ਸੈਕਸ ਅਪਰਾਧੀ ਐਪਸਟੀਨ ਨਾਲ ਜੁੜੀਆਂ ਫਾਈਲਾਂ 'ਚ ਕੀ ਹੈ, ਇਸ ਮਾਮਲੇ 'ਚ ਟਰੰਪ ਸਣੇ ਕਿਹੜੇ ਲੀਡਰਾਂ 'ਤੇ ਕੀ ਸਵਾਲ ਉੱਠਦੇ ਰਹੇ ਹਨ

 ਜੈਫਰੀ ਐਪਸਟੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2004 ਵਿੱਚ ਕੈਂਬਰਿਜ, ਮੈਸੇਚਿਉਸੇਟਸ ਵਿੱਚ ਜੈਫਰੀ ਐਪਸਟੀਨ
    • ਲੇਖਕ, ਟੌਮ ਜਿਓਗੇਗਨ ਅਤੇ ਜੇਮਸ ਫਿਟਸਗੈਰਲਡ

"ਐਪਸਟੀਨ ਫਾਈਲਾਂ" ਸ਼ਬਦ ਮਹੀਨਿਆਂ ਤੋਂ ਟਰੰਪ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰਿਹਾ ਹੈ। ਦੋਸ਼ੀ ਠਹਿਰਾਏ ਗਏ ਸੈਕਸ ਅਪਰਾਧੀ ਅਤੇ ਫਾਈਨੈਂਸਰ ਮਰਹੂਮ ਜੈਫਰੀ ਐਪਸਟੀਨ ਦੇ ਅਪਰਾਧਾਂ ਬਾਰੇ ਹੁੰਦੀ ਚਰਚਾ ਕਰਕੇ ਵਧ ਰਹੇ ਤਣਾਅ ਨਾਲ ਟਰੰਪ ਪ੍ਰਸ਼ਾਸਨ ਜੂਝ ਰਿਹਾ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਦੇ ਆਪਣੇ ਸਮਰਥਕਾਂ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਅੰਦਰੋਂ ਦਬਾਅ ਵਧ ਰਿਹਾ ਸੀ ਕਿ ਉਹ ਐਪਸਟੀਨ ਦੀ ਸੰਘੀ ਜਾਂਚ ਵਿੱਚ ਜੋ ਸਾਹਮਣੇ ਆਇਆ ਹੈ, ਉਸ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ।

ਹਫ਼ਤਿਆਂ ਤੱਕ ਫਾਈਲ ਖੋਲ੍ਹਣ ਦਾ ਵਿਰੋਧ ਕਰਨ ਤੋਂ ਬਾਅਦ ਟਰੰਪ ਨੇ ਆਪਣਾ ਰੁਖ਼ ਬਦਲਿਆ ਅਤੇ ਰਿਪਬਲਿਕਨਾਂ ਨੂੰ ਐਪਸਟੀਨ ਦੀਆਂ ਫਾਈਲਾਂ ਨੂੰ ਜਨਤਕ ਜਾਂਚ ਲਈ ਖੋਲ੍ਹਣ ਲਈ ਵੋਟ ਪਾਉਣ ਦੀ ਅਪੀਲ ਕੀਤੀ।

ਫਿਰ ਕਾਂਗਰਸ ਦੇ ਦੋਵੇਂ ਸਦਨ, ਅਮਰੀਕੀ ਸਰਕਾਰ ਦੀ ਵਿਧਾਨਕ ਸ਼ਾਖਾ, ਨੇ ਇੱਕ ਅਜਿਹੇ ਉਪਾਅ ਨੂੰ ਮਨਜ਼ੂਰੀ ਦੇਣ ਲਈ ਸਹਿਮਤ ਜਤਾਈ ਜੋ ਅਮਰੀਕੀ ਨਿਆਂ ਵਿਭਾਗ ਨੂੰ ਐਪਸਟੀਨ ਜਾਂਚ ਨਾਲ ਸਬੰਧਤ ਸਾਰੀਆਂ ਫਾਈਲਾਂ ਜਾਰੀ ਕਰਨ ਲਈ ਮਜਬੂਰ ਕਰਦਾ ਹੈ।

