ਪੰਜਾਬ: ਆਲੂਆਂ ਦੀ ਖੇਤੀ ਵਿੱਚ ਜ਼ਮੀਨ ਤੱਕ ਗੁਆਉਣ ਵਾਲੇ ਕਿਸਾਨ ਦੀ ਸੋਇਆਬੀਨ ਨੇ ਬਦਲੀ ਕਿਸਮਤ

    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਆਲੂ ਦੀ ਖੇਤੀ ਦੇ ਵਿੱਚ ਆਈ ਮੰਦੀ ਕਾਰਨ ਆਪਣੀ ਜ਼ਮੀਨ ਤੱਕ ਗਵਾਉਣ ਵਾਲੇ ਪੰਜਾਬ ਦੇ 65 ਸਾਲਾਂ ਬਚਿੱਤਰ ਸਿੰਘ ਗਰਚਾ ਦੀ ਅੱਜ ਤੋਂ ਦੋ ਦਹਾਕੇ ਪਹਿਲਾਂ ਕਿਵੇਂ ਐੱਮਐੱਸ ਸਵਾਮੀਨਾਥਨ ਨਾਲ ਹੋਈ ਇੱਕ ਮੁਲਾਕਾਤ ਨੇ ਜ਼ਿੰਦਗੀ ਬਦਲ ਦਿੱਤੀ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹ ਕਲਾਂ ਦੇ ਬਚਿੱਤਰ ਸਿੰਘ 2002 ਤੋਂ ਸੋਇਆਬੀਨ ਦੇ ਬੀਜਾਂ ਨੂੰ ਪ੍ਰੋਸੈਸ ਕਰ ਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕਰ ਰਹੇ ਹਨ, ਜਿਨ੍ਹਾਂ ਦੇ ਵਿੱਚ ਸੋਇਆ ਪਨੀਰ ਤੋਂ ਲੈ ਕੇ ਦੁੱਧ, ਕੁਲਫੀ, ਆਦਿ ਨੂੰ ਆਪਣੇ ਬਰਾਂਡ ਵਿਗੋਰ ਦੇ ਨਾਮ ਦੇ ਹੇਠ ਮੰਡੀਕਰਨ ਕਰਦੇ ਹਨ।

ਬਚਿੱਤਰ ਸਿੰਘ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਸ ਯੂਨਿਟ ਨੂੰ ਚਲਾਉਂਦੇ ਹਨ ਜਿਸ ਦੇ ਵਿੱਚ ਉਨ੍ਹਾਂ ਦਾ ਬੇਟਾ ਪਵਨਦੀਪ ਅਤੇ ਉਨ੍ਹਾਂ ਦੀ ਨੂੰਹ ਸ਼ਾਮਿਲ ਹੈ।

ਬਚਿੱਤਰ ਸਿੰਘ ਨੇ ਬੀਬੀਸੀ ਨੂੰ ਜਾਣਜਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 1986 ਦੇ ਵਿੱਚ ਆਲੂਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਉਨ੍ਹਾਂ ਨੂੰ ਚੰਗੀ ਕਾਮਯਾਬੀ ਮਿਲੀ, ਉਨ੍ਹਾਂ ਨੇ ਆਲੂਆਂ ਦੀ ਖੇਤੀ ਦੇ ਨਾਲ-ਨਾਲ ਆਲੂਆਂ ਦਾ ਵਪਾਰ ਵੀ ਕੀਤਾ ਸੀ।

1998 ਦੇ ਵਿੱਚ ਆਲੂਆਂ ਦੀ ਖੇਤੀ ਦੇ ਵਿੱਚ ਆਈ ਮੰਦੀ ਕਾਰਨ ਉਨ੍ਹਾਂ ਨੂੰ 80 ਕਿਲੋ ਦੀ ਭਰਤੀ ਦੀਆਂ 58,000 ਬੋਰੀਆਂ ਕੋਲਡ ਸਟੋਰ ਦੇ ਵਿੱਚ ਹੀ ਛੱਡਣੀਆਂ ਪਜਈਆਂ ਤੇ ਜਿਸ ਦਾ ਕਿਰਾਇਆ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਦਿੱਤਾ ਤੇ ਇਹ ਮੰਦੀ ਲਗਾਤਾਰ ਚਾਰ ਸਾਲ ਚੱਲੀ।

