ਅੱਧੇ ਖਾਧੇ ਸੈਂਡਵਿਚ ਅਤੇ ਇੱਕ ਝਾੜੂ ਨਾਲ 90 ਕਰੋੜ ਦੇ ਹੀਰਿਆਂ ਦੀ ਚੋਰੀ ਕਿਵੇਂ ਫੜੀ ਗਈ?

ਤਸਵੀਰ ਸਰੋਤ, Netflix
- ਲੇਖਕ, ਐਮਿਲੀ ਵੈੱਬ, ਜੋ ਫਿਡਜਨ ਅਤੇ ਮਰਯਮ ਫਾਰੂਕ
- ਰੋਲ, ਬੀਬੀਸੀ ਆਉਟਲੁੱਕ
ਇੱਕ ਅੱਧਾ ਖਾਧਾ ਹੋਇਆ ਸੈਂਡਵਿਚ। ਇਹੀ ਇਕਲੌਤਾ ਸਬੂਤ ਸੀ ਜਿਸ ਦੀ ਮਦਦ ਨਾਲ ਬੈਲਜੀਅਮ ਦੇ ਡਿਟੈਕਟਿਵ ਪੈਟ੍ਰਿਕ ਪੇਸ ਨੇ 2003 ਵਿੱਚ ਐਂਟਵਰਪ ਤੋਂ 100 ਮਿਲੀਅਨ ਡਾਲਰ ਦੇ ਹੀਰਿਆਂ ਦੀ ਚੋਰੀ ਦੀ ਗੁੱਥੀ ਸੁਲਝਾਈ।
ਉਸ ਸਮੇਂ ਇਸ ਨੂੰ "ਸਦੀ ਦੀ ਸਭ ਤੋਂ ਵੱਡੀ ਚੋਰੀ" ਕਿਹਾ ਗਿਆ ਸੀ। ਪੈਟ੍ਰਿਕ ਪੇਸ ਦੁਨੀਆਂ ਦੀ ਪਹਿਲੀ ਡਾਇਮੰਡ ਬ੍ਰਿਗੇਡ ਦੇ ਮੁੱਖ ਏਜੰਟਾਂ ਵਿੱਚੋਂ ਇੱਕ ਸਨ ਅਤੇ ਇਹ ਚੋਰੀ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ।
ਉਨ੍ਹਾਂ ਨੇ ਇਸ ਕੇਸ ਨੂੰ ਇੱਕ ਝਾੜੂ, ਇੱਕ ਲੋਹੇ ਦੀ ਛੜੀ ਅਤੇ ਸਲਾਮੀ ਵਾਲੇ ਕੁਝ ਸੈਂਡਵਿਚਾਂ ਦੀ ਮਦਦ ਨਾਲ ਸੁਲਝਾਇਆ।
ਚੋਰੀ ਦਾ ਦਿਨ
ਇਹ ਚੋਰੀ ਫਰਵਰੀ 2003 ਵਿੱਚ ਹੋਈ ਸੀ। ਬੈਲਜੀਅਮ ਵਿੱਚ ਐਂਟਵਰਪ ਸ਼ਹਿਰ, ਜੋ ਦੇਸ਼ ਦੇ ਫ਼ਲੈਮਿਸ਼ ਖੇਤਰ ਵਿੱਚ ਸਥਿਤ ਹੈ, ਵਿੱਚ ਵੀਨਸ ਵਿਲੀਅਮਜ਼ ਡਾਇਮੰਡ ਗੇਮਜ਼ ਦੇ ਫਾਈਨਲ ਵਿੱਚ ਖੇਡ ਰਹੇ ਸਨ। ਸੁਰੱਖਿਆ ਕਾਫ਼ੀ ਜ਼ਿਆਦਾ ਸੀ। ਭਾਰੀ ਪੁਲਿਸ ਬਲ ਤੈਨਾਤ ਸੀ, ਪਰ ਸ਼ਹਿਰ ਦੇ ਦੂਜੇ ਪਾਸੇ, ਇਤਿਹਾਸ ਦੀ ਸਭ ਤੋਂ ਦਲੇਰਾਨਾ, ਹੀਰਿਆਂ ਦੀ ਲੁੱਟ ਹੋ ਰਹੀ ਸੀ।
ਕਿਸੇ ਨੇ ਵੀ ਚੋਰਾਂ ਨੂੰ ਨਹੀਂ ਦੇਖਿਆ। ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਉਹ ਅੰਦਰ ਕਿਵੇਂ ਗਏ ਜਾਂ ਬਾਹਰ ਕਿਵੇਂ ਨਿਕਲੇ। ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ। ਇਹ ਇੱਕ ਪਰਫੈਕਟ ਅਪਰਾਧ ਸੀ, ਪਰ ਇਹ ਇਸ ਲਈ ਅਸਫ਼ਲ ਹੋ ਗਿਆ ਕਿਉਂਕਿ ਚੋਰਾਂ ਨੇ ਭੱਜਣ ਵਿੱਚ ਸਮਝਦਾਰੀ ਨਹੀਂ ਦਿਖਾਈ।
ਐਂਟਵਰਪ ਦਾ ਡਾਇਮੰਡ ਡਿਸਟ੍ਰਿਕਟ ਬਹੁਤ ਵੱਡਾ ਨਹੀਂ ਹੈ, ਪਰ ਇਸ ਦੀਆਂ ਤਿੰਨ ਛੋਟੀਆਂ ਗਲੀਆਂ ਉੱਥੋਂ ਦੇ ਵਪਾਰੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਉੱਥੇ 60 ਤੋਂ ਵੱਧ ਸੀਸੀਟੀਵੀ ਕੈਮਰੇ ਹਨ ਅਤੇ 2003 ਵਿੱਚ ਵੀ ਇਸੇ ਤਰ੍ਹਾਂ ਸਨ। ਬੇਹੱਦ ਦੌਲਤ ਹੋਣ ਕਰਕੇ ਇਨ੍ਹਾਂ ਗਲੀਆਂ ਵਿੱਚ ਸੁਰੱਖਿਆ ਪ੍ਰਣਾਲੀ ਵੀ ਬਹੁਤ ਮਜ਼ਬੂਤ ਹੈ।
ਸਭ ਤੋਂ ਸਧਾਰਣ ਅਤੇ ਜ਼ਰਜਰ ਇਮਾਰਤਾਂ ਵਿੱਚ ਵੀ ਜ਼ਬਰਦਸਤ ਸੁਰੱਖਿਆ ਹੈ। ਪੇਸ, ਵਰਲਡ ਡਾਇਮੰਡ ਸੈਂਟਰ ਵੱਲ ਇਸ਼ਾਰਾ ਕਰਦੇ ਹਨ, ਜੋ ਸ਼ਾਇਦ ਇਸ ਗਲੀ ਦੀ ਸਭ ਤੋਂ ਮਹੱਤਵਪੂਰਨ ਇਮਾਰਤ ਹੈ।
