹਿਣੇ ਮੌਜੂਦ ਹਨ। ਜਿਨ੍ਹਾਂ ਵਿੱਚ ਡਿਜ਼ਾਈਨ ਵੀ ਬਹੁਤ ਜ਼ਿਆਦਾ ਹਨ।"

"ਹੁਣ ਤਾਂ 9 ਕੈਰੇਟ ਸੋਨੇ ਦੇ ਗਹਿਣੇ ਵੀ ਮਿਲ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਜਿੰਨੀਆਂ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ ਉਸ ਲਈ ਹਰ ਰੋਜ਼ ਪਹਿਨਣ ਲਈ ਅਤੇ ਦਿਨ ਤਿਉਹਾਰਾਂ ਉੱਤੇ ਤੋਹਫ਼ੇ ਵਜੋਂ ਦੇਣ ਲਈ ਇਹ ਬਹੁਤ ਵਧੀਆ ਬਦਲ ਹੈ।"

ਨੀਲਮ ਕਹਿੰਦੇ ਹਨ ਕਿ ਔਰਤਾਂ ਚਾਹੇ ਕੰਮਕਾਜੀ ਹੋਣ ਜਾਂ ਘਰੇਲੂ ਉਨ੍ਹਾਂ ਨੂੰ ਹਰ ਸਾਲ ਆਪਣੇ ਲਈ ਕੁਝ ਅਜਿਹਾ ਖਰੀਦਣਾ ਚਾਹੀਦਾ ਹੈ ਜੋ ਉਨ੍ਹਾਂ ਲਈ ਵਿੱਤੀ ਹੌਂਸਲਾ ਸਾਬਤ ਹੋਵੇ।

ਕੁਝ ਜ਼ਿੰਮੇਵਾਰੀਆਂ ਵੀ ਸੋਨੇ ਉੱਤੇ ਨਿਰਭਰ ਹਨ

ਅਮਰਜੀਤ ਕੌਰ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ। ਉਹ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚੁਲਾਉਂਦੇ ਹਨ।

ਸੋਨੇ ਦੇ ਮਹਿੰਗਾ ਹੋਣ ਅਤੇ ਨਵੇਂ ਵਿਕਲਪ ਆਉਣ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਤਾਂ ਅਮਰਜੀਤ ਨੇ ਕਿਹਾ, "ਮੇਰੀਆਂ ਚਾਰ ਧੀਆਂ ਹਨ। ਉਨ੍ਹਾਂ ਦੇ ਵਿਆਹਾਂ ਉੱਤੇ ਸੋਨੇ ਦਾ ਕੋਈ ਗਹਿਣਾ ਮੇਰੀ ਰੀਝ ਸੀ।"

"ਪਰ ਸੋਨੇ ਦੀਆਂ ਕੀਮਤਾਂ ਕਰਕੇ ਇਹ ਸੁਫ਼ਨਾ ਦੂਰ ਦਾ ਲੱਗਦਾ ਸੀ। ਹੁਣ ਜਦੋਂ ਸਸਤੇ ਗਹਿਣੇ ਮਿਲ ਸਕਣਗੇ ਤਾਂ ਮੈਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਦੇਵਾਂਗੀ। ਜਿਸ ਨੂੰ ਉਹ ਔਖੇ ਸਮੇਂ ਵਰਤ ਵੀ ਸਕਣਗੀਆਂ। ਇਹ ਉਨ੍ਹਾਂ ਦਾ ਸਹਾਰਾ ਹੋਵੇਗਾ।"

9 ਕੈਰੇਟ ਸੋਨੇ ਬਾਰੇ ਮਾਹਰ ਕੀ ਕਹਿੰਦੇ ਹਨ

ਇਹ ਸੋਨੇ ਦੇ ਗਹਿਣਿਆਂ ਨੂੰ ਕਿਫਾਇਤੀ ਬਣਾਉਣ ਦਾ ਕੰਮ ਤਾਂ ਕਰੇਗਾ ਹੀ ਪਰ ਮਾਹਰ ਗਾਹਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੰਦੇ ਹਨ।

