ਪੁਲਾੜ 'ਚ ਅਤੇ ਚੰਦਰਮਾ 'ਤੇ ਡਾਟਾ ਸੈਂਟਰ ਸਥਾਪਤ ਕਰਨ ਦੀ ਕੀ ਯੋਜਨਾ ਬਣ ਰਹੀ, ਡਾਟਾ ਸੈਂਟਰ ਹੁੰਦੇ ਕੀ ਹਨ ਤੇ ਇਨ੍ਹਾਂ ਦੇ ਫਾਇਦੇ ਕੀ ਹੋਣਗੇ

ਅਮਰੀਕੀ ਪੁਲਾੜ ਖੋਜ ਫਰਮ ਇੰਟੂਏਟਿਵ ਮਸ਼ੀਨਜ਼ ਤੋਂ ਐਥੀਨਾ ਲੂਨਰ ਲੈਂਡਰ

ਤਸਵੀਰ ਸਰੋਤ, Intuitive Machines

ਤਸਵੀਰ ਕੈਪਸ਼ਨ, ਪਿਛਲੇ ਮਹੀਨੇ, ਇੱਕ ਛੋਟਾ ਡਾਟਾ ਸੈਂਟਰ ਅਮਰੀਕੀ ਪੁਲਾੜ ਖੋਜ ਫਰਮ, ਇੰਟੂਟਿਊਟਿਵ ਮਸ਼ੀਨਜ਼ ਦੇ ਐਥੀਨਾ ਲੂਨਾਰ ਲੈਂਡਰ 'ਤੇ ਸਵਾਰ ਹੋ ਕੇ ਚੰਦਰਮਾ 'ਤੇ ਗਿਆ ਸੀ
    • ਲੇਖਕ, ਐਮਾ ਵੂਲਕੋਟ
    • ਰੋਲ, ਤਕਨਾਲੋਜੀ ਰਿਪੋਰਟਰ

ਸੁਣਨ ਵਿੱਚ ਇਹ ਇੰਝ ਲੱਗਦਾ ਹੈ ਜਿਵੇਂ ਕਿਸੇ ਸਾਇੰਸ ਫਿਕਸ਼ਨ ਫ਼ਿਲਮ ਦੀ ਗੱਲ ਹੋ ਰਹੀ ਹੋਵੇ। ਪਰ ਸਟੀਫਨ ਆਈਸੇਲ ਨੂੰ ਭਰੋਸਾ ਹੈ ਕਿ ਇੱਕ ਦਿਨ ਉਨ੍ਹਾਂ ਦੀ ਕੰਪਨੀ ਚੰਦਰਮਾ 'ਤੇ ਇੱਕ ਡਾਟਾ ਸੈਂਟਰ ਜ਼ਰੂਰ ਖੋਲ੍ਹੇਗੀ।

ਲੋਨਸਟਾਰ ਡਾਟਾ ਹੋਲਡਿੰਗਜ਼ ਦੇ ਪ੍ਰਧਾਨ ਸਟੀਫਨ ਆਈਸੇਲ ਕਹਿੰਦੇ ਹਨ, "ਸਾਨੂੰ ਲੱਗਦਾ ਹੈ ਕਿ ਸਪੇਸ ਵਿੱਚ ਡਾਟਾ ਸੈਂਟਰ ਲਗਾ ਕੇ, ਵਾਕਈ ਕਮਾਲ ਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ।''

ਪਿਛਲੇ ਮਹੀਨੇ, ਫਲੋਰੀਡਾ-ਅਧਾਰਤ ਇਸ ਫਰਮ ਨੇ ਇੱਕ ਛੋਟੇ ਡਾਟਾ ਸੈਂਟਰ ਦਾ ਸਫਲਤਾਪੂਰਵਕ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਸੀ, ਜੋ ਕਿ ਇੱਕ ਕਿਤਾਬ ਦੇ ਆਕਾਰ ਦਾ ਸੀ।

ਫਰਮ ਮੁਤਾਬਕ, ਉਹ ਅਮਰੀਕੀ ਪੁਲਾੜ ਖੋਜ ਫਰਮ, ਇੰਟੂਟਿਊਟਿਵ ਮਸ਼ੀਨਜ਼ ਦੇ ਐਥੀਨਾ ਲੂਨਾਰ ਲੈਂਡਰ 'ਤੇ ਸਵਾਰ ਹੋ ਕੇ ਚੰਦਰਮਾ 'ਤੇ ਗਿਆ ਸੀ। ਇਸ ਨੂੰ ਇਲੋਨ ਮਸਕ ਦੇ ਸਪੇਸਐਕਸ ਦੇ ਇੱਕ ਰਾਕੇਟ ਵੱਲੋਂ ਲਾਂਚ ਕੀਤਾ ਗਿਆ ਸੀ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਡਾਟਾ ਸੈਂਟਰ ਕੀ ਹੁੰਦੇ ਹਨ?

