ਟੀ-20 ਵਿਸ਼ਵ ਕੱਪ: ਸਿਰਫ਼ 119 ਦੌੜਾਂ ਬਣਾ ਕੇ ਭਾਰਤ ਨੇ ਪਾਕਿਸਤਾਨ ਨੂੰ ਕਿਵੇਂ ਹਰਾਇਆ? ਜਸਪ੍ਰੀਤ ਬੁਮਰਾਹ ਨੇ ਕਿਵੇਂ ਪਲਟਿਆ ਮੈਚ

ਤਸਵੀਰ ਸਰੋਤ, Getty Images
ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਮੁਕਾਬਲੇ ਵਿੱਚ ਭਾਰਤ ਨੇ ਸਿਰਫ਼ 119 ਦੌੜਾਂ ਬਣਾਈਆਂ ਅਤੇ ਫਿਰ ਵੀ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ।
ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੈਚ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।
ਅੱਠ ਬੱਲੇਬਾਜ਼ਾਂ ਦੇ ਨਾਲ ਆਈ ਭਾਰਤੀ ਟੀਮ ਦੀ ਪਾਰੀ 19ਵੇਂ ਓਵਰ ਵਿੱਚ ਹੀ ਸਿਮਟ ਗਈ।
ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਇਹ ਮੰਨਿਆ ਕਿ 'ਭਾਰਤੀ ਟੀਮ ਨੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਅਤੇ 140 ਦੌੜਾਂ ਦਾ ਟੀਚਾ ਰੱਖਿਆ ਹੁੰਦਾ ਤਾਂ ਚੰਗਾ ਹੁੰਦਾ।'
ਇਸ ਦੇ ਬਾਵਜੂਦ ਭਾਰਤੀ ਟੀਮ ਆਪਣੇ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੇ ਘੱਟ ਸਕੋਰ ਵਾਲੇ ਮੈਚ ਦਾ ਬਚਾਅ ਕਰਨ ਵਿੱਚ ਕਾਮਯਾਬ ਰਹੀ।
ਬੱਲੇਬਾਜ਼ੀ ਦੇ ਮੋਰਚੇ 'ਤੇ ਫਲਾਪ ਰਹੀ ਭਾਰਤੀ ਟੀਮ ਦੇ ਸਿਰ ‘ਤੇ ਜਿੱਤ ਦਾ ਇਹ ਸਿਹਰਾ ਗੇਂਦਬਾਜ਼ਾਂ ਨੇ ਬੰਨ੍ਹਿਆ ਅਤੇ ਜਸਪ੍ਰੀਤ ਬੁਮਰਾਹ ਜਿੱਤ ਦਾ ਸਿਤਾਰਾ ਬਣ ਕੇ ਚਮਕੇ।
ਬੁਮਰਾਹ ਦੀਆਂ ਡਾਟ ਗੇਂਦਾਂ ਅਤੇ ਤਿੰਨ ਵਿਕਟਾਂ

ਜਦੋਂ ਸਕੋਰ ਬੋਰਡ 'ਤੇ ਭਾਰਤ ਦਾ ਕੁੱਲ ਸਕੋਰ 119 ਲੱਗਿਆ ਸੀ ਤਾਂ ਸ਼ੱਕ ਸੀ ਕਿ ਕੀ ਭਾਰਤ ਇੰਨੇ ਘੱਟ ਸਕੋਰ ਦਾ ਬਚਾਅ ਕਰ ਸਕੇਗਾ?
