ਖੰਘ ਦੀ ਦਵਾਈ ਜੋ ਬੱਚਿਆਂ ਲਈ ਜ਼ਹਿਰ ਬਣ ਗਈ, ਜੰਮੂ ਤੋਂ ਗਾਬੀਆ ਤੱਕ ਹੋਇਆ ਮੌਤ ਦਾ ਤਾਂਡਵ

ਵੀਡੀਓ ਕੈਪਸ਼ਨ, ਭਾਰਤ ਤੋਂ ਅਫ਼ਰੀਕਾ ਤੱਕ ਦਵਾਈ ਬਣ ਗਈ ਬੱਚਿਆਂ ਲਈ ਜ਼ਹਿਰ
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਗਾਂਬੀਆ ਅਤੇ ਜੰਮੂ ਤੋਂ

ਡੇਢ ਸਾਲ ਦਾ ਸ਼੍ਰੇਆਂਸ਼, ਤਿੰਨ ਸਾਲ ਦਾ ਲਾਮਿਨ, ਤਿੰਨ ਸਾਲ ਦੀ ਸੁਰਭੀ ਸ਼ਰਮਾ, 22 ਮਹੀਨੇ ਦੀ ਅਮੀਨਾਟਾ, ਢਾਈ ਸਾਲ ਦਾ ਅਨਿਰੁਧ... ਅਤੇ ਹੋਰ ਕਈ ਬੱਚੇ।

ਭਾਰਤ ਅਤੇ ਗਾਂਬੀਆ ਦੇ ਉਹ ਬੱਚੇ ਹਨ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਮ ਤੋੜਦੇ ਦੇਖਿਆ ਸੀ।

ਦੋ ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚੇ।

ਇਸ ਦਾ ਕਾਰਨ ਸੀ ਕਿ ਖੰਘ ਦੀ ਕਥਿਤ ਜ਼ਹਿਰੀਲੀ ਦਵਾਈ ਖਾਣ ਕਾਰਨ ਉਨ੍ਹਾਂ ਦਾ ਪਿਸ਼ਾਬ ਬੰਦ ਹੋ ਗਿਆ, ਸਰੀਰ 'ਚ ਸੋਜਿਸ਼ ਅਤੇ ਗੁਰਦੇ ਖ਼ਰਾਬ ਹੋ ਜਾਣਾ।

ਬੱਚੇ ਰੋਂਦੇ ਸਨ, ਪਰ ਆਪਣਾ ਦਰਦ ਬਿਆਨ ਨਹੀਂ ਕਰ ਸਕਦੇ ਸਨ।

ਗਾਂਬੀਆ
ਤਸਵੀਰ ਕੈਪਸ਼ਨ, ਗਾਂਬੀਆ 'ਚ ਪਿਛਲੇ ਸਾਲ ਜੁਲਾਈ ਤੋਂ ਅਕਤੂਬਰ ਦਰਮਿਆਨ ਕਰੀਬ 70 ਬੱਚਿਆਂ ਦੀ ਮੌਤ ਹੋ ਗਈ ਸੀ

ਪਿਛਲੇ ਸਾਲ ਜੁਲਾਈ ਤੋਂ ਅਕਤੂਬਰ ਵਿਚਾਲੇ ਗਾਂਬੀਆ 'ਚ ਕਰੀਬ 70 ਬੱਚਿਆਂ ਦੀ ਮੌਤ ਹੋ ਗਈ ਸੀ।

ਜਦੋਂ ਕਿ ਦਸੰਬਰ 2019 ਤੋਂ ਜਨਵਰੀ 2020 ਵਿਚਾਲੇ ਜੰਮੂ ਦੇ ਰਾਮਨਗਰ ਵਿੱਚ ਘੱਟੋ-ਘੱਟ 12 ਬੱਚਿਆਂ ਦੀ ਮੌਤ ਹੋ ਗਈ ਸੀ।

ਮੌਤ ਲਈ ਭਾਰਤੀ ਕੰਪਨੀਆਂ ਵੱਲੋਂ ਤਿਆਰ ਖੰਘ ਦੀ ਦਵਾਈ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਕੰਪਨੀਆਂ ਨੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ, ਪਰ ਪੀੜਤ ਪਰਿਵਾਰਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ।

ਪੁਲਿਸ ਨੇ ਜੰਮੂ ਵਿੱਚ ਬੱਚਿਆਂ ਦੀ ਮੌਤ ਦੀ ਜਾਂਚ ਕੀਤੀ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ।

ਜਦਕਿ ਗਾਂਬੀਆ ਵਿੱਚ ਬੱਚਿਆਂ ਦੀ ਮੌਤ ਦੀ ਜਾਂਚ ਤੋਂ ਬਾਅਦ ਸਰਕਾਰੀ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਵਿੱਚ ਇੱਕ ਭਾਰਤੀ ਕੰਪਨੀ ਵੱਲੋਂ ਤਿਆਰ ਖੰਘ ਦੀ ਦਵਾਈ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ।

ਗਾਂਬੀਆ
ਤਸਵੀਰ ਕੈਪਸ਼ਨ, ਲਾਮਿਨ ਦੇ ਪਰਿਵਾਰ ਨੇ ਕਿਹਾ ਕਿ ਕਥਿਤ ਤੌਰ 'ਤੇ ਜ਼ਹਿਰੀਲੀ ਖੰਘ ਦੀ ਦਵਾਈ ਪੀਣ ਦੇ ਸੱਤ ਦਿਨਾਂ ਦੇ ਅੰਦਰ ਉਸਦੀ ਮੌਤ ਹੋ ਗਈ
ਬੀਬੀਸੀ
  • ਗਾਂਬੀਆ 'ਚ ਪਿਛਲੇ ਸਾਲ ਜੁਲਾਈ ਤੋਂ ਅਕਤੂਬਰ ਦਰਮਿਆਨ ਕਰੀਬ 70 ਬੱਚਿਆਂ ਦੀ ਮੌਤ ਹੋ ਗਈ ਸੀ।
  • ਜੰਮੂ ਦੇ ਰਾਮਨਗਰ ਵਿੱਚ ਦਸੰਬਰ 2019 ਤੋਂ ਜਨਵਰੀ 2020 ਦਰਮਿਆਨ ਘੱਟੋ-ਘੱਟ 12 ਬੱਚਿਆਂ ਦੀ ਮੌਤ ਹੋ ਗਈ ਸੀ।
  • ਮੌਤ ਲਈ ਦੋ ਭਾਰਤੀ ਕੰਪਨੀਆਂ ਦੁਆਰਾ ਤਿਆਰ ਖੰਘ ਦੇ ਸੀਰਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।ਦੋਵਾਂ ਭਾਰਤੀ ਕੰਪਨੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
  • ਰਾਮਨਗਰ ਵਿੱਚ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੇ ਕਥਿਤ ਤੌਰ 'ਤੇ ਜ਼ਹਿਰੀਲੀ ਖੰਘ ਦੀ ਦਵਾਈ ਪੀਤੀ ਅਤੇ ਬਚ ਗਏ।
  • ਇਹ ਪਰਿਵਾਰ ਬੱਚਿਆਂ ਦੇ ਇਲਾਜ ਲਈ ਸਰਕਾਰੀ ਮਦਦ ਚਾਹੁੰਦੇ ਹਨ।
  • ਗਾਂਬੀਆ ਵਿੱਚ ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸਰਕਾਰ ਅਤੇ ਭਾਰਤੀ ਕੰਪਨੀ ਦੇ ਖੰਡਨ 'ਤੇ ਵਿਸ਼ਵਾਸ ਨਹੀਂ ਕਰਦੇ ਹਨ।
  • ਬੱਚਿਆਂ ਦੀ ਮੌਤ ਨੇ ਭਾਰਤ ਵਿੱਚ ਬਣੀਆਂ ਦਵਾਈਆਂ ਬਾਰੇ ਕਈਆਂ ਦੇ ਮਨਾਂ ਵਿੱਚ ਅਵਿਸ਼ਵਾਸ ਪੈਦਾ ਕਰ ਦਿੱਤਾ ਹੈ।
ਬੀਬੀਸੀ
ਗਾਂਬੀਆ
ਤਸਵੀਰ ਕੈਪਸ਼ਨ, ਅਬਰਿਮਾ ਸ਼ਾਇਦ ਹੀ ਉਸ ਪਲ ਨੂੰ ਭੁੱਲ ਸਕੇ ਜਦੋਂ ਉਸ ਨੇ ਆਪਣੇ ਬੇਟੇ ਨੂੰ ਖੰਘ ਦੀ ਦਵਾਈ ਦਿੱਤੀ ਸੀ

ਇੱਕੋ ਜਿਹਾ ਦਰਦ

ਜੰਮੂ ਅਤੇ ਗਾਂਬੀਆ ਵਿਚਕਾਰ ਕਰੀਬ 10,000 ਕਿਲੋਮੀਟਰ ਦਾ ਫਾਸਲਾ ਹੈ, ਜਿਸ ਨੂੰ ਖ਼ਤਮ ਕਰਦਾ ਇਨ੍ਹਾਂ ਦਾ ਇੱਕੋ-ਜਿਹਾ ਦਰਦ ਹੈ, ਇੱਕੋ ਜਿਹੀ ਨਿਆਂ ਦੀ ਲੜਾਈ ਹੈ, ਜੋ ਅਜੇ ਵੀ ਜਾਰੀ ਹੈ।