ਇਸੇ ਕਾਰਨ ਹੀ ਉਨ੍ਹਾਂ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ।

ਫਿਰ 2002 ਨੂੰ ਦਿੱਲੀ ਦੇ ਵਿੱਚ ਲੱਗੇ ਵਪਾਰ ਮੇਲੇ ਦੀ ਇੱਕ ਫੇਰੀ ਨੇ ਗਰਚਾ ਨੂੰ ਨਵੀਂ ਸ਼ੁਰੂਆਤ ਦਿੱਤੀ, ਉਥੇ ਉਹ ਸੋਇਆਬੀਨ ਨੂੰ ਪ੍ਰੋਸੈਸਿੰਗ ਤਕਨੀਕਾਂ ਰਾਹੀਂ ਪ੍ਰਦਰਸ਼ਿਤ ਕਰਨ ਵਾਲੇ ਇੱਕ ਸਟਾਲ ʼਤੇ ਪਹੁੰਚੇ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਵੱਲ ਆਕਰਸ਼ਿਤ ਕੀਤਾ।

ਕਿਵੇਂ ਬੱਝਾ ਮੁੱਢ

ਬਚਿੱਤਰ ਸਿੰਘ ਦੱਸਦੇ ਹਨ, "ਮੇਰੀ ਮੁਲਾਕਾਤ ਡਾਕਟਰ ਨਵਾਬ ਅਲੀ ਦੇ ਨਾਲ ਹੋਈ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਉਸ ਵੇਲੇ ਸੋਇਆਬੀਨ ਤੋਂ ਬਣੇ ਉਤਪਾਦਾਂ ਨੂੰ ਭਾਰਤ ਦੇ ਵਿੱਚ ਪ੍ਰਮੋਟ ਕਰ ਰਹੇ ਹਨ।"

ਮੱਧ ਪ੍ਰਦੇਸ਼ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 35000 ਰੁਪਏ ਦੀ ਮਸ਼ੀਨ ਦੇ ਨਾਲ ਆਪਣੇ ਇਸ ਯੂਨਿਟ ਦੀ ਸ਼ੁਰੂਆਤ ਕੀਤੀ। ਉਹ ਦੱਸਦੇ ਹਨ ਕਿ ਸ਼ੁਰੂਆਤ ਦੇ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਵੀ ਆਈਆਂ।

ਫਿਰ ਉਨ੍ਹਾਂ ਨੇ ਕੇਂਦਰੀ ਖੇਤੀ ਵਿਗਿਆਨ ਕੇਂਦਰ ਭੋਪਾਲ ਤੋਂ ਸੋਇਆਬੀਨ ਪ੍ਰੋਸੈਸਿੰਗ ਬਾਰੇ ਟ੍ਰੇਨਿੰਗ ਲਈ ਤੇ ਸੋਇਆਬੀਨ ਪ੍ਰੋਸੈਸਿੰਗ ਰਾਹੀਂ ਉਤਪਾਦ ਬਣਾਉਣੇ ਸ਼ੁਰੂ ਕੀਤੇ।

ਗਰਚਾ ਦੱਸਦੇ ਹਨ, "ਉਤਪਾਦ ਬਣਾਉਣ ਤੋਂ ਬਾਅਦ ਇਸ ਦੀ ਮਾਰਕੀਟਿੰਗ ਬਾਰੇ ਵੀ ਕਾਫੀ ਸਮੱਸਿਆਵਾਂ ਆਈਆਂ। ਸ਼ੁਰੂ ਦੇ ਵਿੱਚ ਮੈਂ ਉਤਪਾਦਾਂ ਨੂੰ ਸੰਗਰੂਰ ਦੇ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਦੇ ਉੱਪਰ ਵੇਚਣਾ ਸ਼ੁਰੂ ਕੀਤਾ।"

