You’re viewing a text-only version of this website that uses less data. View the main version of the website including all images and videos.
ਫੁੱਲ ਤੇ ਫੁੱਲਾਂ ਦੇ ਬੀਜ ਵੇਚ ਕੇ 11 ਦੇਸ਼ਾਂ ਦੀ ਸੈਰ ਕਰਨ ਵਾਲੇ ਕਿਸਾਨ ਜੋੜੇ ਦੀ ਕਹਾਣੀ
- ਲੇਖਕ, ਗੁਰਮਿੰਦਰ ਸਿੰਘ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਗੁਲਾਬੀ, ਲਾਲ, ਚਿੱਟੇ ਫੁੱਲਾਂ ਵਿੱਚ ਤੁਰਿਆ ਫ਼ਿਰਦਾ ਜੋੜਾ ਕੁਦਰਤ ਦੇ ਕਮਾਲ ਅਤੇ ਆਪਣੇ ਕਾਰੋਬਾਰ ਉੱਤੇ ਰਕਸ਼ ਮਹਿਸੂਸ ਕਰਦਾ ਹੈ।
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨਾਨੋਵਾਲ ਦੇ ਗੁਰਵਿੰਦਰ ਸਿੰਘ ਸੋਹੀ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੋਵੇਂ ਫੁੱਲਾਂ ਦੀ ਖੇਤੀ ਕਰਦੇ ਹਨ। ਦੋਵਾਂ ਲਈ ਇਹ ਕਾਰੋਬਾਰ ਖ਼ੁਸ਼ੀ ਦੇਣ ਦਾ ਸਬੱਬ ਬਣਨ ਦੇ ਨਾਲ-ਨਾਲ ਆਰਥਿਕ ਪੱਖੋਂ ਵੀ ਮੁਨਾਫ਼ੇ ਭਰਿਆ ਹੈ।
ਗੁਰਵਿੰਦਰ ਸਿੰਘ ਸੋਹੀ ਨੇ ਫੁੱਲਾਂ ਦੀ ਖੇਤੀ ਇੱਕ ਤਜ਼ਰਬੇ ਵਜੋਂ ਸ਼ੁਰੂ ਕੀਤੀ ਸੀ। ਇਹ ਉਨ੍ਹਾਂ ਦੀ ਮਿਹਨਤ ਅਤੇ ਸਿਦਕ ਦਾ ਨਤੀਜਾ ਹੈ ਜੋ ਅੱਜ ਖਮਾਣੋਂ ਤਹਿਸੀਲ ਦੀ ਕਈ ਏਕੜ ਪੈਲੀ ਰੰਗ-ਬਿਰੰਗੇ ਫ਼ੁੱਲਾਂ ਨਾਲ ਮਹਿਕ ਰਹੀ ਹੈ।
ਗੁਰਵਿੰਦਰ ਫ਼ੁੱਲ ਅਤੇ ਉਨ੍ਹਾਂ ਦੇ ਬੀਜ਼ ਵੇਚਦੇ ਹਨ, ਜਿਨ੍ਹਾਂ ਦੇ ਬਹੁਤੇ ਖਰੀਦਦਾਰ ਵਿਦੇਸ਼ਾਂ ਵਿੱਚ ਹਨ।
ਕਾਰੋਬਾਰ ਦੇ ਫੈਲਾਅ ਵਿੱਚ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦਾ ਅਹਿਮ ਯੋਗਦਾਨ ਹੈ। ਹੁਣ ਇਲਾਕੇ ਦੇ 25 ਕਿਸਾਨ ਉਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਫੁੱਲਾਂ ਦੀ ਖੇਤੀ ਕਰ ਰਹੇ ਹਨ।
