'75 ਲੱਖ ਗਵਾਏ, 2 ਸਾਲ ਜੇਲ੍ਹ ਕੱਟੀ, ਤਸ਼ਦੱਦ ਸਹਿ ਕੇ ਅਖ਼ੀਰ ਬੇੜੀਆਂ 'ਚ ਦੇਸ਼ ਵਾਪਸ ਆਇਆ', ਡੰਕੀ ਰੂਟ ਰਾਹੀਂ ਅਮਰੀਕਾ ਗਏ ਨੌਜਵਾਨ ਦੀ ਕਹਾਣੀ

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

"75 ਲੱਖ ਰੁਪਏ ਗਵਾਏ, ਦੋ ਸਾਲ ਜੇਲ੍ਹ ਵਿੱਚ ਰਹੇ, ਮਾਈਨਸ ਦੋ ਡਿਗਰੀ ਤਾਪਮਾਨ, ਜੰਗਲ ਦਾ ਰਸਤਾ, ਫਿਰ ਹੋਈ ਵਤਨ ਵਾਪਸੀ।"

ਇਹ ਕਹਾਣੀ ਹੈ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਨੌਜਵਾਨ ਨਯਨ ਆਰਿਆ ਦੀ, ਜੋ ਡਾਲਰ ਕਮਾਉਣ ਅਤੇ ਖੁਸ਼ਹਾਲ ਜ਼ਿੰਦਗੀ ਦੀ ਆਸ ਵਿੱਚ ਅਮਰੀਕਾ ਗਏ ਸਨ।

24 ਸਾਲਾ ਨਯਨ ਆਰਿਆ ਉਰਫ਼ ਸੋਨੂੰ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਭਾਰਤ ਭੇਜਿਆ ਗਿਆ ਹੈ।

ਪਿੰਡ ਬਾਰਨਾ ਦੇ ਰਹਿਣ ਵਾਲੇ ਨਯਨ ਸ਼ਨਿੱਚਰਵਾਰ ਦੇਰ ਰਾਤ ਘਰ ਪਹੁੰਚੇ ਸਨ। ਨਯਨ ਸਾਲ 2023 ਵਿੱਚ ਅਮਰੀਕਾ ਲਈ ਘਰੋਂ ਨਿਕਲੇ ਸਨ।

ਨਯਨ ਦੱਸਦੇ ਹਨ ਕਿ ਉਨ੍ਹਾਂ ਨੂੰ 18 ਨਵੰਬਰ ਨੂੰ ਜਹਾਜ਼ ਵਿੱਚ ਜੰਜ਼ੀਰਾਂ ਨਾਲ ਬੰਨ੍ਹ ਕਿ ਇੱਕ ਅਮਰੀਕੀ ਜੇਲ੍ਹ ਤੋਂ ਲਿਆਂਦਾ ਗਿਆ ਸੀ ਅਤੇ 20 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਭਾਰਤ ਵਾਪਸੀ 'ਤੇ ਕਿਹਾ ਕਿ ਕਿਸੇ ਵੀ ਭਾਰਤੀ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਨਹੀਂ ਜਾਣਾ ਚਾਹੀਦਾ। ਉਹ ਕਹਿੰਦੇ ਹਨ, "ਦੋ ਸਾਲ ਤੱਕ ਜਿੰਨੀ ਮਿਹਨਤ ਉੱਥੇ ਕੀਤੀ, ਉਸ ਨਾਲ ਭਾਰਤ ਵਿੱਚ ਸਫ਼ਲਤਾ ਦੀ ਪੌੜੀ ਚੜ੍ਹ ਸਕਦਾ ਸੀ।"

'5 ਦਿਨਾਂ ਵਿੱਚ ਇੱਕ ਵਾਰ ਮਿਲਦਾ ਸੀ ਖਾਣਾ'