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਐਲਾਨ ਕੀਤਾ ਕਿ ਉਨ੍ਹਾਂ ਨੇ ਇੱਕ ਬਿੱਲ 'ਤੇ ਦਸਤਖ਼ਤ ਕੀਤੇ ਹਨ ਜਿਸ ਵਿੱਚ ਦੋਸ਼ੀ ਠਹਿਰਾਏ ਗਏ ਮਰਹੂਮ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧਤ ਸਾਰੀਆਂ ਫਾਈਲਾਂ ਜਾਰੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਬਿੱਲ ਮੁਤਾਬਕ ਨਿਆਂ ਵਿਭਾਗ ਨੂੰ ਆਪਣੀ ਐਪਸਟੀਨ ਜਾਂਚ ਤੋਂ ਹਾਸਲ ਸਾਰੀ ਜਾਣਕਾਰੀ 30 ਦਿਨਾਂ ਦੇ ਅੰਦਰ "ਖੋਜਣਯੋਗ ਅਤੇ ਡਾਊਨਲੋਡ ਕਰਨ ਯੋਗ ਫਾਰਮੈਟ ਵਿੱਚ" ਜਾਰੀ ਕਰਨੀ ਹੋਵੇਗੀ।

ਐਪਸਟੀਨ ਦੀਆਂ ਫਾਈਲਾਂ ਕੀ ਹਨ?

2008 ਵਿੱਚ ਇੱਕ 14 ਸਾਲ ਦੀ ਕੁੜੀ ਦੇ ਮਾਪਿਆਂ ਨੇ ਫਲੋਰੀਡਾ ਵਿੱਚ ਪੁਲਿਸ ਨੂੰ ਦੱਸਿਆ ਕਿ ਐਪਸਟੀਨ ਨੇ ਪਾਮ ਬੀਚ ਵਿਚਾਲੇ ਸਥਿਤ ਘਰ ਵਿੱਚ ਉਨ੍ਹਾਂ ਦੀ ਬੇਟੀ ਦੇ ਨਾਲ ਛੇੜਛਾੜ ਕੀਤੀ ਸੀ, ਜਿਸ ਤੋਂ ਬਾਅਦ ਐਪਸਟੀਨ ਦਾ ਸਰਕਾਰੀ ਵਕੀਲਾਂ ਨਾਲ ਇੱਕ ਸੌਦਾ ਸੀ।

ਘਰ ਵਿੱਚ ਕੁੜੀਆਂ ਦੀਆਂ ਤਸਵੀਰਾਂ ਮਿਲੀਆਂ ਅਤੇ ਉਸ ਨੂੰ ਇੱਕ ਨਾਬਾਲਗ ਤੋਂ ਵੇਸਵਾਗਮਨੀ ਲਈ ਉਕਸਾਉਣ ਦਾ ਦੋਸ਼ੀ ਠਹਿਰਾਇਆ ਗਿਆ, ਜਿਸ ਲਈ ਉਸ ਨੂੰ ਇੱਕ ਸੈਕਸ ਅਪਰਾਧੀ ਵਜੋਂ ਦਰਜ ਕੀਤਾ ਗਿਆ ਅਤੇ ਸੌਦੇ ਦੇ ਨਤੀਜੇ ਵਜੋਂ ਉਹ ਵੱਡੀ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ।

ਗਿਆਰਾਂ ਸਾਲ ਬਾਅਦ, ਉਸ 'ਤੇ ਜਿਨਸੀ ਸ਼ੋਸ਼ਣ ਲਈ ਨਾਬਾਲਗ ਕੁੜੀਆਂ ਦਾ ਨੈੱਟਵਰਕ ਚਲਾਉਣ ਦਾ ਚਾਰਜ ਲਗਾਇਆ ਗਿਆ। ਮੁਕੱਦਮੇ ਦੀ ਉਡੀਕ ਕਰਦੇ ਹੋਏ ਉਸ ਦੀ ਜੇਲ੍ਹ ਵਿੱਚ ਮੌਤ ਹੋ ਗਈ ਅਤੇ ਉਸ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ।

ਇਨ੍ਹਾਂ ਦੋ ਅਪਰਾਧਿਕ ਜਾਂਚਾਂ ਦੌਰਾਨ ਦਸਤਾਵੇਜ਼ਾਂ ਦਾ ਇੱਕ ਵਿਸ਼ਾਲ ਭੰਡਾਰ ਇਕੱਠਾ ਹੋਇਆ, ਜਿਸ ਵਿੱਚ ਪੀੜਤਾਂ ਅਤੇ ਗਵਾਹਾਂ ਨਾਲ ਇੰਟਰਵਿਊਆਂ ਦੀਆਂ ਟ੍ਰਾਂਸਕ੍ਰਿਪਟਾਂ ਅਤੇ ਦੋਸ਼ੀ ਦੀਆਂ ਵੱਖ-ਵੱਖ ਜਾਇਦਾਦਾਂ 'ਤੇ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਸ਼ਾਮਲ ਹਨ।