ਗੁਰਿੰਦਰ ਸਿੰਘ ਨੇ ਆਪਣੇ ਸਫ਼ਰ ਦੀ ਸ਼ੁਰੂਆਤ, ਸਮਾਜਿਕ ਦਬਾਅ, ਅਸਫ਼ਲਤਾ ਅਤੇ ਸਫ਼ਲਤਾ ਦੀ ਕਹਾਣੀ ਬੀਬੀਸੀ ਨਾਲ ਸਾਂਝੀ ਕੀਤੀ।
ਨਵੇਂ ਤਜ਼ਰਬਿਆਂ ਦਾ ਸ਼ੋਕ
ਗੁਰਵਿੰਦਰ ਸਿੰਘ ਕਹਿੰਦੇ ਹਨ, "ਮੈਂ ਇੱਕ ਹੁਸ਼ਿਆਰ ਵਿਦਿਆਰਥੀ ਸੀ ਪਰ ਮੇਰੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ। ਮੈਂ ਖੇਤੀ ਦੇ ਖੇਤਰ ਵਿੱਚ ਕੁਝ ਕਰਨਾ ਚਾਹੁੰਦਾ ਸੀ।"
ਬਾਹਰਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਖੇਤੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਤਜ਼ਰਬਿਆਂ ਦਾ ਦੌਰ ਤਾਂਕਿ ਮੁਨਾਫ਼ਾ ਵੀ ਵਧੇ ਅਤੇ ਕਣਕ-ਝੋਨੇ ਦੇ ਚੱਕਰ 'ਤੇ ਨਿਰਭਰਤਾ ਵੀ ਨਾ ਹੋਵੇ।
ਗੁਰਵਿੰਦਰ ਸਿੰਘ ਨੂੰ ਬਾਗ਼ਬਾਨੀ ਵਿਭਾਗ, ਪੰਜਾਬ ਦੀਆਂ ਕੁਝ ਯੋਜਨਾਵਾਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਵਿਭਾਗ ਦੇ ਖੁਮਾਣੋਂ ਕੇਂਦਰ ਤੋਂ 2008 ਵਿੱਚ ਫੁੱਲਾਂ ਦੇ ਬੀਜ ਲਏ ਅਤੇ ਖੇਤਾਂ ਦਾ ਇੱਕ 2 ਕਨਾਲ ਦਾ ਕੋਨਾ ਫੁੱਲ ਬੀਜਣ ਲਈ ਤਿਆਰ ਕੀਤਾ।
ਗੁਰਵਿੰਦਰ ਕਹਿੰਦੇ ਹਨ, "ਮੈਂ ਜਦੋਂ ਫੁੱਲਾਂ ਤੋਂ ਸ਼ੁਰੂਆਤ ਕੀਤੀ ਤਾਂ ਆਪਣਾ ਭਵਿੱਖ ਇਸ ਕਾਰੋਬਾਰ ਵਿੱਚ ਨਜ਼ਰ ਆਉਣ ਲੱਗਿਆ।"
"ਪਹਿਲਾਂ ਦੋ ਕਨਾਲ ਤੋਂ ਡੇਢ ਏਕੜ ਦੀ ਪੁਲਾਂਘ ਮਾਰੀ ਫ਼ਿਰ ਪੰਜ ਏਕੜ ਰਕਬੇ ਵਿੱਚ ਫੁੱਲ ਬੀਜਣੇ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਹੌਲੀ-ਹੌਲੀ ਦਾਇਰਾ ਵੱਧਦਾ ਗਿਆ।"
ਗੁਰਵਿੰਦਰ ਸਿੰਘ ਹੁਣ ਆਪਣੇ ਫ਼ੈਸਲੇ ਤੋਂ ਪੁਰ-ਸਕੂਨ ਹਨ। ਉਹ ਦੱਸਦੇ ਹਨ, "ਮੇਰੇ ਲਈ ਇਹ ਕਾਰੋਬਾਰ ਵਰਦਾਨ ਰਿਹਾ। ਲੋਕ ਵਿਦੇਸ਼ਾਂ ਵਿੱਚ ਜਾਣ ਲਈ ਲੱਖਾਂ ਰੁਪਏ ਖ਼ਰਚ ਕਰਦੇ ਹਨ ਅਤੇ ਮੈਂ ਫ਼ੁੱਲਾਂ ਦੇ ਕਾਰੋਬਾਰ ਦੇ ਸਿਰ ਉੱਤੇ ਹੀ 11 ਦੇਸ਼ ਘੁੰਮ ਚੁੱਕਿਆ ਹਾਂ।"
