ਬਿਰਧ ਆਸ਼ਰਮ, ਜਿੱਥੇ ਬਜ਼ੁਰਗ ਝੱਲਦੇ ਹਨ ਡੰਡਿਆਂ ਦੀ ਮਾਰ ਤੇ ਨਹੀਂ ਮਿਲਦਾ ਖਾਣਾ... ਬੀਬੀਸੀ ਦੀ ਪੜਤਾਲ

ਤਸਵੀਰ ਸਰੋਤ, BBC AFRICA EYE
- ਲੇਖਕ, ਬੀਬੀਸੀ ਅਫਰੀਕਾ ਆਈ
- ਰੋਲ, ਨੈਰੋਬੀ ਤੋਂ ਨਜਰੀ ਮਵਾਂਜੀ ਅਤੇ ਲੰਡਨ ਵਿੱਚ ਤਾਮਾਸੀਨ ਫੋਰਡ
ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਰਹਿਣ ਵਾਲੇ ਬੇਵੱਸ ਬਜ਼ੁਰਗਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਇਹ ਬੀਬੀਸੀ ਅਫਰੀਕਾ ਆਈ ਦੀ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ।
ਰਿਕਾਰਡ ਕੀਤੀ ਗਈ ਗੁਪਤ ਵੀਡੀਓ ਵਿੱਚ ਇਹ ਦਿੱਸਦਾ ਹੈ ਕਿ ਉੱਥੋਂ ਦੇ ਮੁਲਾਜ਼ਮ ਬਜ਼ੁਰਗਾਂ ਨਾਲ ਮਾੜਾ ਵਿਵਹਾਰ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਿਹਤ ਸੰਬੰਧੀ ਲੋੜਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ।
ਇੱਥੇ ਬਜ਼ੁਰਗਾਂ ਨੂੰ ਬਗ਼ੈਰ ਥਾਲੀਆਂ ਤੋਂ ਹੀ ਮੇਜ਼ਾਂ ਉੱਤੇ ਖਾਣਾ ਪਰੋਸਿਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਲੋੜੀਂਦਾ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਨੈਰੋਬੀ ਤੋਂ 20 ਕਿਲੋਮੀਟਰ ਪੱਛਮ ਵੱਲ ਪੈਂਦੇ ਬਜ਼ੁਰਗਾਂ ਲਈ ਬਣੇ ਪ੍ਰੈਸਬੀਟੇਰੀਅਨ ਚਰਚ ਆਫ ਈਸਟ ਅਫਰੀਕਾ (ਪੀਸੀਈਏ) ਥੋਗੋਟੋ ਕੇਅਰ ਦੇ ਇੱਕ ਮੁਲਾਜ਼ਮ ਨੇ ਡੰਡਾ ਫੜੀ ਖੜ੍ਹੇ ਆਪਣੇ ਨਾਲਦੇ ਮੁਲਾਜ਼ਮ ਨੂੰ ਕਿਹਾ, “ਉਸ ਦੇ ਪਿਛਵਾੜੇ ਉੱਤੇ ਮਾਰੋ, ਮਾਰੋ।”
ਗੁਪਤ ਤਰੀਕੇ ਨਾਲ ਰਿਕਾਰਡ ਕੀਤੀ ਗਈ ਵੀਡੀਓ ਮੁਤਾਬਕ ਤਿੰਨ ਮੁਲਾਜ਼ਮ ਜਿਨ੍ਹਾਂ ਨੇ ਜਾਮਨੀ ਰੰਗ ਦੀ ਵਰਦੀ ਪਾਈ ਹੋਈ ਹੈ, ਉਹ ਇਸ ਕੇਅਰ ਹੋਮ ਵਿਚਲੇ ਬਗੀਚੇ ਵਿੱਚ ਜੰਗ ਲੱਗੇ ਲੋਹੇ ਦੀਆਂ ਚਾਦਰਾਂ ਵਾਲੇ ਗੇਟ ਨੇੜੇ ਬਜ਼ੁਰਗ ਔਰਤ ਨੂੰ ਘੇਰਾ ਪਾਉਂਦੇ ਹਨ।