ਡੇਟਾ ਸੈਂਟਰ ਇੱਕ ਪ੍ਰਕਾਰ ਦੇ ਵੱਡੇ ਗੋਦਾਮ ਹੁੰਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰਾਂ ਦੇ ਢੇਰ ਹੁੰਦੇ ਹਨ ਜੋ ਵੈੱਬਸਾਈਟਾਂ, ਕੰਪਨੀਆਂ ਅਤੇ ਸਰਕਾਰਾਂ ਵੱਲੋਂ ਵਰਤੇ ਜਾਂਦੇ ਡਾਟਾ ਨੂੰ ਸਟੋਰ ਅਤੇ ਪ੍ਰੋਸੈਸ ਕਰਦੇ ਹਨ।

ਲੋਨਸਟਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਚੰਦਰਮਾ 'ਤੇ ਸਥਾਪਤ ਕਰਨ ਨਾਲ ਗਾਹਕਾਂ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਡਾਟਾ ਪ੍ਰੋਸੈਸਿੰਗ ਮਿਲੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਬਿਜਲੀ ਦੀ ਪੂਰਤੀ ਲਈ ਅਸੀਮਤ ਸੂਰਜੀ ਊਰਜਾ ਦਾ ਲਾਭ ਵੀ ਮਿਲੇਗਾ।

ਹਾਲਾਂਕਿ ਸਪੇਸ-ਅਧਾਰਿਤ ਡੇਟਾ ਸੈਂਟਰ ਅਜੇ ਬਹੁਤ ਦੂਰ ਭਵਿੱਖ ਦੀ ਗੱਲ ਲੱਗਦੀ ਹੈ ਪਰ ਅਸਲ 'ਚ ਇਹ ਇੱਕ ਅਜਿਹਾ ਵਿਚਾਰ ਹੈ ਜੋ ਵਾਕਈ ਵਿੱਚ ਉੱਭਰਨਾ ਸ਼ੁਰੂ ਹੋ ਚੁੱਕਿਆ ਹੈ।

ਇਸਦਾ ਇੱਕ ਕਾਰਨ ਡਾਟਾ ਸੈਂਟਰਾਂ ਦੀ ਵਧਦੀ ਮੰਗ ਅਤੇ ਧਰਤੀ 'ਤੇ ਇਨ੍ਹਾਂ ਲਈ ਢੁਕਵੀਂ ਜਗ੍ਹਾ ਲੱਭਣ ਵਿੱਚ ਆ ਰਹੀ ਮੁਸ਼ਕਲ ਹੈ।

ਡਾਟਾ ਸੈਂਟਰਾਂ ਦੀ ਵਧਦੀ ਮੰਗ

ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਵੱਡਾ ਡੇਟਾ ਸੈਂਟਰ

ਤਸਵੀਰ ਸਰੋਤ, Hugh Kenny

ਤਸਵੀਰ ਕੈਪਸ਼ਨ, ਡੇਟਾ ਸੈਂਟਰਾਂ ਨੂੰ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਹੁੰਦੀ ਹੈ ਅਤੇ ਪੁਲਾੜ ਵਿੱਚ ਸੂਰਜ ਦੀ ਰੌਸ਼ਨੀ ਇਸਦੇ ਲਈ ਵਧੇਰੇ ਸਹਾਈ ਹੋ ਸਕਦੀ ਹੈ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਕੰਪਿਊਟਿੰਗ ਦੀ ਲਗਾਤਾਰ ਵਧ ਰਹੀ ਵਰਤੋਂ ਕਾਰਨ ਦੁਨੀਆਂ ਭਰ ਵਿੱਚ ਸਟੋਰ ਕੀਤੇ ਅਤੇ ਪ੍ਰੋਸੈਸ ਕੀਤੇ ਜਾ ਰਹੇ ਡਾਟਾ ਦੀ ਮਾਤਰਾ ਵਿੱਚ ਭਾਰੀ ਵਾਧਾ ਹੋਇਆ ਹੈ।

ਨਤੀਜੇ ਵਜੋਂ, ਡਾਟਾ ਸੈਂਟਰਾਂ ਦੀ ਜ਼ਰੂਰਤ ਵੀ ਵਧੀ ਹੈ। ਗਲੋਬਲ ਮੈਨੇਜਮੈਂਟ ਕੰਸਲਟੈਂਸੀ ਮੈਕੇਨਜ਼ੀ ਦੇ ਅਨੁਸਾਰ, 2030 ਤੱਕ ਡਾਟਾ ਸੈਂਟਰਾਂ ਦੀ ਸਾਲਾਨਾ ਮੰਗ 19 ਫੀਸਦ ਤੋਂ 22 ਫੀਸਦੀ ਵਿਚਕਾਰ ਵਧਣ ਦੀ ਉਮੀਦ ਹੈ।