ਇੱਥੇ ਦੁਨੀਆਂ ਦੇ ਸਭ ਤੋਂ ਮੁਨਾਫ਼ੇ ਵਾਲੇ ਸੌਦੇ ਹੋਏ ਹਨ। ਸਾਲ 2003 ਵਿੱਚ ਇਸ ਦੇ ਤਹਿਖ਼ਾਨੇ ਵਿੱਚ ਕਈ ਸੇਫ਼ ਡਿਪਾਜ਼ਿਟ ਬਾਕਸ ਸਨ, ਜਿਨ੍ਹਾਂ ਵਿੱਚ ਬੇਹੱਦ ਕੀਮਤੀ ਹੀਰੇ ਸਨ। ਇਨ੍ਹਾਂ ਵਿੱਚੋਂ 189 ਬਾਕਸ ਇੱਕ ਉੱਚ-ਸੁਰੱਖਿਆ ਵਾਲੇ ਵਾਲਟ ਵਿੱਚ ਸਨ।

ਤਸਵੀਰ ਸਰੋਤ, Getty Images
ਜਾਸੂਸ ਦੱਸਦੇ ਹਨ ਕਿ ਵਾਲਟ ਦਾ ਦਰਵਾਜ਼ਾ 30 ਸੈਂਟੀਮੀਟਰ ਮੋਟਾ ਹੈ ਅਤੇ ਇਹ ਬਿਨਾਂ ਚਾਬੀ ਅਤੇ ਸੁਰੱਖਿਆ ਕੋਡ ਦੇ ਨਹੀਂ ਖੁੱਲ੍ਹ ਸਕਦਾ।
ਉਨ੍ਹਾਂ ਦੱਸਿਆ, "ਜੇ ਤੁਸੀਂ ਦਰਵਾਜ਼ਾ ਖੋਲ੍ਹਦੇ ਹੋ ਤਾਂ ਇੱਕ ਮੈਗਨੈਟਿਕ ਸਿਸਟਮ ਵੀ ਹੁੰਦਾ ਹੈ ਜਿਸ ਨਾਲ ਅਲਾਰਮ ਵੱਜ ਜਾਂਦਾ ਹੈ ਅਤੇ ਵਾਲਟ ਵਿੱਚ ਹਰ ਕਿਸਮ ਦੀ ਸੁਰੱਖਿਆ ਹੈ।"
ਇੱਥੇ ਹੀਟ ਡਿਟੈਕਟਰ ਹਨ, ਮੋਸ਼ਨ ਡਿਟੈਕਟਰ, ਸਾਊਂਡ ਡਿਟੈਕਟਰ, ਲਾਈਟ ਡਿਟੈਕਟਰ ਸਭ ਹਨ। ਇੱਥੋਂ ਤੱਕ ਕਿ ਭੂਚਾਲ ਡਿਟੈਕਟਰ ਵੀ ਹੈ। ਜੇ ਕੋਈ ਡ੍ਰਿਲ ਵਰਤਦਾ ਹੈ ਤਾਂ ਤੁਰੰਤ ਅਲਾਰਮ ਵੱਜ ਜਾਂਦਾ ਹੈ।
17 ਫਰਵਰੀ 2003 ਸੋਮਵਾਰ ਦੀ ਸਵੇਰ ਸੀ, ਜਦੋਂ ਪੇਸ ਨੂੰ ਸਥਾਨਕ ਪੁਲਿਸ ਵੱਲੋਂ ਇੱਕ ਕਾਲ ਆਈ। ਡਾਇਮੰਡ ਸੈਂਟਰ ਵਿੱਚ ਇੱਕ ਸੇਫ਼ ਖੋਲ੍ਹੀ ਗਈ ਸੀ। ਇਸ ਦਾ ਉਹ ਦਰਵਾਜ਼ਾ ਖੁੱਲ੍ਹਾ ਪਿਆ ਸੀ ਜਿਸਨੇ ਅਭੇਦ ਮੰਨਿਆ ਜਾਂਦਾ ਸੀ।
ਵਾਲਟ ਵਿੱਚ ਚੋਰੀ ਹੋ ਚੁੱਕੀ ਸੀ ਅਤੇ ਸੁਰੱਖਿਆ ਏਜੰਟਾਂ ਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ। ਪੇਸ ਯਾਦ ਕਰਦੇ ਹਨ, "ਅੰਦਰ ਫਰਸ਼ 'ਤੇ ਹੀਰੇ, ਗਹਿਣੇ ਅਤੇ ਪੈਸੇ ਪਏ ਸਨ। 100 ਤੋਂ ਵੱਧ ਵਾਲਟ ਖਾਲ੍ਹੀ ਕੀਤੇ ਜਾ ਚੁੱਕੇ ਸਨ। ਹਰ ਕਿਸਮ ਦੇ ਹੀਰੇ ਫਰਸ਼ 'ਤੇ ਪਏ ਹੋਏ ਸਨ। ਕੁਝ ਛੋਟੇ, ਹਰੇ ਰੰਗ ਦੇ ਹੀਰੇ ਵੀ ਸਨ।"

ਤਸਵੀਰ ਸਰੋਤ, Netflix
ਜਾਸੂਸ ਦੇ ਮਨ ਵਿੱਚ ਚੋਰਾਂ ਦੇ ਔਜ਼ਾਰ ਬਾਰੇ ਖ਼ਿਆਲ ਆਇਆ। "ਚੋਰ ਆਪਣੇ ਔਜ਼ਾਰ ਵਾਪਸ ਨਹੀਂ ਲੈ ਕੇ ਗਏ। ਇਸ ਦਾ ਮਤਲਬ ਹੈ ਕਿ ਮਾਲ ਬਹੁਤ ਵੱਡੀ ਮਾਤਰਾ ਵਿੱਚ ਸੀ। ਮੇਰਾ ਖ਼ਿਆਲ ਹੈ ਕਿ ਜੇ ਤੁਹਾਨੂੰ ਇੱਕ ਕਿਲੋ ਸੋਨੇ ਦੀਆਂ ਇੱਟਾਂ ਅਤੇ ਇੱਕ ਡ੍ਰਿਲ ਵਿੱਚੋਂ ਇੱਕ ਚੀਜ਼ ਚੁਣਨੀ ਪਏ, ਤਾਂ ਤੁਸੀਂ ਸੋਨਾ ਹੀ ਚੁਣੋਗੇ।"
ਜਦੋਂ ਪੇਸ ਹੀਰਿਆਂ ਵਿੱਚੋਂ ਲੰਘਦੇ ਹੋਏ ਵਾਲਟਾਂ ਕੋਲੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਇੱਕ ਸਵਾਲ ਲਗਾਤਾਰ ਘੁੰਮ ਰਿਹਾ ਸੀ, "ਇਹ ਕਿਵੇਂ ਸੰਭਵ ਹੈ ਕਿ ਦੁਨੀਆਂ ਦੀ ਸਭ ਤੋਂ ਅਧੁਨਿਕ ਸੁਰੱਖਿਆ ਪ੍ਰਣਾਲੀ ਹੋਣ ਦੇ ਬਾਵਜੂਦ ਇੱਕ ਵੀ ਅਲਾਰਮ ਨਹੀਂ ਵੱਜਿਆ?"