ਇੱਕ ਮੁਲਾਜ਼ਮ ਨੇ ਕਿਹਾ, “ਤੂੰ ਉਸ ਪਾਸੇ ਕਿੱਥੇ ਜਾ ਰਹੀ ਸੀ? ਤੁਹਾਨੂੰ ਬੁਲਾਇਆ ਗਿਆ ਸੀ ਤੇ ਤੁਸੀਂ ਆਉਣ ਤੋਂ ਮਨ੍ਹਾ ਕਰ ਦਿੱਤਾ।”
ਬਜ਼ੁਰਗ ਔਰਤ ਜਿਸ ਨੇ ਇੱਕ ਉੱਨ ਦੀ ਬਣੀ ਕੋਟੀ ਅਤੇ ਟੋਪੀ ਪਾਈ ਹੋਈ ਸੀ, ਉਲਝੀ ਹੋਈ ਅਤੇ ਡਰੀ ਹੋਈ ਨਜ਼ਰ ਆਉਂਦੀ ਸੀ।
ਬਜ਼ੁਰਗ ਔਰਤ ਅੱਗਿਓਂ ਕਹਿੰਦੀ ਹੈ, “ਮੈਨੂੰ ਮੁਆਫ਼ ਕਰ ਦਿਓ।”
ਇੱਕ ਮੁਲਾਜ਼ਮ ਕਹਿੰਦਾ ਹੈ, “ਹੁਣ ਤੁਹਾਨੂੰ ਫੇਰ ਡੰਡੇ ਪੈਣਗੇ।”
ਵੀਡੀਓ ਵਿੱਚ ਇੱਕ ਮੁਲਾਜ਼ਮ ਨੂੰ ਉਸ ਬਜ਼ੁਰਗ ਔਰਤ ਦੇ ਹੇਠਲੇ ਹਿੱਸੇ ਉੱਤੇ ਲੱਕੜ ਦੀ ਸੋਟੀ ਮਾਰਦੇ ਵੇਖਿਆ ਜਾ ਸਕਦਾ ਹੈ।
ਇਹ ਬੀਬੀਸੀ ਅਫਰੀਕਨ ਆਈ ਵੱਲੋਂ ਨੈਰੋਬੀ ਵਿੱਚ ਕੀਤੀ ਗਈ ਜਾਂਚ ਦੀ ਇੱਕ ਮਿਸਾਲ ਹੈ, ਜਿੱਥੇ ਬਜ਼ੁਰਗਾਂ ਨਾਲ ਮਾੜਾ ਮਤੀਰਾ ਹੋ ਹੁੰਦਾ ਹੈ।

'ਅਗਲੇ 3 ਦਹਾਕਿਆਂ 'ਚ ਬਜ਼ੁਰਗਾਂ ਦੀ ਗਿਣਤੀ ਵਿੱਚ 3 ਗੁਣਾ ਇਜ਼ਾਫਾ'
ਇਹ ਕੇਅਰ ਹੋਮ ਯਾਨਿ ਬਿਰਧ ਆਸ਼ਰਮ ਸਥਾਨਕ ਪ੍ਰੈਸਬੀਟੇਰੀਅਨ ਚਰਚ ਦੇ ਵੁਮੈਨ ਗਿਲਡ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਸਦਾ ਪ੍ਰਬੰਧ ਅਜ਼ਾਦ ਤੌਰ 'ਤੇ ਚਲਾਇਆ ਜਾਂਦਾ ਹੈ। ਇੱਥੇ ਤਕਰੀਬਨ ਪੰਜਾਹ ਕੁ ਬਜ਼ੁਰਗ ਔਰਤਾਂ ਅਤੇ ਪੁਰਸ਼ ਰਹਿੰਦੇ ਹਨ।
ਪਿਛਲੇ ਇੱਕ ਦਹਾਕੇ ਵਿੱਚ, ਬਜ਼ੁਰਗਾਂ ਲਈ ਘਰਾਂ ਦੀ ਗਿਣਤੀ ਲਗਭਗ ਤਿੰਨ ਗੁਣਾ ਵੱਧ ਗਈ ਹੈ। ਬਹੁਤ ਲੋਕ ਕਿਰਾਇਆ ਨਹੀਂ ਲੈਂਦੇ ਅਤੇ ਸਥਾਨਕ ਲੋਕਾਂ ਅਤੇ ਚਰਚਾਂ ਦਾਨ ਉੱਤੇ ਨਿਰਭਰ ਕਰਦੇ ਹਨ।
ਯੁਨਾਈਟਡ ਸਟੇਟਸ ਸੈਂਸਸ ਬਿਓਰੋ ਦੀ 2020 ਦੀ ਰਿਪੋਰਟ ਦੇ ਮੁਤਾਬਕ ਅਗਲੇ 30 ਸਾਲਾਂ ਵਿੱਚ ਅਫਰੀਕਾ ਵਿੱਚ ਬਜ਼ੁਰਗਾਂ ਦੀ ਗਿਣਤੀ ਤਿੰਨ ਗੁਣਾ ਯਾਨਿ 7.5 ਕਰੋੜ ਤੋਂ 23.5 ਕਰੋੜ ਤੱਕ ਵਧਣ ਦੇ ਆਸਾਰ ਹਨ।
