You’re viewing a text-only version of this website that uses less data. View the main version of the website including all images and videos.
ਕੀ ਸੋਨੇ ਵਿੱਚ ਨਿਵੇਸ਼ ਕਰਨ ਦਾ ਇਹ ਸਹੀ ਵਕਤ ਹੈ, ਨਿਵੇਸ਼ ਲਈ ਸੋਨਾ ਕਿੰਨਾ ਸੁਰੱਖਿਅਤ ਹੈ
ਵਿਸ਼ਵ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਰਿਕਾਰਡ ਉੱਚਾਈਆਂ 'ਤੇ ਪਹੁੰਚ ਗਈਆਂ ਹਨ। ਕਿਉਂਕਿ ਨਿਵੇਸ਼ਕ ਪੂੰਜੀ ਬਜ਼ਾਰਾਂ ਵਿੱਚ ਜਾਰੀ ਅਨਿਸ਼ਚਿਤਤਾ ਦੇ ਕਾਰਨ ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।
ਸੋਨੇ ਨੂੰ ਰਵਾਇਤੀ ਤੌਰ 'ਤੇ ਵਿੱਤੀ ਮੁਸ਼ਕਲਾਂ ਜਾਂ ਅਸਥਿਰਤਾ ਦੇ ਦੌਰ ਵਿੱਚ ਇੱਕ ਭਰੋਸੇਯੋਗ, ਠੋਸ ਸੰਪਤੀ ਵਜੋਂ ਦੇਖਿਆ ਜਾਂਦਾ ਹੈ।
"ਪਰ ਕੀ ਇਹ ਸੱਚਮੁੱਚ ਇੰਨਾ ਸੁਰੱਖਿਅਤ ਹੈ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਟੈਰਿਫ ਯੋਜਨਾਵਾਂ ਇਸ ਸਦੀ ਦੌਰਾਨ ਗਲੋਬਲ ਵਪਾਰ ਨੀਤੀ ਵਿੱਚ ਦੇਖੇ ਜਾਣ ਵਾਲੇ ਸਭ ਤੋਂ ਵੱਡੇ ਬਦਲਾਵਾਂ ਵਿੱਚੋਂ ਇੱਕ ਹੈ।
ਇਸ ਬਾਰੇ ਚਿੰਤਾਵਾਂ ਦੇ ਪ੍ਰਤੀਕਰਮ ਵਜੋਂ ਪਿਛਲੇ ਹਫ਼ਤੇ ਸੋਨੇ ਦੀ ਕੀਮਤ 3,167 ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈ।
ਇਸ ਸਾਲ ਟੈਰਿਫ ਅਤੇ ਵਪਾਰ ਯੁੱਧਾਂ ਬਾਰੇ ਚਿੰਤਾਵਾਂ ਦੇ ਕਾਰਨ ਸੋਨੇ ਦੀਆਂ ਕੀਮਤਾਂ ਦੇ ਰਿਕਾਰਡ ਵਾਰ-ਵਾਰ ਟੁੱਟੇ ਹਨ।
ਅਸਥਿਰਤਾ ਕਾਰਨ ਅਕਸਰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾਂਦਾ ਹੈ।
ਜਦੋਂ ਵਿੱਤੀ ਬਾਜ਼ਾਰ ਡਿੱਗਦੇ ਹਨ ਤਾਂ ਇੱਕ ਨਿਵੇਸ਼ਕ ਸੋਨੇ ਵੱਲ ਭੱਜਣ ਲੱਗਦੇ ਹਨ। ਵੱਡੀ ਗਿਣਤੀ ਵਿੱਚ ਖਰੀਦਦਾਰ ਇਹ ਕੀਮਤੀ ਧਾਤ ਖਰੀਦਣ ਦੀ ਕੋਸ਼ਿਸ਼ ਕਰਦੇ ਹਨ।
ਕੌਣ ਖ਼ਰੀਦ ਰਿਹਾ ਹੈ ਸੋਨਾ?