ਇੱਕ ਵੱਖਰੀ ਜਾਂਚ ਵਿੱਚ ਉਸ ਦੀ ਬ੍ਰਿਟਿਸ਼ ਸਹਿ-ਸਾਜ਼ਿਸ਼ਕਰਤਾ ਅਤੇ ਸਾਬਕਾ ਪ੍ਰੇਮਿਕਾ, ਘਿਸਲੇਨ ਮੈਕਸਵੈੱਲ ਵੀ ਸ਼ਾਮਲ ਸੀ, ਜਿਸ ਨੂੰ 2021 ਵਿੱਚ ਐਪਸਟੀਨ ਨਾਲ ਸਾਜ਼ਿਸ਼ ਰਚਣ ਅਤੇ ਜਿਨਸੀ ਸ਼ੋਸ਼ਣ ਲਈ ਕੁੜੀਆਂ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਐਪਸਟੀਨ ਅਤੇ ਮੈਕਸਵੈੱਲ ਸਿਵਲ ਮੁਕੱਦਮਿਆਂ ਦਾ ਵੀ ਸਾਹਮਣਾ ਕਰ ਰਹੇ ਸਨ।

ਐਪਸਟੀਨ ਬਾਰੇ ਪਹਿਲਾਂ ਕੀ ਜਾਰੀ ਕੀਤਾ ਗਿਆ ਹੈ?

ਸਾਲਾਂ ਦੌਰਾਨ, ਕੁਝ ਸਮੱਗਰੀ ਵੱਖ-ਵੱਖ ਪੜਾਵਾਂ 'ਤੇ ਜਨਤਕ ਖੇਤਰ ਵਿੱਚ ਪੇਸ਼ ਕੀਤੀ ਗਈ ਹੈ।

ਪਿਛਲੇ ਹਫ਼ਤੇ, ਹਾਊਸ ਓਵਰਸਾਈਟ ਕਮੇਟੀ ਨੇ ਐਪਸਟੀਨ ਦੀ ਜਾਇਦਾਦ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼ ਜਾਰੀ ਕੀਤੇ, ਜ਼ਿਆਦਾਤਰ ਈਮੇਲ।

ਇਸ ਸਾਲ ਦੇ ਸ਼ੁਰੂ ਵਿੱਚ ਐਪਸਟੀਨ ਦੀ ਜਾਇਦਾਦ ਨੂੰ ਸੰਮਨ ਭੇਜਣ ਤੋਂ ਬਾਅਦ ਹਾਊਸ ਓਵਰਸਾਈਟ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਇਹ ਪਹਿਲਾ ਦਸਤਾਵੇਜ਼ ਨਹੀਂ ਸੀ।

ਸਤੰਬਰ ਵਿੱਚ ਪਹਿਲਾਂ ਜਾਰੀ ਕੀਤੀ ਗਈ ਇੱਕ ਕਿਤਾਬ ਵਿੱਚ ਐਪਸਟੀਨ ਨੂੰ ਸੰਬੋਧਿਤ ਇੱਕ ਨੋਟ ਸੀ, ਜਿਸ ਵਿੱਚ ਟਰੰਪ ਦਾ ਨਾਮ ਸੀ, ਹਾਲਾਂਕਿ ਟਰੰਪ ਨੇ ਇਹ ਨੋਟ ਲਿਖਣ ਤੋਂ ਇਨਕਾਰ ਕਰ ਦਿੱਤਾ ਹੈ।

ਫਰਵਰੀ ਵਿੱਚ, ਟਰੰਪ ਦੇ ਅਹੁਦਾ ਸੰਭਾਲਣ ਤੋਂ ਹਫ਼ਤਿਆਂ ਬਾਅਦ ਨਿਆਂ ਵਿਭਾਗ ਅਤੇ ਐੱਫਬੀਆਈ ਨੇ "ਐਪਸਟੀਨ ਦੀਆਂ ਗੁਪਤ ਫਾਈਲਾਂ ਦਾ ਪਹਿਲਾ ਪੜਾਅ" ਨਾਮ ਦਾ ਇੱਕ ਕਿਤਾਬਚਾ ਜਾਰੀ ਕੀਤਾ।