ਇੱਥੇ ਹੋਣ ਵਾਲਾ ਵਾਧਾ ਕਿਸੇ ਹੋਰ ਖਿੱਤੇ ਵਿੱਚ ਹੋਣ ਵਾਲੇ ਵਾਧੇ ਤੋਂ ਜ਼ਿਆਦਾ ਹੋਵੇਗਾ, ਜਿਸ ਕਾਰਨ ਹੋਰ ਪਰਿਵਾਰਾਂ ਵੱਲੋਂ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣਾ ਪਵੇਗਾ।
ਸਾਲ 2020 ਵਿੱਚ ਕੀਨਿਆ ਦੇ ਬਰੌਡਕਾਸਟਿੰਗ ਚੈਨਲ, ਇਬਰੂ ਟੈਲੀਵਿਜ਼ਨ ਨੇ ਥੋਗੋਟੋ ਕੇਅਰ ਹੋਮ ਵਿੱਚ ਰਿਕਾਰਡਿੰਗ ਕੀਤੀ, ਚੈਨਲ ਦੇ ਪੇਸ਼ਕਾਰ ਜੇਨ ਗਾਟੁਟੂ ਨੇ ਸੁਰੱਖਿਅਤ ਥਾਂ ਵਜੋਂ ਪੇਸ਼ਕਾਰੀ ਕੀਤੀ, ਜਿੱਥੇ ਵਸਨੀਕਾਂ ਦਾ ਖ਼ਿਆਲ ਰੱਖਿਆ ਜਾਂਦਾ ਹੈ।
ਬੀਬੀਸੀ ਅਫਰੀਕਾ ਆਈ ਦੇ ਧਿਆਨ ਵਿੱਚ ਚਿੰਤਾਜਨਕ ਰਿਪੋਰਟਾਂ ਆਈਆਂ ਜੋ ਦਰਸਾਉਂਦੀਆਂ ਸਨ ਕਿ ਸੱਚਾਈ ਕੁਝ ਹੋਰ ਹੈ।

- ਬੀਬੀਸੀ ਅਫਰੀਕਾ ਆਈ ਨੇ ਨੈਰੋਬੀ ਵਿੱਚ ਇੱਕ ਬਿਰਧ ਆਸ਼ਰਮ ਦੀ ਗੁਪਤ ਰਿਕਾਰਡਿੰਗ ਕਰਕੇ ਉੱਥੋਂ ਦੇ ਹਾਲਾਤ ਬਾਰੇ ਖੁਲਾਸਾ ਕੀਤਾ।
- ਇਸ ਵਿੱਚ ਸਾਹਮਣੇ ਆਇਆ ਕਿ ਉੱਥੇ ਬਜ਼ੁਰਗਾਂ ਨਾਲ ਕੁੱਟਮਾਰ ਹੁੰਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਭੁੱਖੇ ਵੀ ਰੱਖਿਆ ਜਾਂਦਾ ਹੈ।
- ਬੀਬੀਸੀ ਪੱਤਰਕਾਰਾਂ ਨੇ ਮੁਲਾਜ਼ਮਾਂ ਵੱਲੋਂ ਕੀਤੇ ਜਾਂਦੇ ਦੁਰਵਿਵਿਹਾਰ ਦੇ ਹੋਰ ਵੀ ਉਦਾਹਰਣ ਕੈਮਰੇ ਵਿੱਚ ਕੈਦ ਕੀਤੇ।
- ਆਸ਼ਰਮ ਵਿੱਚ ਬਜ਼ੁਰਗਾਂ ਨੂੰ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ।
- ਹਾਲਾਂਕਿ, ਸਰਕਾਰ ਦਾ ਦਾਅਵਾ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਮਿਲਿਆ ਤਾਂ ਉਨ੍ਹਾਂ ਸਜ਼ਾ ਜ਼ਰੂਰ ਦਿੱਤੀ ਜਾਵੇਗੀ।