"ਮੇਰੇ ਇੱਕ ਸਾਥੀ ਨੇ ਸੁਰੱਖਿਆ ਕੰਪਨੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੇ ਕਿਹਾ, 'ਸਰ, ਸਾਨੂੰ ਇੱਥੋਂ ਦਿਖਾਈ ਦੇ ਰਿਹਾ ਹੈ ਕਿ ਵਾਲਟ ਅਜੇ ਵੀ ਬੰਦ ਹੈ ਅਤੇ ਸਭ ਕੁਝ ਠੀਕ ਹੈ।' ਇਸ 'ਤੇ ਮੇਰੇ ਸਾਥੀ ਨੇ ਕਿਹਾ, 'ਮੈਂ ਇਸ ਸਮੇਂ ਵਾਲਟ ਦੇ ਅੰਦਰ ਖੜ੍ਹਾ ਹਾਂ'।"
"ਇਹ ਇਤਿਹਾਸ ਦੀ ਸਭ ਤੋਂ ਵੱਡੀ ਹੀਰਾ ਚੋਰੀ ਸੀ ਅਤੇ ਸਾਨੂੰ ਪਤਾ ਸੀ ਕਿ ਅਸੀਂ ਅਜਿਹੇ ਦੁਸ਼ਮਣਾਂ ਦਾ ਸਾਹਮਣਾ ਕਰ ਰਹੇ ਹਾਂ, ਜਿਨ੍ਹਾਂ ਨੂੰ ਪਹਿਲਾਂ ਕਦੇ ਦੇਖਿਆ ਨਹੀਂ ਗਿਆ।"

'ਸਦੀ ਦੀ ਸਭ ਤੋਂ ਵੱਡੀ ਚੋਰੀ'
ਇਹ ਚੋਰੀ ਬਿਨਾਂ ਕਿਸੇ ਡਰਾਮੇ ਦੇ, ਗੋਲ਼ੀਆਂ ਦੀ ਆਵਾਜ਼ ਦੇ, ਟਾਇਰਾਂ ਦੀ ਰਗੜ ਦੇ ਜਾਂ ਬਿਨਾਂ ਕਿਸੇ ਖੂਨ-ਖ਼ਰਾਬੇ ਦੇ ਹੋਈ। ਜਦੋਂ ਇਹ ਖ਼ਬਰਾਂ ਵਿੱਚ ਆਈ ਤਾਂ ਇਸਨੂੰ 'ਸਦੀ ਦੀ ਸਭ ਤੋਂ ਵੱਡੀ ਚੋਰੀ' ਕਿਹਾ ਗਿਆ।
ਪੇਸ ਕਹਿੰਦੇ ਹਨ, "ਇਹ ਸਭ ਸਾਡੀ ਨੱਕ ਹੇਠ ਹੋ ਰਿਹਾ ਸੀ, ਅਸੀਂ ਥੋੜ੍ਹਾ ਹੈਰਾਨ ਸੀ। ਉਨ੍ਹਾਂ ਦੇ ਇੱਕ ਸਾਥੀ ਯਾਦ ਕਰਦੇ ਹਨ ਕਿ ਜਦੋਂ ਚੋਰੀ ਦੇ ਪੀੜਤਾਂ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਰੋਣ ਲੱਗ ਪਏ। ਕੁਝ ਤਾਂ ਬੇਹੋਸ਼ ਵੀ ਹੋ ਗਏ।"
ਵਾਲਟਾਂ ਦੇ ਅੰਦਰ ਉਨ੍ਹਾਂ ਦੇ ਆਪਣੇ ਸੇਫ਼ ਸਨ। ਭਾਵੇਂ ਫ਼ਲੈਮਿਸ਼ ਹੋਵੇ, ਭਾਰਤੀ, ਅਰਮੀਨੀਅਨ, ਇਟਾਲੀਅਨ ਜਾਂ ਯਹੂਦੀ ਹੋਵੇ, ਐਂਟਵਰਪ ਦੀ ਅੰਤਰਰਾਸ਼ਟਰੀ ਹੀਰਾ ਵਪਾਰੀ ਕਮਿਊਨਿਟੀ ਨੂੰ ਭਾਰੀ ਨੁਕਸਾਨ ਹੋਇਆ। ਡਾਇਮੰਡ ਸੈਂਟਰ ਦੀ ਇਮਾਰਤ ਵਿੱਚ ਕੁੱਲ 24 ਕੈਮਰੇ ਲੱਗੇ ਹੋਏ ਸਨ।
ਵਾਲਟ ਦੇ ਅੰਦਰ ਵੀ ਕੈਮਰੇ ਸਨ। ਸ਼ੱਕੀ ਲੋਕ ਇੰਨੇ ਚਲਾਕ ਸਨ ਕਿ ਉਹ ਨਾ ਸਿਰਫ਼ ਵਾਲਟ ਦਾ ਸਮਾਨ ਲੈ ਗਏ, ਸਗੋਂ ਉਸ ਰਾਤ ਦੀ ਵੀਡੀਓ ਰਿਕਾਰਡਿੰਗ ਵੀ ਚੋਰੀ ਕਰਕੇ ਲੈ ਗਏ। ਇਹ ਸਪਸ਼ਟ ਹੋ ਰਿਹਾ ਸੀ ਕਿ ਇਹ ਆਮ ਅਪਰਾਧੀ ਨਹੀਂ ਸਨ।
ਉਹ ਕਹਿੰਦੇ ਹਨ, "ਕੁਝ ਸੁਰੱਖਿਆ ਪ੍ਰਣਾਲੀਆਂ ਨੂੰ ਇੰਨੇ ਬਚਕਾਨਾ ਤਰੀਕੇ ਤੋੜਿਆ ਜਾ ਸਕਦਾ ਸੀ ਕਿ ਦੇਖ ਕੇ ਹੈਰਾਨੀ ਹੁੰਦੀ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ।"
"ਮਿਸਾਲ ਵਜੋਂ, ਹੀਟ ਡਿਟੈਕਟਰ ਨੂੰ ਕਿਵੇਂ ਬੰਦ ਕੀਤਾ ਜਾ ਸਕਦਾ ਹੈ? ਚੋਰਾਂ ਨੇ ਇੱਕ ਝਾੜੂ ਦੇ ਹੈਂਡਲ 'ਤੇ ਪਾਲੀਸਟਾਈਰੀਨ ਫੋਮ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਲਗਾ ਦਿੱਤੀ। ਫਿਰ ਉਸਨੂੰ ਸੈਂਸਰ ਦੇ ਸਾਹਮਣੇ ਰੱਖ ਦਿੱਤਾ। ਇਸ ਤਰ੍ਹਾਂ ਉਹ ਗਰਮੀ ਮਹਿਸੂਸ ਨਹੀਂ ਕਰ ਸਕਦਾ ਸੀ।"
ਜਾਸੂਸ ਹੈਰਾਨ ਰਹਿ ਗਏ।

ਤਸਵੀਰ ਸਰੋਤ, Netflix
ਉਨ੍ਹਾਂ ਕੋਲ ਕੋਈ ਸੁਰਾਗ਼ ਨਹੀਂ ਸੀ। ਕੋਈ ਸੁਰੱਖਿਆ ਕੈਮਰੇ ਨਹੀਂ। ਕੁਝ ਵੀ ਨਹੀਂ। ਪਰ ਫਿਰ ਇੱਕ ਫ਼ੋਨ ਕਾਲ ਆਈ। ਕਾਲ ਕਰਨ ਵਾਲੇ ਆਦਮੀ ਦਾ ਨਾਮ ਆਗਸਤ ਵੈਨ ਕੈਂਪ ਸੀ।
ਕੈਂਪ ਇੱਕ ਸੇਵਾਮੁਕਤ ਵਿਅਕਤੀ ਸਨ। ਉਨ੍ਹਾਂ ਨੂੰ ਆਦਤ ਸੀ ਕਿ ਉਹ ਪੁਲਿਸ ਨੂੰ ਕੂੜੇ-ਕਰਕਟ ਬਾਰੇ ਸ਼ਿਕਾਇਤਾਂ ਕਰਦੇ ਰਹਿੰਦੇ ਸਨ। ਉਹ ਖ਼ਰਗੋਸ਼ ਪਾਲਦੇ ਸਨ ਅਤੇ ਉਨ੍ਹਾਂ ਨੂੰ ਨੇੜਲੇ ਜੰਗਲ ਵਿੱਚ ਘੁੰਮਾਉਣ ਲਈ ਲੈ ਕੇ ਜਾਂਦੇ ਸਨ।
