You’re viewing a text-only version of this website that uses less data. View the main version of the website including all images and videos.
ਭਾਰਤ ਸਣੇ ਕਈ ਦੇਸ਼ ਕਿਉਂ ਖਰੀਦ ਰਹੇ ਹਨ ਸੋਨਾ? ਸੰਕਟ ਜਾਂ ਮੌਕਾ?
ਦੁਨੀਆਂ ਦੇ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਵੱਡੀ ਮਾਤਰਾ ਵਿੱਚ ਸੋਨਾ ਖਰੀਦ ਰਹੇ ਹਨ।
ਇਸ ਵਿੱਚ ਭਾਰਤੀ ਰਿਜ਼ਰਵ ਬੈਂਕ ਵੀ ਸ਼ਾਮਿਲ ਹੈ।
ਵਿਸ਼ਵ ਗੋਲਡ ਕੌਂਸਲ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਜੁਲਾਈ ਮਹੀਨੇ ਵਿੱਚ ਕੇਂਦਰੀ ਬੈਂਕਾਂ ਨੇ 37 ਟਨ ਤੱਕ ਸੋਨਾ ਖ਼ਰੀਦਿਆ ਹੈ।
ਸੋਨਾ ਖਰੀਦਣ ਵਾਲਿਆਂ ਵਿੱਚ ਪੋਲੈਂਡ, ਤੁਰਕੀ, ਉਜ਼ਬੇਕਿਸਤਾਨ ਅਤੇ ਚੈੱਕ ਗਣਰਾਜ ਵਰਗੇ ਦੇਸ਼ ਸ਼ਾਮਲ ਹਨ।
ਹਾਲਾਂਕਿ, ਸੋਨੇ ਦੀ ਇਸ ਤੇਜ਼ੀ ਨਾਲ ਖਰੀਦਦਾਰੀ ਦੇ ਦਰਮਿਆਨ ਕੁਝ ਦੇਸ਼ ਅਜਿਹੇ ਹਨ ਜਿਨ੍ਹਾਂ ਦੇ ਕੇਂਦਰੀ ਬੈਂਕ ਸੋਨਾ ਵੇਚ ਰਹੇ ਹਨ।
ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਰੂਸ-ਯੂਕਰੇਨ ਅਤੇ ਗਾਜ਼ਾ-ਇਜ਼ਰਾਈਲ ਜੰਗ ਚੱਲ ਰਹੀ ਹੈ।
ਇਸ ਤੋਂ ਇਲਾਵਾ ਵਾਤਾਵਰਣ ਸੰਕਟ ਨੇ ਦੁਨੀਆਂ ਭਰ ਵਿੱਚ ਚੁਣੌਤੀਆਂ ਵਧਾ ਦਿੱਤੀਆਂ ਹਨ।
ਕਿਹੜੇ ਦੇਸ਼ਾਂ ਨੇ ਸੋਨਾ ਵੇਚਿਆ
ਵਿਸ਼ਵ ਗੋਲਡ ਕਾਉਂਸਿਲ ਦੇ ਮੁਤਾਬਕ, ਭਾਰਤ ਇਸ ਸਾਲ ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ-ਜੂਨ ਦੌਰਾਨ ਸੋਨਾ ਖਰੀਦਣ ਵਿੱਚ ਦੂਜੇ ਸਥਾਨ 'ਤੇ ਰਿਹਾ।
ਪੋਲੈਂਡ ਦਾ ਸੈਂਟਰਲ ਬੈਂਕ ਸਭ ਤੋਂ ਵੱਧ 18.68 ਟਨ ਸੋਨੇ ਦੀ ਖਰੀਦ ਨਾਲ ਪਹਿਲੇ ਸਥਾਨ 'ਤੇ ਰਿਹਾ।
ਜਦਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਦੌਰਾਨ (ਅਪ੍ਰੈਲ-ਜੂਨ ਤਿਮਾਹੀ) 18.67 ਟਨ ਸੋਨਾ ਖਰੀਦਿਆ।
ਇਸ ਦੌਰਾਨ ਤੁਰਕੀ ਨੇ 14.63 ਟਨ, ਉਜ਼ਬੇਕਿਸਤਾਨ ਨੇ 7.46 ਟਨ ਅਤੇ ਚੈੱਕ ਗਣਰਾਜ ਨੇ 5.91 ਟਨ ਸੋਨਾ ਖਰੀਦਿਆ ਹੈ।