ਮਰਨ ਵਾਲਿਆਂ ਵਿੱਚ ਕਰੀਬ ਪੰਜ ਲੱਖ ਦੀ ਆਬਾਦੀ ਵਾਲੀ ਗਾਂਬੀਆ ਦੀ ਰਾਜਧਾਨੀ ਬੈਂਜੁਲ ਵਿੱਚ ਤਿੰਨ ਸਾਲ ਦਾ ਲਾਮਿਨ ਵੀ ਸ਼ਾਮਲ ਹੈ।

ਲਾਮਿਨ ਨੂੰ ਡਰਾਈਵ ਦੌਰਾਨ ਪਾਪਾ ਦੀ ਗੋਦੀ 'ਤੇ ਬੈਠਣਾ ਬਹੁਤ ਪਸੰਦ ਸੀ।

ਪਿਛਲੇ ਸਾਲ ਸਤੰਬਰ ਵਿੱਚ, ਜਦੋਂ ਉਸ ਨੂੰ ਬੁਖ਼ਾਰ ਹੋਇਆ ਸੀ, ਤਾਂ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਵਿੱਚੋਂ ਇੱਕ ਖੰਘ ਦੀ ਦਵਾਈ ਵੀ ਸੀ।

ਲਾਮਿਨ ਦਵਾਈ ਨਹੀਂ ਪੀਣਾ ਚਾਹੁੰਦਾ ਸੀ ਪਰ ਪਰਿਵਾਰ ਚਾਹੁੰਦਾ ਸੀ ਕਿ ਉਹ ਛੇਤੀ ਠੀਕ ਹੋ ਜਾਵੇ।

ਡਰਾਈਵਰ ਵਜੋਂ ਕੰਮ ਕਰਨ ਵਾਲੇ ਉਸ ਦੇ ਪਿਤਾ ਅਬਰਿਮਾ ਸਾਨੀਆ ਉਸ ਪਲ ਨੂੰ ਯਾਦ ਕਰਦੇ ਹਨ, "ਮੈਂ ਲਾਮਿਨ ਨੂੰ ਜ਼ਬਰਦਸਤੀ ਦਵਾਈ ਖਾਣ ਲਈ ਕਿਹਾ।"

ਗਾਂਬੀਆ
ਤਸਵੀਰ ਕੈਪਸ਼ਨ, ਮਾਪੇ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਦੇ ਬੱਚੇ ਤੜਪਦਿਆਂ ਦੁਨੀਆਂ ਛੱਡ ਗਏ।

ਅਬਰਿਮਾ ਉਸ ਪਲ ਨੂੰ ਸ਼ਾਇਦ ਹੀ ਭੁੱਲ ਸਕਣ। ਉਸ ਪਲ ਨੂੰ ਯਾਦ ਕਰਕੇ ਉਹ ਰੋਣ ਲੱਗੇ।

ਦਵਾਈ ਲੈਣ ਤੋਂ ਥੋੜ੍ਹੀ ਦੇਰ ਬਾਅਦ, ਲਾਮਿਨ ਦਾ ਭੋਜਨ ਅਤੇ ਪਿਸ਼ਾਬ ਘੱਟ ਗਿਆ।

ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਲਾਮਿਨ ਨੂੰ ਕਿਡਨੀ ਦੀ ਸਮੱਸਿਆ ਸੀ। ਉਸ ਦੇ ਬੁੱਲ ਕਾਲੇ ਹੋਣ ਲੱਗੇ ਸਨ।

ਇਬਰਿਮਾ ਨੇ ਕਿਹਾ, "ਲਾਮਿਨ ਨੇ ਮੇਰੇ ਵੱਲ ਦੇਖਿਆ। ਮੈਂ ਪੁੱਛਿਆ, ਤੁਹਾਨੂੰ ਕੀ ਹੋ ਗਿਆ ਹੈ,? ਮੈਨੂੰ ਉਸ ਦਾ ਚਿਹਰਾ, ਉਸ ਦੀਆਂ ਅੱਖਾਂ ਹਮੇਸ਼ਾ ਯਾਦ ਰਹਿਣਗੀਆਂ ਕਿਉਂਕਿ ਉਹ ਮੇਰੀਆਂ ਅੱਖਾਂ ਵਿੱਚ ਦੇਖ ਰਿਹਾ ਸੀ। ਮੈਂ ਵੀ ਉਸਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ।"

ਪਰਿਵਾਰ ਮੁਤਾਬਕ ਖੰਘ ਦੀ ਦਵਾਈ ਪੀਣ ਦੇ ਸੱਤ ਦਿਨਾਂ ਦੇ ਅੰਦਰ ਹੀ ਲਾਮਿਨ ਦੀ ਮੌਤ ਹੋ ਗਈ ਸੀ।

ਆਪਣੇ ਬੱਚਿਆਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਦੇ ਸਦਮੇ ਤੋਂ ਉਭਰ ਰਹੇ ਮਾਪੇ ਅੱਜ ਵੀ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਦੇ ਬੱਚੇ ਦਰਦ ਨਾਲ ਤੜਪਦੇ ਇਸ ਦੁਨੀਆਂ ਤੋਂ ਚਲੇ ਗਏ।

ਗਾਂਬੀਆ
ਤਸਵੀਰ ਕੈਪਸ਼ਨ, ਅਮੀਨਾਟਾ ਦੇ ਪਿਤਾ ਨੇ ਆਖਰੀ ਵਾਰ ਇੱਕ ਵੀਡੀਓ ਕਾਲ ਵਿੱਚ ਆਪਣੀ ਧੀ ਦਾ ਚਿਹਰਾ ਦੇਖਿਆ ਸੀ

ਇਕ ਪਿਤਾ ਨੇ ਕਿਹਾ, "ਮੇਰੀ ਧੀ ਲਗਾਤਾਰ ਚੀਕ ਰਹੀ ਸੀ ਕਿ ਆਖ਼ਰਕਾਰ ਉਸ ਦੇ ਮੂੰਹੋਂ ਆਵਾਜ਼ ਨਿਕਲਣੀ ਬੰਦ ਹੋ ਗਈ। ਆਖ਼ਰੀ ਵੇਲੇ ਉਹ ਆਪਣੀ ਮਾਂ ਦਾ ਨਾਮ ਲੈ ਰਹੀ ਸੀ, ਜਿਵੇਂ ਉਹ ਮਾਂ ਤੋਂ ਮਦਦ ਮੰਗ ਰਹੀ ਹੋਵੇ।"

ਲਾਮਿਨ ਦੇ ਘਰ ਦੇ ਨਜ਼ਦੀਕ ਹੀ 22 ਮਹੀਨਿਆਂ ਦੀ ਅਮੀਨਾਟਾ ਰਹਿੰਦੀ ਸੀ।

ਅਮੀਨਾਟਾ ਦੇ ਮਾਪਿਆਂ ਨੂੰ ਵੀ ਸਮਝ ਨਹੀਂ ਆਇਆ ਕਿ ਉਨ੍ਹਾਂ ਦੀ ਧੀ ਨਾਲ ਕੀ ਹੋ ਰਿਹਾ ਹੈ।

ਲੱਕੜ ਵੇਚ ਕੇ ਗੁਜ਼ਾਰਾ ਕਰਨ ਵਾਲੇ ਅਮੀਨਾਟਾ ਦੇ ਪਿਤਾ ਮੋਮੋਦੂ ਡੈਂਬੇਲੇ ਨੇ, ਉਸ ਨੂੰ ਚੰਗੇ ਪਰ ਮਹਿੰਗੇ ਇਲਾਜ ਲਈ ਗੁਆਂਢੀ ਦੇਸ਼ ਸੇਨੇਗਲ ਭੇਜਿਆ।

ਉਨ੍ਹਾਂ ਨੂੰ ਯਾਦ ਹੈ, "ਉਸਦਾ ਸਰੀਰ ਫੁੱਲ ਰਿਹਾ ਸੀ। ਉਹ ਖ਼ਤਮ ਹੋ ਰਹੀ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ।"

ਗਾਂਬੀਆ
ਤਸਵੀਰ ਕੈਪਸ਼ਨ, ਗਾਂਬੀਆ 'ਚ ਬੱਚਿਆਂ ਦੀ ਮੌਤ ਨੇ ਦੇਸ਼ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਨੇ ਆਖ਼ਰੀ ਵਾਰ ਬੇਟੀ ਦਾ ਚਿਹਰਾ ਵੀਡੀਓ ਕਾਲ 'ਚ ਦੇਖਿਆ। ਅਮੀਨਾਟਾ ਸੇਨੇਗਲ ਵਿੱਚ ਇੱਕ ਹਸਪਤਾਲ ਦੇ ਬਿਸਤਰੇ 'ਤੇ ਬੇਸੁੱਧ ਪਈ ਸੀ।

