ਈਸਾਈ ਧਰਮ ਅਪਨਾਉਣ ਵਾਲੀ ਔਰਤ ਦੀ ਲਾਸ਼ ਤਿੰਨ ਦਿਨਾਂ ਤੱਕ ਪਿੰਡ-ਪਿੰਡ ਭਟਕਦੀ ਰਹੀ, ਅਖ਼ੀਰ ਧਰਮ ਬਦਲਣਾ ਪਿਆ

ਤਸਵੀਰ ਸਰੋਤ, Alok Putul
- ਲੇਖਕ, ਅਲੋਕ ਪੁਤੁਲ
- ਰੋਲ, ਰਾਏਪੁਰ ਤੋਂ ਬੀਬੀਸੀ ਲਈ
ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਬੋਰਾਈ ਪਿੰਡ ਦੀ ਰਹਿਣ ਵਾਲੀ 65 ਸਾਲਾ ਪੂਨੀਆ ਬਾਈ ਸਾਹੂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਜੀਵਨ ਦਾ ਅੰਤਿਮ ਸਫ਼ਰ ਇੰਨਾ ਲੰਬਾ ਹੋ ਜਾਵੇਗਾ।
ਦੋ ਸਾਲ ਪਹਿਲਾਂ ਈਸਾਈ ਧਰਮ ਅਪਨਾਉਣ ਦਾ ਉਨ੍ਹਾਂ ਦਾ ਫ਼ੈਸਲਾ ਉਨ੍ਹਾਂ ਦੀ ਮੌਤ ਤੋਂ ਬਾਅਦ ਅਜਿਹਾ ਸਵਾਲ ਬਣ ਗਿਆ, ਜਿਸ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਤਿੰਨ ਦਿਨਾਂ ਤੱਕ ਅੰਤਿਮ ਸੰਸਕਾਰ ਦੇ ਇੰਤਜ਼ਾਰ ਵਿੱਚ ਇਸ ਪਿੰਡ ਤੋਂ ਉਸ ਪਿੰਡ ਤੱਕ ਭਟਕਦੀ ਰਹੀ।
ਆਖ਼ਰਕਾਰ, ਪੁਨੀਆ ਬਾਈ ਸਾਹੂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਿੰਦੂ ਧਰਮ ਅਪਨਾਉਣ ਤੋਂ ਬਾਅਦ ਕੀਤਾ ਗਿਆ।
ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸਾਹਮਣੇ ਪਿੰਡ ਵਾਸੀਆਂ ਅਤੇ ਹਿੰਦੂ ਸੰਗਠਨਾਂ ਤੋਂ ਮੁਆਫ਼ੀ ਮੰਗੀ ਅਤੇ ਲਿਖਤੀ ਰੂਪ ਵਿੱਚ ਕਿਹਾ ਕਿ ਉਨ੍ਹਾਂ ਦਾ ਭਵਿੱਖ ਵਿੱਚ ਈਸਾਈ ਧਰਮ ਨਾਲ ਕੋਈ ਸਬੰਧ ਨਹੀਂ ਰਹੇਗਾ।
ਧਮਤਰੀ ਜ਼ਿਲ੍ਹੇ ਦੇ ਵਧੀਕ ਪੁਲਿਸ ਸੁਪਰਡੈਂਟ, ਮਨੀਸ਼ੰਕਰ ਚੰਦਰ ਨੇ ਕਿਹਾ, "ਬੋਰਾਈ ਪਿੰਡ ਵਿੱਚ ਸਾਹੂ ਭਾਈਚਾਰੇ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਸੀ। ਜਿਸ 'ਤੇ ਸਮਾਜ ਦੇ ਲੋਕਾਂ ਅਤੇ ਪਰਿਵਾਰ ਵਿੱਚ ਕੁਝ ਵਿਵਾਦ ਚੱਲ ਰਿਹਾ ਸੀ।"
"ਇਸ ਵਿਵਾਦ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਲੈ ਕੇ ਸਮੱਸਿਆਵਾਂ ਪੈਦਾ ਕਰ ਦਿੱਤੀਆਂ। ਇਸ ਨੂੰ ਲੈ ਕੇ ਸਮਾਜਿਕ ਬੈਠਕ, ਸਮਾਜ ਦੇ ਲੋਕਾਂ ਵੱਲੋਂ ਕੀਤੀ ਗਈ। ਅੰਤ ਵਿੱਚ, ਇਸਨੂੰ ਸਮਾਜਿਕ ਤੌਰ 'ਤੇ ਹੱਲ ਕਰ ਦਿੱਤਾ ਗਿਆ।"
ਦਰਅਸਲ, ਬੋਰਾਈ ਪਿੰਡ ਦੀ ਪੁਨੀਆ ਬਾਈ ਸਾਹੂ ਨੇ ਦੋ ਸਾਲ ਪਹਿਲਾਂ ਈਸਾਈ ਧਰਮ ਅਪਣਾ ਲਿਆ ਸੀ।