ਬੀਬੀਸੀ ਦੇ ਦੋ ਪੱਤਰਕਾਰਾਂ ਨੇ ਆਪਣੀ ਪਛਾਣ ਲੁਕਾ ਕੇ ਕੇਅਰ ਹੋਮ ਵਿੱਚ ਨੌਕਰੀ ਲਈ ਅਤੇ 14 ਹਫ਼ਤੇ ਅੰਦਰ ਗੁਪਤ ਰੂਪ ਵਿੱਚ ਵੀਡਿੳ ਬਣਾਈ ਸੀ।
ਇਥੋਂ ਦੇ ਮੁਲਾਜ਼ਮਾਂ ਵੱਲੋਂ ਬਜ਼ੁਰਗ ਔਰਤਾਂ ਨੂੰ ਡੰਡੇ ਨਾਲ ਕੁੱਟੇ ਜਾਣ ਦੀਆਂ ਰਿਕਾਰਡਿੰਗਜ਼ ਦੇ ਨਾਲ-ਨਾਲ, ਮੁਲਾਜ਼ਮਾਂ ਨੇ ਬਜ਼ੁਰਗਾਂ ਨੂੰ ਸਰੀਰਕ ਤੌਰ ਉੱਤੇ ਨੁਕਸਾਨ ਪਹੁੰਚਾਉਣਾ ਵੀ ਕਬੂਲ ਕੀਤਾ।
ਕੇਅਰ ਹੋਮ ਦੇ ਬਾਹਰ ਇੱਕ ਛੱਤਰੀ ਹੇਠ ਬੈਠੀ ਮੁਲਾਜ਼ਮ ਕਹਿੰਦੀ ਹੈ, “ਕਦੇ-ਕਦੇ ਤੁਹਾਨੂੰ ਜ਼ੋਰ ਦੀ ਵਰਤੋਂ ਵੀ ਕਰਨੀ ਪੈਂਦੀ ਹੈ।"
ਇੱਥੋਂ ਤੱਕ ਕਿ ਜਿਹੜੇ ਮੁਲਾਜ਼ਮ ਨਰਮੀ ਵਿੱਚ ਕੰਮ ਸ਼ੁਰੂ ਕਰਦੇ ਹਨ, ਉਹ ਆਪਣੇ-ਆਪ ਬਜ਼ੁਰਗਾਂ ਨਾਲ ਗੁੱਸੇ ਵਾਲਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਉਹ ਆਖਦੀ ਹੈ, “ਅਸੀਂ ਉਸਨੂੰ ਕੁੱਟਦੇ ਹਾਂ, ਇਹੀ ਹੈ ਜੋ ਉਸ ਨੂੰ ਸ਼ਾਂਤ ਕਰਦਾ ਹੈ, ਕਿਉਂਕਿ ਜੇ ਉਸਨੂੰ ਗੁੱਸਾ ਆ ਗਿਆ ਤਾਂ ਉਹ ਤੁਹਾਨੂੰ ਪੱਥਰ ਨਾਲ ਵੀ ਮਾਰ ਸਕਦਾ ਹੈ।"
ਬੀਬੀਸੀ ਪੱਤਰਕਾਰਾਂ ਨੇ ਮੁਲਾਜ਼ਮਾਂ ਵੱਲੋਂ ਕੀਤੇ ਜਾਂਦੇ ਦੁਰਵਿਵਿਹਾਰ ਦੇ ਹੋਰ ਵੀ ਉਦਾਹਰਣ ਕੈਮਰੇ ਵਿੱਚ ਕੈਦ ਕੀਤੇ।
ਇਹ ਰਿਕਾਰਡਿੰਗਾਂ ਦਰਸਾਉਂਦੀਆਂ ਹਨ, ਬਜ਼ੁਰਗਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੱਲ ਵੀ ਖ਼ਿਆਲ ਨਹੀਂ ਕੀਤਾ ਜਾਂਦਾ। ਇੱਕ ਬਜ਼ੁਰਗ ਚਮੜੀ ਦੇ ਰੋਗ ਨਾਲ ਪੀੜਤ ਸੀ।
“ਮੈਂ ਦਰਦ ਮਹਿਸੂਸ ਕਰ ਰਿਹਾ ਹਾਂ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ… ਮੈਨੂੰ ਏਦਾਂ ਲੱਗ ਰਿਹਾ ਹੈ ਕਿ ਮੈਂ ਸੜ ਰਿਹਾ ਹੋਵਾਂ।"
ਪੀੜਤ ਬਜ਼ੁਰਗ ਪੱਤਰਕਾਰ ਨੂੰ ਆਪਣੀ ਗਰਦਨ ਵਿਖਾਉਂਦੇ ਵੀਡੀਓ ਵਿੱਚ ਅਜਿਹਾ ਬੋਲਦਾ ਸੁਣਿਆ ਜਾ ਸਕਦਾ ਹੈ। ਉਹ ਕਹਿੰਦੇ ਹਨ ਕੇਅਰ ਹੋਮ ਦੇ ਮੁਲਾਜ਼ਮ ਉਸ ਨੂੰ ਇਲਾਜ ਲਈ ਹਸਪਤਾਲ ਨਹੀਂ ਲੈ ਕੇ ਜਾਂਦੇ।