ਨਯਨ ਦੱਸਦੇ ਹਨ, "ਮੈਂ ਇਸ ਆਸ ਨਾਲ ਉੱਥੇ ਗਿਆ ਸੀ ਕਿ ਅਮਰੀਕਾ ਵਿੱਚ ਬਹੁਤ ਸਾਰੇ ਡਾਲਰ ਕਮਾਵਾਂਗਾ ਅਤੇ ਆਪਣੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸੁੱਖ-ਸਹੂਲਤ ਦੇਵਾਂਗਾ। ਮੇਰਾ 75 ਲੱਖ ਰੁਪਇਆ ਲੱਗ ਗਿਆ। ਮੈਨੂੰ ਦੋ ਏਜੰਟ ਕਰਨੇ ਪਏ, ਪਹਿਲਾਂ ਏਜੰਟ ਅੱਧ ਵਿੱਚ ਛੱਡ ਗਿਆ ਸੀ ਤੇ ਫਿਰ ਅਮਰੀਕਾ ਵਿੱਚ ਜੇਲ੍ਹ ਵਿੱਚ ਰਹਿੰਦਿਆਂ ਵਕੀਲਾਂ ਦਾ ਖਰਚਾ ਵੀ ਆਇਆ।"

ਇਸੇ ਸੋਚ ਨਾਲ, ਉਨ੍ਹਾਂ ਦੇ ਪਿਤਾ ਸਤਿਆਵਾਨ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ, ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਣਾ ਕਿ ਨਯਨ ਨੂੰ ਇਸ ਤਰ੍ਹਾਂ ਵਾਪਸ ਘਰ ਭੇਜ ਦਿੱਤਾ ਜਾਵੇਗਾ।

ਨਯਨ ਨੇ ਦੱਸਿਆ ਕਿ ਉਹ 2023 ਵਿੱਚ ਅਮਰੀਕਾ ਜਾਣ ਲਈ ਘਰੋਂ ਨਿਕਲੇ ਸਨ। ਏਜੰਟ ਨੇ ਉਨ੍ਹਾਂ ਨੂੰ ਸਿੱਧੀ ਉਡਾਣ ਦਾ ਵਾਅਦਾ ਕੀਤਾ ਸੀ, ਪਰ ਏਜੰਟ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਸਪੇਨ ਵਿੱਚ ਛੱਡ ਦਿੱਤਾ।

ਉਨ੍ਹਾਂ ਨੇ ਅੱਗੇ ਦੱਸਿਆ, "ਉੱਥੋਂ ਮੈਨੂੰ ਪੈਦਲ ਜੰਗਲ ਪਾਰ ਕਰਨਾ ਪਿਆ। ਸਰਬੀਆਈ ਜੰਗਲ ਵਿੱਚ ਡੰਕਰ ਸਾਨੂੰ ਖੰਡਰਾਂ ਵਿੱਚ ਰੱਖਦੇ ਸਨ। ਮੇਰਾ ਪਾਸਪੋਰਟ, ਫ਼ੋਨ ਅਤੇ ਡਾਲਰ ਪਹਿਲਾਂ ਹੀ ਖੋਹ ਲਏ ਗਏ ਸਨ। ਮੈਨੂੰ ਮਾਈਨਸ 2 ਡਿਗਰੀ ਸੈਲਸੀਅਸ ਵਿੱਚ ਵੀ ਰਹਿਣਾ ਪਿਆ। ਮੇਰੇ ਕੱਪੜੇ ਗਿੱਲੇ ਰਹਿੰਦੇ ਸਨ। ਰਾਤ ਨੂੰ ਠੰਢ ਵਧ ਜਾਂਦੀ ਸੀ।"

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਲਈ ਕੁੱਟਿਆ ਜਾਂਦਾ ਸੀ। ਬੰਦੂਕਾਂ ਵਾਲੇ ਡੰਕਰ ਉਨ੍ਹਾਂ 'ਤੇ ਨਜ਼ਰ ਰੱਖਦੇ ਸਨ।

"ਇਸ ਸਮੇਂ ਦੌਰਾਨ, ਸਾਨੂੰ ਜ਼ਿੰਦਾ ਰੱਖਣ ਲਈ ਥੋੜ੍ਹੀ ਜਿਹੀ ਮਾਤਰਾ ਵਿੱਚ ਭੋਜਨ ਦਿੱਤਾ ਜਾਂਦਾ ਸੀ। ਹਰ ਪੰਜ ਦਿਨਾਂ ਵਿੱਚ ਇੱਕ ਵਾਰ ਭੋਜਨ ਮਿਲਦਾ ਸੀ। ਉਸ ਵਿੱਚ ਵੀ ਸੁੱਕੀ ਬ੍ਰੈਡ ਹੁੰਦੀ ਸੀ।"

