ਖਨੌਰੀ ਤੇ ਸ਼ੰਭੂ ਬਾਰਡਰ ਤੋਂ ਰਾਤੋਂ-ਰਾਤ ਕਿਸਾਨਾਂ ਦੇ ਧਰਨੇ ਨੂੰ ਹਟਾਇਆ, ਪਟਿਆਲਾ ਅਤੇ ਸੰਗਰੂਰ ਵਿੱਚ ਇੰਟਰਨੈੱਟ ਬੰਦ, ਹੁਣ ਸੂਬੇ ਵਿੱਚ ਕੀ ਹਨ ਹਾਲਾਤ

ਖਨੌਰੀ ਤੇ ਸ਼ੰਭੂ ਬਾਰਡਰ 'ਤੇ ਪੁਲਿਸ ਦਾ ਐਕਸ਼ਨ

ਤਸਵੀਰ ਸਰੋਤ, kulveer Namol/BBC

ਪੰਜਾਬ ਅਤੇ ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਬੀਤੀ ਰਾਤ ਉੱਥੋਂ ਹਟਾ ਦਿੱਤਾ ਗਿਆ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਣੇ ਹੋਰ ਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਕਿਸਾਨਾਂ ਨੂੰ ਜ਼ਬਰੀ ਚੁੱਕ ਕੇ ਬੱਸਾਂ ਵਿੱਚ ਭਰਿਆ ਅਤੇ ਉੱਥੋਂ ਲੈ ਗਏ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਸ ਵੇਲੇ ਪ੍ਰਸ਼ਾਸਨ ਨੇ ਪਟਿਆਲਾ ਅਤੇ ਸੰਗਰੂਰ ਵਿੱਚ ਇੰਟਰਨੈਟ ਬੰਦ ਕੀਤਾ ਹੋਇਆ ਹੈ, ਤਾਂ ਜੋ ਜ਼ਿਆਦਾ ਲੋਕ ਇਕੱਠੇ ਨਾ ਹੋ ਸਕਣ ਅਤੇ ਕਾਨੂੰਨ-ਵਿਵਸਥਾ ਬਣੀ ਰਹੇ।

ਕਿਸਾਨ

ਤਸਵੀਰ ਸਰੋਤ, kulvir Namol/BBC

ਖ਼ਬਰ ਏਜੰਸੀ ਏਐਨਆਈ ਮੁਤਾਬਕ, ਕਿਸਾਨਾਂ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ 'ਤੇ ਲਗਾਈ ਪੱਕੀ ਬੈਰੀਕੇਡਿੰਗ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਸਾਲ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬਰਡਰਾਂ 'ਤੇ ਸਖ਼ਤ ਬੈਰੀਕੇਡਿੰਗ ਕਰ ਦਿੱਤੀ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕਿਵੇਂ ਹੋਇਆ ਪੁਲਿਸ ਐਕਸ਼ਨ

ਡੀਆਈਜੀ ਨੇ ਪਹਿਲਾਂ ਸਪੀਕਰ ਉੱਤੇ ਕਿਸਾਨਾਂ ਨੂੰ ਕਿਹਾ ਕਿ ਉਹ ਸਾਂਤੀ ਨਾਲ ਬੱਸਾਂ ਵਿੱਚ ਬੈਠ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗਿਣਤੀ 300-400 ਹੈ ਪਰ ਪੁਲਿਸ ਦੀ ਨਫ਼ਰੀ 3 ਹਜ਼ਾਰ ਦੇ ਕਰੀਬ ਹੈ।

ਜਦੋਂ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਧੱਕੇ ਨਾਲ ਕਿਸਾਨਾਂ ਨੂੰ ਬੱਸਾਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ।

ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਇਸ ਤੋਂ ਪਹਿਲਾਂ ਕਿਸਾਨ ਅੰਦੋਲਨ 2.0 ਦੇ ਆਗੂ ਜਗਜੀਤ ਸਿੰਘ ਅਤੇ ਸਰਵਣ ਸਿੰਘ ਪੰਧੇਰ ਸਣੇ ਲਗਭਗ ਸਾਰੇ ਹੀ ਪ੍ਰਮੁੱਖ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਖਨੌਰੀ ਬਾਰਡਰ ਉੱਤੇ ਪੁਲਿਸ ਵੱਲੋਂ ਐਕਸ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਖਨੌਰੀ ਬਾਰਡਰ ਉੱਤੇ ਪੁਲਿਸ ਵੱਲੋਂ ਐਕਸ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ

ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂ ਜਿਵੇਂ ਹੀ ਚੰਡੀਗੜ੍ਹ ਵਿੱਚੋਂ ਨਿਕਲ ਕੇ ਆਪਣੀਆਂ ਗੱਡੀਆਂ ਰਾਹੀਂ ਮੁਹਾਲੀ ਵਿੱਚ ਦਾਖ਼ਲ ਹੋਏ ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਘੇਰ ਕੇ ਹਿਰਾਸਤ ਵਿੱਚ ਲੈ ਲਿਆ।

ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਕਈ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਗੁਰਅਮਨੀਤ ਸਿੰਘ ਮਾਂਗਟ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ।

ਸ਼ੰਭੂ ਬਾਰਡਰ ਉੱਤੇ ਪੁਲਿਸ ਨੇ ਕਿਸਾਨਾਂ ਦੇ ਢਾਂਚਿਆਂ ਨੂੰ ਢਾਹ ਦਿੱਤਾ ਹੈ

ਤਸਵੀਰ ਸਰੋਤ, Kulveer Singh/BBC

ਤਸਵੀਰ ਕੈਪਸ਼ਨ, ਸ਼ੰਭੂ ਬਾਰਡਰ ਉੱਤੇ ਪੁਲਿਸ ਨੇ ਕਿਸਾਨਾਂ ਦੇ ਢਾਂਚਿਆਂ ਨੂੰ ਢਾਹ ਦਿੱਤਾ ਹੈ

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੱਡੀ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਨੇ ਉਨ੍ਹਾਂ ਦੀ ਐਂਬੂਲੈਂਸ ਦੇ ਡਰਾਇਵਰ ਨੂੰ ਉਤਾਰ ਦਿੱਤਾ ਅਤੇ ਪੁਲਿਸਕਰਮੀ ਆਪ ਗੱਡੀ ਚਲਾ ਕੇ ਲੈ ਗਿਆ।

ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੌਰਾਨ ਪੁਲਿਸ ਅਤੇ ਕਿਸਾਨਾਂ ਵਿੱਚ ਖਿੱਚਧੂਹ ਵੀ ਹੋਈ ਅਤੇ ਕਈ ਕਿਸਾਨ ਜਖ਼ਮੀ ਹੋ ਗਏ।

ਖਨੌਰੀ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਚੁੱਕਣ ਤੋਂ ਬਾਅਦ ਦੀਆਂ ਤਸਵੀਰਾਂ

ਤਸਵੀਰ ਸਰੋਤ, kulveer Singh/BBC

ਤਸਵੀਰ ਕੈਪਸ਼ਨ, ਖਨੌਰੀ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਚੁੱਕਣ ਤੋਂ ਬਾਅਦ ਦੀਆਂ ਤਸਵੀਰਾਂ

ਉੱਧਰ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਥੋੜ੍ਹੀ ਦੂਰੀ ਉੱਤੇ ਪੰਜਾਬ ਪੁਲਿਸ ਨੇ ਭਾਰੀ ਤੈਨਾਤੀ ਕੀਤੀ ਗਈ ਹੈ। ਵੱਡੀ ਗਿਣਤੀ ਵਿੱਚ ਬੱਸਾਂ ਅਤੇ ਵਾਹਨ ਲਿਆਂਦੇ ਗਏ ਹਨ।

ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮੋਰਚਿਆਂ ਨੂੰ ਖ਼ਤਮ ਕਰਵਾਉਣ ਲਈ ਪੁਲਿਸ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੀ ਹੈ।

‘ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ’

ਕਿਸਾਨ

ਤਸਵੀਰ ਸਰੋਤ, kulvir Namol/BBC

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ਼ ਉੱਤੇ ਸਾਂਝੀ ਕੀਤੀ ਵੀਡੀਓ ਵਿੱਚ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਵਿੱਚੋਂ ਇੱਕ ਆਗੂ ਨੇ ਕਿਹਾ, ''ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧੋਖੇ ਨਾਲ ਹਿਰਾਸਤ ਵਿੱਚ ਲਿਆ ਹੈ।''