ਹਾਲਾਂਕਿ, ਇਹ ਜੰਗਲ ਹਾਈਵੇ ਦੇ ਨੇੜੇ ਸੀ ਅਤੇ ਉੱਥੇ ਕੂੜੇ ਦਾ ਇੱਕ ਵੱਡਾ ਢੇਰ ਲੱਗਾ ਰਹਿੰਦਾ ਸੀ। ਆਉਂਦੇ-ਜਾਂਦੇ ਲੋਕ ਆਪਣਾ ਕੂੜਾ ਉੱਥੇ ਸੁੱਟ ਜਾਂਦੇ ਸਨ। ਕੈਂਪ ਅਤੇ ਸ਼ਾਇਦ ਉਨ੍ਹਾਂ ਦੇ ਨੌਕਰਾਂ ਨੂੰ ਵੀ ਇਹ ਚੰਗਾ ਨਹੀਂ ਲੱਗਦਾ ਸੀ।
"ਕੈਂਪ ਬਹੁਤ ਪਰੇਸ਼ਾਨ ਰਹਿੰਦਾ ਸੀ। ਇਸ ਲਈ ਉਹ ਹਰ ਰੋਜ਼ ਦੇਖਦਾ ਸੀ ਕਿ ਕਿਸ ਨੇ ਕਿਸ ਤਰ੍ਹਾਂ ਦਾ ਕੂੜਾ ਸੁੱਟਿਆ ਹੈ।"
ਫਰਵਰੀ ਮਹੀਨੇ ਦੇ ਉਸ ਦਿਨ ਜਦੋਂ ਕੈਂਪ ਬਾਹਰ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਕੁਝ ਲੋਕਾਂ ਨੇ ਫਿਰ ਕੂੜਾ ਸੁੱਟ ਦਿੱਤਾ ਹੈ, ਪਰ ਇਸ ਵਾਰ ਥੋੜ੍ਹੇ ਵੱਖਰੇ ਤਰੀਕੇ ਨਾਲ।
"ਉਨ੍ਹਾਂ ਨੇ ਦੇਖਿਆ ਕਿ ਇਹ ਆਮ ਕੂੜਾ ਨਹੀਂ ਸੀ। ਇਸ ਵਿੱਚ ਪਾੜੇ ਹੋਏ ਦਸਤਾਵੇਜ਼ ਸਨ। ਨਾਲ ਹੀ ਕਰੰਸੀ ਨੋਟਾਂ ਦੇ ਟੁੱਕੜੇ ਵੀ ਸਨ।"
ਕੂੜੇ ਵਿਚਕਾਰ ਛੋਟੇ ਹਰੇ ਹੀਰੇ ਵੀ ਮਿਲੇ। ਕੈਂਪ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਇਸ ਵਾਰ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਕੂੜਾ ਇਕੱਠਾ ਕਰ ਲਿਆ।
ਪੁਲਿਸ ਸਟੇਸ਼ਨ ਵਾਪਸ ਆ ਕੇ ਪੇਸ ਦੇ ਸਾਥੀਆਂ ਨੇ ਘੰਟਿਆਂ ਤੱਕ ਉਸ ਕੂੜੇ ਨੂੰ ਛਾਂਟਿਆ। ਕੂੜੇ ਦੀ ਥੈਲੀ ਦੇ ਅੰਦਰ ਕਿਸੇ ਕਿਸਮ ਦਾ ਇੱਕ ਦਸਤਾਵੇਜ਼ ਸੀ ਅਤੇ ਉਸ 'ਤੇ ਇੱਕ ਨਾਮ ਲਿਖਿਆ ਹੋਇਆ ਸੀ, ਲਿਓਨਾਰਡੋ ਨੋਟਾਰਬੇਰਤੋਲੋ।

ਤਸਵੀਰ ਸਰੋਤ, AFP vía Getty Images
ਪਹਿਲੀ ਨਜ਼ਰੇ ਇਹ ਸਿਰਫ਼ ਇੱਕ ਇਟਾਲਵੀ ਹੀਰਾ ਵਪਾਰੀ ਦਾ ਨਾਮ ਲੱਗ ਰਿਹਾ ਸੀ, ਜਿਸ ਦਾ ਡਾਇਮੰਡ ਸੈਂਟਰ ਵਿੱਚ ਦਫ਼ਤਰ ਅਤੇ ਵਾਲਟ ਸੀ।
ਜਦੋਂ ਪੇਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਨੋਟਾਰਬੇਰਤੋਲੋ ਦਾ ਸੇਫ਼ ਡਿਪਾਜ਼ਿਟ ਵਾਲਟ ਉਨ੍ਹਾਂ ਕੁਝ ਵਾਲਟਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਜ਼ਬਰਦਸਤੀ ਨਹੀਂ ਖੋਲ੍ਹਿਆ ਗਿਆ ਸੀ।
ਇਸ ਲਈ ਉਨ੍ਹਾਂ ਨੇ ਨੋਟਾਰਬੇਰਤੋਲੋ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਪਰ ਲਿਓਨਾਰਡੋ ਨੋਟਾਰਬੇਰਤੋਲੋ ਕਿਤੇ ਵੀ ਨਹੀਂ ਮਿਲ ਰਿਹਾ ਸੀ। ਇਟਲੀ ਵਿੱਚ ਪੁੱਛਗਿੱਛ ਤੋਂ ਬਾਅਦ, ਇਸ ਇਟਾਲਵੀ ਹੀਰਾ ਚੋਰ ਦੇ ਅਤੀਤ ਦੀਆਂ ਕੁਝ ਸ਼ੱਕੀ ਜਾਣਕਾਰੀਆਂ ਸਾਹਮਣੇ ਆਈਆਂ। ਮਿਸਾਲ ਵਜੋਂ, ਉਸ ਦਾ ਇੱਕ ਲੰਮਾ ਅਪਰਾਧਿਕ ਰਿਕਾਰਡ ਸੀ।
ਉਨ੍ਹਾਂ ਨੇ ਨੋਟਾਰਬੇਰਤੋਲੋ ਦੇ ਦਫ਼ਤਰ ਦੀ ਤਲਾਸ਼ੀ ਲਈ, ਪਰ ਉੱਥੋਂ ਕੁਝ ਵੀ ਨਹੀਂ ਮਿਲਿਆ।
"ਉਹ ਪੂਰੀ ਤਰ੍ਹਾਂ ਖਾਲੀ ਸੀ। ਇੱਕ ਕੁਰਸੀ ਅਤੇ ਇੱਕ ਮੇਜ਼ ਸੀ, ਪਰ ਕੰਪਨੀ ਕੰਮ ਨਹੀਂ ਕਰ ਰਹੀ ਸੀ।"
ਇਸ ਲਈ ਉਹ ਸੁਰਾਗ ਲੱਭਣ ਲਈ ਫਿਰ ਤੋਂ ਕੂੜੇ ਦੇ ਢੇਰ ਨੂੰ ਫਰੋਲਣ ਲੱਗੇ।
"ਜੰਗਲ ਵਿੱਚ ਮਿਲੀਆਂ ਚੀਜ਼ਾਂ ਵਿੱਚ ਕੁਝ ਖਾਲੀ ਵੀਡੀਓ ਟੇਪਾਂ ਵੀ ਸਨ। ਸਾਨੂੰ ਉਮੀਦ ਸੀ ਕਿ ਜੇ ਖਾਲੀ ਵੀਡੀਓ ਟੇਪਾਂ ਹਨ, ਤਾਂ ਕਿਤੇ ਨਾ ਕਿਤੇ ਅਸਲੀ ਵੀਡੀਓ ਟੇਪਾਂ ਵੀ ਹੋਣਗੀਆਂ।"
"ਸਾਡੇ ਕੋਲ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਸੀ, ਜੋ ਐਂਟਵਰਪ ਤੋਂ ਬ੍ਰੱਸਲਜ਼ ਜਾਣ ਵਾਲੇ ਹਾਈਵੇ ਦੇ ਨਾਲ-ਨਾਲ ਚੱਲਦੀ ਹੋਈ ਸਾਰੀਆਂ ਵੀਡੀਓ ਟੇਪਾਂ ਜ਼ਬਤ ਕਰ ਰਹੀ ਸੀ। ਉਨ੍ਹਾਂ ਨੂੰ ਕੁਝ ਵੀਡੀਓ ਟੇਪਾਂ ਮਿਲੀਆਂ। ਅਸੀਂ ਉਹ ਟੇਪਾਂ ਇੱਕ ਖ਼ਾਸ ਲੈਬ ਵਿੱਚ ਭੇਜੀਆਂ। ਅਸੀਂ ਇੱਕ ਵੱਡੀ ਟੀਮ ਨਾਲ ਉਹ ਟੇਪਾਂ ਦੇਖੀਆਂ, ਪਰ ਉਨ੍ਹਾਂ ਵਿੱਚ ਅਸ਼ਲੀਲ ਸਮੱਗਰੀ ਸੀ।"

