ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਜਿਨ੍ਹਾਂ ਨੇ ਅੰਗਰੇਜ਼ਾਂ ਲਈ ਭਾਰਤ ਛੱਡਣ ਦੇ ਹਾਲਾਤ ਬਣਾ ਦਿੱਤੇ ਸਨ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
1757 ਵਿੱਚ ਪਲਾਸੀ ਦੀ ਲੜਾਈ ਜਿੱਤਣ ਦੇ ਇੱਕ ਦਹਾਕੇ ਦੇ ਅੰਦਰ ਈਸਟ ਇੰਡੀਆ ਕੰਪਨੀ ਦੇ ਨਿਰਦੇਸ਼ਕਾਂ ਨੂੰ ਅਹਿਸਾਸ ਹੋਇਆ ਕਿ ਭਾਰਤੀ ਰਾਜਿਆਂ ਦੀ ਸੈਨਿਕ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਪਲਾਸੀ ਦੀ ਜਿੱਤ ਨੂੰ ਦੁਹਰਾਉਣਾ ਮੁਸ਼ਕਲ ਹੋ ਸਕਦਾ ਹੈ।
ਭਾਰਤੀ ਰਿਆਸਤਾਂ ਨੂੰ ਸੈਨਿਕ ਤਕਨੀਕ ਵਿੱਚ ਯੂਰਪ ਵਰਗੀ ਮੁਹਾਰਤ ਦਾ ਮੁਕਾਬਲਾ ਕਰਨ ਵਿੱਚ ਸਿਰਫ ਇੱਕ ਦਹਾਕਾ ਲੱਗਿਆ ਸੀ।
1760 ਦੇ ਦਹਾਕੇ ਦੇ ਅੱਧ ਤੱਕ ਇਹ ਸਪੱਸ਼ਟ ਹੋਣ ਲੱਗਿਆ ਸੀ ਕਿ ਉਨ੍ਹਾਂ ਦੀਆਂ ਸੈਨਿਕ ਸਮਰੱਥਾਵਾਂ ਅਤੇ ਅੰਗਰੇਜ਼ਾਂ ਦੀਆਂ ਸੈਨਿਕ ਸਮਰੱਥਾਵਾਂ ਵਿਚਕਾਰ ਪਾੜਾ ਲਗਭਗ ਭਰ ਚੁੱਕਿਆ ਸੀ। ਅੰਗਰੇਜ਼ਾਂ ਨੂੰ ਹੈਦਰ ਅਲੀ ਤੋਂ ਸਭ ਤੋਂ ਪਹਿਲਾਂ ਦੱਖਣ ਵਿੱਚ ਚੁਣੌਤੀ ਮਿਲੀ ਸੀ।
ਲੇਵਿਨ ਬੀ ਬੋਰਿੰਗ ਆਪਣੀ ਕਿਤਾਬ 'ਹੈਦਰ ਅਲੀ ਐਂਡ ਟੀਪੂ ਸੁਲਤਾਨ' ਵਿੱਚ ਲਿਖਦੇ ਹਨ, "18ਵੀਂ ਸਦੀ ਵਿੱਚ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦਾ ਕੇਂਦਰ ਮੈਸੂਰ ਸੀ। ਮੈਸੂਰ ਨੂੰ ਦੁਨੀਆ ਦੇ ਪੂਰਬੀ ਹਿੱਸੇ ਦੇ ਇਤਿਹਾਸ ਵਿੱਚ ਸਭ ਤੋਂ ਦਲੇਰ ਅਤੇ ਦਿਲਚਸਪ ਗਤੀਵਿਧੀਆਂ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਹ ਉਹ ਇਲਾਕਾ ਸੀ ਜਿੱਥੇ ਅੰਗਰੇਜ਼ਾਂ ਨੂੰ ਆਪਣੇ ਸਭ ਤੋਂ ਖਤਰਨਾਕ ਵਿਰੋਧੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਇਲਾਕੇ ਦੇ ਆਗੂ ਦਾ ਨਾਮ ਦੀ ਹੈਦਰ ਅਲੀ।"
ਹਾਲਾਂਕਿ ਹੈਦਰ ਅਲੀ ਅਤੇ ਉਨ੍ਹਾਂ ਦੇ ਪੁੱਤਰ ਟੀਪੂ ਸੁਲਤਾਨ ਦਾ ਰਾਜ ਸਿਰਫ 38 ਸਾਲਾਂ ਦਾ ਹੀ ਰਿਹਾ, ਪਰ ਇਸ ਛੋਟੇ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ।

ਤਸਵੀਰ ਸਰੋਤ, Pharos Book
ਜਨਮ ਤੋਂ ਯੋਧਾ
ਹੈਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ ਮੂਲ ਦੇ ਸਨ ਅਤੇ ਮੈਸੂਰ ਦੀ ਫੌਜ ਵਿੱਚ ਇੱਕ ਉੱਚ ਅਹੁਦੇ 'ਤੇ ਤੈਨਾਤ ਸਨ। 1776 ਵਿੱਚ ਉਨ੍ਹਾਂ ਨੇ ਮੈਸੂਰ ਦੇ ਵਡਿਯਾਰ ਰਾਜੇ ਨੂੰ ਗੱਦੀ ਤੋਂ ਹਟਾ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਮੈਸੂਰ ਦੀ ਫੌਜ ਦਾ ਆਕਾਰ ਵਧਾਇਆ ਅਤੇ ਛੋਟੇ ਗੁਆਂਢੀ ਸੂਬਿਆਂ ਉੱਤੇ ਅਧਿਕਾਰ ਕਰਨਾ ਸ਼ੁਰੂ ਕਰ ਦਿੱਤਾ।