ਸੱਜੇ-ਪੱਖੀ ਪ੍ਰਭਾਵਕਾਂ ਦੇ ਇੱਕ ਸਮੂਹ ਨੂੰ ਵ੍ਹਾਈਟ ਹਾਊਸ ਵਿੱਚ ਸੱਦਾ ਦਿੱਤਾ ਗਿਆ ਸੀ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਸੌਂਪੀ ਗਈ 341 ਪੰਨਿਆਂ ਦੀ ਸਮੱਗਰੀ ਵਿੱਚੋਂ ਜ਼ਿਆਦਾਤਰ ਪਹਿਲਾਂ ਹੀ ਜਨਤਕ ਸੀ, ਤਾਂ ਉਹ ਨਿਰਾਸ਼ ਹੋ ਗਏ।

ਇਸ ਵਿੱਚ ਐਪਸਟੀਨ ਦੇ ਫਲਾਈਟ ਲੌਗ ਅਤੇ ਉਸ ਦੀ ਸੰਪਰਕ ਕਿਤਾਬ ਦਾ ਇੱਕ ਸੋਧਿਆ ਹੋਇਆ ਸੰਸਕਰਣ ਸ਼ਾਮਲ ਸੀ, ਜਿਸ ਵਿੱਚ ਉਨ੍ਹਾਂ ਮਸ਼ਹੂਰ ਲੋਕਾਂ ਦੇ ਨਾਮ ਸਨ ਜਿਨ੍ਹਾਂ ਨੂੰ ਉਹ ਜਾਣਦਾ ਸੀ।

ਜੁਲਾਈ ਵਿੱਚ ਨਿਆਂ ਵਿਭਾਗ ਅਤੇ ਐੱਫਬੀਆਈ ਨੇ ਇੱਕ ਮੀਮੋ ਵਿੱਚ ਕਿਹਾ ਸੀ ਕਿ ਕੋਈ ਹੋਰ ਸਮੱਗਰੀ ਜਾਰੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

ਐਪਸਟੀਨ ਫਾਈਲਾਂ ਵਿੱਚ ਕਿਸਦਾ ਨਾਮ ਹੈ?

ਜਾਰੀ ਨਾ ਕੀਤੇ ਗਏ ਦਸਤਾਵੇਜ਼ਾਂ ਦੀ ਸਮੱਗਰੀ ਅਣਜਾਣ ਹੈ।

ਦਿ ਵਾਲ ਸਟਰੀਟ ਜਰਨਲ ਦੇ ਅਨੁਸਾਰ, ਮਈ ਵਿੱਚ ਅਟਾਰਨੀ ਜਨਰਲ ਪੈਮ ਬੋਂਡੀ ਨੇ ਟਰੰਪ ਨੂੰ ਦੱਸਿਆ ਕਿ ਉਸ ਦਾ ਨਾਮ ਐੱਫਬੀਆਈ ਦਸਤਾਵੇਜ਼ਾਂ ਵਿੱਚ ਹੈ।

ਉਹ ਐਪਸਟੀਨ ਦਾ ਦੋਸਤ ਹੁੰਦਾ ਸੀ ਅਤੇ ਅਖ਼ਬਾਰ ਨੇ ਲਿਖਿਆ ਕਿ ਫਾਈਲਾਂ ਵਿੱਚ ਉਸ ਦੇ ਨਾਮ ਉੱਤੇ ਕਿਸੇ ਗ਼ਲਤ ਕੰਮ ਦਾ ਸਬੂਤ ਨਹੀਂ ਹੈ।

ਵ੍ਹਾਈਟ ਹਾਊਸ ਦੇ ਇੱਕ ਬੁਲਾਰੇ ਨੇ ਰਿਪੋਰਟ ਨੂੰ "ਜਾਅਲੀ" ਕਿਹਾ, ਹਾਲਾਂਕਿ ਇੱਕ ਅਧਿਕਾਰੀ ਨੇ ਬਿਨਾਂ ਨਾਮ ਦੱਸੇ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਗੱਲ 'ਤੇ ਵਿਵਾਦ ਨਹੀਂ ਕੀਤਾ ਕਿ ਟਰੰਪ ਦਾ ਨਾਮ ਸ਼ਾਮਲ ਕੀਤਾ ਗਿਆ ਸੀ।

ਜਨਤਕ ਖੇਤਰ ਵਿੱਚ ਮੌਜੂਦਾ ਸਮੱਗਰੀ ਐਪਸਟੀਨ ਨਾਲ ਜੁੜੇ ਕਈ ਉੱਚ-ਪ੍ਰੋਫਾਈਲ ਵਿਅਕਤੀਆਂ ਦਾ ਜ਼ਿਕਰ ਕਰਦੀ ਹੈ।

