ਬਗਾਵਤੀ ਸੁਭਾਅ ਵਾਲੇ ਕਬੀਲੇ ਦੀ ਕਹਾਣੀ, ਜਿਸ ਦੀਆਂ ਬੀਬੀਆਂ ਮਰਦਾਂ ਤੋਂ ਅੱਗੇ ਹੋ ਕੇ ਲੜੀਆਂ

ਜ਼ਾਪੋਟੈੱਕ

ਤਸਵੀਰ ਸਰੋਤ, Getty images

ਤਸਵੀਰ ਕੈਪਸ਼ਨ, ਰਵਾਇਤੀ ਜ਼ਾਪੋਟੈੱਕ ਔਰਤਾਂ ਦੀ ਪੌਸ਼ਾਕ ਪੇਂਟਰ ਫਰੀਦਾ ਕਾਹਲੋ ਦੀਆਂ ਪੇਂਟਿੰਗਸ ਵਿੱਚ ਵੀ ਦੇਖੀ ਜਾ ਸਕਦੀ ਹੈ

ਮੈਕਸੀਕੋ ਵਿੱਚ 1 ਜੂਨ ਨੂੰ ਹੋਈਆਂ ਚੋਣਾਂ ਵਿੱਚ ਇੱਕ ਔਰਤ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ।

ਮੈਕਸੀਕੋ ਨੂੰ ਆਪਣੇ ਮਰਦ ਪ੍ਰਧਾਨ ‘ਮਾਚੋ’ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ।

ਮੈਕਸੀਕੋ ਵਿੱਚ ਔਰਤਾਂ ਦੇ ਕਤਲ ਦੀ ਦਰ ਪੂਰੇ ਸੰਸਾਰ ਵਿੱਚ ਸਭ ਤੋਂ ਵੱਧ ਹੈ।

ਕਲਾਉਡੀਆ ਸ਼ੀਨਬੌਮ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਹਨ। ਜਦਕਿ ਕੋਚਿਟਲ ਗਾਲਵੇਜ਼ ਵਿਰੋਧੀ ਧਿਰ ਦੀ ਉਮੀਦਵਾਰ ਹੈ।

ਪਰ ਮੈਕਸੀਕੋ ਦੇ ਇਸਟਮੋ ਡੇ ਟੇਹੁਅਨ-ਟੇਪੇਕ ਖਿੱਤੇ ਵਿੱਚ ਕਿਸੇ ਔਰਤ ਦਾ ਰਾਜ ਦਾ ਮੁਖੀ ਬਣਨਾ ਇੰਨਾ ‘ਇਨਕਲਾਬੀ’ ਨਹੀਂ ਮੰਨਿਆ ਜਾਂਦਾ।

ਇਸ ਖਿੱਤੇ ਵਿੱਚ ਮੈਕਸੀਕੋ ਦੇ ਸੰਦਰਭ ਵਿੱਚ ਔਰਤਾਂ ਦੀ ਸਥਿਤੀ ਕਾਫੀ ਚੰਗੀ ਹੈ।

ਇਹ ਔਰਤਾਂ ਕਲਾਕਾਰਾਂ ਅਤੇ ਵਿਦਵਾਨਾਂ ਲਈ ਮੈਕਸੀਕੋ ਦੀਆਂ ਔਰਤਾਂ ਨੂੰ ਇੱਕ ਸਮਰੱਥ ਦ੍ਰਿਸ਼ਟੀ ਨਾਲ ਦਿਖਾਉਣ ਦੀ ਪ੍ਰੇਰਣਾ ਦਿੰਦੀਆਂ ਰਹੀਆਂ ਹਨ।

ਔਰਤਾਂ ਦਾ ਸ਼ਹਿਰ

ਡਿਆਨਾ ਮੁਨਜ਼ੋ
ਤਸਵੀਰ ਕੈਪਸ਼ਨ, ਡਿਆਨਾ ਮੁਨਜ਼ੋ ਨੇ ਆਪਣਾ ਅਖ਼ਬਾਰ ਸ਼ੁਰੂ ਕੀਤਾ, ਜਿਸ ਵਿੱਚ ਉਹ ਇਸ ਖਿੱਤੇ ਦੀਆਂ ਔਰਤਾਂ ਬਾਰੇ ਲਿਖਦੇ ਹਨ

ਗ੍ਰੀਸੇਲਡਾ ਮਾਰਟਿਨੇਜ਼ ਜ਼ਾਪੋਟੇਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਹ ਨਸਲੀ ਸਮੂਹ ਇਸਟਮੋ ਡੇ ਟੇਹੁਅਨ-ਟੇਪੇਕ ਖਿੱਤੇ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ।

ਗ੍ਰੀਸੇਲਡਾ ਆਪਣੇ ਆਪ ਨੂੰ ਇੱਕ ਤਾਕਤਵਰ ਲੜਾਕੂ, ਇੱਕ ਦਲੇਰ ਸੁਤੰਤਰ ਅਤੇ ਸਮਰੱਥ ਔਰਤ ਦੱਸਦੇ ਹਨ।

ਇਸ ਖਿੱਤੇ ਨੂੰ ‘ਦਿ ਇਸਟਮੋ’ ਵਜੋਂ ਵੀ ਜਾਣਿਆਂ ਜਾਂਦਾ ਹੈ। ਇਹ ਮੈਕਸੀਕੋ ਦੇ ਦੱਖਣ ਵਿੱਚ ਪੈਦੇ ਸੂਬੇ ਓਅਕਾਚਾ ਅਤੇ ਵੇਰਾਕਰੂਜ਼ ਵਿੱਚ ਪੈਂਦਾ ਹੈ।

ਇਹ ਮੈਕਸੀਕੋ ਦੇ ਦੋਵੇਂ ਪਾਸੇ ਪੈਂਦੇ ਅਟਲਾਂਟਿਕ ਅਤੇ ਪੈਸੇਫਿਕ ਸਮੁੰਦਰ ਦੇ ਵਿਚਲਾ ਸਭ ਤੋਂ ਘੱਟ ਚੌੜਾ ਇਲਾਕਾ ਹੈ। ਇਸ ਵਿੱਚ 200 ਕਿਲੋਮੀਟਰ ਇਲਾਕਾ ਸਰੋਤਾਂ ਨਾਲ ਭਰਿਆ ਹੋਇਆ ਹੈ।

ਦੋ ਸਮੁੰਦਰਾਂ ਦੇ ਵਿਚਾਲੇ ਹੋਣ ਕਰਕੇ ਇਹ ਇਲਾਕਾ ਸਦੀਆਂ ਤੱਕ ਸੱਭਿਆਚਾਰਾਂ ਦੇ ਮੇਲ-ਜੋਲ ਦੇਖ ਚੁੱਕਿਆ ਹੈ।

ਇਸ ਖਿੱਤੇ ਦੇ ਸ਼ਹਿਰ ਜੁਚਿਟਨ ਡੇ ਜ਼ਾਰਾਗੋਜ਼ਾ ਨੂੰ ‘ਔਰਤਾਂ ਦਾ ਸ਼ਹਿਰ’ ਕਿਹਾ ਜਾਂਦਾ ਹੈ।

ਇੱਥੋਂ ਦਾ ਮੁੱਖ ਬਜ਼ਾਰ ਇਸ ਖਿੱਤੇ ਵਿੱਚ ਔਰਤਾਂ ਦੇ ਸਥਾਨਕ ਆਰਥਿਕਤਾ ਉੱਤੇ ਵੱਡੇ ਪ੍ਰਭਾਵ ਦਾ ਗਵਾਹ ਹੈ।

ਇੱਥੋਂ ਦੀਆਂ ਕਈ ਔਰਤਾਂ ਕਈ ਪੀੜ੍ਹੀਆਂ ਤੋਂ ਪਰਿਵਾਰ ਦੀਆਂ ਮੁਖੀ ਰਹੀਆਂ ਹਨ।

ਇਸ ਸਭ ਨੇ 20ਵੀਂ ਸਦੀ ਵਿੱਚ ਵਿਦੇਸ਼ੀ ਖੋਜਾਰਥੀਆਂ ਨੂੰ ਇਹ ਯਕੀਨ ਦਵਾਇਆ ਕਿ ਇਹ ਇਲਾਕਾ ਕਦੇ ਔਰਤ ਪ੍ਰਧਾਨ ਸੀ।

ਮਾਰਟਿਨਜ਼ ਕਹਿੰਦੇ ਹਨ, “ਇਹ ਸੱਚ ਨਹੀਂ ਹੈ, ਔਰਤਾਂ ਅਤੇ ਮਰਦ ਘਰੇਲੂ ਆਰਥਿਕਤਾ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ।”

