ਕੀ ਸਿੰਧੂ ਘਾਟੀ ਦੀ ਸੱਭਿਅਤਾ ਸੈਂਕੜੇ ਸਾਲ ਚੱਲੇ ਸੋਕਿਆਂ ਕਰਕੇ ਖ਼ਤਮ ਹੋਈ ? ਨਵੀਂ ਖੋਜ ਵਿੱਚ ਕੀ ਸਾਹਮਣੇ ਆਇਆ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਿੰਧੂ ਘਾਟੀ ਦੀ ਸੱਭਿਅਤਾ ਕਿਵੇਂ ਅਤੇ ਕਦੋਂ ਖ਼ਤਮ ਹੋਈ ਇਸ ਬਾਰੇ ਹਮੇਸ਼ਾ ਹੀ ਭੇਤ ਬਣਿਆ ਰਿਹਾ ਹੈ ਜਿਸ ਨੂੰ ਜਾਨਣ ਲਈ ਸਮੇਂ-ਸਮੇਂ ਉੱਤੇ ਅਧਿਐਨ ਵੀ ਹੁੰਦੇ ਰਹੇ ਹਨ।
ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 'ਹੜੱਪਾ ਦਾ ਪਤਨ ਕਿਸੇ ਇੱਕ ਵਿਨਾਸ਼ਕਾਰੀ ਘਟਨਾ ਕਾਰਨ ਨਹੀਂ, ਸਗੋਂ ਸਦੀਆਂ ਤੱਕ ਵਾਰ-ਵਾਰ ਅਤੇ ਲੰਮੇਂ ਸਮੇਂ ਤੱਕ ਚੱਲੇ ਦਰਿਆਈ ਸੋਕਿਆਂ ਕਾਰਨ ਹੋਇਆ ਹੈ।'
ਇਸ ਤੋਂ ਪਹਿਲਾਂ ਵੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਪਤਨ ਬਾਰੇ ਕਈ ਸਿਧਾਂਤ ਦਿੱਤੇ ਗਏ ਹਨ। ਇਹਨਾਂ ਵਿੱਚ ਕਿਹਾ ਗਿਆ ਹੈ ਕਿ ਇਹ ਸੱਭਿਅਤਾ ਯੁੱਧ ਕਾਰਨ ਤਬਾਹ ਹੋਈ, ਸੰਭਾਵਨਾ ਹੈ ਕਿ ਕੁਦਰਤੀ ਆਫ਼ਤਾਂ ਤੋਂ ਬਾਅਦ ਸ਼ਹਿਰ ਢਹਿ ਗਏ ਹੋਣ ਜਾਂ ਹੋ ਸਕਦਾ ਹੈ ਕਿ ਸਿੰਧੂ ਨਦੀ ਵਿੱਚ ਹੜ੍ਹ ਆ ਗਿਆ ਹੋਵੇ ਅਤੇ ਉਸਨੇ ਆਪਣੀ ਦਿਸ਼ਾ ਬਦਲ ਲਈ ਹੋਵੇ। ਇਸ ਦਾ ਨਾਲ ਹੀ ਇੱਕ ਇਹ ਵੀ ਸਿਧਾਂਤ ਹੈ ਕਿ ਉਸ ਸਮੇਂ ਇੱਕ ਹੋਰ ਦਰਿਆ ਯਾਨੀ ਘੱਗਰ ਸੁੱਕ ਗਿਆ ਸੀ ਜਿਸ ਕਾਰਨ ਇਸ ਦੇ ਨੇੜੇ ਵੱਸਣ ਵਾਲੇ ਲੋਕ ਉੱਜੜਨ ਲੱਗੇ।
