ਐਪਸਟੀਨ ਫਾਈਲਾਂ ਵਿੱਚ ਕੌਣ-ਕੌਣ ਹੈ ਅਤੇ ਕੀ-ਕੀ ਹੈ

ਤਸਵੀਰ ਸਰੋਤ, US Department of Justice
- ਲੇਖਕ, ਕ੍ਰਿਸਟਲ ਹੇਅਸ
- ਰੋਲ, ਬੀਬੀਸੀ ਨਿਊਜ਼
ਅਮਰੀਕਾ ਦੇ ਨਿਆਂ ਵਿਭਾਗ ਨੇ ਜੈਫਰੀ ਐਪਸਟੀਨ ਨਾਲ ਸਬੰਧਤ ਦਸਤਾਵੇਜ਼ਾਂ ਦਾ ਕੁਝ ਸ਼ੁਰੂਆਤੀ ਹਿੱਸਾ ਜਾਰੀ ਕਰ ਦਿੱਤਾ ਹੈ।
ਇਹ ਦਸਤਾਵੇਜ਼, ਜਿਨ੍ਹਾਂ ਵਿੱਚ ਤਸਵੀਰਾਂ, ਵੀਡੀਓਜ਼ ਅਤੇ ਜਾਂਚ ਸੰਬੰਧੀ ਦਸਤਾਵੇਜ਼ ਸ਼ਾਮਲ ਹਨ, ਕਾਫ਼ੀ ਸਮੇਂ ਤੋਂ ਉਡੀਕੇ ਜਾ ਰਹੇ ਸਨ। ਕਾਂਗਰਸ ਨੇ ਇੱਕ ਕਾਨੂੰਨ ਵੀ ਪਾਸ ਕੀਤਾ ਸੀ ਜਿਸ ਦੇ ਤਹਿਤ 19 ਦਸੰਬਰ ਤੱਕ ਸਾਰੀਆਂ ਫ਼ਾਈਲਾਂ ਪੂਰੀ ਤਰ੍ਹਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ।
ਹਾਲਾਂਕਿ, ਨਿਆਂ ਵਿਭਾਗ ਨੇ ਮੰਨਿਆ ਕਿ ਉਹ ਦਿੱਤੀ ਮਿਆਦ ਤੱਕ ਸਾਰੇ ਦਸਤਾਵੇਜ਼ ਜਾਰੀ ਕਰਨ ਵਿੱਚ ਸਮਰੱਥ ਨਹੀਂ ਹੋਵੇਗਾ।
ਫ਼ਾਈਲਾਂ ਦੇ ਪਹਿਲੇ ਹਿੱਸੇ ਵਿੱਚ ਕਈ ਪ੍ਰਸਿੱਧ ਹਸਤੀਆਂ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਐਂਡਰਿਊ ਮਾਊਂਟਬੈਟਨ-ਵਿੰਡਸਰ ਅਤੇ ਸੰਗੀਤਕਾਰ ਮਿਕ ਜੈਗਰ ਅਤੇ ਮਾਈਕਲ ਜੈਕਸਨ ਵੀ ਸ਼ਾਮਲ ਹਨ।
ਫ਼ਾਈਲਾਂ ਵਿੱਚ ਨਾਮ ਆਉਣਾ ਜਾਂ ਤਸਵੀਰ ਵਿੱਚ ਦਿਖਾਈ ਦੇਣਾ ਇਹ ਨਹੀਂ ਦਰਸਾਉਂਦਾ ਕਿ ਵਿਅਕਤੀ ਦੀ ਕਿਸੇ ਗਲਤ ਕੰਮ ਵਿੱਚ ਸ਼ਮੂਲੀਅਤ ਸੀ। ਐਪਸਟੀਨ ਨਾਲ ਸੰਬੰਧਿਤ ਫ਼ਾਈਲਾਂ ਜਾਂ ਪਹਿਲਾਂ ਜਾਰੀ ਕੀਤੀਆਂ ਜਾਣਕਾਰੀਆਂ ਵਿੱਚ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਸੇ ਵੀ ਗਲਤ ਕੰਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਹਾਲੇ ਵੀ ਕਈ ਲੱਖ ਪੇਜ ਜਾਰੀ ਕੀਤੇ ਜਾਣੇ ਬਾਕੀ

ਤਸਵੀਰ ਸਰੋਤ, US Department of Justice
ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਈ ਅਜਿਹੇ ਦਸਤਾਵੇਜ਼ ਸ਼ਾਮਲ ਹਨ ਜਿਨ੍ਹਾਂ 'ਤੇ ਕਾਲੀ ਸਿਆਹੀ ਨਾਲ ਜਾਣਕਾਰੀ ਲੁਕਾਈ ਗਈ ਹੈ ਜਾਂ ਕੱਟ-ਵੱਢ ਕੀਤੀ ਗਈ ਹੈ, ਜਿਵੇਂ ਕਿ ਪੁਲਿਸ ਦੇ ਬਿਆਨ, ਜਾਂਚ ਰਿਪੋਰਟਾਂ ਅਤੇ ਤਸਵੀਰਾਂ ਆਦਿ।