ਇਰਫਾਨ ਹਬੀਬ ਆਪਣੀ ਕਿਤਾਬ, 'ਰੈਜ਼ਿਸਟੈਂਸ ਐਂਡ ਮਾਡਰਨਾਈਜ਼ੇਸ਼ਨ ਅੰਡਰ ਹੈਦਰ ਅਲੀ ਐਂਡ ਟੀਪੂ ਸੁਲਤਾਨ' ਵਿੱਚ ਲਿਖਦੇ ਹਨ, "ਹੈਦਰ ਨੇ ਆਪਣੀਆਂ ਫੌਜਾਂ ਨੂੰ ਸਿਖਲਾਈ ਦੇਣ ਲਈ ਫ੍ਰੈਂਚ ਕਮਾਂਡਰਾਂ ਨੂੰ ਬੁਲਾਇਆ। ਸ਼੍ਰੀਰੰਗਪਟਨਮ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਫ੍ਰੈਂਚ ਇੰਜੀਨੀਅਰਾਂ ਦਾ ਸਹਾਰਾ ਲਿਆ। ਹੈਦਰ ਨੇ ਆਪਣੀ ਜਲ ਫੌਜ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। 1766 ਵਿੱਚ ਉਨ੍ਹਾਂ ਕੋਲ ਦੋ ਵੱਡੇ ਜੰਗੀ ਜਹਾਜ਼, ਸੱਤ ਛੋਟੇ ਜੰਗੀ ਜਹਾਜ਼ ਅਤੇ 40 ਛੋਟੀਆਂ ਕਿਸ਼ਤੀਆਂ ਸਨ। ਇਨ੍ਹਾਂ ਸਾਰਿਆਂ ਦਾ ਕਮਾਂਡਰ ਇੱਕ ਯੂਰਪੀਅਨ ਸੀ, ਜਿਸ ਦਾ ਨਾਮ ਸਟੇਨੇਟ ਸੀ।"
ਹੈਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਜਮਾਂਦਰੂ ਸੈਨਿਕ ਸਨ। ਉਹ ਘੋੜਸਵਾਰੀ ਵਿੱਚ ਤਾਂ ਮਾਹਰ ਸੀ ਹੀ, ਉਨ੍ਹਾਂ ਨੂੰ ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣ ਵਿੱਚ ਵੀ ਓਨੀ ਹੀ ਮੁਹਾਰਤ ਹਾਸਿਲ ਸੀ।
ਲੇਵਿਨ ਬੋਰਿੰਗ ਲਿਖਦੇ ਹਨ, "ਹੈਦਰ ਵਿੱਚ ਥਕਾਵਟ ਨੂੰ ਸਹਿਣ ਕਰਨ ਦੀ ਜ਼ਬਰਦਸਤ ਯੋਗਤਾ ਸੀ। ਫੌਜਾਂ ਦੀ ਅਗਵਾਈ ਕਰਦੇ ਸਮੇਂ ਉਹ ਆਪਣੀ ਜਾਨ ਨੂੰ ਖ਼ਤਰੇ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਸੀ, ਇਸ ਲਈ ਉਨ੍ਹਾਂ ਦੇ ਸਿਪਾਹੀ ਉਨ੍ਹਾਂ ਲਈ ਕੋਈ ਵੀ ਜੋਖਮ ਲੈਣ ਲਈ ਤਿਆਰ ਸਨ। ਹੈਦਰ ਦੀ ਵਿਸ਼ੇਸ਼ਤਾ ਸੀ, ਲੜਾਈ ਦੌਰਾਨ ਸ਼ਾਂਤ ਰਹਿਣਾ ਅਤੇ ਤੇਜ਼ੀ ਨਾਲ ਅਚਾਨਕ ਹਮਲੇ ਕਰਨਾ, ਜਿਸ ਵਿੱਚ ਉਨ੍ਹਾਂ ਨੂੰ ਅਕਸਰ ਕਾਮਯਾਬੀ ਮਿਲਦੀ ਸੀ।''

ਤਸਵੀਰ ਸਰੋਤ, Getty Images
ਹੈਦਰ ਦਾ ਰੋਜ਼ਾਨਾ ਜੀਵਨ
ਮੇਸਥਰ ਲਾ ਟੂ ਆਪਣੀ ਕਿਤਾਬ, 'ਦਿ ਹਿਸਟਰੀ ਆਫ਼ ਹੈਦਰ ਐਂਡ ਹਿਜ਼ ਸਨ ਟੀਪੂ ਸੁਲਤਾਨ' ਵਿੱਚ ਲਿਖਦੇ ਹਨ ਕਿ ਹੈਦਰ ਦਾ ਕੱਦ ਲਗਭਗ 5 ਫੁੱਟ 6 ਇੰਚ ਸੀ। ਉਨ੍ਹਾਂ ਦਾ ਰੰਗ ਕਣਕਵੰਨਾ ਅਤੇ ਚਿਹਰੇ 'ਤੇ ਖੁਰਦਰਾਪਣ ਸੀ। ਉਨ੍ਹਾਂ ਅੰਦਰ ਮੀਲਾਂ ਤੱਕ ਪੈਦਲ ਤੁਰਨ ਜਾਂ ਘੁੜਸਵਾਰੀ ਕਰਨ ਦੀ ਯੋਗਤਾ ਸੀ। ਉਹ ਚਿੱਟੇ ਮਲਮਲ ਦੇ ਕੱਪੜੇ ਅਤੇ ਪਗੜੀ ਪਹਿਨਣਾ ਪਸੰਦ ਕਰਦੇ ਸਨ।
"ਉਨ੍ਹਾਂ ਨੂੰ ਗਹਿਣਿਆਂ ਦਾ ਸ਼ੌਕ ਨਹੀਂ ਸੀ। ਹਾਲਾਂਕਿ ਦੇਖਣ ਵਿੱਚ ਹੈਦਰ ਆਕਰਸ਼ਕ ਨਹੀਂ ਸਨ, ਪਰ ਉਨ੍ਹਾਂ ਦੀ ਮੌਜੂਦਗੀ ਵਿਸ਼ਵਾਸ ਅਤੇ ਊਰਜਾ ਦਾ ਅਹਿਸਾਸ ਕਰਾਉਂਦੀ ਸੀ। ਉਹ ਹਰ ਰੋਜ਼ ਅੱਧੀ ਰਾਤ ਨੂੰ ਸੌਣ ਜਾਂਦੇ ਅਤੇ ਸਵੇਰੇ 6 ਵਜੇ ਪਹੁ ਫੁੱਟਣ ਨਾਲ ਜਾਗ ਜਾਂਦੇ।"

ਤਸਵੀਰ ਸਰੋਤ, Getty Images