ਘਰੇਲੂ ਆਰਥਿਕਤਾ ਵਿੱਚ ਬਰਾਬਰ ਯੋਗਦਾਨ ਮੈਕਸੀਕੋ ਵਿੱਚ ਹੋਰ ਥਾਵਾਂ ਉੱਤੇ ਇੰਨਾ ਆਮ ਨਹੀਂ ਰਿਹਾ ਹੈ, ਹਾਲਾਂਕਿ ਇਸ ਵਿੱਚ ਬਦਲਾਅ ਆ ਰਿਹਾ ਹੈ।

ਆਜ਼ਾਦੀ ਦਾ ਇਤਿਹਾਸ

ਗ੍ਰੀਸੇਲਡਾ ਮਾਰਟਿਨੇਜ਼ ਜ਼ਾਪੋਟੈੱਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ
ਤਸਵੀਰ ਕੈਪਸ਼ਨ, ਗ੍ਰੀਸੇਲਡਾ ਮਾਰਟਿਨੇਜ਼ ਜ਼ਾਪੋਟੈੱਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ

ਬਜ਼ਾਰ ਵਿੱਚ ਆਪਣੇ ਫੂਡ ਸਟਾਲ ਉੱਤੇ ਮਾਰਟਿਨਜ਼ ਇਸ ਖਿੱਤੇ ਦੇ ਇਤਿਹਾਸ ਬਾਰੇ ਦੱਸਦੇ ਹਨ।

ਉਹ ਦੱਸਦੇ ਹਨ, “19 ਵੀ ਸਦੀ ਵਿੱਚ ਸਥਾਨਕ ਔਰਤਾਂ ਫਰੈਂਚ ਧਾੜਵੀਆਂ ਖਿਲਾਫ਼ ਮਰਦਾਂ ਦੇ ਬਰਾਬਰ ਲੜੀਆਂ ਸਨ, ਅਸੀਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਲੱਕੜ ਦੇ ਡੰਡੇ, ਪੱਥਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ।”

ਇਸ ਖਿੱਤੇ 19ਵੀਂ ਸਦੀ ਵਿੱਚ ਕਈ ਘਰੇਲੂ ਜੰਗਾਂ ਹੋਈਆਂ, ਜਿਸ ਕਾਰਨ ਕਈ ਔਰਤਾਂ ਵਿਧਵਾ ਹੋ ਗਈਆਂ। ਉਨ੍ਹਾਂ ਨੂੰ ਆਰਥਿਕ ਸਹਿਯੋਗ ਦੀ ਵੀ ਲੌੜ ਸੀ।

ਕਈ ਔਰਤਾਂ ਨੇ ਆਰਥਿਕ ਤੌਰ ਉੱਤੇ ਸੁਤੰਤਰ ਹੋਣ ਲਈ ਵਪਾਰੀ ਬਣਨ ਦਾ ਰਾਹ ਚੁਣਿਆ।

ਮੈਕਸੀਕੋ ਦੀ ਯੂਨੀਵਰਸਿਟੀ ਵਿੱਚ ਜ਼ਾਪੋਟੈੱਕ ਭਾਈਚਾਰੇ ਉੱਤੇ ਅਧਿਐਨ ਕਰਨ ਵਾਲੀ ਪੈਟ੍ਰੀਸ਼ੀਆ ਮਾਟੁਸ ਕਹਿੰਦੇ ਹਨ, “ਇੱਥੇ ਇਤਿਹਾਸ ਵਿੱਚ ਬਗਾਵਤਾਂ ਹੁੰਦੀਆਂ ਰਹੀਆਂ ਹਨ, ਅਤੇ ਔਰਤਾਂ ਕਾਫੀ ਐਕਟਿਵ ਰਹੀਆਂ ਹਨ।”

