ਜਦੋਂ ਇੱਕ ਡਾਕਟਰ ਕਾਰ ਹਾਦਸੇ ਮਗਰੋਂ 6 ਘੰਟੇ ਕੋਮਾ ਵਿੱਚ ਰਿਹਾ ਤਾਂ ਕਿਵੇਂ 'ਉਸ ਦੀ ਜ਼ਿੰਦਗੀ 12 ਸਾਲ ਪਿੱਛੇ ਚਲੀ ਗਈ'

    • ਲੇਖਕ, ਜੋ ਫਿਡਜਨ, ਐਡਗਾਰ ਮੈਡੀਕੌਟ
    • ਰੋਲ, ਲਾਈਵਜ਼ ਲੈੱਸ ਆਰਡੀਨਰੀ, ਬੀਬੀਸੀ ਵਰਲਡ ਸਰਵਿਸ
    • ਲੇਖਕ, ਐਂਡਰਿਊ ਵੈੱਬ
    • ਰੋਲ, ਬੀਬੀਸੀ ਵਰਲਡ ਸਰਵਿਸ

ਡਾ. ਪੀਅਰਡਾਂਟੇ ਪਿਕੀਓਨੀ ਦੀ ਜ਼ਿੰਦਗੀ ਦੇ 12 ਸਾਲ ਇੱਕੋ-ਦਮ ਮਿਟ ਗਏ ਜਦੋਂ ਉਹ ਸਾਲ 2013 ਵਿੱਚ ਇੱਕ ਕਾਰ ਐਕਸੀਡੈਂਟ ਦਾ ਸ਼ਿਕਾਰ ਹੋ ਗਏ। ਇਸ ਦੁਰਘਟਨਾ ਵਿੱਚ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ।

ਜਦੋਂ ਉਹ ਅਗਲੇ ਦਿਨ ਹਸਪਤਾਲ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਸਾਲ 2001 ਸੀ ਅਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਛਾਣ ਨਹੀਂ ਸਕੇ।

ਇਸ ਘਟਨਾ ਦਾ ਉਨ੍ਹਾਂ ਨੂੰ ਸਦਮਾ ਲੱਗਾ, ਉਹ ਆਪਣਾ ਡਾਕਟਰੀ ਦਾ ਕਿੱਤਾ ਜਾਰੀ ਨਹੀਂ ਕਰ ਸਕੇ।

ਆਪਣੇ ਨਜ਼ਦੀਕੀਆਂ ਵੱਲੋਂ ਪੀਅਰ ਨਾਮ ਨਾਲ ਬੁਲਾਏ ਜਾਂਦੇ ਪੀਅਰਡਾਂਟੇ ਇਸ ਮਗਰੋਂ ਆਪਣੀ ਬੀਤੇ ਸਾਲਾਂ ਨੂੰ ਜਾਣਨ ਦੇ ਰਾਹ ਤੁਰੇ।

ਹਜ਼ਾਰਾਂ ਈਮੇਲਾਂ ਫਰੋਲਦਿਆਂ ਉਨ੍ਹਾਂ ਦੇ ਸਾਹਮਣੇ ਆਇਆ ਕਿ ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਮਾੜਾ ਪਾਸਾ ਵੀ ਸੀ।

ਉਨ੍ਹਾਂ ਦਾ ਤਜੁਰਬਾ ਕਾਫ਼ੀ ਵੱਖਰਾ ਸੀ, ਇਸ ਉੱਤੇ ਇੱਕ ਇਟਾਲੀਅਨ ਟੀਵੀ ਸ਼ੋਅ ਵੀ ਬਣਿਆ ਜਿਸ ਵਿੱਚ ਇੱਕ ਨੌਜਵਾਨ ਡਾਕਟਰ ਗੋਲੀ ਲੱਗਣ ਤੋਂ ਬਾਅਦ ਆਪਣੀ ਯਾਦਦਾਸ਼ਤ ਦੇ 12 ਸਾਲ ਗੁਆ ਦਿੰਦਾ ਹੈ।