"ਦੁੱਧ ਤੋਂ ਬਣੇ ਉਤਪਾਦ ਲੋਕਾਂ ਦੀ ਪਹਿਲੀ ਪਸੰਦ ਸਨ ਇਸ ਲਈ ਕੁਝ ਸਮਾਂ ਲੋਕਾਂ ਨੂੰ ਤੋਹਫ਼ੇ ਵਜੋਂ ਵੀ ਆਪਣੇ ਉਤਪਾਦ ਦਿੱਤੇ।"

ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਉਹ ਦੱਸਦੇ ਹਨ ਕਿ 2004 ਦੇ ਵਿੱਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਤੇਜ਼ ਮੀਂਹ ਝੱਖੜ ਕਾਰਨ ਮੰਡੀਆਂ ਦੇ ਵਿੱਚ ਪਏ ਝੋਨੇ ਦਾ ਰੰਗ ਫਿੱਕਾ ਤੇ ਕਾਲਾ ਹੋ ਗਿਆ ਸੀ।

ਸਵਾਮੀਨਾਥਨ ਨਾਲ ਮੁਲਾਕਾਤ ਨੇ ਬਦਲੀ ਨੁਹਾਰ

ਕੇਂਦਰ ਸਰਕਾਰ ਦੇ ਪ੍ਰਸਿੱਧ ਵਿਗਿਆਨੀ ਡਾਕਟਰ ਐੱਮਐੱਸ ਸਵਾਮੀਨਾਥਨ ਦੀ ਅਗਵਾਈ ਦੇ ਵਿੱਚ ਮਾਹਿਰਾਂ ਦੀ ਇਕ ਟੀਮ ਪੰਜਾਬ ਭੇਜੀ ਗਈ ਸੀ।

"ਡਾਕਟਰ ਸਵਾਮੀਨਾਥਨ ਸੰਗਰੂਰ ਦੌਰੇ ਦੌਰਾਨ ਮੇਰੇ ਘਰ ਪਹੁੰਚੇ ਜਿੱਥੇ ਉਹ ਮੇਰੀ ਸੋਇਆ ਪ੍ਰੋਸੈਸਿੰਗ ਯੂਨਿਟ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨੂੰ ਕਿਹਾ ਕਿ ਬਚਿੱਤਰ ਸਿੰਘ ਗਰਚਾ ਨੂੰ ਇੱਕ ਦੁਕਾਨ ਯੂਨੀਵਰਸਿਟੀ ਦੇ ਵਿੱਚ ਉਤਪਾਦਾਂ ਦੀ ਵਿਕਰੀ ਦੇ ਲਈ ਦਿੱਤੀ ਜਾਵੇ।"

ਬਚਿੱਤਰ ਸਿੰਘ ਗਰਚਾ ਆਪਣੇ ਸੋਇਆਬੀਨ ਤੋਂ ਬਣੇ ਉਤਪਾਦਾਂ ਦੇ ਵਿੱਚ ਕਿਸੇ ਵੀ ਕੈਮੀਕਲ ਜਾਂ ਮਿਲਾਵਟ ਨਾ ਹੋਣ ਦਾ ਵੀ ਦਾਅਵਾ ਕਰਦੇ ਹਨ।