ਪੁਲਿਸ ਇਨ੍ਹਾਂ ਆਗੂਆਂ ਨੂੰ ਬੱਸ ਵਿੱਚ ਭਰ ਕੇ ਲਿਆ ਰਹੀ ਸੀ ਤਾਂ ਇਨ੍ਹਾਂ ਕਿਸਾਨਾਂ ਨੇ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਅਤੇ ਦਾਅਵਾ ਕੀਤਾ ਕਿ ਡੱਲੇਵਾਲ ਨੂੰ ਐਂਬੂਲੈਂਸ ਸਣੇ ਹੀ ਲੈ ਗਏ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦੀ ਖਿੱਚੋਤਾਣ ਵੀ ਹੋਈ ਅਤੇ ਕਈ ਕਿਸਾਨ ਜ਼ਖ਼ਮੀ ਵੀ ਹੋਏ ਹਨ।

ਕਿਸਾਨ

ਤਸਵੀਰ ਸਰੋਤ, kulvir Namol/BBC

ਚੰਡੀਗੜ੍ਹ ਵਿੱਚ ਬੈਠਕ ਤੋਂ ਬਾਅਦ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਉਹ ਵੱਡੀ ਗਿਣਤੀ ਵਿੱਚ ਮੋਰਚਿਆਂ ਉੱਤੇ ਪਹੁੰਚਣ।

ਕੋਟੜਾ ਨੇ ਕਿਹਾ ਸੀ ਕਿ ਕਿਸਾਨ ਕਿਸੇ ਵੀ ਹੀਲ਼ੇ ਮੋਰਚੇ ਖਾਲ੍ਹੀ ਨਹੀਂ ਕਰਨਗੇ, ਪਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮੋਰਚੇ ਆਗੂ ਵਿਹੂਣੇ ਹੋ ਗਏ ਹਨ ਅਤੇ ਜਿਵੇਂ ਪਟਿਆਲ਼ਾ ਤੇ ਸੰਗਰੂਰ ਤੋਂ ਕ੍ਰਮਵਾਰ ਸ਼ੰਭੂ ਬਾਰਡਰ ਅਤੇ ਖਨੌਰੀ ਸਰਹੱਦਾਂ ਉੱਤੇ ਭਾਰੀ ਪੁਲਿਸ ਦੀ ਤਾਇਨਾਤੀ ਸੰਭਾਵਿਤ ਕਾਰਵਾਈ ਵੱਲ ਇਸ਼ਾਰਾ ਕਰ ਰਹੀ ਹੈ।

ਕਿਸਾਨ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਕਿਸਾਨ ਆਗੂਆਂ ਤੇ ਪੁਲਿਸ ਵਿਚਾਲੇ ਝੜਪ ਹੋਈ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਕਿਹਾ ਹੈ, "ਪੰਜਾਬ ਸਰਕਾਰ ਵੱਲੋਂ ਪਿੱਠ ਵਿੱਚ ਛੁਰਾ ਮਾਰਦੇ ਹੋਏ, ਕਿਸਾਨ ਆਗੂਆਂ ਨੂੰ ਮੀਟਿੰਗ ਉੱਪਰ ਸੱਦ ਕੇ ਕੀਤਾ ਹਿਰਾਸਤ ਵਿੱਚ ਲੈ ਲਿਆ ਗਿਆ।"

ਐੱਸਕੇਐੱਮ ਗ਼ੈਰ ਰਾਜਨੀਤਕ ਦੇ ਆਗੂ ਗੁਰਅਮਨੀਤ ਸਿੰਘ ਮਾਂਗਟ ਨੇ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੇ ਨਾਵਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾਂ, ਸੁਖਵਿੰਦਰ ਕੌਰ, ਅਭਿਮਨਯੂ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ, ਇੰਦਰਜੀਤ ਸਿੰਘ ਕੋਟਬੁੱਢਾ, ਜਰਨੈਲ ਸਿੰਘ ਚਾਹਲ, ਲਖਵਿੰਦਰ ਸਿੰਘ ਔਲਖ, ਪੀਆਰ ਪਾਂਡਿਆਨ (ਕੇਰਲ), ਹਰਪਾਲ ਚੌਧਰੀ, ਰਘਵੀਰ ਸਿੰਘ ਭੰਗਾਲਾ, ਸੁਖਪਾਲ ਸਿੰਘ ਡੱਫਰ, ਹਰਸੁਲਿੰਦਰ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਪੰਨੀਵਾਲਾ ਅਤੇ ਓਂਕਾਰ ਸਿੰਘ।

