ਹਰਿਆਣਾ ਦੇ ਇਸ ਕਿਸਾਨ ਨੇ ਜਦੋਂ ਉਗਾਇਆ 6 ਫੁੱਟ 2 ਇੰਚ ਲੰਬਾ ਘੀਆ

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਭਾਰਤ ਵਿੱਚ ਖੇਤੀਬਾੜੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇੱਕ ਪਾਸੇ ਜਿੱਥੇ ਵਧੇਰੇ ਉਤਪਾਦਨ ਹਾਸਿਲ ਕਰਨ ਲਈ, ਖੇਤੀਬਾੜੀ ਮਾਹਰ ਫ਼ਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੀ ਕਾਢ ਕੱਢ ਰਹੇ ਹਨ।

ਉੱਥੇ ਹੀ ਦੂਜਾ ਪਾਸੇ ਚੰਗੀ ਫ਼ਸਲ ਲਈ ਕਿਸਾਨ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ। ਇਹ ਯਕੀਨੀ ਤੌਰ 'ਤੇ ਝਾੜ ਵਧਾਉਂਦਾ ਹੈ ਪਰ ਕਿਤੇ ਨਾ ਕਿਤੇ ਲੋਕ ਇਸ ਤੋਂ ਹਾਸਿਲ ਹੋਣ ਵਾਲੀਆਂ ਫ਼ਲਾਂ, ਸਬਜ਼ੀਆਂ ਅਤੇ ਹੋਰ ਫਸਲਾਂ ਕਾਰਨ ਬਿਮਾਰ ਹੋ ਰਹੇ ਹਨ।

ਪਰ ਹੁਣ ਕੁਝ ਲੋਕ ਅਜਿਹੇ ਹਨ ਜੋ ਰਸਾਇਣਕ ਖੇਤੀ ਛੱਡ ਕੇ ਜੈਵਿਕ ਜਾਂ ਕੁਦਰਤੀ ਖੇਤੀ ਵੱਲ ਮੁੜ ਰਹੇ ਹਨ। ਅਜਿਹਾ ਹੀ ਇੱਕ ਉਦਾਹਰਣ ਪੇਸ਼ ਕਰ ਰਹੇ ਹਨ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਰਣਧੀਰ ਸਿੰਘ।

ਕਿਸਾਨ ਰਣਧੀਰ ਸਿੰਘ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਕੁਦਰਤੀ ਖੇਤੀ ਦੇ ਰੂਪ ਵਿੱਚ ਰਸੋਈ ਬਾਗਬਾਨੀ ਕਰ ਰਹੇ ਹਨ ਅਤੇ ਰਸੋਈ ਬਾਗ਼ਬਾਨੀ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ।

1992 ਵਿੱਚ ਸ਼ੁਰੂ ਕੀਤਾ ਕਿਚਨ ਗਾਰਡਨ

ਕਿਸਾਨ ਰਣਧੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਕੈਥਲ ਦੇ ਇੱਕ ਪਿੰਡ ਵਿੱਚ ਰਹਿੰਦੇ ਹੁੰਦੇ ਸਨ ਅਤੇ ਆਪਣੇ ਸਕੂਲ ਦੇ ਦਿਨਾਂ ਦੌਰਾਨ, ਉਨ੍ਹਾਂ ਨੂੰ ਉੱਥੇ ਖੇਤੀ ਕਰਨ ਵਿੱਚ ਬਹੁਤ ਦਿਲਚਸਪੀ ਸੀ।

ਜਿਸ ਕਾਰਨ, ਕੁਝ ਪੜ੍ਹਾਈ ਕਰਨ ਤੋਂ ਬਾਅਦ, ਉਨ੍ਹਾਂ ਨੇ 1972 ਵਿੱਚ ਆਪਣੀ ਜੱਦੀ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਪਰ ਬੱਚੇ ਵੱਡੇ ਹੋਣ ਅਤੇ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੈਥਲ ਛੱਡ ਦਿੱਤਾ ਅਤੇ ਕੁਰੂਕਸ਼ੇਤਰ ਵਿੱਚ ਰਹਿਣ ਲੱਗ ਪਿਆ।

ਇੱਥੇ ਉਹ ਕੁਰੂਕਸ਼ੇਤਰ ਸ਼ਹਿਰ ਵਿੱਚ ਰਹਿੰਦੇ ਹਨ। ਉਹ ਦੱਸਦੇ ਹਨ ਕਿ ਜਿਵੇਂ ਹੀ ਉਹ ਸਬਜ਼ੀ ਦੀ ਦੁਕਾਨ ਤੋਂ ਸਬਜ਼ੀਆਂ ਖਰੀਦਦੇ ਸਨ ਤਾਂ ਉਨ੍ਹਾਂ ਨੂੰ ਖਾਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਸੀ।