ਡੰਕਰਾਂ ਦੀਆਂ ਆਪਸ ਵਿੱਚ ਗੋਲੀਆਂ ਵੀ ਚੱਲ ਜਾਂਦੀਆਂ ਸਨ

ਨਯਨ ਕਹਿੰਦੇ ਹਨ, "ਕੰਧ ਪਾਰ ਕਰਵਾਉਣ ਦੌਰਾਨ ਡੰਕਰ ਅਕਸਰ ਇੱਕ-ਦੂਜੇ ਨਾਲ ਗੋਲੀਆਂ ਚਲਾਉਂਦੇ ਸਨ, ਕਿਉਂਕਿ ਉਹ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਬੰਧਕ ਬਣਾ ਲੈਂਦੇ ਸਨ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀ ਦੇ ਕੇ ਪੈਸੇ ਵਸੂਲ ਸਕਣ।"

ਉਹ ਦੱਸਦੇ ਹਨ, "ਇਸ ਨਾਲ ਗੋਲੀ ਲੱਗਣ ਦਾ ਖ਼ਤਰਾ ਵੀ ਰਹਿੰਦਾ ਸੀ। ਜੇਕਰ ਕਿਸੇ ਦੂਜੇ ਡੰਕਰ ਨੇ ਬੰਦੀ ਬਣਾ ਲਿਆ ਤਾਂ ਪੈਸੇ ਦੇ ਕੇ ਛੁੱਟਦੇ ਸਨ। ਕਰੀਬ ਮਹੀਨੇ ਵਿੱਚ ਜੰਗਲ ਨੂੰ ਪਾਰ ਕੀਤਾ।"

"ਜਿਸ ਦਿਨ ਸਰਬੀਆ ਵਿੱਚ ਜੰਗਲੀ ਸਰਹੱਦ ਪਾਰ ਕੀਤੀ ਤਾਂ ਫੌਜ ਨੇ ਫਾਇਰਿੰਗ ਕਰ ਦਿੱਤੀ। ਇੱਕ ਪਾਸਿਓਂ ਅਸੀਂ ਸਰਹੱਦ ਟੱਪ ਰਹੇ ਸੀ ਤਾਂ ਦੂਜੇ ਪਾਸਿਓਂ ਗੋਲਾਬਾਰੀ ਹੋ ਰਹੀ ਸੀ। ਜੰਗਲ ਪਾਰ ਕਰ ਕੇ ਅਸੀਂ ਅਰਮੇਨੀਆ ਪਹੁੰਚੇ ਤਾਂ ਉੱਥੇ ਪੁਲਿਸ ਨੇ ਫੜ੍ਹ ਲਿਆ।"

"ਕਈ ਦਿਨਾਂ ਤੱਕ ਕੁੱਟਿਆ ਗਿਆ। ਇਸ ਤੋਂ ਬਾਅਦ, ਪੁਲਿਸ ਨੇ ਪੈਸੇ ਲੈ ਕੇ ਕਾਰਡ ਜਾਰੀ ਕੀਤੇ ਅਤੇ ਛੱਡ ਦਿੱਤਾ।"

"ਉੱਥੋਂ, ਪੈਦਲ ਅਮਰੀਕਾ ਦੀ ਕੰਧ ਪਾਰ ਕੀਤੀ। ਕੰਧ ਟੱਪਦੇ ਹੋਏ ਉਨ੍ਹਾਂ ਦੇ ਹੱਥ-ਪੈਰ ਛਿੱਲੇ ਗਏ ਸਨ।"

ਉਹ ਦੱਸਦੇ ਹਨ, "ਸਾਨੂੰ ਅਮਰੀਕਾ ਦੀ ਜੇਲ੍ਹ ਤੋਂ ਰਿਹਾਅ ਹੋਣ ਲਈ 26 ਦਿਨਾਂ ਦੀ ਭੁੱਖ ਹੜਤਾਲ ਵੀ ਕਰਨੀ ਪਈ, ਜਿਸ ਤੋਂ ਬਾਅਦ ਸਾਡਾ ਕੇਸ ਅਦਾਲਤ ਵਿੱਚ ਦਾਇਰ ਕੀਤਾ ਗਿਆ, ਪਰ ਸਿਰਫ 3-4 ਮਹੀਨਿਆਂ ਬਾਅਦ ਹੀ ਸਾਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮੈਂ ਦੋ ਸਾਲ ਦੋ ਮਹੀਨੇ ਜੇਲ੍ਹ ਵਿੱਚ ਰਿਹਾ।"