ਮਈ 2013 ਨੂੰ ਪੀਅਰ ਮੁੜ ਹੋਸ਼ ਵਿੱਚ ਆਏ। ਉਹ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਆਪਣੇ ਬੈੱਡ ਉੱਤੇ ਲੇਟੇ ਹੋਏ ਸਨ। ਇਟਲੀ ਦੇ ਸ਼ਹਿਰ ਲੋਡੀ ਵਿੱਚ ਇਹ ਹਸਪਤਾਲ ਉਨ੍ਹਾਂ ਵੱਲੋਂ ਹੀ ਚਲਾਇਆ ਜਾਂਦਾ ਸੀ।

ਉਨ੍ਹਾਂ ਦੱਸਿਆ, "ਪਹਿਲੀ ਚੀਜ਼ ਜੋ ਮੈਂ ਦੇਖੀ ਉਹ ਚਿੱਟੀ ਰੌਸ਼ਨੀ ਸੀ ਅਤੇ ਇਹ ਐਮਰਜੈਂਸੀ ਰੂਮ ਦੀ ਰੌਸ਼ਨੀ ਸੀ ਜਿੱਥੇ ਮੇਰੇ ਨਾਲ ਕੰਮ ਕਰਨ ਵਾਲਿਆਂ ਨੇ ਮੈਨੂੰ ਰੱਖਿਆ ਹੋਇਆ ਸੀ। ਮੈਂ 6 ਘੰਟਿਆਂ ਤੱਕ ਕੋਮਾ ਵਿੱਚ ਰਿਹਾ ਅਤੇ ਜਦੋਂ ਮੈਂ ਉੱਠਿਆ ਤਾ ਮੈਂ ਆਪਣੇ ਨਾਲ ਕੰਮ ਕਰਨ ਵਾਲਿਆਂ ਦੀਆਂ ਅੱਖਾਂ ਹੀ ਵੇਖੀਆਂ।"

"ਜਦੋਂ ਉਨ੍ਹਾਂ ਨੇ ਪੁੱਛਿਆ ਕਿ ਅੱਜ ਕੀ ਤਰੀਕ ਹੈ ਤਾਂ ਮੈਂ 5-6 ਸਕਿੰਟਾਂ ਤੱਕ ਸੋਚਿਆ ਅਤੇ ਜਵਾਬ ਦਿੱਤਾ, ਅੱਜ 25 ਅਕਤੂਬਰ 2001 ਹੈ।"

ਫਿਰ ਡਾਕਟਰ ਪੀਅਰ ਨੇ ਆਪਣੇ ਇੱਕ ਸਾਥੀ ਨੂੰ ਆਈਪੈਡ ਵਿੱਚ ਟਾਈਪ ਕਰਦੇ ਹੋਏ ਦੇਖਿਆ। ਅਜਿਹਾ ਡਿਵਾਈਸ ਸਾਲ 2001 ਤੱਕ ਨਹੀਂ ਆਇਆ ਸੀ। ਉਸ ਵੇਲੇ ਤੱਕ ਫੋਨ ਕਾਲ ਕਰਨ, ਟੈਕਸਟ ਮੈਸਜ ਭੇਜਣ ਅਤੇ ਖ਼ਬਰਾਂ ਦੀ ਅਪਡੇਟ ਲਈ ਹੀ ਵਰਤੇ ਜਾਂਦੇ ਸਨ।

ਪਰ ਸਭ ਹੈਰਾਨੀ ਵਾਲੀ ਗੱਲ ਅਜੇ ਹੋਣ ਵਾਲੀ ਸੀ।

"ਉਨ੍ਹਾਂ ਨੇ ਮੈਨੂੰ ਪੁੱਛਿਆ, ਕੀ ਤੁਸੀਂ ਆਪਣੀ ਪਤਨੀ ਨੂੰ ਦੇਖਣਾ ਚਾਹੁੰਦੇ ਹੋ?"