ਪਰ ਜਿਸ ਤਰ੍ਹਾਂ ਭਾਰਤ ਨੇ ਗੇਂਦਬਾਜ਼ੀ 'ਚ ਵਾਪਸੀ ਕੀਤੀ, ਉਸ ਨੇ ਪੂਰੀ ਤਰ੍ਹਾਂ ਨਾਲ ਮੈਚ ਪਲਟ ਦਿੱਤਾ।
'ਪਲੇਅਰ ਆਫ ਦਿ ਮੈਚ' ਚੁਣੇ ਜਾਣ 'ਤੇ ਜਸਪ੍ਰੀਤ ਬੁਮਰਾਹ ਨੇ ਕਿਹਾ, "ਜਿੱਤ ਕੇ ਸੱਚਮੁੱਚ ਚੰਗਾ ਮਹਿਸੂਸ ਹੋ ਰਿਹਾ ਹੈ। ਖ਼ਾਸ ਕਰਕੇ ਜਦੋਂ ਸਾਡਾ ਸਕੋਰ ਥੋੜ੍ਹਾ ਘੱਟ ਸੀ। ਸਾਨੂੰ ਗੇਂਦਬਾਜ਼ੀ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਪਿਆ ਅਤੇ ਮੈਂ ਸਾਡੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ।"
ਬੁਮਰਾਹ ਸੱਟ ਕਾਰਨ ਪਿਛਲੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਬਣ ਸਕੇ ਸੀ ਪਰ ਇਸ ਵਾਰ ਉਹ ਟੀਮ ਦਾ ਮਜ਼ਬੂਤ ਥੰਮ੍ਹ ਹਨ।
ਪਾਕਿਸਤਾਨ ਖ਼ਿਲਾਫ਼ ਮੈਚ 'ਚ ਬੁਮਰਾਹ ਨੇ ਚਾਰ ਓਵਰਾਂ 'ਚ ਸਿਰਫ 14 ਦੌੜਾਂ ਦਿੱਤੀਆਂ ਅਤੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਨ੍ਹਾਂ ਦੀਆਂ 15 ਡਾਟ ਗੇਂਦਾਂ ਨੇ ਵੀ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਉਣ 'ਚ ਮਦਦ ਕੀਤੀ।
ਨਤੀਜੇ ਵਜੋਂ ਇਸ ਘੱਟ ਸਕੋਰ ਵਾਲੇ ਮੈਚ ਵਿੱਚ ਜਸਪ੍ਰੀਤ ਬੁਮਰਾਹ ਪਲੇਅਰ ਆਫ਼ ਦਾ ਮੈਚ ਬਣੇ।
ਬੁਮਰਾਹ ਨੇ ਪੰਜਵੇਂ ਓਵਰ ਵਿੱਚ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ।
ਪਰ 15ਵੇਂ ਓਵਰ 'ਚ ਉਨ੍ਹਾਂ ਨੇ ਮੁਹੰਮਦ ਰਿਜ਼ਵਾਨ ਨੂੰ ਆਊਟ ਕਰਕੇ ਪਾਕਿਸਤਾਨੀ ਟੀਮ ਨੂੰ ਅਜਿਹਾ ਝਟਕਾ ਦਿੱਤਾ, ਜਿਸ ਤੋਂ ਉਹ ਉਭਰ ਨਹੀਂ ਸਕੀ।

ਤਸਵੀਰ ਸਰੋਤ, Getty Images
ਰਿਜ਼ਵਾਨ ਦਾ ਵਿਕਟ ਟਰਨਿੰਗ ਪੁਆਇੰਟ ਬਣਿਆ
ਭਾਰਤ ਨੂੰ ਨਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ 'ਚ ਆਇਰਲੈਂਡ ਖ਼ਿਲਾਫ਼ ਇੱਕ ਮੈਚ ਖੇਡਣ ਦਾ ਤਜ਼ਰਬਾ ਸੀ ਪਰ ਪਾਕਿਸਤਾਨ ਲਈ ਇਹ ਪਿੱਚ ਬਿਲਕੁਲ ਨਵੀਂ ਸੀ।