ਫ਼ੁੱਲਾਂ ਅਤੇ ਬੀਜ਼ਾਂ ਦੇ ਖਰੀਦਦਾਰ ਕੌਣ ਹਨ
ਗੁਰਵਿੰਦਰ ਸਿੰਘ ਨੇ ਸ਼ੁਰੂਆਤ ਵਿੱਚ ਭਾਰਤ ਵਿੱਚ ਹੀ ਆਪਣੇ ਉਤਪਾਦ ਦੀ ਮਾਰਕਿਟ ਬਣਾਈ। ਇਸ ਤੋਂ ਇਲਾਵਾ ਉਹ ਸੀਮਤ ਪੱਧਰ ਉੱਤੇ ਵਿਦੇਸ਼ਾਂ ਵਿੱਚ ਵੀ ਫ਼ੁੱਲ ਭੇਜਦੇ ਸਨ ਪਰ ਉਹ ਅਗਾਉਂ ਆਰਡਰ ਉੱਤੇ ਨਿਰਭਰ ਕਰਦਾ ਸੀ।
ਉਹ ਦੱਸਦੇ ਹਨ, "ਭਾਰਤੀ ਵਪਾਰੀ ਫੁੱਲਾਂ ਨੂੰ ਵਿਦੇਸ਼ਾਂ ਵਿੱਚ ਸਪਲਾਈ ਕਰਦੇ ਸਨ ਅਤੇ ਮੈਂ ਕਰੀਬ 5 ਏਕੜ ਵਿੱਚ ਉਨ੍ਹਾਂ ਦੀ ਮੰਗ ਮੁਤਾਬਕ ਫ਼ੁੱਲ ਉਗਾਉਂਦਾ ਸੀ।"
"ਕੋਵਿਡ ਦੌਰਾਨ ਫੁੱਲਾਂ ਦੀ ਮੰਗ ਵਿੱਚ ਕਮੀ ਆਈ। ਕਿਉਂਕਿ ਮੈਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਨਹੀਂ ਸੀ ਫਸਣਾ ਚਾਹੁੰਦਾ ਇਸ ਲਈ ਇਸੇ ਸਮੇਂ ਦੌਰਾਨ ਮੈਂ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਸਨ।"
ਇਸ ਸਮੇਂ ਗੁਰਵਿੰਦਰ ਸਿੰਘ ਕਰੀਬ 75 ਏਕੜ ਜ਼ਮੀਨ ਵਿੱਚ ਫੁੱਲ ਅਤੇ ਉਨ੍ਹਾਂ ਦੇ ਬੀਜ ਤਿਆਰ ਕਰਦੇ ਹਨ।
ਇਸ ਵਿੱਚੋਂ ਕਰੀਬ 8 ਏਕੜ ਪੈਲੀ ਉਨ੍ਹਾਂ ਦੀ ਆਪਣੀ ਹੈ ਅਤੇ 20 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ਉੱਤੇ ਲਈ ਹੋਈ ਹੈ। ਬਾਕੀ ਦਾ ਕਾਰੋਬਾਰ ਉਹ ਕੰਟਰੈਕਟ ਫ਼ਾਰਮਿੰਗ ਜ਼ਰੀਏ ਕਰਦੇ ਹਨ। ਜਿਸ ਤਹਿਤ ਉਨ੍ਹਾਂ ਨਾਲ 25 ਕਿਸਾਨ ਜੁੜੇ ਹੋਏ ਹਨ।
ਗੁਰਵਿੰਦਰ ਦੀ ਫ਼ਰਮ ਚਾਰ ਵੱਖ-ਵੱਖ ਦੇਸ਼ਾਂ ਵਿੱਚ ਬੀਜਾਂ ਦੀ ਬਰਾਮਦ ਕਰਦੀ ਹੈ।
ਉਹ ਕਹਿੰਦੇ ਹਨ, "ਇਸ ਵਿੱਚ ਮੰਡੀਕਰਨ ਦੀ ਕਦੀ ਵੀ ਕੋਈ ਸਮੱਸਿਆ ਨਹੀਂ ਆਈ। ਕਿਉਂਕਿ ਫੁੱਲ ਬੀਜਣ ਤੋਂ ਪਹਿਲਾਂ ਹੀ ਵਿਕੇ ਹੁੰਦੇ ਹਨ। ਸਾਨੂੰ ਵਿਦੇਸ਼ੀ ਕੰਪਨੀਆਂ ਆਪਣੀ ਡਿਮਾਂਡ ਬਾਰੇ ਪਹਿਲਾਂ ਦੱਸਦੀਆਂ ਹਨ ਅਤੇ ਅਸੀਂ ਉਸ ਦੇ ਹਿਸਾਬ ਨਾਲ ਹੀ ਫੁੱਲ ਬੀਜਦੇ ਹਾਂ ਅਤੇ ਬੀਜ ਤਿਆਰ ਕਰਦੇ ਹਾਂ।"
ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ
ਗੁਰਵਿੰਦਰ ਸਿੰਘ ਦੀ ਫ਼ਰਮ ਇਸ ਸਮੇਂ ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਸਣੇ ਪੰਜਾਬ ਦੇ ਕਈ ਜਿਲ੍ਹਿਆਂ ਦੇ ਕਿਸਾਨਾਂ ਨਾਲ ਮਿਲ ਕੇ ਕੰਮ ਕਰਦੀ ਹੈ।
ਕੰਟਰੈਕਟ ਫ਼ਾਰਮਿੰਗ ਨਾ ਸਿਰਫ਼ ਗੁਰਵਿੰਦਰ ਸਿੰਘ ਬਲਕਿ ਉਨ੍ਹਾਂ ਨਾਲ ਜੁੜੇ ਹੋਰ ਕਿਸਾਨਾਂ ਲਈ ਵੀ ਫ਼ਾਇਦੇਮੰਦ ਸਾਬਤ ਹੋਈ ਹੈ।
ਗੁਰਵਿੰਦਰ ਕਹਿੰਦੇ ਹਨ, "ਅਸੀਂ ਕਿਸਾਨਾਂ ਨੂੰ ਬੀਜ ਵੀ ਮੁਹੱਈਆਂ ਕਰਵਾਉਂਦੇ ਹਾਂ ਅਤੇ ਜਿਨ੍ਹਾਂ ਫੁੱਲਾਂ ਦੀ ਪਨੀਰੀ ਲੋੜੀਂਦੀ ਹੋਵੇ ਉਨ੍ਹਾਂ ਦੀ ਪਨੀਰੀ ਵੀ ਕਿਸਾਨਾਂ ਨੂੰ ਅਸੀਂ ਹੀ ਦਿੰਦੇ ਹਾਂ।"
"ਇਸ ਤੋਂ ਇਲਾਵਾ ਕਿਸਾਨਾਂ ਨੂੰ ਮੁਕੰਮਲ ਸਿਖਲਾਈ ਦਿੱਤੀ ਜਾਂਦੀ ਹੈ, ਤਕਨੀਕ ਸਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸਮੇਂ-ਸਮੇਂ ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।"
"ਅਸੀਂ ਜਿਨ੍ਹਾਂ ਕਿਸਾਨਾਂ ਨਾਲ ਮਿਲ ਕੇ ਖੇਤੀ ਕਰਦੇ ਹਾਂ, ਉਨ੍ਹਾਂ ਦੇ ਖੇਤਾਂ ਵਿੱਚ ਕਰੀਬ 7 ਵਾਰ ਨਿਗਰਾਨੀ ਲਈ ਜਾਂਦੇ ਹਾਂ ਤਾਂ ਜੋ ਫ਼ਸਲ ਦੀ ਗੁਣਵੰਤਾ ਨਾਲ ਜੁੜੇ ਮਾਪਦੰਡਾਂ ਬਾਰੇ ਲਗਾਤਾਰ ਅਪਡੇਟ ਮਿਲ ਕੇ ਅਤੇ ਖੇਤਾਂ ਦੀ ਨਿਗਰਾਨੀ ਵੀ ਹੋ ਸਕੇ।"
ਪਤਨੀ ਦਾ ਸਾਥ
ਗੁਰਵਿੰਦਰ ਦੇ ਇਸ ਕੰਮ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਨੇ ਵੀ ਬਾਖ਼ੂਬੀ ਸਾਥ ਦਿੱਤਾ।
ਸੁਖਵਿੰਦਰ ਕਹਿੰਦੇ ਹਨ, "ਮੈਂ ਗਰੈਜੁਏਟ ਸੀ ਅਤੇ ਹਮੇਸ਼ਾ ਕੋਈ ਵਪਾਰ ਕਰਨਾ ਚਾਹੁੰਦੀ ਸੀ। ਮੈਨੂੰ ਹਮੇਸ਼ਾ ਪਤਾ ਸੀ ਕਿ ਮੈਂ ਕਦੀ ਵੀ ਨੌਕਰੀ ਨਹੀਂ ਕਰਨੀ ਬਲਕਿ ਆਪਣਾ ਕੋਈ ਕੰਮ ਕਰਨਾ ਹੈ।"
