'ਬਿਨ੍ਹਾਂ ਦੰਦਾਂ ਵਾਲੇ' ਨਵਾਬ ਲਈ ਬਣਾਏ ਗਏ ਕਬਾਬ ਕਿਵੇਂ ਇਸ ਸ਼ਹਿਰ ਦੀ ਪਛਾਣ ਬਣੇ, ਜਿਸ ਨੂੰ ਹੁਣ ਕੌਮਾਂਤਰੀ ਮਾਨਤਾ ਮਿਲੀ

ਤਸਵੀਰ ਸਰੋਤ, Getty Images
- ਲੇਖਕ, ਰਿਤੂ ਅਗਰਵਾਲ
- ਰੋਲ, ਲਖਨਊ
ਕਬਾਬ ਜਿਨ੍ਹਾਂ ਨੂੰ ਦੇਖਦੇ ਹੀ ਮੂੰਹ 'ਚ ਪਾਣੀ ਆ ਜਾਵੇ, ਖੁਸ਼ਬੂਦਾਰ ਬਿਰਿਆਨੀ ਅਤੇ ਰੂੰ ਵਰਗੀਆਂ ਮੁਲਾਇਮ ਮਿਠਾਈਆਂ।
ਉੱਤਰੀ ਭਾਰਤ ਦਾ ਸ਼ਹਿਰ ਲਖਨਊ ਹਮੇਸ਼ਾ ਤੋਂ ਹੀ ਖਾਣੇ ਦੇ ਸ਼ੌਕੀਨਾਂ ਲਈ ਜੰਨਤ ਰਿਹਾ ਹੈ, ਸਥਾਨਕ ਲੋਕ ਅਤੇ ਸੈਲਾਨੀ ਇਸਦੀ ਰਸੋਈ ਦੇ ਮੁਰੀਦ ਹਨ ਤੇ ਇੱਥੋਂ ਦੇ ਖਾਣੇ ਦੀਆਂ ਸਹੁੰਆਂ ਚੁੱਕਦੇ ਹਨ।
ਪਿਛਲੇ ਮਹੀਨੇ, ਯੂਨੈਸਕੋ ਨੇ ਇਸ ਨੂੰ ਰਚਨਾਤਮਕ ਗੈਸਟਰੋਨੋਮੀ ਸ਼ਹਿਰ ਵਜੋਂ ਮਾਨਤਾ ਦਿੱਤੀ - ਇਸ ਨੂੰ ਵਿਸ਼ਵ ਪੱਧਰ ਦੇ ਚੁਣਿੰਦਾ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕਰਦੇ ਹੋਏ ਇਹ ਉਮੀਦ ਜਗਾਈ ਹੈ ਕਿ ਇਹ ਲਖਨਊ ਦੇ ਸ਼ਾਨਦਾਰ ਖਾਣੇ ਨੂੰ ਵਿਸ਼ਵ ਮੰਚ 'ਤੇ ਲੈ ਕੇ ਆਵੇਗਾ।
ਇਹ ਦਰਜਾ ਮਿਲਣ ਦੇ ਨਾਲ ਹੀ ਲਖਨਊ 100 ਤੋਂ ਵੱਧ ਦੇਸ਼ਾਂ ਦੇ 408 ਸ਼ਹਿਰਾਂ ਦੇ ਗਲੋਬਲ ਨੈੱਟਵਰਕ ਦਾ ਹਿੱਸਾ ਬਣ ਗਿਆ ਹੈ, ਜੋ "ਟਿਕਾਊ ਸ਼ਹਿਰੀ ਵਿਕਾਸ ਲਈ ਰਚਨਾਤਮਕਤਾ ਨੂੰ" ਉਤਸ਼ਾਹਿਤ ਕਰਦੇ ਹਨ।

ਤਸਵੀਰ ਸਰੋਤ, Maroof Culmen
ਯੂਨੈਸਕੋ ਰੀਜਨਲ ਆਫਿਸ ਫਾਰ ਸਾਊਥ ਏਸ਼ੀਆ ਦੇ ਡਾਇਰੈਕਟਰ ਅਤੇ ਨੁਮਾਇੰਦੇ ਟਿਮ ਕਰਟਿਸ ਨੇ ਕਿਹਾ, ਇਹ ਮਾਨਤਾ ''ਇਸ ਦੀਆਂ ਗਹਿਰੀਆਂ ਜੜ੍ਹਾਂ ਵਾਲੀਆਂ ਪਾਕ (ਖਾਣਾ ਪਕਾਉਣ ਸਬੰਧੀ) ਰਿਵਾਇਤਾਂ ਅਤੇ ਜੀਵੰਤ ਖਾਣੇ ਦੇ ਇਕੋਸਿਸਟਮ ਦਾ ਸਬੂਤ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਸ਼ਹਿਰ ਦੀ ਸੰਪੰਨ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਦਾ ਹੈ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਨਵੇਂ ਰਾਹ ਖੋਲ੍ਹਦਾ ਹੈ।"
ਹੈਦਰਾਬਾਦ ਤੋਂ ਬਾਅਦ, ਲਖਨਊ ਭਾਰਤ ਦਾ ਦੂਜਾ ਸ਼ਹਿਰ ਹੈ ਜਿਸ ਨੇ ਦੁਨੀਆ ਦੇ 70 ਸ਼ਹਿਰਾਂ ਦੀ ਇਸ ਮਾਣਯੋਗ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਹੈਦਰਾਬਾਦ ਨੂੰ ਸਾਲ 2019 ਵਿੱਚ ਚੁਣਿਆ ਗਿਆ ਸੀ।
'ਦੇਰ ਆਏ, ਦੁਰੁਸਤ ਆਏ'

ਤਸਵੀਰ ਸਰੋਤ, Getty Images
ਮੇਰੇ ਜੱਦੀ ਸ਼ਹਿਰ ਲਈ ਮਿਲਿਆ ਇਹ ਸਨਮਾਨ ਨਾ ਤਾਂ ਇੱਥੋਂ ਦੇ ਵਸਨੀਕਾਂ ਲਈ ਕੋਈ ਹੈਰਾਨੀ ਵਾਲੀ ਗੱਲ ਹੈ ਅਤੇ ਨਾ ਹੀ ਖਾਣੇ ਦੇ ਸ਼ੌਕੀਨਾਂ ਲਈ - ਬਹੁਤ ਸਾਰੇ ਲੋਕ ਮਸ਼ਹੂਰ ਸ਼ੈਫ਼ ਰਣਵੀਰ ਬਰਾੜ ਦੀ ਇਸ ਰਾਇ ਨਾਲ ਸਹਿਮਤ ਹਨ: "ਦੇਰ ਆਏ, ਦੁਰੁਸਤ ਆਏ। ਇਹ ਤਾਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।"
ਯੂਨੈਸਕੋ ਦੀ ਮਾਨਤਾ ਦੇ ਨਾਲ, ਮੇਰਾ ਪਿਆਰਾ, ਹਫੜਾ-ਦਫੜੀ ਵਾਲਾ, ਵਿਭਿੰਨਤਾਵਾਂ ਵਾਲਾ ਸ਼ਹਿਰ - ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਦੀ ਰਾਜਧਾਨੀ - ਆਖਰਕਾਰ ਉਸ ਚੀਜ਼ ਲਈ ਸੁਰਖੀਆਂ ਵਿੱਚ ਹੈ ਜੋ ਹਮੇਸ਼ਾ ਇਸ ਦੀ ਆਤਮਾ ਨੂੰ ਪਰਿਭਾਸ਼ਿਤ ਕਰਦਾ ਹੈ - ਖਾਣੇ ਪ੍ਰਤੀ ਜਨੂੰਨ।
ਸਵੇਰੇ ਉੱਠਣ ਤੋਂ ਰਾਤ ਨੂੰ ਸੌਣ ਤੱਕ ਖਾਣੇ ਦੀ ਚਰਚਾ