ਹਰ ਸਮੇਂ ਨਵੀਆਂ ਸੁਵਿਧਾਵਾਂ ਉੱਭਰ ਰਹੀਆਂ ਹਨ - ਪਰ ਉਹਨਾਂ ਨੂੰ ਰੱਖਣ ਲਈ ਜਗ੍ਹਾ ਲੱਭਣਾ ਔਖਾ ਹੁੰਦਾ ਜਾ ਰਿਹਾ ਹੈ। ਡਾਟਾ ਸੈਂਟਰ ਵੱਡੇ ਅਤੇ ਫੈਲੇ ਹੋਏ ਹਨ, ਅਤੇ ਇਨ੍ਹਾਂ ਨੂੰ ਠੰਢਾ ਰੱਖਣ ਲਈ ਵੱਡੀ ਮਾਤਰਾ ਵਿੱਚ ਬਿਜਲੀ ਅਤੇ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ।

ਇਸਦੇ ਨਾਲ ਹੀ, ਅਜਿਹੇ ਸਥਾਨਕ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ ਜੋ ਇਹ ਨਹੀਂ ਚਾਹੁੰਦੇ ਕਿ ਡਾਟਾ ਸੈਂਟਰ ਉਨ੍ਹਾਂ ਦੇ ਘਰਾਂ ਜਾਂ ਆਬਾਦੀ ਦੇ ਨੇੜੇ ਹੋਣ।

ਪੁਲਾੜ ਵਿੱਚ ਡਾਟਾ ਸੈਂਟਰ ਸਥਾਪਿਤ ਕਰਨ ਦੇ ਕੀ ਫਾਇਦੇ?

ਪੁਲਾੜ

ਪੁਲਾੜ ਵਿੱਚ ਡਾਟਾ ਸੈਂਟਰ ਸਥਾਪਤ ਕਰਨਾ - ਭਾਵੇਂ ਧਰਤੀ ਦੇ ਔਰਬਿਟ ਵਿੱਚ ਜਾਂ ਚੰਦਰਮਾ ਉੱਤੇ - ਇਸ ਦਾ ਮਤਲਬ ਹੈ ਕਿ ਉਹ ਮਨੁੱਖਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਸਕਣਗੇ।

ਮਿਸਾਲ ਵਜੋਂ, ਪੁਲਾੜ ਵਿੱਚ ਸੂਰਜ ਦੀ ਘੱਟ ਜਾਂ ਵੱਧ ਅਸੀਮਤ ਊਰਜਾ ਉਪਲੱਬਧ ਹੈ ਅਤੇ ਉੱਥੇ ਵਾਤਾਵਰਣ ਪ੍ਰਭਾਵਾਂ ਬਾਰੇ ਸ਼ਿਕਾਇਤ ਕਰਨ ਵਾਲਾ ਕੋਈ ਗੁਆਂਢੀ ਵੀ ਨਹੀਂ ਹੈ।

ਇਸ ਤੋਂ ਇਲਾਵਾ, ਪੁਲਾੜ-ਅਧਾਰਿਤ ਡਾਟਾ ਸੈਂਟਰ ਪੁਲਾੜ ਯਾਨ ਅਤੇ ਹੋਰ ਪੁਲਾੜ ਸਹੂਲਤਾਂ ਲਈ ਸੇਵਾਵਾਂ ਵਿੱਚ ਵੀ ਵਿਸ਼ੇਸ ਤੌਰ 'ਤੇ ਸਹਾਇਕ ਹੋ ਸਕਦੇ ਹਨ ਕਿਉਂਕਿ ਜ਼ਮੀਨ ਦੇ ਮੁਕਾਬਲੇ ਸਪੇਸ-ਟੂ-ਸਪੇਸ ਡਾਟਾ ਟ੍ਰਾਂਸਫਰ ਕਿਤੇ ਜ਼ਿਆਦਾ ਤੇਜ਼ ਹੁੰਦਾ ਹੈ।

ਪਿਛਲੀ ਗਰਮੀਆਂ ਵਿੱਚ, ਯੂਰਪੀਅਨ ਕਮਿਸ਼ਨ ਦੁਆਰਾ ਫੰਡ ਕੀਤੇ ਗਏ ਇੱਕ ਵਿਵਹਾਰਕਤਾ ਅਧਿਐਨ ਨੇ ਚੱਕਰ ਲਗਾਉਣ ਵਾਲੇ ਡਾਟਾ ਸੈਂਟਰਾਂ ਸਬੰਧੀ ਆਪਣੇ ਨਤੀਜੇ ਪ੍ਰਕਾਸ਼ਿਤ ਕੀਤੇ ਹਨ।