ਮੋਮੋਦੂ ਯਾਦ ਕਰਦੇ ਹਨ, "ਮੈਂ ਉਸਦਾ ਸਿਰ ਹਿਲਦਾ ਦੇਖ ਰਿਹਾ ਸੀ। ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਮੈਂ ਹਾਂ, ਉਸ ਦਾ ਪਿਤਾ।"

ਇਸ ਵੀਡੀਓ ਕਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਅਮੀਨਾਟਾ ਦਾ ਦੇਹਾਂਤ ਹੋ ਗਿਆ।

ਗਾਂਬੀਆ
ਤਸਵੀਰ ਕੈਪਸ਼ਨ, ਪਰਿਵਾਰਾਂ ਦਾ ਦਾਅਵਾ ਹੈ ਕਿ ਪਿਛਲੇ ਇੱਕ ਸਾਲ ਵਿੱਚ ਗਾਂਬੀਆ ਦੀ ਸਿਹਤ ਪ੍ਰਣਾਲੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ

ਗਾਂਬੀਆ ਵਿੱਚ ਮੌਤਾਂ ਅਤੇ ਜਾਂਚ ਦੀ ਲੜੀ

ਪਿਛਲੇ ਸਾਲ ਜੁਲਾਈ ਵਿੱਚ, ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਗਾਂਬੀਆ ਵਿੱਚ ਸਿਹਤ ਅਧਿਕਾਰੀਆਂ ਨੇ ਐਕਿਊਟ ਕਿਡਨੀ ਇੰਜਰੀ (ਏਕੇਆਈ) ਦੇ ਮਾਮਲਿਆਂ ਵਿੱਚ ਵਾਧਾ ਦੇਖਿਆ। ਅਜਿਹੇ ਮਾਮਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦੇਖੇ ਜਾ ਰਹੇ ਸਨ।

ਏਕੇਆਈ ਦਾ ਅਰਥ ਹੈ ਕਿਡਨੀ ਵਿਕਾਰ, ਜੋ ਦੂਜੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮੌਤ ਹੋ ਸਕਦੀ ਹੈ।

ਬਾਅਦ ਵਿੱਚ ਗਾਂਬੀਆ ਦੀ ਸਰਕਾਰ ਨੇ ਦੱਸਿਆ ਕਿ ਇਸ ਕਾਰਨ 69 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਗਾਂਬੀਆ ਨੇ ਇਸ ਦੀ ਸੂਚਨਾ ਵਿਸ਼ਵ ਸਿਹਤ ਸੰਗਠਨ ਯਾਨਿ ਡਬਲਿਊਐੱਚਓ ਨੂੰ ਦਿੱਤੀ, ਜਿਸ ਤੋਂ ਬਾਅਦ ਡੂਬਲਿਊਐੱਚਓ ਨੇ ਜਾਂਚ ਸ਼ੁਰੂ ਕੀਤੀ।

ਫਿਰ ਪਿਛਲੇ ਸਾਲ ਅਕਤੂਬਰ 'ਚ ਡਬਲਿਊਐੱਚਓ ਨੇ ਕਿਹਾ ਕਿ ਇਹ ਮਾਮਲਾ ਚਾਰ ਕਫ ਸੀਰਪ (ਖੰਘ ਦੀ ਦਵਾਈ) ਨਾਲ ਸਬੰਧਤ ਹੈ। ਇਸ ਅਲਰਟ 'ਚ ਕਿਹਾ ਗਿਆ ਸੀ ਕਿ ਇਹ ਦਵਾਈ ਭਾਰਤੀ ਕੰਪਨੀ ਮੇਡਨ ਫਾਰਮਾਸਿਊਟੀਕਲਸ ਨੇ ਬਣਾਈ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਗਾਂਬੀਆ
ਤਸਵੀਰ ਕੈਪਸ਼ਨ, ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਏਕੇਆਈ ਨਾਲ ਬੱਚਿਆਂ ਦੀ ਮੌਤ ਨੂੰ ਰੋਕਿਆ ਜਾ ਸਕਦਾ ਸੀ
ਗਾਂਬੀਆ

ਡਬਲਯੂਐੱਚਓ ਨੇ ਕਿਹਾ ਕਿ ਉਸ ਨੇ ਇਸ ਕੰਪਨੀ ਵੱਲੋਂ ਬਣਾਏ ਗਏ ਚਾਰ ਕਫ ਸੀਰਪ ਦੇ ਨਮੂਨਿਆਂ ਦੀ ਜਾਂਚ ਕੀਤੀ ਅਤੇ ਫਿਰ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਵਿੱਚ ਨਿਰਧਾਰਤ ਮਾਪਦੰਡਾਂ ਤੋਂ ਵੱਧ ਡਾਇਥਾਲੀਨ ਗਲਾਈਕੋਲ ਅਤੇ ਐਥਲੀਨ ਗਲਾਈਕੋਲ ਸ਼ਾਮਲ ਸਨ। ਇਹ ਦੋਵੇਂ ਜ਼ਹਿਰੀਲੇ ਪਦਾਰਥ ਹਨ।

ਡਬਲਯੂਐੱਚਓ ਨੇ ਕਿਹਾ ਕਿ ਇਸ ਨਾਲ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਕਰਨ ਵਿੱਚ ਮੁਸ਼ਕਲ, ਸਿਰ ਦਰਦ, ਮਾਨਸਿਕ ਸਥਿਤੀ ਵਿੱਚ ਤਬਦੀਲੀ ਅਤੇ ਗੁਰਦੇ ਦੀ ਗੰਭੀਰ ਸੱਟ ਲੱਗ ਸਕਦੀ ਹੈ, ਜੋ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਡਬਲਯੂਐੱਚਓ ਨੇ ਜਿਹੜੀਆਂ ਚਾਰ ਖੰਘ ਦੀਆਂ ਦਵਾਈਆਂ ਦੇ ਨਾਮ ਲਏ ਸਨ, ਉਹ ਪ੍ਰੋਮੇਥਾਜ਼ਾਇਨ ਓਰਲ ਸਲਿਊਸ਼ਨ, ਕੋਫੈਕਸਾਮਲਿਨ ਬੇਬੀ ਕਫ ਸੀਰਪ, ਮੇਕਆਫ ਬੇਬੀ ਕਫ ਸੀਰਪ ਅਤੇ ਮੈਗਰਿਪ ਐਨ ਕੋਲਡ ਸੀਰਪ। ਇਹ ਸੀਰਪ ਮੇਡਨ ਫਾਰਮਾਸਿਊਟੀਕਲਸ ਬਣਾਉਂਦੀ ਹੈ।

ਇਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿੱਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਗਾਂਬੀਆ ਵਿੱਚ ਮੌਤ ਦੀ ਇੱਕ ਸੰਸਦੀ ਜਾਂਚ ਦੀ ਰਿਪੋਰਟ ਅਤੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਐਕਿਊਟ ਕਿਡਨੀ ਇੰਜਰੀ ਜਾਂਚ ਰਿਪੋਰਟ ਵਿੱਚ ਭਾਰਤੀ ਮੇਡਨ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ "ਦੂਸ਼ਿਤ" ਕਫ ਸੀਰਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਰਿਪੋਰਟ 'ਚ ਜਾਣਕਾਰਾਂ ਅਤੇ ਸਬੂਤਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਸ 'ਚ ਐਥਲੀਨ ਗਲਾਈਕੋਲ ਅਤੇ ਡਾਇਥਾਲੀਨ ਗਲਾਈਕੋਲ ਦੀ ਇੰਨੀ ਮਾਤਰਾ ਸੀ ਕਿ ਉਸ ਨੂੰ ਲੈਣ ਵਾਲੇ ਦੀ ਜਾਨ ਚਲੀ ਜਾਵੇ।

ਮੇਡਨ ਅਤੇ ਭਾਰਤ ਸਰਕਾਰ ਨੇ ਲਗਾਤਾਰ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਭਾਰਤ ਸਰਕਾਰ ਮੁਤਾਬਕ, ਮੇਡਨ ਦੇ ਕਫ ਸੀਰਪ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਟੈਂਡਰਡ ਕਵਾਲਿਟੀ (ਮਾਪਦੰਡਾਂ ਮੁਤਾਬਕ) ਦੇ ਸਨ।

1 ਅਗਸਤ ਨੂੰ, ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸਰਕਾਰ ਨੇ ਕਿਹਾ ਕਿ ਗਾਂਬੀਆ ਮਾਮਲੇ ਵਿੱਚ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੁਜ ਮੈਨੂਫੈਕਚਰਿੰਗ ਪ੍ਰੈਕਟਿਸਜ਼ ਦਾ ਉਲੰਘਣ ਹੋਇਆ ਹੈ, ਜਿਸ ਤੋਂ ਬਾਅਦ ਮੇਡਨ ਫਾਰਮਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ ਅਤੇ ਕੰਪਨੀ ਨੂੰ ਆਦੇਸ਼ ਦਿੱਤਾ ਗਿਆ ਕਿ ਤੁਰੰਤ ਸੋਨੀਪਤ ਵਿੱਚ ਸਾਰੀਆਂ ਨਿਰਮਾਣ ਗਤੀਵਿਧੀਆਂ ਨੂੰ ਬੰਦ ਕੀਤੀਆਂ ਜਾਣ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 3