ਤਸਵੀਰ ਸਰੋਤ, Getty Images
ਲਖਨਊ ਦੀਆਂ ਰਸੋਈਆਂ 'ਤੇ ਇੱਕ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਸਨਤਕਦਾ ਟਰੱਸਟ ਦੇ ਸੰਸਥਾਪਕ, ਮਾਧਵੀ ਕੁਕਰੇਜਾ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਹਿਰ ਦੇ ਖਾਣੇ ਨੂੰ ਇਸ ਦਾ ਵੱਖਰਾ ਸੁਆਦ ਦੇਣ ਵਾਲੀ ਚੀਜ਼ ਹੈ - ਹੌਲੀ ਰਫ਼ਤਾਰ ਅਤੇ ਪਕਵਾਨ ਪਕਾਉਣ ਵਿੱਚ ਲੱਗਣ ਵਾਲਾ ਸਮਾਂ।
ਉਹ ਕਹਿੰਦੇ ਹਨ, "'ਕੀ ਪਕਾਇਆ ਜਾਵੇਗਾ, ਕਿਵੇਂ ਪਕਾਇਆ ਜਾਵੇਗਾ?' ਜ਼ਿਆਦਾਤਰ ਘਰਾਂ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਇਸ ਬਾਰੇ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ। ਅਤੇ ਅਸਲ ਵਿੱਚ ਤੁਹਾਡਾ ਮੁਲਾਂਕਣ ਤੁਹਾਡੀ ਰਸੋਈ 'ਚੋਂ ਨਿਕਲਣ ਵਾਲੇ ਖਾਣੇ ਨਾਲ ਕੀਤਾ ਜਾਂਦਾ ਹੈ।
ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਇੱਥੋਂ ਦੇ ਖਾਣੇ 'ਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ, ਸ਼ਹਿਰ ਦੇ ਪਕਵਾਨਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਬਹੁਤ ਸਾਰੇ ਪਕਵਾਨ ਸੈਂਕੜੇ ਸਾਲਾਂ ਤੋਂ ਚੱਲਦੇ ਆ ਰਹੇ ਹਨ।
ਸ਼ਾਹੀ ਰਸੋਈਆਂ ਪਾਕ ਕਲਾ ਦੇ ਨਵੇਂ-ਨਵੇਂ ਪ੍ਰਯੋਗਾਂ ਦੇ ਕੇਂਦਰ ਸਨ

ਤਸਵੀਰ ਸਰੋਤ, Maroof Culmen
