ਮੱਸੇ ਕਿਹੜੇ ਵਾਇਰਸ ਕਰਕੇ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਦੇ ਹਨ ਅਤੇ ਕੀ ਇਹ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ

ਚਮੜੀ ਉੱਤੇ ਮੱਸੇ ਜਿਨ੍ਹਾਂ ਨੂੰ ਕੁਝ ਇਲਾਕਿਆਂ ਵਿੱਚ ਮਹੁਕੇ ਵੀ ਕਹਿੰਦੇ ਹਨ , ਉਨ੍ਹਾਂ ਦਾ ਹੋ ਜਾਣਾ ਇੱਕ ਆਮ ਸਮੱਸਿਆ ਹੈ। ਇਸਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ। ਇਹ ਜ਼ਿਆਦਾਤਰ ਹੱਥਾਂ, ਪੈਰਾਂ ਅਤੇ ਚਿਹਰੇ 'ਤੇ ਹੁੰਦੇ ਹਨ ਅਤੇ ਕੁਝ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਇਲਾਜ ਕਰਦੇ ਹਨ।

ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਮੱਸੇ ਵੀ ਵਾਇਰਸ ਕਾਰਨ ਹੁੰਦੇ ਹਨ।

ਮੱਸਿਆਂ ਨੂੰ ਅੰਗਰੇਜ਼ੀ ਵਿੱਚ ਵਾਰਟਸ ਕਿਹਾ ਜਾਂਦਾ ਹੈ। ਇਹ ਦੁਨੀਆਂ ਦੀ ਤਕਰੀਬਨ ਦਸ ਫ਼ੀਸਦੀ ਆਬਾਦੀ ਨੂੰ ਪ੍ਰਭਾਵਿਤ ਕਰਦੇ ਹਨ। ਮਹੁਕੇ ਜਾਂ ਮੱਸੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਦਿਖਾਈ ਦੇ ਸਕਦੇ ਹਨ।

ਮੱਸੇ ਤੁਹਾਡੀ ਚਮੜੀ ਦੀ ਉਪਰੀ ਪਰਤ 'ਤੇ ਦਿਖਾਈ ਦਿੰਦੇ ਹਨ। ਇਸਨੂੰ ਐਪੀਡਰਮਿਸ ਕਿਹਾ ਜਾਂਦਾ ਹੈ।

ਇਹ ਵਾਇਰਸ ਚਮੜੀ 'ਚ ਸੈੱਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਮੱਸੇ ਬਣਦੇ ਹਨ। ਜ਼ਿਆਦਾਤਰ ਮੱਸੇ ਦੀ ਸਤ੍ਹਾ ਉੱਚੀ ਅਤੇ ਖੁਰਦਰੀ ਹੁੰਦੀ ਹੈ। ਹਾਲਾਂਕਿ, ਚਿਹਰੇ 'ਤੇ ਕੁਝ ਮੱਸੇ ਨਰਮ ਅਤੇ ਫ਼ਲੈਟ ਹੋ ਸਕਦੇ ਹਨ।

ਮੱਸੇ ਹੋਣ ਦਾ ਕਾਰਨ ਕੀ ਹੈ

ਮੱਸੇ ਮਨੁੱਖੀ ਪੈਪੀਲੋਮਾ ਵਾਇਰਸ ਕਾਰਨ ਹੁੰਦੇ ਹਨ, ਜਿਸਨੂੰ ਐੱਚਪੀਵੀ ਵੀ ਕਿਹਾ ਜਾਂਦਾ ਹੈ।

ਮਨੁੱਖੀ ਪੈਪੀਲੋਮਾ ਵਾਇਰਸ ਦੀਆਂ ਸੌ ਤੋਂ ਵੱਧ ਕਿਸਮਾਂ ਹਨ। ਪਰ ਇਨ੍ਹਾਂ ਵਿੱਚੋਂ ਕੁਝ ਹੀ ਮੱਸੇ ਹੋਣ ਦਾ ਕਾਰਨ ਬਣਦੇ ਹਨ। ਇਹ ਵਾਇਰਸ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ।