ਫਿਰ ਵੀ, ਇਸਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਕੋਈ ਗ਼ਲਤ ਕੰਮ ਕੀਤਾ ਹੈ।

2024 ਵਿੱਚ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਦਰਜਨਾਂ ਨਾਮ ਸਾਹਮਣੇ ਆਏ, ਜਿਨ੍ਹਾਂ ਵਿੱਚ ਸਾਬਕਾ ਪ੍ਰਿੰਸ ਅਤੇ ਕਿੰਗ ਚਾਰਲਸ ਦੇ ਭਰਾ ਐਂਡਰਿਊ ਮਾਊਂਟਬੈਟਨ-ਵਿੰਡਸਰ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਮਾਈਕਲ ਜੈਕਸਨ ਸ਼ਾਮਲ ਹਨ।

ਕਲਿੰਟਨ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੋਵਾਂ ਨੇ ਐਪਸਟੀਨ ਦੇ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਜੈਕਸਨ ਦੀ ਮੌਤ 2009 ਵਿੱਚ ਹੋਈ ਸੀ।

ਇਨ੍ਹਾਂ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਐਪਸਟੀਨ ਦੀ ਸਾਬਕਾ ਪ੍ਰੇਮਿਕਾ, ਘਿਸਲੇਨ ਮੈਕਸਵੈੱਲ ਦੇ ਮਾਮਲੇ ਨਾਲ ਸਬੰਧਤ ਹੈ, ਜੋ ਕਿ ਬਾਲ ਸੈਕਸ ਤਸਕਰੀ ਲਈ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੀ ਹੈ।

ਸਤੰਬਰ ਵਿੱਚ ਜਾਰੀ ਕੀਤੇ ਗਏ ਫਲਾਈਟ ਲੌਗ ਵਿੱਚ ਅਰਬਪਤੀ ਇਲੋਨ ਮਸਕ ਅਤੇ ਮਾਊਂਟਬੈਟਨ-ਵਿੰਡਸਰ ਦੇ ਨਾਮ ਸ਼ਾਮਲ ਸਨ।

ਮਾਊਂਟਬੈਟਨ-ਵਿੰਡਸਰ ਨੇ ਪਹਿਲਾਂ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। ਮਸਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਪਸਟੀਨ ਨੇ ਉਸ ਨੂੰ ਟਾਪੂ 'ਤੇ ਸੱਦਾ ਦਿੱਤਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ।

12 ਨਵੰਬਰ ਨੂੰ ਜਾਰੀ ਕੀਤੇ ਗਏ ਅਤੇ ਐਪਸਟੀਨ ਦੀ ਜਾਇਦਾਦ ਨਾਲ ਸਬੰਧਤ ਈਮੇਲਾਂ ਦੇ ਨਵੀਨਤਮ ਗਰੁੱਪ ਵਿੱਚ ਸਾਬਕਾ ਕਲਿੰਟਨ ਖਜ਼ਾਨਾ ਸਕੱਤਰ ਲੈਰੀ ਸਮਰਸ ਅਤੇ ਸਾਬਕਾ ਟਰੰਪ ਸਹਾਇਕ ਸਟੀਵ ਬੈਨਨ ਵੀ ਸ਼ਾਮਲ ਸਨ।

ਲੈਰੀ ਸਮਰਸ ਨੇ ਬਾਅਦ ਵਿੱਚ ਜਨਤਕ ਵਚਨਬੱਧਤਾਵਾਂ ਤੋਂ ਪਿੱਛੇ ਹਟਦੇ ਹੋਏ ਇੱਕ ਬਿਆਨ ਵਿੱਚ ਲਿਖਿਆ, "ਮੈਂ ਐਪਸਟੀਨ ਨਾਲ ਸੰਚਾਰ ਜਾਰੀ ਰੱਖਣ ਦੇ ਆਪਣੇ ਗ਼ਲਤ ਫ਼ੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।"

ਬੈਨਨ, ਜਿਸ 'ਤੇ ਕਿਸੇ ਗ਼ਲਤ ਕੰਮ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ, ਨੇ ਟਿੱਪਣੀ ਲਈ ਬੀਬੀਸੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਟਰੰਪ ਦਾ ਨਾਮ ਵੀ ਉਸ ਤਾਜ਼ਾ ਰਿਲੀਜ਼ ਵਿੱਚ ਕਈ ਵਾਰ ਆਇਆ ਸੀ। ਉਨ੍ਹਾਂ ਨੇ ਲਗਾਤਾਰ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ।

ਐਪਸਟੀਨ

ਹੁਣ ਕੀ ਹੁੰਦਾ ਹੈ ਜਦੋਂ ਹਾਊਸ ਅਤੇ ਸੈਨੇਟ ਨੇ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ?