ਗਰਚਾ, ਅਨੁਸਾਰ ਇੱਕ ਕਿਲੋ ਸੋਇਆਬੀਨ ਤੋਂ 7 ਲੀਟਰ ਦੇ ਕਰੀਬ ਦੁੱਧ ਤੇ 1.75 ਕਿਲੋ ਦੇ ਕਰੀਬ ਸੋਇਆ ਪਨੀਰ ਤਿਆਰ ਹੁੰਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਯੂਨਿਟ ਦੇ ਵਿੱਚ ਹਰ ਰੋਜ਼ ਇੱਕ ਤੋਂ ਲੈ ਕੇ ਡੇਢ ਕੁਇੰਟਲ ਤੱਕ ਪਨੀਰ, ਇੱਕ ਕੁਇੰਟਲ ਦੇ ਕਰੀਬ ਦੁੱਧ ਤੇ ਇਸ ਤੋਂ ਬਣੇ ਉਤਪਾਦ ਤਿਆਰ ਹੁੰਦੇ ਹਨ, ਜਿੰਨਾਂ ਦੀ ਵਿਕਰੀ ਉਹ ਸੰਗਰੂਰ, ਬਰਨਾਲਾ, ਪਾਤੜਾਂ, ਰਾਏਕੋਟ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਤੱਕ ਕਰਦੇ ਹਨ।

ਇਸ ਤੋਂ ਇਲਾਵਾ ਸੁੱਕੇ ਉਤਪਾਦਾਂ ਦੇ ਤੌਰ ʼਤੇ ਉਹ ਨਮਕੀਨ, ਮੱਠੀਆਂ, ਪਕੌੜੇ, ਮਟਰੀ ਅਤੇ ਮਿੱਠੇ ਬਿਸਕੁਟ ਤਿਆਰ ਕੀਤੇ ਜਾਂਦੇ ਹਨ।

ਬਚਿੱਤਰ ਸਿੰਘ ਦੱਸਦੇ ਹਨ ਕਿ ਉਨਾਂ ਨੂੰ ਇਸ ਯੂਨਿਟ ਤੋਂ ਇਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਮਹੀਨੇ ਦੀ ਆਮਦਨ ਹੈ ਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਕੁਝ ਜ਼ਮੀਨ ਵੀ ਖਰੀਦੀ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦਾ ਖਰਚਾ ਵੀ ਇਸ ਦੇ ਮੁਨਾਫ਼ੇ ਨਾਲ ਹੀ ਕੀਤਾ।

ਇਨ੍ਹਾਂ ਹੀ ਨਹੀਂ ਇੱਕ ਔਰਤ ਮਜ਼ਦੂਰ ਇਸ ਯੂਨਿਟ ਦੇ ਵਿੱਚ ਪੱਕੇ ਤੌਰ ʼਤੇ ਕੰਮ ਕਰਦੀ ਹੈ,ਪਰ ਗਰਮੀਆਂ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ 10 ਤੋਂ 15 ਦੇ ਕਰੀਬ ਔਰਤਾਂ ਅਤੇ ਮਰਦ ਮਜ਼ਦੂਰਾਂ ਦੀ ਜਰੂਰਤ ਪੈਂਦੀ ਹੈ। ਇਸ ਨਾਲ ਹੋਰਨਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ।

ਗਰਚਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੇ ਆਪਣੀ ਇਸ ਯੂਨਿਟ ਦਾ ਵੀ ਵਿਸਥਾਰ ਕੀਤਾ ਹੈ।

ਖੱਟਿਆ ਮੁਨਾਫ਼ਾ

ਪਿਛਲੇ ਸਾਲ ਉਨ੍ਹਾਂ ਨੇ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਮਸ਼ੀਨ ਖਰੀਦੀ ਹੈ ਜੋ ਵੱਖ-ਵੱਖ ਸਵਾਦਾਂ ਦੇ ਅਨੁਸਾਰ ਦੁੱਧ ਨੂੰ 180 ਐੱਮਐੱਲ ਦੀਆਂ ਬੋਤਲਾਂ ਵਿੱਚ ਭਰਦੀ ਹੈ।

ਆਪਣੇ ਪਿਤਾ ਦੇ ਇਸ ਕਿੱਤੇ ਦੇ ਵਿੱਚ ਸਾਥ ਦੇ ਰਹੇ ਪਵਨਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ।