ਫਰੈਂਚ ਅਤੇ ਇਤਾਲਵੀ ਏਅਰੋਸਪੇਸ ਸਮੂਹਾਂ ਥੈਲਸ ਅਤੇ ਲਿਓਨਾਰਡੋ ਦੇ ਸਾਂਝੇ ਉੱਦਮ - ਥੈਲਸ ਅਲੇਨੀਆ ਸਪੇਸ ਦੁਆਰਾ ਕੀਤੀ ਗਈ ਅਸੈਂਡ ਰਿਪੋਰਟ ਨੇ ਆਪਣੇ ਨਤੀਜੇ ਪ੍ਰਕਾਸ਼ਿਤ ਕੀਤੇ ਹਨ।

ਇਸ ਨੇ ਇਹ ਨਿਰਧਾਰਤ ਕੀਤਾ ਕਿ ਪੁਲਾੜ ਵਿੱਚ ਡਾਟਾ ਸੈਂਟਰਾਂ ਨੂੰ ਤਾਇਨਾਤ ਕਰਨਾ "ਯੂਰਪੀਅਨ ਡਿਜੀਟਲ ਲੈਂਡਸਕੇਪ ਨੂੰ ਬਦਲ ਸਕਦਾ ਹੈ", ਅਤੇ "ਵਧੇਰੇ ਵਾਤਾਵਰਣ ਅਨੁਕੂਲ" ਹੋ ਸਕਦਾ ਹੈ।

ਔਰਬਿਟ ਵਿੱਚ ਇੱਕ ਸਟਾਰਕਲਾਉਡ ਡੇਟਾ ਸੈਂਟਰ ਦੀ ਇਕ ਕਲਪਿਤ ਤਸਵੀਰ

ਤਸਵੀਰ ਸਰੋਤ, Starcloud

ਤਸਵੀਰ ਕੈਪਸ਼ਨ, ਔਰਬਿਟ ਵਿੱਚ ਇੱਕ ਸਟਾਰਕਲਾਊਡ ਡਾਟਾ ਸੈਂਟਰ ਦੀ ਇੱਕ ਕਲਪਿਤ ਤਸਵੀਰ

ਥੈਲਸ ਅਲੇਨੀਆ ਨੇ 13 ਉਪਗ੍ਰਹਿਾਂ ਦਾ ਇੱਕ ਸਮੂਹ ਬਣਾਉਣ ਦੀ ਪਰਿਕਲਪਨਾ ਕੀਤੀ ਹੈ, ਜਿਨ੍ਹਾਂ ਦਾ ਕੁੱਲ ਮਾਪ 200 ਮੀਟਰ ਬਾਇ 80 ਮੀਟਰ ਹੋਵੇਗਾ ਅਤੇ ਜਿਨ੍ਹਾਂ ਦੀ ਡਾਟਾ ਪ੍ਰੋਸੈਸ ਕਰਨ ਦੀ ਕੁੱਲ ਸਮਰੱਥਾ ਲਗਭਗ 10 ਮੈਗਾਵਾਟ ਹੋਵੇਗੀ।

ਇਹ, ਵਰਤਮਾਨ ਦੇ ਮੱਧ-ਆਕਾਰ ਦੇ ਜ਼ਮੀਨ 'ਤੇ ਸਥਿਤ ਡਾਟਾ ਸੈਂਟਰਾਂ ਦੇ ਬਰਾਬਰ ਹੈ, ਜਿਸ 'ਚ ਲਗਭਗ 5000 ਸਰਵਰ ਹਨ।

ਪਹਿਲਾਂ ਤੋਂ ਮੌਜੂਦ ਜਾਂ ਵਿਕਾਸ ਅਧੀਨ ਤਕਨਾਲੋਜੀਆਂ ਦੇ ਆਧਾਰ 'ਤੇ, ਉਪਗ੍ਰਹਿਆਂ ਨੂੰ ਔਰਬਿਟ ਵਿੱਚ ਅਸੈਂਬਲ ਕੀਤਾ ਜਾਵੇਗਾ।

ਥੈਲਸ ਅਲੇਨੀਆ ਸਪੇਸ ਦੇ ਅਸੈਂਡ ਪ੍ਰੋਜੈਕਟ ਆਰਕੀਟੈਕਟ, ਡੈਮੀਅਨ ਡੁਮਸਟੀਅਰ ਦਾ ਕਹਿਣਾ ਹੈ ਕਿ ਸਪੇਸ-ਅਧਾਰਤ ਡਾਟਾ ਸੈਂਟਰਾਂ ਨੂੰ ਮੌਜੂਦਾ ਜ਼ਮੀਨ-ਅਧਾਰਤ ਕੇਂਦਰਾਂ ਨਾਲੋਂ ਵਧੇਰੇ ਵਾਤਾਵਰਣ ਅਨੁਕੂਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਰਾਕੇਟ ਲਾਂਚਰਾਂ ਨੂੰ ਆਪਣੇ ਜੀਵਨ ਚੱਕਰ ਦੌਰਾਨ 10 ਗੁਣਾ ਘੱਟ ਨਿਕਾਸ ਪੈਦਾ ਕਰਨ ਵਾਲਾ ਬਣਾਇਆ ਜਾਵੇ।