18ਵੀਂ ਅਤੇ 19ਵੀਂ ਸਦੀ ਦੇ ਅਮੀਰ ਮੁਸਲਿਮ ਸ਼ਾਸਕਾਂ ਦੇ ਸਮੇਂ ਤੋਂ ਨਵਾਬਾਂ ਦੇ ਸ਼ਹਿਰ ਵਜੋਂ ਮਸ਼ਹੂਰ ਹੋਇਆ ਲਖਨਊ... ਮੂੰਹ ਵਿੱਚ ਘੁਲਣ ਵਾਲੇ ਆਪਣੇ ਕਬਾਬਾਂ ਅਤੇ ਬਿਰਿਆਨੀ ਦੇ ਇੱਕ ਖਾਸ ਅੰਦਾਜ਼ ਲਈ ਮਸ਼ਹੂਰ ਹੈ, ਜੋ ਉਨ੍ਹਾਂ ਨਵਾਬਾਂ ਦੀਆਂ ਰਸੋਈਆਂ ਵਿੱਚ ਬਣਾਏ ਗਏ, ਵਿਕਸਤ ਕੀਤੇ ਗਏ ਅਤੇ ਉੱਤਮ ਪੱਧਰ 'ਤੇ ਲੈ ਕੇ ਜਾਏ ਗਏ।
ਇਹ ਸ਼ਾਹੀ ਰਸੋਈਆਂ ਪਾਕ ਕਲਾ ਦੇ ਨਵੇਂ-ਨਵੇਂ ਪ੍ਰਯੋਗਾਂ ਦਾ ਕੇਂਦਰ ਸਨ, ਜਿੱਥੇ ਫਾਰਸੀ ਅਤੇ ਸਥਾਨਕ ਭਾਰਤੀ ਸ਼ੈਲੀਆਂ ਨੂੰ ਮਿਲਾਇਆ ਗਿਆ ਤੇ ਅਵਧ ਦਾ ਸਵਾਦ ਤਿਆਰ ਹੋਇਆ - ਜਿਵੇਂ ਕਿ ਉਸ ਸਮੇਂ ਇਸ ਖੇਤਰ ਨੂੰ ਕਿਹਾ ਜਾਂਦਾ ਸੀ।
ਇਸ ਸਮੇਂ ਦੌਰਾਨ ਹੀ ਲਖਨਊ ਦੇ ਸਭ ਤੋਂ ਮਸ਼ਹੂਰ ਕਬਾਬ ਬਣਾਏ ਗਏ।
ਕਹਾਣੀ ਇਹ ਹੈ ਕਿ ਮਟਨ ਗਲੋਟੀ ਕਬਾਬ, ਜਿਸ ਨੇ ਸ਼ਹਿਰ ਨੂੰ ਆਉਣ ਵਾਲੇ ਸੈਲਾਨੀਆਂ 'ਚ ਪਛਾਣ ਦਿਵਾਈ, ਇੱਕ ਬੁੱਢੇ ਨਵਾਬ ਨੂੰ ਖੁਆਉਣ ਲਈ ਬਣਾਏ ਗਏ ਸਨ, ਜਿਨ੍ਹਾਂ ਦੇ ਦੰਦ ਡਿੱਗ ਚੁੱਕੇ ਸਨ। ਉਨ੍ਹਾਂ ਦੇ ਬਾਵਰਚੀਆਂ ਨੇ ਪਪੀਤੇ, ਕੇਸਰ ਅਤੇ ਮਸਾਲਿਆਂ ਨਾਲ ਮਾਸ ਪੀਸਿਆ ਅਤੇ ਇਸ ਨੂੰ ਇੰਨਾ ਮਹੀਨ ਅਤੇ ਮੁਲਾਇਮ ਬਣਾਇਆ ਕਿ ਉਸ ਨੂੰ ਚਬਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ।
ਦਮ ਪੁਖਤ ਤਕਨੀਕ ਖਾਣੇ ਦੀ ਜਾਨ

ਤਸਵੀਰ ਸਰੋਤ, Getty Images
ਪਰ ਸ਼ਾਇਦ ਅਵਧ ਦੇ ਖਾਨਸਾਮਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੌਲੀ ਸੇਕ 'ਤੇ ਪਕਾਉਣ ਦੀ ਦਮ ਪੁਖਤ ਤਕਨੀਕ ਸੀ, ਜਿਸ 'ਚ ਖਾਣੇ ਨੂੰ ਹੌਲੀ ਅੱਗ 'ਤੇ ਪਕਾਇਆ ਜਾਂਦਾ ਹੈ, ਜਿਸ ਵਿੱਚ ਭਾਂਡੇ ਦਾ ਢੱਕਣ ਆਟੇ ਨਾਲ ਸੀਲ ਕਰ ਦਿੱਤਾ ਜਾਂਦਾ ਹੈ।