ਤਸਵੀਰ ਸਰੋਤ, Photo News vía Getty Images
ਹਰੇ ਰੰਗ ਦੇ ਛੋਟੇ ਹੀਰੇ
ਪੰਜ ਦਿਨਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਪੇਸ ਪਹਿਲੀ ਵਾਰ ਘਰ ਗਏ ਸਨ।
ਉਹ ਦੱਸਦੇ ਹਨ, "ਅਸੀਂ ਸ਼ੁੱਕਰਵਾਰ ਦੀ ਰਾਤ ਕੁਝ ਦੋਸਤਾਂ ਨਾਲ ਰਾਤ ਦੇ ਖਾਣੇ ਦੀ ਯੋਜਨਾ ਬਣਾਈ ਸੀ ਅਤੇ ਮੈਂ ਉੱਥੇ ਜਾ ਰਿਹਾ ਸੀ, ਜਦੋਂ ਮੈਨੂੰ ਇੱਕ ਫ਼ੋਨ ਆਇਆ। ਮੈਨੂੰ ਦੱਸਿਆ ਗਿਆ ਕਿ ਨੋਟਾਰਬੇਰਤੋਲੋ ਇਮਾਰਤ ਵਿੱਚ ਆਇਆ ਹੈ।"
ਉਹ ਇਮਾਰਤ ਡਾਇਮੰਡ ਸੈਂਟਰ ਸੀ। ਨੋਟਾਰਬੇਰਤੋਲੋ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਲੋਕਾਂ ਵਿੱਚੋਂ ਇੱਕ ਸੀ। ਉਹ ਸ਼ਾਂਤੀ ਨਾਲ ਮੁੜ ਉਸੇ ਥਾਂ 'ਤੇ ਆ ਗਿਆ। ਤੁਰੰਤ ਪੁਲਿਸ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਂਚ ਦੌਰਾਨ ਪੇਸ ਦੇ ਸਾਥੀ ਉਸ ਦਾ ਪਤਾ ਨਹੀਂ ਲੱਭ ਸਕੇ ਸਨ ਅਤੇ ਜਦੋਂ ਅਧਿਕਾਰੀਆਂ ਨੇ ਨੋਟਾਰਬੇਰਤੋਲੋ ਤੋਂ ਪੁੱਛਿਆ, "ਤੁਸੀਂ ਕਿੱਥੇ ਰਹਿੰਦੇ ਹੋ?" ਤਾਂ ਉਹ ਘਬਰਾ ਗਿਆ ਅਤੇ ਬਹਾਨੇ ਬਣਾਉਣ ਲੱਗ ਪਿਆ।
ਉਹ ਤਿੰਨ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ, ਪਰ ਉਸ ਨੂੰ ਸਹੀ ਪਤਾ ਯਾਦ ਨਹੀਂ ਆ ਰਿਹਾ ਸੀ। ਕੁਝ ਸਮੇਂ ਬਾਅਦ ਉਸ ਨੂੰ ਸੱਚ ਦੱਸਣਾ ਪਿਆ। ਨੋਟਾਰਬੇਰਤੋਲੋ ਦੇ ਘਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ।
ਉਸ ਦੇ ਘਰ ਜਾਂਚ ਟੀਮ ਨੂੰ ਇੱਕ ਮੁੜਿਆ ਹੋਇਆ ਗਾਲਿਚਾ ਮਿਲਿਆ, ਜੋ ਇੱਕ ਮਹੱਤਵਪੂਰਨ ਸੁਰਾਗ ਸੀ।
"ਉਸ ਮੁੜੇ ਹੋਏ ਗਾਲਿਚੇ ਵਿੱਚ ਬਹੁਤ ਛੋਟੇ ਹਰੇ ਹੀਰੇ ਸਨ।"
ਉਹੀ ਹੀਰੇ, ਜੋ ਉਨ੍ਹਾਂ ਨੂੰ ਜੰਗਲ ਵਿੱਚ ਲੱਭੇ ਸਨ। ਉਹੀ ਹੀਰੇ, ਜੋ ਵਾਲਟ ਵਿੱਚ ਪੇਸ ਦੇ ਬੂਟਾਂ ਨਾਲ ਚਿਪਕ ਗਏ ਸਨ।
ਪੁਲਿਸ ਸਟੇਸ਼ਨ ਪਹੁੰਚ ਕੇ, ਉਹ ਪਹਿਲੀ ਵਾਰ ਨੋਟਾਰਬੇਰਤੋਲੋ ਨਾਲ ਪੁੱਛਗਿੱਛ ਕਰਨ ਲਈ ਬੈਠੇ।
ਪੇਸ ਕਹਿੰਦੇ ਹਨ, "ਉਹ ਬਹੁਤ ਸ਼ਾਂਤ ਸੀ। ਬਿਲਕੁਲ ਇੱਕ ਜੈਂਟਲਮੈਨ। ਬਹੁਤ ਨਿਮਰ।"
ਪਰ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਕੋਲੋਂ ਕਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਤਾਂ ਉਸ ਦਾ ਰਵੱਈਆ ਬਦਲ ਗਿਆ।

ਤਸਵੀਰ ਸਰੋਤ, Photo News vía Getty Images
ਉਸਦਾ ਜਵਾਬ ਬਹੁਤ ਸਪਸ਼ਟ ਸੀ। ਉਸ ਨੇ ਕਿਹਾ ਕਿ ਉਹ ਹੁਣ ਹੋਰ ਕਿਸੇ ਸਵਾਲ ਦਾ ਜਵਾਬ ਨਹੀਂ ਦੇਵੇਗਾ।
ਪੇਸ ਮੁਤਾਬਕ, "ਸਾਡੇ ਲਈ ਸਭ ਕੁਝ ਖ਼ਤਮ ਹੋ ਗਿਆ ਸੀ, ਕਿਉਂਕਿ ਕਾਨੂੰਨੀ ਤੌਰ 'ਤੇ ਉਸ ਨੂੰ ਇਹ ਅਧਿਕਾਰ ਸੀ ਅਤੇ ਸਾਨੂੰ ਉਸ ਦੀ ਇੱਛਾ ਮੰਨਣੀ ਪਈ। ਮੈਨੂੰ ਯਾਦ ਹੈ ਕਿ ਉਸ ਵੇਲੇ ਮੈਂ ਉਸ ਨੂੰ ਕਿਹਾ ਸੀ, 'ਤੈਨੂੰ ਅਹਿਸਾਸ ਵੀ ਹੈ ਕਿ ਪੀੜਤ ਤੇਰੇ ਬਾਰੇ ਜਾਣਦੇ ਹਨ, ਤੇਰਾ ਟਿਕਾਣਾ ਵੀ ਪਤਾ ਹੈ।"
"ਜਦੋਂ ਅਸੀਂ ਇੰਨੇ ਵੱਡੇ ਨੁਕਸਾਨ ਦੀ ਗੱਲ ਕਰ ਰਹੇ ਹਾਂ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਪੀੜਤਾਂ ਵਿੱਚੋਂ ਕੋਈ ਖੁਦ ਇਸ ਮਾਮਲੇ 'ਚ ਪੈ ਸਕਦਾ ਹੈ ਅਤੇ ਤੇਰੇ ਪਰਿਵਾਰ ਨੂੰ ਧਮਕਾ ਸਕਦਾ ਹੈ'?"
