ਪੰਜਾਬ: ਸੰਗਰੂਰ ਦਾ ਕਿਸਾਨ ਜੋ ਮਸ਼ਰੂਮ ਦੀ ਖੇਤੀ ਨਾਲ ਕਰਦਾ ਹੈ ਲੱਖਾਂ ਰੁਪਏ ਦੀ ਕਮਾਈ

    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਕੜਾ ਦੇ ਬਲਜੀਤ ਸਿੰਘ ਨੇ 10 ਸਾਲ ਪਹਿਲਾਂ ਮਸ਼ਰੂਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਇਸ ਨੂੰ ਵੱਡੇ ਪੱਧਰ ਉੱਤੇ ਕਰ ਰਹੇ ਹਨ।

ਇਸ ਸਮੇਂ ਉਨ੍ਹਾਂ ਕੋਲ 22 ਦੇ ਕਰੀਬ ਮਸ਼ਰੂਮ ਦੇ ਸ਼ੈੱਡ ਹਨ, ਜਿੱਥੋਂ ਰੋਜ਼ਾਨਾ ਇੱਕ ਟਨ ਦੇ ਕਰੀਬ ਮਸ਼ਰੂਮ ਦਾ ਉਤਪਾਦਨ ਹੁੰਦਾ ਹੈ। ਜਿਸ ਨੂੰ ਕਿ ਉਹ ਸਥਾਨਕ ਮੰਡੀਆਂ ਦੇ ਵਿੱਚ ਹੀ ਵੇਚਦੇ ਹਨ।

ਬਲਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਮਸ਼ਰੂਮ ਦੀ ਖੇਤੀ ਦੇ ਲਈ ਹਿਮਾਚਲ ਦੇ ਸੋਲਨ ਦੀ ਮਸ਼ਰੂਮ ਰਿਸਰਚ ਸੈਂਟਰ ਤੋਂ ਸਿਖਲਾਈ ਲਈ।

ਇਸ ਤੋਂ ਪਹਿਲਾਂ ਉਹ ਤਿੰਨ ਤੋਂ ਚਾਰ ਏਕੜ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਸਨ। ਰੋਜ਼ਾਨਾ ਮੰਡੀ ਵਿੱਚ ਸਬਜ਼ੀਆਂ ਵੇਚਣ ਦੇ ਦੌਰਾਨ ਹੀ ਉਨ੍ਹਾਂ ਨੂੰ ਉੱਥੇ ਮਸ਼ਰੂਮ ਬਾਰੇ ਜਾਣਕਾਰੀ ਮਿਲੀ।

ਇਸ ਤੋਂ ਬਾਅਦ ਉਨ੍ਹਾਂ ਦੀ ਇਸ ਵਿੱਚ ਰੁਚੀ ਵਧੀ ਤੇ ਉਨਾਂ ਨੇ 22 ਕੁਇੰਟਲ ਤੂੜੀ ਤੋਂ ਸ਼ੁਰੂਆਤ ਕੀਤੀ ਤੇ ਇੱਕ ਕੰਪੋਸਟ ਯੂਨਿਟ ਲਗਾਇਆ।

ਇਸ ਸਮੇਂ ਉਹ 22 ਦੇ ਕਰੀਬ ਸ਼ੈੱਡਾਂ ਦੇ ਵਿੱਚ ਮਸ਼ਰੂਮ ਦੀ ਖੇਤੀ ਕਰ ਰਹੇ ਹਨ। ਜਿਸ ਵਿੱਚ 25 ਦੇ ਕਰੀਬ ਪਰਵਾਸੀ ਅਤੇ ਘਰੇਲੂ ਔਰਤਾਂ ਮਜ਼ਦੂਰੀ ਕਰਦੀਆਂ ਹਨ।