ਮੇਡਨ ਫਾਰਮਾਸਿਊਟੀਕਲ ਦਾ ਪੱਖ ਜਾਣਨ ਲਈ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਦਫ਼ਤਰ ਵੀ ਗਏ ਪਰ ਕਿਸੇ ਨਾਲ ਗੱਲ ਨਹੀਂ ਹੋ ਸਕੀ।

ਹਾਲਾਂਕਿ ਕੰਪਨੀ ਨੇ ਪਹਿਲਾਂ ਨਿਊਜ਼ ਏਜੰਸੀ ਰੌਇਟਰਜ਼ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਰੈਗੂਲੇਟਰੀ ਅਤੇ ਨਿਆਂਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ।

ਫਾਰਮਾਸਿਊਟੀਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਮੁਤਾਬਕ, ਸਾਲ 2022-23 ਵਿੱਚ, ਭਾਰਤ ਨੇ ਗਾਂਬੀਆ ਨੂੰ 9.09 ਮਿਲੀਅਨ ਅਮਰੀਕੀ ਡਾਲਰ ਦੀਆਂ ਦਵਾਈਆਂ ਭੇਜੀਆਂ, ਜਦਕਿ ਉਸੇ ਸਾਲ ਅਫਰੀਕਾ ਨੂੰ ਭੇਜੀਆਂ ਗਈਆਂ ਦਵਾਈਆਂ ਦੀ ਕੀਮਤ 3.646 ਬਿਲੀਅਨ ਡਾਲਰ ਸੀ।

ਨੈਸ਼ਨਲ ਅਸੈਂਬਲੀ ਦੇ ਮੈਂਬਰ ਯਾਇਦਾ ਸਾਨਯਾਂਗ ਨੇ ਕਿਹਾ, "ਮੈਂ ਆਪਣੇ ਲਈ, ਆਪਣੇ ਬੱਚਿਆਂ ਲਈ ਦਵਾਈ ਲਿਆਉਣ ਤੋਂ ਡਰਦੀ ਸੀ। ਸਭ ਕੁਝ ਬਹੁਤ ਡਰਾਉਣਾ ਅਤੇ ਪਰੇਸ਼ਾਨ ਕਰਨ ਵਾਲਾ ਸੀ।"

ਗਾਂਬੀਆ
ਤਸਵੀਰ ਕੈਪਸ਼ਨ, ਮਰਿਯਾਮਾ ਸਿਸਾਵੋ ਨੇ ਆਪਣੀ ਧੀ ਨੂੰ ਮਰਦੇ ਦੇਖਿਆ

ਗਾਂਬੀਆ ਵਿੱਚ ਦਰਾਮਦ (ਆਯਾਤ) ਦਵਾਈਆਂ ਦੀ ਜਾਂਚ ਕਰਨ ਲਈ ਕੋਈ ਲੈਬ ਤੱਕ ਵੀ ਨਹੀਂ ਹੈ ਅਤੇ ਹੋਰ ਅਫ਼ਰੀਕੀ ਦੇਸ਼ਾਂ ਵਾਂਗ ਇੱਥੇ ਵੀ ਵੱਡੀ ਮਾਤਰਾ ਵਿੱਚ ਭਾਰਤੀ ਦਵਾਈਆਂ ਪਹੁੰਚਦੀਆਂ ਹਨ।

ਪਰ ਨਾ ਸਿਰਫ਼ ਗਾਂਬੀਆ, ਸਗੋਂ ਉਜ਼ਬੇਕਿਸਤਾਨ, ਇਰਾਕ, ਕੈਮਰੂਨ ਵਿਚ ਵੀ ਭਾਰਤੀ ਖੰਘ ਦੇ ਸਿਰਪ ਨਾਲ ਸਬੰਧਤ ਮਾਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ 'ਤੇ ਸਵਾਲ ਵਧ ਗਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਇਰਾਕ 'ਤੇ ਜਾਰੀ ਤਾਜ਼ਾ ਚੇਤਾਵਨੀ ਵਿੱਚ ਕਿਹਾ ਹੈ ਕਿ ਨਮੂਨੇ ਵਿੱਚ ਡਾਇਥਲੀਨ ਗਲਾਈਕੋਲ (0.25 ਪ੍ਰਤੀਸ਼ਤ) ਅਤੇ ਐਥਲੀਨ ਗਲਾਈਕੋਲ (2.1 ਪ੍ਰਤੀਸ਼ਤ) ਦੂਸ਼ਿਤ ਪਦਾਰਥਾਂ (ਕਨਟੈਮੀਨੇਟ) ਦੀ ਅਸਵੀਕਾਰਨਯੋਗ ਮਾਤਰਾ ਪਾਈ ਗਈ ਸੀ।

ਫਰਮਾਸਿਊਟੀਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਉਦੇ ਭਾਸਕਰ ਮੁਤਾਬਕ, "ਗਾਂਬੀਆ, ਉਜ਼ਬੇਕਿਸਤਾਨ ਅਤੇ ਹੋਰ ਥਾਵਾਂ 'ਤੇ ਵੱਡੀਆਂ ਘਟਨਾਵਾਂ ਹੋਣਾ ਬਦਕਿਸਮਤੀ ਹੈ।"

ਗਾਂਬੀਆ

"ਉਨ੍ਹਾਂ ਨੇ ਭਾਰਤੀ ਫਰਮਾਸਿਊਟੀਕਲ ਇੰਡਸਟਰੀ ਦੇ ਅਕਸ 'ਤੇ ਸੱਟ ਮਾਰੀ ਹੈ। ਪਰ ਜੇਕਰ ਤੁਸੀਂ ਸਾਡੇ ਨਿਰਿਆਤ ਨੂੰ ਦੇਖੋ, ਉਸ 'ਤੇ ਕੋਈ ਅਸਰ ਨਹੀਂ ਪਿਆ ਹੈ।"

ਭਾਰਤ ਸਰਕਾਰ ਨੇ ਫਾਰਮਾ ਕੰਪਨੀਆਂ ਨੂੰ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਚੰਗੇ ਉਤਪਾਦ ਅਭਿਆਸ ਦੀ ਪਾਲਣਾ ਕੀਤਾ ਜਾਵੇ। ਇਸ ਲਈ ਸਮਾਂ ਸੀਮਾ ਦਿੱਤੀ ਗਈ ਹੈ।

ਭਾਰਤ ਵਿੱਚ ਕਰੀਬ 3,000 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਕਰੀਬ 10 ਹਜ਼ਾਰ ਮੈਨੂੰਫੈਕਚਰਿੰਗ ਫੈਕਟਰੀਆਂ ਹਨ। ਸਾਲ 2030 ਤੱਕ ਇਹ ਸੰਸਥਾ 1300 ਕਰੋੜ ਡਾਲਰ ਤੱਕ ਹੋ ਸਕਦੀ ਹੈ।

ਉਦੇ ਭਾਸਕਰ ਦੱਸਦੇ ਹਨ, "ਜੇਕਰ ਤੁਸੀਂ ਤ੍ਰਾਸਦੀ ਨੂੰ ਦੇਖਦੇ ਹੋ ਅਤੇ ਜਿਸ ਤਰ੍ਹਾਂ ਵਿਸ਼ਵ ਸਿਹਤ ਸੰਗਠਨ ਨੇ ਅਲਰਟ ਜਾਰੀ ਕੀਤੇ, ਇੰਨੇ ਸਾਰੇ ਦੇਸ਼ ਦੁਬਾਰਾ ਸੋਚ ਰਹੇ ਹਨ। ਉਹ ਲਗਾਤਾਰ ਪੁੱਛ ਰਹੇ ਹਨ। ਇਹ ਆਸਾਨ ਨਹੀਂ ਹੈ।"

ਗਾਂਬੀਆ ਵਿੱਚ ਅਸੀਂ ਜਿੰਨੇ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਨੂੰ ਇਲਜ਼ਾਮਾਂ 'ਤੇ ਭਾਰਤ ਸਰਕਾਰ ਅਤੇ ਭਾਰਤੀ ਕੰਪਨੀਆਂ ਦੇ ਖੰਡਨ 'ਤੇ ਭਰੋਸਾ ਨਹੀਂ ਹੈ।

ਮੌਤ 'ਤੇ ਜਾਂਚ ਰਿਪੋਰਟ ਬਣਾਉਣ ਵਾਲੀ ਨੈਸ਼ਨਲ ਅਸੈਂਬਲੀ ਦੀ ਸੈਲੈਕਟ ਕਮੇਟੀ ਆਨ ਹੈਲਥ ਦੇ ਮੁਖੀ ਅਮਾਡੂ ਕਾਮਰਾ ਕਹਿੰਦੇ ਹਨ, "ਮੈਂ ਇਸ ਨਾਲ ਬਿਲਕੁਲ ਅਸਹਿਮਤ ਹਾਂ। ਬਿਲਕੁਲ, ਕਿਉਂਕਿ ਸਾਡੇ ਕੋਲ ਸਬੂਤ ਹਨ।"