ਇਸ ਦੇ ਬਾਵਜੂਦ ਪਾਕਿਸਤਾਨੀ ਬੱਲੇਬਾਜ਼ਾਂ ਨੇ ਬਿਹਤਰ ਸ਼ੁਰੂਆਤ ਕੀਤੀ। ਖ਼ਾਸ ਤੌਰ 'ਤੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਪਾਰੀ ਨੂੰ ਇਕ ਸਿਰੇ 'ਤੇ ਸਾਂਭੀ ਰੱਖਿਆ ਸੀ।
ਪਰ 15ਵੇਂ ਓਵਰ ਵਿੱਚ ਬੁਮਰਾਹ ਦੀ ਗੇਂਦ ‘ਤੇ ਉਨ੍ਹਾਂ ਦਾ ਆਊਟ ਹੋਣਾ ਪਾਕਿਸਤਾਨ ਅਤੇ ਭਾਰਤ ਦੋਵਾਂ ਲਈ ਇੱਕ ਟਰਨਿੰਗ ਪੁਆਇੰਟ ਬਣ ਗਿਆ।
ਇੱਕ ਟੀਮ ਯਾਨਿ ਭਾਰਤ ਜਿੱਤ ਦੇ ਨੇੜੇ ਜਾਣ ਲੱਗੀ ਅਤੇ ਦੂਜੀ ਯਾਨਿ ਪਾਕਿਸਤਾਨ ਹਾਰ ਦੇ ਨੇੜੇ ਜਾਣ ਲੱਗੀ।
ਪਾਕਿਸਤਾਨ ਦੀਆਂ ਦੌੜਾਂ ਦੀ ਰਫ਼ਤਾਰ ਰੁਕ ਗਈ ਅਤੇ ਸਿਰ 'ਤੇ ਦਬਾਅ ਸਾਫ਼ ਨਜ਼ਰ ਆਉਣ ਲੱਗਾ।
ਟੀਮ ਨੂੰ ਆਖ਼ਰੀ ਚਾਰ ਓਵਰਾਂ ਵਿੱਚ ਜਿੱਤ ਲਈ 35 ਦੌੜਾਂ ਦੀ ਲੋੜ ਸੀ ਪਰ ਉਹ ਟੀਚੇ ਤੱਕ ਨਹੀਂ ਪਹੁੰਚ ਸਕੀ।
ਹਾਰਦਿਕ ਪੰਡਿਆ ਨੇ 17ਵੇਂ ਓਵਰ ਵਿੱਚ ਸ਼ਾਦਾਬ ਖ਼ਾਨ ਨੂੰ ਆਊਟ ਕੀਤਾ। ਪੰਡਿਆ ਨੇ ਮੈਚ ਵਿੱਚ ਕੁੱਲ ਦੋ ਵਿਕਟਾਂ ਲਈਆਂ।
19ਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਇਫ਼ਤਿਖ਼ਾਰ ਅਹਿਮਦ ਨੂੰ ਆਊਟ ਕਰ ਕੇ ਉਨ੍ਹਾਂ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਆਖ਼ਰੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਅਰਸ਼ਦੀਪ ਨੇ ਪਾਕਿਸਤਾਨ ਨੂੰ ਸੱਤਵਾਂ ਝਟਕਾ ਦਿੱਤਾ।
ਪਾਕਿਸਤਾਨ ਨੂੰ ਆਖ਼ਰੀ ਓਵਰ ਵਿੱਚ 18 ਦੌੜਾਂ ਦੀ ਲੋੜ ਸੀ। ਨਸੀਮ ਸ਼ਾਹ ਨੇ ਵੀ ਦੋ ਚੌਕੇ ਵੀ ਲਗਾਏ ਪਰ ਇਹ ਪਾਕਿਸਤਾਨ ਨੂੰ ਜਿੱਤ ਦਿਵਾਉਣ ਲਈ ਨਾਕਾਫੀ ਰਹੇ ਅਤੇ ਟੀਮ 6 ਦੌੜਾਂ ਨਾਲ ਹਾਰ ਗਈ।
ਪਾਕਿਸਤਾਨ ਦੀ ਗਰੁੱਪ ਸਟੇਜ ਦੇ ਮੈਚਾਂ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਟੂਰਨਾਮੈਂਟ 'ਚ ਵੱਡਾ ਉਲਟ-ਫੇਰ ਕੀਤਾ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਭਾਰਤ ਦੇ ਘੱਟ ਸਕੋਰ ਦਾ ਕੀ ਕਾਰਨ ਹੈ?