ਹੁਣ ਉਨ੍ਹਾਂ ਕੋਲ ਮਸ਼ਰੂਮ ਦੀ ਖੇਤੀ ਦੇ ਲਈ ਇੱਕ ਵੱਡਾ ਏਸੀ ਯੂਨਿਟ ਵੀ ਹੈ। ਜੋ ਕਿ ਪੂਰਾ ਸਾਲ ਚੱਲਦਾ ਰਹਿੰਦਾ ਹੈ ਤੇ ਪੂਰਾ ਸਾਲ ਉਹ ਮਸ਼ਰੂਮ ਦਾ ਉਤਪਾਦਨ ਕਰਦਾ ਹੈ।

ਮਸ਼ਰੂਮ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਦੱਸਦੇ ਹਨ, "ਇਸ ਦੀ ਸ਼ੁਰੂਆਤ ਸਾਫ਼ ਤੂੜੀ ਤੋਂ ਹੁੰਦੀ ਹੈ। ਜਿਸ ਵਿੱਚ ਨਮੀ ਦੀ ਮਾਤਰਾ ਵਧਾ ਕੇ ਉਸ ਨੂੰ ਵੱਖ-ਵੱਖ ਥਾਵਾਂ ʼਤੇ ਰੱਖਿਆ ਜਾਂਦਾ ਹੈ।"

"ਇਸ ਦੌਰਾਨ ਇਸ ਵਿੱਚ ਵੱਖ-ਵੱਖ ਖਾਦਾਂ ਪਾਈਆਂ ਜਾਂਦੀਆਂ ਹਨ ਤੇ ਇਹ ਪ੍ਰੋਸੈਸ ਪੂਰਾ 18 ਦਿਨ ਚੱਲਦਾ ਹੈ ਤੇ ਇਸ ਤੋਂ ਬਾਅਦ ਉਸ ਵਿੱਚ ਮਸ਼ਰੂਮ ਦਾ ਬੀਜ ਆਧੁਨਿਕ ਮਸ਼ੀਨ ਦੇ ਰਾਹੀਂ ਬੀਜਿਆ ਜਾਂਦਾ ਹੈ।"

ਰੋਜ਼ਾਨਾ ਕਮਾਉਂਦੇ ਹਨ ਮੁਨਾਫ਼ਾ

ਉਹ ਦੱਸਦੇ ਹਨ ਕਿ ਇਸ ਸਮੇਂ ਉਨ੍ਹਾਂ ਦੇ ਇਸ ਖੇਤੀ ਦੇ ਵਿੱਚ 25 ਦੇ ਕਰੀਬ ਪਰਵਾਸੀ ਅਤੇ ਔਰਤਾਂ ਕੰਮ ਕਰ ਰਹੀਆਂ ਹਨ।

ਪੰਜਾਬ ਦੇ ਵਿੱਚ ਉਹ ਮਸ਼ਰੂਮ ਦੀ ਖੇਤੀ ਦਾ ਭਵਿੱਖ ਸੁਨਹਿਰਾ ਮੰਨਦੇ ਹਨ ਕਿਉਂਕਿ ਕਿ ਮੰਡੀਆਂ ਦੇ ਵਿੱਚ ਮਸ਼ਰੂਮ ਦੀ ਚੰਗੀ ਮੰਗ ਹੈ। ਇਸ ਸਮੇਂ ਉਹ ਸੰਗਰੂਰ, ਲੁਧਿਆਣਾ ਚੰਡੀਗੜ੍ਹ ਤੱਕ ਆਪਣਾ ਮਸ਼ਰੂਮ ਵੇਚਦੇ ਹਨ।