ਮੇਸਥਰ ਲਿਖਦੇ ਹਨ, "ਮੈਸੂਰ ਦਾ ਰਾਜਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਿਹਰੇ ਦੇ ਸਾਰੇ ਵਾਲ ਮੁੰਨਵਾ ਦਿੱਤੇ ਸਨ। ਉਨ੍ਹਾਂ ਦੀ ਨਾ ਤਾਂ ਦਾੜ੍ਹੀ ਸੀ, ਨਾ ਮੁੱਛਾਂ, ਨਾ ਹੀ ਪਲਕਾਂ ਅਤੇ ਨਾ ਭਰਵੱਟੇ। ਉਹ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਮਹਿਲ ਤੋਂ ਆਪਣੇ ਦਰਬਾਰ 'ਚ ਆ ਜਾਂਦੇ ਸਨ, ਉਸ ਤੋਂ ਬਾਅਦ ਬਾਲਕਨੀ 'ਚ ਚੜ੍ਹ ਕੇ ਹਾਥੀਆਂ ਅਤੇ ਘੋੜਿਆਂ ਦੀ ਸਲਾਮੀ ਲੈਂਦੇ ਸਨ। ਹੈਦਰ ਬਿਲਕੁਲ ਵੀ ਪੜ੍ਹੇ-ਲਿਖੇ ਨਹੀਂ ਸੀ। ਬਹੁਤ ਮੁਸ਼ਕਲ ਨਾਲ ਉਨ੍ਹਾਂ ਨੇ ਆਪਣੇ ਨਾਮ ਦਾ ਪਹਿਲਾ ਅੱਖਰ 'ਹੈ' ਲਿਖਣਾ ਸਿੱਖਿਆ ਸੀ।''
ਹੈਦਰ ਰਵਾਨੀ ਤੋਂ ਕੰਨੜ, ਤੇਲੁਗੂ, ਮਰਾਠੀ ਅਤੇ ਤਮਿਲ ਚੰਗੀ ਤਰ੍ਹਾਂ ਬੋਲ ਲੈਂਦੇ ਸੀ, ਪਰ ਉਨ੍ਹਾਂ ਨੂੰ ਫਾਰਸੀ ਜਾਂ ਅਰਬੀ ਦੀ ਕੋਈ ਸਮਝ ਨਹੀਂ ਸੀ। ਆਪਣੀ ਅਨਪੜ੍ਹਤਾ ਦੇ ਬਾਵਜੂਦ ਉਨ੍ਹਾਂ ਦੀ ਯਾਦਦਾਸ਼ਤ ਹਾਥੀਆਂ ਵਰਗੀ ਸੀ। ਉਨ੍ਹਾਂ ਕੋਲ ਦਹਾਕਿਆਂ ਪਹਿਲਾਂ ਮਿਲੇ ਕਿਸੇ ਵਿਅਕਤੀ ਨੂੰ ਪਛਾਣਨ ਦੀ ਵੀ ਅਦਭੁਤ ਸਮਰੱਥਾ ਸੀ।
ਹੈਦਰ ਦੀ ਸਹਿਣਸ਼ੀਲਤਾ
ਹੈਦਰ ਦੇ ਸ਼ਾਸਨ ਕਾਲ ਦੌਰਾਨ ਧਾਰਮਿਕ ਮਾਮਲਿਆਂ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਹੈਦਰ ਨੇ ਮੈਸੂਰ ਦੇ ਮਸ਼ਹੂਰ ਦਸਹਿਰਾ ਤਿਉਹਾਰ, ਜੋ ਕਿ 1610 ਤੋਂ ਮਨਾਇਆ ਜਾ ਰਿਹਾ ਸੀ, ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਸੀ। ਉਹ ਨਿੱਜੀ ਤੌਰ 'ਤੇ ਦਸਹਿਰੇ ਦੇ ਤਿਉਹਾਰ ਵਿੱਚ ਹਿੱਸਾ ਲੈਂਦੇ ਸਨ।
ਵਿਜੈਦਸ਼ਮੀ ਦੇ ਦਸਵੇਂ ਦਿਨ ਕੱਢੇ ਜਾਣ ਵਾਲੇ ਜਲੂਸ ਦੇ ਸਭ ਤੋਂ ਅੱਗੇ ਉਹ ਹਾਥੀ ਦੀ ਸਵਾਰੀ ਕਰਦੇ ਸਨ। ਮਾਰਕ ਵਿਲਕਸ ਨੇ ਆਪਣੀ ਕਿਤਾਬ, 'ਹਿਸਟੋਰੀਕਲ ਸਕੈਚਸ ਆਫ਼ ਦ ਸਾਊਥ ਆਫ਼ ਇੰਡੀਆ ਇਨ ਐਨ ਅਟੈਂਪ ਟੂ ਟਰੇਸ ਦ ਹਿਸਟਰੀ ਆਫ਼ ਮੈਸੂਰ' ਵਿੱਚ ਲਿਖਿਆ ਹੈ, "ਸਾਰੇ ਮੁਸਲਿਮ ਰਾਜਿਆਂ ਵਿੱਚੋਂ ਹੈਦਰ ਸਭ ਤੋਂ ਵੱਧ ਸਹਿਣਸ਼ੀਲ ਸੀ। ਉਨ੍ਹਾਂ ਨੂੰ ਆਪਣੇ ਧਰਮ ਅਨੁਸਾਰ ਰੋਜ਼ੇ ਰੱਖਣਾ ਨਾ ਤਾਂ ਆਉਂਦਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਸਨੇ ਜਨਤਕ ਤੌਰ 'ਤੇ ਐਲਾਨ ਕੀਤਾ ਸੀ ਕਿ ਸਾਰੇ ਧਰਮ ਪਰਮਾਤਮਾ ਦੀ ਦੇਣ ਹਨ ਅਤੇ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਾਰੇ ਧਰਮ ਬਰਾਬਰ ਹਨ।"

27 ਅਪ੍ਰੈਲ, 1769 ਨੂੰ ਹੈਦਰ ਨੇ ਸ਼੍ਰਿੰਗੇਰੀ ਮੱਠ ਦੇ ਜਗਤਗੁਰੂ ਸ਼ੰਕਰਾਚਾਰੀਆ ਨੂੰ ਇੱਕ ਪੱਤਰ ਲਿਖਿਆ। ਏਕੇ ਸ਼ਾਸਤਰੀ ਆਪਣੀ ਕਿਤਾਬ, 'ਦ ਰਿਕਾਰਡਜ਼ ਆਫ਼ ਦ ਸ਼੍ਰਿੰਗੇਰੀ ਧਰਮਸਥਾਨ' ਵਿੱਚ ਲਿਖਦੇ ਹਨ, "ਇੱਕ ਪੱਤਰ ਵਿੱਚ ਜ਼ਿਕਰ ਹੈ ਕਿ ਹੈਦਰ ਨੇ ਜਗਤਗੁਰੂ ਨੂੰ ਇੱਕ ਹਾਥੀ, ਪੰਜ ਘੋੜੇ, ਇੱਕ ਪਾਲਕੀ, ਪੰਜ ਊਠ, ਅਤੇ ਸ਼ਾਰਦਾ ਦੇਵੀ ਅੰਬਾ ਲਈ ਇੱਕ ਸਾੜ੍ਹੀ, ਦੋ ਸ਼ਾਲ ਅਤੇ 10,000 ਰੁਪਏ ਦੀ ਇੱਕ ਥੈਲੀ ਭੇਂਟ ਭੇਜੀ ਸੀ। ਉਨ੍ਹਾਂ ਨੇ ਜਗਤਗੁਰੂ ਨੂੰ ਇੱਕ ਮਹਾਨ ਅਤੇ ਪਵਿੱਤਰ ਆਤਮਾ ਵਜੋਂ ਸੰਬੋਧਿਤ ਕੀਤਾ ਸੀ।"

