ਅਯੁੱਧਿਆ: ਕਰੋੜਾਂ ਦੀ ਲਾਗਤ ਦਾ ‘ਵਿਕਾਸ’ ਮੀਂਹ ਕਾਰਨ ਖ਼ਤਰੇ ਵਿੱਚ ਕਿਉਂ ਆ ਗਿਆ?

ਤਸਵੀਰ ਸਰੋਤ, GAURAV GULMOHAR/ BBC
- ਲੇਖਕ, ਗੌਰਵ ਗੁਲਮੋਹਰ
- ਰੋਲ, ਅਯੁੱਧਿਆ ਤੋਂ ਬੀਬੀਸੀ ਹਿੰਦੀ ਲਈ
ਸਵੇਰ ਦੇ ਸੱਤ ਵੱਜੇ ਹਨ, ਅਸਮਾਨ ਵਿੱਚ ਹਲਕੇ ਬੱਦਲ ਹਨ ਅਤੇ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈ ਰਿਹਾ ਹੈ। ਕੁਝ ਮਹੀਨੇ ਪਹਿਲਾਂ ਬਣ ਕੇ ਤਿਆਰ ਹੋਈ ਕਾਲੀ ਡਾਮਰ ਵਾਲੀ ਰਾਮਪਥ ਸੜਕ ਖਾਲੀ ਜਿਹੀ ਪਈ ਹੈ।
ਦਰਸ਼ਨ ਕਰਨ ਆਇਆ ਕੋਈ-ਕੋਈ ਸ਼ਰਧਾਲੂ ਆ ਰਿਹਾ ਹੈ। ਸਹਿਰ ਦੇ ਮਸ਼ਹੂਰ ਸਿਵਲ ਲਾਇੰਸ ਬਸ ਅੱਡੇ ਉੱਤੇ ਈ-ਰਿਕਸ਼ਾ ਚਾਲਕ ਸਵੇਰ ਦੀ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ ਅਤੇ ਚਰਚਾ ਹੋ ਰਹੀ ਹੈ ਅਯੁੱਧਿਆ ਵਿੱਚ ਧਸਦੀਆਂ ਜਾ ਰਹੀਆਂ ਸੜਕਾਂ ਦੀ।
ਸਾਡੀ ਮੁਲਾਕਾਤ ਈ-ਰਿਕਸ਼ਾ ਚਲਾਉਣ ਵਾਲੇ ਬਬਲੂ ਨਾਲ ਹੋਈ। ਉਨ੍ਹਾਂ ਨੇ 13 ਕਿੱਲੋਮੀਟਰ ਲੰਬੇ ਰਾਮਪਥ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਸਾਹਬ ਇਹ ਸੜਕ ਹੈ ਹੀ ਨਹੀਂ। ਇੱਥੇ ਜੋ ਟੋਏ ਪੈ ਰਹੇ ਹਨ ਉਹ ਸਬ ਉਦਘਾਟਨਬਾਜ਼ੀ ਦਾ ਨਤੀਜਾ ਹੈ।”
ਉਹ ਕਹਿੰਦੇ ਹਨ, “22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਵਾਲੇ ਆਲੀਸ਼ਾਲ ਸਮਾਗਮ ਦੇ ਲਈ ਫਟਾ-ਫਟ ਨਿਰਮਾਣ ਕਾਰਜ ਹੋਇਆ। ਕੀ ਅਤੇ ਕਿੰਨਾ ਸਮਾਨ ਪਿਆ ਕੌਣ ਜਾਣੇ?"
ਉਹ ਕਹਿੰਦੇ ਹਨ, “ਇਸੇ ਸੜਕ ਨੂੰ ਬਣਾਉਣ ਲਈ ਸਾਡੇ ਘਰ ਤੋੜ ਦਿੱਤੇ ਗਏ ਅਤੇ ਪੂਰਾ ਮੁਆਵਜ਼ਾ ਵੀ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਭਾਜਪਾ ਇੱਥੋਂ ਹਾਰ ਗਈ।"
22 ਜੂਨ ਨੂੰ ਪਏ ਮੀਂਹ ਤੋਂ ਬਾਅਦ ਸਹਾਦਤਗੰਜ ਤੋਂ ਨਵਾਂ ਘਾਟ, ਅਯੁੱਧਿਆ ਤੱਕ ਜਾਣ ਵਾਲੀ ਰਾਮਪਥ ਸੜਕ 10 ਤੋਂ ਵਧੇਰੇ ਥਾਵਾਂ ਤੋਂ ਧਸ ਗਈ ਹੈ। ਜਿਸ ਤੋਂ ਬਾਅਦ ਸੜਕ ਦੇ ਵਿੱਚ ਕਈ ਡੂੰਘੇ ਸਰੁੰਗ ਵਰਗੇ ਟੋਏ ਪੈ ਗਏ ਹਨ।
ਕਰੋੜਾਂ ਖਰਚ ਕੇ ਬਣੀ ਸੀ ਸੜਕ

ਤਸਵੀਰ ਸਰੋਤ, GAURAV GULMOHAR/ BBC
ਰਾਮ ਪਥ ਕਾਰੀਡੋਰ ਦਾ ਨਿਰਮਾਣ ਇਸੇ ਸਾਲ 22 ਜਨਵਰੀ ਨੂੰ ਰਾਮ ਮੰਦਿਰ ਉਦਘਟਨ ਤੋਂ ਠੀਕ ਪਹਿਲਾਂ ਹੋਇਆ ਸੀ।
ਸਰਕਾਰੀ ਆਂਕੜਿਆਂ ਮੁਤਾਬਕ ਇਸ ਸੜਕ ਨੂੰ ਬਣਾਉਣ ਵਿੱਚ ਲਗਭਗ 624 ਕਰੋੜ ਰੁਪਏ ਦੀ ਲਾਗਤ ਆਈ ਸੀ।
ਉਦਘਾਟਨ ਤੋਂ ਪਹਿਲਾਂ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਕੇ ਅਯੁੱਧਿਆ ਦੇ ਵਿਕਾਸ ਦੇ ਦਾਅਵੇ ਕੀਤੇ ਗਏ ਸਨ ਲੇਕਿਨ ਪਾਣੀ ਭਰ ਜਾਣ ਅਤੇ ਧਸਦੀਆਂ ਸੜਕਾਂ ਨੇ ਸਾਰੀਆਂ ਗੱਲਾਂ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਕਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਮ ਮੰਦਿਰ ਦੇ ਉਦਘਾਟਨ ਲਈ ਵਿਕਾਸ ਕਾਰਜ ਪੂਰਾ ਕਰਨ ਕਰਕੇ ਸੜਕਾਂ ਮਿਆਰਾਂ ਮੁਤਾਬਕ ਨਹੀਂ ਬਣੀਆਂ।