ਇਸ ਸਾਲ ਦੀ ਦੂਜੀ ਤਿਮਾਹੀ 'ਚ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਨੇ 183 ਟਨ ਸੋਨਾ ਖਰੀਦਿਆ ਸੀ, ਜਦਕਿ 2023 ਦੀ ਦੂਜੀ ਤਿਮਾਹੀ 'ਚ 173.6 ਟਨ ਸੋਨਾ ਖਰੀਦਿਆ ਗਿਆ ਸੀ।
ਕਜ਼ਾਕਿਸਤਾਨ ਨੇ ਇਸ ਸਾਲ ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ-ਜੂਨ 'ਚ 11.83 ਟਨ ਸੋਨਾ ਵੇਚਿਆ ਹੈ।
ਸਿੰਗਾਪੁਰ ਨੇ 7.7 ਟਨ ਜਦਕਿ ਜਰਮਨੀ ਨੇ 780 ਕਿਲੋ ਸੋਨਾ ਵੇਚਿਆ।
ਸੋਨਾ ਸਾਲਾਂ ਤੋਂ ਦੇਸ਼ਾਂ ਦੇ ਐਸੇਟ ਯਾਨੀ, ਸੰਪਤੀ ਭੰਡਾਰ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਇਹ ਹਾਲੇ ਵੀ ਜਾਰੀ ਹੈ।
ਵਰਲਡ ਗੋਲਡ ਕਾਉਂਸਿਲ ਦੀ ਰਿਪੋਰਟ ਮੁਤਾਬਕ, 2023 ਵਿੱਚ, ਕੇਂਦਰੀ ਬੈਂਕਾਂ ਨੇ ਆਪਣੇ ਭੰਡਾਰ ਵਿੱਚ 1,037 ਟਨ ਸੋਨਾ ਜਮ੍ਹਾ ਕੀਤਾ ਸੀ।
ਕੇਂਦਰੀ ਬੈਂਕਾਂ ਨੇ 2022 ਵਿੱਚ 1,082 ਸੋਨਾ ਜਮ੍ਹਾ ਕੀਤਾ।
ਇਹ ਅੰਕੜੇ ਦਰਸਾਉਂਦੇ ਹਨ ਕਿ ਕੇਂਦਰੀ ਬੈਂਕ ਅਜੇ ਵੀ ਸੋਨੇ ਨੂੰ ਰਿਜ਼ਰਵ ਸੰਪਤੀ ਵਜੋਂ ਬਹੁਤ ਅਹਿਮੀਅਤ ਦਿੰਦੇ ਹਨ।
ਕੇਂਦਰੀ ਬੈਂਕਾਂ ਲਈ ਸੋਨਾ ਇੱਕ ਸਥਿਰ ਸੰਪਤੀ ਵਜੋਂ ਕੰਮ ਕਰਦਾ ਹੈ।
ਵਿੱਤੀ ਸੰਕਟ ਦੌਰਾਨ ਅਰਥਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਨ ਵਿੱਚ ਮਦਦ ਕਰਨ ਤੋਂ ਇਲਾਵਾ, ਇਹ ਇੱਕ ਤਰ੍ਹਾਂ ਨਾਲ ਭੰਡਾਰ ਵਿੱਚ ਵਿਭਿੰਨਤਾ ਵੀ ਲਿਆਉਂਦਾ ਹੈ।
ਅਮਰੀਕੀ ਡਾਲਰ ਨੂੰ 'ਰਿਜ਼ਰਵ ਕਰੰਸੀ' ਦਾ ਦਰਜਾ ਰੱਖਦਾ ਹੈ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਬੈਂਕ ਇਸ ਉੱਤੋਂ ਆਪਣੀ ਨਿਰਭਰਤਾ ਨੂੰ ਘਟਾਉਣ ਦਾ ਮਕਸਦ ਰੱਖਦੇ ਹਨ। ਇਸ ਮਕਸਦ ਨੂੰ ਪੂਰਾ ਕਰਨ ਲਈ ਸੋਨਾ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।
ਇਹ ਖਰੀਦਦਾਰੀ ਪਿੱਛੇ ਕਾਰਨ ਹੈ
ਐੱਚਡੀਐੱਫ਼ਸੀ ਸਕਿਓਰਿਟੀਜ਼ ਦੇ ਉਤਪਾਦ ਹੈੱਡ (ਕਮਾਡਿਟੀਜ਼ ਐਂਡ ਕਰੰਸੀਜ਼) ਅਨੁਜ ਗੁਪਤਾ ਨੇ ਕਿਹਾ, "ਜਿਸ ਤਰ੍ਹਾਂ ਡਾਲਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਸ ਕਾਰਨ ਕੇਂਦਰੀ ਬੈਂਕ ਆਪਣੇ ਪੋਰਟਫੋਲੀਓ ਵਿੱਚ ਸੋਨਾ ਇਕੱਠਾ ਕਰ ਰਹੇ ਹਨ।”
