ਭਾਰਤ ਵਿੱਚ ਬਣਨ ਵਾਲੀਆਂ 4 ਖੰਘ-ਜ਼ੁਕਾਮ ਦੀਆਂ ਦਵਾਈਆਂ 'ਤੇ ਰੋਕ, ਡਬਲਿਊਐੱਚਓ ਨੇ ਦਿੱਤੀ ਚੇਤਾਵਨੀ

ਤਸਵੀਰ ਸਰੋਤ, Getty Images
ਵਿਸ਼ਵ ਸਹਿਤ ਸੰਗਠਨ (ਡਬਲਿਊਐੱਚਓ) ਨੇ ਭਾਰਤ ਦੀ ਮੇਡਨ ਫਾਰਮਾਸਿਊਟੀਕਲ ਕੰਪਨੀ ਨੂੰ ਉਨ੍ਹਾਂ ਦੇ ਚਾਰ ਕਫ ਅਤੇ ਕੋਲਡ ਸਿਰਪ (ਖਾਂਸੀ-ਜ਼ੁਕਾਮ ਦੀ ਦਵਾਈ) ਲਈ ਚੇਤਾਵਨੀ ਜਾਰੀ ਕੀਤੀ ਹੈ।
ਬੁੱਧਵਾਰ ਨੂੰ ਵਿਸ਼ਵ ਸਿਹਤ 'ਤੇ ਮੀਡੀਆ ਬ੍ਰੀਫਿੰਗ ਦੌਰਾਨ ਡਬਲਿਊਐੱਚਓ ਦੀ ਇਹ ਚੇਤਾਵਨੀ ਪੱਛਮੀ ਅਫਰੀਕਾ ਦੇ ਦੇਸ਼ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਤੀ ਗਈ ਹੈ।
ਸੰਗਠਨ ਨੇ ਕਿਹਾ, "ਡਬਲਿਊਐੱਚਓ ਨੇ ਗਾਂਬੀਆ ਵਿੱਚ ਮਿਲੀਆਂ ਚਾਰ ਦਵਾਈਆਂ ਨੂੰ ਲੈ ਕੇ ਇੱਕ ਮੈਡੀਕਲ ਪ੍ਰੋਡਕਟ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਐਕਿਊਟ ਕਿਡਨੀ ਇੰਜਰੀ ਅਤੇ 66 ਬੱਚਿਆਂ ਦੀ ਮੌਤ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ।"

ਤਸਵੀਰ ਸਰੋਤ, Getty Images
"ਇਹ ਮੌਤਾਂ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਦੁਖਦਾਈ ਹਨ। ਇਹ ਚਾਰ ਦਵਾਈਆਂ ਕਫ ਤੇ ਕੋਲਡ ਸਿਰਪ ਹਨ, ਜੋ ਭਾਰਤ ਵਿੱਚ ਮੇਡਨ ਫਾਰਮਾਸਿਊਟੀਕਲ ਕੰਪਨੀ ਬਣਾਉਂਦੀ ਹੈ।"
"ਡਬਲਿਊਐੱਚਓ, ਭਾਰਤ ਵਿੱਚ ਰੈਗੂਲੇਟਰੀ ਅਥਾਰਟੀਆਂ ਨਾਲ ਅੱਗੇ ਦੀ ਜਾਂਚ ਕਰ ਰਹੀ ਹੈ। ਇਹ ਦੂਸ਼ਿਤ ਉਤਪਾਦ ਹੁਣ ਤੱਕ ਸਿਰਫ਼ ਗਾਂਬੀਆ ਵਿੱਚ ਹੀ ਪਾਏ ਗਏ ਹਨ ਪਰ ਇਹ ਦੂਜੇ ਦੇਸ਼ਾਂ ਵਿੱਚ ਵੀ ਵੰਡੇ ਗਏ ਹੋਣਗੇ।"
ਡਬਲਿਊਐੱਚਓ ਨੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਲਈ ਸਾਰੇ ਦੇਸ਼ਾਂ ਨੂੰ ਇਨ੍ਹਾਂ ਉਤਪਾਦਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।
ਡਬਲਿਊਐੱਚਓ ਮੁਤਾਬਕ ਚਾਰ ਉਤਪਾਦਾਂ ਵਿੱਚੋਂ ਹਰੇਕ ਦੇ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਨ੍ਹਾਂ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਦੀ ਅਪ੍ਰਵਾਨਿਤ ਮਾਤਰਾ ਦੂਸ਼ਿਤ ਪਦਾਰਥਾਂ ਵਜੋਂ ਵਿੱਚ ਹੁੰਦੀ ਹੈ।