ਬਲਜੀਤ ਸਿੰਘ ਮਸ਼ਰੂਮ ਨੂੰ ਭਵਿੱਖ ਦੇ ਵਿੱਚ ਪਨੀਰ ਦੇ ਬਦਲ ਵਜੋਂ ਦੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਵੀ ਆਪਣੇ ਰੋਜ਼ਾਨਾ ਭੋਜਨ ਦੇ ਵਿੱਚ ਇਸ ਨੂੰ ਸ਼ਾਮਲ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਉਨ੍ਹਾਂ ਮੁਤਾਬਕ, "ਮਸ਼ਰੂਮ ਦੇ ਉੱਪਰ ਦੂਜੀਆਂ ਫ਼ਸਲਾਂ ਵਾਂਗ ਵੱਡੇ ਪੱਧਰ ਤੇ ਪੈਸਟੀਸਾਈਡ ਦੀ ਵਰਤੋਂ ਨਹੀਂ ਹੁੰਦੀ। ਮਸ਼ਰੂਮ ਦੀਆਂ 3000 ਦੇ ਕਰੀਬ ਕਿਸਮਾਂ ਹਨ ਅਤੇ ਕੁਝ ਕਿਸਮਾਂ ਇਸ ਤਰ੍ਹਾਂ ਦੀਆਂ ਹਨ, ਜੋ ਕਿ ਦਵਾਈਆਂ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਕੀਮਤ ਮਾਰਕੀਟ ਵਿੱਚ ਕਾਫੀ ਜ਼ਿਆਦਾ ਹੈ।"

ਮਸ਼ਰੂਮ ਦੀ ਖੇਤੀ ਲਈ ਜ਼ਮੀਨ ਦੀ ਵਰਤੋਂ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਇਸ ਨੂੰ ਤੁਸੀਂ 60 X 30 ਦੇ ਥਾਂ ʼਤੇ ਸ਼ੈੱਡ ਲਗਾ ਕੇ ਸ਼ੁਰੂ ਕਰ ਸਕਦੇ ਹੋ।

ਬਲਜੀਤ ਸਿੰਘ ਇਸ ਸਮੇਂ ਇੱਕ ਸ਼ੈੱਡ ਤੋਂ 80 ਤੋਂ 90 ਹਜ਼ਾਰ ਰੁਪਏ ਤੱਕ ਦਾ ਮੁਨਾਫਾ ਕਮਾ ਰਹੇ ਹਨ ਅਤੇ ਉਨ੍ਹਾਂ ਕੋਲ ਕੁੱਲ 22 ਦੇ ਕਰੀਬ ਸ਼ੈੱਡ ਹਨ। ਜਿਨਾਂ ਦੇ ਵਿੱਚ ਮਸ਼ਰੂਮ ਦੀ ਖੇਤੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਕੋਲੇ ਇੱਕ ਏਸੀ ਯੂਨਿਟ ਹੈ, ਜੋ ਪੂਰਾ ਸਾਲ ਲਗਾਤਾਰ ਚੱਲਦਾ ਹੈ।

ਹੋਰਨਾਂ ਨੂੰ ਰੁਜ਼ਗਾਰ

ਬਲਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਕੋਲ ਇਸ ਸਮੇਂ 12 ਦੇ ਕਰੀਬ ਔਰਤਾਂ ਅਤੇ 13 ਦੇ ਕਰੀਬ ਮਰਦ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਲੰਮਾ ਸਮਾਂ ਇੱਥੇ ਕੰਮ ਮਿਲਦਾ ਹੈ।

ਪਿੰਡ ਕਾਕੜਾ ਦੀ ਜੋਤੀ ਰਾਣੀ ਮਸ਼ਰੂਮ ਦੇ ਇਸ ਯੂਨਿਟ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਉਹ ਆਪਣੀ ਉੱਚ ਪੱਧਰੀ ਸਿੱਖਿਆ ਵੀ ਹਾਸਲ ਕਰ ਰਹੀ ਹੈ।

ਉਹ ਕਹਿੰਦੀ ਹੈ ਕਿ ਇਥੋਂ ਉਸ ਨੂੰ ਚੰਗੀ ਕਮਾਈ ਹੋ ਜਾਂਦੀ ਹੈ, ਜਿਸ ਨਾਲ ਉਸ ਦਾ ਪੜ੍ਹਾਈ ਦਾ ਖਰਚਾ ਵੀ ਚੱਲ ਜਾਂਦਾ ਹੈ।