ਇੱਕ ਫ਼ਾਈਲ ਵਿੱਚ ਗ੍ਰੈਂਡ ਜੂਰੀ ਜਾਂਚ ਨਾਲ ਸੰਬੰਧਿਤ 100 ਤੋਂ ਵੱਧ ਸਫ਼ੇ ਪੂਰੀ ਤਰ੍ਹਾਂ ਕਾਲੇ ਕਰ ਦਿੱਤੇ ਗਏ ਹਨ।
ਕਾਨੂੰਨ ਅਨੁਸਾਰ, ਅਧਿਕਾਰੀਆਂ ਨੂੰ ਪੀੜਤਾਂ ਦੀ ਪਛਾਣ ਦੀ ਰੱਖਿਆ ਕਰਨ ਜਾਂ ਚੱਲ ਰਹੀ ਅਪਰਾਧਿਕ ਜਾਂਚ ਨਾਲ ਸੰਬੰਧਿਤ ਸਮੱਗਰੀ ਨੂੰ ਲੁਕਾਉਣ ਲਈ ਸੋਧ ਕਰਨ (ਕੁਝ ਹਿੱਸਾ ਲੁਕਾਉਣ ਆਦਿ) ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਕਾਨੂੰਨ ਅਨੁਸਾਰ ਉਨ੍ਹਾਂ ਲਈ ਇਹ ਵੀ ਲਾਜ਼ਮੀ ਸੀ ਕਿ ਉਹ ਉਸ ਸੋਧ ਦਾ ਕਾਰਨ ਸਮਝਾਉਣ ਕਿ ਅਜਿਹਾ ਕਿਉਂ ਕੀਤਾ ਗਿਆ, ਜੋ ਅਜੇ ਤੱਕ ਨਹੀਂ ਕੀਤਾ ਗਿਆ ਸੀ।
ਨਿਆਂ ਵਿਭਾਗ ਮੁਤਾਬਕ, ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਪੇਜ ਉਸ ਸਮੱਗਰੀ ਦਾ ਸਿਰਫ਼ ਇੱਕ ਹਿੱਸਾ ਹਨ, ਜੋ ਅਜੇ ਜਾਰੀ ਕੀਤੀ ਜਾਣੀ ਹੈ।
ਡਿਪਟੀ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਕਿ ਵਿਭਾਗ ਸ਼ੁੱਕਰਵਾਰ ਨੂੰ "ਕਈ ਲੱਖ ਪੇਜ" ਜਾਰੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ "ਅਗਲੇ ਹਫ਼ਤਿਆਂ ਵਿੱਚ ਹੋਰ ਵੀ ਕਈ ਲੱਖ ਪੇਜ" ਜਾਰੀ ਕੀਤੇ ਜਾਣਗੇ।
ਉਨ੍ਹਾਂ ਨੇ ਫਾਕਸ ਐਂਡ ਫ੍ਰੈਂਡਜ਼ ਨੂੰ ਦੱਸਿਆ ਕਿ ਵਿਭਾਗ ਹਰ ਪੇਜ ਦੀ ਬਹੁਤ ਧਿਆਨ ਨਾਲ ਜਾਂਚ ਕਰ ਰਿਹਾ ਹੈ ਤਾਂ ਜੋ "ਹਰ ਪੀੜਤ - ਉਨ੍ਹਾਂ ਦਾ ਨਾਮ, ਉਨ੍ਹਾਂ ਦੀ ਪਛਾਣ, ਉਨ੍ਹਾਂ ਦੀ ਕਹਾਣੀ, ਜਿਸ ਹੱਦ ਤੱਕ ਇਸਦੀ ਸੁਰੱਖਿਆ ਲੋੜੀਂਦੀ ਹੈ - ਪੂਰੀ ਤਰ੍ਹਾਂ ਸੁਰੱਖਿਅਤ ਰਹੇ।"
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਮਾਂ ਲੱਗਦਾ ਹੈ।
ਹੋਰ ਸਮੱਗਰੀ/ਜਾਣਕਾਰੀ ਕਦੋਂ ਜਾਰੀ ਕੀਤੀ ਜਾਵੇਗੀ, ਇਹ ਅਜੇ ਸਪਸ਼ਟ ਨਹੀਂ ਹੈ ਅਤੇ ਦੋਵੇਂ ਧਿਰਾਂ ਦੇ ਕਾਨੂੰਨ ਸਾਜ਼ਾਂ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸਮੈਨ ਰੋ ਖੰਨਾ ਸਮੇਤ ਕਈ ਲੋਕਾਂ ਨੇ ਦੇਰੀ ਕਰਨ ਲਈ ਨਿਆਂ ਵਿਭਾਗ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਧਮਕੀ ਦਿੱਤੀ ਹੈ, ਜਿਸ ਵਿੱਚ ਇੰਪੀਚਮੈਂਟ ਜਾਂ ਦੇਰੀ ਕਾਰਨ ਸੰਭਾਵਿਤ ਮੁਕੱਦਮੇ ਵੀ ਸ਼ਾਮਲ ਹਨ।