ਜਦੋਂ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋਈ, ਤਾਂ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ, ਪਿੰਡ ਵਾਸੀਆਂ ਅਤੇ ਹਿੰਦੂ ਸੰਗਠਨਾਂ ਨੇ ਇਸਦਾ ਵਿਰੋਧ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਔਰਤ ਨੇ ਈਸਾਈ ਧਰਮ ਅਪਨਾ ਲਿਆ ਸੀ, ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਨਹੀਂ ਕੀਤਾ ਜਾ ਸਕਦਾ ਸੀ।
ਸੈਂਕੜੇ ਲੋਕਾਂ ਦੇ ਵਿਰੋਧ ਤੋਂ ਬਾਅਦ, ਪਰਿਵਾਰ ਔਰਤ ਦੀ ਮ੍ਰਿਤਕ ਦੇਹ ਲੈ ਕੇ ਤਹਿਸੀਲ ਹੈੱਡਕੁਆਰਟਰ, ਨਾਗਰੀ ਪਹੁੰਚੇ ਪਰ ਉੱਥੇ ਵੀ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਸੈਂਕੜੇ ਲੋਕਾਂ ਦੀ ਭੀੜ ਨੇ ਉਸ ਗੱਡੇ ਨੂੰ ਭਰ ਦਿੱਤਾ, ਜਿਸ ਵਿੱਚ ਔਰਤ ਨੂੰ ਦਫ਼ਨਾਇਆ ਜਾਣਾ ਸੀ।
ਇਸ ਤੋਂ ਬਾਅਦ 25 ਦਸੰਬਰ ਨੂੰ, ਜਦੋਂ ਦੁਨੀਆ ਭਰ ਵਿੱਚ ਕ੍ਰਿਸਮਸ ਮਨਾਇਆ ਜਾ ਰਿਹਾ ਸੀ, ਮ੍ਰਿਤਕ ਔਰਤ ਦੇ ਪਰਿਵਾਰ ਨੇ ਉਸ ਰਾਤ ਇੱਕ "ਸ਼ੁੱਧੀਕਰਨ" ਸਮਾਰੋਹ ਕਰਵਾਇਆ।
ਪਰਿਵਾਰ ਸਮਾਜਿਕ ਅਤੇ ਹਿੰਦੂ ਸੰਗਠਨਾਂ ਦੁਆਰਾ ਤਿਆਰ ਕੀਤੇ ਗਏ ਇੱਕ ਹਲਫ਼ਨਾਮੇ 'ਤੇ ਸਹਿਮਤ ਹੋ ਗਿਆ ਅਤੇ ਸਥਾਨਕ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਜਨਤਕ ਤੌਰ 'ਤੇ ਇਸਨੂੰ ਸੁਣਾਇਆ।
ਤਾਂ ਕਿਤੇ ਜਾ ਕੇ ਅਗਲੇ ਦਿਨ ਹਿੰਦੂ ਰੀਤੀ ਰਿਵਾਜਾਂ ਨਾਲ ਔਰਤ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਿਆ।
ਆਪਣੇ ਹਲਫ਼ਨਾਮੇ ਵਿੱਚ ਪਰਿਵਾਰ ਨੇ ਕਿਹਾ, "ਅਸੀਂ ਪਰਿਵਾਰਕ ਮੈਂਬਰਾਂ ਦੇ ਬਹਿਕਾਵੇ ਵਿੱਚ ਆ ਕੇ ਹਿੰਦੂ ਧਰਮ ਤੋਂ ਈਸਾਈ ਸਮਾਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਸਨ। ਹੁਣ, ਅਸੀਂ ਮੁੱਖ ਧਾਰਾ ਦੇ ਹਿੰਦੂ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ, ਸਥਾਨਕ ਦੇਵਤਿਆਂ ਦੀ ਪੂਜਾ ਅਤੇ ਪੇਂਡੂ ਰੀਤੀ-ਰਿਵਾਜਾਂ ਦਾ ਸਮਰਥਨ ਕਰਾਂਗੇ।"
"ਸਾਡਾ ਪੂਰਾ ਪਰਿਵਾਰ ਕਦੇ ਵੀ ਈਸਾਈ ਧਰਮ ਜਾਂ ਮਿਸ਼ਨਰੀਆਂ ਨਾਲ ਕੋਈ ਸਬੰਧ ਨਹੀਂ ਰੱਖੇਗਾ। ਪੂਰਾ ਪਰਿਵਾਰ ਪੂਰੇ ਭਾਈਚਾਰੇ ਤੋਂ ਮੁਆਫੀ ਮੰਗਦਾ ਹੈ। ਜੇਕਰ ਅਸੀਂ ਦੁਬਾਰਾ ਈਸਾਈ ਧਰਮ ਅਪਣਾਉਂਦੇ ਹਾਂ, ਤਾਂ ਅਸੀਂ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਵਾਂਗੇ।"