'ਅਸੀਂ ਮੌਤ ਦੀ ਉਡੀਕ ਕਰ ਰਹੇ ਹਾਂ'
ਉਸ ਬਜ਼ੁਰਗ ਦਾ ਚਮੜੀ ਦਾ ਰੋਗ ਕਿੰਨਾ ਮਾੜਾ ਸੀ ਇਸਦਾ ਅੰਦਾਜ਼ਾ ਵੀਡੀੳ ਤੋਂ ਲਾਉਣਾ ਮੁਸ਼ਕਲ ਹੈ ਪਰ ਪੱਤਰਕਾਰ ਮੁਤਾਬਕ ਉਸ ਦੇ ਜਖ਼ਮਾਂ ਵਿੱਚੋਂ ਲਹੂ ਬਹੁਤ ਬੁਰੀ ਤਰ੍ਹਾਂ ਵਗ ਰਿਹਾ ਸੀ।
ਪੱਤਰਕਾਰ ਮੁਤਾਬਕ, “ਉਨ੍ਹਾਂ ਨੇ ਜੇਨ ਗਾਟੁਰੂ (ਕੇਅਰ ਹੋਮ ਦੀ ਮੈਨੇਜਰ) ਨੂੰ ਪੈਸੇ ਦਿੱਤੇ ਤਾਂ ਕਿ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ।”
“ਉਨ੍ਹਾਂ ਨੂੰ ਹਸਪਾਲ ਨਹੀਂ ਲੈ ਕੇ ਗਏ" ਅਤੇ ਜਦੋਂ ਉਸ ਨੇ ਜੇਨ ਨੂੰ ਕਿਹਾ, ਜੇਨ ਨੂੰ ਉਸ ਉੱਤੇ ਬਹੁਤ ਗੁੱਸਾ ਸੀ ਅਤੇ ਜੇਨ ਨੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਘਰ ਨੇੜੇ ਹੀ ਹੈ, ਤੇ ਤੁਹਾਡੇ ਪਰਿਵਾਰ ਨੇ ਤੁਹਾਨੂੰ ਰੱਖਣ ਤੋਂ ਮਨ੍ਹਾ ਕਰ ਦਿੱਤਾ ਹੈ।"
"ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ?"
ਪੱਤਰਕਾਰ ਯਾਦ ਕਰਦੇ ਹੋਏ ਦੱਸਦੀ ਹੈ, “ਉਹ (ਬਜ਼ੁਰਗ) ਮੈਨੂੰ ਕਹਿੰਦੇ ਸੀ, ਅਸੀਂ ਮੌਤ ਦੀ ਉਡੀਕ ਕਰ ਰਹੇ ਹਾਂ।”
ਉਸ ਬਜ਼ੁਰਗ ਨੂੰ ਛੇ ਹਫ਼ਤੇ ਬਾਅਦ ਡਾਕਟਰ ਕੋਲ ਲੈ ਕੇ ਗਏ, ਉਹ ਵੀ ਉਦੋਂ ਜਦੋਂ ਉਸ ਦੇ ਪਰਿਵਾਰ ਨੇ ਪੈਸੇ ਦਿੱਤੇ ਸਨ।
ਗੁਪਤ ਤੌਰ ‘ਤੇ ਕੰਮ ਕਰ ਰਹੇ ਪੱਤਰਕਾਰਾਂ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਇਹ ਦਿੱਸਦਾ ਸੀ ਕਿ ਕਮਰ ਤੋਂ ਲੈ ਕੇ ਗਰਦਨ ਤੱਕ ਉਸ ਦੀ ਸਾਰੀ ਚਮੜੀ ਚਿੱਟੇ ਰੰਗ ਦੀ ਹੋ ਗਈ ਸੀ ਅਤੇ ਭੁਰ ਗਈ ਸੀ। ਉਸਦੀ ਕੀ ਹਾਲਤ ਹੈ ਇਸ ਬਾਰੇ ਜਾਣਕਾਰੀ ਨਹੀਂ ਹੈ।