ਮਾਪੇ ਵੀ ਪਰੇਸ਼ਾਨ

ਨਯਨ ਹੁਣ ਵਿਦੇਸ਼ ਜਾਣ ਬਾਰੇ ਸੁਪਨੇ ਵਿੱਚ ਵੀ ਨਾ ਸੋਚਣ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ, "ਜੋ ਵੀ ਮੈਂ ਹੁਣ ਤੱਕ ਝੱਲਿਆ ਹੈ, ਉਹ ਰੂਹ ਕੰਬਾਊ ਹੈ। ਮੈਂ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰਦਾ ਹਾਂ ਕਿ ਆਪਣਾ ਕੋਈ ਕਾਰੋਬਾਰ ਜਾਂ ਖੇਤੀ ਜੋ ਵੀ ਹੈ ਇੱਥੇ ਹੀ ਕਰ ਲਓ, ਦਾਲ-ਰੋਟੀ ਖਾ ਲਓ ਪਰ ਵਿਦੇਸ਼ ਜਾਣ ਦੀ ਨਾ ਸੋਚੋ।"

ਬੇਟੇ ਨੂੰ ਇਸ ਤਰ੍ਹਾਂ ਭਟਕਦਿਆਂ ਅਤੇ ਪਰੇਸ਼ਾਨ ਦੇਖ ਕੇ ਮਾਪਿਆਂ ਦਾ ਵੀ ਸਾਹ ਸੁੱਕਿਆ ਹੋਇਆ ਸੀ। ਨਯਨ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਬਿਮਾਰ ਹੋ ਗਏ ਹਨ।

ਨਯਨ ਕਹਿੰਦੇ ਹਨ, "ਜੇਲ੍ਹ ਵਿੱਚ ਇੰਨੇ ਤਸੀਹੇ ਦਿੱਤੇ ਗਏ ਸਨ ਕਿ ਡਿਪ੍ਰੈਸ਼ਨ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਸਨ।"

ਨਯਨ ਆਰਿਆ ਦੀ ਮਾਂ ਦਰਸ਼ਨਾ ਦੇਵੀ ਭਾਵੁਕ ਸ਼ਬਦਾਂ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਬੇਟਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ।

"ਪਹਿਲਾਂ ਉਹ ਹੱਸਦਾ-ਖੇਡਦਾ ਰਹਿੰਦਾ ਸੀ, ਉੱਥੇ ਹੀ ਹੁਣ ਉਹ ਗਵਾਚਿਆ ਜਿਹਾ ਰਹਿੰਦਾ ਹੈ ਨਾ ਜ਼ਿਆਦਾ ਗੱਲ ਕਰਦਾ ਹੈ ਨਾ ਚੰਗੀ ਤਰ੍ਹਾਂ ਖਾਂਦਾ-ਪੀਂਦਾ ਹੈ। ਉਸ ਦੇ ਪਿਤਾ ਬੇਟੇ ਦੀ ਚਿੰਤਾ ਵਿੱਚ ਬਿਮਾਰ ਹੋ ਗਏ ਹਨ।"

"ਬੇਟੇ ਨੂੰ ਵਿਦੇਸ਼ ਭੇਜਣ ਲਈ ਜ਼ਮੀਨ, ਪਲਾਟ ਵੀ ਵੇਚ ਦਿੱਤਾ ਅਤੇ ਕਰਜ਼ਾ ਵੀ ਚੁੱਕਿਆ ਪਰ ਹੁਣ ਇਸ ਗੱਲ ਨਾਲ ਸਬਰ ਹੈ ਕਿ ਉਨ੍ਹਾਂ ਦਾ ਬੇਟਾ ਸਹੀ-ਸਲਾਮਤ ਘਰ ਵਾਪਸ ਆ ਗਿਆ ਹੈ।"

ਇੰਨਾਂ ਹੀ ਨਹੀਂ ਨਯਨ ਦੇ ਗੁਆਂਢੀ ਵੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆ ਰਹੇ ਆ ਰਹੇ ਹਨ ਅਤੇ ਉਸ ਦੀ ਹਾਲਤ ਦੇਖ ਕੇ ਹੈਰਾਨ ਹੁੰਦੇ ਹਨ।