ਯੂਨੀਵਰਸਿਟੀ ਆਫ ਟੈਕਸਸ ਐੱਲ ਪਾਸੋ ਵਿੱਚ ਮਾਨਵਵਿਗਿਆਨੀ ਹੋਵਾਰਡ ਕੈਂਪਬੈੱਲ ਦੱਸਦੇ ਹਨ, “ਸਪੈਨਿਸ਼ ਰਾਜ ਵੇਲੇ ਜ਼ਾਪੋਟੈੱਕ ਭਾਈਚਾਰੇ ਨੇ ਆਪਣੀ ਨਸਲੀ ਪਛਾਣ ਬਰਕਰਾਰ ਰੱਖੀ ਅਤੇ ਸਪੇਨ ਦੇ ਸੱਭਿਆਚਾਰ ਅਤੇ ਸਿਆਸੀ ਦਬਦਬੇ ਨੂੰ ਚੁਣੌਤੀ ਦਿੱਤੀ।”

ਜ਼ਾਪੋਟੈੱਕ ਪੱਤਰਕਾਰ ਡਿਆਨਾ ਮਾਨਜ਼ੋ ਨੇ ਬੀਬੀਸੀ ਨੂੰ ਦੱਸਿਆ, “ਬਹਾਦਰ ਹੋਣ ਦੀ ਗੁੜ੍ਹਤੀ ਸਾਨੂੰ ਸਾਡੇ ਪੁਰਖ਼ਿਆਂ ਤੋਂ ਮਿਲੀ ਹੈ।”

ਘਰ

ਜ਼ਾਪੋਟੈੱਕ
ਤਸਵੀਰ ਕੈਪਸ਼ਨ, ਜ਼ਾਪੋਟੈੱਕ ਔਰਤਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਆਪਣੇ ਘਰੋਂ ਹੀ ਮਿਲਦੀਆਂ ਹਨ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਗ੍ਰਹਿਣ ਕਰਦੀਆਂ ਹਨ

ਜ਼ਾਪੋਟੈੱਕ ਔਰਤਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਆਪਣੇ ਘਰੋਂ ਹੀ ਮਿਲਦੀਆਂ ਹਨ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਗ੍ਰਹਿਣ ਕਰਦੀਆਂ ਹਨ।

ਇੱਥੇ ਦੀਆਂ ਔਰਤਾਂ ਲਈ ਫੈਮਿਨਜ਼ਮ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਉਨ੍ਹਾਂ ਦੇ ਅੰਦਰ ਹੀ।

ਅਸੀਂ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਕਈ ਇਹ ਯਾਦ ਕਰਦੇ ਹਨ ਕਿ ਉਨ੍ਹਾਂ ਦੀਆਂ ਦਾਦੀਆਂ ਉਨ੍ਹਾਂ ਨੂੰ ਆਜ਼ਾਦ ਬਣਾਉਣ ‘ਤੇ ਜ਼ੋਰ ਦਿੰਦੀਆਂ ਹਨ, ਉਹ ਕਹਿੰਦੀ ਸਨ ਕਿ ‘ਕਦੇ ਵੀ ਮਰਦ ਦਾ ਇੰਤਜ਼ਾਰ ਨਾ ਕਰੋ।’

ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕਰਨ ਵਾਲੀ ਮਿਚੇਲ ਲੋਪੇਜ਼ ਕਹਿੰਦੇ ਹਨ, “ਮੈਨੂੰ ਆਪਣਾ ਮਾਣ ਅਤੇ ਆਤਮਵਿਸ਼ਵਾਸ ਆਪਣੇ ਘਰ ਹੀ ਮਿਲਿਆ, ਦਹਾਕਿਆਂ ਤੱਕ ਸਾਨੂੰ ਮਰਦਾਂ ਦਾ ਸਹਿਯੋਗ ਨਹੀਂ ਸੀ, ਔਰਤਾਂ ਹੀ ਘਰ ਵਿੱਚ ਹਰੇਕ ਚੀਜ਼ ਦਾ ਪ੍ਰਬੰਧ ਕਰਦੀਆਂ ਅਤੇ ਖਿਆਲ ਰੱਖਦੀਆਂ ਸਨ।

ਮੈਕਸੀਕੋ ਵਿੱਚ ਸੰਭਾਵਿਤ ਸਿਆਸੀ ਬਦਲਾਅ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਹਨ, ‘ਸਿਆਸੀ ਤਾਕਤ ਤੱਕ ਹੀ ਨਵੀਂ ਆਜ਼ਾਦੀ ਲਿਆਉਣ ਦਾ ਜ਼ਰੀਆ ਨਹੀਂ ਹੈ।’