ਜੇਨ ਗਾਟੁਰੂ ਨੇ ਇਸ ਬਾਰੇ ਆਪਣੀ ਪ੍ਰਤਿਕਿਰਿਆ ਦੇਣ ਤੋਂ ਤੋਂ ਨਾਂਹ ਕਰ ਦਿੱਤਾ ਕਿ ਉਸਨੂੰ ਡਾਕਟਰੀ ਸਹਾਇਤਾ ਲਈ ਪੈਸੇ ਮਿਲੇ ਸਨ ਅਤੇ ਉਸ ਨੇ ਤਾਂ ਵੀ ਕੁਝ ਨਹੀਂ ਕੀਤਾ।

ਸਰਕਾਰੀ ਨਿਰਦੇਸ਼ ਕਹਿੰਦੇ ਹਨ ਕਿ ਅਜਿਹੀਆਂ ਸੰਸਥਾਵਾਂ ਵੱਲੋਂ ਇੱਥੇ ਰਹਿਣ ਵਾਲੇ ਬਜ਼ੁਰਗਾਂ ਲਈ ਡਾਕਟਰੀ ਸਹਾਇਤਾ ਜ਼ਰੂਰੀ।
ਗੁਪਤ ਪੱਤਰਕਾਰ ਦਾ ਕਹਿਣਾ ਹੈ, “ਮੈਂ ਆਪ ਵੀ ਬਹੁਤ ਦਰਦ ਵਿੱਚ ਸੀ, ਜਦੋਂ ਮੈਂ ਉਨ੍ਹਾਂ ਨੂੰ ਦਰਦ ਵਿੱਚ ਦੇਖਦੀ ਅਤੇ ਕੁਝ ਨਹੀਂ ਕਰ ਸਕਦੀ।”
"ਮੈਂ ਬਹੁਤ ਰੋਂਦੀ ਸੀ, ਬਹੁਤ ਵਾਰੀ ਮੈਂ ਬਾਥਰੂਮ ਵਿੱਚ ਜਾ ਕੇ ਆਪਣਾ ਕੈਮਰਾ ਬੰਦ ਕਰਕੇ ਰੋਂਦੀ ਸੀ।”
ਇੱਕ ਪੱਤਰਕਾਰ ਨੇ ਬਜ਼ੁਰਗ ਔਰਤ ਦੀ ਵੀਡੀਓ ਬਣਾਈ ਜਿਸ ਵਿੱਚ ਉਹ ਬਿਨਾਂ ਥਾਲੀ ਸਿੱਧਾ ਮੇਜ਼ ਤੋਂ ਖਾਣਾ ਖਾ ਰਹੇ ਹਨ ਕਿੳਂਕਿ ਉਹ ਚਮਚ ਨਾਲ ਆਪਣੇ ਆਪ ਖਾਣ ਵਿੱਚ ਅਮਰੱਥ ਸੀ।
ਉੱਥੇ ਪਹਿਲਾਂ ਕੰਮ ਕਰਦੇ ਇੱਕ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਹੀ ਪਹਿਲਾਂ ਵੀ ਦੇਖਿਆ, ਉਨ੍ਹਾਂ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਬਜ਼ੁਰਗਾਂ ਦੀ ਖਾਣਾ ਖਾਣ ਵਿੱਚ ਮਦਦ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ, “ਮੁਲਾਜ਼ਮਾਂ ਨੇ ਮੈਨੂੰ ਕਿਹਾ ਕਿ ਅੱਜ ਉਨ੍ਹਾਂ ਦੀ ਸਹਾਇਤਾ ਨਾ ਕਰੋ ਕਿੳਂਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਹਨਾਂ ਦੀ ਸਹਾਇਤਾ ਨਹੀਂ ਕਰੇਗਾ।"
ਪੱਤਰਕਾਰ ਨੇ ਗੁਪਤ ਤੌਰ ਤੇ ਮੁਲਾਜ਼ਮਾਂ ਵਿਚਲੀ ਗੱਲਬਾਤ ਵੀ ਰਿਕਾਰਡ ਕਰ ਲਈ ਜਿਸ ਵਿੱਚ ਉਹ ਬਜ਼ੁਰਗਾਂ ਨੂੰ ਖਾਣਾ ਨਾ ਖਵਾਉਣ ਬਾਰੇ ਗੱਲ ਕਰ ਰਹੇ ਹਨ।
ਇੱਕ ਮੁਲਾਜ਼ਮ ਨੇ ਕਿਹਾ, "ਤੁਹਾਨੂੰ ਲੱਗਦਾ ਹੈ ਕਿ ਉਹ ਇੱਥੇ ਭੁੱਖੀ ਮਰਨ ਵਾਲੀ ਅਜਿਹੀ ਪਹਿਲੀ ਹੈ?”