ਅਯੁੱਧਿਆ ਦੇ ਵਿਕਾਸ ਮਾਡਲ ਉੱਤੇ ਸਵਾਲ
ਅਹਿਮ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਅਯੁੱਧਿਆ ਦੇ ਸੁੰਦਰੀਕਰਨ ਅਤੇ ਆਲੀਸ਼ਾਨ-ਦੈਵੀ ਵਿਕਾਸ ਨੂੰ ਕੀ ਵਿਕਾਸ ਦਾ ਲੰਬਾ ਸਮਾਂ ਚੱਲਣ ਵਾਲਾ ਅਤੇ ਟਿਕਾਊ ਮਾਡਲ ਕਿਹਾ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਅਯੁੱਧਿਆ ਵਿੱਚ ਰਾਮ ਮੰਦਰ ਉਦਘਾਟਨ ਤੋਂ ਪਹਿਲਾਂ ਜਿੱਥੇ ਪੂਰੇ ਸ਼ਹਿਰ ਵਿੱਚ ਡਰਿਲ ਮਸ਼ੀਨਾਂ ਅਤੇ ਬੁਲਡਜ਼ਰ ਦੀਆਂ ਅਵਾਜ਼ਾਂ ਗੂੰਜ ਰਹੀਆਂ ਸਨ। ਉੱਥੇ ਹੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੇ ਮੀਂਹ ਵਿੱਚ ਅਯੁੱਧਿਆ ਵਿੱਚ ਚਾਰੇ ਪਾਸੇ ਘਰਾਂ ਵਿੱਚ ਇਕੱਠਾ ਹੋਇਆ ਪਾਣੀ ਕੱਢਣ ਲਈ ਸੜਕਾਂ ਦੇ ਕਿਨਾਰੇ ਪੰਪਿੰਗ ਸੈੱਟ ਲੱਗੇ ਨਜ਼ਰ ਆ ਰਹੇ ਹਨ।
23 ਤੋਂ 28 ਜੂਨ ਨੂੰ ਪਏ ਮੀਂਹ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਮੁੱਖ ਗੇਟ ਉੱਤੇ ਪਾਣੀ ਖੜ੍ਹਾ ਦੇਖਿਆ ਗਿਆ।
ਇਸ ਤੋਂ ਇਲਾਵਾ ਜਲਵਾਨਪੁਰ, ਉਦਯੋਗਿਕ ਖੇਤਰ ਗੱਦੋਪੁਰ, ਕਾਰਸੇਵਕਪੁਰਮ ਅਤੇ ਸਿਵਲ ਲਾਇੰਸ ਵਿੱਚ ਵੀ ਥਾਂ-ਥਾਂ ਪਾਣੀ ਭਰ ਗਿਆ। ਲੋਕਾਂ ਦੇ ਘਰਾਂ ਤੋਂ ਇਲਾਵਾ, ਕਈ ਸਰਕਾਰੀ ਦਫ਼ਤਰਾਂ ਵਿੱਚ ਵੀ ਪਾਣੀ ਭਰ ਗਿਆ।
ਹਾਲਾਂਕਿ ਸਥਾਨਕ ਲੋਕਾਂ ਦੇ ਅਨੁਸਾਰ, ਸਰਯੂ ਦੇ ਕਿਨਾਰੇ ਬਸੇ ਇਲਾਕਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਅਯੁੱਧਿਆ ਅਤੇ ਫੈਜ਼ਾਬਾਦ ਦੋਵਾਂ ਸ਼ਹਿਰਾਂ ਵਿੱਚ ਮੀਂਹ ਦਾ ਪਾਣੀ ਪਹਿਲਾਂ ਕਦੇ ਇੰਨੇ ਵੱਡੇ ਪੱਧਰ ਉੱਤੇ ਇਕੱਠਾ ਹੋਇਆ ਨਹੀਂ ਦੇਖਿਆ ਗਿਆ।
ਰਾਮ ਮੰਦਿਰ ਦੇ ਪੁਜਾਰੀ ਨੇ ਕੀ ਕਿਹਾ

ਤਸਵੀਰ ਸਰੋਤ, GAURAV GULMOHAR/ BBC
ਖ਼ਬਰਾਂ ਆਈਆਂ ਸਨ ਕਿ 22 ਜੂਨ 2024 ਦੇ ਸਧਾਰਣ ਮੀਂਹ ਤੋਂ ਬਾਅਦ ਹੀ ਰਾਮ ਮੰਦਿਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਨੇ ਮੰਦਿਰ ਦੇ ਗਰਭ ਗ੍ਰਹਿ ਦੀ ਛੱਤ ਤੋਂ ਪਾਣੀ ਟਪਕਣ ਦੀ ਗੱਲ ਕਹੀ ਸੀ।
ਅਸੀਂ ਸਤੇਂਦਰ ਦਾਸ ਨੂੰ ਉਨ੍ਹਾਂ ਦੇ ਗੋਕੁਲ ਮੰਦਿਰ ਅਵਾਸ ਉੱਤੇ ਜਾ ਕੇ ਮਿਲੇ।
ਉਨ੍ਹਾਂ ਨੇ ਕਿਹਾ, “ਮੈਂ ਬੋਲਣ ਲਈ ਢੁੱਕਵਾਂ ਵਿਅਕਤੀ ਨਹੀਂ ਹਾਂ। ਅਜੇ ਬੋਲਣ ਲਾਇਕ ਮਾਹੌਲ ਨਹੀਂ ਹੈ। ਵਿਕਾਸ ਬਾਰੇ ਕੀ ਕਹੀਏ? ਪਹਿਲੇ ਮੀਂਹ ਵਿੱਚ ਹੀ ਸੜਕ ਧਸ ਗਈ?”