ਤਸਵੀਰ ਸਰੋਤ, Alok Putul
ਅੰਤਿਮ ਸੰਸਕਾਰ ਨੂੰ ਲੈ ਕੇ ਹਿੰਸਾ ਅਤੇ ਛੱਤੀਸਗੜ੍ਹ ਬੰਦ
ਪਿਛਲੇ ਕੁਝ ਸਾਲਾਂ ਤੋਂ ਛੱਤੀਸਗੜ੍ਹ ਵਿੱਚ ਈਸਾਈ ਧਰਮ ਅਪਨਾਉਣ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਲਗਾਤਾਰ ਵਿਵਾਦ ਦੀ ਸਥਿਤੀ ਬਣੀ ਹੋਈ ਹੈ।
ਖ਼ਾਸ ਕਰਕੇ ਕੇਰਲ ਸੂਬੇ ਤੋਂ ਵੀ ਵੱਡੇ ਖੇਤਰਫਲ ਵਾਲੇ ਬਸਤਰ ਵਿੱਚ। ਉੱਥੇ ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦਾਂ ਕਾਰਨ ਹਿੰਸਾ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।
ਕਦੇ ਧਾਰਮਿਕ ਸਥਾਨਾਂ ਨੂੰ ਅੱਗ ਲਗਾਈ ਗਈ ਹੈ ਅਤੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਦੇ ਸਿਰ 'ਤੇ ਸੱਟ ਲੱਗੀ। ਹਿੰਦੂ ਅਤੇ ਈਸਾਈ ਸੰਗਠਨਾਂ ਵਿਚਕਾਰ ਹਿੰਸਕ ਝੜਪਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ।
ਜਿਸ ਦਿਨ ਧਮਤਰੀ ਜ਼ਿਲ੍ਹੇ ਵਿੱਚ ਪੂਨੀਆ ਬਾਈ ਦੀ ਮੌਤ ਹੋਈ, ਉਸ ਦਿਨ ਕਾਂਕੇਰ ਜ਼ਿਲ੍ਹੇ ਦੇ ਆਮਾਬੇਡਾ ਵਿੱਚ ਅੰਤਿਮ ਸੰਸਕਾਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਛੱਤੀਸਗੜ੍ਹ ਬੰਦ ਦਾ ਆਯੋਜਨ ਕੀਤਾ।
ਇਸ ਬੰਦ ਦਾ ਚੈਂਬਰ ਆਫ਼ ਕਾਮਰਸ ਅਤੇ ਕਈ ਜਾਤੀ-ਅਧਾਰਤ ਸੰਗਠਨਾਂ ਨੇ ਸਮਰਥਨ ਕੀਤਾ ਸੀ।
15 ਦਸੰਬਰ ਨੂੰ, ਕਾਂਕੇਰ ਜ਼ਿਲ੍ਹੇ ਦੇ ਵੱਡੇ ਤੇਵੜਾ ਪੰਚਾਇਤ ਦੇ ਸਰਪੰਚ ਰਾਜਮਨ ਸਲਾਮ ਦੇ ਪਿਤਾ ਚਮਰਾ ਰਾਮ ਸਲਾਮ ਦਾ ਦੇਹਾਂਤ ਹੋ ਗਿਆ।
ਸਲਾਮ ਪਰਿਵਾਰ ਨੇ ਉਨ੍ਹਾਂ ਨੂੰ ਪਿੰਡ ਵਿੱਚ ਆਪਣੀ ਨਿੱਜੀ ਜ਼ਮੀਨ 'ਤੇ ਈਸਾਈ ਰੀਤੀ-ਰਿਵਾਜਾਂ ਅਨੁਸਾਰ ਦਫ਼ਨਾਇਆ ਗਿਆ, ਪਰ ਸਥਾਨਕ ਪਿੰਡ ਵਾਸੀਆਂ ਅਤੇ ਹਿੰਦੂ ਸੰਗਠਨਾਂ ਨੇ ਇਸਦਾ ਵਿਰੋਧ ਕੀਤਾ। 17 ਦਸੰਬਰ ਨੂੰ, ਦੋਵਾਂ ਪਾਸਿਆਂ ਤੋਂ ਤਿੱਖੀ ਹਿੰਸਾ ਹੋਈ।
ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਤਾਂ ਭੀੜ ਨੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ।

ਤਸਵੀਰ ਸਰੋਤ, Screen Grab