ਖੰਨਾ ਨੇ ਰਿਪਬਲਿਕਨ ਕਾਂਗਰਸਮੈਨ ਥੌਮਸ ਮੈਸੀ ਨਾਲ ਮਿਲ ਕੇ ਐਪਸਟੀਨ ਫ਼ਾਈਲਜ਼ ਟ੍ਰਾਂਸਪੇਰੈਂਸੀ ਐਕਟ 'ਤੇ ਵੋਟਿੰਗ ਲਈ ਦਬਾਅ ਬਣਾਇਆ ਸੀ, ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਉਸ ਅਪੀਲ ਨੂੰ ਨਜ਼ਰਅੰਦਾਜ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਪਹਿਲਾਂ ਆਪਣੀ ਪਾਰਟੀ ਨੂੰ ਇਸ ਕਦਮ ਦੇ ਖ਼ਿਲਾਫ਼ ਵੋਟ ਪਾਉਣ ਲਈ ਕਿਹਾ ਸੀ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਨਿਆਂ ਵਿਭਾਗ ਵੱਲੋਂ ਸੈਂਕੜੇ ਹਜ਼ਾਰ ਪੇਜਾਂ ਦਾ ਦਸਤਾਵੇਜ਼ੀ ਢੇਰ, ਕਾਨੂੰਨ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ।''
ਆਪਣੇ ਇੱਕ ਵੀਡੀਓ ਵਿੱਚ ਉਨ੍ਹਾਂ ਦੱਸਿਆ ਕਿ ਸਾਰੇ ਵਿਕਲਪ ਮੌਜੂਦ ਹਨ ਅਤੇ ਉਹ (ਖੰਨਾ) ਅਤੇ ਮੈਸੀ ਉਨ੍ਹਾਂ 'ਤੇ ਵਿਚਾਰ ਕਰ ਰਹੇ ਹਨ।
ਪੂਲ ਅਤੇ ਹਾਟ ਟੱਬ ਵਿੱਚ ਬਿਲ ਕਲਿੰਟਨ ਦੀਆਂ ਤਸਵੀਰਾਂ

ਤਸਵੀਰ ਸਰੋਤ, US Department of Justice
ਜਾਰੀ ਕੀਤੀਆਂ ਗਈਆਂ ਕਈ ਤਸਵੀਰਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀਆਂ ਤਸਵੀਰਾਂ ਵੀ ਸ਼ਾਮਲ ਹਨ।
ਇੱਕ ਤਸਵੀਰ ਵਿੱਚ ਉਹ ਸਵਿਮਿੰਗ ਪੂਲ ਵਿੱਚ ਦਿਖਾਈ ਦੇ ਰਹੇ ਹਨ ਅਤੇ ਦੂਜੀ ਵਿੱਚ ਉਹ ਆਪਣੇ ਹੱਥ ਸਿਰ ਦੇ ਪਿੱਛੇ ਰੱਖ ਕੇ ਪਿੱਠ ਦੇ ਭਾਰ ਲੇਟੇ ਹੋਏ ਹਨ, ਜੋ ਕਿ ਹਾਟ ਟੱਬ ਵਰਗਾ ਲੱਗ ਰਿਹਾ ਹੈ।
ਕਲਿੰਟਨ ਦੀਆਂ ਐਪਸਟੀਨ ਨਾਲ 1990 ਦੇ ਦਹਾਕੇ ਅਤੇ 2000 ਦੇ ਸ਼ੁਰੂਆਤੀ ਸਾਲਾਂ ਦੌਰਾਨ ਕਈ ਤਸਵੀਰਾਂ ਖਿੱਚੀਆਂ ਗਈਆਂ ਸਨ, ਜੋ ਕਿ ਐਪਸਟੀਨ ਦੇ ਇੱਕ ਬਦਨਾਮ ਫ਼ਾਇਨੈਂਸਰ ਵਜੋਂ ਪਹਿਲੀ ਵਾਰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਦੀਆਂ ਹਨ। ਐਪਸਟੀਨ ਦੀਆਂ ਜਿਨਸੀ ਜ਼ਿਆਦਤੀਆਂ ਦੇ ਪੀੜਤਾਂ ਵੱਲੋਂ ਕਲਿੰਟਨ 'ਤੇ ਕਦੇ ਵੀ ਗਲਤ ਕੰਮ ਦਾ ਇਲਜ਼ਾਮ ਨਹੀਂ ਲਾਇਆ ਗਿਆ ਅਤੇ ਉਨ੍ਹਾਂ ਨੇ ਉਨ੍ਹਾਂ (ਕਲਿੰਟਨ) ਦੀਆਂ ਜਿਨਸੀ ਅਪਰਾਧੀ ਗਤੀਵਿਧੀਆਂ ਬਾਰੇ ਜਾਣਕਾਰੀ ਤੋਂ ਵੀ ਇਨਕਾਰ ਕੀਤਾ ਹੈ।