ਨੋਟਾਰਬੇਰਤੋਲੋ ਨੇ ਅੱਖ ਵੀ ਨਹੀਂ ਝਪਕਾਈ।
"ਉਸ ਪਲ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਨੂੰ ਇਹ ਮਨਾਉਣ ਵਾਸਤੇ ਕੁਝ ਵੀ ਨਹੀਂ ਕਰ ਸਕਦਾ ਕਿ ਉਹ ਸਾਡਾ ਸਹਿਯੋਗ ਕਰੇ।"

ਤਸਵੀਰ ਸਰੋਤ, Netflix
ਟੁਰਿਨ ਸਕੂਲ
ਇੱਕ ਹੋਰ ਮਹੱਤਵਪੂਰਨ ਸਬੂਤ ਟੁਰਿਨ ਸਕੂਲ ਦੇ ਕੂੜੇ ਵਾਲੇ ਬੈਗ ਵਿੱਚ ਵੀ ਮਿਲਿਆ। ਉਸ ਵਿੱਚ ਸਲਾਮੀ ਵਾਲਾ ਇੱਕ ਸੈਂਡਵਿਚ ਸੀ ਜਿਸਨੂੰ ਅੱਧਾ ਹੀ ਖਾਇਆ ਗਿਆ ਸੀ ਅਤੇ ਡਾਇਮੰਡ ਡਿਸਟ੍ਰਿਕਟ ਦੇ ਨੇੜੇ ਸਥਿਤ ਇੱਕ ਗ੍ਰੋਸਰੀ ਸਟੋਰ ਦੀ ਵੱਡੀ ਰਸੀਦ ਵੀ ਸੀ। ਇਸ ਨਾਲ ਪੇਸ ਉਸ ਦੁਕਾਨ ਤੱਕ ਪਹੁੰਚ ਗਏ, ਜਿੱਥੇ ਇੱਕ ਸੁਰੱਖਿਆ ਕੈਮਰਾ ਵੀ ਲੱਗਿਆ ਹੋਇਆ ਸੀ।
ਫੁਟੇਜ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਸਲਾਮੀ ਸੈਂਡਵਿਚ ਖਰੀਦਣ ਵਾਲਾ ਵਿਅਕਤੀ ਫਰਡਿਨਾਂਡੋ ਫਿਨੋਟੋ ਨਾਮ ਦਾ ਆਦਮੀ ਸੀ। ਇਹ ਨਾਮ ਏਜੰਟਾਂ ਲਈ ਜਾਣਿਆ-ਪਛਾਣਿਆ ਸੀ, ਕਿਉਂਕਿ ਉਹ ਪਹਿਲਾਂ ਵੀ ਇੱਕ ਡਕੈਤੀ ਵਿੱਚ ਸ਼ਾਮਲ ਰਹਿ ਚੁੱਕਾ ਸੀ। ਪੇਸ ਨੇ ਨੋਟਾਰਬੇਰਤੋਲੋ ਨਾਲ ਫਿਰ ਮੁਲਾਕਾਤ ਕੀਤੀ।
ਉਨ੍ਹਾਂ ਦੱਸਿਆ, "ਮੈਂ ਉਸ ਨੂੰ ਫਰਡਿਨਾਂਡੋ ਫਿਨੋਟੋ ਦੀ ਤਸਵੀਰ ਦਿਖਾਉਣਾ ਚਾਹੁੰਦਾ ਸੀ।" ਉਨ੍ਹਾਂ ਨੇ ਫਿਨੋਟੋ ਦੀ ਫੋਟੋ ਮੇਜ਼ 'ਤੇ ਸੁੱਟੀ, ਪਰ ਨੋਟਾਰਬੇਰਤੋਲੋ ਨੇ ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ।
ਨੋਟਾਰਬੇਰਤੋਲੋ ਕਿਸੇ ਵੀ ਤਰ੍ਹਾਂ ਨਾਲ ਕੋਈ ਸਹਿਯੋਗ ਨਹੀਂ ਕਰ ਰਿਹਾ ਸੀ। ਹਾਲਾਂਕਿ, ਪੇਸ ਦੀ ਟੀਮ ਨੇ ਪ੍ਰਾਪਤ ਸੁਰਾਗਾਂ ਦੇ ਆਧਾਰ 'ਤੇ ਉਸ ਦੇ ਸਾਥੀਆਂ ਨੂੰ ਫੜ੍ਹਨ ਵਿੱਚ ਕਾਮਯਾਬੀ ਹਾਸਲ ਕਰ ਲਈ। ਜਦੋਂ ਉਨ੍ਹਾਂ ਨੂੰ ਨੋਟਾਰਬੇਰਤੋਲੋ ਦੇ ਸਾਥੀਆਂ ਬਾਰੇ ਹੋਰ ਜਾਣਕਾਰੀ ਮਿਲੀ, ਤਾਂ ਪਤਾ ਲੱਗਿਆ ਕਿ ਉਹ ਸਾਰੇ 'ਟੁਰਿਨ ਸਕੂਲ' ਨਾਮਕ ਇੱਕ ਸਮੂਹ ਦਾ ਹਿੱਸਾ ਸਨ।
ਪੇਸ ਨੇ ਕਿਹਾ, "ਅਸੀਂ ਕਦੇ ਵੀ ਅਪਰਾਧੀਆਂ ਦੇ ਅਜਿਹੇ ਸਮੂਹ ਬਾਰੇ ਨਹੀਂ ਸੁਣਿਆ ਸੀ ਜੋ ਜੁਰਮ ਕਰਨ ਤੋਂ ਬਾਅਦ ਬਚ ਨਿਕਲਿਆ ਹੋਵੇ। ਪਰ ਇਹ ਅਜਿਹਾ ਸਮੂਹ ਸੀ ਜਿਸ ਵਿੱਚ ਹਰ ਕੋਈ ਵੱਖ-ਵੱਖ ਤਕਨੀਕਾਂ ਦਾ ਮਾਹਰ ਸੀ।"
ਹਾਲਾਤੀ ਸਬੂਤਾਂ, ਕੂੜੇ ਦੇ ਥੈਲਿਆਂ, ਸੇਫ ਡਿਪਾਜ਼ਿਟ ਵਾਲਟ ਵਿੱਚੋਂ ਮਿਲੇ ਸਮਾਨ ਅਤੇ ਕਰਿਆਨੇ ਦੀ ਦੁਕਾਨ ਤੋਂ ਮਿਲੀ ਵੀਡੀਓ ਫੁਟੇਜ ਨਾਲ ਇਹ ਸਪਸ਼ਟ ਹੋ ਗਿਆ ਕਿ ਟਿਊਰਿਨ ਸਕੂਲ ਦੇ ਇਨ੍ਹਾਂ ਸਾਥੀਆਂ ਨੇ ਇਸ ਡਕੈਤੀ ਨੂੰ ਕਿਵੇਂ ਅੰਜਾਮ ਦਿੱਤਾ ਸੀ।

ਤਸਵੀਰ ਸਰੋਤ, Netflix
ਥ੍ਰਿਲਰ ਦੇ ਕਿਰਦਾਰਾਂ ਵਰਗੇ ਨਾਮ
ਉਨ੍ਹਾਂ ਦੇ ਨਾਮ ਕਿਸੇ ਥ੍ਰਿਲਰ ਫਿਲਮ ਦੇ ਕਿਰਦਾਰਾਂ ਵਰਗੇ ਸਨ: ਦਿ ਜਿਨੀਅਸ, ਦਿ ਮੌਂਸਟਰ, ਦਿ ਸਪੀਡੀ ਵਨ ਅਤੇ ਦਿ ਕਿੰਗ ਆਫ਼ ਕੀਜ਼।