"ਮੈਂ ਜਵਾਬ ਦਿੱਤਾ, 'ਜੀ, ਮੈਂ ਆਪਣੀ ਪਤਨੀ ਨੂੰ ਦੇਖਣਾ ਚਾਹੁੰਦਾ ਹਾਂ।"

"ਮੇਰੇ ਦਿਮਾਗ਼ ਵਿੱਚ ਮੈਂ ਆਪਣੀ ਪਤਨੀ ਦੀ 12 ਸਾਲ ਪਹਿਲਾਂ ਦੀ ਕਲਪਨਾ ਕੀਤੀ, ਪਰ ਜੋ ਔਰਤ ਆਈ ਉਹ ਮੇਰੀ ਪਤਨੀ ਵਰਗੀ ਨਹੀਂ ਰਹੀ ਸੀ ਪਰ ਕੁਝ ਉਸ ਵਰਗੀ ਹੀ, ਉਸ ਦੇ ਕਾਫੀ ਝੁਰੜੀਆਂ ਸਨ।"

ਪੀਅਰ ਆਪਣੇ ਬੱਚਿਆਂ ਦੇ ਵੱਡੇ ਹੋਣ ਬਾਰੇ ਵੀ ਹੈਰਾਨ ਸਨ।

ਉਹ ਦੱਸਦੇ ਹਨ, "ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਮੇਰੇ ਬੱਚੇ ਕਿੱਥੇ ਹਨ? ਕਿਉਂਕਿ ਮੈਂ ਇਹ ਨਹੀਂ ਮੰਨਿਆ ਕਿ ਉਹ ਮੇਰੇ ਬੱਚੇ ਸਨ।"

ਇਸ ਮਗਰੋਂ ਉਨ੍ਹਾਂ ਦੀ ਪਤਨੀ ਨੇ ਇੱਕ ਖ਼ਬਰ ਉਨ੍ਹਾਂ ਨਾਲ ਸਾਂਝੀ ਕੀਤੀ, ਉਨ੍ਹਾਂ ਦੀ ਮਾਂ ਜੋ ਕਿ ਪੀਅਰ ਦੇ ਦਿਮਾਗ਼ ਵਿੱਤ ਕਾਫੀ ਸਿਹਤਯਾਬ ਸਨ, ਤਿੰਨ ਸਾਲ ਪਹਿਲਾਂ ਦੁਨੀਆਂ ਤੋਂ ਚਲੇ ਗਏ ਸਨ"

"ਜਦੋਂ ਮੈਂ ਉੱਠਿਆ ਤਾਂ ਮੈਂ ਲੱਗਾ ਕਿ ਮੈਂ 53 ਸਾਲਾਂ ਦਾ ਹਾਂ, ਦਿਨ ਵੇਲੇ ਮੇਰੇ ਸਾਹਮਣੇ ਆਇਆ ਕਿ ਮੈਂ 65 ਸਾਲਾਂ ਦਾ ਹਾਂ।"

ਜ਼ਿੰਦਗੀ ਦਾ ਮਾੜਾ ਪਾਸਾ

ਆਪਣੀ ਯਾਦਦਾਸ਼ਤ ਤੋਂ ਮਿਟ ਚੁੱਕੇ 12 ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਦੇ ਸਬੂਤਾਂ ਨੂੰ ਦੇਖਦਿਆਂ ਪੀਅਰ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਉਸ ਸਮੇਂ ਦੌਰਾਨ ਹਰ ਵੇਲੇ ਇੱਕ ਚੰਗਾ ਇਨਸਾਨ ਨਹੀਂ ਸੀ।

"ਮੈਂ ਆਪਣੇ ਦੋਸਤਾਂ, ਆਪਣੇ ਸਾਥੀਆਂ, ਆਪਣੀ ਪਤਨੀ ਨੂੰ ਪੁੱਛਿਆ ਕਿ ਮੈਂ ਕਿਹੋ ਜਿਹਾ ਆਦਮੀ ਸੀ, ਚੰਗਾ ਜਾਂ ਬੁਰਾ?