ਪ੍ਰਤੀਨਿਧੀਆਂ ਦੇ ਹਾਊਸ ਵਿੱਚ ਵੋਟਿੰਗ ਇੱਕ ਡਿਸਚਾਰਜ ਪਟੀਸ਼ਨ 'ਤੇ 218ਵੇਂ ਦਸਤਖ਼ਤ ਮਿਲਣ ਤੋਂ ਬਾਅਦ ਹੋਈ, ਜਿਸ ਨਾਲ ਹਾਊਸ ਵਿੱਚ ਕਾਰਵਾਈ ਸ਼ੁਰੂ ਹੋਈ।

ਚਾਰ ਰਿਪਬਲਿਕਨ ਅਤੇ ਹਾਊਸ ਦੇ ਸਾਰੇ 214 ਡੈਮੋਕਰੇਟਸ ਨੇ ਪਟੀਸ਼ਨ 'ਤੇ ਦਸਤਖ਼ਤ ਕੀਤੇ।

ਫਾਈਲਾਂ ਨੂੰ ਜਾਰੀ ਕਰਨ ਲਈ ਵੋਟਿੰਗ 18 ਨਵੰਬਰ ਨੂੰ ਹੋਈ ਸੀ ਅਤੇ ਬਿੱਲ ਨੂੰ ਹਾਊਸ ਨੇ 427-1 ਦੇ ਫਰਕ ਨਾਲ ਪਾਸ ਕਰ ਦਿੱਤਾ। ਲੁਈਸਿਆਨਾ ਦੇ ਰਿਪਬਲਿਕਨ ਕਾਂਗਰਸਮੈਨ ਕਲੇ ਹਿਗਿੰਸ ਇਸ ਦੇ ਵਿਰੁੱਧ ਵੋਟ ਪਾਉਣ ਵਾਲੇ ਇਕਲੌਤੇ ਸਨ। ਕੁਝ ਗ਼ੈਰ-ਹਾਜ਼ਰ ਰਹੇ।

ਕਾਂਗਰਸ ਦੇ ਹੇਠਲੇ ਸਦਨ ਵੱਲੋਂ ਬਿੱਲ ਪਾਸ ਹੋਣ ਤੋਂ ਬਾਅਦ ਇਹ ਤੁਰੰਤ ਸੈਨੇਟ ਵਿੱਚ ਪਹੁੰਚਿਆ, ਜਿੱਥੇ ਇਹ ਸਰਬਸੰਮਤੀ ਨਾਲ ਪਾਸ ਹੋ ਗਿਆ, ਇੱਕ ਪ੍ਰਕਿਰਿਆ ਜੋ ਵਿਧਾਨਕ ਪ੍ਰਕਿਰਿਆ ਜੋ ਬਿਨਾਂ ਕਿਸੇ ਇਤਰਾਜ਼ ਦੇ ਵਿਧਾਇਕ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ।

ਪਹਿਲਾਂ, ਰਿਪਬਲਿਕਨ ਸੈਨੇਟਰਾਂ ਨੇ ਆਪਣੀ ਸਥਿਤੀ ਨਹੀਂ ਦੱਸੀ ਸੀ।

ਸੈਨੇਟ ਵੱਲੋਂ ਬਿਨਾਂ ਕਿਸੇ ਇਤਰਾਜ਼ ਦੇ ਪਾਸ ਹੋਣ ਤੋਂ ਬਾਅਦ ਬਿੱਲ ਰਾਸ਼ਟਰਪਤੀ ਕੋਲ ਗਿਆ।

2005 ਵਿੱਚ ਮੈਕਸਵੈੱਲ ਨਾਲ ਐਪਸਟੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2005 ਵਿੱਚ ਮੈਕਸਵੈੱਲ ਨਾਲ ਐਪਸਟੀਨ

ਅਸੀਂ ਟਰੰਪ ਅਤੇ ਐਪਸਟੀਨ ਸਬੰਧਾਂ ਬਾਰੇ ਕੀ ਜਾਣਦੇ ਹਾਂ?