ਕਿਸਾਨਾਂ ਦੀਆਂ ਮੰਗਾਂ

ਉਨ੍ਹਾਂ ਨੇ ਅੱਗੇ ਦੱਸਿਆ ਕਿ ਹਾਲੇ ਇਹ ਇਹ ਸੂਚੀ ਅਪਡੇਟ ਹੋ ਰਹੀ ਹੈ।

ਮਨਜੀਤ ਰਾਏ ਨੇ ਗੁਰਅਮਨੀਤ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਪਟਿਆਲਾ ਵੱਲ ਲੈ ਕੇ ਜਾ ਰਹੀ ਹੈ।

ਦਰਅਸਲ, ਅੱਜ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਪੁਲਿਸ ਦੀ ਤਾਇਨਾਤੀ ਵਧਾਈ ਗਈ ਸੀ।

ਬੀਬੀਸੀ ਪੱਤਰਕਾਰ ਨਵਜੋਤ ਕੌਰ ਦੀ ਰਿਪੋਰਟ ਮੁਤਾਬਕ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਨਾਲ ਮੀਟਿੰਗ ਕਰਨ ਵੇਲੇ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਆਖ਼ਰ ਬਾਰਡਰਾਂ ਉੱਤੇ ਪੁਲਿਸ ਕਿਉਂ ਹੈ, ਪੰਜਾਬ ਸਰਕਾਰ ਇਸਦਾ ਜਵਾਬ ਦੇਵੇ।

ਪਰ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ, "ਅਸੀਂ ਪੰਜਾਬ ਦੇ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਅਤੇ ਲਾਲ ਚੰਦ ਕਟਾਰੂਚੱਕ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਆਪਣੀ ਮਨਸ਼ਾ ਦੱਸੇ ਕਿ ਬਾਰਡਰਾਂ ਉੱਤੇ ਪੁਲਿਸ ਕਿਉਂ ਤੈਨਾਤ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਪੁਲਿਸ ਦੀ ਤੈਨਾਤੀ ਨਸ਼ੇ ਦੇ ਵਿਰੁੱਧ ਕਾਰਵਾਈ ਕਰਕੇ ਸੀ, ਸਰਕਾਰ ਦੀ ਮਨਸ਼ਾ ਹੋਰ ਕੋਈ ਨਹੀਂ ਸੀ।"

ਪੰਜਾਬ ਦੇ ਕਿਸਾਨ

ਤਸਵੀਰ ਸਰੋਤ, SKM Non Plotical

ਤਸਵੀਰ ਕੈਪਸ਼ਨ, ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਤਸਵੀਰਾਂ

ਪੰਜਾਬ ਸਰਕਾਰ ਦਾ ਪ੍ਰਤੀਕਰਮ

ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਸਾਨਾਂ ਦੀ ਗ੍ਰਿਫਤਾਰੀ ਬਾਰੇ ਕੋਈ ਗੱਲ ਨਾ ਕਰ ਕੇ ਕਿਸਾਨਾਂ ਨੂੰ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ।

''ਵੀਡੀਓ ਜਾਰੀ ਕਰ ਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਹਾ, "ਅਸੀਂ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੇ ਹਨ। ਪਰ ਹੁਣ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਅੱਗੇ ਜਾ ਕੇ ਧਰਨਾ ਲਾਈਏ।''

''ਪਰ ਕੇਂਦਰ ਸਰਕਾਰ ਨੇ ਹੁਣ ਇੱਕ ਤਰੀਕਾ ਲੱਭ ਲਿਆ ਕਿ ਕਿਸਾਨਾਂ ਨੂੰ ਬਾਰਡਰ ਉੱਤੇ ਰੋਕ ਲਿਆ ਜਾਵੇ ਅਤੇ ਪੰਜਾਬ ਨੂੰ ਬਾਕੀ ਸੂਬਿਆਂ ਤੋਂ ਕੱਟ ਦਿੱਤਾ ਜਾਵੇ। ਜਿਸ ਨਾਲ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ। ਹਾਈਵੇਅ ਬੰਦ ਹੋਣ ਕਾਰਨ ਵਪਾਰੀਆਂ ਦਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਅੱਗੇ ਸਾਡੀ ਬੇਨਤੀ ਹੈ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਤਾਂ ਬਾਰਡਰ ਖੋਲ੍ਹ ਦਿਓ।"