ਅਤੇ ਉਹ ਕਹਿੰਦੇ ਹਨ ਕਿ ਇਹ ਸੰਭਵ ਜਾਪਦਾ ਹੈ।

ਇਹ ਵੀ ਪੜ੍ਹੋ-

ਇਸ ਵਿੱਚ ਕਈ ਦਿੱਕਤਾਂ ਵੀ ਹਨ

ਡੈਮੀਅਨ ਕਹਿੰਦੇ ਹਨ, "ਪਰ ਨਵੀਂ ਤਕਨਾਲੋਜੀ ਦੇ ਵਿਕਾਸ ਅਤੇ ਵਧਦੀ ਉਤਪਾਦਨ ਸਮਰੱਥਾ ਨੂੰ ਸੰਭਾਲਣ ਲਈ ਸਾਨੂੰ 200 ਮੈਗਾਵਾਟ ਦੇ ਆਸ-ਪਾਸ ਵੱਡੀਆਂ ਸਿਸਟਮ ਸਮਰੱਥਾਵਾਂ 'ਤੇ ਵਿਚਾਰ ਕਰਨਾ ਪਵੇਗਾ, ਜਿਸਦਾ ਅਰਥ ਹੈ 200 ਵੱਡੇ ਪੁਲਾੜ ਬੁਨਿਆਦੀ ਢਾਂਚੇ ਅਤੇ 200 ਲਾਂਚ।

ਉਹ ਅੱਗੇ ਕਹਿੰਦੇ ਹਨ, "ਮੁੱਖ ਸਵਾਲ ਇਹ ਹੈ ਕਿ ਇੱਕ ਅਨੁਕੂਲਿਤ ਲਾਂਚਰ ਕਦੋਂ ਤੱਕ ਤਿਆਰ ਹੋਵੇਗਾ। ਇਸ ਦੇ ਲਈ ਕੀਤੇ ਜਾਣ ਵਾਲੇ ਨਿਵੇਸ਼ਾਂ ਅਤੇ ਲਏ ਜਾਣ ਵਾਲੇ ਫੈਸਲਿਆਂ 'ਤੇ ਨਿਰਭਰ ਕਰਦੇ ਹੋਏ, ਇਹ 2030 ਜਾਂ 2035 ਤੱਕ ਤਿਆਰ ਕੀਤਾ ਜਾ ਸਕਦਾ ਹੈ, ਜਿਸਦਾ ਅਰਥ ਹੈ ਕਿ 2037 ਤੋਂ ਪਹਿਲਾਂ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ।"

ਹਾਲਾਂਕਿ, ਤਕਨਾਲੋਜੀ ਨੂੰ ਵਿਕਸਤ ਕਰਨ ਦਾ ਟੀਚਾ ਰੱਖਣ ਵਾਲੀਆਂ ਫਰਮਾਂ ਇਸ ਨੂੰ ਲੈ ਕੇ ਬਹੁਤ ਉਮੀਦਾਂ ਰੱਖਦੀਆਂ ਹਨ, ਪਰ ਯੂਕੇ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ ਵਿੱਚ ਇੰਟੈਲੀਜੈਂਟ ਸਿਸਟਮ ਅਤੇ ਡਾਟਾ ਸਾਇੰਸ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਡੋਮੇਨੀਕੋ ਵਿਸੀਨਾਨਜ਼ਾ ਇਸ ਦੇ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ ਦਾ ਵੀ ਜ਼ਿਕਰ ਕਰਦੇ ਹਨ।

ਉਹ ਕਹਿੰਦੇ ਹਨ ਕਿ ਪੁਲਾੜ-ਅਧਾਰਤ ਡਾਟਾ ਸੈਂਟਰਾਂ ਦੇ ਇੱਕ ਅਸਲੀਅਤ ਬਣਨ ਤੋਂ ਪਹਿਲਾਂ ਕਈ ਵੱਡੀਆਂ ਰੁਕਾਵਟਾਂ ਹਨ।

ਉਨ੍ਹਾਂ ਕਿਹਾ, "ਸਪੇਸਐਕਸ ਵਰਗੀਆਂ ਕੰਪਨੀਆਂ ਦੁਆਰਾ ਕੀਤੇ ਗਏ ਯੋਗਦਾਨ ਅਤੇ ਤਰੱਕੀ ਦੇ ਬਾਵਜੂਦ, ਹਾਰਡਵੇਅਰ ਨੂੰ ਔਰਬਿਟ ਵਿੱਚ ਲਾਂਚ ਕਰਨਾ ਬਹੁਤ ਮਹਿੰਗਾ ਹੁੰਦਾ ਹੈ। ਪੁਲਾੜ ਵਿੱਚ ਭੇਜੇ ਜਾਣ ਵਾਲੇ ਹਰੇਕ ਕਿਲੋਗ੍ਰਾਮ ਦੀ ਕੀਮਤ ਹਜ਼ਾਰਾਂ ਡਾਲਰ ਆਉਂਦੀ ਹੈ।''