ਅਜਿਹਾ ਲੱਗਦਾ ਹੈ ਕਿ ਟਰੰਪ ਅਤੇ ਐਪਸਟੀਨ ਕਈ ਸਾਲਾਂ ਤੋਂ ਦੋਸਤ ਹਨ ਅਤੇ ਉਨ੍ਹਾਂ ਦਾ ਸੋਸ਼ਲ ਸਰਕਲ ਇੱਕੋ ਜਿਹਾ ਜਾਪਦਾ ਹੈ।।

ਪਹਿਲਾਂ ਜਾਰੀ ਕੀਤੀਆਂ ਗਈਆਂ ਫਾਈਲਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਦੇ ਵੇਰਵੇ ਐਪਸਟੀਨ ਦੇ ਸੰਪਰਕਾਂ ਦੀ ਬਲੈਕ ਬੁੱਕ ਵਿੱਚ ਸਨ। ਫਲਾਈਟ ਲੌਗ ਵੀ ਟਰੰਪ ਨੂੰ ਕਈ ਮੌਕਿਆਂ 'ਤੇ ਐਪਸਟੀਨ ਦੇ ਜਹਾਜ਼ 'ਤੇ ਉੱਡਦੇ ਦਿਖਾਉਂਦੇ ਹਨ।

1990 ਦੇ ਦਹਾਕੇ ਵਿੱਚ ਕਈ ਅਲੀਟ ਸਮਾਗਮਾਂ ਵਿੱਚ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਸਨ ਅਤੇ ਸੀਐੱਨਐੱਨ ਦੁਆਰਾ ਪ੍ਰਕਾਸ਼ਿਤ ਫੋਟੋਆਂ ਵਿੱਚ ਐਪਸਟੀਨ ਨੂੰ ਟਰੰਪ ਦੇ ਉਨ੍ਹਾਂ ਦੀ ਤਤਕਾਲੀ ਪਤਨੀ, ਮਾਰਲਾ ਮੈਪਲਸ ਨਾਲ ਵਿਆਹ ਵਿੱਚ ਮੌਜੂਦ ਦਿਖਾਇਆ ਗਿਆ ਹੈ।

2002 ਵਿੱਚ ਟਰੰਪ ਨੇ ਐਪਸਟੀਨ ਨੂੰ ਇੱਕ "ਸ਼ਾਨਦਾਰ ਇਨਸਾਨ" ਦੱਸਿਆ। ਐਪਸਟੀਨ ਨੇ ਬਾਅਦ ਵਿੱਚ ਕਿਹਾ, "ਮੈਂ 10 ਸਾਲਾਂ ਲਈ ਡੌਨਲਡ ਦਾ ਸਭ ਤੋਂ ਨਜ਼ਦੀਕੀ ਦੋਸਤ ਸੀ।"

ਟਰੰਪ ਦੇ ਅਨੁਸਾਰ, ਉਨ੍ਹਾਂ ਦਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਐਪਸਟੀਨ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਦੋ ਸਾਲ ਪਹਿਲਾਂ ਝਗੜਾ ਹੋਇਆ ਸੀ। 2008 ਤੱਕ ਟਰੰਪ ਨੇ ਕਹਿਣਾ ਸ਼ੁਰੂ ਕੀਤਾ ਕਿ ਉਹ "ਉਨ੍ਹਾਂ ਦਾ ਪ੍ਰਸ਼ੰਸਕ ਨਹੀਂ ਹੈ।"

ਵ੍ਹਾਈਟ ਹਾਊਸ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਵਿਚਕਾਰ ਦਰਾਰ ਐਪਸਟੀਨ ਦੇ ਵਿਵਹਾਰ ਨਾਲ ਸਬੰਧਤ ਸੀ ਅਤੇ "ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇੱਕ ਘਿਣਾਉਣਾ ਵਿਅਕਤੀ ਹੋਣ ਕਰਕੇ ਆਪਣੇ ਕਲੱਬ ਤੋਂ ਕੱਢ ਦਿੱਤਾ ਸੀ।"

ਇਸ ਦੌਰਾਨ ਵਾਸ਼ਿੰਗਟਨ ਪੋਸਟ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਤਰੇੜ ਫਲੋਰੀਡਾ ਵਿੱਚ ਕੁਝ ਰੀਅਲ ਅਸਟੇਟ ਨੂੰ ਲੈ ਕੇ ਦੁਸ਼ਮਣੀ ਕਾਰਨ ਆਈ ਸੀ।

ਲੋਕ ਐਪਸਟੀਨ ਵਿੱਚ ਇੰਨੀ ਦਿਲਚਸਪੀ ਕਿਉਂ ਰੱਖਦੇ ਹਨ?