ਤਸਵੀਰ ਸਰੋਤ, Gyan Publishing House
ਰਾਕੇਟਾਂ ਦਾ ਸਭ ਤੋਂ ਪਹਿਲਾ ਇਸਤੇਮਾਲ
ਅਗਸਤ 1767 ਵਿੱਚ ਹੈਦਰ ਨੇ ਈਸਟ ਇੰਡੀਆ ਕੰਪਨੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਉਸ ਸਮੇਂ ਹੈਦਰ ਦੀ ਫੌਜ ਵਿੱਚ 50,000 ਸੈਨਿਕ ਸਨ। ਉਸ ਵੇਲੇ ਤੱਕ ਕੰਪਨੀ ਨੂੰ ਪਤਾ ਨਹੀਂ ਸੀ ਕਿ ਹੈਦਰ ਕੋਲ ਇੰਨੀ ਆਧੁਨਿਕ ਫੌਜ ਸੀ। ਹੈਦਰ ਦੇ ਫੌਜੀਆਂ ਦੀਆਂ ਰਾਈਫਲਾਂ ਅਤੇ ਤੋਪਾਂ ਅਤਿ-ਆਧੁਨਿਕ ਫਰਾਂਸੀਸੀ ਤਕਨਾਲੋਜੀ 'ਤੇ ਆਧਾਰਿਤ ਸਨ। ਉਨ੍ਹਾਂ ਦੀਆਂ ਤੋਪਾਂ ਦਾ ਬੋਰ ਅਤੇ ਰੇਂਜ ਕੰਪਨੀ ਦੀ ਫੌਜ ਨਾਲੋਂ ਕਿਤੇ ਵੱਧ ਸੀ।
ਫ੍ਰੈਂਚ ਇਤਿਹਾਸਕਾਰ ਜਿਆਂ-ਮੈਂਰੀ ਲੈਫੋਂ ਆਪਣੀ ਕਿਤਾਬ 'ਇੰਡਿਕਾ: ਏਸੇਜ਼ ਇਨ ਇੰਡੋ-ਫ੍ਰੈਂਚ ਰਿਲੇਸ਼ਨਜ਼ 1630-1976' ਵਿੱਚ ਲਿਖਦੇ ਹਨ, "ਕਈ ਮਾਮਲਿਆਂ ਵਿੱਚ ਹੈਦਰ ਦੇ ਸੈਨਿਕ ਅੰਗਰੇਜ਼ਾਂ ਨਾਲੋਂ ਵਧੇਰੇ ਮੌਲਿਕ ਅਤੇ ਰਣਨੀਤਕ ਤੌਰ 'ਤੇ ਹੁਸ਼ਿਆਰ ਸਨ। ਉਹ ਵਿਰੋਧੀ ਫੌਜ ਨੂੰ ਤਿੱਤਰ-ਬਿੱਤਰ ਕਰਨ ਲਈ ਊਠਾਂ ਤੋਂ ਰਾਕੇਟ ਦਾਗਣ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਸੀ। ਹੈਦਰ ਆਪਣੀ ਫੌਜ ਨੂੰ ਅੱਗੇ ਵਧਾਉਣ ਅਤੇ ਰਸਦ ਦੀ ਪੂਰਤੀ ਲਈ ਬਲਦਾਂ ਦੀ ਵਰਤੋਂ ਕਰਦੇ ਸਨ, ਜੋ ਉਸ ਸਮੇਂ ਇੱਕ ਨਵੀਂ ਗੱਲ ਸੀ ਅਤੇ ਜਿਸ ਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਅਪਣਾਇਆ।''
ਆਖਿਰਕਾਰ ਅੰਗਰੇਜ਼ਾਂ ਨੂੰ ਹੈਦਰ ਨਾਲ ਇੱਕ ਸੰਧੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਨਾਲ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਅੰਗਰੇਜ਼ਾਂ ਨੂੰ ਲੜਾਈ ਵਿੱਚ ਹਰਾਇਆ ਅਤੇ ਹੈਰਾਨ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਅੰਗਰੇਜ਼ਾਂ 'ਤੇ ਹਮਲਾ
7 ਫਰਵਰੀ, 1780 ਨੂੰ ਵਾਦਗਾਓਂ ਦੀ ਸੰਧੀ ਦੇ ਇੱਕ ਸਾਲ ਬਾਅਦ ਮਰਾਠਾ ਨੇਤਾ ਨਾਨਾ ਫੜਨਵੀਸ ਨੇ ਆਪਣੇ ਪੁਰਾਣੇ ਦੁਸ਼ਮਣ, ਹੈਦਰ ਅਲੀ ਨੂੰ ਪੱਤਰ ਲਿਖ ਕੇ ਕਿਹਾ ਉਨ੍ਹਾਂ ਨੂੰ ਆਪਣੇ ਮਤਭੇਦਾਂ ਭੁਲਾ ਕੇ ਨਾਲ ਮਿਲ ਕੇ ਅੰਗਰੇਜ਼ਾਂ ਖ਼ਿਲਾਫ਼ ਧਾਵਾ ਬੋਲਣਾ ਚਾਹੀਦਾ ਹੈ।
ਇੱਕ ਮਹੀਨੇ ਦੇ ਅੰਦਰ ਹੈਦਰਾਬਾਦ ਦੇ ਨਿਜ਼ਾਮ ਨੇ ਵੀ ਹੈਦਰ ਦਾ ਸਾਥ ਦੇਣ ਦਾ ਫ਼ੈਸਲਾ ਕਰ ਲਿਆ। ਗਰਮੀਆਂ ਆਉਂਦੇ-ਆਉਂਦੇ, ਤਿੰਨਾਂ ਸ਼ਕਤੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢਣ ਦੀ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਮਹੀਨੇ ਬਾਅਦ ਬ੍ਰਿਟਿਸ਼ ਦੇ ਟਿਕਾਣੇ ਮਦਰਾਸ ਵਿੱਚ ਖ਼ਬਰ ਪਹੁੰਚੀ ਕਿ ਹੈਦਰ ਕੋਲ ਫਰਾਂਸ ਤੋਂ ਹਥਿਆਰਾਂ ਦੀ ਇੱਕ ਵੱਡੀ ਖੇਪ ਪਹੁੰਚੀ ਹੈ। ਆਖ਼ਰਕਾਰ, 17 ਜੁਲਾਈ, 1780 ਨੂੰ, ਹੈਦਰ ਅਲੀ ਨੇ ਇੱਕ ਵਾਰ ਫਿਰ ਅੰਗਰੇਜ਼ਾਂ 'ਤੇ ਹਮਲਾ ਕਰ ਦਿੱਤਾ। ਇਸ ਵਾਰ ਉਨ੍ਹਾਂ ਕੋਲ ਪਹਿਲਾਂ ਨਾਲੋਂ ਦੁਗਣੀ ਫੌਜ ਸੀ।