ਬੈਲਫਾਸਟ ਯੂਨੀਵਰਸਿਟੀ ਦੇ ਇੱਕ ਆਰਥਿਕ ਇਤਿਹਾਸਕਾਰ ਡਾ. ਫਿਲਿਪ ਫਲਾਇਰਜ਼ ਮੁਤਾਬਕ ਸੋਨਾ, "ਸਰਕਾਰਾਂ, ਵਿਅਕਤੀਗਤ ਨਿਵੇਸ਼ਕ, ਜਾਂ ਛੋਟੇ ਨਿਵੇਸ਼ਕ" ਖ਼ਰੀਦਦੇ ਹਨ।
ਉਹ ਅੱਗੇ ਕਹਿੰਦੇ ਹਨ, "ਲੋਕ ਵੱਡੇ ਪੱਧਰ 'ਤੇ ਇਕਵਿਟੀਜ਼ [ਜਿਵੇਂ ਕਿ ਸ਼ੇਅਰ] ਛੱਡ ਰਹੇ ਹਨ ਅਤੇ ਉਹ ਸੋਨੇ ਵਿੱਚ ਜਾ ਰਹੇ ਹਨ।”
"ਇਹੀ ਅਸਲ ਵਿੱਚ ਇਨ੍ਹਾਂ ਕੀਮਤਾਂ ਨੂੰ ਵਧਾਉਂਦਾ ਹੈ।"
"ਸੋਨਾ ਰਵਾਇਤੀ ਤੌਰ 'ਤੇ 'ਮਨਪਸੰਦ' ਧਾਤ ਰਿਹਾ ਹੈ ਜਦੋਂ ਵਿੱਤੀ ਬਾਜ਼ਾਰ ਵਿੱਚ ਵਿਸ਼ਵੀ ਅਨਿਸ਼ਚਿਤਤਾ ਹੁੰਦੀ ਹੈ।
ਸਾਲ 2020 ਵਿੱਚ, ਕੋਵਿਡ-19 ਮਹਾਮਾਰੀ ਕਾਰਨ ਆਰਥਿਕ ਮੰਦੀ ਆਈ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ।
ਹਾਲਾਂਕਿ, ਵਿੱਤੀ ਬਾਜ਼ਾਰਾਂ ਦੀ ਅਨਿਸ਼ਚਿਤਤਾ ਸੋਨੇ ਉੱਤੇ ਵੀ ਅਸਰ ਕਰ ਸਕਦੀ ਹੈ।
ਜਨਵਰੀ 2020 ਵਿੱਚ, ਜਦੋਂ ਕੋਵਿਡ-19 ਦਾ ਕਹਿਰ ਉਜਾਗਰ ਹੋਇਆ, ਤਾਂ ਸੋਨੇ ਦੀ ਕੀਮਤ ਵਧ ਗਈ, ਪਰ ਉਸ ਸਾਲ ਮਾਰਚ ਤੱਕ ਉਹ ਡਿੱਗਣ ਲੱਗ ਗਈਆਂ।
ਡਾ. ਫਲਾਇਰਜ਼ ਕਹਿੰਦੇ ਹਨ, "ਇਹ ਕਿ ਇਹ ਇੱਕ 'ਸੁਰੱਖਿਅਤ' ਨਿਵੇਸ਼ ਹੈ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਖ਼ਤਰੇ ਤੋਂ ਬਿਨਾਂ ਹੈ।"
ਲੇਕਿਨ ਸੋਨੇ ਦੀ ਅਜੇ ਵੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਵੀ ਇੱਕ ਨਿਵੇਸ਼ ਦੀ ਵਸਤੂ ਵਾਲੀ ਸਾਖ ਹੈ। ਇਸ ਦੀ ਵਜ੍ਹਾ ਸਿਰਫ ਇਸਦਾ ਮੁੱਲ ਨਹੀਂ ਸਗੋਂ ਇਤਿਹਾਸ ਅਤੇ ਵੱਖ-ਵੱਖ ਸਭਿਆਚਾਰਾਂ ਵਿੱਚ ਵੀ ਇਸਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਆਸਾਨੀ ਨਾਲ ਵਪਾਰ ਯੋਗ ਹੈ।
ਸ਼ਾਹੀ ਘਰਾਣਿਆਂ ਵਿੱਚ ਸੋਨੇ ਦੀ ਵਰਤੋਂ