ਉਹ ਦੱਸਦੇ ਹਨ ਕਿ ਸ਼ੁਰੂ ਦੇ ਵਿੱਚ ਉਨ੍ਹਾਂ ਦਾ ਰੁਝਾਨ ਵਿਦੇਸ਼ ਜਾਣ ਦਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਪੜ੍ਹਾਈ ਲਈ ਅਮਰੀਕਾ ਦੇ ਵਿੱਚ ਜਾ ਕੇ ਸੋਇਆ ਪ੍ਰੋਸੈਸਿੰਗ ਬਾਰੇ ਟ੍ਰੇਨਿੰਗ ਪ੍ਰਾਪਤ ਕੀਤੀ।

ਪਿਛਲੇ ਦੋ ਸਾਲਾਂ ਤੋਂ ਲਗਾਤਾਰ ਉਹ ਇਸ ਯੂਨਿਟ ਦੇ ਵਿੱਚ ਆਪਣੇ ਪਿਤਾ ਦੀ ਮਦਦ ਕਰ ਰਹੇ ਹਨ ਤੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਯੂਨਿਟ ਦਾ ਪਿਛਲੇ ਸਮੇਂ ਦੇ ਵਿੱਚ ਕਾਫੀ ਵਿਸਥਾਰ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਹ ਨਵੇਂ ਉਤਪਾਦ ਤਿਆਰ ਕਰਨ ਬਾਰੇ ਵੀ ਸੋਚ ਰਹੇ ਹਨ।

ਪਵਨਦੀਪ ਦੱਸਦੇ ਹਨ ਕਿ ਮਾਰਕੀਟ ਦੇ ਵਿੱਚ ਮਿਲਾਵਟੀ ਸੋਇਆ ਪਨੀਰ ਕਾਰਨ ਲੋਕ ਇਸ ਨੂੰ ਖਰੀਦਣਾ ਪਸੰਦ ਨਹੀਂ ਕਰਦੇ ਕਿਉਂਕਿ ਜ਼ਿਆਦਾਤਰ ਫਾਸਟ ਫੂਡ ਦੀਆਂ ਦੁਕਾਨਾਂ ʼਤੇ ਜੋ ਪਨੀਰ ਮਿਲਦਾ ਹੈ ਉਹ ਕਾਫੀ ਸਸਤੀ ਕੀਮਤ ਦੇ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਕਾਰਨ ਚੰਗੇ ਉਤਪਾਦਾਂ ਨੂੰ ਮਾਰਕੀਟ ਦੇ ਵਿੱਚ ਟਿਕਣਾ ਔਖਾ ਹੋ ਜਾਂਦਾ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਬਚਿੱਤਰ ਸਿੰਘ ਪਿਛਲੇ 20 ਸਾਲਾਂ ਤੋਂ ਸੋਇਆਬੀਨ ਪ੍ਰੋਸੈਸਿੰਗ ਉਤਪਾਦਨ ਕਰਦੇ ਆ ਰਹੇ ਹਨ।

ਉਹ ਦੱਸਦੇ ਹਨ ਕਿ ਕਿਸੇ ਵੀ ਸਮੱਸਿਆ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵੱਲੋਂ ਬਚਿੱਤਰ ਸਿੰਘ ਗਰਚਾ ਦੀ ਹਰ ਸੰਭਵ ਮਦਦ ਕੀਤੀ ਗਈ ਹੈ।

ਡਾ. ਮਨਦੀਪ ਸਿੰਘ ਕਹਿੰਦੇ ਹਨ ਕਿ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਬਚਿੱਤਰ ਸਿੰਘ ਗਰਚਾ ਵਾਂਗ ਖੇਤੀ ਦੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਲੈਵਲਿੰਗ ਰਾਹੀਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਪੰਜਾਬ ਦੇ ਵਿੱਚ ਪੈਦਾ ਹੋਣ ਵਾਲੀ ਸੋਇਆਬੀਨ ਦੇ ਰੰਗ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਇਸ ਦੇ ਉੱਪਰ ਲਗਾਤਾਰ ਯੂਨੀਵਰਸਿਟੀ ਦੇ ਵੱਲੋਂ ਕੰਮ ਕੀਤਾ ਜਾ ਰਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)