- ਡਬਲਿਊਐੱਚਓ ਵੱਲੋਂ ਭਾਰਤੀ ਕੰਪਨੀਆਂ ਦੀਆਂ 4 ਦਵਾਈਆਂ ਉੱਤੇ ਰੋਕ ਲਗਾਈ ਗਈ।
- ਇਹ ਦਵਾਈਆਂ ਖਾਂਸੀ-ਜ਼ੁਕਾਮ ਦੀਆਂ ਹਨ।
- ਗਾਂਬੀਆਂ ਵਿੱਚ 66 ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਲਗਾਈ ਰੋਕ।
- ਸੰਗਠਨ ਵੱਲੋਂ ਮਰੀਜ਼ਾਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਲਈ ਸਾਰੇ ਦੇਸ਼ਾਂ ਨੂੰ ਇਨ੍ਹਾਂ ਉਤਪਾਦਾਂ ਦੀ ਜਾਂਚ ਕਰਨ ਅਤੇ ਹਟਾਉਣ ਦੀ ਸਲਾਹ।

ਜੋਖ਼ਮ ਕੀ ਹੈ
ਇਨ੍ਹਾਂ ਦਵਾਈਆਂ ਦੀ ਜਾਂਚ ਤੋਂ ਡਬਲਿਊਐੱਚਓ ਨੇ ਦੱਸਿਆ ਹੈ ਕਿ ਇਨ੍ਹਾਂ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਐਥਲੀਨ ਗਲਾਈਕੋਲ ਦੀ ਅਣਉਚਿਤ ਮਾਤਰਾ ਪਾਈ ਗਈ ਹੈ।
ਇਹ ਸੇਵਨ ਕਰਨ 'ਤੇ ਮਨੁੱਖਾਂ ਲਈ ਜ਼ਹਿਰੀਲੇ ਹੁੰਦੇ ਅਤੇ ਘਾਤਕ ਸਾਬਤ ਹੋ ਸਕਦੇ ਹਨ।
ਜ਼ਹਿਰੀਲੇ ਅਸਰ ਦੌਰਾਨ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਕਰਨ ਵਿੱਚ ਅਸਮਰੱਥਾ, ਸਿਰ ਦਰਦ, ਬਦਲੀ ਹੋਈ ਮਾਨਸਿਕ ਸਥਿਤੀ ਅਤੇ ਗੁਰਦੇ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਮੌਤ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਉਤਪਾਦਾਂ ਦੇ ਸਾਰੇ ਬੈਚਾਂ ਨੂੰ ਉਦੋਂ ਤੱਕ ਅਸੁਰੱਖਿਅਤ ਮੰਨਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਉਨ੍ਹਾਂ ਦਾ ਸੰਬੰਧਿਤ ਰਾਸ਼ਟਰੀ ਰੈਗੂਲੇਟਰੀ ਅਥਾਰਟੀਆਂ ਵੱਲੋਂ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ।
ਡਬਲਿਊਐੱਚਓ ਨੇ ਕਿਹਾ ਹੈ ਕਿ ਇਸ ਚੇਤਾਵਨੀ ਵਿੱਚ ਸੰਕੇਤਕ ਘਟੀਆ ਉਤਪਾਦ ਅਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਵਰਤੋਂ ਕਾਰਨ, ਖ਼ਾਸ ਕਰਕੇ ਬੱਚਿਆਂ ਨੂੰ ਗੰਭੀਕ ਨੁਕਸਾਨ ਹੋ ਸਕਦੇ ਹਨ ਜਾਂ ਮੌਤ ਹੋ ਸਕਦੀ ਹੈ।
ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਕਿਹੜੇ ਕੈਮੀਕਲ ਹਨ?