"ਮੇਰੇ ਸਾਥੀਆਂ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਆਪਣੇ ਐਮਰਜੈਂਸੀ ਵਿਭਾਗ ਦਾ ਮੁਖੀ ਬਣਿਆ ਅਤੇ ਮੇਰੇ ਹੇਠਾਂ ਲਗਭਗ 230 ਜਣੇ ਕੰਮ ਕਰਦੇ ਸਨ ।"

ਇਹ ਲੋਕ ਪੀਅਰ ਨੂੰ ਇੱਕ ਪਰੇਸ਼ਾਨ ਕਰਨ ਵਾਲੇ ਨਾਮ ਨਾਲ ਬੁਲਾਉਂਦੇ ਸਨ।

"ਉਨ੍ਹਾਂ ਨੇ ਮੇਰਾ ਨਾਮ ਪ੍ਰਿੰਸ ਆਫ ਬਾਸਟਰਡਜ਼ ਰੱਖਿਆ ਹੋਇਆ ਸੀ।"

ਉਹ ਕਹਿੰਦੇ ਹਨ ਕਿ ਇਸ 'ਤੇ ਵਿਸ਼ਵਾਸ ਕਰਨਾ ਅਸੰਭਵ ਸੀ, ਕਿਉਂਕਿ ਉਨ੍ਹਾਂ ਨੇ ਪਹਿਲਾਂ ਕਦੇ ਆਪਣੇ ਆਪ ਨੂੰ ਇੱਕ ਮਾੜਾ ਵਿਅਕਤੀ ਨਹੀਂ ਸਮਝਿਆ ਸੀ।

"ਉਨ੍ਹਾਂ ਨੇ ਮੈਨੂੰ ਕਿਹਾ, ਤੁਸੀਂ ਬਹੁਤ ਮਜ਼ਬੂਤ ਹੋ... ਪਰ ਦੂਜੇ ਲੋਕਾਂ ਨਾਲ ਬਹੁਤ ਸਖ਼ਤ ਹੋ।'"

ਪੀਅਰ ਦੇ ਗੁਆਚੇ ਵਰ੍ਹੇ

ਜਦੋਂ ਪੀਅਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਚੇ ਵਰ੍ਹਿਆਂ ਦੌਰਾਨ ਸੰਸਾਰ ਕਿੰਨਾ ਅੱਗੇ ਵੱਧ ਗਿਆ ਸੀ ਤਾਂ ਉਹ ਆਪਣੀ ਅਸਲ ਸ਼ਖ਼ਸੀਅਤ ਦੀ ਖੋਜ ਲਈ ਆਪਣੀ ਈਮੇਲਾਂ ਪੜ੍ਹਨ ਲੱਗੇ।

ਉਹ ਕਹਿੰਦੇ ਹਨ, "ਮੈਂ ਸਾਰੀਆਂ ਈਮੇਲਾਂ ਪੜ੍ਹੀਆਂ - ਇਹ 76,000 ਤੋਂ ਵੱਧ ਸਨ - ਤਾਂ ਜੋ ਮੈਂ ਇਹ ਜਾਣ ਸਕਾਂ ਕਿ ਮੈਂ ਕੀ ਸੀ, ਕੁਝ ਈਮੇਲਾਂ ਵਿੱਚ ਮੈਨੂੰ ਇਹ ਮੰਨਣਾ ਪਿਆ ਕਿ ਕਿਤੇ ਇੱਕ ਮਾੜਾ ਬੰਦਾ ਸੀ।"