ਤਾਜ਼ਾ ਖੋਜ 'ਕਮਿਊਨੀਕੇਸ਼ਨਜ਼ ਅਰਥ ਐਂਡ ਐਨਵਾਇਰਨਮੈਂਟ' (ਨੇਚਰ ਪਬਲੀਕੇਸ਼ਨ ਜਰਨਲ) ਵਿੱਚ ਛਪੀ ਹੈ ਜੋ ਆਈਆਈਟੀ ਗਾਂਧੀਨਗਰ ਦੇ ਖੋਜਕਾਰਾਂ ਅਤੇ ਕੌਮਾਂਤਰੀ ਵਿਗਿਆਨੀਆਂ ਦੀ ਟੀਮ ਵੱਲੋਂ ਕੀਤੀ ਗਈ ਹੈ। ਇਹ ਅਧਿਐਨ 'ਰਿਵਰ ਡਰਾਊਟ ਫੋਰਸਿੰਗ ਆਫ਼ ਦਿ ਹੜੱਪਨ ਮੈਟਾਮੋਰਫ਼ੋਸਿਸ' ਸਿਰਲੇਖ ਹੇਠ ਛਪਿਆ ਹੈ।
ਅਧਿਐਨ ਮੁਤਾਬਕ ਸਿੰਧੂ ਨਦੀ ਪ੍ਰਾਚੀਨ ਸਿੰਧੂ ਘਾਟੀ ਸੱਭਿਅਤਾ ਦੇ ਵਿਕਾਸ ਲਈ ਮੁੱਖ ਧੁਰਾ ਸੀ, ਜੋ ਖੇਤੀਬਾੜੀ, ਵਪਾਰ ਅਤੇ ਸੰਚਾਰ ਲਈ ਇੱਕ ਸਥਿਰ ਪਾਣੀ ਦਾ ਸਰੋਤ ਪ੍ਰਦਾਨ ਕਰਦੀ ਸੀ। ਇਹ ਸੱਭਿਅਤਾ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਆਲੇ-ਦੁਆਲੇ ਲਗਭਗ 5000 ਸਾਲ ਪਹਿਲਾਂ ਵਧੀ-ਫੁੱਲੀ ਅਤੇ ਸਮੇਂ ਦੇ ਨਾਲ ਵਿਕਸਤ ਹੋਈ।
ਹੜੱਪਾ ਕਾਲ (ਮੌਜੂਦਾ ਸਮੇਂ ਤੋਂ 4500-3900 ਸਾਲ ਪਹਿਲਾਂ) ਦੌਰਾਨ ਸਿੰਧੂ ਘਾਟੀ ਦੀ ਸੱਭਿਅਤਾ ਚੰਗੀ ਤਰ੍ਹਾਂ ਯੋਜਨਾਬੱਧ ਸ਼ਹਿਰਾਂ ਵਾਲੀ, ਪਾਣੀ ਦੇ ਚੰਗੇ ਪ੍ਰਬੰਧ ਦੀ ਵਿਵਸਥਾ ਅਤੇ ਲਿਖਣ ਦੀ ਵਧੀਆ ਕਲਾ ਲਈ ਜਾਣੀ ਜਾਂਦੀ ਸੀ। ਹਾਲਾਂਕਿ, 3900 ਸਾਲ ਪਹਿਲਾਂ ਹੜੱਪਾ ਸੱਭਿਅਤਾ ਦਾ ਪਤਨ ਸ਼ੁਰੂ ਹੋ ਗਿਆ ਅਤੇ ਇਹ ਅੰਤ ਵਿੱਚ ਢਹਿ ਗਈ।
ਇਹ ਸੱਭਿਅਤਾ ਮੌਜੂਦਾ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਵਿੱਚ ਪਾਈ ਜਾਂਦੀ ਸੀ।

ਸੋਕਿਆਂ ਬਾਰੇ ਖੋਜ ਵਿੱਚ ਕੀ ਸਾਹਮਣੇ ਆਇਆ?