ਉਸ ਮੁਤਾਬਕ, "ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦਾ ਹੈ ਤੇ ਸ਼ਾਮ ਨੂੰ 6 ਵਜੇ ਖ਼ਤਮ ਹੋ ਜਾਂਦਾ ਹੈ। ਉਹ ਸਵੇਰੇ ਹੀ ਸ਼ੈੱਡਾਂ ਦੇ ਵਿੱਚ ਮਸ਼ਰੂਮ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਛਾਂਟੀ ਕੀਤੀ ਜਾਂਦੀ ਹੈ ਤੇ ਫਿਰ ਉਨ੍ਹਾਂ ਨੂੰ ਧੋ ਕੇ ਪੈਕਿੰਗ ਕੀਤੀ ਜਾਂਦੀ ਹੈ।"

ਜੋਤੀ ਦੱਸਦੇ ਹਨ ਕਿ ਉਹ ਆਪਣੀ ਪੜ੍ਹਾਈ ਦਾ ਸਾਰਾ ਖਰਚਾ ਇਥੋਂ ਕੱਢਦੇ ਹਨ। ਉਨ੍ਹਾਂ ਨੂੰ ਮਹੀਨੇ ਦਾ ਇੱਥੋਂ 9000 ਦੇ ਕਰੀਬ ਕਮਾਈ ਹੁੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਕਿਤੇ ਨਜ਼ਦੀਕ ਉਨ੍ਹਾਂ ਕੋਲ ਕੋਈ ਕੰਮ ਦਾ ਬਦਲ ਨਹੀਂ ਹੈ।

ਇਸੇ ਤਰ੍ਹਾਂ ਮਹਿੰਦਰ ਕੌਰ ਦੱਸਦੇ ਹਨ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਇਸ ਮਸ਼ਰੂਮ ਦੀ ਫਾਰਮ ਦੇ ਉੱਪਰ ਕੰਮ ਕਰ ਰਹੇ ਹਨ।

ਉਨ੍ਹਾਂ ਦੇ ਪਰਿਵਾਰ ਦੇ ਵਿੱਚ ਦੋ ਜੀਅ ਕਮਾਉਣ ਵਾਲੇ ਹਨ ਤੇ ਇੱਥੇ ਉਨ੍ਹਾਂ ਨੂੰ ਛੇ ਸੱਤ ਮਹੀਨੇ ਦੇ ਕਰੀਬ ਕੰਮ ਮਿਲ ਜਾਂਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ

ਬਲਜੀਤ ਸਿੰਘ ਇਹ ਵੀ ਦੱਸਦੇ ਹਨ ਕਿ ਜੋ ਛੋਟੇ ਕਿਸਾਨ ਇਸ ਦੀ ਖੇਤੀ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨਾਲ ਜੁੜਦੇ ਹਨ।

ਉਹ ਦੱਸਦੇ ਹਨ, "ਅਸੀਂ ਉਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਮਸ਼ਰੂਮ ਚੈੱਕ ਵੀ ਕਰਦੇ ਹਾਂ ਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਤੂੜੀ ਤੋਂ ਬਣਿਆ ਕੰਪੋਸਟ ਅਤੇ ਬੀਜ ਆਦਿ ਵੀ ਮੁੱਹਈਆ ਕਰਵਾਉਂਦੇ ਹਾਂ।"

ਖੇਤੀਬਾੜੀ ਵਿਭਾਗ ਵੱਲੋਂ ਵੀ ਮਸ਼ਰੂਮ ਦੀ ਖੇਤੀ ਦੇ ਵਿੱਚ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ।