ਉਹ ਕਹਿੰਦੇ ਹਨ, “ਹਾਲਾਂਕਿ ਇੱਕ ਔਰਤ ਦਾ ਰਾਸ਼ਟਰਪਤੀ ਬਣਨਾ ਚੰਗਾ ਹੋਵੇਗਾ ਪਰ ਇੱਕ ਔਰਤ ਨੂੰ ਪ੍ਰਭਾਵਸ਼ਾਲੀ ਹੋਣ ਲਈ ਕਿਸੇ ਸਿਆਸੀ ਅਹੁਦੇ ਦੀ ਲੋੜ ਨਹੀਂ ਹੈ। ਅਸੀਂ ਦਿਖਾਇਆ ਹੈ ਕਿ ਅਸੀਂ ਸਮਾਜ ਨੂੰ ਲਾਮਬੰਦ ਕਰ ਸਕਦੇ ਹਾਂ ਅਤੇ ਅਗਵਾਈ ਕਰ ਸਕਦੇ ਹਾਂ, ਬਿਨਾ ਕਿਸੇ ਅਹੁਦੇ ਦੇ।”

ਸਿਆਸੀ ਐਕਟੀਵਿਜ਼ਮ

 ਮਿਚੇਲ ਲੋਪੇਜ਼
ਤਸਵੀਰ ਕੈਪਸ਼ਨ, ਬਿਜ਼ਨਸ ਐੱਡਮਿਨਿਸਟਰੇਸ਼ਨ ਦੀ ਵਿਦਿਆਰਥੀ ਮਿਚੇਲ ਲੋਪੇਜ਼ ਕਹਿੰਦੇ ਹਨ ਕਿ ਜ਼ਾਪੋਟੈੱਕ ਸਭਿਆਚਾਰ ਮੁਤਾਬਕ ਜ਼ਿੰਦਗੀ ਜਿਉਣਾ ਜ਼ਰੂਰੀ ਹੈ।

ਹੋਰਨਾ ਦੇਸ਼ਾਂ ਦੇ ਵਾਂਗ ਹੀ ਮੈਕਸੀਕੋ ਦੀਆਂ ਔਰਤਾਂ ਨੂੰ ਸਿਆਸੀ ਤਾਕਤ ਤੱਕ ਪਹੁੰਚ ਬਣਾਉਣ ਲਈ ਸੰਘਰਸ਼ ਕਰਨਾ ਪਿਆ ਹੈ।

ਕੈਂਪਬੈੱਲ ਕਹਿੰਦੇ ਹਨ, “ਇਸ ਦੇ ਬਾਵਜੂਦ ਕਈਆਂ ਵੱਲੋਂ ਇਸਤਮੋ ਨੂੰ ਇੱਕ ਅਪਵਾਦ ਵਜੋਂ ਵੇਖਿਆ ਜਾਂਦਾ ਰਿਹਾ ਹੈ।”

1970ਵਿਆਂ ਵਿੱਚ ਇਸ ਖਿੱਤੇ ਨੇ ਕਾਮਿਆਂ ਦੇ ਸੰਗਠਨ ਸੀਓਸੀਈਆਈ ਵਿੱਚ ਭੂਮਿਕਾ ਨਿਭਾਈ ਸੀ।

ਇਸ ਨੇ ਇੰਸਟੀਟਿਊਸ਼ਨ ਰੈਵੋਲੂਸ਼ਨਰੀ ਪਾਰਟੀ ਦੇ ਸਿਆਸੀ ਦਬਦਬੇ ਨੂੰ ਚੁਣੌਤੀ ਦਿੱਤੀ ਸੀ।

ਮਾਨਵ ਵਿਗਿਆਨੀ ਮਾਟੁਸ ਮੁਤਾਬਕ ਜ਼ਾਪੋਟੇਕ ਨਸਲ ਨੂੰ ਬਗਾਵਤ ਦੇ ਇੱਕ ਚਿੰਨ੍ਹ ਵਜੋਂ ਵਰਤਿਆ ਗਿਆ ਸੀ।

ਉਹ ਕਹਿੰਦੇ ਹਨ, “ਅਤੇ ਜ਼ਾਪੋਟੈੱਕ ਔਰਤਾਂ ਦੀ ਤਾਕਤ ਇਸ ਦਾ ਵੱਡਾ ਹਿੱਸਾ ਸੀ।”