ਇਹ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੱਸੇ ਆਮ ਤੌਰ 'ਤੇ ਨੁਕਸਾਨਦੇਹ ਨਹੀਂ ਹੁੰਦੇ ਹਨ। ਹਾਲਾਂਕਿ, ਇਹ ਸਮੇਂ-ਸਮੇਂ 'ਤੇ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਇਹ ਦੂਜੇ ਲੋਕਾਂ ਨਾਲ ਸਿੱਧੇ ਜਾਂ ਅਸਿੱਧੇ ਸੰਪਰਕ ਰਾਹੀਂ ਫ਼ੈਲ ਸਕਦੇ ਹਨ ਜਦੋਂ ਤੁਸੀਂ ਦਫ਼ਤਰ, ਸਵੀਮਿੰਗ ਪੂਲ,ਜਿਮ ਜਾਂ ਪਾਰਲਰ ਵਰਗੀਆਂ ਜਨਤਕ ਥਾਵਾਂ 'ਤੇ ਮੱਸਿਆਂ ਤੋਂ ਪੀੜਤ ਵਿਅਕਤੀ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋ।

ਮੱਸੇ ਜਿਨਸੀ ਸੰਬੰਧਾਂ ਰਾਹੀਂ ਵੀ ਫ਼ੈਲ ਸਕਦੇ ਹਨ। ਮੱਸਿਆਂ ਦਾ ਫ਼ੈਲਾਅ ਸਰੀਰ ਦੇ ਪੈਪੀਲੋਮਾ ਵਾਇਰਸ ਵਾਲੇ ਹਿੱਸੇ ਨੂੰ ਖੁਰਚਣ ਨਾਲ ਵੀ ਵੱਧ ਸਕਦਾ ਹੈ। ਇਸ ਨਾਲ ਲਾਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੁਝ ਮੱਸੇ ਇੱਕ ਜਾਂ ਦੋ ਸਾਲਾਂ ਵਿੱਚ ਬਿਨ੍ਹਾਂ ਇਲਾਜ ਦੇ ਠੀਕ ਹੋ ਜਾਂਦੇ ਹਨ। ਕੁਝ ਸਾਲਾਂ ਤੱਕ ਬਣੇ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੋ ਸਕਦੀ ਹੈ।

ਦਿੱਲੀ ਦੇ ਬੀਐੱਲਕੇ ਮੈਕਸ ਹਸਪਤਾਲ ਵਿੱਚ ਚਮੜੀ ਦੇ ਮਾਹਰ ਇੰਦੂ ਬਲਾਨੀ ਕਹਿੰਦੇ ਹਨ, "ਇਲਾਜ ਰਾਹੀਂ ਮੱਸਿਆਂ ਨੂੰ ਹਟਾਉਣ ਲਈ ਅਸੀਂ ਲੇਜ਼ਰ ਜਾਂ ਆਰਐੱਫ਼ ਮਸ਼ੀਨਾਂ ਦੀ ਵਰਤੋਂ ਕਰਦੇ ਹਾਂ।"

ਉਹ ਕਹਿੰਦੇ ਹਨ, "ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਇਸਨੂੰ ਸਾੜ ਕੇ ਖ਼ਤਮ ਕਰ ਦਿੰਦੇ ਹਾਂ। ਕਈ ਵਾਰ ਅਸੀਂ ਕੁਝ ਤੇਜ਼ ਐਸਿਡ ਵਰਤਦੇ ਹਾਂ ਜਾਂ ਅਸੀਂ ਘਰ ਵਿੱਚ ਹੀ ਲਗਾਉਣ ਲਈ ਕਿਸੇ ਕਿਸਮ ਦੀ ਕਰੀਮ ਦਿੰਦੇ ਹਾਂ।"

"ਕੁਝ ਲੋਸ਼ਨ ਇਸਨੂੰ ਦੂਰ ਕਰ ਦਿੰਦੇ ਹਨ। ਕਿਉਂਕਿ ਇਹ ਵਾਇਰਸ ਹੈ, ਇਸ ਦੇ ਵਾਪਸ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਅਸੀਂ ਮੱਸੇ ਤੋਂ ਪ੍ਰਭਾਵਿਤ ਵਿਅਕਤੀ ਦੇ ਇਮਿਊਨ ਸਿਸਟਮ ਨੂੰ ਮਜਬੂਤ ਕਰਨ ਲਈ ਕਹਿੰਦੇ ਹਾਂ।"