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਆਇਆ ਕਿ ਉਨ੍ਹਾਂ ਦੇ ਸਾਥੀਆਂ ਨੇ ਜੋ ਦੱਸਿਆ ਉਹ ਸੱਚ ਸੀ, "ਜਦੋਂ ਮੈਂ ਉਹ ਈਮੇਲਾਂ ਪੜ੍ਹੀਆਂ ਤਾਂ ਬਹੁਤ ਨਿਰਾਸ਼ ਸੀ।

ਤਾਂ ਪੀਅਰ ਨੇ ਇੱਕ ਚੰਗਾ ਸ਼ਖ਼ਸ ਬਣਨ ਦਾ ਫ਼ੈਸਲਾ ਲਿਆ।

"ਮੈਂ ਹਰ ਦਿਨ ਡਾਇਰੀ ਲਿਖਣ ਲੱਗਾ, ਮੈਂ ਉਹ ਚੀਜ਼ਾਂ ਲਿਖਦਾ ਜੋ ਮੈਨੂੰ ਮੇਰੀ ਜ਼ਿੰਦਗੀ ਦੀਆਂ ਅਹਿਮ ਜਾਂ ਰੋਜ਼ਾਨਾ ਦੀਆਂ ਗੱਲਾਂ ਲੱਗਦੀਆਂ।"

"ਮੈਂ ਗ਼ਲਤ ਸਮੇਂ ਉੱਤੇ ਗ਼ਲਤ ਸ਼ਖ਼ਸ ਸੀ, ਇਹ ਮੇਰਾ ਸਮਾਂ ਨਹੀਂ ਸੀ।"

"ਮੈਂ ਦੁਨੀਆਂ ਉੱਤੇ ਇਹ ਵਿਦੇਸ਼ੀ ਸ਼ਖ਼ਸ ਸੀ ਜੋ ਮੈਂ ਸਮਝ ਨਹੀਂ ਸਕਿਆ, ਮੈਂ ਇਕੱਲਾ ਮਹਿਸੂਸ ਕਰਦਾ ਇਉਂ ਜਿਵੇਂ ਮੈਨੂੰ ਕੋਈ ਨਹੀਂ ਸਮਝਦਾ।"

"ਮੈਂ ਕਾਫੀ ਸਮੇਂ ਇਕੱਲਾ ਮਹਿਸੂਸ ਕਰਦਾ, ਕਿਉਂਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ, ਮੈਨੂੰ ਲੱਗਾ ਜਿਵੇਂ ਮੇਰੇ ਬੱਚਿਆਂ ਦੀ ਮੌਤ ਹੋ ਗਈ।"

"ਤਾਂ ਫਿਰ ਕਿਉਂ ਜਿਉਂਦਾ ਰਹਾਂ ਮੈਂ ਕਈ ਵਾਰ ਖ਼ੁਦਕੁਸ਼ੀ ਦਾ ਸੋਚਿਆ ਕਿਉਂਕਿ ਇਹ ਮੇਰੇ ਸੰਸਾਰ ਜਿਹਾ ਨਹੀਂ ਲੱਗ ਰਿਹਾ ਸੀ।"

ਪਰ ਪੀਅਰ ਨੇ ਨਕਾਰਾਤਮਕ ਖਿਆਲਾਂ ਨੂੰ ਬਾਹਰ ਕੱਢਣ ਦਾ ਤਰੀਕਾ ਲੱਭ ਲਿਆ।

ਪਤਨੀ ਨਾਲ ਦੁਬਾਰਾ ਪਿਆਰ

ਕਾਰ ਹਾਦਸੇ ਵਿੱਚ ਜ਼ਿੰਦਗੀ ਦੇ 12 ਸਾਲਾਂ ਦੀ ਯਾਦ ਗੁਆਉਣ ਤੋਂ ਪਹਿਲਾਂ ਪੀਅਰ ਦਿਨ ਵਿੱਚ 15 ਤੋਂ 16 ਘੰਟੇ ਕੰਮ ਕਰਦੇ ਸਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਐਮਰਜੈਂਸੀ ਵਿਭਾਗ ਦਾ ਮੁਖੀ ਬਣਨ ਤੋਂ ਬਾਅਦ ਉਹ ਘਰ ਬਹੁਤ ਘੱਟ ਆਉਂਦੇ ਸਨ।