ਟੀ-20 ਟੂਰਨਾਮੈਂਟ 'ਚ ਭਾਰਤ ਨੇ ਵੀ ਆਪਣਾ ਸਫ਼ਰ ਨਸਾਊ ਕਾਊਂਟੀ ਦੇ ਮੈਦਾਨ ਤੋਂ ਸ਼ੁਰੂ ਕੀਤਾ ਸੀ। ਹਾਲਾਂਕਿ ਭਾਰਤ ਨੇ ਆਇਰਲੈਂਡ ਖ਼ਿਲਾਫ਼ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਸੀ।
ਪਰ ਇਸ ਪਿੱਚ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਮੈਦਾਨ ਬੱਲੇਬਾਜ਼ਾਂ ਲਈ ਖ਼ਤਰਨਾਕ ਹੈ। ਪਿੱਚ 'ਤੇ ਅਸਮਤਲ ਉਛਾਲ ਕਾਰਨ ਬੱਲੇਬਾਜ਼ਾਂ ਨੂੰ ਗੇਂਦ ਨੂੰ ਪੜ੍ਹਨ 'ਚ ਦਿੱਕਤ ਆਉਂਦੀ ਹੈ ਅਤੇ ਇੱਥੇ ਵੱਡਾ ਸਕੋਰ ਸੰਭਵ ਨਹੀਂ ਹੁੰਦਾ।
ਪਿਛਲੇ ਪੰਜ ਮੈਚਾਂ ਦੇ ਅੰਕੜੇ ਵੀ ਇਹੀ ਤਸਦੀਕ ਕਰਦੇ ਹਨ।
ਦਰਅਸਲ, ਨਸਾਓ ਵਿੱਚ ਇਹ ਮੈਦਾਨ ਇੱਕ ਡਰਾਪ-ਇਨ ਪਿੱਚ ਹੈ, ਜਿਸਦਾ ਮਤਲਬ ਹੈ ਇੱਕ ਪਿੱਚ ਜੋ ਵੈਨਿਊ ਤੋਂ ਕਿਤੇ ਦੂਰ ਬਣਾਈ ਜਾਂਦੀ ਹੈ। ਬਾਅਦ ਵਿੱਚ ਇਸ ਨੂੰ ਸਟੇਡੀਅਮ ਵਿੱਚ ਲਿਆ ਕੇ ਵਿਛਾ ਦਿੱਤਾ ਜਾਂਦਾ ਹੈ।
ਇਸ ਮੈਦਾਨ 'ਤੇ ਹੁਣ ਤੱਕ ਬੱਲੇਬਾਜ਼ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੇ ਹਨ ਅਤੇ ਟੂਰਨਾਮੈਂਟ ਦੇ ਸਾਰੇ ਮੈਚ ਘੱਟ ਸਕੋਰ ਵਾਲੇ ਹੀ ਹੋ ਰਹੇ ਹਨ।
ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਕੱਪ ਟੂਰਨਾਮੈਂਟ 'ਚ ਹੁਣ ਤੱਕ ਇੱਥੇ ਖੇਡੇ ਗਏ ਪੰਜ ਮੈਚਾਂ 'ਚ ਸਭ ਤੋਂ ਵੱਧ 137 ਦੌੜਾਂ ਬਣਾਈਆਂ ਗਈਆਂ ਹਨ।
ਪਿਛਲੇ ਸ਼ਨੀਵਾਰ ਦੱਖਣੀ ਅਫਰੀਕਾ ਦੀ ਟੀਮ ਨੂੰ ਨੀਦਰਲੈਂਡ ਨੇ ਇਸੇ ਮੈਦਾਨ 'ਤੇ 104 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਦੱਖਣੀ ਅਫਰੀਕਾ ਲਈ ਇਸ ਨੂੰ ਹਾਸਲ ਕਰਨਾ ਆਸਾਨ ਨਹੀਂ ਰਿਹਾ ਸੀ। ਉਹ ਅੱਠ ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਹਾਸਲ ਕਰਨ ਵਿੱਚ ਸਫ਼ਲ ਹੋ ਸਕੀ ਸੀ।