"ਪੁਲਾੜ-ਅਧਾਰਤ ਡੇਟਾ ਸੈਂਟਰਾਂ ਨੂੰ ਨਾ ਸਿਰਫ਼ ਡਾਟਾ ਉਪਕਰਣਾਂ ਦੀ ਲੋੜ ਹੋਵੇਗੀ, ਸਗੋਂ ਇਸਨੂੰ ਸੁਰੱਖਿਅਤ ਕਰਨ, ਪਾਵਰ ਦੇਣ ਅਤੇ ਠੰਡਾ ਕਰਨ ਲਈ ਬੁਨਿਆਦੀ ਢਾਂਚੇ ਦੀ ਵੀ ਲੋੜ ਹੋਵੇਗੀ। ਇਹ ਸਾਰੀਆਂ ਚੀਜ਼ਾਂ, ਭਾਰ ਅਤੇ ਜਟਿਲਤਾ ਨੂੰ ਵਧਾਉਂਦੀਆਂ ਹਨ।"

ਪੁਲਾੜ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਏਆਈ ਕੰਪਿਊਟਿੰਗ ਦੀ ਲਗਾਤਾਰ ਵਧਦੀ ਵਰਤੋਂ ਨਾਲ ਦੁਨੀਆਂ ਭਰ 'ਚ ਸਟੋਰ ਤੇ ਪ੍ਰੋਸੈਸ ਕੀਤੇ ਜਾ ਰਹੇ ਡਾਟਾ ਦੀ ਮਾਤਰਾ ਬਹੁਤ ਵਧੀ ਹੈ ਅਤੇ ਹੁਣ ਡਾਟਾ ਸੈਂਟਰਾਂ ਲਈ ਧਤਰੀ 'ਤੇ ਥਾਂ ਲੱਭਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ

ਉਪਕਰਣਾਂ ਨੂੰ ਠੰਢਾ ਕਰਨਾ ਇੱਕ ਖਾਸ ਸਮੱਸਿਆ ਹੋਵੇਗੀ, ਕਿਉਂਕਿ ਭਾਵੇਂ ਪੁਲਾੜ ਠੰਢਾ ਹੈ, ਪਰ ਰਵਾਇਤੀ ਕੂਲਿੰਗ ਸਿਸਟਮ ਗੁਰੂਤਾ ਸ਼ਕਤੀ ਤੋਂ ਬਿਨਾਂ ਕੰਮ ਨਹੀਂ ਕਰਨਗੇ।

ਇਸ ਤੋਂ ਇਲਾਵਾ, ਪੁਲਾੜ ਦਾ ਮੌਸਮ ਇਲੈਕਟ੍ਰਾਨਿਕਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਨਾਲ ਹੀ ਪੁਲਾੜ ਮਲਬੇ ਦੀ ਲਗਾਤਾਰ ਵਧ ਰਹੀ ਮਾਤਰਾ ਵੀ ਹਾਰਡਵੇਅਰ ਲਈ ਖਤਰਾ ਬਣ ਸਕਦੀ ਹੈ।

ਡਾਕਟਰ ਵਿਸੀਨਾਨਜ਼ਾ ਅੱਗੇ ਕਹਿੰਦੇ ਹਨ ਕਿ "ਔਰਬਿਟ ਵਿੱਚ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਸੌਖਾ ਕੰਮ ਨਹੀਂ ਹੈ। ਰੋਬੋਟਿਕਸ ਅਤੇ ਆਟੋਮੇਸ਼ਨ ਦੇ ਬਾਵਜੂਦ ਵੀ ਇਸ ਸਬੰਧੀ ਬਹੁਤ ਸਾਰੀਆਂ ਸੀਮਾਵਾਂ ਹਨ ਕਿ ਕਿਵੇਂ ਦੂਰ ਧਰਤੀ 'ਤੇ ਬੈਠੇ-ਬੈਠੇ ਪੁਲਾੜ 'ਚ ਆਈ ਦਿੱਕਤ ਨੂੰ ਠੀਕ ਕੀਤਾ ਜਾਵੇ।"

"ਹਾਰਡਵੇਅਰ ਵਿੱਚ ਵੱਡੀ ਸਮੱਸਿਆ ਆਉਣ 'ਤੇ ਪੁਲਾੜ ਵਿੱਚ ਮਨੁੱਖੀ ਮਿਸ਼ਨ ਭੇਜਣਾ ਪੈ ਸਕਦਾ ਹੈ, ਜੋ ਕਿ ਕਾਫੀ ਮਹਿੰਗਾ ਪਵੇਗਾ। ਨਾਲ ਹੀ ਹੋ ਸਕਦਾ ਹੈ ਕਿ ਇਹ ਸਮੱਸਿਆ ਹਫਤਿਆਂ ਜਾਂ ਮਹੀਨਿਆਂ ਤੱਕ ਬਣੀ ਰਹੇ।''