ਹਾਲਾਂਕਿ ਰਾਮ ਮੰਦਿਰ ਦਾ ਉਸਾਰੀ ਕਾਰਜ ਦੇਖਣ ਵਾਲੇ ਟਰੱਸਟ ਦੇ ਮੁੱਖ-ਸਕੱਥਰ ਚੰਪਤ ਰਾਏ ਨੇ ਸੋਸ਼ਲ ਮੀਡੀਆ ਉੱਤੇ ਗਰਭ ਗ੍ਰਹਿ ਵਿੱਚੋਂ ਪਾਣੀ ਲੀਕ ਵਾਲੇ ਦਾਅਵੇ ਨੂੰ ਗਲਤ ਠਹਿਰਾਇਆ ਹੈ।
ਉਨ੍ਹਾਂ ਨੇ ਲਿਖਿਆ ਗਰਭ ਗ੍ਰਹਿ ਵਿੱਚ ਜਿੱਥੇ ਭਗਵਾਨ ਰਾਮ ਲੱਲਾ ਵਿਰਾਜਮਾਨ ਹਨ, ਉੱਥੇ ਇੱਕ ਬੂੰਦ ਵੀ ਪਾਣੀ ਛੱਤ ਤੋਂ ਨਹੀਂ ਟਪਕਿਆ ਹੈ ਅਤੇ ਨਾ ਹੀ ਕਿਤੋਂ ਪਾਣੀ ਗਰਭ ਗ੍ਰਹਿ ਵਿੱਚ ਦਾਖਲ ਹੋਇਆ ਹੈ।
ਲੇਕਿਨ ਗੱਲ ਜੇ ਕਈ ਥਾਈਂ ਬਣੀ ਸੜਕ ਧਸ ਜਾਣ ਦੀ ਹੋਵੇ ਤਾਂ ਅਯੁੱਧਿਆ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਵੀ ਮੰਨਦਾ ਹੈ ਕਿ ਸੜਕਾਂ ਉੱਤੇ ਟੋਏ ਹੋ ਗਏ ਹਨ ਜੋ ਨਹੀਂ ਹੋਣੇ ਚਾਹੀਦੇ ਸਨ।

ਤਸਵੀਰ ਸਰੋਤ, GAURAV GULMOHAR/ BBC
ਸੂਬੇ ਵਿੱਚ ਸਤਾਧਾਰੀ ਭਾਜਪਾ ਨਾਲ ਜੁੜੇ ਹੋਏ ਸ਼ਹਿਰ ਦੇ ਮੇਅਰ ਮਹੰਤ ਗਿਰੀਸ਼ਪਤ ਤ੍ਰਿਪਾਠੀ ਨੇ ਬੀਬੀਸੀ ਨੂੰ ਕਿਹਾ, “ਰਾਮਪਥ ਬਿਨਾਂ ਸ਼ੱਕ ਅਯੁੱਧਿਆ ਵਿੱਚ ਇੱਕ ਉਪਲਭਦੀ ਹੈ। ਇਸ ਸੜਕ ਵਿੱਚ ਇੰਜੀਨਿਅਰਿੰਗ ਦੀਆਂ ਕੁਝ ਸਮੱਸਿਆਵਾਂ ਸਨ, ਇਸ ਲਈ ਕੁਝ ਟੋਏ ਪੈ ਗਏ, ਪਰ ਮੈਨੂੰ ਲਗਦਾ ਹੈ ਕਿ ਇਹ ਵੀ ਆਉਣੇ ਨਹੀਂ ਚਾਹੀਦੇ ਸਨ। ਨਿਰਮਾਣ ਵਿੱਚ ਕੁਝ ਤਕਨੀਕੀ ਕਮੀਆਂ ਰਹਿ ਗਈਆਂ ਹੋਣਗੀਆਂ, ਜਿਸਦੇ ਕਾਰਨ ਕੁਝ ਟੋਏ ਪੈ ਗਏ।”
ਉਨ੍ਹਾਂ ਨੇ ਅੱਗੇ ਕਿਹਾ, “22 ਜਨਵਰੀ ਵਾਲੇ ਸਮਾਗਮ ਦੇ ਮੱਦੇਨਜ਼ਰ ਪੂਰੀ ਦੁਨੀਆਂ ਤੋਂ ਸ਼ਰਧਾਲੂਆਂ ਦੇ ਇੱਥੇ ਪਹੁੰਚਣ ਦੀ ਉਮੀਦ ਸੀ। ਸਾਰੀ ਦੁਨੀਆਂ ਦੀਆਂ ਨਜ਼ਰਾਂ ਅਯੁੱਧਿਆ ਵੱਲ ਸਨ। ਇੱਕ ਸਟੇਟ ਆਫ ਦਿ ਆਰਟ ਸੜਕ ਦੀ ਲੋੜ ਸੀ।”