ਸੀਓਸੀਈਆਈ ਦੇ ਕਾਰਨ ਹੀ 1981 ਵਿੱਚ ਜੁਚਿਤਾਨ ਮੈਕਸੀਕੋ ਦੇ ਉਨ੍ਹਾਂ ਪਹਿਲੇ ਸ਼ਹਿਰਾਂ ਵਿੱਚੋਂ ਸੀ, ਜਿੱਥੇ ਸਮਾਜਵਾਦੀ ਸਰਕਾਰ ਬਣੀ।

ਕੈਂਪਬੈੱਲ ਕਹਿੰਦੇ ਹਨ, “ਔਰਤਾਂ ਨੇ ਪ੍ਰਦਰਸ਼ਨਾਂ ਅਤੇ ਮੀਟਿੰਗਾਂ ਵਿੱਚ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਸੀ, ਉਨ੍ਹਾਂ ਨੇ ਭੁੱਖ ਹੜਤਾਲਾਂ ਕੀਤੀਆਂ ਅਤੇ ਖੁਦ ਨੂੰ ਖ਼ਤਰੇ ਵਿੱਚ ਪਾਇਆ।

ਉਨ੍ਹਾਂ ਦੱਸਿਆ 1980ਵਿਆਂ ਵਿੱਚ ਕਿ ਮੈਕਸੀਕੋ ਦੀਆਂ ਔਰਤਾਂ ਦੇ ਲਈ ਅਜਿਹੀ ਹਿੱਸੇਦਾਰੀ ਇੰਨੀ ਜ਼ਿਆਦਾ ਆਮ ਨਹੀ ਸੀ।

ਉਦੋਂ ਤੋਂ ਇਸ ਖਿੱਤੇ ਵਿੱਚ ਔਰਤਾਂ ਨੂੰ ਮੇਅਰ ਚੁਣਿਆ ਜਾਂਦਾ ਰਿਹਾ ਹੈ, ਹਾਲਾਂਕਿ ਉਨ੍ਹਾਂ ਦੀ ਗਿਣਤੀ ਘੱਟ ਸੀ।

ਔਰਤਾਂ ਦੇ ਖ਼ਿਲਾਫ਼ ਹਿੰਸਾ ਮੈਕਸੀਕੋ ਵਿੱਚ ਇੱਕ ਵੱਡਾ ਮੁੱਦਾ ਹੈ।

ਜਨਵਰੀ ਤੋਂ ਮਾਰਚ 2024 ਦੇ ਵਿਚਾਲੇ ਮੈੈਕਸੀਕੋ ਕਥਿਤ ਤੌਰ ਉੱਤੇ 184 ਔਰਤਾਂ ਦੇ ਕਤਲ ਦੇ ਮਾਮਲੇ ਸਾਹਮਣੇ ਆਏ।

ਪਿਛਲੇ ਕੁਝ ਸਾਲਾਂ ਵਿੱਚ ਇਸ ਖਿੱਤੇ ਵਿੱਚ ਵੀ ਲਿੰਗ ਅਧਾਰਤ ਜੁਰਮ ਦੇਖਿਆ ਗਿਆ ਹੈ।

ਇਸ ਦੇ ਨਤੀਜੇ ਵਜੋਂ ਕਈ ਸਥਾਨਕ ਔਰਤਾਂ ਇਸ ਵਿਚਾਰ ਨੂੰ ਰੱਦ ਕਰਦੇ ਹਨ ਇੱਥੇ ਕਦੇ ਔਰਤ ਪ੍ਰਧਾਨ ਸਮਾਜ ਰਿਹਾ ਸੀ।

ਉਹ ਦਲੀਲ ਦਿੰਦੇ ਹਨ ਕਿ ਜੇਕਰ ਇਹ ਸੱਚ ਹੁੰਦਾ ਤਾਂ ਉਹ ਲਿੰਗ ਅਧਾਰਤ ਹਿੰਸਾ ਅਤੇ ਗ਼ੈਰ-ਬਰਾਬਰੀ ਨਾ ਸਹਿੰਦੇ।