ਜਿਨੀਅਸ, ਅਲਾਰਮ ਸਿਸਟਮਾਂ ਦਾ ਮਾਹਰ ਸੀ। ਵਾਲਟ ਦੇ ਅੰਦਰ ਛੱਡੇ ਗਏ ਹਥਿਆਰਾਂ ਵਿੱਚੋਂ ਇੱਕ 'ਤੇ ਉਸ ਦਾ ਡੀਐਨਏ ਮਿਲਿਆ।
ਮੌਂਸਟਰ ਨੂੰ ਇਹ ਨਾਮ ਇਸ ਲਈ ਮਿਲਿਆ ਕਿਉਂਕਿ ਉਹ ਹਰ ਕੰਮ ਵਿੱਚ ਚੰਗਾ ਸੀ ਅਤੇ ਪਰ ਥੋੜ੍ਹਾ ਡਰਪੋਕ ਵੀ ਸੀ। ਉਹ ਤਾਲੇ ਤੋੜਨ ਦਾ ਮਾਹਰ ਸੀ। ਉਸ ਨੂੰ ਸਲਾਮੀ ਸੈਂਡਵਿਚ ਵੀ ਬਹੁਤ ਪਸੰਦ ਸਨ।
ਉਸ ਦਾ ਅਸਲ ਨਾਮ ਫਰਡੀਨੈਂਡੋ ਫਿਨੋਟੋ ਸੀ ਅਤੇ ਉਹ ਹੀ ਉਹ ਵਿਅਕਤੀ ਸੀ ਜਿਸ ਦਾ ਡੀਐਨਏ ਐਂਟੀਪਾਸਤੀ 'ਤੇ ਮਿਲਿਆ, ਜੋ ਸੁਰੱਖਿਆ ਕੈਮਰੇ ਵਿੱਚ ਰਿਕਾਰਡ ਹੋਇਆ ਸੀ।
ਵੇਲੋਜ਼, ਨੋਟਾਰਬਰਤੋਲੋ ਦਾ ਬਚਪਨ ਦਾ ਦੋਸਤ ਸੀ। ਮੰਨਿਆ ਜਾਂਦਾ ਹੈ ਕਿ ਹਾਈਵੇ ਨੇੜੇ ਜੰਗਲ ਵਿੱਚ ਮਿਲੇ ਕੂੜੇ ਨੂੰ ਟਿਕਾਣੇ ਲਗਾਉਣ ਦੀ ਜ਼ਿੰਮੇਵਾਰੀ ਉਸ ਦੇ ਹੀ ਸਿਰ ਸੀ।
ਉਸ ਨੂੰ ਅਤੇ ਹੋਰ ਚੋਰਾਂ ਨੂੰ ਮੋਬਾਈਲ ਫ਼ੋਨ ਰਿਕਾਰਡਾਂ ਅਤੇ ਉਨ੍ਹਾਂ ਦੇ ਚਿਪਾਂ ਜਾਂ ਸਿਮ ਕਾਰਡਾਂ ਰਾਹੀਂ ਟ੍ਰੈਕ ਕੀਤਾ ਗਿਆ। ਆਖ਼ਰਕਾਰ, "ਕਿੰਗ ਆਫ਼ ਕੀਜ਼" ਦੇ ਨਾਮ ਵਾਲੇ ਆਦਮੀ ਦੀ ਖੋਜ ਸ਼ੁਰੂ ਹੋਈ, ਜਿਸ ਨੇ ਵਾਲਟ ਦਾ ਦਰਵਾਜ਼ਾ ਖੋਲ੍ਹਣ ਲਈ ਆਪਣੀ ਬਾਂਹ ਜਿੰਨੀ ਲੰਮੀ ਚਾਬੀ ਬਣਾਈ ਸੀ।
ਉਹ ਉਨ੍ਹਾਂ ਚਾਰ ਚੋਰਾਂ ਵਿੱਚੋਂ ਇੱਕ ਸੀ ਜੋ ਕਦੇ ਫੜ੍ਹਿਆ ਨਹੀਂ ਗਿਆ। ਉਹ ਸਾਰੇ ਮਾਹਰ ਅਪਰਾਧੀ ਸਨ ਅਤੇ ਨੋਟਾਰਬਰਤੋਲੋ ਤੁਰਿਨ ਸਕੂਲ ਦਾ ਹੈਡ ਸੀ।
ਪੇਸ ਦੱਸਦੇ ਹਨ, "ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਨੋਟਾਰਬਰਤੋਲੋ ਤਿੰਨ ਸਾਲਾਂ ਤੋਂ ਐਂਟਵਰਪ ਵਿੱਚ ਰਹਿ ਰਿਹਾ ਸੀ, ਪਰ ਉਸ ਸਮੇਂ ਦੌਰਾਨ ਉਸ ਨੇ ਨਾ ਤਾਂ ਹੀਰੇ ਖਰੀਦੇ ਸਨ ਅਤੇ ਨਾ ਹੀ ਵੇਚੇ ਸਨ। ਉਹ ਉਹੀ ਕਰ ਰਿਹਾ ਸੀ ਜਿਸਨੂੰ ਅਸੀਂ ਰੇਕੀ ਕਹਿੰਦੇ ਹਾਂ।"
ਪੇਸ ਦੀ ਟੀਮ ਨੂੰ ਨੋਟਾਰਬਰਤੋਲੋ ਖ਼ਿਲਾਫ਼ ਹੋਰ ਸਬੂਤਾਂ ਦੀ ਲੋੜ ਸੀ। ਉਨ੍ਹਾਂ ਕੋਲ ਜੁਰਮ ਦੀ ਕੋਈ ਰਿਕਾਰਡਿੰਗ ਨਹੀਂ ਸੀ, ਪਰ ਜੁਰਮ ਤੋਂ ਥੋੜ੍ਹੇ ਸਮੇਂ ਪਹਿਲਾਂ ਦੇ ਪਲਾਂ ਦੀ ਇੱਕ ਰਿਕਾਰਡਿੰਗ ਉਨ੍ਹਾਂ ਕੋਲ ਜ਼ਰੂਰ ਸੀ।
ਘੰਟਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਉਨ੍ਹਾਂ ਨੇ ਇੱਕ ਆਦਮੀ ਦੀ ਪਹਿਚਾਣ ਕੀਤੀ।
ਉਹ ਕਹਿੰਦੇ ਹਨ, "ਅਸੀਂ ਦੇਖਿਆ ਕਿ ਲੁੱਟ ਤੋਂ ਕੁਝ ਦਿਨ ਪਹਿਲਾਂ ਨੋਟਾਰਬਰਤੋਲੋ ਆਪਣੀ ਆਖ਼ਰੀ ਰੇਕੀ ਕਰ ਰਿਹਾ ਸੀ। ਉਸ ਨੇ ਬਾਂਹ ਹੇਠਾਂ ਇੱਕ ਕਾਲਾ ਬੈਗ ਫੜ੍ਹਿਆ ਹੋਇਆ ਸੀ। ਅਸੀਂ ਸੋਚਿਆ ਕਿ ਉਹ ਇਸ ਬੈਗ ਨਾਲ ਕੀ ਕਰ ਰਿਹਾ ਹੈ? ਅਸੀਂ ਉਸ ਨੂੰ ਸਿਕਿਓਰਿਟੀ ਵੱਲ ਇਸ਼ਾਰਾ ਕਰਦੇ ਹੋਏ ਵੀ ਦੇਖਿਆ। ਜਦੋਂ ਅਸੀਂ ਉਸ ਦੇ ਅਪਾਰਟਮੈਂਟ ਤੋਂ ਉਹ ਕਾਲਾ ਬੈਗ ਬਰਾਮਦ ਕੀਤਾ ਤਾਂ ਉਸ ਵਿੱਚ ਇੱਕ ਵੀਡੀਓ ਕੈਮਰਾ ਸੀ।"

ਤਸਵੀਰ ਸਰੋਤ, Emily Webb/BBC
ਫਿਰ ਕੀ ਹੋਇਆ?