ਬਾਗਬਾਨੀ ਵਿਭਾਗ ਸੰਗਰੂਰ ਦੇ ਡਾਇਰੈਕਟਰ ਨਿਰਵੰਤ ਸਿੰਘ ਦਾ ਕਹਿਣਾ ਹੈ ਕਿ ਜਿੰਨਾ ਮੁਨਾਫਾ ਮਸ਼ਰੂਮ ਦੀ ਖੇਤੀ ਵਿੱਚ ਹੀ ਓਨਾਂ ਸ਼ਾਇਦ ਹੀ ਕਿਸੇ ਹੋਰ ਖੇਤੀ ਵਿੱਚ ਹੋ ਸਕਦਾ ਹੈ।

ਉਹ ਦੱਸਦੇ ਹਨ, "ਪੰਜਾਬ ਵਿੱਚ ਇਸ ਲਈ ਵਰਤੀ ਜਾਣ ਵਾਲੀ ਰਾਅ ਸਮੱਗਰੀ ਕਾਫੀ ਮਾਤਰਾ ਵਿੱਚ ਉਪਲੱਬਧ ਹੈ, ਜਿਵੇਂ ਤੂੜੀ ਤੇ ਪਰਾਲੀ ਆਦਿ। ਇਨ੍ਹਾਂ ਦੀ ਵਰਤੋਂ ਕਰ ਕੇ ਅਸੀਂ ਕਾਫੀ ਆਮਦਨੀ ਲੈ ਸਕਦੇ ਹਾਂ।"

"ਮਸ਼ਰੂਮ ਕਾਫੀ ਲੇਹਾਵੰਦ ਮੰਨੀ ਜਾਂਦੀ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਕਾਫੀ ਹੁੰਦੇ ਹਨ। ਪੰਜਾਬ ਵਿੱਚ ਦੀਆਂ ਕਈ ਕਿਸਮਾਂ ਦੀ ਖੇਤੀ ਹੋ ਰਹੀ ਹੈ। ਇਸ ਵਿੱਚ ਪ੍ਰੋਟੀਨ ਦੀ ਵਧੇਰੀ ਮਾਤਰਾ ਮਿਲਦੀ ਹੈ। ਇਸ ਨੂੰ ਪਨੀਰ ਦੇ ਬਦਲ ਵਜੋਂ ਦੇਖਿਆ ਜਾਂਦਾ ਹੈ।"

ਜੇਕਰ ਏਸੀ ਯੂਨਿਟ ਲਗਾਉਣਾ ਹੈ ਤਾਂ ਉਸ ਦੇ ਉੱਪਰ 8 ਲੱਖ ਰੁਪਏ ਤੱਕ ਦੀ ਸਬਸਿਡੀ ਹੈ, ਜੇਕਰ ਕੰਪੋਸਟ ਯੂਨਿਟ ਲਗਾਉਣਾ ਹੈ ਤਾਂ ਉਸ ʼਤੇ ਵੀ 8 ਲੱਖ ਰੁਪਏ ਦੀ ਸਬਸਿਡੀ ਅਤੇ ਜੇਕਰ ਆਪਣਾ ਮਸ਼ਰੂਮ ਦਾ ਬੀਜ ਯੂਨਿਟ ਲਗਾਉਣਾ ਹੈ ਤਾਂ ਉਸ ਦੇ ਉੱਪਰ 6 ਲੱਖ ਰੁਪਏ ਤੱਕ ਦੀ ਸਬਸਿਡੀ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ।

ਜੇਕਰ ਕੋਈ ਕਿਸਾਨ ਸ਼ੁਰੂਆਤ ਦੇ ਵਿੱਚ 60 X 30 ਦਾ ਮਸ਼ਰੂਮ ਦਾ ਸ਼ੈੱਡ ਲਗਾਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਨੂੰ 80,000 ਤੱਕ ਦੀ ਸਹਾਇਤਾ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਉਸ ਦੀ ਟ੍ਰੇਨਿੰਗ ਵੀ ਦਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)