ਕੈਂਪਬੈੱਲ ਵੀ ਇਹ ਕਹਿੰਦੇ ਹਨ ਕਿ ਹਾਲਾਂਕਿ ਇਸ ਖਿੱਤੇ ਵਿੱਚ ਔਰਤਾਂ ਦੀ ਸਿਆਸੀ ਮੁੱਦਿਆਂ ਪ੍ਰਤੀ ਹਿੱਸੇਦਾਰੀ ਕਾਫੀ ਵੱਧ ਹੈ, ਪਰ ਇੱਥੋਂ ਦੀ ਸਥਾਨਕ ਸਿਆਸਤ ਵਿੱਚ ਅਸਲ ਬਰਾਬਰੀ ਲਈ ਹੋਰ ਕੰਮ ਦੀ ਲੋੜ ਹੈ, ਜਿਸ ਵਿੱਚ ਮੁੱਖ ਤੌਰ ਉੱਤੇ ਮਰਦਾਂ ਦਾ ਦਬਦਬਾ ਹੈ।

ਹਿੰਸਾ

ਜ਼ਾਪੋਟੈੱਕ
ਤਸਵੀਰ ਕੈਪਸ਼ਨ, ਜ਼ਾਪੋਟੈੱਕ ਰੀਤੀ ਰਿਵਾਜ਼ਾਂ ਵਿੱਚ ਔਰਤਾਂ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ।

ਇਸ ਚੋਣ ਮੁਹਿੰਮ ਨੂੰ ਮੈਕਸੀਕੋ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਕ ਦੱਸਿਆ ਜਾ ਰਿਹਾ ਹੈ।

ਮੈਕਸੀਕੋ ਦੀ ਕੰਸਲਟੈਂਸੀ ਫਰਮ ਇੰਟੈਗਰਾਲੀਆਂ ਦਾ ਕਹਿਣਾ ਹੈ ਕਿ ਕਰੀਬ 200 ਸਰਕਾਰੀ ਮੁਲਾਜ਼ਮ, ਸਿਆਸਤਦਾਨ ਅਤੇ ਉਮੀਦਵਾਰ ਜਾਂ ਤਾਂ ਮਾਰੇ ਜਾਂ ਚੁੱਕੇ ਹਨ ਜਾਂ ਉਨ੍ਹਾਂ ਨੂੰ ਚੋਣ ਮੁਹਿੰਦ ਦੌਰਾਨ ਧਮਕਾਇਆ ਗਿਆ ਹੈ।

20000 ਦੇ ਕਰੀਬ ਸਥਾਨਕ ਅਤੇ ਮੁਲਕ ਪੱਧਰ ਦੇ ਅਹੁਦੇ ਇਨ੍ਹਾਂ ਚੋਣਾਂ ਵਿੱਚ ਭਰੇ ਜਾਣਗੇ।

ਸ਼ਾਲ 2019 ਵਿੱਚ ਮੈਕਸੀਕੋ ਦੀ ਸਰਕਾਰ ਨੇ 50 ਫ਼ੀਸਦ ਸਰਕਾਰੀ ਨੌਕਰੀਆਂ ਅਤੇ ਜਨਤਕ ਅਹੁਦੇ ਔਰਤਾਂ ਲਈ ਰਾਖਵੇਂ ਕਰ ਦਿੱਤੇ ਸਨ।

ਪਰ ਸਾਰਿਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਹਨ।

ਇਸ ਖਿੱਤੇ ਦੇ ਬਾਜ਼ਾਰਾਂ ਵਿੱਚ ਵੀ ਇਸ ਦੀ ਚਰਚਾ ਹੋ ਰਹੀ ਹੈ।

ਮਾਰਟਿਨਜ਼ ਕਹਿੰਦੇ ਹਨ, “ਇਹ ਮਾਅਨੇ ਨਹੀਂ ਰੱਖਦਾ ਕਿ ਸਾਰੇ ਕੋਲ ਔਰਤ ਰਾਸ਼ਟਰਪਤੀ ਹੈ ਜਾਂ ਜਾਂ ਨਹੀਂ ਇਹ ਮਾਅਨੇ ਰੱਖਦਾ ਹੈ ਕਿ ਉਹ ਚੰਗਾ ਕੰਮ ਕਰੇ।”

ਮਾਰਟਿਨੇਜ਼ ਕਹਿੰਦੇ ਹਨ, “ਸਾਰੇ ਕੋਲ ਅਜਿਹੀਆਂ ਕਈ ਸੂਝਵਾਨ ਔਰਤਾਂ ਹਨ ਜਿਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਮੈਕਸੀਕੋ ਲਈ ਬਹੁਤ ਕੁਝ ਕਰ ਸਕਦੀਆਂ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)