ਪ੍ਰਾਚੀਨ ਮਿਸਰ ਦੇ ਤੂਤਨਖਾਮਨ ਦੇ ਸੋਨੇ ਦੇ ਮਖੌਟੇ ਤੋਂ ਲੈ ਕੇ, ਘਾਨਾ ਵਿੱਚ ਅਸਾਂਟੇ ਸਾਮਰਾਜ ਦੇ ਸੁਨਹਿਰੀ ਪਖਾਨੇ ਤੇ ਭਾਰਤ ਵਿੱਚ ਪਦਮਨਾਭਸਵਾਮੀ ਮੰਦਿਰ ਦੇ ਸੋਨੇ ਦੇ ਸਿੰਘਾਸਣਾਂ ਤੱਕ, ਇਸ ਧਾਤੂ ਨੇ ਇਤਿਹਾਸਕ ਤੌਰ 'ਤੇ ਧਾਰਮਿਕ ਅਤੇ ਚਿੰਨ੍ਹਾਤਮਕ ਅਹਿਮੀਅਤ ਕਾਇਮ ਰੱਖੀ ਹੈ।
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ ਸੋਨੇ ਨੂੰ ਆਪਣੀ ਦੌਲਤ ਨੂੰ ਸਟੋਰ ਕਰਨ ਦੇ ਇੱਕ ਭਰੋਸੇਯੋਗ ਸਾਧਨ ਵਜੋਂ ਦੇਖਦੇ ਹਨ। ਘਰ ਵਿੱਚ ਸੋਨੇ ਦੀਆਂ ਚੀਜ਼ਾਂ ਅਤੇ ਗਹਿਣਿਆਂ ਦਾ ਮੁੱਲ ਅਕਸਰ ਵਿਸ਼ਵੀ ਵਿੱਤੀ ਬਾਜ਼ਾਰਾਂ ਦੇ ਬਦਲਾਵਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ।
ਕੋਈ ਵੀ ਵੱਡਾ ਨਿਵੇਸ਼ ਵੱਡੇ ਵਿੱਤੀ ਖਿਡਾਰੀਆਂ ਦੇ ਰਹਿਮੋ-ਕਰਮ ਉੱਤੇ ਨਿਰਭਰ ਹੋ ਸਕਦਾ ਹੈ।
ਡਾਕਟਰ ਫਲਾਇਰਜ਼ ਸੋਨੇ ਦੀਆਂ ਕੀਮਤਾਂ ਦੇ ਹਾਲੀਆ ਵਾਧੇ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, "ਮੈਨੂੰ ਸ਼ੱਕ ਹੈ ਕਿ ਅਜਿਹਾ ਸਰਕਾਰੀ ਕੇਂਦਰੀ ਬੈਂਕਾਂ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਖਰੀਦਣ ਕਰਕੇ ਹੈ।"
ਉਹ ਅਕਸਰ ਅਨਿਸ਼ਚਿਤਤਾ ਦੇ ਸਮੇਂ ਵਿੱਚ ਇਕਵਿਟੀ ਨਿਵੇਸ਼ਾਂ ਤੋਂ ਦੂਰ ਹੁੰਦੇ ਹੋਏ ਆਪਣੇ ਸੋਨੇ ਦੇ ਭੰਡਾਰ ਨੂੰ ਵਧਾਉਣ ਲਈ ਵੱਡੀ ਮਾਤਰਾ ਵਿੱਚ ਸੋਨਾ ਖਰੀਦਦੇ ਹਨ।
ਇਸਦਾ ਮਤਲਬ ਹੈ ਕਿ ਕੀਮਤੀ ਧਾਤ ਵਿੱਚ ਨਿਵੇਸ਼ ਕਰਨਾ ਖਤਰਨਾਕ ਹੋ ਸਕਦਾ ਹੈ।
ਡਾਕਟਰ ਫਲਾਇਰਜ਼ ਕਹਿੰਦੇ ਹਨ, "ਸੋਨੇ ਦੇ ਮਹਿੰਗਾ ਹੋਣ ਉੱਤੇ ਸੱਟਾ ਲਾਉਣਾ ਅਜੇ ਵੀ ਇੱਕ ਖ਼ਤਰਨਾਕ ਰਣਨੀਤੀ ਹੈ ਕਿਉਂਕਿ ਜਿਵੇਂ ਹੀ ਬਾਜ਼ਾਰ ਸ਼ਾਂਤ ਹੋ ਜਾਂਦੇ ਹਨ, ਅਤੇ ਸਰਕਾਰਾਂ ਨੂੰ ਹੋਸ਼ ਆ ਜਾਂਦੀ ਹੈ, ਲੋਕ ਮੁੜ ਸੋਨੇ ਤੋਂ ਮੂੰਹ ਮੋੜ ਲੈਣਗੇ।"
"ਮੈਂ ਕਹਾਂਗਾ ਕਿ ਸੋਨੇ ਵਿੱਚ ਨਿਵੇਸ਼ ਲੰਬੇ ਸਮੇਂ ਲਈ ਦੂਰ-ਅੰਦੇਸ਼ੀ ਨਾਲ ਕਰਨਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