ਇਸ ਦੌਰਾਨ, ਪੁਲਿਸ ਨੇ ਦੱਬੀ ਹੋਈ ਲਾਸ਼ ਨੂੰ ਕਬਰ 'ਚੋਂ ਕੱਢਿਆ ਅਤੇ ਪੋਸਟਮਾਰਟਮ ਲਈ ਰਾਏਪੁਰ ਭੇਜ ਦਿੱਤਾ। ਇਸ ਤੋਂ ਬਾਅਦ, ਹਿੰਦੂ ਸੰਗਠਨਾਂ ਨੇ ਪੂਰੇ ਛੱਤੀਸਗੜ੍ਹ ਨੂੰ ਬੰਦ ਕਰ ਦਿੱਤਾ।
ਮ੍ਰਿਤਕ ਚਮਰਾ ਰਾਮ ਸਲਾਮ ਦੇ ਪੁੱਤਰ ਅਤੇ ਸਰਪੰਚ ਰਾਜਮਨ ਸਲਾਮ ਕਹਿੰਦੇ ਹਨ, "ਮੈਂ ਈਸਾਈ ਧਰਮ ਨੂੰ ਮੰਨਦਾ ਹਾਂ। ਪਰ ਮੇਰੇ ਪਿਤਾ ਈਸਾਈ ਧਰਮ ਨਹੀਂ ਮੰਨਦੇ ਸਨ।"
"ਉਨ੍ਹਾਂ ਦੀ ਮੌਤ ਤੋਂ ਬਾਅਦ, ਮੈਂ ਪਿੰਡ ਦੇ ਰਵਾਇਤੀ ਆਗੂ, ਮੁਖੀ ਅਤੇ ਗਾਇਤਾ ਨੂੰ ਰਵਾਇਤੀ ਕਬਾਇਲੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਬੇਨਤੀ ਕੀਤੀ। ਪਰ ਉਨ੍ਹਾਂ ਉਹ ਤਿਆਰ ਨਹੀਂ ਹੋਏ। ਅਗਲੇ ਦਿਨ, ਮੇਰੇ ਵੱਡੇ ਭਰਾ, ਜੋ ਕਿ ਈਸਾਈ ਨਹੀਂ ਹਨ, ਨੇ ਮੇਰੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ।"
ਰਾਜਮਨ ਸਲਾਮ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਦੇ ਅੰਤਿਮ ਸੰਸਕਾਰ ਦੇ ਆਲੇ-ਦੁਆਲੇ ਦਾ ਮੁੱਦਾ ਧਾਰਮਿਕ ਨਹੀਂ, ਸਗੋਂ ਰਾਜਨੀਤਿਕ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਸਰਪੰਚੀ ਦੀ ਚੋਣ ਵਿੱਚ ਉਨ੍ਹਾਂ ਨੂੰ 214 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਨਾਲ ਜੁੜੇ ਵਿਰੋਧੀ ਉਮੀਦਵਾਰ ਨੂੰ ਸਿਰਫ਼ 123 ਵੋਟਾਂ ਮਿਲੀਆਂ। ਹਾਰਨ ਵਾਲੇ ਉਮੀਦਵਾਰ ਨੇ ਇਸਨੂੰ ਮੁੱਦਾ ਬਣਾਇਆ।
ਰਾਜਮਨ ਕਹਿੰਦੇ ਹਨ, "17 ਦਸੰਬਰ ਦੀ ਦੁਪਹਿਰ ਨੂੰ ਭਾਜਪਾ ਦੇ ਸਰਪੰਚ ਉਮੀਦਵਾਰ ਦੇ ਇਸ਼ਾਰੇ 'ਤੇ, ਹਿੰਦੂ ਸੰਗਠਨਾਂ ਅਤੇ ਜਨਤਕ ਪ੍ਰਤੀਨਿਧੀਆਂ ਦੇ ਸੈਂਕੜੇ ਲੋਕ ਪਿੰਡ ਪਹੁੰਚੇ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬੇਰਹਿਮੀ ਨਾਲ ਕੁੱਟਿਆ।"
"ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਅਗਲੇ ਦਿਨ ਪੁਲਿਸ ਪ੍ਰਸ਼ਾਸਨ ਨੇ ਮੇਰੇ ਪਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੱਢਿਆ। ਇਸ ਦੌਰਾਨ, ਭੀੜ ਨੇ ਪੁਲਿਸ ਦੀ ਮੌਜੂਦਗੀ ਵਿੱਚ ਦੋ ਚਰਚਾਂ ਨੂੰ ਅੱਗ ਲਗਾ ਦਿੱਤੀ।"
'ਪਰੰਪਰਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ'