“ਹੋ ਸਕਦਾ ਹੈ ਕਿ ਜਲਦੀ ਬਣਾਉਣ ਦੇ ਚੱਕਰ ਵਿੱਚ ਤਕਨੀਕੀ ਕਮੀ ਰਹਿ ਗਈ ਹੋਵੇ। ਉਸੇ ਕਰਕੇ ਸ਼ੁਰੂਆਤੀ ਮੀਂਹ ਵਿੱਚ ਉਹ ਟੋਏ ਨਜ਼ਰ ਆ ਰਹੇ ਹਨ। ਲੇਕਿਨ ਸਾਨੂੰ ਭਰੋਸਾ ਹੈ ਕਿ ਯੋਗੀ ਸਰਕਾਰ ਵਿੱਚ ਇਨ੍ਹਾਂ ਕਮੀਆਂ ਨੂੰ ਦੂਰ ਕਰ ਲਵਾਂਗੇ। ਆਉਣ ਵਾਲੇ ਦਿਨਾਂ ਵਿੱਚ ਗੰਭੀਰ ਮੀਂਹ ਨਾਲ ਨਜਿੱਠਣ ਲਈ ਅਯੁੱਧਿਆ ਨਗਰ ਨਿਗਮ ਤਿਆਰ ਹੈ।”
“ਲੋਕ ਨਿਰਮਾਣ ਵਿਭਾਗ ਦੇ ਵਧੀਕ ਇੰਜੀਨੀਅਰ ਓਮ ਪ੍ਰਕਾਸ਼ ਵਰਮਾ ਨੇ ਮੀਡੀਆ ਨੂੰ ਕਿਹਾ, ਰਾਮ ਪਥ ਕਾਰੀਡੋਰ ਲਾਇਬਿਲੀਟੀ ਪੀਰੀਅਡ ਵਿੱਚ ਹੈ। ਇਸ ਸਮੇਂ ਦੌਰਾਨ ਕੋਈ ਵੀ ਸਮੱਸਿਆ ਆਉਣ ਉੱਤੇ ਨਿਰਮਾਣ ਕਾਰਜ ਏਜੰਸੀ ਵੱਲੋਂ ਹੀ ਕਰਵਾਇਆ ਜਾਵੇਗਾ। ਅਗਾਮੀ ਮੌਨਸੂਨ ਦੇ ਦੌਰਾਨ ਪੀਡਬਲਿਊਡੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸੰਬੰਧਿਤ ਨਿਰਮਾਣ ਏਜੰਸੀ ਵੱਲੋਂ ਤਿੱਖੀ ਨਿਗਰਾਨੀ ਰੱਖੀ ਜਾ ਜਾਵੇਗੀ।”

ਪਰੇਸ਼ਾਨ ਸ਼ਹਿਰ ਵਾਸੀ
ਅਯੁੱਧਿਆ ਧਾਮ ਸਟੇਸ਼ਨ ਰੋਡ ਉੱਚੇ ਆਨਲਾਈਨ ਬੈਂਕਿੰਗ ਦਾ ਕੰਮ ਕਰਨ ਵਾਲੇ ਰਜਨੀਸ਼ ਕੁਮਾਰ ਦੇ ਘਰ ਦੇ ਸਾਹਮਣੇ ਬਣ ਰਿਹਾ ਨਾਲਾ ਮਹੀਨੇ ਭਰ ਤੋਂ ਅਧੂਰਾ ਪਿਆ ਹੈ। ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਰਜਨੀਸ਼ ਦੇ ਘਰ ਅਤੇ ਦੁਕਾਨ ਵਿੱਚ ਤਰੇੜਾਂ ਆ ਗਈਆਂ ਹਨ।
ਪੰਪਿੰਗ ਸੈਟ ਨਾਲ ਪਾਣੀ ਕੱਢਦੇ ਹੋਏ ਉਹ ਖਾਸੇ ਨਿਰਾਸ਼ ਨਜ਼ਰ ਆ ਰਹੇ ਸਨ।
ਸਾਫ਼ ਹੈ ਕਿ, ਅਜੇ ਤਾਂ ਮਾਨਸੂਨ ਦੀ ਸ਼ੁਰੂਆਤ ਵੀ ਨਹੀਂ ਹੋਈ ਹੈ ਅਤੇ ਇਸ ਕਾਰਨ ਉਨ੍ਹਾਂ ਦਾ ਪਰਿਵਾਰ ਡਰਿਆ ਹੋਇਆ ਹੈ।

ਤਸਵੀਰ ਸਰੋਤ, GAURAV GULMOHAR/ BBC
ਰਜਨੀਸ਼ ਕੁਮਾਰ ਨੇ ਦੱਸਿਆ, “ਅੱਧਾ ਘਰ ਅਧਿਗ੍ਰਹਿਣ ਵਿੱਚ ਟੁੱਟ ਗਿਆ। ਜੋ ਬਚਿਆ ਹੈ ਉਹ ਧਸਦਾ ਜਾ ਰਿਹਾ ਹੈ। ਸਾਡਾ ਪੰਜ ਜਣਿਆਂ ਦਾ ਪਰਿਵਾਰ ਇਸੇ ਘਰ ਵਿੱਚ ਰਹਿੰਦਾ ਹੈ। ਠੇਕੇਦਾਰ ਵਿੱਚ-ਵਿਚਾਲੇ ਨਾਲਾ ਛੱਡ ਕੇ ਚਲਿਆ ਗਿਆ ਅਤੇ ਇਹ ਵੀ ਨਹੀਂ ਦੇਖਿਆ ਕਿ ਇੱਥੇ ਕਿਸੇ ਦਾ ਘਰ ਹੈ। ਬੈਠ ਸਕਦਾ ਹੈ। ਤੋੜਨ ਲਈ ਸਾਰੇ ਆ ਜਾਂਦੇ ਹਨ ਪਰ ਬਣਾਉਣ ਲਈ ਕੋਈ ਕਿਉਂ ਨਹੀਂ ਆਉਂਦਾ।”