ਕਲਿੰਟਨ ਦੇ ਇੱਕ ਬੁਲਾਰੇ ਨੇ ਨਵੀਆਂ ਤਸਵੀਰਾਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਕਈ ਦਹਾਕੇ ਪੁਰਾਣੀਆਂ ਹਨ।
ਐਂਜਲ ਉਰੇਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਉਹ 20 ਤੋਂ ਵੱਧ ਸਾਲ ਪੁਰਾਣੀਆਂ ਧੁੰਦਲੀਆਂ ਤਸਵੀਰਾਂ ਜਿੰਨੀਂਆਂ ਮਰਜ਼ੀ ਜਾਰੀ ਕਰ ਲੈਣ, ਪਰ ਇਹ ਮਾਮਲਾ ਬਿਲ ਕਲਿੰਟਨ ਬਾਰੇ ਨਹੀਂ ਹੈ। ਕਦੇ ਸੀ ਵੀ ਨਹੀਂ, ਕਦੇ ਹੋਵੇਗਾ ਵੀ ਨਹੀਂ।"
"ਇੱਥੇ ਦੋ ਕਿਸਮ ਦੇ ਲੋਕ ਹਨ। ਪਹਿਲਾ ਸਮੂਹ ਉਨ੍ਹਾਂ ਦਾ ਹੈ ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ ਅਤੇ ਜਿਨ੍ਹਾਂ ਨੇ ਐਪਸਟੀਨ ਦੇ ਅਪਰਾਧ ਸਾਹਮਣੇ ਆਉਣ ਤੋਂ ਪਹਿਲਾਂ ਹੀ ਉਸ ਨਾਲ ਸਾਰੇ ਸਬੰਧ ਤੋੜ ਲਏ ਸਨ।''
''ਦੂਜਾ ਸਮੂਹ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਉਸ ਨਾਲ ਸੰਬੰਧ ਜਾਰੀ ਰੱਖੇ। ਅਸੀਂ ਪਹਿਲੇ ਸਮੂਹ ਵਿੱਚ ਹਾਂ। ਦੂਜੇ ਸਮੂਹ ਦੇ ਲੋਕਾਂ ਵੱਲੋਂ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਦੇਰੀ ਇਸ ਗੱਲ ਨੂੰ ਨਹੀਂ ਬਦਲੇਗੀ।''
"ਹਰ ਕੋਈ, ਖ਼ਾਸ ਕਰਕੇ MAGA (ਮੇਕ ਅਮੈਰਿਕਾ ਗ੍ਰੇਟ ਅਗੇਨ), ਜਵਾਬ ਚਾਹੁੰਦਾ ਹੈ, ਬਲੀ ਦੇ ਬਕਰੇ ਨਹੀਂ।"
ਐਪਸਟੀਨ ਨੇ ਕਥਿਤ ਤੌਰ 'ਤੇ ਟਰੰਪ ਨੂੰ 14 ਸਾਲ ਦੀ ਕੁੜੀ ਨਾਲ ਮਿਲਵਾਇਆ
ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਫ਼ਾਈਲਾਂ ਦੇ ਥੱਬੇ ਵਿੱਚ ਅਜਿਹੇ ਅਦਾਲਤੀ ਦਸਤਾਵੇਜ਼ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਜ਼ਿਕਰ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਐਪਸਟੀਨ ਨੇ ਕਥਿਤ ਤੌਰ 'ਤੇ ਫ਼ਲੋਰਿਡਾ ਦੇ ਮਾਰ-ਆ-ਲਾਗੋ ਰਿਸੋਰਟ ਵਿੱਚ ਇੱਕ 14 ਸਾਲ ਦੀ ਕੁੜੀ ਨੂੰ ਟਰੰਪ ਨਾਲ ਮਿਲਵਾਇਆ ਸੀ।
ਦਸਤਾਵੇਜ਼ਾਂ ਅਨੁਸਾਰ, 1990 ਦੇ ਦਹਾਕੇ ਦੌਰਾਨ ਹੋਈ ਇਸ ਕਥਿਤ ਮੁਲਾਕਾਤ ਵੇਲੇ ਐਪਸਟੀਨ ਨੇ ਟਰੰਪ ਨੂੰ ਕੂਹਣੀ ਮਾਰੀ ਅਤੇ "ਮਜ਼ਾਕੀਆ ਲਹਿਜ਼ੇ ਵਿੱਚ ਪੁੱਛਿਆ", ਕੁੜੀ ਵੱਲ ਇਸ਼ਾਰਾ ਕਰਦੇ ਹੋਏ, "ਇਹ ਵਧੀਆ ਹੈ, ਹੈ ਨਾ?"