ਤਸਵੀਰ ਸਰੋਤ, Screen Grab
ਕਾਂਕੇਰ ਦੇ ਭਾਜਪਾ ਨੇਤਾ ਅਤੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਗੁਪਤੇਸ਼ ਓਸੇਂਡੀ ਇਨ੍ਹਾਂ ਇਲਜ਼ਾਮਾਂ ਨੂੰ ਹਾਸੋਹੀਣਾ ਦੱਸਦੇ ਹਨ।
ਉਨ੍ਹਾਂ ਕਿਹਾ ਕਿ ਮੁਰੀਆ ਆਦਿਵਾਸੀ ਸਮਾਜ ਦੇ ਲੋਕਾਂ ਨੇ ਰਾਜਮਨ ਸਲਾਮ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਉੱਥੇ ਕਰਨ, ਜਿੱਥੇ ਉਨ੍ਹਾਂ ਦੇ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਦਫ਼ਨਾਇਆ ਜਾਂਦਾ ਹੈ।
ਪਰ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਡਰਾ-ਧਮਕਾ ਕੇ ਪਿੰਡ ਵਿੱਚ ਹੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਕੀਤਾ।
ਗੁਪਤੇਸ਼ ਓਸੇਂਡੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਸਰਪੰਚ ਅਤੇ ਉਸਦੇ ਸਾਥੀਆਂ ਨੇ ਆਦਿਵਾਸੀਆਂ 'ਤੇ ਹਮਲਾ ਕੀਤਾ, ਦੋ ਦਰਜਨ ਤੋਂ ਵੱਧ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ। ਸਰਪੰਚ ਨੇ ਦੂਜੇ ਪਿੰਡਾਂ ਦੇ ਲੋਕਾਂ ਨੂੰ ਵੀ ਬੁਲਾਇਆ ਸੀ, ਜਿਨ੍ਹਾਂ ਨੇ ਆਦਿਵਾਸੀਆਂ ਨੂੰ ਵੀ ਕੁੱਟਿਆ।"
ਗੁਪਤੇਸ਼ ਦਾ ਮੰਨਣਾ ਹੈ ਕਿ ਆਦਿਵਾਸੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਦਿਵਾਸੀ ਸਮਾਜ ਵਿੱਚ ਗਾਇਤਾ, ਪਟੇਲ ਅਤੇ ਸਿਆਨ ਵਰਗੀਆਂ ਪਰੰਪਰਾਵਾਂ ਹਨ ਅਤੇ ਇਨ੍ਹਾਂ ਦੀ ਆਗਿਆ ਨਾਲ ਹੀ ਦੁੱਖ-ਸੁੱਖ ਨਾਲ ਜੁੜੇ ਸਾਰੇ ਪ੍ਰੋਗਰਾਮ ਪੂਰਨ ਹੁੰਦੇ ਹਨ।
ਪਰ ਇਨ੍ਹਾਂ ਆਦਿਵਾਸੀ ਪਰੰਪਰਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਧਰਮ ਪਰਿਵਰਤਨ ਨਾਲ ਆਦਿਵਾਸੀਆਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Alok Putul
ਹਿੰਸਾ ਵਿੱਚ ਜ਼ਖਮੀ ਹੋਏ ਭਾਜਪਾ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਮਿਲਣ ਭਾਜਪਾ ਸੰਸਦ ਮੈਂਬਰ ਭੋਜਰਾਜ ਨਾਗ ਕਾਂਕੇਰ ਹਸਪਤਾਲ ਪਹੁੰਚੇ, ਭਾਜਪਾ ਸੰਸਦ ਮੈਂਬਰ ਨਾਗ ਨੇ ਕਿਹਾ ਕਿ ਪੰਚਾਇਤ ਕਾਨੂੰਨ, ਪੰਜਵੀ ਅਨੁਸੂਚੀ ਖੇਤਰ ਵਿੱਚ ਰੂੜ੍ਹੀਵਾਦੀ ਪ੍ਰਥਾ ਨੂੰ ਮਾਨਤਾ ਦਿੰਦਾ ਹੈ ਪਰ ਈਸਾਈ ਧਰਮ ਨੂੰ ਮੰਨਣ ਵਾਲੇ ਕਾਨੂੰਨ ਨੂੰ ਵੀ ਹਾਸ਼ੀਏ 'ਤੇ ਰੱਖਣਾ ਚਾਹੁੰਦੇ ਹਨ।