ਅਯੁੱਧਿਆ ਸਟੇਸ਼ਨ ਰੋਡ ਉੱਤੇ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਚਲਾਉਣ ਵਾਲੇ ਬ੍ਰਿਜਕਿਸ਼ੋਰ ਕਹਿੰਦੇ ਹਨ, “ਮਹੀਨੇ ਤੱਕ ਇੱਥੇ ਨਾਲਾ ਪੁੱਟਿਆ ਗਿਆ ਅਤੇ ਅਧੂਰਾ ਛੱਡ ਦਿੱਤਾ ਗਿਆ। ਦੁਕਾਨ ਦੇ ਸਾਹਮਣੇ ਪਾਣੀ ਭਰਦਾ ਹੈ ਅਤੇ ਦੁਕਾਨ ਦੀ ਮਿੱਟੀ ਕੱਟ-ਕੱਟ ਕੇ ਪਾਣੀ ਵਿੱਚ ਜਾ ਰਹੀ ਹੈ।”
"ਦੁਕਾਨ ਕਦੇ ਵੀ ਧਸ ਸਕਦੀ ਹੈ। ਮੁੱਖ ਮੰਤਰੀ ਪੋਰਟਲ ਉੱਤੇ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀ ਹੋ ਰਹੀ ਹੈ। ਜਿੱਥੇ ਪਹਿਲਾਂ ਕਦੇ ਵੀ ਪਾਣੀ ਇੱਕਠਾ ਨਹੀਂ ਹੁੰਦਾ ਸੀ ਪਰ ਦੋ ਘੰਟਿਆਂ ਦੇ ਮੀਂਹ ਵਿੱਚ ਬੇਹਾਲ ਹੈ।"
ਸ਼ਹਿਰ ਦੇ ਸਮਾਜਿਕ ਕਾਰਕੁਨ ਗੁਫਰਾਨ ਸਿੱਦੀਕੀ ਕਹਿੰਦੇ ਹਨ, “ਫੈਜਾਬਾਦ ਸ਼ਹਿਰ ਕਦੇ ਅਵਧ ਦੀ ਰਾਜਧਾਨੀ ਸੀ ਜਿੱਥੇ ਪੁਰਾਣੇ ਸੈਟਲਮੈਂਟ ਅਤੇ ਵਿਕਾਸ ਦਾ ਮਾਡਲ ਅੱਜ ਵੀ ਤੁਹਾਨੂੰ ਨਜ਼ਰ ਆ ਸਕਦਾ ਹੈ।”
"ਮੇਸੇ ਚੇਤੇ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਅਯੁੱਧਿਆ ਅਤੇ ਫੈਜ਼ਾਬਾਦ ਸ਼ਹਿਰ ਵਿੱਚ ਸਧਾਰਣ ਮੀਂਹ ਵਿੱਚ ਪਾਣੀ ਇਕੱਠਾ ਹੋਣ ਦਾ ਇੰਨਾ ਵੱਡਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਇਹ ਸਭ ਮੀਡੀਆ ਵਿੱਚ ਚਮਕ-ਦਮਕ ਅਥੇ ਆਲੀਸ਼ਾਨ ਜਲੌਅ ਦਿਖਾਉਣ ਦਾ ਸਿੱਟਾ ਹੈ। ਵਰਨਾ ਤਿੰਨ ਮਹੀਨੇ ਪਹਿਲਾਂ ਜੋ ਕੰਮ ਪੂਰਾ ਹੋਇਆ ਹੈ ਉਸ ਵਿੱਚ ਇੱਕ ਕਿੱਲੋਮੀਟਰ ਵਿੱਚ ਪੰਜ-ਪੰਜ ਟੋਏ ਕਿਵੇਂ ਪੈ ਸਕਦੇ ਹਨ?"