ਪਾਕਿਸਤਾਨ ਦੇ ਖ਼ਿਲਾਫ਼ ਭਾਰਤੀ ਪਾਰੀ ਵੀ ਕੋਈ ਅਪਵਾਦ ਨਹੀਂ ਰਹੀ।
ਬੈਟਿੰਗ ਲਾਈਨ ਲੰਬੀ ਹੋਣ ਕਾਰਨ ਇੱਕ ਸਮੇਂ ਰਾਹਤ ਵਿੱਚ ਨਜ਼ਰ ਆਈ ਭਾਰਤੀ ਟੀਮ ਨੇ ਸਿਰਫ਼ ਸੱਤ ਦੌੜਾਂ ਵਿਚ ਚਾਰ ਵਿਕਟਾਂ ਗੁਆ ਦਿੱਤੀਆਂ ਅਤੇ ਪੂਰਾ ਮਿਡਲ ਆਰਡਰ ਢਹਿ-ਢੇਰੀ ਹੋ ਗਿਆ।
ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਨੇ ਸਕੋਰ ਨੂੰ 140 ਦੇ ਆਸ-ਪਾਸ ਤੱਕ ਲੈ ਕੇ ਜਾਣ ਦੀ ਯੋਜਨਾ ਬਣਾਈ ਸੀ ਪਰ ਉਹ 10-20 ਦੌੜਾਂ ਨਾਲ ਪਿੱਛੇ ਹੋ ਗਈ।
ਭਾਰਤੀ ਬੱਲੇਬਾਜ਼ਾਂ ਦਾ 'ਫਲਾਪ ਸ਼ੋਅ'

119 'ਤੇ ਪਾਰੀ ਦਾ ਅੰਤ, 20 ਓਵਰ ਪੂਰੇ ਨਾ ਖੇਡ ਸਕਣਾ...ਇਹ ਭਾਰਤੀ ਪਾਰੀ ਦੀਆਂ ਖ਼ਾਮੀਆਂ ਹਨ, ਜਿਨ੍ਹਾਂ ਨੂੰ ਵਿਸ਼ਵ ਕੱਪ ਵਰਗੇ ਸਭ ਤੋਂ ਵੱਡੇ ਟੂਰਨਾਮੈਂਟ 'ਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਭਾਰਤ ਦੇ ਸਲਾਮੀ ਬੱਲੇਬਾਜ਼ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਜਦੋਂ ਮੈਦਾਨ 'ਤੇ ਆਏ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਖਿਡਾਰੀਆਂ 'ਤੇ ਟਿਕੀਆਂ ਹੋਈਆਂ ਸਨ।
ਰੋਹਿਤ ਸ਼ਰਮਾ ਨੇ ਪਹਿਲੇ ਹੀ ਓਵਰ ਦੀ ਤੀਸਰੀ ਗੇਂਦ 'ਤੇ ਛੱਕਾ ਜੜਿਆ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਹਾਲਾਂਕਿ, ਸ਼ਾਹੀਨ ਸ਼ਾਹ ਅਫ਼ਰੀਦੀ ਦੇ ਇਸ ਓਵਰ ਵਿੱਚ ਰੋਹਿਤ ਸ਼ਰਮਾ ਐੱਲਬੀਡਬਲਯੂ ਆਊਟ ਹੋਣ ਤੋਂ ਮਸਾ ਬਚੇ।