ਭੋਜਰਾਜ ਨਾਗ ਨੇ ਬੀਬੀਸੀ ਨੂੰ ਦੱਸਿਆ, "ਆਦਿਵਾਸੀਆਂ ਨੂੰ ਧਰਮ ਪਰਿਵਰਤਨ ਲਈ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਦਿਵਾਸੀ ਪਰੰਪਰਾਵਾਂ ਅਤੇ ਕਾਨੂੰਨ ਦੇ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ।"
"ਅਜਿਹੇ ਲੋਕ ਨਾ ਤਾਂ ਸਮਾਜਿਕ ਪਰੰਪਰਾਵਾਂ ਦੀ, ਸੱਭਿਆਚਾਰਕ ਪਰੰਪਰਾਵਾਂ ਦੀ ਅਤੇ ਨਾ ਹੀ ਕਾਨੂੰਨ ਦੀ ਪਰਵਾਹ ਕਰਦੇ ਹਨ। ਸਾਡੀ ਸਰਕਾਰ ਜਲਦੀ ਹੀ ਛੱਤੀਸਗੜ੍ਹ ਵਿੱਚ ਇੱਕ ਨਵਾਂ ਧਰਮ ਪਰਿਵਰਤਨ ਕਾਨੂੰਨ ਲੈ ਕੇ ਆਉਣ ਵਾਲੀ ਹੈ। ਇਸ ਤੋਂ ਬਾਅਦ ਅਜਿਹੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।"
ਪਰ ਛੱਤੀਸਗੜ੍ਹ ਕ੍ਰਿਸ਼ਚੀਅਨ ਫੋਰਮ ਦੇ ਪ੍ਰਧਾਨ ਅਰੁਣ ਪੰਨਾਲਾਲ ਇਨ੍ਹਾਂ ਇਲਜ਼ਾਮਾਂ ਨਾਲ ਅਸਹਿਮਤ ਹਨ।
ਉਹ ਕਹਿੰਦੇ ਹਨ ਕਿ ਇਹ ਤੀਜੀ ਵਾਰ ਹੈ ਜਦੋਂ ਸਰਕਾਰ ਛੱਤੀਸਗੜ੍ਹ ਵਿੱਚ ਧਰਮ ਪਰਿਵਰਤਨ ਬਿੱਲ ਪੇਸ਼ ਕਰਨ ਵਾਲੀ ਹੈ।
ਪਰ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਇੱਕ ਵੀ ਅਜਿਹਾ ਮਾਮਲਾ ਸਾਬਤ ਨਹੀਂ ਹੋਇਆ ਹੈ ਜਿਸ ਵਿੱਚ ਦਬਾਅ ਜਾਂ ਉਕਸਾਹਟ ਨਾਲ ਧਰਮ ਪਰਿਵਰਤਨ ਦੀ ਗੱਲ ਸਾਹਮਣੇ ਆਈ ਹੋਵੇ।
ਸੂਬੇ ਵਿੱਚ ਅੰਤਿਮ ਸੰਸਕਾਰ ਨਾਲ ਜੁੜੇ ਵਿਵਾਦਾਂ ਬਾਰੇ ਅਰੁਣ ਪੰਨਾਲਾਲ ਕਹਿੰਦੇ ਹਨ, "ਸਵਾਲ ਇਹ ਹੈ ਕਿ ਈਸਾਈ ਧਰਮ ਨੂੰ ਮੰਨਣ ਵਾਲੇ ਆਪਣੇ ਅੰਤਿਮ ਸੰਸਕਾਰ ਕਿੱਥੇ ਕਰਨ? ਕੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਦੂਜੇ ਧਰਮਾਂ ਵਾਂਗ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੇ ਸਸਕਾਰ ਲਈ ਵੀ ਹਰ ਪਿੰਡ ਅਤੇ ਪੰਚਾਇਤ ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਕਰੇ, ਉਸ ਨੂੰ ਅਲਾਟ ਕਰੇ? ਸਰਕਾਰ ਖ਼ੁਦ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ।"
ਸੁਪਰੀਮ ਕੋਰਟ ਵਿੱਚ ਵੰਡਿਆ ਹੋਇਆ ਫ਼ੈਸਲਾ

ਤਸਵੀਰ ਸਰੋਤ, Alok Putul