ਨਿਗਮ ਦੇ ਦਫ਼ਤਰ ਵਿੱਚ ਵੜਿਆ ਪਾਣੀ
ਸੜਕਾਂ ਉੱਤੇ ਡੂੰਘੇ ਟੋਇਆਂ ਤੋਂ ਇਲਾਵਾ ਰਾਮ ਮੰਦਿਰ ਕੰਪਲੈਕਸ ਦੇ ਮੁੱਖ ਗੇਟ ਉੱਤੇ ਪਾਣੀ ਖੜ੍ਹਾ ਦੇਖਿਆ ਗਿਆ।
ਉੱਥੇ ਹੀ ਮੰਦਿਰ ਦੇ ਨਾਲ ਹੀ ਨਗਰ ਨਿਗਮ ਦੇ ਅਯੁੱਧਿਆ ਦਫ਼ਤਰ, ਆਸ-ਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਵੀ ਪਾਣੀ ਖੜ੍ਹਨ ਨਾਲ ਜੂਝਦੇ ਲੋਕ ਦੇਖੇ ਗਏ।
ਅਯੁੱਧਿਆ ਨਗਰ ਨਿਗਮ ਦੇ ਕਰਮਚਾਰੀ ਕਮਲੇਸ਼ ਕੁਮਾਰ ਦਫ਼ਰਤ ਵਿੱਚ ਪੰਪਿੰਗ ਸੈਟ ਨਾਲ ਪਾਣੀ ਕਢਵਾ ਰਹੇ ਸਨ। ਉਨ੍ਹਾਂ ਦੇ ਮੁਤਾਬਕ ਮੀਂਹ ਵਿੱਚ ਕਦੇ ਵੀ ਨਿਗਮ ਦਫ਼ਤਰ ਵਿੱਚ ਪਾਣੀ ਇਕੱਠਾ ਨਹੀਂ ਹੁੰਦਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਜੋ ਆਰਐੱਨਸੀ ਕੰਪਨੀ ਸੜਕ ਬਣਾ ਰਹੀ ਸੀ, ਉਸਨੇ ਪੁਰਾਣੇ ਨਾਲੇ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ। ਨਵੇਂ ਰਾਮ ਪਥ ਸੜਕ ਦੇ ਵਿਚਾਲਿਓਂ ਨਾਲਾ ਗਿਆ ਹੈ ਪਰ ਉਸ ਨਾਲ ਦਫ਼ਤਰ ਦੇ ਨਾਲੇ ਨੂੰ ਜੋੜਿਆ ਨਹੀਂ ਗਿਆ।ਇਸੇ ਕਾਰਨ ਪਾਣੀ ਇਕੱਠਾ ਹੋ ਗਿਆ।”

ਤਸਵੀਰ ਸਰੋਤ, GAURAV GULMOHAR/ BBC
“ਅਸੀਂ ਕਹਿੰਦੇ ਰਹੇ ਕਿ ਮੁੱਖ ਨਾਲੇ ਨਾਲ ਦਫ਼ਤਰ ਦੀ ਨਾਲੀ ਨੂੰ ਵੀ ਜੋੜ ਦਿੱਤਾ ਜਾਵੇ ਪਰ ਉਨ੍ਹਾਂ ਨੇ ਕਿਸੇ ਦੀ ਸਲਾਹ ਨਹੀਂ ਮੰਨੀ, ਮਨਮੰਨੇ ਤਰੀਕੇ ਨਾਲ ਕੰਮ ਕਰਕੇ ਨਿਕਲ ਗਏ।”
ਰਾਮ ਮੰਦਿਰ ਤੋਂ ਸੌ ਮੀਟਰ ਦੂਰ ਜਲਵਾਪੁਰ ਇਲਾਕਾ ਵੀ ਮੀਂਹ ਦੇ ਪਾਣੀ ਵਿੱਚ ਮੁਸ਼ਕਲ ਸਮੇਂ ਦਾ ਸਾਹਮਣਾ ਕਰਦਾ ਰਿਹਾ ਹੈ, ਲੇਕਿਨ ਪਹਿਲੇ ਮੀਂਹ ਵਿੱਚ ਹੀ ਲੋਕਾਂ ਦੇ ਸਾਹਮਣੇ ਪਾਣੀ ਭਰਨ ਦੇ ਸੰਕਟ ਖੜ੍ਹੇ ਹੋ ਜਾਣਗੇ ਅਜਿਹਾ ਕਿਸੇ ਨੇ ਨਹੀਂ ਸੋਚਿਆ ਸੀ।
ਕਿਰਣ,ਜਲਵਾਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਦੁਕਾਨ ਕਰਦੇ ਹਨ। ਉਨ੍ਹਾਂ ਦੀ ਦੁਕਾਨ ਤੱਕ ਪਾਣੀ ਭਰ ਚੁੱਕਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਚਾਹ- ਨਾਸ਼ਤੇ ਦੀ ਦੁਕਾਨ ਰਾਮ ਮੰਦਰ ਦੇ ਨਾਲ ਰਾਮ ਪੱਥ ਉੱਤੇ ਸੀ ਪਰ ਸੜਕ ਚੌੜੀ ਕਰਨ ਦੌਰਾਨ 60 ਫੁੱਟ ਲੰਬੀ ਅਤੇ 13 ਫੁੱਟ ਚੌੜੀ ਦੁਕਾਨੂੰ ਨੂੰ ਤੋੜ ਦਿੱਤਾ ਗਿਆ।