ਟਰੰਪ ਦੇ ਐੱਮਏਜੀਏ ਅੰਦੋਲਨ ਦੇ ਕੱਟੜਪੰਥੀ ਮੈਂਬਰਾਂ ਦਾ ਲੰਬੇ ਸਮੇਂ ਤੋਂ ਮੰਨਣਾ ਹੈ ਕਿ ਅਧਿਕਾਰੀ ਐਪਸਟੀਨ ਦੇ ਜੀਵਨ ਅਤੇ ਮੌਤ ਬਾਰੇ ਮਹੱਤਵਪੂਰਨ ਸੱਚਾਈਆਂ ਨੂੰ ਛੁਪਾ ਰਹੇ ਹਨ।

ਉਨ੍ਹਾਂ ਵਿੱਚੋਂ ਕੁਝ ਨੇ ਇਹ ਥਿਓਪੀ ਦਿੱਤੀ ਹੈ ਕਿ ਅਮਰੀਕੀ ਸਮਾਜ ਦੇ ਉੱਚ ਪੱਧਰਾਂ 'ਤੇ ਇੱਕ ਬਾਲ ਸ਼ੋਸ਼ਣ ਗੈਂਗ ਸਰਗਰਮ ਹੈ, ਜਿਸ ਨੂੰ ਰਾਜ ਦੁਆਰਾ ਸੁਰੱਖਿਅਤ ਰੱਖਿਆ ਜਾਂਦਾ ਹੈ। ਇਹ ਥਿਓਰੀ ਕਿਊ ਵਜੋਂ ਜਾਣੀ ਜਾਂਦੀ ਇੱਕ ਉਪਨਾਮ ਸ਼ਖਸੀਅਤ ਦੁਆਰਾ ਪੋਸਟ ਕੀਤੇ ਗਏ ਅਗਿਆਤ ਸੁਨੇਹਿਆਂ ਰਾਹੀਂ ਫੈਲੀ।

ਕੁਝ ਐੱਮਏਜੀਏ ਇਨਫਲੂਐਂਸਰਾਂ ਦੁਆਰਾ ਪ੍ਰਚਾਰਿਤ ਇੱਕ ਕੌਨਸੀਪ੍ਰੇਸੀ ਥਿਓਰੀ ਦੇ ਅਨੁਸਾਰ, ਐਪਸਟੀਨ ਇਜ਼ਰਾਈਲੀ ਸਰਕਾਰ ਦਾ ਏਜੰਟ ਸੀ।

ਟਰੰਪ ਦੇ ਕੁਝ ਸਹਿਯੋਗੀਆਂ ਨੇ ਇਸ ਪ੍ਰਤੀਕਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਮਹੀਨੇ, ਰਿਪਬਲਿਕਨ ਹਾਊਸ ਨੇ ਸਦਨ ਲਈ ਸਮੇਂ ਤੋਂ ਪਹਿਲਾਂ ਛੁੱਟੀ ਦਾ ਐਲਾਨ ਕੀਤਾ, ਜਿਸ ਵਿੱਚ ਐਪਸਟੀਨ ਸਬੰਧੀ ਦਸਤਾਵੇਜ਼ਾਂ ਨੂੰ 30 ਦਿਨਾਂ ਦੇ ਅੰਦਰ ਜਾਰੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ ਗਿਆ ਸੀ।

ਐਪਸਟੀਨ ਬਾਰੇ ਬਹੁਤ ਸਾਰੇ ਸਵਾਲ ਆਮ ਲੋਕਾਂ ਵੱਲੋਂ ਵੀ ਪੁੱਛੇ ਜਾਂਦੇ ਹਨ, ਖ਼ਾਸ ਤੌਰ 'ਤੇ, ਫਲੋਰੀਡਾ ਵਿੱਚ ਉਨ੍ਹਾਂ ਨੂੰ ਇੰਨੀ ਹਲਕੀ ਸਜ਼ਾ ਕਿਉਂ ਦਿੱਤੀ ਗਈ, ਕੀ ਉਹ ਅਤੇ ਮੈਕਸਵੈੱਲ ਸੱਚਮੁੱਚ ਇਕੱਲੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਆਪਣੀ ਜਾਨ ਲੈਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)