ਇਹ 18ਵੀਂ ਸਦੀ ਦੇ ਨਵਾਬ ਆਸਫ਼-ਉਦ-ਦੌਲਾ ਦੇ ਸ਼ਾਸਨ ਦੌਰਾਨ ਪ੍ਰਸਿੱਧ ਹੋਈ ਸੀ - ਉਸ ਖੇਤਰ ਵਿੱਚ ਅਕਾਲ ਪਿਆ ਸੀ ਅਤੇ ਉਨ੍ਹਾਂ ਨੇ ਕੰਮ ਦੇ ਬਦਲੇ ਖਾਣੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਚੌਲ, ਸਬਜ਼ੀਆਂ, ਮਾਸ ਅਤੇ ਮਸਾਲਿਆਂ ਨੂੰ ਵੱਡੇ-ਵੱਡੇ ਭਾਂਡਿਆਂ 'ਚ ਸੀਲ ਕਰਕੇ ਇੱਕ ਹੀ ਡਿਸ਼ ਵਾਲਾ ਖਾਣਾ ਬਣਾਇਆ ਜਾਂਦਾ ਸੀ।
ਕਹਾਣੀ ਇਹ ਹੈ ਕਿ ਨਵਾਬ ਨੂੰ ਇਨ੍ਹਾਂ ਭਾਂਡਿਆਂ ਤੋਂ ਨਿਕਲਣ ਵਾਲੀ ਖੁਸ਼ਬੂ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਇਸ ਖਾਣੇ ਨੂੰ ਚੱਖਣ ਦੀ ਮੰਗ ਕੀਤੀ ਅਤੇ ਦਮ ਤਕਨੀਕ ਨੂੰ ਅਧਿਕਾਰਤ ਤੌਰ 'ਤੇ ਉਨ੍ਹਾਂ ਦੀਆਂ ਰਸੋਈ ਵਿੱਚ ਅਪਣਾਇਆ ਗਿਆ।
ਇਸ ਤਕਨੀਕ ਨੂੰ ਆਧੁਨਿਕ ਭਾਰਤ ਵਿੱਚ ਮਰਹੂਮ ਸ਼ੈੱਫ ਇਮਤਿਆਜ਼ ਕੁਰੈਸ਼ੀ ਨੇ ਮੁੜ ਸੁਰਜੀਤ ਕੀਤਾ ਅਤੇ ਵਪਾਰਕ ਤੌਰ 'ਤੇ ਮਸ਼ਹੂਰ ਬਣਾ ਦਿੱਤਾ। ਉਨ੍ਹਾਂ ਨੂੰ ਅਵਧੀ ਪਕਵਾਨਾਂ ਦਾ ਉਸਤਾਦ ਮੰਨਿਆ ਜਾਂਦਾ ਹੈ ਅਤੇ ਜੋ ਅੱਜ ਦਿੱਲੀ ਦੇ ਮਸ਼ਹੂਰ ਰੈਸਟੋਰੈਂਟ ਬੁਖਾਰਾ ਅਤੇ ਦਮ ਪੁਖਤ ਦੇ ਪਿੱਛੇ ਦੀ ਤਾਕਤ ਸਨ, ਜੋ ਏਸ਼ੀਆ ਦੇ 50 ਬਿਹਤਰੀਨ ਰੈਸਟੋਰੈਂਟਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਸ਼ਾਕਾਹਾਰੀਆਂ ਲਈ ਵੀ ਸਵਰਗ

ਤਸਵੀਰ ਸਰੋਤ, Getty Images
ਜ਼ਾਹਿਰ ਹੈ ਕਿ ਸਾਫ਼-ਸੁਥਰੇ ਕਬਾਬਾਂ ਅਤੇ ਬਿਰਿਆਨੀ ਤੋਂ ਇਲਾਵਾ, ਉਨ੍ਹਾਂ ਖਾਨਸਾਮਿਆਂ ਨੇ ਕਈ ਹੋਰ ਤਰ੍ਹਾਂ ਦੇ ਪਕਵਾਨ ਵੀ ਬਣਾਏ, ਜਿਨ੍ਹਾਂ ਵਿੱਚ ਕੋਰਮਾ (ਕਰੀ), ਸ਼ੀਰਮਾਲ (ਕੇਸਰ ਵਾਲੀ ਰੋਟੀ) ਅਤੇ ਸ਼ਾਹੀ ਟੁੱਕੜਾ (ਬ੍ਰੈੱਡ ਪੁਡਿੰਗ) ਸ਼ਾਮਲ ਸਨ।