ਤਸਵੀਰ ਸਰੋਤ, Getty Images
ਸ਼ੁਰੂਆਤੀ ਹੜੱਪਾ ਕਾਲ ਨੂੰ ਅਧਾਰ ਬਣ ਕੇ ਕੀਤੇ ਗਏ ਇਸ 11 ਪੰਨਿਆਂ ਦੇ ਤਾਜ਼ਾ ਅਧਿਐਨ ਦੇ ਮੁਤਾਬਕ ਸਿੰਧੂ ਘਾਟੀ ਦੀ ਸੱਭਿਅਤਾ ਨੇ ਚਾਰ ਵੱਡੇ ਸੋਕਿਆਂ ਦਾ ਸਾਹਮਣਾ ਕੀਤਾ।
ਖੋਜ ਪੇਪਰ ਅਨੁਸਾਰ, "ਅਸੀਂ ਚਾਰ ਗੰਭੀਰ ਸੋਕਿਆਂ ਨੂੰ ਪਛਾਣਿਆ ਹੈ ਜੋ ਹੜੱਪਾ ਦੇ ਸਿਖਰਲੇ ਅਤੇ ਪਿਛਲੇ ਕਾਲ ਦੌਰਾਨ ਪਏ।"
"ਤਿੰਨ ਮੁੱਖ ਸੋਕੇ 4445- 4358 ਸਾਲ ਪਹਿਲਾਂ, 4122-4021 ਪਹਿਲਾਂ ਅਤੇ 3826-3663 ਦੇ ਸਮੇਂ ਦੌਰਾਨ ਪਏ। ਚੌਥਾ ਸੋਕਾ 3531-3418 ਸਾਲ ਪਹਿਲਾਂ ਦੇ ਸਮੇਂ ਵਿੱਚ ਪਿਆ। ਤਿੰਨ ਸੋਕਿਆਂ ਨੇ 85 ਫ਼ੀਸਦੀ ਸੱਭਿਅਤਾ ਨੂੰ ਪ੍ਰਭਾਵਿਤ ਕੀਤਾ।"
"ਗੰਭੀਰ ਸੋਕੇ ਯਾਨੀ ਦੂਜਾ ਅਤੇ ਤੀਜਾ ਕਰਮਵਾਰ ਲਗਭਗ 102 ਅਤੇ 164 ਸਾਲਾਂ ਤੱਕ ਰਹੇ।"
"ਤੀਜੇ ਸੋਕੇ ਦੌਰਾਨ ਸਲਾਨਾ ਬਾਰਿਸ਼ ਵਿੱਚ 13 ਫ਼ੀਸਦ ਦੀ ਕਮੀ ਆਈ ਸੀ।"

ਵਾਤਾਵਰਣ ਦੇ ਪੱਖ ਤੋਂ ਕੀਤੇ ਗਈ ਇਸ ਖੋਜ ਦੇ ਮੁੱਖ ਲੇਖਕ ਹਿਰੇਨ ਸੋਲੰਕੀ ਕਹਿੰਦੇ ਹਨ, "ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ। ਉਹ ਲੋਕ ਸਾਈਟ 'ਤੇ ਜਾਂਦੇ ਹਨ, ਉੱਥੋਂ ਡਾਟਾ ਇਕੱਠਾ ਕਰਦੇ ਹਨ। ਜਿਵੇਂ ਮਿੱਟੀ ਅਤੇ ਪੁਰਾਣੇ ਦਰੱਖਤਾਂ ਨੂੰ ਲੈਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੀਂਹ ਘੱਟ ਪਿਆ ਸੀ ਜਾਂ ਜ਼ਿਆਦਾ ਪਿਆ ਸੀ। ਇਸ ਤੋਂ ਗੁਣਾਤਮਕਤਾ ਦਾ ਪਤਾ ਲੱਗਦਾ ਹੈ ਪਰ ਅਸੀਂ ਪਤਾ ਕੀਤਾ ਕਿ ਉਸ ਸਮੇਂ ਕਿੰਨੇ ਫ਼ੀਸਦ ਘੱਟ ਬਾਰਿਸ਼ ਹੋਈ ਜਾਂ ਕਦੋਂ ਸੋਕੇ ਪਏ ਸੀ, ਉਸ ਦਾ ਕਿਹੜਾ ਸਮਾਂ ਸੀ।"