ਪੰਜਾਬ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ

ਤਸਵੀਰ ਸਰੋਤ, FB/Tarunpreet Singh Sond

ਤਸਵੀਰ ਕੈਪਸ਼ਨ, ਪੰਜਾਬ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ

ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਰਹੀ ਬੇਸਿੱਟਾ

ਇਸ ਕਾਰਵਾਈ ਤੋਂ ਪਹਿਲਾਂ ਅੱਜ ਸਰਕਾਰ ਅਤੇ ਕਿਸਾਨਾਂ ਵਿਚਾਲੇ 7 ਵੀਂ ਮੀਟਿੰਗ ਵੀ ਹੋਈ ਸੀ। ਜੋ ਬੇਸਿੱਟਾ ਰਹੀ।

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਾਫੀ ਦੇਰ ਤੱਕ ਚੱਲੀ ਅਤੇ ਸਕਾਰਾਤਮਕ ਰਹੀ।

ਉਨ੍ਹਾਂ ਨੇ ਅੱਗੇ ਕਿਹਾ, "ਪਿਛਲੀ ਮੀਟਿੰਗ ਵਿੱਚ ਕਿਸਾਨਾਂ ਆਗੂਆਂ ਵੱਲੋਂ ਕੁਝ ਡਾਟਾ ਸਾਂਝਾ ਕੀਤਾ ਗਿਆ ਸੀ, ਜਿਸ ਦੇ ਆਧਾਰ ʼਤੇ ਉਹ ਐੱਮਐੱਸਪੀ ਅਤੇ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਸਨ। ਉਸ ʼਤੇ ਕੇਂਦਰੀ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਉਸ ʼਤੇ ਹੋਰ ਅਧਿਐਨ ਦੀ ਲੋੜ ਹੈ ਅਤੇ ਦੇਸ ਭਰ ਦੇ ਸਟੇਕ ਹੋਲਡਰਂ ਦੇ ਵਿਚਾਰ ਸੁਣਨੇ ਵੀ ਜ਼ਰੂਰੀ ਹਨ ਕਿਉਂਕਿ ਕਾਨੂੰਨ ਬਣੇਗਾ ਤਾਂ ਪੂਰੇ ਲਈ ਬਣੇਗਾ।"

"ਇਸ ਲਈ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਸਾਰਿਆਂ ਦੇ ਵਿਚਾਰ-ਵਟਾਂਦਰੇ ਲਈ ਸਮਾਂ ਚਾਹੀਦਾ ਹੈ ਅਤੇ ਇਸ ਗੱਲ ʼਤੇ ਸਹਿਮਤੀ ਬਣੀ ਕਿ 4 ਮਈ ਨੂੰ ਇਸੇ ਏਜੰਡੇ ਅਤੇ ਇਸੇ ਤਾਂ ʼਤੇ ਮੁੜ ਮੀਟਿੰਗ ਕੀਤੀ ਜਾਵੇਗੀ।"

ਕਿਸਾਨ

ਦੱਖਣੀ ਭਾਰਤ ਦੇ ਸੂਬੇ ਕੇਰਲਾ ਤੋਂ ਮੀਟਿੰਗ ਵਿੱਚ ਪਹੁੰਚੇ ਕਿਸਾਨ ਆਗੂ ਪੀਟੀ ਜੌਹਨ ਨੇ ਮੀਟਿੰਗ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਕੇਰਲਾ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮੰਗ ਕਰਦੇ ਹਨ ਘੱਟੋ-ਘੱਟ ਸਮਰਥਨ ਮੁੱਲ ਸੰਸਦ ਵਿੱਚ ਪਾਸ ਹੋਣਾ ਚਾਹੀਦਾ ਹੈ।