ਪਰ ਲਖਨਊ ਸਿਰਫ਼ ਕਬਾਬਾਂ ਅਤੇ ਬਿਰਿਆਨੀ ਬਾਰੇ ਨਹੀਂ ਹੈ - ਇਹ ਖੇਤਰ ਸ਼ਾਕਾਹਾਰੀਆਂ ਲਈ ਵੀ ਸਵਰਗ ਹੈ।
ਇੱਥੇ ਸਥਾਨਕ ਬਾਣੀਆ ਭਾਈਚਾਰੇ ਦਾ ਰਵਾਇਤੀ ਤੌਰ 'ਤੇ ਪੂਰੀ ਤਰ੍ਹਾਂ ਸ਼ਾਕਾਹਾਰੀ ਖਾਣਾ ਨਾ ਸਿਰਫ਼ ਮੌਸਮੀ ਉਪਜ ਦਾ ਜਸ਼ਨ ਮਨਾਉਂਦਾ ਹੈ, ਸਗੋਂ ਸ਼ਹਿਰ ਨੂੰ ਇਸ ਦੀਆਂ ਸ਼ਾਨਦਾਰ ਭਾਰਤੀ ਡਿਜ਼ਰਟਾਂ, ਮਿਠਾਈਆਂ ਅਤੇ ਅਨੋਖਾ ਸਟ੍ਰੀਟ ਫੂਡ ਵੀ ਦਿੰਦਾ ਹੈ, ਜਿਵੇਂ ਕਿ ਚਾਟ - ਮਸਾਲੇਦਾਰ ਤੇ ਚਟਪਟੇ ਤਲੇ ਹੋਏ ਵਿਅੰਜਨ।
ਲਗਭਗ ਹਰ ਮੋੜ 'ਤੇ ਛੋਟੀਆਂ-ਛੋਟੀਆਂ ਦੁਕਾਨਾਂ ਅਤੇ ਖੋਖੇ ਹਨ, ਇਹ ਸ਼ਹਿਰ ਦੇ ਉਹ ਛੋਟੇ-ਛੋਟੇ ਲੁਕੇ ਹੋਏ ਅਨਮੋਲ ਰਤਨ ਹਨ ਜੋ ਸਥਾਨਕ ਲੋਕਾਂ ਵਿੱਚ ਬਹੁਤ ਮਸ਼ਹੂਰ ਹਨ।

ਤਸਵੀਰ ਸਰੋਤ, Getty Images
ਹਜ਼ਰਤਗੰਜ ਸਿਟੀ ਸੈਂਟਰ ਵਿੱਚ ਸਵੇਰੇ 5 ਵਜੇ ਤੋਂ ਹੀ ਸ਼ਰਮਾਜੀ ਟੀ ਸਟਾਲ 'ਤੇ ਭੀੜ ਇਕੱਠੀ ਹੋਣ ਲੱਗ ਪੈਂਦੀ ਹੈ, ਜਿੱਥੇ ਮਿੱਟੀ ਦੇ ਕੁੱਲ੍ਹੜਹਾਂ ਵਿੱਚ ਦੁੱਧ ਵਾਲੀ ਗਰਮਾ-ਗਰਮ ਮਸਾਲਾ ਚਾਹ ਮਿਲਦੀ ਹੈ, ਤੇ ਇਸ ਦੇ ਨਾਲ ਮਿਲਦੇ ਹਨ ਘਰ ਦਾ ਕੱਢਿਆ ਮੱਖਣ ਲਗਾਏ ਹੋਏ ਰੂੰ ਵਰਗੇ ਨਰਮ-ਨਰਮ ਬਨ (ਇੱਕ ਕਿਸਮ ਦੀ ਬ੍ਰੈੱਡ)।
ਸਵੇਰ ਦੀ ਸੈਰ ਲਈ ਨਿਕਲੇ ਲੋਕ, ਸਿਆਸੀ ਰਣਨੀਤੀਕਾਰ ਅਤੇ ਪੱਤਰਕਾਰ ਇਸ ਸਧਾਰਣ ਜਿਹੀ ਪੁਰਾਣੀ ਦੁਕਾਨ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ, ਜੋ 1949 ਤੋਂ ਚੱਲ ਰਹੀ ਹੈ ਅਤੇ ਹੁਣ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਚੁੱਕੀ ਹੈ।