ਸੋਨੇ ਵਿੱਚ ਨਿਯਮਿਤ ਨਿਵੇਸ਼ ਕਰਨ ਵਾਲੇ ਸੁਖਦੀਪ ਕੌਰ ਅਰਥਸ਼ਾਸਤਰ ਦੇ ਲੈਕਚਰਾਰ ਹਨ।

ਉਹ ਕਹਿੰਦੇ ਹਨ ਕਿ ਸੋਨੇ ਦੀ ਗੁਣਵੱਤਾ ਨੂੰ ਸਪੱਸ਼ਟ ਕਰਨਾ ਅਤੇ ਸਰਕਾਰ ਵੱਲੋਂ ਪ੍ਰਵਾਨਿਤ ਕਰਨਾ ਗਾਹਕਾਂ ਲਈ ਵਿੱਤੀ ਤੌਰ ਉੱਤੇ ਲਾਹੇਵੰਦ ਹੈ।

"ਇਹ ਕਦਮ ਨੌਜਵਾਨ ਖਪਤਕਾਰਾਂ ਅਤੇ ਪੇਂਡੂ ਬਾਜ਼ਾਰਾਂ ਜਿੱਥੇ ਆਮ ਤੌਰ ਉੱਤੇ ਸੋਨੇ ਦੀ ਖਰੀਦ ਲਈ ਬਜਟ ਸੀਮਤ ਹੁੰਦਾ ਹੈ, ਉੱਥੋਂ ਲਈ ਵਧੇਰੇ ਫਾਇਦੇਮੰਦ ਰਹੇਗਾ।"

ਹਾਲਾਂਕਿ ਉਨ੍ਹਾਂ ਨੇ ਕੁਝ ਮਾਮਲਿਆਂ 'ਚ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ।

ਸੁਖਦੀਪ ਕੌਰ ਕਹਿੰਦੇ ਹਨ,"ਅਕਸਰ ਲੋਕ ਗ਼ੈਰ-ਅਧਿਕਾਰਿਤ ਜੌਹਰੀਆਂ ਤੋਂ ਗਹਿਣੇ ਬਣਵਾ ਲੈਂਦੇ ਹਨ। ਜਿਨ੍ਹਾਂ ਕੋਲ ਸੋਨੇ ਨੂੰ ਹਾਲਮਾਰਕ ਕਰਵਾਉਣ ਦਾ ਅਧਿਕਾਰ ਨਹੀਂ ਹੁੰਦਾ। ਅਜਿਹੀਆਂ ਥਾਵਾਂ ਤੋਂ ਖਰੀਦੇ ਗਏ ਸੋਨੇ ਦੀ ਬਾਜ਼ਾਰ ਵਿੱਚ ਅਸਲ ਕੀਮਤ ਕਈ ਵਾਰ ਘੱਟ ਨਿਕਲਦੀ ਹੈ।"

"ਅਜਿਹੇ ਗਹਿਣਿਆਂ ਵਿੱਚ ਬਣਵਾਈ ਦੀ ਕੀਮਤ ਵੱਧ ਲਗਾਈ ਜਾਂਦੀ ਹੈ। ਕਿਸੇ ਵੱਲੋਂ ਆਪਣੇ ਪੱਧਰ ਉੱਤੇ ਕੈਰੇਟ ਲਿਖ ਕੇ ਦੇਣ ਅਤੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਅਧਿਕਾਰ ਮੋਹਰ ਲਗਾਉਣ ਵਿੱਚ ਬਹੁਤ ਫ਼ਰਕ ਹੈ।"