“ਹਰ ਕੋਈ ਮੰਨਦਾ ਹੈ ਕਿ ਜੇਕਰ ਅਮਰੀਕਾ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰਦਾ ਹੈ ਤਾਂ ਡਾਲਰ ਦੀ ਕੀਮਤ ਡਿੱਗ ਜਾਵੇਗੀ, ਇਸ ਲਈ ਉਹ ਆਪਣੇ ਪੋਰਟਫੋਲੀਓ ਨੂੰ ਸੋਨੇ ਵੱਲ ਵਧਾ ਰਹੇ ਹਨ।"
"ਜਿਸ ਤਰ੍ਹਾਂ ਨਾਲ ਅਮਰੀਕੀ ਅਰਥਵਿਵਸਥਾ ਕਰਜ਼ੇ ਹੇਠ ਚੱਲ ਰਹੀ ਹੈ, ਅਜਿਹੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਭਵਿੱਖ ਵਿੱਚ ਡਾਲਰ ਕਮਜ਼ੋਰ ਹੋ ਸਕਦਾ ਹੈ।"
ਅਨੁਜ ਕਹਿੰਦੇ ਹਨ, “ਭਾਰਤ ਵੀ ਆਪਣੇ ਪੋਰਟਫੋਲੀਓ ਨੂੰ ਹੋਰ ਜ਼ਿਆਦਾ ਵਿਭਿੰਨਤਾ ਦੇਣ ਲਈ ਵੀ ਅਜਿਹਾ ਕਰ ਰਿਹਾ ਹੈ। ਭਾਰਤ ਨੂੰ ਆਪਣਾ ਵਿਦੇਸ਼ੀ ਭੰਡਾਰ ਵਧਾਉਣਾ ਪਵੇਗਾ।”
“ਜੇਕਰ ਭਾਰਤ ਡਾਲਰ ਦੇ ਮੁਕਾਬਲੇ ਸੋਨੇ ਦੀ ਵੀ ਖਰੀਦ ਕਰਦਾ ਹੈ ਤਾਂ ਉਹ ਵੱਧ ਨੋਟ ਛਾਪ ਸਕਦਾ ਹੈ। ਇਹ ਵੀ ਇੱਕ ਕਾਰਨ ਹੋ ਸਕਦਾ ਹੈ।"
ਇਸ ਤੋਂ ਇਲਾਵਾ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਭੂ-ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ। ਜੇਕਰ ਕੋਈ ਹੋਰ ਗੜਬੜ ਹੁੰਦੀ ਹੈ ਤਾਂ ਮੁਦਰਾ ਦੀ ਕੀਮਤ ਡਿੱਗ ਜਾਵੇਗੀ ਅਤੇ ਸੋਨੇ ਦੀਆਂ ਕੀਮਤਾਂ ਵਧ ਜਾਣਗੀਆਂ।
ਭਾਰਚ ਵਿੱਚ ਸੋਨੇ ਦੀ ਲਗਭਗ 50% ਮੰਗ ਵਿਆਹਾਂ ਕਾਰਨ
ਸੋਨੇ ਦੀ ਭਾਰਤੀ ਸੱਭਿਆਚਾਰ ਖਾਸ ਕਰਕੇ ਸਮਾਗਮਾਂ ਵਿੱਚ ਇੱਕ ਅਹਿਮ ਥਾਂ ਹੈ।
ਵਰਲਡ ਗੋਲਡ ਕਾਊਂਸਲ ਮੁਤਾਬਕ ਭਾਰਤ ਵਿੱਚ ਸੋਨੇ ਦੀ ਲਗਭਗ 50 ਫੀਸਦੀ ਸਲਾਨਾ ਮੰਗ ਵਿਆਹਾਂ ਕਾਰਨ ਹੁੰਦੀ ਹੈ। ਭਾਰਤ ਅੱਗੇ ਜਾ ਕੇ ਵੀ ਸੋਨੇ ਦੀ ਦੁਨੀਆਂ ਦੀ ਸਭ ਤੋਂ ਵੱਡਾ ਬਜ਼ਾਰ ਬਣਿਆ ਰਹੇਗਾ।
ਹਾਲਾਂਕਿ ਕਾਊਂਸਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਮੌਜੂਦਾ ਕੀਮਤਾਂ ਦਾ ਗਹਿਣਿਆਂ ਦੀ ਮੰਗ ਉੱਪਰ ਅਸਰ ਪਵੇਗਾ।
ਚੀਨ ਅਤੇ ਭਾਰਤ ਦੁਨੀਆਂ ਵਿੱਚ ਸੋਨੇ ਦੇ ਸਭ ਤੋਂ ਵੱਡੇ ਖ਼ਰੀਦਾਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