ਇਸ ਮਗਰੋਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਉਹ ਕੁਦਰਤੀ ਤਰੀਕੇ ਨਾਲ ਜੈਵਿਕ ਖੇਤੀ ਕਰਨਗੇ ਅਤੇ ਖ਼ੁਦ ਸਿਹਤਮੰਦ ਰਹਿਣਗੇ ਤੇ ਆਪਣੇ ਪਰਿਵਾਰ ਨੂੰ ਵੀ ਸਿਹਤਮੰਦ ਰੱਖਣਗੇ।

ਇੰਨਾ ਹੀ ਨਹੀਂ, ਉਹ ਦੂਜੇ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕਰਨਗੇ ਅਤੇ ਨਵੇਂ ਪ੍ਰਯੋਗ ਕਰ ਕੇ ਜੈਵਿਕ ਖੇਤੀ ਨੂੰ ਨਵੇਂ ਆਯਾਮਾਂ 'ਤੇ ਲੈ ਜਾਣਗੇ।

ਇਸੇ ਕਾਰਨ ਹੀ ਉਨ੍ਹਾਂ ਨੇ 1992 ਵਿੱਚ ਆਪਣੇ ਘਰ ਦੇ ਬਾਹਰ ਇੱਕ ਰਸੋਈ ਬਾਗ਼ ਯਾਨਿ ਕਿਚਨ ਗਾਰਡਨ ਸ਼ੁਰੂ ਕੀਤਾ ਜੋ ਕਿ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਨੇ ਇਸ ਵਿੱਚ ਇੰਨੀ ਮਿਹਨਤ ਕੀਤੀ ਕਿ ਉੱਥੇ ਉਗਾਈ ਗਈ ਫ਼ਸਲ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਉਦੇਸ਼ ਭਾਰਤ ਦੇ ਹੋਰ ਲੋਕਾਂ ਨੂੰ ਵੀ ਜੈਵਿਕ ਖੇਤੀ ਕਰਨ ਕਰਨ ਲਈ ਪ੍ਰੇਰਿਤ ਕਰਨਾ ਹੈ।

35 ਤਰ੍ਹਾਂ ਦੀਆਂ ਸਬਜ਼ੀਆਂ

ਕਿਸਾਨ ਰਣਧੀਰ ਸਿੰਘ ਦਾ ਕਹਿਣਾ ਹੈ, "ਮੇਰੇ ਕਿਚਨ ਗਾਰਡਨ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਹੋਈ ਸੀ ਪਰ ਹੁਣ ਮੇਰੇ ਕੋਲ ਇੱਕੋਂ ਵੇਲੇ ਆਲੂ, ਟਮਾਟਰ, ਗੋਭੀ, ਘੀਆ, ਮਟਰ, ਬੰਦ ਗੋਭੀ, ਬ੍ਰੋਕਲੀ, ਲਹਸੁਨ, ਪਿਆਜ਼, ਲੌਕੀ, ਪਾਲਕ, ਮੈਥੀ, ਨਿੰਬੂ, ਚਕੁੰਦਰ, ਮੂਲੀ, ਗਾਜਰ, ਧਨੀਆ, ਤੋਰੀ ਸਣੇ ਕਰੀਬ 35 ਸਬਜ਼ੀਆਂ ਹਨ।"

ਇੰਨਾ ਹੀ ਨਹੀਂ ਉਹ ਇਸ ਦੇ ਨਾਲ ਗੰਨਾ ਅਤੇ ਕਈ ਤਰ੍ਹਾਂ ਦੇ ਫ਼ਲ ਵੀ ਬੀਜਦੇ ਹਨ ਅਤੇ ਉਹ ਵੀ ਜੈਵਿਕ ਢੰਗ ਨਾਲ।

ਉਹ ਜੜੀ ਬੂਟੀਆਂ ਵੀ ਲਗਾ ਰਹੇ ਹਨ। ਇਸ ਵਿੱਚ ਵੀ ਉਨ੍ਹਾਂ ਨੂੰ ਪੁਰਸਕਾਰ ਮਿਲੇ ਹੋਏ ਹਨ।

ਹਾਲਾਂਕਿ, ਹੁਣ ਉਨ੍ਹਾਂ ਦੀ ਉਮਰ ਕਾਫੀ ਜ਼ਿਆਦਾ ਹੋ ਗਈ ਪਰ ਇਸ ਦੇ ਬਾਵਜੂਦ ਵੀ ਉਹ ਕਿਚਨ ਗਾਰਡਨ ਚਲਾ ਰਹੇ ਹਨ ਅਤੇ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ।