2020 ਵਿੱਚ ਐਪਸਟੀਨ ਦੀ ਜਾਇਦਾਦ ਅਤੇ ਘਿਸਲੇਨ ਮੈਕਸਵੈੱਲ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਮੁਤਾਬਕ, ਟਰੰਪ ਨੇ ਮੁਸਕੁਰਾ ਕੇ ਸਿਰ ਹਿਲਾਇਆ ਅਤੇ ਸਹਿਮਤੀ ਜਤਾਈ।
ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ "ਉਹ ਦੋਵੇਂ ਹੱਸ ਪਏ" ਅਤੇ ਕੁੜੀ ਨੂੰ ਅਸਹਿਜ ਮਹਿਸੂਸ ਹੋਇਆ, ਪਰ "ਉਸ ਸਮੇਂ ਉਹ ਇੰਨੀ ਛੋਟੀ ਸੀ ਕਿ ਸਮਝ ਨਹੀਂ ਸਕੀ ਕਿ ਕਿਉਂ।" (ਉਹ ਕਿਉਂ ਹੱਸ ਰਹੇ ਸਨ)
ਪੀੜਤਾ ਦਾ ਇਲਜ਼ਾਮ ਹੈ ਕਿ ਕਈ ਸਾਲਾਂ ਤੱਕ ਐਪਸਟੀਨ ਨੇ ਉਸ ਨੂੰ ਆਪਣੇ ਕਾਬੂ ਵਿੱਚ ਰੱਖਿਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ।
ਅਦਾਲਤੀ ਅਰਜ਼ੀ ਵਿੱਚ ਉਨ੍ਹਾਂ ਨੇ ਟਰੰਪ ਖ਼ਿਲਾਫ਼ ਕੋਈ ਇਲਜ਼ਾਮ ਨਹੀਂ ਲਗਾਇਆ ਅਤੇ ਐਪਸਟੀਨ ਦੀਆਂ ਪੀੜਤਾਂ ਵੱਲੋਂ ਵੀ ਟਰੰਪ ਖ਼ਿਲਾਫ਼ ਕੋਈ ਇਲਜ਼ਾਮ ਨਹੀਂ ਲਗਾਏ ਗਏ ਹਨ।
ਬੀਬੀਸੀ ਨੇ ਟਿੱਪਣੀ ਲਈ ਵ੍ਹਾਈਟ ਹਾਊਸ ਨਾਲ ਸੰਪਰਕ ਕੀਤਾ ਹੈ।
ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਗਈਆਂ ਹਜ਼ਾਰਾਂ ਫ਼ਾਈਲਾਂ ਵਿੱਚ ਰਾਸ਼ਟਰਪਤੀ ਨਾਲ ਸੰਬੰਧਿਤ ਬਹੁਤ ਘੱਟ ਜ਼ਿਕਰ ਹਨ ਅਤੇ ਇਹ ਕਥਿਤ ਘਟਨਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਹ ਕਈ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਹਨ, ਪਰ ਉਨ੍ਹਾਂ ਦੀ ਸ਼ਮੂਲੀਅਤ ਬਹੁਤ ਹੀ ਘੱਟ ਹੈ।
ਰਾਸ਼ਟਰਪਤੀ ਦੀ ਰਾਜਨੀਤਕ ਟੀਮ ਦੇ ਅਧਿਕਾਰਿਕ ਐਕਸ ਖਾਤੇ 'ਟਰੰਪ ਵਾਰ ਰੂਮ' ਨੇ ਵੀ ਕਲਿੰਟਨ ਦੀਆਂ ਤਸਵੀਰਾਂ ਪੋਸਟ ਕੀਤੀਆਂ। ਟਰੰਪ ਦੀ ਪ੍ਰੈਸ ਸਕੱਤਰ ਨੇ ਵੀ ਕਲਿੰਟਨ ਦੀਆਂ ਤਸਵੀਰਾਂ ਮੁੜ ਪੋਸਟ ਕਰਦਿਆਂ ਲਿਖਿਆ, "ਓ ਮਾਈ"!
ਹਾਲਾਂਕਿ, ਹਾਲੇ ਵੀ ਕੁਝ ਸਫ਼ੇ ਜਾਰੀ ਹੋਣ ਬਾਕੀ ਹਨ।
ਡਿਪਟੀ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਹੈ ਕਿ "ਕਈ ਸੈਂਕੜੇ ਹਜ਼ਾਰਾਂ" ਦਸਤਾਵੇਜ਼ਾਂ ਦੇ ਸਫ਼ੇ ਹਾਲੇ ਸਮੀਖਿਆ ਹੇਠ ਹਨ ਅਤੇ ਅਜੇ ਤੱਕ ਜਨਤਕ ਨਹੀਂ ਕੀਤੇ ਗਏ।
ਅਮਰੀਕੀ ਰਾਸ਼ਟਰਪਤੀ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਕਈ ਸਾਲਾਂ ਤੱਕ ਐਪਸਟੀਨ ਦੇ ਦੋਸਤ ਰਹੇ, ਪਰ 2004 ਵਿੱਚ ਦੋਵਾਂ ਦੇ ਸੰਬੰਧ ਟੁੱਟ ਗਏ ਸਨ। ਇਹ ਐਪਸਟੀਨ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ। ਟਰੰਪ ਨੇ ਐਪਸਟੀਨ ਨਾਲ ਜੁੜੇ ਕਿਸੇ ਵੀ ਗਲਤ ਕੰਮ ਵਿੱਚ ਆਪਣੀ ਭੂਮਿਕਾ ਤੋਂ ਲਗਾਤਾਰ ਇਨਕਾਰ ਕੀਤਾ ਹੈ।