ਐਨਸਾਈਕਲੋਪੀਡੀਆ ਆਫ਼ ਟੌਕਸੀਕੋਲੋਜੀ ਦੇ ਮੁਤਾਬਕ ਡਾਇਥਾਈਲੀਨ ਗਲਾਈਕੋਲ 20ਵੀਂ ਸਦੀ ਵਿੱਚ ਨਸ਼ੀਲੇ ਪਦਾਰਥਾਂ ਦੇ ਵੱਡੇ ਹਾਦਸਿਆਂ ਵਿੱਚੋਂ ਇੱਕ ਹੈ।
ਇਹ ਘੋਲਨ ਵਾਲੀ ਇੱਕ ਕਿਸਮ ਹੈ।
ਸੰਨ 1937 ਵਿੱਚ ਅਮਰੀਕਾ ਵਿੱਚ ਇੱਕ ਦਵਾਈ ਬਣਾਈ ਗਈ ਜਿਸ ਵਿੱਚ ਘੋਲਨ ਵਾਲੀ ਚੀਜ ਵਜੋਂ ਵਰਤਿਆ ਜਾਂਦਾ ਸੀ।
ਉਸ ਸਮੇਂ ਇਸ ਨਾਲ ਬੱਚਿਆਂ ਸਮੇਤ 100 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਬੱਚਿਆਂ ਨੂੰ ਖੰਘ ਅਤੇ ਜ਼ੁਕਾਮ ਲਈ ਇਹ ਦਵਾਈ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ 1938 ਵਿੱਚ ਫੂਡ, ਡਰੱਗ ਐਂਡ ਕਾਸਮੈਟਿਕ ਐਕਟ ਬਣਾਇਆ ਗਿਆ।
ਕੰਪਰਹੈਨਸਿਵ ਤਕਨੀਕ ਅਨੁਸਾਰ ਈਥੀਲੀਨ ਗਲਾਈਕੋਲ ਇੱਕ ਉਦਯੋਗਿਕ ਰਸਾਇਣ ਹੈ ਜੋ ਇੱਕ ਐਂਟੀਫਰੀਜ਼ ਵਜੋਂ ਵਰਤਿਆ ਜਾਂਦਾ ਹੈ। ਇਸ ਨਾਲ ਕਿਡਨੀ ਫ਼ੇਲ ਹੋ ਸਕਦੀ ਹੈ।
ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਦੀ ਪ੍ਰੋਫ਼ੈਸਰ ਅਤੇ ਡਾਇਰੈਕਟਰ ਡਾ: ਸੁਨੀਲਾ ਗਰਗ ਨੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨਾਲ ਗੱਲ ਕੀਤੀ।
ਬੀਬੀਸੀ ਨਾਲ ਗੱਲਬਾਤ ਵਿੱਚ ਉਹਨਾਂ ਕਿਹਾ, "ਜੇਕਰ ਇਹ ਦੋ ਰਸਾਇਣ ਕਿਸੇ ਕਾਰਨ ਮਨੁੱਖੀ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਤਾਂ ਇਸ ਨਾਲ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਸਿਰ ਦਰਦ, ਮਾਨਸਿਕ ਸਥਿਤੀ ਵਿੱਚ ਬਦਲਾਅ ਅਤੇ ਗੁਰਦੇ ਦੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੰਪਨੀ ਦੀ ਕੀ ਕਹਿਣਾ ਹੈ?
ਕੰਪਨੀ ਨੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
ਬੀਬੀਸੀ ਨੇ ਇਸ ਮਾਮਲੇ ਬਾਰੇ ਕੰਪਨੀ ਨੂੰ ਇੱਕ ਈਮੇਲ ਵੀ ਭੇਜਿਆ ਹੈ ਜਿਸ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਜਦੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਤ ਸਿੰਘ ਫੈਕਟਰੀ ਵਾਲੀ ਥਾਂ 'ਤੇ ਪਹੁੰਚੇ ਪਰ ਇਹ ਬੰਦ ਸੀ ਅਤੇ ਉੱਥੇ ਕੋਈ ਗੱਲ ਕਰਨ ਲਈ ਨਹੀਂ ਸੀ।