16 ਵਾਰ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਨਾਮ

ਕਿਸਾਨ ਰਣਧੀਰ ਸਿੰਘ ਨੇ ਇਸ ਰਸੋਈ ਬਾਗ਼ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਲਈ 16 ਵਾਰ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

ਰਣਧੀਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭਾਰਤ ਦਾ ਸਭ ਤੋਂ ਲੰਬਾ ਘੀਆ 6 ਫੁੱਟ 2 ਇੰਚ ਉਗਾਇਆ ਹੈ। ਜਿਸ ਕਾਰਨ ਉਨ੍ਹਾਂ ਦਾ ਨਾਮ ਚਾਰ ਵਾਰ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਚੁੱਕਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਲਹਸੁਨ ਵਿੱਚ ਵੀ ਦੋ ਵਾਰ ਆਪਣਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।

ਉਨ੍ਹਾਂ ਨੇ ਭਾਰਤ ਵਿੱਚ ਲਹਸੁਨ ਦੀ ਇੱਕ ਗੰਡੀ 500 ਗ੍ਰਾਮ ਅਤੇ 700 ਗ੍ਰਾਮ ਦੀ ਤਿਆਰ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਐਵਾਰਡ ਮਿਲਿਆ ਸੀ।

ਉਨ੍ਹਾਂ ਨੇ ਕੋਰੋਨਾ ਕਾਲ ਵਿੱਚ ਵੀ 920 ਗ੍ਰਾਮ ਦੀ ਲਹਸੁਨ ਤਿਆਰ ਕੀਤਾ ਸੀ ਪਰ ਕੋਰੋਨਾ ਕਾਲ ਕਾਰਨ ਉਸ ਵੇਲੇ ਲਿਮਕਾ ਰਿਕਾਰਡ ਵਿੱਚ ਦਰਜ ਨਹੀਂ ਹੋਇਆ ਸੀ।

ਕਰੇਲੇ ਵਿੱਚ ਵੀ ਦੋ ਅਤੇ ਸ਼ਲਗਮ ਵਿੱਚ ਦੋ ਲਿਮਕਾ ਬੁੱਕ ਆਫ਼ ਰਿਕਾਰਡ ਵੀ ਮਿਲੇ ਹਨ। ਉਨ੍ਹਾਂ ਨੂੰ ਅਰਬੀ ਵਿੱਚ ਲਿਮਕਾ ਬੁੱਕ ਆਫ਼ ਰਿਕਾਰਡ ਵੀ ਮਿਲਿਆ ਹੈ ਅਤੇ ਅਜਿਹੀਆਂ ਹੀ ਕਈ ਹੋਰ ਸਬਜ਼ੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਰਿਕਾਰਡ ਬਣਾਏ ਹਨ।

ਰਣਧੀਰ ਸਿੰਘ ਨੂੰ ਕਿਚਨ ਗਾਰਡਨ ਵਿੱਚ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਉਗਾਉਣ ਲਈ ਕੁੱਲ 16 ਵਾਰ ਲਿਮਕਾ ਬੁੱਕ ਆਫ਼ ਰਿਕਾਰਡਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ, "1992 ਤੋਂ ਜੈਵਿਕ ਖੇਤੀ ਕਰ ਰਿਹਾ ਹਾਂ ਜਿਸ ਕਾਰਨ ਮੈਨੂੰ 2001 ਵਿੱਚ ਸਰਕਾਰ ਵੱਲੋਂ ਜੈਵਿਕ ਖੇਤੀ ਕਰਨ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮੈਂ ਆਪਣੀਆਂ ਸਬਜ਼ੀਆਂ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਮੇਲਿਆਂ ਵਿੱਚ ਵੀ ਜਾਂਦਾ ਹਾਂ।"

ਰਣਧੀਰ ਸਿੰਘ ਨੂੰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵੱਲੋਂ ਕ੍ਰਿਸ਼ੀ ਰਤਨ ਅਤੇ ਰਾਏ ਬਹਾਦਰ ਵਰਗੇ ਵੱਡੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ

ਕਿਸਾਨ ਰਣਧੀਰ ਸਿੰਘ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਟੀਚਾ ਇਹ ਹੈ ਕਿ ਉਨ੍ਹਾਂ ਦੇ ਨਾਲ-ਨਾਲ ਹੋਰ ਕਿਸਾਨ ਵੀ ਜੈਵਿਕ ਖੇਤੀ ਕਰਨ। ਉਹ ਆਪਣੇ ਕਿਚਨ ਗਾਰਡਨ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਦੀ ਵਰਤੋਂ ਨਹੀਂ ਕਰਦੇ।