ਪੀਅਰ ਦੱਸਦੇ ਹਨ, "ਮੇਰੀ ਪਤਨੀ ਨੇ ਦੱਸਿਆ, 'ਮੈਨੂੰ ਸੱਚਮੁੱਚ ਨਹੀਂ ਪਤਾ ਕਿ ਤੁਹਾਡੀ ਕੋਈ ਪ੍ਰੇਮਿਕਾ ਸੀ ਜਾਂ ਇੱਕ ਤੋਂ ਵੱਧ... ਕਿਉਂਕਿ ਤੁਸੀਂ ਕੰਮ ਵਿੱਚ ਕਾਫੀ ਰੁੱਝੇ ਰਹਿੰਦੇ ਸੀ।"

ਪੀਅਰ ਨੇ ਕੋਮਾ ਤੋਂ ਜਾਗਦਿਆਂ ਹੀ ਪਤੀ ਵਜੋਂ ਆਪਣੀ ਭੂਮਿਕਾ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੋਮਾ ਤੋਂ ਨਿਕਲਦਿਆਂ ਹੀ ਆਪਣੀ ਪਤਨੀ ਨਾਲ ਮੁੜ ਪਿਆਰ ਹੋ ਗਿਆ।

"ਜਦੋਂ ਮੇਰੀ ਪਤਨੀ ਕਮਰੇ ਤੋਂ ਬਾਹਰ ਜਾਣ ਲਈ ਮੁੜੀ ਤਾਂ ਮੈਂ ਉਸਨੂੰ ਦੇਖਿਆ, ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਪਿਆਰ ਹੋ ਗਿਆ।"

ਪੀਅਰ ਨੇ ਕਿਹਾ ਕਿ ਉਹ(ਪਤਨੀ) ਉਹੋ ਜਿਹੀ ਨਹੀਂ ਸਨ ਜਿਹੋ ਜਿਹੀ ਉਨ੍ਹਾਂ ਨੂੰ ਯਾਦ ਸੀ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਮੈਂ ਹੀ ਅਜਿਹਾ ਸ਼ਖ਼ਸ ਹਾਂ ਜੋ ਕਹਿ ਸਕਦਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਆਪਣੀ ਪਤਨੀ ਨਾਲ ਹੀ ਧੋਖ਼ਾ ਦਿੱਤਾ ਹੈ ਕਿਉਂਕਿ ਉਹ ਵੱਖਰੀ ਸੀ ਅਤੇ ਮੈਂ ਮੁੜ ਉਸ ਦੇ ਪਿਆਰ ਵਿੱਚ ਪੈ ਗਿਆ।"

ਪੀਅਰ ਕਹਿੰਦੇ ਹਨ ਕਿ ਉਨ੍ਹਾਂ ਦੀ ਨਵੀਂ ਅਸਲੀਅਤ ਰੌਸ਼ਨੀ ਅਤੇ ਉਮੀਦਾਂ ਨਾਲ ਭਰੀ ਹੈ।

"ਜਿੱਥੇ ਮੈਨੂੰ ਆਪਣੇ ਨਿੱਜੀ ਸਫ਼ਰ ਉੱਤੇ ਮਾਣ ਹੈ ਉੱਥੇ ਹੀ ਮੈਂ ਪੂਰੇ ਸੰਸਾਰ ਵਿੱਚ ਨਵੀਆਂ ਯਾਦਾਂ ਬਣਾਵਾਂਗਾ।"

"ਇਹੀ ਮੇਰਾ ਮੰਤਰ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)