ਛੱਤੀਸਗੜ੍ਹ ਵਿੱਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦ ਕਈ ਵਾਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੇ ਹਨ।
ਇਸ ਸਾਲ ਜਨਵਰੀ ਵਿੱਚ ਬਸਤਰ ਦੇ ਇੱਕ ਈਸਾਈ ਪਾਦਰੀ ਸੁਭਾਸ਼ ਬਘੇਲ ਦੇ ਸਸਕਾਰ ਨੂੰ ਲੈ ਕੇ ਵਿਵਾਦ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ।
ਜਦੋਂ ਸੁਭਾਸ਼ ਬਘੇਲ ਦੇ ਪੁੱਤਰ ਰਮੇਸ਼ ਬਘੇਲ ਨੂੰ ਪਿੰਡ ਦੇ ਰਵਾਇਤੀ ਕਬਰਿਸਤਾਨ ਵਿੱਚ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਨਹੀਂ ਮਿਲੀ, ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ।
ਨਤੀਜੇ ਵਜੋਂ, ਸੁਭਾਸ਼ ਬਘੇਲ ਦੀ ਲਾਸ਼ ਲਗਭਗ ਤਿੰਨ ਹਫ਼ਤਿਆਂ ਤੱਕ ਅੰਤਿਮ ਸੰਸਕਾਰ ਦੀ ਉਡੀਕ ਵਿੱਚ ਪਈ ਰਹੀ।
ਸੁਪਰੀਮ ਕੋਰਟ ਦੇ ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ, "ਸਾਨੂੰ ਬਹੁਤ ਦੁੱਖ ਹੈ ਕਿ ਇੱਕ ਵਿਅਕਤੀ ਨੂੰ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਸੁਪਰੀਮ ਕੋਰਟ ਆਉਣਾ ਪਿਆ।"
ਪਰ 27 ਜਨਵਰੀ ਨੂੰ ਅਦਾਲਤ ਨੇ ਮਾਮਲੇ ਵਿੱਚ ਇੱਕ ਵੰਡਿਆ ਹੋਇਆ ਫ਼ੈਸਲਾ ਸੁਣਾਇਆ।
ਜਸਟਿਸ ਬੀਵੀ ਨਾਗਰਤਨਾ ਦਾ ਕਹਿਣਾ ਸੀ ਕਿ ਕਿਸੇ ਵਿਅਕਤੀ ਨੂੰ ਸਿਰਫ਼ ਉਸਦੇ ਧਰਮ ਦੇ ਆਧਾਰ 'ਤੇ ਅੰਤਿਮ ਸੰਸਕਾਰ ਦੇ ਅਧਿਕਾਰ ਤੋਂ ਇਨਕਾਰ ਕਰਨਾ ਸੰਵਿਧਾਨ ਦੇ ਵਿਰੁੱਧ ਹੈ।
ਉਨ੍ਹਾਂ ਦੇ ਅਨੁਸਾਰ, ਇਹ ਸੰਵਿਧਾਨ ਦੀ ਧਾਰਾ 14, ਸਮਾਨਤਾ ਦੇ ਅਧਿਕਾਰ ਅਤੇ ਧਾਰਾ 15(1), ਧਰਮ ਦੇ ਆਧਾਰ 'ਤੇ ਵਿਤਕਰਾ ਨਾ ਕਰਨ ਦੇ ਸਿਧਾਂਤ ਦੀ ਉਲੰਘਣਾ ਹੈ।
ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਅਤੇ ਉਸਦੇ ਪਰਿਵਾਰ ਨਾਲ ਕੀਤਾ ਗਿਆ ਵਿਵਹਾਰ ਸਨਮਾਨ ਨਾਲ ਜਿਉਣ ਅਤੇ ਮਰਨ ਦੇ ਅਧਿਕਾਰ ਦੇ ਉਲਟ ਹੈ ਅਤੇ ਸੁਝਾਅ ਦਿੱਤਾ ਕਿ ਅੰਤਿਮ ਸੰਸਕਾਰ ਪਰਿਵਾਰ ਦੀ ਨਿੱਜੀ ਜ਼ਮੀਨ 'ਤੇ ਇੱਕ ਹੱਲ ਵਜੋਂ ਕੀਤਾ ਜਾਵੇ।
ਹਾਲਾਂਕਿ, ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਰਾਇ ਇਸ ਤੋਂ ਵੱਖਰੀ ਸੀ।
ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਸੀਮਤ ਅਧਿਕਾਰ ਨਹੀਂ ਹੈ ਕਿ ਉਹ ਕਿਤੇ ਵੀ ਅੰਤਿਮ ਸੰਸਕਾਰ ਦੀ ਜ਼ਿੱਦ ਕਰੇ।