'ਮੁਲਾਜ਼ਮ ਲੈ ਜਾਂਦੇ ਹਨ ਦਾਨ ਵਾਲਾ ਭੋਜਨ'
ਬਹੁਤ ਲੋਕ ਇੱਥੇ ਭੁੱਖ ਨਾਲ ਮਰ ਗਏ, ਉਨ੍ਹਾਂ ਦੇ ਮੁਲਾਜ਼ਮ ਉਨ੍ਹਾਂ ਨੂੰ ਨਾ ਦੁਪਹਿਰ ਦਾ ਖਾਣਾ ਦਿੰਦੇ ਹਨ ਤੇ ਨਾ ਹੀ ਰਾਤ ਦਾ, ਇਹ ਸਭ ਇਸ ਲਈ ਕਿਉਂਕਿ ਉਹ ਸਮਾਂ ਕੱਢ ਕੇ ਬਜ਼ੁਰਗਾਂ ਨੂੰ ਰੋਟੀ ਖਵਾਉਣ ਲਈ ਆਉਣਾ ਨਹੀਂ ਚਾਹੁੰਦੇ ਹਨ।“
ਬਿਰਧ ਆਸ਼ਰਮ ਵਿੱਚ ਆਉਣ ਵਾਲਾ ਵਧੇਰੇ ਭੋਜਨ ਦਾਨ ਕੀਤਾ ਗਿਆ ਹੁੰਦਾ ਹੈ। ਪੱਤਰਕਾਰਾਂ ਨੇ ਤਿੰਨ ਮੌਕਿਆਂ ‘ਤੇ ਇਹ ਦੇਖਿਆ ਕਿ ਭੋਜਨ ਸੀਨੀਅਰ ਮੁਲਾਜ਼ਮ ਦੀ ਗੱਡੀ ਵਿੱਚ ਰਖਵਾਇਆ ਜਾ ਰਿਹਾ ਸੀ।
ਪੱਤਰਕਾਰ ਨੂੰ ਵੀ ਇਹ ਪੁੱਛਿਆ ਗਿਆ ਸੀ ਕਿ ਕੀ ਆਪਣੇ ਪਰਿਵਾਰ ਲਈ ਭੋਜਨ ਲੈ ਕੇ ਜਾਣਾ ਚਾਹੁੰਦੀ ਹੈ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ।
ਆਸ਼ਰਮ ਵਿੱਚ ਕੰਮ ਕਰਨ ਵਾਲੀ ਸਾਬਕਾ ਮੁਲਾਜ਼ਮ ਨੇ ਦੱਸਿਆ ਕਿ ਆਸ਼ਰਮ ਦੇ ਮੁਲਾਜ਼ਮ ਹੀ ਭੋਜਨ ਦੀ ਚੋਰੀ ਕਰ ਰਹੇ ਹਨ।
ਉਸ ਮੁਤਾਬਕ, "ਉੱਥੇ ਭੋਜਨ ਆਉਂਦਾ ਸੀ ਪਰ ਇਹ ਚੋਰੀ ਕਰ ਲਿਆ ਜਾਂਦਾਂ ਸੀ, ਉਹ ਗੱਡੀ ਨੂੰ ਖਾਣ-ਪੀਣ ਵਾਲੇ ਸਮਾਨ ਨਾਲ ਇੰਨਾ ਲੱਦ ਲੈਂਦੇ ਸਨ ਕਿ ਗੱਡੀ ਟੇਢੀ ਹੋ ਜਾਂਦੀ ਸੀ।"
ਬੀਬੀਸੀ ਅਫਰੀਕਾ ਆਈ ਨੇ ਗੁਪਤ ਤੌਰ ‘ਤੇ ਜੋਸੇਫ ਮੋਟਾਰੀ ਦੀ ਵੀ ਰਿਕਾਰਡਿੰਗ ਕੀਤੀ, ਜੋ ਕਿ ਕੇਨਿਆ ਸਰਕਾਰ ਦੇ ਸਮਾਜਿਕ ਸੁਰੱਖਿਆਂ ਅਤੇ ਬਜ਼ੁਰਗਾਂ ਦੇ ਮਾਮਲਿਆਂ ਲਈ ਪਿੰਸੀਪਲ ਸੈਕਰੇਟਰੀ ਹਨ।
ਉਨ੍ਹਾਂ ਕਿਹਾ, “ਜੇਕਰ ਸਾਨੂੰ ਕੋਈ ਅਜਿਹਾ ਮਿਲੇਗਾ ਜੋ ਬਜ਼ੁਰਗਾਂ ਨੂੰ ਮੰਦਾ ਬੋਲ ਰਿਹਾ, ਤੰਗ ਕਰ ਰਿਹਾ ਹੈ ਜਾਂ ਸਰੀਰਕ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।"