"ਹਾਲਮਾਰਕ ਮੋਹਰ ਵਾਲੇ ਸੋਨੇ ਦੀ ਬਾਜ਼ਾਰ ਕੀਮਤ ਦੇਸ਼ ਵਿੱਚ ਹਰ ਜਗ੍ਹਾ ਇੱਕੋ ਜਿੰਨੀ ਰਹੇਗੀ ਜਦੋਂਕਿ ਗ਼ੈਰ-ਅਧਿਕਾਰਿਤ ਮੋਹਰ ਵਾਲੇ ਸੋਨੇ ਦੀ ਕੀਮਤ ਸੁਨਿਆਰੇ ਨਿੱਜੀ ਤੌਰ ਉੱਤੇ ਨਿਰਧਾਰਿਤ ਕਰਨਗੇ। ਅਜਿਹੇ ਵਿੱਚ ਗਾਹਕਾਂ ਕੋਲ ਭਰੋਸਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਦਾ ਹੈ।"

ਹਾਲਮਾਰਕ ਕੀ ਹੈ

ਹਾਲਮਾਰਕਿੰਗ ਕੀਮਤੀ ਧਾਤ ਤੋਂ ਬਣੀਆਂ ਵਸਤੂਆਂ ਵਿੱਚ ਕੀਮਤੀ ਧਾਤ ਦੇ ਅਨੁਪਾਤ ਦੀ ਵਰਤੋਂ ਦਾ ਸਹੀ ਨਿਰਧਾਰਨ ਅਤੇ ਅਧਿਕਾਰਤ ਪੈਮਾਨਾ ਹੈ।

ਭਾਰਤ ਸਣੇ ਕਈ ਦੇਸ਼ਾਂ ਵਿੱਚ ਹਾਲਮਾਰਕ ਕੀਮਤੀ ਧਾਤਾਂ ਤੋਂ ਬਣੀਆਂ ਚੀਜ਼ਾਂ ਦੀ ਸ਼ੁੱਧਤਾ ਦੀ ਗਰੰਟੀ ਵਜੋਂ ਵਰਤੇ ਜਾਂਦੇ ਅਧਿਕਾਰਤ ਚਿੰਨ੍ਹ ਹਨ।

ਸੁਖਦੀਪ ਕੌਰ ਦੱਸਦੇ ਹਨ ਕਿ ਹਾ਼ਲਮਾਰਕਿੰਗ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਮਿਲਾਵਟਖੋਰੀ ਤੋਂ ਬਚਾਉਣਾ ਅਤੇ ਨਿਰਮਾਤਾਵਾਂ ਨੂੰ ਕਾਨੂੰਨੀ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਹੈ।

ਭਾਰਤ ਵਿੱਚ ਇਸ ਵੇਲੇ ਸੋਨਾ ਅਤੇ ਚਾਂਦੀ ਦੋ ਅਜਿਹੀਆਂ ਧਾਤਾਂ ਹਨ ਜੋ ਹਾਲਮਾਰਕਿੰਗ ਦੇ ਦਾਇਰੇ ਵਿੱਚ ਆਉਂਦੀਆਂ ਹਨ।

ਬੀਆਈਐੱਸ ਹਾਲਮਾਰਕਿੰਗ ਸਕੀਮ ਤਹਿਤ ਸੁਨਿਆਰਿਆਂ ਨੂੰ ਰਜਿਸਟਰਡ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਬਣਾਏ ਗਹਿਣਿਆਂ ਉੱਤੇ ਹਾਲਮਾਰਕਿੰਗ ਕਰਨ ਦੀ ਕਾਨੂੰਨੀ ਮਨਜ਼ੂਰੀ ਮਿਲਦੀ ਹੈ।

ਰਜਿਸਟਰਡ ਕਾਰੀਗਰ ਮਾਨਤਾ ਪ੍ਰਾਪਤ ਅਸੈਸਿੰਗ ਅਤੇ ਹਾਲਮਾਰਕਿੰਗ ਕੇਂਦਰ ਤੋਂ ਆਪਣੇ ਗਹਿਣਿਆਂ ਦੀ ਹਾਲਮਾਰਕਿੰਗ ਕਰਵਾ ਸਕਦੇ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਗੁਣਵੱਤਾ ਦੀ ਗਾਰੰਟੀ ਲਈ ਹਾਲਮਾਰਕਿੰਗ ਵਾਲੇ ਗਹਿਣੇ ਅਤੇ ਹੋਰ ਸਮਾਨ ਹੀ ਖ਼ਰੀਦਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)