ਉਨ੍ਹਾਂ ਨੇ ਜਨਤਕ ਵਿਵਸਥਾ, ਸਥਾਨਕ ਨਿਯਮਾਂ ਅਤੇ ਪੰਚਾਇਤ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਸਕਾਰ ਸਿਰਫ਼ ਇੱਕ ਮਨੋਨੀਤ ਅਤੇ ਸੂਚਿਤ ਈਸਾਈ ਕਬਰਿਸਤਾਨ ਵਿੱਚ ਹੀ ਹੋਣਾ ਚਾਹੀਦਾ ਹੈ, ਭਾਵੇਂ ਇਹ ਪਿੰਡ ਤੋਂ ਕੁਝ ਦੂਰੀ 'ਤੇ ਹੀ ਕਿਉਂ ਨਾ ਹੋਵੇ।

ਤਸਵੀਰ ਸਰੋਤ, Alok Putul
ਕਿਉਂਕਿ ਦੋਵਾਂ ਜੱਜਾਂ ਦੇ ਵਿਚਾਰ ਮੇਲ ਨਹੀਂ ਖਾ ਰਹੇ ਸਨ, ਇਸ ਲਈ ਸੁਪਰੀਮ ਕੋਰਟ ਨੇ ਇੱਕ ਵਿਹਾਰਕ ਹੱਲ ਵਜੋਂ, ਸੰਵਿਧਾਨ ਦੀ ਧਾਰਾ 142 ਦੇ ਤਹਿਤ ਹੁਕਮ ਦਿੱਤਾ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਨੇੜਲੇ ਮਨੋਨੀਤ ਈਸਾਈ ਕਬਰਿਸਤਾਨ ਵਿੱਚ ਕੀਤਾ ਜਾਵੇ ਤਾਂ ਜੋ ਹੋਰ ਦੇਰੀ ਤੋਂ ਬਚਿਆ ਜਾ ਸਕੇ ਅਤੇ ਇੱਕ ਸਨਮਾਨ ਦੇ ਨਾਲ ਦਫ਼ਨਾਇਆ ਜਾ ਸਕੇ।
ਸੂਬਾ ਸਰਕਾਰ ਨੂੰ ਮ੍ਰਿਤਕ ਦੇਹ ਦੀ ਆਵਾਜਾਈ ਅਤੇ ਸੁਰੱਖਿਆ ਲਈ ਪੂਰੇ ਪ੍ਰਬੰਧ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ।
ਇਸ ਫ਼ੈਸਲੇ ਨੂੰ ਧਰਮ ਪਰਿਵਰਤਨ, ਧਾਰਮਿਕ ਆਜ਼ਾਦੀ, ਸਮਾਨਤਾ ਅਤੇ ਸਮਾਜਿਕ ਤਣਾਅ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ।
ਅਦਾਲਤ ਨੇ ਇੱਕ ਤੁਰੰਤ ਮਾਨਵਤਾਵਾਦੀ ਹੱਲ ਕੱਢਿਆ, ਪਰ ਕੋਈ ਵਿਆਪਕ ਸਿਧਾਂਤ ਜਾਂ ਸਪੱਸ਼ਟ ਦਿਸ਼ਾ-ਨਿਰਦੇਸ਼ ਸਥਾਪਤ ਨਹੀਂ ਕੀਤੇ। ਇਹੀ ਕਾਰਨ ਹੈ ਕਿ ਇਹ ਫ਼ੈਸਲਾ ਛੱਤੀਸਗੜ੍ਹ ਵਿੱਚ ਈਸਾਈ ਧਰਮ ਪਰਿਵਰਤਨ ਕਰਨ ਵਾਲਿਆਂ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਵਿਵਾਦਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਵਿੱਚ ਅਸਫ਼ਲ ਰਿਹਾ।
ਭਾਵੇਂ ਇਹ ਕਾਂਕੇਰ ਵਿੱਚ ਹੋਵੇ ਜਾਂ ਧਮਤਰੀ ਵਿੱਚ ਈਸਾਈ ਧਰਮ ਅਪਨਾਉਣ ਵਾਲਿਆਂ ਦੇ ਅੰਤਿਮ ਸੰਸਕਾਰ ਦਾ ਵਿਰੋਧ ਅੱਜ ਵੀ ਉਸੇ ਤਰ੍ਹਾਂ ਹੈ।
ਨਤੀਜੇ ਵਜੋਂ, ਇਸ ਫ਼ੈਸਲੇ ਦੇ ਬਾਵਜੂਦ, ਈਸਾਈ ਧਰਮ ਮੰਨਣ ਵਾਲਿਆਂ ਲਈ ਸਤਿਕਾਰਯੋਗ ਅੰਤਿਮ ਸੰਸਕਾਰ ਦਾ ਸਵਾਲ, ਛੱਤੀਸਗੜ੍ਹ ਵਿੱਚ ਹੁਣ ਇੱਕ ਸੰਵੇਦਨਸ਼ੀਲ ਅਤੇ ਅਣਸੁਲਝਿਆ ਮੁੱਦਾ ਬਣਿਆ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