ਪੀਐੱਚਡੀ ਦੇ ਵਿਦਿਆਰਥੀ ਹਿਰੇਨ ਸੋਲੰਕੀ ਮੁਤਾਬਕ, "ਪਹਿਲਾਂ ਹੜੱਪਾ ਸੱਭਿਅਤਾ ਪੱਛਮੀ ਇਲਾਕੇ ਵਿੱਚ ਸੀ ਪਰ ਜਿਵੇਂ-ਜਿਵੇਂ ਸੋਕੇ ਪਏ ਤਾਂ ਸੱਭਿਅਤਾ ਸਿੰਧੂ ਨਦੀ ਦੇ ਨੇੜੇ ਆਈ। ਉਸ ਤੋਂ ਬਾਅਦ ਕੇਂਦਰੀ ਇਲਾਕੇ ਯਾਨਿ ਸਿੰਧੂ ਨਦੀ ਵਾਲੇ ਪਾਸੇ ਵੀ ਸੋਕੇ ਪਏ। ਇਸ ਤੋਂ ਬਾਅਦ ਲੋਕ ਇੱਕ ਤਾਂ ਸੌਰਾਸ਼ਟਰ (ਗੁਜਰਾਤ) ਗਏ ਅਤੇ ਦੂਜਾ ਹਿਮਾਲਿਆ ਹੇਠਲੇ ਇਲਾਕਿਆਂ ਵਿੱਚ ਗਏ, ਜਿੱਥੇ ਨਦੀਆਂ ਹੇਠਾਂ ਤੱਕ ਆਉਂਦੀਆਂ ਹਨ।"

ਤਸਵੀਰ ਸਰੋਤ, Getty Images
ਖੋਜ ਪੱਤਰ ਦੇ ਸਹਾਇਕ ਲੇਖਕ ਪ੍ਰੋਫੈਸਰ ਵਿਮਲ ਮਿਸ਼ਰਾ ਕਹਿੰਦੇ ਹਨ, "ਜਿਵੇਂ ਇਸ ਤੋਂ ਪਹਿਲਾਂ ਕਈ ਥਿਊਰੀਆਂ ਹਨ ਕਿ ਸਿੰਧੂ ਘਾਟੀ ਦੀ ਸੱਭਿਅਤਾ ਇੱਕ ਦਮ ਢਹਿ ਗਈ ਪਰ ਅਸੀਂ ਇਸ ਖੋਜ ਵਿੱਚ ਦਿਖਾਇਆ ਹੈ ਕਿ ਇਹ ਗੱਲ ਨਹੀਂ ਸੀ ਸਗੋਂ ਸੋਕਿਆਂ ਦੀ ਕਈ ਸੌ ਸਾਲਾਂ ਤੱਕ ਇੱਕ ਲੜੀ ਚੱਲੀ ਸੀ। ਇਹ ਸੋਕੇ ਬਹੁਤ ਲੰਮੇ ਸਮੇਂ ਤੱਕ ਚੱਲੇ। ਔਸਤਨ ਇੱਕ ਸੋਕਾ 85 ਸਾਲ ਤੋਂ ਵੱਧ ਸਮੇਂ ਤੱਕ ਚੱਲਿਆ ਸੀ। ਹਾਲਾਂਕਿ ਕਈ ਔਸਤਨ 100 ਸਾਲ ਜਾਂ 120 ਸਾਲ ਵੀ ਚੱਲੇ।"
ਵਿਮਲ ਮਿਸ਼ਰਾ ਮੁਤਾਬਕ, "ਇਸ ਤੋਂ ਪਹਿਲਾਂ ਵਾਲੇ ਜ਼ਿਆਦਾਤਰ ਅਧਿਐਨ ਕੋਰਸ ਰੈਜ਼ੋਲੂਸ਼ਨ (ਘੱਟ-ਵਿਸਥਾਰ ਵਾਲਾ ਡਾਟਾ) ਅਤੇ ਗੁਫ਼ਾਵਾਂ ਦੇ ਨਿਰੀਖਣ ਵਗੈਰਾ ਦੀ ਸਟੱਡੀ ਦੇ ਅਧਾਰ ਉਪਰ ਸਨ ਪਰ ਅਸੀਂ ਪਹਿਲੀ ਵਾਰ ਨਦੀਆਂ ਦੇ ਵਹਿਣ ਦਾ ਅਧਿਐਨ ਕੀਤਾ ਹੈ। ਇਸ ਵਿੱਚ ਦੇਖਿਆ ਗਿਆ ਹੈ ਕਿ ਕਿਵੇਂ ਪਾਣੀ ਮਿਲਣ ਦੀਆਂ ਥਾਵਾਂ ਬਦਲੀਆਂ। ਇਸ ਦੇ ਨਾਲ ਹੀ ਪਰਵਾਸ ਨੂੰ ਵੀ ਜੋੜ ਕੇ ਦੇਖਿਆ ਗਿਆ।"