"ਅਸੀਂ ਇਸ ਮੰਗ ਉੱਤੇ ਵਿੱਚ ਬਿਲਕੁਲ ਵੀ ਸਮਝੌਤਾ ਨਹੀਂ ਕਰਾਂਗੇ। ਜਦੋਂ ਤੱਕ ਐੱਮਐੱਸਪੀ ʼਤੇ ਕਾਨੂੰਨ ਗਾਰੰਟੀ ਲੋਕ ਸਭਾ ਵਿੱਚ ਪਾਸ ਨਹੀਂ ਹੋ ਜਾਂਦਾ ਅਸੀਂ ਸੰਘਰਸ਼ ਕਰਨਾ ਨਹੀਂ ਛੱਡਾਂਗੇ।"

ਅਭਿਮਨਯੂ ਕੋਹੜ ਨੇ ਕਿਹਾ ਕਿ ਸਰਕਾਰ ਨੇ ਮੀਟਿੰਗ ਵਿੱਚ ਕਿਹਾ ਕਿ ਉਹ ਆਪਣੇ ਮੰਤਰੀਆਂ ਵਿਚਾਲੇ ਚਰਚਾ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ, "ਸਾਰੇ ਮੰਤਰਾਲਿਆਂ ਨਾਲ ਚਰਚਾ ਕਰ ਕੇ ਅਸੀਂ ਮੁੜ ਫਿਰ ਇੱਕ ਵਾਰ ਤੁਹਾਡੇ ਨਾਲ ਬੈਠਣਾ ਚਾਹਾਂਗੇ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਦਿੱਕਤਾਂ ਆ ਸਕਦੀਆਂ ਹਨ ਇਸ ਲਈ ਸਮਾਂ ਚਾਹੀਦਾ ਹੈ ਪਰ ਅਸੀਂ ਕੋਈ ਦਿੱਕਤਾਂ ਨਹੀਂ ਆਉਣਗੀਆਂ।"

ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, Ravneet bittu

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ

ਪੁਲਿਸ ਕਾਰਵਾਈ ਦੀ ਨਿਖੇਧੀ

ਪੰਜਾਬ ਪੁਲਿਸ ਦੇ ਕਿਸਾਨਾਂ ਖ਼ਿਲਾਫ਼ ਐਕਸ਼ਨ ਦੀ ਚੁਫੇਰਿਓ ਨਿੰਦਾ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਕਾਰਵਾਈ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ,"ਇੱਕ ਪਾਸੇ ਕਿਸਾਨਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਾ ਰਹੀ ਹੈ ਦੂਜੇ ਬਾਹਰ ਆਉਂਦਿਆਂ ਹੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੋਵੇਂ ਸਰਕਾਰਾਂ ਪੰਜਾਬ ਦੇ ਕਿਸਾਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਕਿਸਾਨਾਂ ਨਾਲ ਧੋਖਾ ਕਰ ਰਹੇ ਹਨ। ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਰਾਤ ਨੂੰ ਕਿਸਾਨਾਂ ਉੱਤੇ ਹਮਲਾ ਹੋ ਸਕਦਾ ਹੈ।

ਵੜਿੰਗ ਨੇ ਕਿਹਾ, ''ਜਿਵੇਂ ਅੰਗਰੇਜ਼ ਧੋਖਾ ਕਰਦੇ ਸਨ, ਉਸੇ ਤਰ੍ਹਾਂ ਭਾਰਤ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਕਿਸਾਨ ਜੋ ਅੰਨਦਾਤਾ ਹੈ, ਅੱਜ ਉਹਨਾਂ ਨੂੰ ਚੋਰ ਅਤੇ ਡਿਕੈਤ ਬਣਾਇਆ ਜਾ ਰਿਹਾ ਹੈ। ਅਸੀਂ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ। ਜੇਕਰ ਕਿਸਾਨਾਂ ਨਾਲ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਖੜ੍ਹੀ ਹੋਵੇਗੀ।''

ਖਨੌਰੀ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਚੁੱਕਣ ਤੋਂ ਬਾਅਦ ਦੀਆਂ ਤਸਵੀਰਾਂ