ਅਨੋਖੇ ਮੌਸਮੀ ਵਿਅੰਜਨ

ਤਸਵੀਰ ਸਰੋਤ, Maroof Culmen
ਨਾਸ਼ਤੇ ਲਈ ਨੇਤਰਾਮ ਜਾਇਆ ਜਾ ਸਕਦਾ ਹੈ - ਇਹ ਅਮੀਨਾਬਾਦ ਦੇ ਪੁਰਾਣੇ ਸ਼ਹਿਰ ਵਾਲੇ ਇਲਾਕੇ ਵਿੱਚ ਇੱਕ ਬਿਨ੍ਹਾਂ ਤਾਮਝਾਮ ਵਾਲੀ ਜਗ੍ਹਾ ਹੈ। 1880 ਵਿੱਚ ਸ਼ੁਰੂ ਹੋਈ ਇਹ ਥਾਂ, ਲਗਭਗ 150 ਸਾਲ ਬਾਅਦ ਵੀ ਆਪਣੀਆਂ ਗਰਮਾ-ਗਰਮ ਕਚੌੜੀਆਂ ਅਤੇ ਜਲੇਬੀਆਂ ਲਈ ਬਹੁਤ ਮਸ਼ਹੂਰ ਹੈ।
ਹੁਣ ਇਸ ਨੂੰ ਇਸ ਦੀ ਛੇਵੀਂ ਪੀੜ੍ਹੀ ਸੰਭਾਲ ਰਹੀ ਹੈ ਅਤੇ ਇਸ ਦੇ ਮਾਲਕ ਅਨਮੋਲ ਅਗਰਵਾਲ ਅਤੇ ਉਨ੍ਹਾਂ ਦੇ ਪੁੱਤਰ ਅਨੂਪ ਅਤੇ ਪ੍ਰਾਂਸ਼ੂ ਹਰ ਰੈਸਿਪੀ ਦੇ ਪਿੱਛੇ ਦੀ ਪ੍ਰਕਿਰਿਆ ਅਤੇ ਕਲਾਕਾਰੀ ਨੂੰ ਕਾਇਮ ਰੱਖ ਰਹੇ ਹਨ। ਇੱਕ ਆਟੋਮੋਬਾਈਲ ਇੰਜੀਨੀਅਰ ਪ੍ਰਾਂਸ਼ੂ ਨੂੰ ਆਪਣੀ ਵਿਰਾਸਤ ਨਾਲ ਡੂੰਘਾ ਲਗਾਅ ਹੈ। ਉਹ ਕਹਿੰਦੇ ਹਨ, "ਇਹ ਮੇਰੇ ਖੂਨ ਵਿੱਚ ਹੈ। ਮੈਂ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਕਰਨਾ ਚਾਹੁੰਦਾ।"

ਇਹ ਸ਼ਹਿਰ ਅਨੋਖੀਆਂ ਮੌਸਮੀ ਚੀਜ਼ਾਂ ਵੀ ਪੇਸ਼ ਕਰਦਾ ਹੈ, ਜਿਵੇਂ ਸਰਦੀਆਂ ਵਿੱਚ ਮੱਖਣ ਮਲਾਈ, ਜੋ ਕਿ ਇੱਕ ਵਿਲੱਖਣ ਰੂੰ ਜਾਂ ਝੱਗ ਵਰਗੀ ਮਿਠਾਈ ਹੁੰਦੀ ਹੈ। ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵਿਗਿਆਨਕ ਅਤੇ ਜਟਿਲ ਹੈ। ਰਸੋਈਆ ਦੁੱਧ ਨੂੰ ਹੱਥ ਨਾਲ ਰਿੜਕਦਾ ਹੈ ਅਤੇ ਫਿਰ ਉਸਨੂੰ ਰਾਤ ਭਰ ਤ੍ਰੇਲ ਵਿੱਚ ਬਾਹਰ ਛੱਡ ਦਿੰਦਾ ਹੈ, ਜਿਸ ਨਾਲ ਇਸਨੂੰ ਅਦਭੁੱਤ ਝੱਗਦਾਰ ਬਣਾਵਟ ਮਿਲਦੀ ਹੈ।