ਫੋਟੋ ਵਿੱਚ ਐਂਡਰਿਊ ਨੂੰ ਗੋਦੀ ਵਿੱਚ ਲੇਟੇ ਹੋਏ ਦਿਖਾਇਆ ਗਿਆ

ਤਸਵੀਰ ਸਰੋਤ, US Department of Justice
ਜਾਰੀ ਕੀਤੀਆਂ ਫਾਇਲਾਂ ਵਿੱਚ ਸ਼ਾਮਲ ਇੱਕ ਤਸਵੀਰ ਵਿੱਚ ਐਂਡਰਿਊ ਮਾਊਂਟਬੈਟਨ-ਵਿੰਡਸਰ ਪੰਜ ਲੋਕਾਂ ਦੀ ਦੀ ਗੋਦੀ ਵਿੱਚ ਲੇਟੇ ਹੋਏ ਦਿਖਾਏ ਗਏ। ਉਨ੍ਹਾਂ ਲੋਕਾਂ ਦੇ ਚਿਹਰੇ ਲਕੋਏ ਗਏ ਹਨ। ਤਸਵੀਰ ਵਿੱਚ ਐਪਸਟੀਨ ਦੀ ਸਾਥੀ ਘਿਸਲੇਨ ਮੈਕਸਵੈਲ ਵੀ ਉਨ੍ਹਾਂ ਦੇ ਪਿੱਛੇ ਖੜ੍ਹੀ ਨਜ਼ਰ ਆ ਰਹੀ ਹੈ।
ਐਂਡਰਿਊ ਨੂੰ ਐਪਸਟੀਨ ਨਾਲ ਪੁਰਾਣੀ ਦੋਸਤੀ ਕਾਰਨ ਕਈ ਸਾਲਾਂ ਤੋਂ ਜਾਂਚ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਸਵੀਰ ਵਿੱਚ ਐਪਸਟੀਨ ਖੁਦ ਨਜ਼ਰ ਨਹੀਂ ਆ ਰਿਹਾ।
ਐਂਡਰਿਊ ਨੇ ਐਪਸਟੀਨ ਨਾਲ ਸੰਬੰਧਿਤ ਹਰ ਕਿਸਮ ਦੇ ਗਲਤ ਕੰਮ ਤੋਂ ਵਾਰ-ਵਾਰ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ "ਅਜਿਹਾ ਕੋਈ ਵੀ ਵਿਹਾਰ ਨਾ ਤਾਂ ਵੇਖਿਆ, ਨਾ ਗਵਾਹੀ ਦਿੱਤੀ ਅਤੇ ਨਾ ਹੀ ਉਸ ਉੱਤੇ ਅਜਿਹਾ ਕੋਈ ਸ਼ੱਕ ਹੋਇਆ, ਜਿਸ ਕਾਰਨ ਬਾਅਦ ਵਿੱਚ ਐਪਸਟੀਨ ਦੀ ਗ੍ਰਿਫ਼ਤਾਰੀ ਹੋਈ ਅਤੇ ਸਜ਼ਾ ਹੋਈ।"
ਮਾਈਕਲ ਜੈਕਸਨ, ਡਾਇਆਨਾ ਰੌਸ , ਕ੍ਰਿਸ ਟੱਕਰ ਅਤੇ ਮਿਕ ਜੈਗਰ

ਤਸਵੀਰ ਸਰੋਤ, US Department of Justice
ਨਵੇਂ ਜਾਰੀ ਕੀਤੇ ਦਸਤਾਵੇਜ਼ਾਂ ਵਿੱਚ ਹੁਣ ਤੱਕ ਐਪਸਟੀਨ ਨਾਲ ਜੁੜੀਆਂ ਫਾਇਲਾਂ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ।
ਸਾਬਕਾ ਫਾਇਨੈਂਸਰ ਐਪਸਟੀਨ ਮਨੋਰੰਜਨ, ਰਾਜਨੀਤੀ ਅਤੇ ਕਾਰੋਬਾਰ ਦੀ ਦੁਨੀਆਂ ਨਾਲ ਕਨੈਕਸ਼ਨ ਕਰਕੇ ਵੀ ਜਾਣੇ ਜਾਂਦੇ ਸਨ। ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਕੁਝ ਤਸਵੀਰਾਂ ਵਿੱਚ ਉਹ ਮਾਈਕਲ ਜੈਕਸਨ, ਮਿਕ ਜੈਗਰ ਅਤੇ ਡਾਇਆਨਾ ਰੌਸ ਵਰਗੀਆਂ ਹਸਤੀਆਂ ਨਾਲ ਨਜ਼ਰ ਆ ਰਹੇ ਹਨ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਤਸਵੀਰਾਂ ਕਿੱਥੇ ਜਾਂ ਕਦੋਂ ਖਿੱਚੀਆਂ ਗਈਆਂ ਸਨ ਅਤੇ ਨਾ ਹੀ ਇਹ ਪਤਾ ਲੱਗਦਾ ਹੈ ਕਿ ਇਹ ਕਿਸ ਸੰਦਰਭ ਵਿੱਚ ਸਨ। ਇਹ ਵੀ ਸਾਫ਼ ਨਹੀਂ ਹੈ ਕਿ ਐਪਸਟੀਨ ਦਾ ਇਨ੍ਹਾਂ ਸਭ ਹਸਤੀਆਂ ਨਾਲ ਸਿੱਧਾ ਸੰਬੰਧ ਸੀ ਜਾਂ ਉਹ ਖੁਦ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਇਆ ਸੀ। ਪਹਿਲਾਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਵੀ ਐਪਸਟੀਨ ਦੀਆਂ ਥਾਵਾਂ ਤੋਂ ਅਜਿਹੀਆਂ ਫੋਟੋਆਂ ਮਿਲੀਆਂ ਸਨ, ਜੋ ਉਸਨੇ ਖੁਦ ਨਹੀਂ ਖਿੱਚੀਆਂ ਸਨ ਅਤੇ ਕੁਝ ਸਮਾਗਮਾਂ ਵਿੱਚ ਉਹ ਮੌਜੂਦ ਵੀ ਨਹੀਂ ਸੀ।
ਨਵੀਆਂ ਜਾਰੀ ਹੋਈਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਐਪਸਟੀਨ ਮਾਈਕਲ ਜੈਕਸਨ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਵਿੱਚ ਪੌਪ ਸਟਾਰ ਮਾਈਕਲ ਜੈਕਸਨ ਸੂਟ ਵਿੱਚ ਹਨ, ਜਦਕਿ ਐਪਸਟੀਨ ਨੇ ਜਿਪ ਵਾਲੀ ਹੁੱਡੀ ਪਾਈ ਹੋਈ ਹੈ।

ਤਸਵੀਰ ਸਰੋਤ, US Department of Justice
ਇੱਕ ਹੋਰ ਫੋਟੋ ਵਿੱਚ ਜੈਕਸਨ ਅਤੇ ਸਾਬਕਾ ਯੂਐੱਸ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਡਾਇਅਨਾ ਰੌਸ ਨਜ਼ਰ ਆ ਰਹੇ ਹਨ। ਇਹ ਇੱਕ ਬਹੁਤ ਛੋਟੀ ਥਾਂ ਉੱਤੇ ਇਹ ਤਸਵੀਰ ਖਿਚਵਾ ਰਹੇ ਦਿਖਾਏ ਗਏ ਹਨ ਅਤੇ ਫੋਟੋ ਵਿਚਲੇ ਕੁਝ ਹੋਰ ਚਿਹਰਿਆਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।
ਹਜ਼ਾਰਾਂ ਦਸਤਾਵੇਜ਼ਾਂ ਵਿੱਚ ਸ਼ਾਮਲ ਇੱਕ ਹੋਰ ਤਸਵੀਰ ਵਿੱਚ ਰੋਲਿੰਗ ਸਟੋਨਜ਼ ਦੇ ਦਿੱਗਜ ਮਿਕ ਜੈਗਰ ਨੂੰ ਬਿਲ ਕਲਿੰਟਨ ਅਤੇ ਇੱਕ ਔਰਤ ਨਾਲ ਫੋਟੋ ਖਿੱਚਵਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਉਸ ਔਰਤ ਦਾ ਚਿਹਰਾ ਦਸਤਾਵੇਜ਼ਾਂ ਵਿੱਚ ਛੁਪਾਇਆ ਗਿਆ ਹੈ। ਤਿੰਨੇ ਕਾਕਟੇਲ ਪਹਿਰਾਵੇ ਵਿੱਚ ਹਨ।
ਕਈ ਤਸਵੀਰਾਂ ਵਿੱਚ ਅਦਾਕਾਰ ਕ੍ਰਿਸ ਟੱਕਰ ਵੀ ਨਜ਼ਰ ਆਉਂਦੇ ਹਨ। ਇੱਕ ਤਸਵੀਰ ਵਿੱਚ ਉਹ ਖਾਣੇ ਦੀ ਮੇਜ਼ 'ਤੇ ਕਲਿੰਟਨ ਦੇ ਕੋਲ ਬੈਠੇ ਹੋਏ ਦਿਖਾਈ ਦਿੰਦੇ ਹਨ। ਇੱਕ ਹੋਰ ਤਸਵੀਰ ਵਿੱਚ ਉਹ ਜਹਾਜ਼ ਦੇ ਰਨਵੇ 'ਤੇ ਘਿਸਲੇਨ ਮੈਕਸਵੈਲ ਨਾਲ ਦਿਖਦੇ ਹਨ, ਜੋ ਐਪਸਟੀਨ ਨਾਲ ਜੁੜੀ ਰਹੀ ਹੈ।
ਬੀਬੀਸੀ ਨੇ ਮਿਕ ਜੈਗਰ, ਕ੍ਰਿਸ ਟੱਕਰ ਅਤੇ ਡਾਇਆਨਾ ਰੌਸ ਨਾਲ ਇਸ ਬਾਰੇ ਟਿੱਪਣੀ ਹਾਸਲ ਕਰਨ ਲਈ ਸੰਪਰਕ ਕੀਤਾ ਹੈ। ਕਲਿੰਟਨ ਪਹਿਲਾਂ ਹੀ ਐਪਸਟੀਨ ਦੇ ਜਿਣਸੀ ਸੋਸ਼ਣ ਵਾਲੇ ਅਪਰਾਧਾਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਚੁੱਕੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਇਹ ਤਸਵੀਰਾਂ ਕਈ ਦਹਾਕੇ ਪੁਰਾਣੀਆਂ ਹਨ।