"ਅਸੀਂ ਉਨ੍ਹਾਂ ਦਵਾਈਆਂ ਦੀ ਜਾਂਚ ਕੀਤੀ। ਉਨ੍ਹਾਂ ਦਵਾਈਆਂ ਵਿੱਚ ਅਸਵੀਕਾਰਨਯੋਗ ਮਾਤਰਾ ਵਿੱਚ ਐਥਲੀਨ ਗਲਾਇਕੋਲ ਅਤੇ ਡਾਈਥਲੀਨ ਗਲਾਇਕੋਲ (ਡੀਈਜੀ) ਸੀ, ਉਨ੍ਹਾਂ ਨੂੰ ਮੇਡਨ ਨੇ ਬਣਾਇਆ ਅਤੇ ਸਿੱਧਾ ਭਾਰਤ ਤੋਂ ਦਰਾਮਦ ਕੀਤਾ ਗਿਆ ਸੀ।"

ਗਾਂਬੀਆ
ਤਸਵੀਰ ਕੈਪਸ਼ਨ, ਬੱਚਿਆਂ ਦੀ ਮੌਤ ਨੇ ਗਾਂਬੀਆ ਵਿੱਚ ਭਾਰਤ ਵਿੱਚ ਬਣੀਆਂ ਦਵਾਈਆਂ ਬਾਰੇ ਬਹੁਤ ਸਾਰੇ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਕਰ ਦਿੱਤਾ ਹੈ

ਬੱਚਿਆਂ ਦੀ ਮੌਤ ਨੇ ਭਾਰਤ ਵਿੱਚ ਬਣੀਆਂ ਦਵਾਈਆਂ ਬਾਰੇ ਕਈ ਲੋਕਾਂ ਨੇ ਮਨ ਵਿੱਚ ਅਵਿਸ਼ਵਾਸ਼ ਪੈਦਾ ਕੀਤਾ ਹੈ।

ਆਪਣੇ 9 ਮਹੀਨਿਆਂ ਦੇ ਬੇਟੇ ਨੂੰ ਗੁਆਉਣ ਵਾਲੇ ਲਾਮਿਨ ਡਾਂਸੋ ਨੇ ਕਿਹਾ, "ਜਦੋਂ ਮੈਂ ਦੇਖਦਾ ਹਾਂ ਕਿ ਕੋਈ ਦਵਾਈ ਭਾਰਤ ਵਿੱਚ ਬਣੀ ਹੈ ਤਾਂ ਉਸ ਦਵਾਈ ਨੂੰ ਹੱਥ ਤੱਕ ਨਹੀਂ ਲਗਾਉਂਦਾ ਹਾਂ।"

ਪਰ ਜਾਣਕਾਰਾਂ ਅਨੁਸਾਰ ਭਾਰਤ ਵਿੱਚ ਬਣੀਆਂ ਦਵਾਈਆਂ 'ਤੇ ਗਾਂਬੀਆ ਦੀ ਨਿਰਭਰਤਾ ਜਾਰੀ ਰਹੇਗੀ।

ਖੋਜੀ ਪੱਤਰਕਾਰ ਮੁਸਤਫ਼ਾ ਦਾਰਬੋਈ ਕਹਿੰਦੇ ਹਨ, "ਮੈਂ ਜਿਨ੍ਹਾਂ ਡਰੱਗ ਡੀਲਰਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਵਿੱਚ ਬਣੀਆਂ ਦਵਾਈਆਂ ਲਿਆ ਰਹੇ ਹਨ। ਉਹ ਅਮਰੀਕਾ ਅਤੇ ਯੂਰਪ ਤੋਂ ਆਯਾਤ ਕੀਤੀਆਂ ਦਵਾਈਆਂ ਨਾਲੋਂ ਸਸਤੀਆਂ ਹਨ।"

ਤਾਜ਼ਾ ਜਾਂਚ ਰਿਪੋਰਟ ਵਿੱਚ ਕਈ ਕਦਮਾਂ ਦੀ ਗੱਲ ਕੀਤੀ ਗਈ ਹੈ ਅਤੇ ਡਰੱਗ ਰੈਗੂਲੇਟਰੀ ਸੰਸਥਾ ਮੈਡੀਸਿੰਲ ਕੰਟਰੋਲ ਏਜੰਸੀ ਦੇ ਦੋ ਉੱਚ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਗਾਂਬੀਆ
ਤਸਵੀਰ ਕੈਪਸ਼ਨ, ਜਾਣਕਾਰਾਂ ਅਨੁਸਾਰ ਭਾਰਤ ਵਿੱਚ ਬਣੀਆਂ ਦਵਾਈਆਂ 'ਤੇ ਗਾਂਬੀਆ ਦੀ ਨਿਰਭਰਤਾ ਜਾਰੀ ਰਹੇਗੀ।

ਪਰ ਪਰਿਵਾਰ ਇਸ ਤੋਂ ਖੁਸ਼ ਨਹੀਂ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਗਾਂਬੀਆ ਦੀ ਸਿਹਤ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

ਪਰਿਵਾਰਾਂ ਦੇ ਸਮੂਹ ਦੇ ਬੁਲਾਰੇ ਅਬਰਿਮਾ ਸੈਦੀ ਨੇ ਕਿਹਾ, “ਸਿਹਤ ਮੰਤਰੀ ਸਮੇਤ ਜੋ ਵੀ ਇਸ ਅਪਰਾਧ ਵਿੱਚ ਸ਼ਾਮਲ ਸੀ, ਨਿਆਂ ਪ੍ਰਣਾਲੀ ਨੂੰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।"

ਕੁਝ ਪਰਿਵਾਰਾਂ ਨੇ ਮੇਡਨ ਫਾਰਮਾ ਅਤੇ ਸਥਾਨਕ ਅਧਿਕਾਰੀਆਂ ਦੇ ਖ਼ਿਲਾਫ਼ ਗਾਂਬੀਆ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਕਿਹਾ ਹੈ ਕਿ ਉਹ ਭਾਰਤੀ ਅਤੇ ਅੰਤਰਰਾਸ਼ਟਰੀ ਅਦਾਲਤਾਂ ਤੱਕ ਪਹੁੰਚ ਕਰਨ ਤੋਂ ਸੰਕੋਚ ਨਹੀਂ ਕਰਨਗੇ।

ਇਹ ਵੀ ਪੜ੍ਹੋ-

ਜੰਮੂ ਵਿੱਚ ਵੀ ਇਨਸਾਫ਼ ਦੀ ਗੁਹਾਰ

ਅਸ਼ੋਕ ਕੁਮਾਰ ਅਤੇ ਵੀਨਾ ਕੁਮਾਰੀ
ਤਸਵੀਰ ਕੈਪਸ਼ਨ, ਅਸ਼ੋਕ ਕੁਮਾਰ ਅਤੇ ਵੀਨਾ ਕੁਮਾਰੀ ਦਾ ਤਿੰਨ ਸਾਲਾ ਅਨਿਰੁਧ ਵੀ ਜੰਮੂ ਵਿੱਚ ਮਰਨ ਵਾਲਿਆਂ ਵਿੱਚ ਸ਼ਾਮਲ ਸੀ

ਨਿਆਂ ਦੀ ਮੰਗ ਜੰਮੂ ਦੇ ਰਾਮਨਗਰ ਤੋਂ ਵੀ ਆ ਰਹੀ ਹੈ, ਜਿੱਥੇ 2019 ਦਸੰਬਰ ਤੋਂ 2020 ਜਨਵਰੀ ਵਿਚਾਲੇ ਘੱਟੋ-ਘੱਟ ਪੰਜ ਸਾਲ ਤੋਂ ਘੱਟ ਉਮਰ ਦੇ 12 ਬੱਚਿਆਂ ਦੀ ਮੌਤ ਹੋ ਗਈ ਸੀ।

ਹੈਲਥ ਐਕਟੀਵਿਸਟ ਦਿਨੇਸ਼ ਠਾਕੁਰ ਅਤੇ ਵਕੀਲ ਪ੍ਰਸ਼ਾਂਤ ਰੇੱਡੀ ਨੇ ਆਪਣੀ ਕਿਤਾਬ 'ਦਿ ਟਰੁੱਥ ਪਿਲ' ਵਿੱਚ ਰਾਮਨਗਰ ਦੀ ਮੌਤ ਨੂੰ ਭਾਰਤ ਵਿੱਚ ਜ਼ਹਿਰ ਨਾਲ ਮੌਤ ਦਾ ਪੰਜਵਾਂ ਵੱਡਾ ਵਾਕਿਆ ਦੱਸਿਆ ਹੈ।