'ਇਹ ਇਸ ਤਰ੍ਹਾਂ ਹੈ ਜਿਵੇਂ ਬੈਂਕ 'ਚ ਕੋਈ ਤਿਜੋਰੀ'

ਡੇਟਾ ਸੈਂਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਟਾ ਸੈਂਟਰ ਇੱਕ ਪ੍ਰਕਾਰ ਦੇ ਵੱਡੇ ਗੋਦਾਮ ਹੁੰਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰਾਂ ਦੇ ਢੇਰ ਹੁੰਦੇ ਹਨ ਜੋ ਵੈੱਬਸਾਈਟਾਂ, ਕੰਪਨੀਆਂ ਅਤੇ ਸਰਕਾਰਾਂ ਦੁਆਰਾ ਵਰਤੇ ਜਾਂਦੇ ਡੇਟਾ ਨੂੰ ਸਟੋਰ ਅਤੇ ਪ੍ਰੋਸੈਸ ਕਰਦੇ ਹਨ

ਫਿਰ ਵੀ ਲੋਨਸਟਾਰ ਵਰਗੀਆਂ ਫਰਮਾਂ ਬਹੁਤ ਆਤਮਵਿਸ਼ਵਾਸੀ ਹਨ ਅਤੇ ਕਹਿੰਦੀਆਂ ਹਨ ਕਿ ਉਹ ਆਉਣ ਵਾਲੀਆਂ ਮੰਗਾਂ 'ਤੇ ਧਿਆਨ ਦੇ ਰਹੇ ਹਨ।

ਸਕਾਟ ਕਹਿੰਦੇ ਹਨ, "ਜੇ ਗਾਹਕ ਸਾਨੂੰ ਅਜਿਹਾ ਨਾ ਕਰਨ ਲਈ ਕਹਿੰਦੇ ਤਾਂ ਅਸੀਂ ਇਹ ਨਾ ਕਰਦੇ।''

ਫਰਮ ਦਾ ਅਗਲਾ ਟੀਚਾ, 2027 ਵਿੱਚ ਚੰਦਰਮਾ ਦੁਆਲੇ ਔਰਬਿਟ ਵਿੱਚ ਇੱਕ ਛੋਟਾ ਡੇਟਾ ਸੈਂਟਰ ਸਥਾਪਤ ਕਰਨ ਦਾ ਹੈ।

ਇਸ ਦੌਰਾਨ, ਕੁਝ ਹੋਰ ਕੰਪਨੀਆਂ ਪੁਲਾੜ ਵਿੱਚ ਹੋਰ ਵੀ ਛੇਤੀ ਪਹੁੰਚਣ ਦੀ ਤਿਆਰੀ 'ਚ ਹਨ। ਜਿਵੇਂ ਕਿ ਵਾਸ਼ਿੰਗਟਨ ਅਧਾਰਤ ਸਟਾਰਕਲਾਊਡ, ਜੋ ਅਗਲੇ ਮਹੀਨੇ ਇੱਕ ਸੈਟੇਲਾਈਟ-ਅਧਾਰਤ ਡੇਟਾ ਸੈਂਟਰ ਲਾਂਚ ਕਰਨ ਜਾ ਰਹੀ ਹੈ ਅਤੇ 2026 ਦੇ ਮੱਧ ਤੱਕ ਇੱਥੋਂ ਕੰਮ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ।

ਲੋਨਸਟਾਰ ਤੋਂ ਈਡੇਲ ਕਹਿੰਦੇ ਹਨ ਕਿ ਪੁਲਾੜ-ਅਧਾਰਤ ਸਹੂਲਤਾਂ, ਸਰਕਾਰਾਂ ਅਤੇ ਕਾਰੋਬਾਰਾਂ ਲਈ ਵਧੇਰੇ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਡੇਟਾ ਨੂੰ ਧਰਤੀ ਦੇ ਨੈੱਟਵਰਕਾਂ ਰਾਹੀਂ ਰੂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਇਸਦੀ ਬਜਾਏ ਜਾਣਕਾਰੀ ਨੂੰ ਪੁਲਾੜ ਤੋਂ ਸਿੱਧਾ ਧਰਤੀ 'ਤੇ ਮੌਜੂਦ ਵਿਸ਼ੇਸ਼ ਸਟੇਸ਼ਨ ਤੱਕ ਭੇਜਿਆ ਜਾ ਸਕਦਾ ਹੈ।