ਉਨ੍ਹਾਂ ਦੀ ਫੌਜ ਵਿੱਚ 60 ਹਜ਼ਾਰ ਘੁੜਸਵਾਰ ਸੈਨਿਕ, 35 ਹਜ਼ਾਰ ਪੈਦਲ ਸੈਨਿਕ ਅਤੇ 100 ਤੋਪਾਂ ਸਨ। ਕਾਗਜ਼ ਵਿੱਚ ਮਦਰਾਸ ਦੀ ਰੱਖਿਆ ਲਈ ਕੰਪਨੀ ਦੇ 30 ਹਜ਼ਾਰ ਸੈਨਿਕ ਤੈਨਾਤ ਕੀਤੇ ਗਏ ਸਨ ਪਰ ਸਹੀ ਮਾਅਨਿਆਂ ਵਿੱਚ ਉਸ ਮਹੀਨੇ ਸਿਰਫ਼ ਅੱਠ ਹਜ਼ਾਰ ਫੌਜੀਆਂ ਨੂੰ ਹੀ ਇਕੱਠਆ ਕੀਤਾ ਜਾ ਸਕਿਆ ਸੀ।
ਮਾਰਕਸ ਵਿਲਕਸ ਆਪਣੀ ਕਿਤਾਬ 'ਹਿਸਟੌਰੀਕਲ ਸਕੈਚੇਜ਼ ਆਫ ਦਿ ਸਾਊਥ ਆਫ ਇੰਡੀਆ' ਵਿੱਚ ਲਿਖਦੇ ਹਨ, "ਹੈਦਰ ਜਿਸ ਗਤੀ ਨਾਲ ਅੱਗੇ ਵਧੇ ਉਸ ਨੇ ਅੰਗਰੇਜ਼ਾਂ ਦੇ ਫੌਜੀਆਂ ਦੀ ਗਿਣਤੀ ਨੂੰ ਹੋਰ ਘਟਾ ਦਿੱਤਾ। ਇਨ੍ਹਾਂ ਵਿੱਚ ਬਹੁਤ ਸਾਰੇ ਫੌਜੀਆਂ ਦੇ ਪਰਿਵਾਰ ਆਰਕੋਟ ਵਿੱਚ ਰਹਿ ਰਹੇ ਸਨ।"
"ਆਪਣੇ ਪਤਨੀ ਅਤੇ ਬੱਚਿਆਂ ਦੀ ਸੁਰੱਖਿਆ ਖ਼ਾਤਰ ਇਨ੍ਹਾਂ ਫੌਜੀਆਂ ਨੇ ਅੰਗਰੇਜ਼ਾਂ ਦਾ ਸਾਥ ਛੱਡ ਦਿੱਤਾ। ਉਨ੍ਹਾਂ ਲੋਕਾਂ ਨੇ ਜਾਂ ਤਾਂ ਹੈਦਰ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਜਾਂ ਰਿਸ਼ਵਤ ਦੇ ਬਦਲੇ ਆਪਣੇ ਟਿਕਾਣਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਹੈਦਰ ਨੇ ਮਦਰਾਸ, ਵੈੱਲੋਰ ਅਤੇ ਆਰਕੋਟ ਦੇ ਨੇੜਲੇ ਪਿੰਡਾਂ ਵਿੱਚ ਅੱਗ ਲਗਾ ਕੇ ਕੰਪਨੀ ਦੀ ਰਸਦ ਸਪਲਾਈ ਨੂੰ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰ ਦਿੱਤਾ।"

ਤਸਵੀਰ ਸਰੋਤ, Getty Images
ਮੁਨਰੋ ਅਤੇ ਬੇਲੀ ਦੀ ਫੌਜ ਦੇ ਮਿਲਾਪ ਦਾ ਯਤਨ ਅਸਫ਼ਲ
25 ਅਗਸਤ, 1780 ਨੂੰ ਦੱਖਣੀ ਭਾਰਤ ਵਿੱਚ ਅੰਗਰੇਜ਼ਾਂ ਦੇ ਸਭ ਤੋਂ ਵੱਡੇ ਇਕੱਠ ਨੇ ਹੈਦਰ ਦੀ ਫੌਜ ਦਾ ਸਾਹਮਣਾ ਕਰਨ ਲਈ ਮਦਰਾਸ ਤੋਂ ਮਾਰਚ ਕਰ ਕੇ ਕਾਂਚੀਪੁਰਮ ਵੱਲ ਵਧਣਾ ਸ਼ੁਰੂ ਕੀਤਾ। ਇਸ ਫੌਜ ਦੀ ਅਗਵਾਈ ਜਨਰਲ ਹੈਕਟਰ ਮੁਨਰੋ ਕਰ ਰਹੇ ਸਨ। ਇਹ ਉਹੀ ਜਨਰਲ ਸਨ ਜਿਨ੍ਹਾਂ ਨੇ 15 ਸਾਲ ਪਹਿਲਾਂ ਬਕਸਰ ਦੀ ਲੜਾਈ ਵਿੱਚ ਸ਼ੁਜਾ-ਉਦ-ਦੌਲਾ ਨੂੰ ਹਰਾਇਆ ਸੀ।
ਇਸ ਵਾਰ ਉਨ੍ਹਾਂ ਦੀ ਫੌਜ ਵਿੱਚ ਸਿਰਫ਼ ਪੰਜ ਹਜ਼ਾਰ ਸੈਨਿਕ ਸਨ ਜਿਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ ਅਤੇ ਉਨ੍ਹਾਂ ਦਾ ਮੁਕਾਬਲਾ ਹੈਦਰ ਦੀ ਇੱਕ ਲੱਖ ਫੌਜੀਆਂ ਦੀ ਵਿਸ਼ਾਲ ਫੌਜ ਨਾਲ ਸੀ। ਉਨ੍ਹਾਂ ਤੋਂ ਤੀਹ ਮੀਲ ਉੱਤਰ ਵਿੱਚ ਕਰਨਲ ਵਿਲੀਅਮ ਬੈਲੀ ਨੂੰ ਆਦੇਸ਼ ਮਿਲਿਆ ਕਿ ਉਹ ਆਪਣੇ ਫੌਜੀਆਂ ਦੇ ਨਾਲ ਮੁਨਰੋ ਦੀ ਫੌਜ ਨਾਲ ਜਾ ਰਲੇ।