ਕਿਤਾਬ ਵਿੱਚ ਜੰਮੂ ਤੋਂ ਪਹਿਲਾਂ ਚੇੱਨਈ, ਮੁੰਬਈ, ਦਿੱਲੀ ਅਤੇ ਬਿਹਾਰ ਵਿੱਚ ਜ਼ਹਿਰੀਲੇ ਡੀਈਜੀ ਕਾਰਨ ਮੌਤਾਂ ਦਾ ਜ਼ਿਕਰ ਹੈ। ਮਰਨ ਵਾਲੇ ਜ਼ਿਆਦਾਤਰ ਲੋਕ ਗਰੀਬ ਤਬਕੇ ਤੋਂ ਹਨ।

ਜੰਮੂ ਵਿੱਚ ਮਰਨ ਵਾਲਿਆਂ ਵਿੱਚ ਢਾਈ ਸਾਲ ਦਾ ਅਨਿਰੁਧ ਵੀ ਸ਼ਾਮਲ ਸੀ। ਮੌਤ ਤੋਂ ਤਿੰਨ ਦਿਨ ਪਹਿਲਾਂ ਰਿਕਾਰਡ ਕੀਤੇ ਗਏ ਆਖ਼ਰੀ ਵੀਡੀਓ ਵਿੱਚ, ਅਨਿਰੁਧ ਹਸਪਤਾਲ ਦੇ ਬੈੱਡ 'ਤੇ ਬੇਸੁੱਧ ਪਿਆ ਨਜ਼ਰ ਆ ਰਿਹਾ ਹੈ।

ਉਸ ਦੇ ਹੱਥ ਤਾਰ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਪਿੱਛੇ ਮਸ਼ੀਨ ਦੀ ਬੀਪ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਅਨਿਰੁਧ
ਤਸਵੀਰ ਕੈਪਸ਼ਨ, ਮੌਤ ਤੋਂ ਤਿੰਨ ਦਿਨ ਪਹਿਲਾਂ ਰਿਕਾਰਡ ਕੀਤੇ ਗਏ ਆਖ਼ਰੀ ਵੀਡੀਓ ਵਿੱਚ, ਅਨਿਰੁਧ ਹਸਪਤਾਲ ਦੇ ਬੈੱਡ 'ਤੇ ਬੇਸੁੱਧ ਪਏ ਹੋਏ ਦਿਖਾਈ ਦੇ ਰਹੇ ਹਨ

ਉਸ ਦੀ ਰੌਂਦੀ ਹੋਈ ਮਾਂ ਵੀਨਾ ਕੁਮਾਰੀ ਉਸ ਨੂੰ ਚਮਚੇ ਨਾਲ ਖਾਣਾ ਖਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੁਝ ਦਿਨ ਪਹਿਲਾਂ ਅਨਿਰੁਧ ਨੂੰ ਬੁਖ਼ਾਰ ਅਤੇ ਚੈਸਟ ਇਨਫੈਕਸ਼ਨ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਕਫ ਸੀਰਪ ਦਿੱਤਾ ਸੀ।

ਇਹ ਸੀਰਪ ਨੇੜਲੇ ਹੀ ਇੱਕ ਕੈਮਿਸਟ ਸਟੋਰ ਤੋਂ ਖਰੀਦਿਆ ਗਿਆ ਸੀ।

ਇਲਾਕੇ ਵਿੱਚ ਬੱਚਿਆਂ ਦੇ ਚੰਗੇ ਡਾਕਟਰ ਨਾ ਹੋਣ ਕਾਰਨ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਇਸ ਕੈਮਿਸਟ ਕੋਲ ਲੈ ਕੇ ਜਾਂਦੇ ਸਨ ਅਤੇ ਦਿੱਤੀ ਹੋਈ ਦਵਾਈ ਬੱਚਿਆਂ ਨੂੰ ਦੇ ਦਿੰਦੇ ਸਨ।

ਪਰਿਵਾਰ ਮੁਤਾਬਕ ਕਫ਼ ਸੀਰਪ ਪੀਣ ਤੋਂ ਬਾਅਦ ਅਨਿਰੁਧ ਦਾ ਪਿਸ਼ਾਬ ਬੰਦ ਹੋ ਗਿਆ, ਉਸ ਦੇ ਪੈਰ ਫੁੱਲ ਗਏ ਅਤੇ ਉਹ ਜੋ ਵੀ ਖਾਂਦਾ, ਉਲਟੀਆਂ ਕਰ ਦਿੰਦਾ ਸੀ।

ਬਾਅਦ ਵਿੱਚ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਗੁਰਦੇ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।

ਜਾਫਰੂਦੀਨ
ਤਸਵੀਰ ਕੈਪਸ਼ਨ, ਜਾਫਰੂਦੀਨ ਕੋਲ ਆਪਣੇ ਬੇਟੇ ਇਫਾਨ ਦੀ ਤਸਵੀਰ ਵੀ ਨਹੀਂ ਹੈ

ਅਨਿਰੁਧ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ, "ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਇਹ ਕਿਵੇਂ ਹੋ ਸਕਦਾ ਹੈ? ਉਲਟੀਆਂ, ਦਸਤ ਨਾਲ ਗੁਰਦੇ ਖ਼ਰਾਬ ਨਹੀਂ ਹੋ ਸਕਦੇ।"

ਬਹੁਤਾ ਸਮਾਂ ਨਹੀਂ ਬੀਤਿਆ ਸੀ, ਜਦੋਂ ਅਨਿਰੁਧ ਨੂੰ ਬ੍ਰੇਨ ਹੈਮਰੇਜ ਹੋਇਆ।

ਅਸ਼ੋਕ ਕੁਮਾਰ ਯਾਦ ਕਰਦੇ ਹਨ, "(ਉਸ ਨੂੰ) ਬ੍ਰੇਨ ਹੈਮਰੇਜ ਹੋ ਗਿਆ ਸੀ, ਉਸ ਦੇ ਨੱਕ ਵਿੱਚੋਂ ਖੂਨ ਨਿਕਲਿਆ। ਉਸ ਦੇ ਫੇਫੜੇ ਫਟ ਗਏ। ਡਾਕਟਰ ਕਹਿਣ ਲੱਗੇ ਕਿ ਬੱਚਾ 99 ਪ੍ਰਤੀਸ਼ਤ ਖ਼ਤਮ ਹੋ ਚੁੱਕਾ ਹੈ। ਅਸੀਂ ਉਸ 9 ਜਨਵਰੀ ਨੂੰ ਕਦੇ ਨਹੀਂ ਭੁੱਲਾਂਗੇ।"

ਦੋ ਮਹੀਨੇ ਦਾ ਇਫਾਨ ਜਾਫ਼ਰੂਦੀਨ ਅਤੇ ਮੁਰਫਾ ਬੀਬੀ ਦਾ ਪਹਿਲਾ ਬੱਚਾ ਸੀ।

ਉਨ੍ਹਾਂ ਕੋਲ ਇਫ਼ਾਨ ਦੀ ਤਸਵੀਰ ਵੀ ਨਹੀਂ ਹੈ। ਉਸ ਨੇ ਦੱਸਿਆ ਕਿ ਕਫ ਸੀਰਪ ਪੀਣ ਦੇ 10 ਦਿਨਾਂ ਦੇ ਅੰਦਰ ਉਹ ਨਹੀਂ ਰਿਹਾ।

ਮੁਰਫ਼ਾ ਬੀਬੀ ਕਹਿੰਦੀ ਹੈ, "ਉਸ ਵੇਲੇ ਉਹ ਬਹੁਤ ਪਰੇਸ਼ਾਨ ਸੀ। ਜਦੋਂ ਉਸ ਨੂੰ ਉਲਟੀ ਆਉਂਦੀ ਸੀ, ਤਾਂ ਉਹ ਲੇਟ ਕੇ ਰੋਣ ਲੱਗਦਾ ਸੀ। ਉਸ ਨੇ ਦੁੱਧ ਪੀਣਾ ਬੰਦ ਕਰ ਦਿੱਤਾ ਸੀ। ਉਹ ਬੇਹੋਸ਼ ਹੋ ਜਾਂਦਾ ਸੀ।"

ਜੰਮੂ ਵਿੱਚ ਮੌਤ ਦੀ ਜਾਂਚ

ਸੁਕੇਸ਼ ਖਜੂਰੀਆ
ਤਸਵੀਰ ਕੈਪਸ਼ਨ, ਜੰਮੂ 'ਚ ਰਾਮਨਗਰ 'ਚ ਬੱਚਿਆਂ ਦੀ ਮੌਤ 'ਤੇ ਸਥਾਨਕ ਕਾਰਕੁਨ ਸੁਕੇਸ਼ ਖਜੂਰੀਆ ਲਗਾਤਾਰ ਲਿਖਦੇ ਅਤੇ ਬੋਲਦੇ ਰਹੇ ਹਨ

ਜੰਮੂ 'ਚ ਸਥਾਨਕ ਕਾਰਕੁਨ ਸੁਕੇਸ਼ ਖਜੂਰੀਆ ਰਾਮਨਗਰ 'ਚ ਬੱਚਿਆਂ ਦੀ ਮੌਤ 'ਤੇ ਲਗਾਤਾਰ ਲਿਖਦੇ ਅਤੇ ਬੋਲ ਰਹੇ ਹਨ।