ਹਾਲਾਂਕਿ, ਇਸ ਤੋਂ ਬਾਅਦ ਮੀਂਹ ਅੜਿੱਕਾ ਬਣ ਗਿਆ, ਜਿਸ ਦਾ ਫਾਇਦਾ ਪਾਕਿਸਤਾਨੀ ਟੀਮ ਨੂੰ ਮਿਲਿਆ।
ਬ੍ਰੇਕ ਤੋਂ ਬਾਅਦ ਨਸੀਮ ਸ਼ਾਹ ਦੇ ਓਵਰ ਦੀ ਪਹਿਲੀ ਗੇਂਦ 'ਤੇ ਵਿਰਾਟ ਕੋਹਲੀ ਨੇ ਚੌਕਾ ਲਗਾ ਕੇ ਆਪਣਾ ਖਾਤਾ ਖੋਲ੍ਹਿਆ, ਪਰ ਅਗਲੀ ਗੇਂਦ 'ਤੇ ਕੈਚ ਹੋ ਗਏ। ਰਿਸ਼ਭ ਪੰਤ ਤੀਜੇ ਨੰਬਰ 'ਤੇ ਆਏ।
ਤੀਜੇ ਓਵਰ 'ਚ ਹਮਲਾਵਰ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਰੋਹਿਤ ਸ਼ਰਮਾ ਵੀ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਗੇਂਦ 'ਤੇ ਆਪਣਾ ਵਿਕਟ ਗੁਆ ਬੈਠੇ।
ਆਲਮ ਇਹ ਸੀ ਕਿ ਭਾਰਤੀ ਪਾਰੀ ਵਿੱਚ ਅੱਠ ਬੱਲੇਬਾਜ਼ ਕੈਚ ਆਊਟ ਹੋ ਗਏ। ਸਿਰਫ਼ ਅਕਸ਼ਰ ਪਟੇਲ ਹੀ ਬੋਲਡ ਹੋਏ ਅਤੇ ਅਰਸ਼ਦੀਪ ਸਿੰਘ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਇੱਕ ਪਾਸੇ ਰਿਸ਼ਭ ਪੰਤ ਅਤੇ ਦੂਜੇ ਪਾਸੇ ਅਕਸ਼ਰ ਪਟੇਲ ਨੇ ਦੋ ਵੱਡੇ ਝਟਕਿਆਂ ਨਾਲ ਜੂਝਦੀ ਪਾਰੀ ਨੂੰ ਕੁਝ ਦੇਰ ਲਈ ਸੰਭਾਲਿਆ।
ਦੋਵਾਂ ਖਿਡਾਰੀਆਂ ਦੇ ਬਲਬੂਤੇ ਪਹਿਲੀ ਵਾਰ ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਏ ਮੈਚ 'ਚ ਪਾਵਰਪਲੇ 'ਚ ਪਹਿਲੀ ਵਾਰ 40 ਤੋਂ ਜ਼ਿਆਦਾ ਦੌੜਾਂ ਬਣਾਈਆਂ ਗਈਆਂ।
ਪਰ ਇਹ ਪ੍ਰਦਰਸ਼ਨ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਭਾਰਤ ਨੇ 3 ਵਿਕਟਾਂ ਗੁਆ ਕੇ 90 ਦੌੜਾਂ ਦੇ ਕਰੀਬ ਸਕੋਰ ਬਣਾ ਲਏ ਸਨ ਪਰ ਡ੍ਰਿੰਕਸ ਤੋਂ ਬਾਅਦ ਭਾਰਤੀ ਪਾਰੀ ਇਸ ਤਰ੍ਹਾਂ ਖਿਲਰੀ ਕਿ ਅਗਲੀਆਂ 30 ਦੌੜਾਂ ਜੋੜਦਿਆਂ ਹੀ ਪਾਰੀ ਦਾ ਅੰਤ ਹੋ ਗਿਆ।