ਗ਼ੁਲਾਮ ਹੁਸੈਨ ਖ਼ਾਨ ਆਪਣੀ ਕਿਤਾਬ 'ਸੈਰ ਮੁਤਾਖ਼ਰੀਨ' ਵਿੱਚ ਲਿਖਦੇ ਹਨ, "ਹੈਦਰ ਦੇ ਕੋਲ ਇੰਨੇ ਸੈਨਿਕ ਸਨ ਕਿ ਉਨ੍ਹਾਂ ਨੇ ਸਾਰੀ ਜ਼ਮੀਨ ਨੂੰ ਸਮੁੰਦਰ ਦੀ ਨਾਰਾਜ਼ ਲਹਿਰਾਂ ਵਾਂਗ ਢਕ ਲਿਆ ਸੀ। ਉਸ ਦੇ ਪਿੱਛੇ ਚੱਲ ਰਹੇ ਤੋਪਖ਼ਾਨੇ ਦਾ ਕੋਈ ਅੰਤ ਨਹੀਂ ਦਿਖਾਈ ਦਿੰਦਾ ਸੀ।"
"ਇਸ ਵਿਚਾਲੇ ਭਿਆਨਕ ਬਰਸਾਤ ਸ਼ੁਰਕੂ ਹੋ ਗਈ ਅਤੇ ਬੇਲੀ ਨੂੰ ਆਪਣੇ ਫੌਜੀਆਂ ਨੂੰ ਕੋਰਤਾਲੇਅਰ ਨਦੀ ਪਾਰ ਕਰਾਉਣਂ ਵਿੱਚ 11 ਦਿਨ ਲੱਗ ਗਏ। ਹੈਦਰ ਦੇ ਬੇਟੇ ਟੀਪੂ ਲਈ ਇੰਨਾ ਸਮਾਂ ਕਾਫੀ ਸੀ ਕਿ ਉਹ ਮੁਨਰੋ ਅਤੇ ਬੇਲੀ ਦੀ ਫੌਜ ਦੇ ਵਿਚਾਲੇ ਆਪਣੇ 11 ਹਜ਼ਾਰ ਫੌਜੀਆਂ ਨੂੰ ਪਹੁੰਚਾ ਸਕਦੇ।"

ਤਸਵੀਰ ਸਰੋਤ, Getty Images
ਹੈਦਰ ਦੀ ਫੌਜ ਨੇ ਬੇਲੀ ਨੂੰ ਫੌਜ ਨੂੰ ਘੇਰਿਆ
ਦੋਵਾਂ ਫੌਜਾਂ ਵਿਚਕਾਰ ਪਹਿਲੀ ਝੜਪ 6 ਸਤੰਬਰ ਨੂੰ ਹੋਈ। ਕੈਪਟਨ ਮੁਆਤ ਨੇ ਆਪਣੇ ਪੇਪਰ, "ਆਊਟ ਆਫ ਦਿ ਡਿਫੀਟ ਆਫ ਪੋਲੀਲੂਰ' ਵਿੱਚ ਲਿਖਿਆ, "ਲਗਾਤਾਰ ਪੈਂਦੇ ਮੀਂਹ ਦੌਰਾਨ ਝੋਨੇ ਦੇ ਖੇਤਾਂ ਵਿੱਚ ਗੋਡੇ-ਗੋਡੇ ਪਾਣੀ ਵਿੱਚ ਲੜਦੇ ਹੋਏ, ਬੇਲੀ ਦੀ ਫੌਜ ਦੀਆਂ ਕਮਜ਼ੋਰੀਆਂ ਪੂਰੀ ਤਰ੍ਹਾਂ ਉਜਾਗਰ ਹੋ ਗਈਆਂ ਅਤੇ ਉਸ ਨੂੰ ਨੁਕਸਾਨ ਝੱਲਣਾ ਪਿਆ। ਦੋਵੇਂ ਫੌਜਾਂ ਆਹਮੋ-ਸਾਹਮਣੇ ਨਹੀਂ, ਦੂਰੋਂ ਲੜੀਆਂ।"
ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅੱਗੇ ਢੋਲ ਅਤੇ ਨਗਾੜਿਆਂ ਦੀ ਆਵਾਜ਼ ਸੁਣਾਈ ਦਿੱਤੀ। ਬੇਲੀ ਨੇ ਸਮਝਿਆ ਕਿ ਮੁਨਰੋ ਦੇ ਫੌਜੀ ਉਸ ਦੀ ਮਦਦ ਲਈ ਆ ਰਹੀਆਂ ਹਨ। ਜਦੋਂ ਉਹ ਨੇੜੇ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਹੈਦਰ ਆਪਣੇ 25,000 ਫੌਜ ਨਾਲ ਉਨ੍ਹਾਂ ਦੇ ਸਾਹਮਣੇ ਆ ਪਹੁੰਚਿਆ ਹੈ।
ਬਾਅਦ ਵਿੱਚ ਬੇਲੀ ਦੇ ਛੋਟੇ ਭਰਾ ਨੇ 'ਊਟ ਆਫ ਪੋਲੀਲੂਰ ਦਾ ਲੇਖਾ-ਜੋਖਾ' ਵਿੱਚ ਲਿਖਿਆ, "ਸਾਨੂੰ ਹੈਦਰ ਦੇ ਘੋੜਿਆਂ ਨੇ ਘੇਰ ਲਿਆ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਤੋਪਾਂ ਸਨ। ਲਗਭਗ 50 ਤੋਪਾਂ ਨੇ ਸਾਡੇ ਚਾਰੇ ਪਾਸੇ ਇੱਕ ਅਰਧ-ਚੱਕਰ ਬਣਾ ਲਿਆ। ਹੈਦਰ ਨੇ ਥੋੜ੍ਹੀ ਦੇਰ ਲਈ ਲੜਾਈ ਰੋਕਣ ਦਾ ਆਦੇਸ਼ ਦਿੱਤਾ ਅਤੇ ਪਿੱਛੇ ਆ ਰਹੀਆਂ ਆਪਣੀਆਂ ਵੱਡੀਆਂ ਤੋਪਾਂ ਨੂੰ ਅੱਗੇ ਕਰ ਦਿੱਤਾ। ਉਨ੍ਹਾਂ ਦੇ ਸਾਡੇ ਲਈ ਕੋਈ ਮੌਕਾ ਨਹੀਂ ਸੀ।"

ਤਸਵੀਰ ਸਰੋਤ, Getty Images
ਅੰਗਰੇਜ਼ਾਂ ਦੀ ਹਾਰ