ਤਾਪਮਾਨ 'ਚ ਵਾਧੇ ਨਾਲ ਪਾਣੀ ਦੀ ਕਮੀ

ਤਸਵੀਰ ਸਰੋਤ, Getty Images
ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਇਹ ਖੋਜ ਵਾਤਾਵਰਣ ਦੇ ਪੱਖ ਤੋਂ ਕੀਤੀ ਗਈ ਹੈ। ਇਸ ਖੋਜ ਵਿੱਚ ਬਦਲਦੇ ਮੌਸਮੀ ਪਰਿਵਰਤਨ ਦੇ ਮਾਡਲ (transient climate simulations) ਨੂੰ ਜਲ-ਵਿਗਿਆਨਕ ਮਾਡਲਿੰਗ (hydrological modelling) ਨਾਲ ਜੋੜ ਕੇ ਦੇਖਿਆ ਗਿਆ ਹੈ।
ਵਿਗਿਆਨੀਆਂ ਨੇ ਪਾਇਆ ਹੈ ਕਿ ਲੰਮੇ ਸੋਕਿਆਂ ਦੌਰਾਨ ਇਲਾਕੇ ਦਾ ਤਾਪਮਾਨ ਲਗਭਗ 0.5°C ਵੱਧ ਗਿਆ, ਜਿਸ ਨਾਲ ਪਾਣੀ ਦੀ ਘਾਟ ਹੋਰ ਵੀ ਗੰਭੀਰ ਹੋ ਗਈ।
ਹਿਰੇਨ ਸੋਲੰਕੀ ਮੁਤਾਬਕ, "ਅਸੀਂ ਦੇਖਿਆ ਕਿ ਉਸ ਸਮੇਂ ਤਾਪਮਾਨ ਵੱਧ ਗਿਆ ਸੀ। ਉਸ ਕਾਰਨ ਗਲੇਸ਼ੀਅਰ ਪਿਘਲ ਗਿਆ ਜਿਸ ਨਾਲ ਨਦੀਆਂ ਵਿੱਚ ਪਾਣੀ ਮਿਲਣਾ ਹੀ ਸੀ। ਇਸ ਤਰ੍ਹਾਂ ਪਾਣੀ ਮਿਲਣ ਕਾਰਨ ਲੋਕ ਹਿਮਾਲਿਆ ਵੱਲ ਚਲੇ ਗਏ। ਦੂਜੇ ਪਾਸੇ ਸੌਰਾਸ਼ਟਰ ਵਿੱਚ ਜਾਣ ਦਾ ਕਾਰਨ ਸੀ ਕਿ ਉੱਥੇ ਹੋਰਨਾਂ ਇਲਾਕਿਆਂ ਦੇ ਮੁਕਾਬਲੇ ਥੋੜ੍ਹੀ ਚੰਗੀ ਬਾਰਿਸ਼ ਸੀ। ਇਸ ਦੇ ਨਾਲ ਹੀ ਸੌਰਾਸ਼ਟਰ ਵਿੱਚ ਵਪਾਰ ਦਾ ਨੈਟਵਰਕ ਵੀ ਜੁੜਿਆ ਹੋਇਆ ਸੀ।"
ਉਹ ਕਹਿੰਦੇ ਹਨ, "ਅਸੀਂ ਇਹ ਵੀ ਨਹੀਂ ਕਹਿੰਦੇ ਹਨ ਕਿ ਸਾਈਟ ਪੂਰੀ ਤਰ੍ਹਾਂ ਗਾਇਬ ਹੋ ਗਈ। ਪਰ ਲੋਕ ਵਾਤਾਰਵਣ ਤਬਦੀਲੀ ਦੇ ਅਨੁਕੂਲ ਹੋਣ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਲੱਗੇ।"