ਉਹ ਕਹਿੰਦੇ ਹਨ, "ਮਰਨ ਵਾਲੇ ਸਾਰੇ ਬੱਚੇ ਬੇਮੌਤ ਮਾਰੇ ਗਏ ਹਨ ਅਤੇ ਜਿਸ ਕੰਪਨੀ ਨੇ ਇਹ ਦਵਾਈ ਬਣਾਈ ਅਤੇ ਜੋ ਡਰੱਗਸ ਕੰਟ੍ਰੋਲਰ ਦੇ ਅਫ਼ਸਰ ਸਨ, ਉਨ੍ਹਾਂ ਨੇ ਆਪਣਾ ਕੰਮ ਨਹੀਂ ਕੀਤਾ।"

"ਉਨ੍ਹਾਂ ਨੇ ਬਿਨਾਂ ਜਾਂਚ ਕੀਤੇ ਗ਼ੈਰ-ਕਾਨੂੰਨੀ ਡਰੱਗ ਨੂੰ ਵਿਕਣ ਦਿੱਤਾ। ਜੇਕਰ ਸਰਕਾਰ ਨੇ ਉਸ ਸਮੇਂ ਨੋਟਿਸ ਲਿਆ ਹੁੰਦਾ ਤਾਂ ਇਹ ਗਾਂਬੀਆ ਵਿੱਚ ਨਹੀਂ ਵਾਪਰਦਾ।"

ਜੰਮੂ
ਤਸਵੀਰ ਕੈਪਸ਼ਨ, ਜੰਮੂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਨਿਆਂ ਚਾਹੁੰਦੇ ਹਨ

ਜੰਮੂ-ਕਸ਼ਮੀਰ ਦੀ ਡਰੱਗ ਕੰਟਰੋਲਰ ਲੋਤਿਕਾ ਖਜੂਰੀਆ ਕਹਿੰਦੀ ਹੈ, "ਅਸੀਂ ਕਾਨੂੰਨੀ ਨਮੂਨੇ ਨੂੰ ਚੁੱਕ ਕੇ ਪਹਿਲਾਂ ਖੇਤਰੀ ਡਰੱਗ ਲੈਬਾਰਟਰੀ, ਚੰਡੀਗੜ੍ਹ ਨੂੰ ਭੇਜਿਆ ਸੀ। ਉਥੋਂ ਆਈ ਰਿਪੋਰਟ ਮੁਤਾਬਕ ਇਸ ਵਿੱਚ ਡਾਇਥੀਲੀਨ ਗਲਾਈਕੋਲ 34 ਫੀਸਦੀ ਜ਼ਿਆਦਾ ਸੀ।"

"ਇਹ ਆਖ਼ਰੀ ਅੰਤਿਮ ਰਿਪੋਰਟ ਨਹੀਂ ਸੀ। ਅਸੀਂ ਦੁਬਾਰਾ ਸੈਂਪਲ ਲੈ ਕੇ ਸੀਡੀਐੱਲ ਕੋਲਕਾਤਾ ਐਪਲੇਟ ਲੈਬਾਰਟਰੀ ਨੂੰ ਭੇਜ ਦਿੱਤਾ। ਉਥੋਂ ਵੀ ਉਹੀ ਰਿਪੋਰਟ ਆਈ ਕਿ ਇਸ ਵਿਚ ਡਾਇਥੀਲੀਨ ਗਲਾਈਕੋਲ 34 ਫੀਸਦੀ ਤੋਂ ਥੋੜ੍ਹਾ ਜ਼ਿਆਦਾ ਹੈ। ਉਸ ਤੋਂ ਬਾਅਦ ਸਾਡੀ ਜਾਂਚ ਸ਼ੁਰੂ ਹੋਈ।”

ਬਾਲ ਰੋਗ ਮਾਹਿਰ ਭਵਨੀਤ ਭਾਰਤੀ ਰਾਮਨਗਰ ਵਿੱਚ ਬੱਚਿਆਂ ਦੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਟੀਮ ਦੇ ਮੁਖੀ ਸਨ।

ਉਹ ਦੱਸਦੀ ਹੈ, "ਟੌਕਸਿਨ ਦੇਣ ਨਾਲ ਉਨ੍ਹਾਂ ਦੇ ਗੁਰਦੇ ਫੇਲ ਹੋ ਗਏ। ਜੇਕਰ ਉਨ੍ਹਾਂ ਦੇ ਦਿਮਾਗ਼ 'ਤੇ ਅਸਰ ਪੈਂਦਾ ਤਾਂ ਸਰੀਰਕ ਅਪਾਹਜਤਾ ਹੋ ਸਕਦੀ ਹੈ। ਉਨ੍ਹਾਂ ਨੂੰ ਵੈਂਟੀਲੇਸ਼ਨ ਦੀ ਲੋੜ ਪੈ ਸਕਦੀ ਹੈ ਕਿਉਂਕਿ ਕਈ ਬੱਚੇ ਵੈਂਟੀਲੇਟਰ 'ਤੇ ਵੀ ਗਏ।"

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਫਿਲਹਾਲ ਮਾਮਲਾ ਅਦਾਲਤ 'ਚ ਹੈ।

ਇਸ ਮਾਮਲੇ 'ਚ ਡਿਜੀਟਲ ਵਿਜ਼ਨ ਨਾਂ ਦੀ ਕੰਪਨੀ 'ਤੇ ਇਲਜ਼ਾਮ ਲਗਾਏ ਗਏ ਸਨ।

ਲੋਤਿਕਾ ਖਜੂਰੀਆ
ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਦੀ ਡਰੱਗ ਕੰਟਰੋਲਰ ਲੋਤਿਕਾ ਖਜੂਰੀਆ ਨੇ ਦੱਸਿਆ ਕਿ ਘਟਨਾ ਦੇ ਅਨੁਸਾਰ, ਅਧਿਕਾਰੀਆਂ ਨੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਬਹੁਤ ਮਿਹਨਤ ਕੀਤੀ

ਪਰ ਇਸ ਦੇ ਮਾਲਕ ਪਰਸ਼ੋਤਮ ਗੋਇਲ ਦਾ ਦਾਅਵਾ ਹੈ ਕਿ ਬੱਚਿਆਂ ਨੇ ਉਨ੍ਹਾਂ ਦੀ ਕੰਪਨੀ ਵੱਲੋਂ ਬਣਾਇਆ ਕਫ ਸੀਰਪ ਨਹੀਂ ਪੀਤਾ।

ਹਿਮਾਚਲ ਪ੍ਰਦੇਸ਼ ਵਿੱਚ ਉਨ੍ਹਾਂ ਦੀ ਫੈਕਟਰੀ ਵਿੱਚ ਉਨ੍ਹਾਂ ਨਾਲ ਫੋਨ 'ਤੇ ਗੱਲ ਹੋਈ।

ਉਨ੍ਹਾਂ ਨੇ ਕਿਹਾ, "ਅਸੀਂ ਬੱਚੇ ਮਾਰਨ ਲਈ ਥੋੜ੍ਹੇ ਹੀ ਬੈਠੇ ਹਾਂ। ਅਸੀਂ ਉੱਥੇ ਕਿਸੇ ਦੇ ਬੱਚੇ ਨੂੰ ਕਿਉਂ ਮਾਰਾਂਗੇ? ਅਸੀਂ ਤਾਂ ਦਵਾਈ ਬਣਾ ਰਹੇ ਹਾਂ, ਕੋਈ ਜ਼ਹਿਰ ਥੋੜ੍ਹੇ ਹੀ ਬਣਾ ਰਹੇ ਹਾਂ।"

"ਅਸੀਂ ਰੱਬ ਤੋਂ ਡਰਨ ਵਾਲੇ ਲੋਕ ਹਾਂ। ਅਸੀਂ ਅਜਿਹਾ ਕੰਮ ਕਰਦੇ ਹੀ ਨਹੀਂ ਹਾਂ। ਸਾਨੂੰ ਕੀ ਲੋੜ ਹੈ ਕਿਸੇ ਨਾਲ ਅਨਿਆਂ ਕਰਨ ਦੀ।"

ਸਾਨੂੰ ਦੱਸਿਆ ਗਿਆ ਕਿ ਬੱਚਿਆਂ ਦੀ ਮੌਤ ਤੋਂ ਬਾਅਦ ਛੇ ਮਹੀਨਿਆਂ ਲਈ ਫੈਕਟਰੀ ਨੂੰ ਬੰਦ ਕਰ ਦਿੱਤਾ ਸੀ, ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਖੋਲ੍ਹ ਦਿੱਤੀ ਗਈ ਸੀ।