ਪੁਲਾੜ ਤੋਂ ਨਜ਼ਰ ਆਉਂਦੀ ਧਰਤੀ

ਤਸਵੀਰ ਸਰੋਤ, NASA/gettyimages

ਤਸਵੀਰ ਕੈਪਸ਼ਨ, ਜ਼ਮੀਨ ਦੇ ਮੁਕਾਬਲੇ ਸਪੇਸ-ਟੂ-ਸਪੇਸ ਡੇਟਾ ਟ੍ਰਾਂਸਫਰ ਕਿਤੇ ਜ਼ਿਆਦਾ ਤੇਜ਼ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਡੇਟਾ ਨੂੰ ਵਧੇਰੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ

ਈਡੇਲ ਕਹਿੰਦੇ ਹਨ, "ਇਹ ਇਸ ਤਰ੍ਹਾਂ ਹੈ ਜਿਵੇਂ ਬੈਂਕ 'ਚ ਕੋਈ ਤਿਜੋਰੀ ਹੁੰਦੀ ਹੈ। ਤੁਹਾਨੂੰ ਇਸਨੂੰ ਹਰ ਰੋਜ਼ ਖੋਲ੍ਹਣ ਦੀ ਲੋੜ ਨਹੀਂ ਹੈ, ਪਰ ਇਹ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ। ਅਤੇ ਚੰਦਰਮਾ ਦੀ ਧਰਤੀ ਤੋਂ ਦੂਰੀ ਵੀ ਇਹੋ-ਜਿਹੀ ਸੁਰੱਖਿਆ ਪ੍ਰਦਾਨ ਕਰਦੀ ਹੈ - ਇਸਨੂੰ ਹੈਕ ਕਰਨਾ ਓਨਾ ਹੀ ਔਖਾ ਹੈ, ਜਿੰਨਾ ਕਿ ਇਸ ਤੱਕ ਪਹੁੰਚਣਾ।"

ਚੰਦਰਮਾ ਦੀ ਦੂਰੀ ਦਾ ਮਤਲਬ ਹੈ ਕਿ ਡਾਟਾ ਨੂੰ ਜ਼ਮੀਨ ਤੱਕ ਪਹੁੰਚਣ ਵਿੱਚ ਲਗਭਗ ਡੇਢ ਸਕਿੰਟ ਲੱਗਦਾ ਹੈ। ਇਹ ਸਮਾਂ ਕੁਝ ਐਪਲੀਕੇਸ਼ਨਾਂ ਜਿਵੇਂ ਕਿ ਲੰਬੇ ਸਮੇਂ ਲਈ ਡਾਟਾ ਸਟੋਰੇਜ ਅਤੇ ਬੈਕਅੱਪ ਲਈ ਕੋਈ ਮਾਅਨੇ ਨਹੀਂ ਰੱਖਦਾ।

ਲੋਨਸਟਾਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਕ੍ਰਿਸ ਸਟੌਟ ਕਹਿੰਦੇ ਹਨ ਕਿ ਇੰਨੇ ਸਮੇਂ ਦੌਰਾਨ, ਪੁਲਾੜ-ਅਧਾਰਤ ਡੇਟਾ ਸੈਂਟਰ ਸੰਗਠਨਾਂ ਨੂੰ ਡੇਟਾ ਪ੍ਰਭੂਸੱਤਾ ਸਬੰਧੀ ਨਿਯਮਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ - ਜਿਵੇਂ ਲੋਕਾਂ ਦੇ ਡੇਟਾ ਨੂੰ ਉਨ੍ਹਾਂ ਦੇ ਮੂਲ ਦੇਸ਼ ਵਿੱਚ ਰੱਖਣ ਦੀ ਜ਼ਰੂਰਤ।

ਉਹ ਕਹਿੰਦੇ ਹਨ, "ਪੁਲਾੜ ਕਾਨੂੰਨ ਦੇ ਤਹਿਤ, ਇਲੈਕਟ੍ਰਾਨਿਕਸ ਦਾ ਉਹ ਡੱਬਾ ਅਸਲ ਵਿੱਚ ਲਾਇਸੈਂਸਿੰਗ ਜਾਂ ਲਾਂਚਿੰਗ ਦੇਸ਼ ਦੇ ਕਾਨੂੰਨ ਦੇ ਅਧੀਨ ਹੈ - ਜੋ ਕਿ ਪੁਲਾੜ ਵਿੱਚ ਇੱਕ ਅਸਲ ਦੂਤਾਘਰ ਹੈ।''

ਲੋਨਸਟਾਰ ਕੋਲ ਪਹਿਲਾਂ ਹੀ ਗਾਹਕ ਮਜੂਦ ਹਨ, ਜਿਨ੍ਹਾਂ ਵਿੱਚ ਵਿੱਚ ਫਲੋਰੀਡਾ ਅਤੇ ਆਈਲ ਆਫ਼ ਮੈਨ ਦੀ ਸਰਕਾਰ ਸ਼ਾਮਲ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)