ਕਿਰਣ ਦੱਸਦੇ ਹਨ, “ਪੂਰਾ ਮੁਹੱਲਾ ਪਾਣੀ ਨਾਲ ਭਰਿਆ ਹੋਇਆ ਹੈ। ਮੇਰੀ ਦੁਕਾਨ ਵਿੱਚ ਇੱਕ ਫੁੱਟ ਤੱਕ ਪਾਣੀ ਭਰ ਗਿਆ ਹੈ। ਕਿਵੇਂ ਅਸੀਂ ਖਾਣਾ ਬਣਾਈਏ ਅਤੇ ਕਿਵੇਂ ਸਮਾਨ ਲੈਣ ਜਾਈਏ ਕੋਈ ਰਾਹ ਨਹੀਂ ਬਚਿਆ ਹੈ। ਪ੍ਰਸ਼ਾਸਨ ਵੱਲੋਂ ਕੋਈ ਸੁਣਨ ਵਾਲਾ ਨਹੀਂ ਹੈ।”
ਜਵਾਲਾਪੁਰ ਦੀ ਦੂਜੀ ਗਲੀ ਵਿੱਚ ਪਦਮਾਵਤੀ ਆਪਣੇ ਤਿੰਨ ਮੰਜ਼ਿਲਾ ਮਕਾਨ ਵਿੱਚ ਧਰਮਸ਼ਾਲਾ ਚਲਾਉਂਦੇ ਹਨ। ਉਹ ਦਰਵਾਜ਼ੇ ਉੱਤੇ ਖੜ੍ਹੇ ਯਾਤਰੀਆਂ ਦਾ ਰਾਹ ਦੇਖ ਰਹੇ ਹਨ।
ਦੂਰ ਤੋਂ ਗੰਦੇ ਕਾਲੇ ਪਾਣੀ ਨਾਲ ਭਰੀ ਗਲੀ ਵਿੱਚ ਮੈਨੂੰ ਆਉਂਦਾ ਦੇਖ ਕੇ ਪਦਮਾਵਤੀ ਨੇ ਸ਼ਾਇਦ ਸੋਚਿਆਂ ਕਿ ਮੈਂ ਕੋਈ ਤੀਰਥ ਯਾਤਰੀ ਹਾਂ ਅਤੇ ਕਿਰਾਏ ਦਾ ਕਮਰਾ ਦੇਖ ਰਿਹਾ ਹਾਂ।

ਤਸਵੀਰ ਸਰੋਤ, GAURAV GULMOHAR/ BBC
ਲੇਕਿਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਤੀਰਥ ਯਾਤਰੀ ਨਹੀਂ ਹਾਂ ਤਾਂ ਉਹ ਨਿਰਾਸ਼ ਹੋ ਗਏ।
ਪਦਮਾਵਤੀ ਨੇ ਕਿਹਾ, “ਇਸ ਵਾਰ ਦੋ ਮੀਂਹ ਪਏ, ਦੋਵੇਂ ਵਾਰ ਘਰਾਂ ਵਿੱਚ ਪਾਣੀ ਭਰ ਗਿਆ। ਜੋ ਯਾਤਰੀ ਧਰਮਸ਼ਾਲਾ ਵਿੱਚ ਆਏ ਸਨ ਉਹ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਕੋਈ ਯਾਤਰੀ ਨਹੀਂ ਆਇਆ। ਸਾਡੀ ਪੂਰੀ ਧਰਮਸ਼ਾਲਾ ਖਾਲੀ ਹੈ।”
ਉਹ ਕਹਿੰਦੇ ਹਨ, “ਗੰਦੇ ਪਾਣੀ ਦੇ ਰੁਕਣ ਕਾਰਨ ਘਰਾਂ ਵਿੱਚ ਸਿੱਲ੍ਹ, ਮੱਛਰ ਅਤੇ ਬੀਮਾਰੀਆਂ ਫੈਲ ਰਹੀਆਂ ਹਨ। ਸਾਡੇ ਇੱਥੇ ਰਾਮ ਮੰਦਿਰ ਦੇ ਵਿਕਾਸ ਦੇ ਨਾਮ ਉੱਤੇ ਪਾਣੀ ਦਾ ਵਿਕਾਸ ਹੋਇਆ ਹੈ। ਸਾਨੂੰ ਸ਼ਹਿਰ ਵਿੱਚ ਹਰ ਥਾਂ ਪਾਣੀ ਮਿਲ ਰਿਹਾ ਹੈ।”
ਰਾਮ ਮੰਦਿਰ ਬਣਨ ਤੋਂ ਖੁਸ਼ੀ ਦੇ ਸਵਾਲ ਬਾਰੇ ਪਦਮਾਵਤੀ ਕਹਿੰਦੇ ਹਨ, “ਰਾਮ ਮੰਦਿਰ ਸ਼ਰਧਾ ਦਾ ਕੇਂਦਰ ਹੈ। ਮੰਦਿਰ ਦੇ ਨਾਮ ਤੋਂ ਸਾਰੇ ਖੁਸ਼ ਹਨ ਲੇਕਿਨ ਸਾਨੂੰ ਕੀ ਚਾਹੀਦਾ ਹੈ” ਇਹੀ ਨਾ ਕਿ ਸਾਡੀ ਨਾਲੀ ਬਣ ਜਾਵੇ ਅਤੇ ਪਾਣੀ ਨਿਕ ਜਾਵੇ।”