ਨੋਟਾਰਬਰਤੋਲੋ ਨਾਲ ਜੋ ਕੁਝ ਵੀ ਹੋਇਆ, ਉਹ ਸਭ ਕੁਝ ਰਿਕਾਰਡ ਕੀਤਾ ਗਿਆ। ਗੁਪਤ ਢੰਗ ਨਾਲ ਰਿਕਾਰਡਿੰਗ ਨੇ ਉਸ ਨੂੰ ਸੁਰੱਖਿਆ ਕੋਡ ਸਮਝਣ ਵਿੱਚ ਮਦਦ ਕੀਤੀ, ਪਰ ਦਰਵਾਜ਼ਾ ਮੈਗਨਿਟਾਂ ਨਾਲ ਕੰਮ ਕਰਦਾ ਸੀ। ਜਦੋਂ ਦਰਵਾਜ਼ਾ ਖੁੱਲ੍ਹਦਾ ਤਾਂ ਦੋ ਚੁੰਬਕੀ ਪਲੇਟਾਂ ਵੱਖ ਹੋ ਜਾਂਦੀਆਂ ਅਤੇ ਅਲਾਰਮ ਵੱਜ ਜਾਂਦਾ।
ਚੋਰਾਂ ਨੇ ਇਸ ਅਲਾਰਮ ਤੋਂ ਬਚਣ ਲਈ ਚਿਪਕਣ ਵਾਲੀ ਟੇਪ ਲਗਾਈ ਅਤੇ ਦਰਵਾਜ਼ੇ ਨਾਲ ਮੈਗਨਿਟ ਨੂੰ ਜੋੜਨ ਵਾਲੇ ਬੋਲਟ ਹੀ ਖੋਲ੍ਹ ਦਿੱਤੇ, ਜਿਸ ਨਾਲ ਮੈਗਨਿਟ ਨੂੰ ਬਿਨਾਂ ਹਟਾਏ ਵਾਲਟ ਨੂੰ ਚੁੱਪਚਾਪ ਖੋਲ੍ਹਿਆ ਗਿਆ।
ਪੁਲਿਸ ਕਦੇ ਵੀ ਇਹ ਨਹੀਂ ਸਮਝ ਸਕੀ ਕਿ ਚੋਰ ਡਾਇਮੰਡ ਸੈਂਟਰ ਦੇ ਅਭੇਦ ਕਿਲ੍ਹੇ ਵਿੱਚ ਕਿਵੇਂ ਦਾਖ਼ਲ ਹੋਏ। ਪਰ ਪੁਲਿਸ ਨੇ ਚੋਰਾਂ ਦੀਆਂ ਕਰਤੂਤਾਂ ਬਾਰੇ ਕਾਫ਼ੀ ਸਬੂਤ ਇਕੱਠੇ ਕਰ ਲਏ ਅਤੇ ਮਈ 2005 ਵਿੱਚ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ।
ਜਿਨੀਅਸ, ਮੌਂਸਟਰ ਅਤੇ ਸਵੀਫ਼ਟ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਗੈਂਗ ਦੇ ਮੁਖੀ ਨੋਟਾਰਬਰਤੋਲੋ ਨੂੰ ਦਸ ਸਾਲ ਦੀ ਸਜ਼ਾ ਮਿਲੀ। ਗੈਂਗ ਵਿੱਚ ਲਗਭਗ 10 ਮੈਂਬਰ ਸਨ, ਪਰ ਸਿਰਫ਼ ਚਾਰ ਦੀ ਹੀ ਪਹਿਚਾਣ ਹੋ ਸਕੀ।
ਚੋਰੀ ਕੀਤੇ ਗਏ ਹੀਰੇ ਫਿਰ ਕਦੇ ਕਿਸੇ ਨੇ ਨਹੀਂ ਦੇਖੇ। ਮੰਨਿਆ ਜਾਂਦਾ ਹੈ ਕਿ ਨੋਟਾਰਬਰਤੋਲੋ ਅਤੇ ਉਸ ਦੇ ਸਾਥੀ ਇਟਲੀ ਭੱਜ ਗਏ ਅਤੇ ਮਾਲ ਆਪਣੇ ਨਾਲ ਲੈ ਗਏ।
ਪੇਸ ਕਹਿੰਦੇ ਹਨ, "ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇ ਇਨ੍ਹਾਂ ਵਿੱਚੋਂ ਕੁਝ ਹੀਰੇ ਮੁੜ ਐਂਟਵਰਪ ਪਹੁੰਚ ਗਏ ਹੋਣ। ਚੋਰੀ ਹੋਏ ਹੀਰਿਆਂ ਨੂੰ ਕਾਨੂੰਨੀ ਪ੍ਰਣਾਲੀ ਵਿੱਚ ਲਿਆਉਣਾ ਬਹੁਤ ਆਸਾਨ ਹੈ।"
ਪੈਟਰਿਕ ਪੇਸ ਸਾਲ 2017 ਵਿੱਚ ਡਾਇਮੰਡ ਬ੍ਰਿਗੇਡ ਤੋਂ ਸੇਵਾਮੁਕਤ ਹੋ ਗਏ ਸਨ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਿਤਾ ਰਹੇ ਹਨ। ਹੁਣ ਉਨ੍ਹਾਂ 'ਤੇ ਕਰੋੜਾਂ ਦੇ ਕੀਮਤੀ ਹੀਰੇ ਜਾਂ ਰਤਨਾਂ ਨਾਲ ਜੁੜੇ ਅਪਰਾਧਾਂ ਨੂੰ ਸੁਲਝਾਉਣ ਦਾ ਵੀ ਕੋਈ ਦਬਾਅ ਨਹੀਂ।
ਲਿਓਨਾਰਡੋ ਨੋਟਾਰਬਰਤੋਲੋ ਕੁਝ ਸਮੇਂ ਬਾਅਦ ਪੈਰੋਲ 'ਤੇ ਰਿਹਾਅ ਹੋ ਗਿਆ। ਫਿਰ ਉਸ ਨੇ ਆਪਣੀ ਪੈਰੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਕੈਲੀਫ਼ੋਰਨੀਆ ਚਲਾ ਗਿਆ, ਜਿੱਥੇ ਉਸ ਨੇ ਇੱਕ ਵੱਡੇ ਹਾਲੀਵੁੱਡ ਪ੍ਰੋਡਿਊਸਰ ਨਾਲ ਇਸ ਲੁੱਟ 'ਤੇ ਫਿਲਮ ਬਣਾਉਣ ਬਾਰੇ ਗੱਲਬਾਤ ਕੀਤੀ।
ਅਜੇ ਤੱਕ ਅਜਿਹੀ ਕੋਈ ਫਿਲਮ ਨਹੀਂ ਬਣੀ ਅਤੇ ਨੋਟਾਰਬਰਤੋਲੋ ਮੁੜ ਇਟਲੀ ਵਾਪਸ ਆ ਗਿਆ ਹੈ, ਪਰ ਕੀਮਤੀ ਹੀਰਿਆਂ ਦੀ ਇਸ ਵੱਡੀ ਚੋਰੀ ਨੂੰ ਲੈ ਕੇ ਅਜੇ ਵੀ ਆਕਰਸ਼ਣ ਬਣਿਆ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