ਆਪਣਾ ਸਾਰਾ ਬਾਰੂਦ ਖ਼ਤਮ ਹੋ ਜਾਣ ਤੋਂ ਬਾਅਦ ਬੇਲੀ ਨੇ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਤਲਵਾਰ ਨਾਲ ਇੱਕ ਰੁਮਾਲ ਬੰਨ੍ਹ ਕੇ ਉੱਪਰ ਚੁੱਕ ਦਿੱਤਾ। ਬੇਲੀ ਨੇ ਆਪਣੀਆਂ ਫੌਜਾਂ ਨੂੰ ਹਥਿਆਰ ਰੱਖਣ ਦਾ ਹੁਕਮ ਦਿੱਤਾ, ਪਰ ਕੁਝ ਉਸ ਦਾ ਹੁਕਮ ਨਹੀਂ ਸੁਣ ਨਹੀਂ ਸਕੇ ਅਤੇ ਉਹ ਫਾਇਰਿੰਗ ਕਰਦੇ ਰਹੇ। ਨਤੀਜੇ ਵਜੋਂ, ਹੈਦਰ ਨੇ ਆਤਮ ਸਮਰਪਣ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੇ ਘੁੜਸਵਾਰਾਂ ਨੇ ਹਾਰੀ ਹੋਈ ਬ੍ਰਿਟਿਸ਼ ਫੌਜ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। ਐਲਨ ਟ੍ਰਿਟਨ ਨੇ ਆਪਣੀ ਕਿਤਾਬ, 'ਵੈਨ ਦਾ ਟਾਇਗਰ ਫੌਟ ਦਿ ਥਿਸੇਲ' ਵਿੱਚ 73ਵੀਂ ਹਾਈਲੈਂਡ ਰੈਜੀਮੈਂਟ ਦੇ ਇੱਕ ਲੈਫਟੀਨੈਂਟ ਨੂੰ ਕਹਿੰਦੇ ਹੋਏ ਦੱਸਿਆ, "ਮੌਤ ਤੋਂ ਬਚ ਗਏ ਲੋਕ ਬਹੁਤ ਮੁਸ਼ਕਿਲ ਨਾਲ ਖੜ੍ਹੇ ਹੋ ਰਹੇ ਸਨ। ਕੁਝ ਦਾ ਦਮ ਘੁੱਟ ਰਿਹਾ ਸੀ। ਕੁਝ ਕੋਲੋਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਉੱਪਰ ਪਈਆਂ ਸਨ।"
"ਕੁਝ ਨੂੰ ਹਾਥੀਆਂ ਦੇ ਪੈਰਾਂ ਹੇਠ ਮਿੱਧਿਆ ਗਿਆ ਸੀ। ਕੁਝ ਦੇ ਕੱਪੜੇ ਫਟ ਗਏ ਸਨ ਅਤੇ ਉਹ ਤੇਜ਼ ਧੁੱਪ ਵਿੱਚ ਪਿਆਸੇ ਪਏ ਸਨ ਅਤੇ ਆਸਾਨੀ ਨਾਲ ਜੰਗਲੀ ਜਾਨਵਰਾਂ ਦੇ ਸ਼ਿਕਾਰ ਬਣ ਗਏ ਸਨ। ਅੰਗਰੇਜ਼ ਫੌਜ ਦੇ 86 ਅਧਿਕਾਰੀਆਂ ਵਿੱਚੋਂ 36 ਮਾਰੇ ਗਏ ਸਨ, 34 ਜ਼ਖ਼ਮੀ ਹੋਏ ਸਨ ਅਤੇ 16 ਨੂੰ ਕੈਦੀ ਬਣਾ ਲਿਆ ਗਿਆ ਸੀ।"
ਬੇਲੀ ਦੇ ਸਿਰ ਅਤੇ ਪਿੱਠ ਵਿੱਚ ਸੱਟ ਲੱਗੀ ਸੀ। ਉਨ੍ਹਾਂ ਨੇ ਆਪਣੀ ਇੱਕ ਲੱਤ ਵੀ ਗੁਆ ਦਿੱਤੀ। ਅੰਤ ਵਿੱਚ ਬੇਲੀ ਨੂੰ ਇੱਕ ਤੋਪ ਗੱਡੀ ਵਿੱਚ ਬੰਨ੍ਹ ਕੇ ਹੈਦਰ ਦੇ ਸਾਹਮਣੇ ਲਿਆਂਦਾ ਗਿਆ ਅਤੇ ਹੋਰ ਦੂਜੇ ਕੈਦੀਆਂ ਨਾਲ ਜ਼ਮੀਨ 'ਤੇ ਬਿਠਾਇਆ ਗਿਆ। ਕੰਪਨੀ ਦੇ ਫੌਜੀਆਂ ਨੂੰ ਪਹਿਲੀ ਵਾਰ ਅਨੁਭਵ ਹੋਇਆ ਕਿ ਹਾਰ ਅਤੇ ਕੈਦੀ ਬਣ ਜਾਣ ਦਾ ਕੀ ਮਤਲਬ ਹੁੰਦਾ ਹੈ।

ਤਸਵੀਰ ਸਰੋਤ, Getty Images
ਅੰਗਰੇਜ਼ ਕੈਦੀਆਂ ਨਾਲ ਮਾੜਾ ਵਤੀਰਾ
ਲਗਭਗ ਸੱਤ ਹਜ਼ਾਰ ਅੰਗਰੇਜ਼ ਸੈਨਿਕਾਂ ਨੂੰ ਕੈਦੀ ਬਣਾ ਲਿਆ ਗਿਆ। ਇੱਕ ਕੈਦੀ ਜੇਮਜ਼ ਸਕਰੀ ਨੇ ਆਪਣੀ ਕਿਤਾਬ, 'ਦਿ ਕੈਪਟੀਵਿਟੀ, ਸਫਰਿੰਗ ਐਂਡ ਏਸਕੇਪ ਆਫ਼ ਜੇਮਜ਼ ਸਕਰੀ' ਵਿੱਚ ਲਿਖਿਆ ਸੀ, "ਦਸ ਸਾਲ ਤੱਕ ਹੈਦਰ ਦੀ ਕੈਦ ਵਿੱਚ ਰਹਿਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਕਿ ਕੁਰਸੀ 'ਤੇ ਕਿਸ ਤਰ੍ਹਾਂ ਬੈਠਿਆ ਜਾਂਦਾ ਹੈ, ਕਿਸ ਤਰ੍ਹਾਂ ਛੁਰੀ ਅਤੇ ਕਾਂਟੇ ਨਾਲ ਖਾਣਾ ਖਾਧਾ ਜਾਂਦਾ ਹੈ।"
"ਮੈਂ ਅਗਰੇਜ਼ੀ ਭਾਸ਼ਾ ਦੀ ਵਰਤੋਂ ਕਰਨਾ ਤੱਕ ਭੁੱਲ ਗਿਆ ਸੀ। ਮੇਰੀ ਚਮੜੀ ਕਾਲੀ ਪੈ ਗਈ ਸੀ ਅਤੇ ਮੈਨੂੰ ਯੂਰਪੀਅਨ ਕੱਪੜੇ ਪਹਿਨਣਾ ਪਸੰਦ ਨਹੀਂ ਰਿਹਾ ਸੀ।"
ਮਾਇਆ ਜਾਸਾਨੋਫ ਆਪਣੀ ਕਿਤਾਬ, 'ਏਜ ਆਫ਼ ਦਿ ਐਂਪਾਇਰ ਕਨਕੁਏਸਟ ਐਂਡ ਕਲੈਕਟਿੰਗ ਇਨ ਦਿ ਈਸਟ 1750-1850' ਵਿੱਚ ਲਿਖਦੀ ਹੈ, "ਜੇਕਰ ਹੈਦਰ ਨੇ ਬੇਲੀ ਦੀ ਹਾਰ ਤੋਂ ਬਾਅਦ ਲੜਾਈ ਜਾਰੀ ਰੱਖੀ ਹੁੰਦੀ ਤਾਂ ਅੰਗਰੇਜ਼ਾਂ ਦੇ ਡਿੱਗੇ ਮਨੋਬਲ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਫੋਰਟ ਸੇਂਟ ਜਾਰਜ ਜਿੱਤਣ ਵਿੱਚ ਉਨ੍ਹਾਂ ਨੂੰ ਅਸਫ਼ਲਤਾ ਮਿਲਦੀ।"