ਕੈਗ ਨੇ ਵੀ ਯੋਜਨਾਵਾਂ ਉੱਤੇ ਸਵਾਲ ਚੁੱਕੇ ਸਨ

ਤਸਵੀਰ ਸਰੋਤ, GAURAV GULMOHAR/ BBC
ਮੌਜੂਦਾ ਸਮੇਂ ਵਿੱਚ ਅਯੁੱਧਿਆ ਦੇ ਮੁਕੰਮਲ ਵਿਕਾਸ ਵਿੱਚ ਕਿਤੇ ਭਾਰੀ ਤਨੀਕੀ ਕੁਤਾਹੀ ਹੋਈ ਹੈ ਜਾਂ ਮੀਂਹ ਦਾ ਅਸਰ ਹੈ, ਇਸ ਬਾਰੇ ਕੁਝ ਕਹਿ ਸਕਣਾ ਕਿਸੇ ਲਈ ਸੌਖਾ ਨਹੀਂ ਹੈ।
ਜਿੱਥੇ ਸਰਕਾਰ ਮੀਂਹ ਤੋਂ ਬਾਅਦ ਪੈਦਾ ਹੋਈ ਗੜਬੜੀ ਨੂੰ ਆਰਜੀ ਮੰਨ ਰਿਹਾ ਹੈ ਉੱਥੇ ਹੀ ਵਿਰੋਧੀ ਧਿਰ ਇਸ ਨੂੰ ਭਾਰੀ ਕੁਤਾਹੀ ਦੱਸ ਰਿਹਾ ਹੈ।
ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਾਰਸਨਾਥ ਯਾਦਵ ਨੇ ਬੀਬੀਸੀ ਨੂੰ ਕਿਹਾ, “ਹਿੰਦੂ ਧਰਮ ਵਿੱਚ ਲਿਖਿਆ ਹੈ ਕਿ ਕਿਸੇ ਵੀ ਅਧੂਰੇ ਮੰਦਿਰ ਵਿੱਚ ਈਸ਼ਵਰ ਦੀ ਮੂਰਤੀ ਸਥਾਪਿਤ ਨਹੀਂ ਹੋਣੀ ਚਾਹੀਦੀ। ਲੇਕਿਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਸਮਾਗਮ ਕਰਕੇ ਉਦਘਾਟਨ ਕੀਤਾ ਕਰਵਾਇਆ ਗਿਆ।”
ਉਹ ਕਹਿੰਦੇ ਹਨ, “ਸਾਰੀਆਂ ਚੀਜ਼ਾਂ ਵਿੱਚ ਨੰਬਰ ਦੋ ਕਰਕੇ ਸਮਾਨ ਲਾਇਆ। ਸੜਕਾਂ ਫਟ ਰਹੀਆਂ ਹਨ, ਸੀਵਰ ਟੁੱਟ ਰਹੇ ਹਨ, ਚਾਰ ਦਿਵਾਰੀ ਢਹਿ ਗਈ ਹੈ, ਇਹ ਸਭ ਉਸੇ ਦਾ ਨਤੀਜਾ ਹੈ।”
ਅਯੁੱਧਿਆ ਵਿੱਚ ਰਹਿਣ ਵਾਲੇ ਪ੍ਰੋਫੈਸਰ ਅਨਿਲ ਕੁਮਾਰ ਸਿੰਘ ਸੜਕਾਂ ਦੇ ਧਸਣ ਅਤੇ ਪਾਣੀ ਖੜ੍ਹਨ ਦਾ ਮੁੱਖ ਕਾਰਨ ਕਾਹਲੀ ਅਤੇ ਗੈਰ-ਹੁਨਰਮੰਦ ਇੰਜਿਨੀਅਰਿੰਗ ਨੂੰ ਮੰਨਦੇ ਹਨ।
ਪ੍ਰੋਫੈਸਰ ਅਨਿਲ ਕੁਮਾਰ ਸਿੰਘ ਕਹਿੰਦੇ ਹਨ, “ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਇਸ ਲਈ ਕਿਸੇ ਮਾਹਰ ਦੀ ਮਦਦ ਨਹੀਂ ਲਈ ਗਈ ਅਤੇ ਬਹੁਤ ਕਾਹਲੀ ਨਾਲ ਕੰਮ ਕੀਤਾ ਗਿਆ ਹੈ। ਕਿਉਂਕਿ 22 ਜਨਵਰੀ ਨੂੰ ਮੰਦਿਰ ਦਾ ਉਦਘਾਟਨ ਹੋਣਾ ਸੀ ਇਸ ਲਈ ਬਹੁਤ ਸਾਰੇ ਕੰਮ, ਕੰਮ-ਚਲਾਊ ਹੋਏ ਹਨ।”
ਕੰਟਰੋਲਰ ਐਂਡ ਆਡਿਟਰ ਜਨਰਲ ਆਫ ਇੰਡੀਆ ( ਕੈਗ) ਦਿ ਪਿਛਲੇ ਸਾਲ ਮਾਨਸੂਲ ਇਜਲਾਸ ਦੌਰਾਨ ਲੋਕ ਸਭਾ ਵਿੱਚ ਪੇਸ਼ ਕੀਤੀ ਘਈ ਰਿਪੋਰਟ ਵਿੱਚ ਵੀ ਅਯੁੱਧਿਆ ਵਿੱਚ ਸ਼ੁਰੂ ਕੀਤੀਆਂ ਗਈਆਂ ਕਈ ਯੋਜਨਾਵਾਂ ਉੱਤੇ ਸਵਾਲ ਖੜ੍ਹੇ ਕੀਤੇ ਗਏ ਸਨ।