ਗੁਆਂਢਣ ਬਾਲਾ ਦੇਵੀ ਕਹਿੰਦੇ ਹਨ, "ਮੈਂ ਨਯਨ ਨੂੰ ਬਚਪਨ ਤੋਂ ਦੇਖਿਆ ਹੈ। ਹਮੇਸ਼ਾ ਖੁਸ਼ ਰਹਿਣ ਵਾਲਾ ਨਯਨ ਅੱਜ ਗੁੰਮਸੁੰਮ ਰਹਿੰਦਾ ਹੈ। ਸਾਡਾ ਨਯਨ ਬਹੁਤ ਬਦਲ ਗਿਆ ਹੈ।"

ਅਨਮੋਲ ਬਿਸ਼ਨੋਈ ਵੀ ਉਸੇ ਜਹਾਜ਼ 'ਚ ਆਇਆ ਸੀ

ਨਯਨ ਆਰਿਆ ਨੇ ਇਹ ਵੀ ਦੱਸਿਆ ਕਿ ਜਿਸ ਜਹਾਜ਼ ਰਾਹੀਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ, ਉਸੇ ਜਹਾਜ਼ ਵਿੱਚ ਅਨਮੋਲ ਬਿਸ਼ਨੋਈ ਨੂੰ ਵੀ ਲਿਆਂਦਾ ਗਿਆ ਹੈ।

ਨਯਨ ਨੇ ਦੱਸਿਆ, "ਉਸ ਨੂੰ ਵੀ ਮੇਰੇ ਵਾਂਗ ਹੀ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਲਗਭਗ 25 ਘੰਟਿਆਂ ਤੱਕ ਜੰਜ਼ੀਰਾਂ ਨਾਲ ਬੰਨ੍ਹਿਆ ਗਿਆ, ਖਾਣਾ ਜਾਂ ਟਾਇਲਟ ਬ੍ਰੇਕ ਲਈ ਵੀ ਕੋਈ ਰਿਹਾਈ ਨਹੀਂ ਦਿੱਤੀ ਗਈ। ਦਿੱਲੀ ਪਹੁੰਚਣ ਤੋਂ ਬਾਅਦ, ਅਨਮੋਲ ਬਿਸ਼ਨੋਈ, ਦਰਜਨਾਂ ਪੁਲਿਸ ਅਧਿਕਾਰੀਆਂ ਦੇ ਦੀ ਇੱਕ ਟੀਮ ਦੁਆਰਾ ਫੜ੍ਹ ਲਿਆ ਗਿਆ ਅਤੇ ਬਾਕੀਆਂ ਨੂੰ ਘਰ ਭੇਜ ਦਿੱਤਾ ਗਿਆ।"

2400 ਤੋਂ ਵੱਧ ਭਾਰਤੀ ਇਸ ਸਾਲ ਡਿਪੋਰਟ ਹੋਏ

ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਇਸ ਸਾਲ ਅਮਰੀਕਾ ਨੇ ਉਨ੍ਹਾਂ ਸੈਂਕੜੇ ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ।

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ 26 ਸਤੰਬਰ 2025 ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।

ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।

20 ਜਨਵਰੀ ਤੋਂ 22 ਜੁਲਾਈ 2025 ਤੱਕ 1703 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਵਿੱਚ 1562 ਮਰਦ ਅਤੇ 141 ਔਰਤਾਂ ਸ਼ਾਮਲ ਸਨ।

ਡਿਪੋਰਟ ਕੀਤੇ ਗਏ ਇਨ੍ਹਾਂ ਭਾਰਤੀਆਂ ਵਿੱਚ 620 ਪੰਜਾਬ, 604 ਹਰਿਆਣਾ, 245 ਗੁਜਰਾਤ ਅਤੇ 38 ਉੱਤਰ ਪ੍ਰਦੇਸ਼ ਤੋਂ ਸਨ।

ਅਮਰੀਕਾ ਵਿੱਚ ਡੌਨਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਸ਼ੁਰੂ ਹੋ ਗਿਆ ਸੀ।

ਇਸੇ ਤਹਿਤ ਡਿਪੋਰਟ ਕੀਤੇ ਲੋਕਾਂ ਨੂੰ ਲੈ ਕੇ ਪਹਿਲਾ ਜਹਾਜ਼ 5 ਫਰਵਰੀ ਨੂੰ ਅਤੇ ਦੂਸਰਾ, 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ ਅਤੇ ਉਸ ਤੋਂ ਬਾਅਦ ਕਈ ਹੋਰ ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਜਾ ਚੁੱਕਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)