ਕੰਪਨੀ ਆਪਣੀਆਂ ਦਵਾਈਆਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਨੂੰ ਨਿਰਯਾਤ ਕਰਦੀ ਹੈ।
ਫੈਕਟਰੀ 'ਤੇ ਛਾਪਾ
ਦਿੱਲੀ ਸਥਿਤ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਖੰਘ ਦੇ ਸਿਰਪ ਹਰਿਆਣਾ ਦੀ ਇੱਕ ਕੰਪਨੀ ਵਿੱਚ ਬਣਦੇ ਹਨ।
ਬੀਬੀਸੀ ਸਹਿਯੋਗੀ ਸੱਤ ਸਿੰਘ ਮੁਤਾਬਕ ਦਿੱਲੀ, ਸੋਨੀਪਤ ਅਤੇ ਚੰਡੀਗੜ੍ਹ ਦੀਆਂ ਟੀਮਾਂ ਨੇ ਕੁੰਡਲੀ ਸਥਿਤ ਇਸ ਦਵਾ ਫੈਕਟਰੀ ਵਿੱਚ ਛਾਪਾ ਮਾਰਿਆ ਹੈ।
ਇਸ ਦੌਰਾਨ ਦਿੱਲੇ ਦੇ ਨਾਲ ਹਰਿਆਣਾ ਡਰੱਗ ਕੰਟ੍ਰੋਰਲ ਮਨਮੋਹਨ ਤਨੇਜਾ ਦੀ ਅਗਵਾਈ ਵਿੱਚ ਟੀਮਾਂ ਨੇ ਸੈਂਪਲ ਲਏ ਹਨ।

ਤਸਵੀਰ ਸਰੋਤ, Sat Singh/BBC
ਕੀ ਬੋਲੇ ਹਰਿਆਣਾ ਦੇ ਸਹਿਤ ਮੰਤਰੀ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਵੱਲ ਅਸੀਂ ਤੁਰੰਤ ਧਿਆਨ ਦਿੱਤਾ ਹੈ।
ਉਨ੍ਹਾਂ ਕਿਹਾ, ''ਮੈਂ ਸਵੇਰੇ ਉੱਠਦੇ ਹੀ ਆਪਣੇ ਡਰੱਗ ਕੰਟਰੋਲਰ ਨੂੰ ਕਿਹਾ ਕਿ ਜਾ ਕੇ ਇਸ ਸਬੰਧੀ ਕਾਰਵਾਈ ਕਰਨ। ਕੇਂਦਰ ਸਰਕਾਰ ਦੇ ਅਧਿਕਾਰੀ ਵੀ ਇਸ ਦੀ ਪੂਰੀ ਜਾਣਕਾਰੀ ਲੈ ਰਹੇ ਹਨ।''
ਕੇਂਦਰ ਸਰਕਾਰ ਦੇ ਸਿਹਤ ਸਕੱਤਰ ਅਤੇ ਫਾਰਮਾਸਿਊਟੀਕਲ ਸਕੱਤਰ ਨੇ ਅੱਜ ਸਵੇਰੇ ਹੀ ਸਾਡੇ ਸਿਹਤ ਸਕੱਤਰ ਨਾਲ ਗੱਲ ਕੀਤੀ ਹੈ ਅਤੇ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਅਸੀਂ ਇਸ ਦੇ ਨਮੂਨੇ ਚੈੱਕ ਕਰ ਲਈਏ।''
''ਇਸ ਦੇ ਨਮੂਨੇ ਲੈ ਕੇ ਕੇਂਦਰੀ ਡਰੱਗ ਲੈਬੋਰੇਟਰੀ ਕਲਕੱਤਾ ਵਿਖੇ ਭੇਜੇ ਗਏ ਗਨ। ਉੱਥੋਂ ਰਿਪੋਰਟ ਆਉਣ ਤੋਂ ਬਾਅਦ ਜੇ ਕੋਈ ਚੀਜ਼ ਗਲਤ ਹੋਈ ਤਾਂ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ।''
ਖੰਘ ਦੀ ਦਵਾਈ ਖਰੀਦਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ
ਭਾਰਤ ਵਿੱਚ ਇਹ ਬਹੁਤ ਆਮ ਹੈ ਕਿ ਬੁਖਾਰ, ਖੰਘ ਅਤੇ ਜ਼ੁਕਾਮ ਹੋਣ ਤੋਂ ਬਾਅਦ ਅਕਸਰ ਲੋਕ ਡਾਕਟਰ ਦੀ ਸਲਾਹ ਲਏ ਬਿਨਾਂ ਦੁਕਾਨ ਤੋਂ ਦਵਾਈਆਂ ਖਰੀਦਦੇ ਹਨ।
ਆਮ ਲੋਕ ਜਾਂ ਤਾਂ ਆਪ ਹੀ ਫੈਸਲਾ ਕਰਦੇ ਹਨ ਕਿ ਕਿਹੜੀ ਦਵਾਈ ਖਰੀਦਣੀ ਹੈ ਜਾਂ ਅਜਿਹਾ ਹੁੰਦਾ ਹੈ ਕਿ ਉਹ ਦੁਕਾਨ 'ਤੇ ਬੈਠੇ ਵਿਅਕਤੀ ਨੂੰ ਪੁੱਛਦੇ ਹਨ।