ਲੋਕਾਂ ਨੇ ਖੇਤੀ ਦੀਆਂ ਫ਼ਸਲਾਂ ਬਦਲੀਆਂ

ਤਸਵੀਰ ਸਰੋਤ, Getty Images
ਅਧਿਐਨ ਮੁਤਾਬਕ ਮਾਨਸੂਨ ਦੀ ਕਮੀ ਅਤੇ ਦਰਿਆਵਾਂ ਦੇ ਵਹਾਅ ਵਿੱਚ ਘਾਟ ਕਾਰਨ ਖੇਤੀਬਾੜੀ ਬਹੁਤ ਪ੍ਰਭਾਵਿਤ ਹੋਈ। 'ਲੋਕਾਂ ਨੇ ਕਣਕ ਅਤੇ ਜੌ ਦੀਆਂ ਫ਼ਸਲਾਂ' ਤੋਂ ਹੋਰ ਫ਼ਸਲਾਂ ਵੱਲ ਰੁੱਖ ਕੀਤਾ। ਯਾਨਿ ਪਾਣੀ ਘੱਟ ਹੋਣ ਨਾਲ ਹੜੱਪਾ ਵਾਸੀਆਂ ਨੂੰ ਘੱਟ ਪਾਣੀ ਨਾਲ ਹੋਣ ਵਾਲੀਆਂ ਫਸਲਾਂ ਵੱਲ ਜਾਣਾ ਪਿਆ।
ਪ੍ਰੋਫੈਸਰ ਮਿਸ਼ਰਾ ਮੁਤਾਬਕ ਸਰਦੀਆਂ ਦੌਰਾਨ ਪੈਂਦੀਆਂ ਬਾਰਿਸ਼ਾਂ ਨੇ ਅਗਲੇਰੇ ਤੋਂ ਸਿਖਰਲੇ ਹੜੱਪਾ ਕਾਲ ਵਿੱਚ ਸੋਕੇ ਦੇ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਰੋਕੀ ਰੱਖਿਆ ਸੀ, ਪਰ ਪਿਛਲੇ ਹੜੱਪਾ ਕਾਲ ਵਿੱਚ ਸਰਦੀ ਦੇ ਮਾਨਸੂਨ ਦੀ ਕਮੀ ਨਾਲ ਕੇਂਦਰੀ ਇਲਾਕਿਆਂ ਵਿੱਚ ਖੇਤੀਬਾੜੀ ਲਈ ਆਖ਼ਰੀ ਸਹਾਰਾ ਵੀ ਖ਼ਤਮ ਹੋ ਗਿਆ।
ਸੋਲੰਕੀ ਸਮਝਾਉਂਦੇ ਹਨ, "ਲੋਕਾਂ ਨੇ ਆਪਣੀ ਖੇਤੀ ਬਦਲਣੀ ਸ਼ੁਰੂ ਕਰ ਦਿੱਤੀ। ਉਹ ਬਾਜਰੇ ਦੀ ਖੇਤੀ ਵੱਲ ਗਏ। ਯਾਨਿ ਉਹ ਫ਼ਸਲਾਂ ਜੋ ਸੋਕੇ ਦਾ ਸਾਹਮਣੇ ਕਰ ਸਕਣ।"
ਉਹ ਕਹਿੰਦੇ ਹਨ, "ਸ਼ੁਰੂਆਤੀ ਸੋਕਿਆਂ ਵਿੱਚ ਲੋਕਾਂ ਨੇ ਇਸ ਤਰ੍ਹਾਂ ਦੀ ਰਣਨੀਤੀ ਵਰਤੀ। ਪਰ ਜਦੋਂ ਸੋਕਾ ਜ਼ਿਆਦਾ ਪੈਣ ਲੱਗਾ ਅਤੇ ਪਾਣੀ ਘੱਟਣ ਲੱਗਾ ਤਾਂ ਇਹ ਸਾਈਟ ਵੱਡੇ ਤੋਂ ਛੋਟੇ-ਛੋਟੇ ਕਸਬਿਆਂ ਵਿੱਚ ਬਦਲਣ ਲੱਗੀ। ਯਾਨਿ ਲੋਕ ਹੋਰ ਛੋਟੀਆਂ-ਛੋਟੀਆਂ ਥਾਵਾਂ 'ਤੇ ਜਾ ਵਸੇ।"
ਪ੍ਰਸਾਸ਼ਨ ਦਾ ਕੀ ਰੋਲ ਰਿਹਾ?