ਤਸਵੀਰ ਸਰੋਤ, kulveer Singh/BBC

ਇਸੇ ਦੌਰਾਨ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਸਿੱਘ ਬਿੱਟੂ ਨੇ ਕਿਸਾਨਾਂ ਉੱਤੇ ਕਾਰਵਾਈ ਤੋਂ ਬਾਅਦ ਆਪਣੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਮੈਂ ਅਜੇ ਸਾਡੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਮੰਤਰੀ ਪਿਯੂਸ਼ ਗੋਇਲ ਨਾਲ ਗੱਲ ਹੀ ਕਰ ਰਿਹਾ ਸੀ ਅਤੇ ਉਹ ਦੱਸ ਰਹੇ ਸਨ ਕਿ ਲਗਤਾਰਾ ਸੱਤਵੇਂ ਰਾਊਡ ਦੀ ਕਿਸਾਨਾਂ ਨਾਲ ਮੀਟਿੰਗ ਬਹੁਤ ਹੀ ਵਧੀਆ ਢੰਗ ਨਾਲ ਹੋਈ ਤੇ ਉਸ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਹੈ।"

"ਜਦੋਂ ਉਹ ਦਿੱਲੀ ਉੱਤਰੇ ਹਨ ਤਾਂ ਮੈਂ ਦੱਸਿਆ ਕਿ ਇਹ ਗੱਲ ਹੋ ਗਈ ਹੈ ਤਾਂ ਉਹ ਹੈਰਾਨ ਰਹਿ ਗਏ। ਮੈਂ ਸਮਝਦਾ ਪੰਜਾਬ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ। ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਪਰ ਤੁਹਾਨੂੰ ਤਾਂ ਇਨ੍ਹਾਂ ਨੇ ਬਣਾਇਆ ਹੈ।"

"ਸਾਡਾ ਵਿਰੋਧ ਕਰ ਕੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਹਾਡੀ ਸਰਕਾਰ ਬਣਾਈ। ਤੁਸੀਂ ਸਿਰਫ਼ ਸ਼ਹਿਰੀਆਂ ਅਤੇ ਦੇਹਾਤੀਆਂ ਨੂੰ ਵੰਡ ਰਹੇ ਹੋ, ਉਹ ਜ਼ਿਮਨੀ ਚੋਣਾਂ ਕਰ ਕੇ। ਤੁਸੀਂ ਸਿਰਫ਼ ਸ਼ਹਿਰ ਦੀ ਵੋਟ ਲੈਣ ਲਈ ਇਹ ਹੱਥਕੰਡਾ ਵਰਤਿਆ ਹੈ।"

ਕਿਸਾਨ

ਤਸਵੀਰ ਸਰੋਤ, KULVEER SINGH/BBC

ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ: ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ।

ਉਨ੍ਹਾਂ ਕਿਹਾ, "ਗੁਰੂ ਸਾਹਿਬ ਦਾ ਗੁਰਬਾਣੀ ਅੰਦਰ ਫੁਰਮਾਣ ਹੈ; ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ ਭਾਵ ਕਿ ਕਿਸਾਨ ਆਪਣੇ ਪਰਿਵਾਰ ਲਈ ਤੇ ਆਪਣੇ ਸਮਾਜ ਦੇ ਢਿੱਡ ਭਰਨ ਲਈ ਕਿਰਤ ਕਰਦਾ ਹੈ। ਪਰ ਅੱਜ ਜੋ ਵਰਤਾਰਾ ਵਾਪਰ ਰਿਹਾ ਹੈ, ਉਹ ਸਭ ਜੋ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਉਸੇ ਕੜੀ ਦਾ ਹਿੱਸਾ ਹੈ।"

"ਧਰਨਿਆਂ ਵਿੱਚੋਂ ਨਿਕਲੀ ਸਰਕਾਰ ਹੀ ਅੱਜ ਜਮਹੂਰੀ ਕਦਰਾਂ ਕੀਮਤਾਂ ਨੂੰ ਦਬਾਉਣ ਉੱਤੇ ਤੁਰੀ ਹੋਈ ਹੈ। ਵੱਡਾ ਸਵਾਲ ਇਹ ਹੈ ਕਿ ਜਦੋਂ ਭਾਰਤ ਅੰਦਰ ਸੰਵਿਧਾਨਕ ਲੋਕਤੰਤਰ ਤੇ ਨਿਆਂ ਦੀ ਵਿਵਸਥਾ ਹੈ ਤਾਂ ਉਸ ਦੀ ਬਜਾਏ ਇਸ ਤਰ੍ਹਾਂ ਸ਼ਰੇਆਮ ਅਣਮਨੁੱਖੀ ਤਰੀਕੇ ਦੀਆਂ ਕਾਰਵਾਈਆਂ ਕਰਨਾ ਕਿਸ ਲੋਕਤੰਤਰ ਤੇ ਨਿਆਂ ਤੰਤਰ ਦਾ ਹਿੱਸਾ ਹੈ?"