ਠੰਡੀਆਂ ਸਵੇਰਾਂ ਵਿੱਚ ਅਮੀਨਾਬਾਦ ਅਤੇ ਚੌਕ ਵਰਗੇ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਸਟ੍ਰੀਟ ਵੇਂਡਰ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ। ਹਾਲਾਂਕਿ, ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਣ ਇਹ ਕਲਾ ਸਿੱਖਣਾ ਨਹੀਂ ਚਾਹੁੰਦੇ।
ਲਖਨਊ ਵਿੱਚ ਹਰ ਡਿਸ਼ ਇੱਕ ਕਹਾਣੀ ਦੱਸਦੀ ਹੈ

ਤਸਵੀਰ ਸਰੋਤ, Getty Images
ਸ਼ੈਫ਼ ਰਣਵੀਰ ਬਰਾੜ, ਜੋ ਲਖਨਊ ਤੋਂ ਹੀ ਹਨ ਅਤੇ ਇਸ ਦੇ ਖਾਣੇ ਦੇ ਪੱਕੇ ਸ਼ੌਕੀਨ ਹਨ, ਅਕਸਰ ਕਹਿੰਦੇ ਹਨ ਕਿ ਸ਼ਹਿਰ ਦੀ ਖਾਣੇ ਦੀ ਸੰਪੰਨ ਵਿਰਾਸਤ ਇਸਨੂੰ ਭਾਰਤੀ ਸਟ੍ਰੀਟ ਫੂਡ ਵਿੱਚ ਸਭ ਤੋਂ ਉੱਪਰ ਰੱਖਦੀ ਹੈ। ਪਰ ਉਹ ਕਹਿੰਦੇ ਹਨ ਕਿ ਯੂਨੈਸਕੋ ਵੱਲੋਂ ਪਛਾਣ ਮਿਲਣ ਦਾ ਅਸਲ ਲਾਭ ਉਦੋਂ ਹੀ ਹੋਵੇਗਾ ਜਦੋਂ ਲਖਨਊ ਹੁਣ ਆਪਣੇ ਘੱਟ ਮਸ਼ਹੂਰ ਖਾਣੇ ਵਾਲੀਆਂ ਥਾਵਾਂ ਬਾਰੇ ਵੀ ਜਾਗਰੂਕਤਾ ਫੈਲਾਏਗਾ।
ਕੁਕਰੇਜਾ ਕਹਿੰਦੇ ਹਨ ਕਿ ਲਖਨਊ ਵਿੱਚ ਹਰ ਡਿਸ਼ ਇੱਕ ਕਹਾਣੀ ਦੱਸਦੀ ਹੈ, ਜੋ ਪੀੜ੍ਹੀਆਂ ਤੋਂ ਚੱਲ ਰਹੇ ਫੂਡ ਬਿਜ਼ਨਸ, ਗਲ਼ੀਆਂ 'ਚ ਲੱਗਦੇ ਸਧਾਰਣ ਠੇਲ੍ਹਿਆਂ ਤੋਂ ਲੈ ਕੇ ਚਹਿਲ-ਪਹਿਲ ਭਰੇ ਰੈਸਟੋਰੈਂਟਾਂ ਅਤੇ ਪਰਿਵਾਰ ਦੀਆਂ ਗੁਪਤ ਰੈਸਿਪੀਆਂ ਤੋਂ ਬਣੀ ਹੈ।
ਉਨ੍ਹਾਂ ਨੂੰ ਉਮੀਦ ਹੈ ਕਿ ਇਹ ਅੰਤਰਰਾਸ਼ਟਰੀ ਪਛਾਣ ਦੁਨੀਆ ਭਰ ਦੇ ਹੋਰ ਜ਼ਿਆਦਾ ਲੋਕਾਂ ਨੂੰ ਇਨ੍ਹਾਂ ਕਹਾਣੀਆਂ ਨੂੰ ਜਾਣਨ ਅਤੇ ਲਖਨਊ ਦੇ ਸੁਆਦਲੇ ਵਿਅੰਜਨਾਂ ਦਾ ਸੁਆਦ ਲੈਣ ਲਈ ਸ਼ਹਿਰ ਆਉਣ ਲਈ ਪ੍ਰੇਰਿਤ ਕਰੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