“ਅਸੀਂ ਪ੍ਰਾਈਵੇਟ ਕੇਅਰ ਹੋਮਸ ਵਿੱਚ ਜਾਂਚ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਵੇਖਾਂਗੇ ਕਿ ਉਹ ਨੀਅਤ ਕੀਤੇ ਗਏ ਪੈਮਾਨਿਆਂ ਉੱਤੇ ਖਰੇ ਉੱਤਰਦੇ ਹਨ ਜਾਂ ਨਹੀ। ਅਸੀਂ ਨਿੱਜੀ ਤੌਰ 'ਤੇ ਚਲਾਏ ਜਾਂਦੇ ਅਜਿਹੇ ਕੇਂਦਰਾਂ ‘ਤੇ ਕਾਰਵਾਈ ਕਰਨ ਲਈ ਤਿਆਰ ਹਾਂ ਜੋ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੇ ਹਨ।"

ਅਸੀਂ ਇਹ ਇਲਜ਼ਾਮ ਗਾਟੁਰੂ ਅੱਗੇ ਰੱਖੇ।
ਉਨ੍ਹਾਂ ਕਿਹਾ, “ਇਹ ਕੇਂਦਰ ਇੱਕ ਗ਼ੈਰ-ਮੁਨਾਫਾ ਸੰਸਥਾ ਹੈ ਅਤੇ ਸੇਵਾ ਦੇ ਤੌਰ ‘ਤੇ ਚਲਾਈ ਜਾਂਦੀ ਹੈ, ਇਹ ਪੂਰੀ ਤਰ੍ਹਾਂ ਸ਼ੁਭ-ਚਿੰਤਕਾਂ ਦੇ ਦਾਨ ਉੱਤੇ ਨਿਰਭਰ ਹੈ।“
ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਕੋਈ ਪੇਸ਼ੇਵਰ ਡਾਕਟਰੀ ਟੀਮ ਨਹੀਂ ਹੈ ਅਤੇ ਉਹ ਡਾਕਟਰੀ ਸਹਾਇਤਾ ਲਈ ਹੋਰਾਂ ਉੱਤੇ ਨਿਰਭਰ ਕਰਦੇ ਹਨ, “ਪਰ ਇਹ ਇਲਜ਼ਾਮ ਕਿ ਉਨ੍ਹਾਂ ਨੇ ਇੱਥੇ ਰਹਿਣ ਵਾਲੇ ਬਜ਼ੁਰਗਾਂ ਦੀਆਂ ਸਿਹਤ ਸੰਬੰਧੀ ਲੋੜਾਂ ਵੱਲ ਧਿਆਨ ਨਹੀਂ ਦਿੱਤਾ ਬਿਲਕੁਲ ਝੂਠ ਹੈ।”
ਉਨ੍ਹਾਂ ਕਿਹਾ, “ਜਿਹੜੇ ਬਜ਼ੁਰਗ ਖਾਣ ਵਿੱਚ ਅਸਮਰਥ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਉੱਤੇ ਸਹਾਇਤਾ ਦਿੱਤੀ ਜਾਂਦੀ ਹੈ, ਤੇ ਜੋ ਵੀ ਇੱਥੋਂ ਭੋਜਨ ਘਰ ਲੈ ਕੇ ਜਾਂਦਾ ਮਿਲੇਗਾ ਉਸ ਨੂੰ ਕੱਢ ਦਿੱਤਾ ਜਾਵੇਗਾ।”
ਉਨ੍ਹਾਂ ਕਿਹਾ, “ਇਹ ਸੰਸਥਾ ਅਤੇ ਇੱਥੋਂ ਦੇ ਪ੍ਰਬੰਧਕ ਕਿਸੇ ਵੀ ਬਜ਼ੁਰਗਾਂ ਪ੍ਰਤੀ ਕਿਸੇ ਵੀ ਕਿਸਮ ਦੇ ਮਾੜੇ ਵਰਤਾੳ ਨੂੰ ਪ੍ਰਵਾਨ ਨਹੀਂ ਕਰਦੇ।"
ਉਨ੍ਹਾਂ ਨੇ ਕਿਹਾ, “ਇਹ ਸੰਸਥਾ ਹਮੇਸ਼ਾ ਕਾਨੂੰਨ ਨੂੰ ਮੰਨਦੀ ਹੈ ਅਤੇ ਈਸਾਈ ਸੰਕਲਪਾਂ, ਜਿਨ੍ਹਾਂ ‘ਤੇ ਇਸ ਨੂੰ ਸਥਾਪਿਤ ਕੀਤਾ ਗਿਆ ਤੋਂ ਪ੍ਰੇਰਣਾ ਲੈਂਦੀ ਹੈ।"