ਉਨ੍ਹਾਂ ਨੇ ਕਿਹਾ, "ਜੇਕਰ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨਾਲ ਕੋਈ ਮਸਲਾ ਪੈਦਾ ਹੋ ਰਿਹਾ ਹੈ ਤਾਂ ਇਸਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਅੰਦਰ ਨਿਆਂਕਾਰੀ ਕਾਨੂੰਨ ਦਾ ਰਾਜ ਨਾ ਹੋ ਕੇ ਪੁਲਿਸ ਦਾ ਰਾਜ ਹੈ ਤੇ ਇਹ ਬਹੁਤ ਖ਼ਤਰਨਾਕ ਗੱਲ ਹੈ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਪੁਲਿਸ ਦਾ ਰਾਜ ਹੋਇਆ ਹੈ। ਪੰਜਾਬ ਨੇ ਇੱਕ ਲੰਮਾ ਸੰਤਾਪ ਭੋਗਿਆ ਹੈ।"

ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, SGPC

ਤਸਵੀਰ ਕੈਪਸ਼ਨ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਦੀ ਕਾਰਵਾਈ ਉੱਤੇ ਸਵਾਲ ਕੇ ਹਨ

ਕਦੋਂ ਸ਼ੁਰੂ ਹੋਇਆ ਸੀ ਅੰਦੋਲਨ?

ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ 13 ਫਰਵਰੀ 2024 ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ।

ਪਰ ਹਰਿਆਣਾ ਸਰਕਾਰ ਨੇ ਹੰਝੂ ਗੈਸ ਦੇ ਗੋਲੇ ਵਰਤ ਕੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਹੀ ਰੋਕ ਦਿੱਤਾ ਸੀ।

ਕਿਸਾਨਾਂ ਨੇ ਵਾਰ-ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਕਿਸਾਨਾਂ ਨੂੰ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ।

ਦੂਜੇ ਪਾਸੇ ਇਸ ਮਸਲੇ ਨੂੰ ਹੱਲ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ ਸੱਤ ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਪਰ ਹਰ ਵਾਰ ਮੀਟਿੰਗਾਂ ਬੇਨਤੀਜਾ ਰਹੀਆਂ।

ਕੀ ਹਨ ਕਿਸਾਨਾਂ ਦੀਆਂ ਮੰਗਾਂ

  • ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ਉੱਤੇ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ।
  • ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇ।
  • ਡੀਏਪੀ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ।
  • ਕਿਸਾਨ-ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਵੇ, ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ।
  • ਖੇਤੀ ਐਕਵਾਇਰ ਕਾਨੂੰਨ 2013 ਨੂੰ ਫਿਰ ਤੋਂ ਲਾਗੂ ਕੀਤਾ ਜਾਵੇ।
  • ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਿਮਾਂ ਨੂੰ ਸਜ਼ਾ ਦਿੱਤੀ ਜਾਵੇ।
  • ਕਿਸਾਨ ਅੰਦੋਲਨ ਦੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ ਦਿੱਤੀ ਜਾਵੇ।
  • ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ।
  • ਮਨਰੇਗਾ ਤਹਿਤ ਹਰ ਸਾਲ 200 ਦਿਨ ਦਾ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਪ੍ਰਤੀ ਦਿਨ ਕੀਤੀ ਜਾਵੇ।
  • ਨਕਲੀ ਬੀਜ, ਕੀਟਨਾਸ਼ਕ ਦਵਾਈਆਂ ਅਤੇ ਖਾਦ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ।
  • ਮਿਰਚ, ਹਲਦੀ ਅਤੇ ਹੋਰ ਮਸਾਲਿਆਂ ਦੇ ਲਈ ਕੌਮੀ ਆਯੋਗ ਦਾ ਗਠਨ ਕੀਤਾ ਜਾਵੇ।
  • ਸੰਵਿਧਾਨ ਦੀ 5ਵੀਂ ਸੂਚੀ ਨੂੰ ਲਾਗੂ ਕਰ ਕੇ ਆਦਿਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ ਕੀਤੀ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)