ਸੁਖਵਿੰਦਰ ਕਹਿੰਦੇ ਹਨ, "ਸਾਡੇ ਖੇਤਾਂ ਵਿੱਚ ਕੰਮ ਕਰਨ ਵਾਲੇ ਸਵੇਰੇ 8 ਵਜੇ ਆਉਂਦੇ ਹਨ ਅਤੇ ਮੈਂ ਵੀ ਉਸੇ ਸਮੇਂ ਖੇਤਾਂ ਵਿੱਚ ਪਹੁੰਚ ਜਾਂਦੀ ਹਾਂ। ਮੈਂ ਆਪਣਾ ਘਰ ਦਾ ਸਾਰਾ ਕੰਮ ਤੜਕੇ ਕਰਦੀ ਹਾਂ ਤਾਂ ਜੋ ਲੇਬਰ ਦੇ ਆਉਣ ਤੋਂ ਪਹਿਲਾਂ ਵਹਿਲੀ ਹੋ ਜਾਵਾਂ।"
"ਚਾਹੇ ਮੇਰਾ ਕੰਮ ਖੇਤਾਂ ਵਿੱਚ ਨਿਗਰਾਨੀ ਦਾ ਹੈ ਪਰ ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਕਰਦੀ ਆਂ। ਸਵੇਰੇ ਜਾ ਕੇ ਦੁਪਹਿਰ ਕਰੀਬ ਇੱਕ ਘੰਟੇ ਦੀ ਬਰੇਕ ਅਤੇ ਫ਼ਿਰ ਸ਼ਾਮ 6 ਵਜੇ ਤੱਕ ਕੰਮ ਕਰਨਾ ਮੇਰੀ ਆਦਤ ਹੀ ਹੋ ਗਈ ਹੈ।"
ਉਹ ਕਹਿੰਦੇ ਹਨ, "ਜਿਵੇਂ ਨੌਕਰੀ ਪੇਸ਼ਾ ਔਰਤਾਂ ਆਪਣੀ ਨੌਕਰੀ ਉੱਤੇ ਜਾਂਦੀਆਂ ਹਨ, ਮੈਂ ਆਪਣੇ ਖੇਤਾਂ ਦੇ ਕੰਮ ਨੂੰ ਉਸੇ ਤਰ੍ਹਾਂ ਦੇਖਦੀ ਹੈ।"
ਉਨ੍ਹਾਂ ਦੇ ਦੋ ਬੱਚੇ ਹਨ। ਧੀ ਖੇਤੀ ਯੂਨੀਵਰਸਿਟੀ, ਲੁਧਿਆਣਾ ਵਿੱਚ ਐਗਰੀਕਲਚਰ ਵਿੱਚ ਗਰੈਜੁਏਸ਼ਨ ਕਰ ਰਹੀ ਹੈ ਅਤੇ ਬੇਟਾ ਹਾਲੇ 10ਵੀਂ ਵਿੱਚ ਪੜ੍ਹ ਰਿਹਾ ਹੈ।
ਪਿੰਡ ਵਿੱਚ ਉਨ੍ਹਾਂ ਨੂੰ ਮਜ਼ਦੂਰਾਂ ਦਾ ਨਾ ਮਿਲਣਾ ਇੱਕ ਵੱਡੀ ਮੁਸ਼ਕਿਲ ਲੱਗਦਾ ਹੈ।
ਸੁਖਵਿੰਦਰ ਕਹਿੰਦੇ ਹਨ ,"ਪਿੰਡ ਵਿੱਚ ਕਈ ਔਰਤਾਂ ਅਤੇ ਮਰਦ ਹਨ ਜੋ ਖੇਤਾਂ ਵਿੱਚ ਕੰਮ ਕਰ ਸਕਦੇ ਹਨ, ਪਰ ਉਹ ਅਜਿਹਾ ਨਹੀਂ ਕਰਦੇ। ਇਸ ਲਈ ਸਾਡੀ ਪਰਵਾਸੀ ਮਜ਼ਦੂਰਾਂ ਉੱਤੇ ਹੀ ਨਿਰਭਰਤਾ ਹੈ।"
ਬਾਗ਼ਵਾਨੀ ਵਿਭਾਗ ਨੇ ਕੀ ਕਿਹਾ
ਬਾਗ਼ਵਾਨੀ ਵਿਭਾਗ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਖੁਮਾਣੋਂ, ਜਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਨੇ ਦੱਸਿਆ,"ਵਿਭਾਗ ਫ਼ੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਂਦਾ ਸੀ। ਜਦੋਂ 2008 ਵਿੱਚ ਬੀਜ ਆਏ ਤਾਂ ਮੈਂ ਗੁਰਵਿੰਦਰ ਸਿੰਘ ਨੂੰ 2 ਕਨਾਲ ਜ਼ਮੀਨ ਜੋਗੇ ਬੀਜ ਦਿੱਤੇ। ਜਿਸ ਦੀ ਫ਼ਸਲ ਤੋਂ ਉਹ ਬਹੁਤ ਆਸਵੰਦ ਹੋਏ।"
"ਉਸ ਤੋਂ ਬਾਅਦ ਇਨ੍ਹਾਂ ਦਾ ਰੁਖ਼ ਫੁੱਲਾਂ ਦੀ ਖੇਤੀ ਅਤੇ ਬੀਜਾਂ ਵੱਲ ਹੋ ਗਿਆ।"
ਅਮਰਜੀਤ ਸਿੰਘ ਕਹਿੰਦੇ ਹਨ ਕਿ ਇਹ ਕਾਰੋਬਾਰ ਕਣਕ ਅਤੇ ਝੋਨੇ ਦੇ ਮੁਕਾਬਲੇ ਵਧੇਰੇ ਫ਼ਾਇਦੇਮੰਦ ਹੈ। ਬਸ ਇਸ ਦੀ ਨਿਗਰਾਨੀ ਵਧੇਰੇ ਕਰਨੀ ਪੈਂਦੀ ਹੈ ਅਤੇ ਇਹ ਮਿਹਨਤ ਵਾਲਾ ਕੰਮ ਹੈ।
ਉਨ੍ਹਾਂ ਕਿਹਾ, "ਕਣਕ ਅਤੇ ਝੋਨੇ ਨੂੰ ਅਸੀਂ ਚਾਰ ਨਹੀਂ ਵੀ ਦੇਖਾਂਗੇ ਤਾਂ ਕੋਈ ਫ਼ਰਕ ਨਹੀਂ ਪੈਣਾ। ਚਾਹੇ ਪਾਣੀ ਲਾਉਣ ਵਿੱਚ ਦੇਰ-ਸਵੇਰ ਹੋ ਜਾਵੇ ਤਾਂ ਵੀ ਉਤਪਾਦਨ ਉੱਤੇ ਬਹੁਤਾ ਅਸਰ ਨਹੀਂ ਹੁੰਦਾ, ਪਰ ਫੁੱਲਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ।"
"ਫੁੱਲਾਂ ਦੇ ਖੇਤਾਂ ਨੂੰ ਹਰ ਰੋਜ਼ ਦੇਖ ਭਾਲ ਦੀ ਲੋੜ ਹੈ। ਕਿਸਾਨਾਂ ਨੂੰ ਖ਼ੁਦ ਟਰੇਨਿੰਗ ਲੈ ਕੇ ਸਮਝਾ ਪੈਂਦਾ ਹੈ ਕਿ ਕਦੋਂ ਕਿਹੜੇ ਫੁੱਲ ਬੀਜਣੇ ਅਤੇ ਕਦੋਂ ਕਿਹੜੇ ਤੋੜਨੇ ਹਨ।"
ਅਮਰਜੀਤ ਸਿੰਘ ਨੇ ਕਿਹਾ, "ਮੇਰੀ ਕਿਸਾਨਾਂ ਨੂੰ ਅਪੀਲ ਹੈ ਕਿ ਇਸ ਕਿੱਤੇ ਵੱਲ ਆਓ ਅਸੀਂ ਹਰ ਸੰਭਵ ਮਦਦ ਕਰਾਂਗੇ।"
ਉਨ੍ਹਾਂ ਕਿਹਾ, "ਆਮ ਤੌਰ 'ਤੇ ਜੇ ਕੋਈ ਕਾਮਯਾਬ ਹੋ ਜਾਵੇ ਤਾਂ ਉਹ ਆਪਣਾ ਹੁਨਰ ਦੂਜਿਆਂ ਨਾਲ ਸਾਂਝਾ ਕਰਨ ਤੋਂ ਝਿਜਕਦਾ ਹੈ। ਪਰ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਉਸ ਨੇ ਖ਼ੁਦ ਮੁਹਾਰਤ ਹਾਸਲ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਟਰੇਨਿੰਗ ਦੇਣ ਦਾ ਇਛੁੱਕ ਹੈ।"
ਗੁਰਵਿੰਦਰ ਸਿੰਘ ਆਪਣੀ ਕਾਮਯਾਬੀ ਦੀ ਕਹਾਣੀ ਹਰ ਇੱਕ ਨਾਲ ਸਾਂਝੀ ਕਰਨ ਨੂੰ ਤਿਆਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