ਸਿੰਧੂ ਘਾਟੀ ਦੇ ਸੱਭਿਅਤਾ ਆਪਣੇ ਸਮੇਂ ਦੀ ਚੰਗੀ ਯੋਜਨਾਬੰਦੀ ਲਈ ਜਾਣੀ ਜਾਂਦੀ ਹੈ।
ਪਰ ਸੋਕਿਆਂ ਦੇ ਦੌਰ ਵਿੱਚ ਪ੍ਰਸਾਸ਼ਨ ਦਾ ਕੀ ਰੋਲ ਰਿਹਾ ਹੋਵੇਗਾ?
ਇਸ ਬਾਰੇ ਸੋਲੰਕੀ ਕਹਿੰਦੇ ਹਨ, "ਸੋਕਾ ਸਾਰੀਆਂ ਥਾਵਾਂ 'ਤੇ ਪਿਆ ਸੀ ਪਰ ਜਿੱਥੇ ਸਿਸਟਮ ਚੰਗਾ ਸੀ, ਉੱਥੇ ਲੋਕ ਰਹਿ ਪਾਏ। ਪਰ ਜਦੋਂ ਤੀਜਾ ਅਤੇ ਚੌਥਾ ਸੋਕਾ ਪਿਆ ਤਾਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣ ਲੱਗੇ।"
ਹਿਰੇਨ ਸੋਲੰਕੀ ਮੁਤਾਬਕ, "ਅਸੀਂ ਦੇਖਿਆ ਹੈ ਕਿ ਹੜੱਪਾ ਦੀ ਸੱਭਿਅਤਾ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਕਿਵੇਂ ਗਈ? ਇਸ ਦੇ ਢਹਿ ਜਾਣ ਜਾਂ ਖ਼ਤਮ ਹੋਣ ਦੇ ਕੀ ਕਾਰਨ ਸਨ? ਪਰ ਵਾਤਾਵਰਣ ਇਕੱਲਾ ਕਾਰਨ ਨਹੀਂ ਸੀ ਜਿਸ ਕਰਕੇ ਸੱਭਿਅਤਾ ਖ਼ਤਮ ਹੋਈ। ਉਸ ਨਾਲ ਹੋਰ ਵੀ ਬਹੁਤ ਸਾਰੇ ਕਾਰਨ ਸਨ ਕਿਉਂਕਿ ਸੋਕਾ ਤਾਂ ਵਿਚਕਾਰ ਵਾਲੇ ਸਾਲਾਂ ਵਿੱਚ ਵੀ ਪਿਆ ਸੀ।"
ਸਾਊਥ ਏਸ਼ੀਆ ਨੈਟਵਰਕ ਆਨ ਡੈਮਜ਼, ਰਿਵਰਜ਼ ਐਂਡ ਪੀਪਲ ਦੇ ਕੁਆਰਡੀਨੇਟਰ ਹਿਮਾਂਸ਼ੂ ਠੱਕਰ ਕਹਿੰਦੇ ਹਨ, "ਇਹ ਖੋਜ ਕੁਦਰਤੀ ਵਰਤਾਰੇ ਬਾਰੇ ਗੱਲ ਕਰਦੀ ਹੈ ਜਿਸ ਵਿੱਚ ਚਾਰ ਸੌਕੇ ਕਈ ਕਈ-ਕਈ ਦਹਾਕਿਆਂ ਵਿੱਚ ਪਏ ਸਨ।"
ਹਿਮਾਂਸ਼ੂ ਠੱਕਰ ਅੱਗੇ ਕਹਿੰਦੇ ਹਨ, "ਅੱਜ ਸਾਡਾ ਧਰਤੀ ਹੇਠਲਾ ਪਾਣੀ, ਨਦੀਆਂ ਅਤੇ ਜੰਗਲ ਤੇਜੀ ਨਾਲ ਬਰਬਾਦ ਕੀਤੇ ਜਾ ਰਹੇ ਹਨ। ਉਸ ਸਮੇਂ ਜੋ ਵਾਪਰਿਆ ਉਹ ਕੁਦਰਤੀ ਸੀ ਪਰ ਜੋ ਅੱਜ ਹੋ ਰਿਹਾ ਹੈ, ਉਹ ਮਨੁੱਖ ਵੱਲੋਂ ਪੈਦਾ ਕੀਤੀ ਸਥਿਤੀ ਹੈ। ਇਹ ਜ਼ਿਆਦਾ ਖ਼ਤਰਨਾਕ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