ਮੱਸੇ ਰੋਕਣ ਦਾ ਤਰੀਕਾ ਕੀ ਹੈ

ਮੱਸੇ ਹੋਣ ਤੋਂ ਰੋਕਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ। ਹਾਲਾਂਕਿ, ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ।

ਜਿਵੇਂ ਕਿ ਜਨਤਕ ਥਾਵਾਂ 'ਤੇ ਜਾਂਦੇ ਸਮੇਂ ਸਾਫ਼-ਸਫਾਈ ਦਾ ਧਿਆਨ ਰੱਖੋ।

ਦੂਜੇ ਲੋਕਾਂ ਦੀਆਂ ਨਿੱਜੀ ਚੀਜ਼ਾਂ ਜਿਵੇਂ ਕਿ ਤੌਲੀਏ, ਰੇਜ਼ਰ, ਆਦਿ ਦੀ ਵਰਤੋਂ ਨਾ ਕਰੋ।

ਆਪਣੇ ਮੱਸਿਆਂ ਨੂੰ ਵਾਰ-ਵਾਰ ਨਾ ਛੂਹੋ। ਦੂਜੇ ਲੋਕਾਂ ਦੇ ਮੱਸਿਆਂ ਨੂੰ ਵੀ ਨਾ ਛੂਹੋ। ਆਪਣੀ ਚਮੜੀ ਨੂੰ ਨਮੀ ਭਰਪੂਰ ਰੱਖੋ। ਯਕੀਨੀ ਬਣਾਓ ਕਿ ਚਮੜੀ 'ਤੇ ਕੋਈ ਕੱਟ ਜਾਂ ਖਰੋਚ ਨਾ ਹੋਵੇ। ਕਿਉਂਕਿ ਵਾਇਰਸ ਫਟੀ ਹੋਈ ਅਤੇ ਸੁੱਕੀ ਚਮੜੀ ਰਾਹੀਂ ਆਸਾਨੀ ਨਾਲ ਅੰਦਰ ਜਾ ਸਕਦਾ ਹੈ।

ਇੱਕ ਹੋਰ ਗੱਲ ਇਹ ਹੈ ਕਿ ਐੱਚਪੀਵੀ ਟੀਕੇ ਲਈ ਡਾਕਟਰ ਨਾਲ ਸਲਾਹ ਕਰੋ। ਮੱਸੇ 'ਤੇ ਪੱਟੀ ਬੰਨ੍ਹੋ ਤਾਂ ਜੋ ਇਸਨੂੰ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਫ਼ੈਲਣ ਤੋਂ ਰੋਕਿਆ ਜਾ ਸਕੇ।

ਕਦੋਂ ਸਮਝਿਆ ਜਾਵੇ ਕਿ ਮੱਸਾ ਖ਼ਤਰਨਾਕ ਹੈ

ਜਦੋਂ ਤੁਹਾਨੂੰ ਅਚਾਨਕ ਇੱਕੋ ਸਮੇਂ ਬਹੁਤ ਸਾਰੇ ਮੱਸੇ ਦਿਖਾਈ ਦੇਣ ਜਾਂ ਜਦੋਂ ਕੁਝ ਮੱਸੇ ਦਰਦਨਾਕ ਹੋਣ, ਖੂਨ ਵਗੇ ਜਾਂ ਲਗਾਤਾਰ ਖੁਜਲੀ ਹੋਵੇ , ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜ਼ਿਆਦਾਤਰ ਮੱਸੇ ਕੈਂਸਰ ਦਾ ਕਾਰਨ ਨਹੀਂ ਬਣਦੇ, ਪਰ ਕੁਝ ਮਾਮਲਿਆਂ ਵਿੱਚ ਸਾਵਧਾਨੀ ਜ਼ਰੂਰੀ ਹੈ।

(ਇਹ ਲੇਖ ਸਿਰਫ਼ ਜਾਗਰੂਕਤਾ ਦੇ ਮਕਸਦ ਲਈ ਹੈ। ਜੇਕਰ ਤੁਹਾਨੂੰ ਕੋਈ ਸਿਹਤ ਸੰਬੰਧੀ ਸਮੱਸਿਆ ਹੈ, ਤਾਂ ਡਾਕਟਰ ਨਾਲ ਸਲਾਹ ਕਰੋ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)