ਕਾਰਕੁਨ ਅਤੇ ਲੇਖਕ ਦਿਨੇਸ਼ ਠਾਕੁਰ ਸਿਸਟਮ ਵਿੱਚ ਪਾਰਦਰਸ਼ਤਾ ਦੀ ਘਾਟ ਦਾ ਇਲਜ਼ਾਮ ਲਗਾਉਂਦੇ ਹਨ।

ਗਾਂਬੀਆ

ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਭਾਰਤੀ ਕੰਪਨੀਆਂ ਅਮਰੀਕਾ ਅਤੇ ਯੂਰਪ ਲਈ ਦਵਾਈਆਂ ਬਣਾਉਂਦੀਆਂ ਹਨ ਤਾਂ ਉਨ੍ਹਾਂ ਦੇ ਮਿਆਰ ਵੱਖਰੇ ਹੁੰਦੇ ਹਨ ਅਤੇ ਜਦੋਂ ਕੰਪਨੀਆਂ ਭਾਰਤ ਜਾਂ ਅਫ਼ਰੀਕਾ ਦੇ ਦੇਸ਼ਾਂ ਲਈ ਦਵਾਈਆਂ ਬਣਾਉਂਦੀਆਂ ਹਨ ਤਾਂ ਉਨ੍ਹਾਂ ਦੇ ਮਿਆਰ ਵੱਖਰੇ ਹੁੰਦੇ ਹਨ।

ਫਾਰਮਾਸਿਊਟੀਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਉਦੈ ਭਾਸਕਰ ਇਨ੍ਹਾਂ ਇਲਜ਼ਾਮਾਂ ਨਾਲ ਸਹਿਮਤ ਨਹੀਂ ਹਨ।

ਉਹ ਕਹਿੰਦੇ ਹਨ, "ਅਫ਼ਰੀਕਾ ਸਾਡਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ। ਦੱਖਣੀ ਅਫ਼ਰੀਕਾ, ਘਾਨਾ, ਨਾਈਜੀਰੀਆ ਬਹੁਤ ਸਾਰੇ ਅਜਿਹੇ ਦੇਸ਼ ਹਨ, ਜਿੱਥੇ ਰੈਗੂਲੇਟਰੀ ਸੰਸਥਾਵਾਂ ਬਹੁਤ ਮਜ਼ਬੂਤ ਹਨ।"

ਜੰਮੂ

ਬਚ ਗਏ ਬੱਚਿਆਂ ਦੀ ਕਹਾਣੀ

ਰਾਮਨਗਰ ਵਿੱਚ ਅਜਿਹੇ ਵੀ ਪਰਿਵਾਰ ਹਨ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਵੀ ਕਥਿਤ ਜ਼ਹਿਰੀਲੀ ਕਫ਼ ਸੀਰਪ ਨੂੰ ਪੀਤਾ ਅਤੇ ਬਚ ਗਏ।

ਪਵਨ ਕੁਮਾਰ ਦੇ ਪਰਿਵਾਰ ਮੁਤਾਬਕ ਜਦੋਂ ਉਹ 15 ਮਹੀਨੇ ਦੇ ਸਨ, ਉਦੋਂ ਉਨ੍ਹਾਂ ਉਹੀ ਕਥਿਤ ਜ਼ਹਿਰੀਲਾ ਕਫ ਸੀਰਪ ਪੀਤਾ ਸੀ।

ਪਵਨ ਤਿੰਨ ਮਹੀਨੇ ਹਸਪਤਾਲ 'ਚ ਭਰਤੀ ਰਹੇ ਅਤੇ ਉਨ੍ਹਾਂ ਦਾ ਇਲਾਜ ਵੀ ਜਾਰੀ ਹੈ।

ਪਵਨ ਦੇ ਪਿਤਾ ਸ਼ੰਭੂਰਾਮ ਮਜ਼ਦੂਰੀ ਕਰਕੇ ਰੋਜ਼ਾਨਾ 400 ਤੋਂ 500 ਰੁਪਏ ਕਮਾ ਲੈਂਦੇ ਹਨ।

ਸ਼ੰਭੂਰਾਮ
ਤਸਵੀਰ ਕੈਪਸ਼ਨ, ਪਵਨ ਦੇ ਪਿਤਾ ਸ਼ੰਭੂਰਾਮ ਮਜ਼ਦੂਰੀ ਕਰਕੇ ਰੋਜ਼ਾਨਾ 400 ਤੋਂ 500 ਰੁਪਏ ਕਮਾ ਲੈਂਦੇ ਹਨ

ਸ਼ੰਭੂਰਾਮ ਦੱਸਦੇ ਹਨ, "ਇਸ ਸਮੇਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਘੱਟ ਹੈ ਅਤੇ ਉਸ ਦਾ ਇੱਕ ਕੰਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਵੱਡਾ ਵੀ ਹੋ ਗਿਆ ਤਾਂ ਉਹ ਕੰਮ ਨਹੀਂ ਕਰ ਸਕੇਗਾ। ਉਹ ਦੌੜ ਨਹੀਂ ਸਕੇਗਾ। ਭਾਰ ਨਹੀਂ ਚੁੱਕ ਸਕੇਗਾ।"

ਛੇ ਸਾਲ ਦਾ ਪ੍ਰਨਵ 30 ਦਿਨਾਂ ਤੋਂ ਜ਼ਿਆਦਾ ਸਮਾਂ ਕੋਮਾ ਵਿੱਚ ਰਿਹਾ। ਪਰਿਵਾਰ ਮੁਤਾਬਕ ਉਹ ਹੁਣ ਨਾ ਦੇਖ ਸਕਦਾ ਹੈ ਨਾ ਹੀ ਸੁਣ ਸਕਦਾ ਹੈ।

ਉਸ ਦੀ ਮਾਂ ਪ੍ਰਿਆ ਵਰਮਾ ਨੇ ਦੱਸਿਆ, "ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੇ ਦਿਮਾਗ਼, ਅੱਖਾਂ, ਕੰਨਾਂ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਵਾਪਸ ਆਉਣਗੀਆਂ ਜਾਂ ਨਹੀਂ, ਇਹ ਪੱਕਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੱਬ 'ਤੇ ਛੱਡ ਦਿਓ।"

ਪ੍ਰਨਵ ਇਕੱਲਾ ਨਹੀਂ ਰਹਿ ਸਕਦਾ। ਉਸ ਦੇ ਨਾਲ ਹਮੇਸ਼ਾ ਕਿਸੇ ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਡਰਦਾ ਹੈ ਕਿ ਕਿਤੇ ਉਸ ਨੂੰ ਇਕੱਲਾ ਤਾਂ ਨਹੀਂ ਛੱਡ ਕੇ ਚਲੇ ਜਾਣਗੇ।

ਪ੍ਰਨਵ ਦਾ ਪਰਿਵਾਰ
ਤਸਵੀਰ ਕੈਪਸ਼ਨ, ਛੇ ਸਾਲ ਦਾ ਪ੍ਰਨਵ 30 ਦਿਨਾਂ ਤੋਂ ਵੱਧ ਸਮੇਂ ਤੱਕ ਕੋਮਾ ਵਿੱਚ ਰਿਹਾ

ਪਰਿਵਾਰ ਬੱਚਿਆਂ ਦੇ ਇਲਾਜ ਲਈ ਸਰਕਾਰੀ ਮਦਦ ਚਾਹੁੰਦਾ ਹੈ ਤਾਂ ਜੋ ਕੱਲ੍ਹ ਨੂੰ ਉਹ ਨਾ ਰਹਿਣ ਤਾਂ ਬੱਚੇ ਆਪਣੀ ਦੇਖਭਾਲ ਕਰ ਸਕਣ।

ਦੋ ਸਾਲ ਦੀ ਬੰਨਾ, ਤਿੰਨ ਸਾਲ ਦੀ ਅੰਕਿਤਾ, 11 ਮਹੀਨਿਆਂ ਦੀ ਜਾਨ੍ਹਵੀ, 10 ਮਹੀਨਿਆਂ ਦੀ ਅਸੀਤੂ, ਇੱਕ ਸਾਲ, ਸੱਤ ਮਹੀਨੇ ਦੀ ਮੂਸਾ ਅਤੇ ਹੋਰ ਕਈ ਨਾਂ।

ਪਰਿਵਾਰ ਚਾਹੁੰਦੇ ਹਨ ਕਿ ਕਾਨੂੰਨ ਪੂਰੀ ਸਖ਼ਤੀ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਹ ਲੰਬੀ ਲੜਾਈ ਸੌਖੀ ਨਹੀਂ ਹੋਵੇਗੀ।

ਆਪਣੇ ਦੋ ਮਹੀਨਿਆਂ ਦੇ ਬੇਟੇ ਇਫਾਨ ਨੂੰ ਗੁਆਉਣ ਵਾਲੇ ਜ਼ਫਰੂਦੀਨ ਕਹਿੰਦੇ ਹਨ, "ਇਨਸਾਫ਼ ਮਿਲਣਾ ਚਾਹੀਦਾ ਹੈ।"

ਗਾਂਬੀਆ ਹੋਵੇ ਜਾਂ ਜੰਮੂ, ਦੋਵੇਂ ਹੀ ਥਾਵਾਂ 'ਤੇ ਇਲਜ਼ਾਮ ਹਨ ਕਿ ਕਫ ਸੀਰਪ ਕਾਰਨ ਹੀ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਜਾਨ ਗਈ ਹੈ।

ਅਜੇ ਕਈ ਮਾਮਲਿਆਂ ਵਿੱਚ ਜਾਂਚ ਪੂਰੀ ਨਹੀਂ ਹੋਈ ਹੈ, ਜਦਕਿ ਕਈ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)