ਉਹ ਜੀਵ ਅੰਮ੍ਰਿਤ ਗੋਲਾਮ੍ਰਿਤ ਬਣਾਉਂਦੇ ਹਨ ਅਤੇ ਇਸਦੀ ਵਰਤੋਂ ਕਰਦੇ ਹਨ ਹੈ ਜਾਂ ਇਸ ਵਿੱਚ ਸਥਾਨਕ ਖਾਦ ਪਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗੀ ਪੈਦਾਵਾਰ ਮਿਲਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਰਸਾਇਣਾਂ ਦੀ ਵਰਤੋਂ ਸਾਡੀਆਂ ਫ਼ਸਲਾਂ ਅਤੇ ਸਬਜ਼ੀਆਂ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਭਾਵੇਂ ਝਾੜ ਜ਼ਿਆਦਾ ਹੈ ਪਰ ਇਸ ਕਾਰਨ ਮਨੁੱਖੀ ਸਿਹਤ ਵਿਗੜ ਰਹੀ ਹੈ।"

"ਇਸ ਲਈ, ਮੈਂ ਹੁਣ ਦੂਜੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਿਹਾ ਹਾਂ ਤਾਂ ਜੋ ਉਹ ਸਿਹਤਮੰਦ ਰਹਿ ਸਕਣ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਰੱਖ ਸਕਣ।"

ਉਹ ਹੋਰਨਾਂ ਕਿਸਾਨਾਂ ਨੂੰ ਪੁਰਸਕਾਰ ਜੇਤੂ ਸਬਜ਼ੀਆਂ ਦੇ ਬੀਜ ਮੁਫਤ ਦਿੰਦੇ ਹਨ ਤਾਂ ਜੋ ਉਹ ਵੀ ਇਸ ਕਿਸਮ ਦੀ ਖੇਤੀ ਕਰ ਕੇ ਆਪਣਾ ਨਾਮ ਕਮਾ ਸਕਣ ਅਤੇ ਆਪਣੇ ਦੇਸ਼ ਅਤੇ ਰਾਜ ਦਾ ਨਾਮ ਹੋਰ ਵੀ ਉੱਚਾ ਕਰ ਸਕਣ।

ਖੇਤੀਬਾੜੀ ਮਾਹਰ ਕੀ ਕਹਿੰਦੇ ਹਨ

ਕੁਰੂਕਸ਼ੇਤਰ ਦੇ ਡੀਐੱਚਓ ਸੱਤਿਆਨਾਰਾਇਣ ਦਾ ਕਹਿਣਾ ਹੈ ਕਿ ਸਰਕਾਰ ਸਬਜ਼ੀਆਂ ਉਗਾਉਣ ਦੇ ਚਾਹਵਾਨਾਂ ਨੂੰ 50 ਫੀਸਦ ਸਬਸਿਡੀ 'ਤੇ ਕਿੱਟਾਂ ਪ੍ਰਦਾਨ ਕਰਦੀ ਹੈ।

ਇਸ ਵਿੱਚ ਵੱਖ-ਵੱਖ ਸਬਜ਼ੀਆਂ ਦੇ ਬੀਜ ਹੁੰਦੇ ਹਨ ਜੋ ਕਿਸਾਨ ਆਪਣੇ ਖੇਤਾਂ ਵਿੱਚ ਜਾਂ ਆਪਣੇ ਘਰਾਂ ਦੇ ਆਲੇ-ਦੁਆਲੇ ਛੋਟੇ ਪਲਾਟਾਂ ਵਿੱਚ ਲਗਾ ਸਕਦੇ ਹਨ।

ਰਸੋਈ ਬਾਗ਼ਬਾਨੀ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, "ਜੇਕਰ ਕਿਸੇ ਕੋਲ ਜਗ੍ਹਾ ਹੈ, ਤਾਂ ਉਹ ਘੱਟ ਖਾਦਾਂ ਦੀ ਵਰਤੋਂ ਕਰ ਕੇ ਆਪਣੇ ਘਰ ਲਈ ਸਬਜ਼ੀਆਂ ਉਗਾ ਸਕਦਾ ਹੈ ਅਤੇ ਆਪ ਸਿਹਤਮੰਦ ਦੇ ਰਹਿਣ ਦੇ ਨਾਲ-ਨਾਲ ਹੋਰਨਾਂ ਨੂੰ ਵੇਚ ਕੇ ਚੰਗਾ ਮੁਨਾਫ਼ਾ ਵੀ ਕਮਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)