"ਇਹ ਕੰਪਨੀ ਲਈ ਖੁਸ਼ਕਿਸਮਤੀ ਸੀ ਕਿ ਹੈਦਰ ਆਪਣੀਆਂ ਫੌਜਾਂ ਨੂੰ ਬਚਾ ਕੇ ਰੱਖਣਾ ਚਾਹੁੰਦਾ ਸੀ। ਉਨ੍ਹਾਂ ਨੇ ਕੰਪਨੀ ਨਾਲ ਸਿੱਧੇ ਟਕਰਾਅ ਦੀ ਨੀਤੀ ਤਿਆਗ ਦਿੱਤੀ ਅਤੇ ਇੱਕਾ-ਦੁੱਕਾ ਹਮਲਾ ਕਰ ਕੇ ਭੱਜ ਦੀ ਰਣਨੀਤੀ 'ਤੇ ਅਮਲ ਕਰਨ ਲੱਗੇ।"
ਆਉਣ ਵਾਲੇ ਕੁਝ ਮਹੀਨਿਆਂ ਵਿੱਚ ਗਵਰਨਰ ਜਨਰਲ ਹੇਸਟਿੰਗਜ਼ ਹੈਦਰ ਦੇ ਮਰਾਠਿਆਂ ਨਾਲ ਗੱਠਜੋੜ ਨੂੰ ਤੋੜਨ ਵਿੱਚ ਸਫ਼ਲ ਹੋ ਗਏ। ਹੇਸਟਿੰਗਜ਼ ਨੇ ਮਰਾਠਾ ਕਮਾਂਡਰ ਮਹਾਦਜੀ ਸਿੰਧੀਆ ਨਾਲ ਇੱਕ ਸਮਝੌਤਾ ਕੀਤਾ, ਜਿਸ ਦੇ ਤਹਿਤ ਮਰਾਠਾ ਅੰਗਰੇਜ਼ਾਂ ਦੇ ਦੋਸਤ ਬਣ ਗਏ। ਨਤੀਜੇ ਇਹ ਹੋਇਆ ਕਿ ਅੰਗਰੇਜ਼ਾਂ ਨਾਲ ਹੋਈ ਅਗਲੀ ਲੜਾਈ ਵਿੱਚ ਹੈਦਰ ਆਪਣੀ ਸਫ਼ਲਤਾ ਨਹੀਂ ਦੁਹਰਾ ਸਕੇ।
ਵਿਲੀਅਮ ਡੈਲਰਿੰਪਿਲ ਆਪਣੀ ਕਿਤਾਬ, 'ਦਿ ਅਨਾਰਕ' ਵਿੱਚ ਲਿਖਦੇ ਹਨ, "ਜੇਕਰ 1780 ਵਿੱਚ ਹੀ ਹੈਦਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੰਪਨੀ 'ਤੇ ਦਬਾਅ ਘੱਟ ਨਾ ਕੀਤਾ ਹੁੰਦਾ ਤਾਂ ਅੰਗਰੇਜ਼ ਉਸੇ ਵੇਲੇ ਹਮੇਸ਼ਾ ਲਈ ਭਾਰਤ ਛੱਡ ਕੇ ਚਲੇ ਜਾਂਦੇ। ਬਾਅਦ ਵਿੱਚ ਪੁਣੇ ਅਤੇ ਮੈਸੂਰ ਦੇ ਦਰਬਾਰਾਂ ਨੂੰ ਇਸ ਗੱਲ ਦਾ ਹਮੇਸ਼ਾ ਰੰਜ ਵੀ ਰਿਹਾ ਕਿ ਉਹ ਮੌਕੇ ਨੂੰ ਢੰਗ ਨਾਲ ਨਹੀਂ ਸਾਂਭ ਸਕੇ।"

ਤਸਵੀਰ ਸਰੋਤ, Bloomsbury
ਪਿੱਠ ਦੇ ਕੈਂਸਰ ਨਾਲ ਮੌਤ
1782 ਵਿੱਚ ਹੈਦਰ ਦੀ ਪਿੱਠ 'ਤੇ ਇੱਕ ਫੋੜਾ ਨਿਕਲ ਆਇਆ। ਹੌਲੀ-ਹੌਲੀ ਉਸ ਫੋੜੇ ਦਾ ਆਕਾਰ ਵਧਦਾ ਗਿਆ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਹੈਦਰ ਨੂੰ ਪਿੱਠ ਦਾ ਕੈਂਸਰ ਹੈ।
ਦੂਜੇ ਐਂਗਲੋ-ਮੈਸੂਰ ਯੁੱਧ ਦੌਰਾਨ ਹੈਦਰ ਦੀ ਇਸ ਗੰਭੀਰ ਬਿਮਾਰੀ ਨੇ ਉਸ ਦੀ ਸ਼ਕਤੀ ਅਤੇ ਗਤੀ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ। 7 ਦਸੰਬਰ, 1782 ਨੂੰ ਜ਼ਮੀਨ ਤੋਂ ਸਿਖ਼ਰ ਤੱਕ ਪਹੁੰਚਣ ਵਾਲੇ ਇਸ ਇਸ ਸ਼ਖ਼ਸ ਨੇ 60 ਸਾਲ ਦੀ ਉਮਰ ਵਿੱਚ ਸਦਾ ਲਈ ਅੱਖਾਂ ਬੰਦ ਕਰ ਲਈਆਂ।
ਸ਼ਾਮਾ ਰਾਓ ਨੇ ਆਪਣੀ ਕਿਤਾਬ, 'ਮਾਡਰਨ ਮੈਸੂਰ ਫਰਾਮ ਬਿਗਨਿੰਗ ਟੂ 1868' ਵਿੱਚ ਲਿਖਿਆ, "ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਵੇਲੇ ਹੈਦਰ ਦੀ ਮੌਤ ਹੋਈ ਉਹ ਭਾਰਤ ਦੇ ਇਤਿਹਾਸ ਦੀ ਸਿਰਫ਼ ਇੱਕ ਘਟਨਾ ਹੀ ਨਹੀਂ ਸੀ। ਉਨ੍ਹਾਂ ਦੀ ਮੌਤ ਨੇ ਭਾਰਤ ਵਿੱਚ ਬ੍ਰਿਟਿਸ਼ ਸ਼ਕਤੀ ਦੀ ਨੀਂਹ ਰੱਖੀ, ਜੋ ਸ਼ਾਇਦ ਉਨ੍ਹਾਂ ਜਿਉਂਦੇ ਜੀਅ ਸੰਭਵ ਨਹੀਂ ਹੁੰਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