ਪਰ ਕਈ ਵਾਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।
ਡਾਕਟਰ ਸੁਨੀਲਾ ਗਰਗ ਦਾ ਕਹਿਣਾ ਹੈ ਕਿ ਜੇਕਰ ਲੋਕ ਪਰਚੀ ਲੈ ਕੇ ਆਉਂਦੇ ਹਨ ਤਾਂ ਵੀ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਉਹ ਕਿੱਥੋਂ ਆਏ ਹਨ। ਉਨ੍ਹਾਂ ਅਨੁਸਾਰ ਬੱਚਿਆਂ ਲਈ ਖੰਘ ਦੇ ਸਿਰਪ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਘੱਟ ਗੁਣਵੱਤਾ ਵਾਲੀ ਦਵਾਈ ਨਾ ਦਿੱਤੀ ਜਾਵੇ।

ਤਸਵੀਰ ਸਰੋਤ, WHO
ਡਾ: ਸੁਨੀਲਾ ਅਨੁਸਾਰ ਖੰਘ ਦੀ ਦਵਾਈ ਹਮੇਸ਼ਾ ਉਨ੍ਹਾਂ ਤੋਂ ਹੀ ਲੈਣੀ ਚਾਹੀਦੀ ਹੈ ਜਿਨ੍ਹਾਂ ਕੋਲ ਲਾਇਸੈਂਸ ਹੈ। ਕਫ ਸੀਰਪ ਵਿੱਚ ਅਜਿਹੇ ਪਦਾਰਥ ਹੁੰਦੇ ਹਨ ਜੋ ਤੁਹਾਨੂੰ ਨੀਂਦ ਮਹਿਸੂਸ ਕਰਾ ਸਕਦੇ ਹਨ। ਬੱਚਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ।
ਖੰਘ ਜਾਂ ਤਾਂ ਐਲਰਜੀ ਜਾਂ ਲਾਗ ਕਾਰਨ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦੇ ਕਾਰਨ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਅਨੁਸਾਰ ਸਾਰੀਆਂ ਦਵਾਈਆਂ ਲਈ ਰੈਗੂਲੇਟਰੀ ਅਥਾਰਟੀ ਕੇਂਦਰ ਸਰਕਾਰ ਨਾਲ ਸਬੰਧਤ ਨਹੀਂ ਹੈ, ਰਾਜਾਂ ਦੇ ਆਪਣੇ ਰੈਗੂਲੇਟਰੀ ਅਧਿਕਾਰੀ ਵੀ ਹਨ।
ਡਾਕਟਰ ਸੁਨੀਲਾ ਮੁਤਾਬਕ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਰਾਜਾਂ ਦੀ ਰੈਗੂਲੇਟਰੀ ਅਥਾਰਟੀ 'ਤੇ ਵੀ ਨਜ਼ਰ ਰੱਖੇ।
ਕੀ ਇਹ ਦਵਾਈਆਂ ਭਾਰਤੀ ਬਜ਼ਾਰ ਵਿੱਚ ਵੀ ਉਪਲਭਦ ਹਨ ?
ਇਸ ਬਾਰੇ ਦਾਅਵੇ ਨਾਲ ਕਹਿਣਾ ਮੁਸ਼ਕਿਲ ਹੈ ਕਿ ਇਹ ਦਵਾਈਆਂ ਭਾਰਤੀ ਬਜ਼ਾਰ ਵਿੱਚ ਉਪਲਭਦ ਹਨ ਜਾਂ ਨਹੀਂ ।
ਖ਼ਬਰ ਏਜੰਸੀ ਏਐਨਆਈ ਨੇ ਆਲ ਇੰਡੀਆ ਕੈਮਿਸਟ ਅਤੇ ਡਿਸਟ੍ਰੀਬਿਊਟਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਕੰਪਨੀ ਭਾਰਤੀ ਬਾਜ਼ਾਰ ਵਿੱਚ ਆਪਣੀ ਦਵਾਈ ਦੀ ਸਪਲਾਈ ਨਹੀਂ ਕਰਦੀ ਹੈ।
ਏਜੰਸੀ ਮੁਤਾਬਕ ਇਹ ਕੰਪਨੀ ਸਿਰਫ਼ ਦਵਾਈਆਂ ਦਾ ਨਿਰਯਾਤ ਕਰਦੀ ਹੈ ਪਰ ਜੇਕਰ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵੱਲੋਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