ਬੁਲਾਰੇ ਨੇ ਕਿਹਾ, "ਇਹ ਮਾਮਲਾ ਬਿਲ ਕਲਿੰਟਨ ਬਾਰੇ ਨਹੀਂ ਹੈ। ਨਾ ਪਹਿਲਾਂ ਸੀ ਅਤੇ ਨਾ ਹੀ ਕਦੇ ਹੋਵੇਗਾ।"

ਤਸਵੀਰ ਸਰੋਤ, US Department of Justice
ਮਹਿਲਾ ਨੇ ਐਪਸਟੀਨ ਉੱਤੇ ਘਰ ਸਾੜਨ ਦੀ ਧਮਕੀ ਦੇਣ ਦੇ ਇਲਜ਼ਾਮ ਲਾਏ
ਐਪਸਟੀਨ ਬਾਰੇ ਸਭ ਤੋਂ ਪਹਿਲਾਂ ਰਿਪੋਰਟ ਕਰਨ ਵਾਲਿਆਂ ਵਿੱਚੋਂ ਇੱਕ ਦਾ ਜ਼ਿਕਰ ਫਾਇਲਾਂ ਵਿੱਚ ਹੈ। ਮਾਰੀਆ ਫਾਰਮਰ, ਜੋ ਇੱਕ ਕਲਾਕਾਰ ਹੈ ਅਤੇ ਐਪਸਟੀਨ ਲਈ ਕੰਮ ਕਰ ਰਹੀ ਸੀ, ਉਨ੍ਹਾਂ ਨੇ 1996 ਦੀ ਇੱਕ ਰਿਪੋਰਟ ਵਿੱਚ ਐਫਬੀਆਈ ਨੂੰ ਦੱਸਿਆ ਸੀ ਕਿ ਐਪਸਟੀਨ ਨੇ ਉਸ ਵੱਲੋਂ ਖਿੱਚੀਆਂ ਉਸ ਦੀਆਂ 12 ਸਾਲਾਂ ਅਤੇ 16 ਸਾਲਾਂ ਦੀਆਂ ਭੈਣਾਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ ਸਨ।
ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਨੂੰ ਲੱਗਦਾ ਹੈ ਕਿ ਐਪਸਟੀਨ ਨੇ ਇਹ ਤਸਵੀਰਾਂ ਸੰਭਾਵਿਤ ਖਰੀਦਦਾਰਾਂ ਨੂੰ ਵੇਚ ਦਿੱਤੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇ ਉਸਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਐਪਸਟੀਨ ਨੇ ਉਸਦਾ ਘਰ ਸਾੜ ਦੇਣ ਦੀ ਧਮਕੀ ਦਿੱਤੀ ਸੀ। ਫਾਇਲਾਂ ਵਿੱਚ ਉਸਦਾ ਨਾਮ ਛੁਪਾਇਆ ਗਿਆ ਹੈ, ਪਰ ਫਾਰਮਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਬਿਆਨ ਉਸਦਾ ਹੀ ਹੈ।
ਰਿਪੋਰਟ ਵਿੱਚ ਉਹ ਲਿਖਦੀ ਹੈ ਕਿ ਐਪਸਟੀਨ ਨੇ ਕਥਿਤ ਤੌਰ 'ਤੇ ਉਸਨੂੰ ਪੂਲ ਵਿੱਚ ਨੌਜਵਾਨ ਕੁੜੀਆਂ ਦੀਆਂ ਤਸਵੀਰਾਂ ਖਿੱਚਣ ਲਈ ਕਿਹਾ ਸੀ।
ਰਿਪੋਰਟ ਮੁਤਾਬਕ, "ਐਪਸਟੀਨ ਹੁਣ [ਛੁਪਾਇਆ ਗਿਆ ਨਾਮ] ਨੂੰ ਧਮਕੀ ਦੇ ਰਿਹਾ ਹੈ ਕਿ ਜੇ ਉਹ ਤਸਵੀਰਾਂ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਉਸਦਾ ਘਰ ਸਾੜ ਦੇਵੇਗਾ।"
ਫਾਰਮਰ ਨੇ ਕਿਹਾ ਕਿ ਲਗਭਗ 30 ਸਾਲਾਂ ਬਾਅਦ ਉਹ ਆਪਣੇ ਆਪ ਨੂੰ ਸਹੀ ਸਾਬਤ ਹੋਇਆ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਨੂੰ ਇਨਸਾਫ਼ ਮਿਲ ਗਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












