ਅਮ੍ਰਿਤਪਾਲ ਤੇ ਇੰਜੀ. ਰਸ਼ੀਦ ਸਣੇ ਉਹ ਲੋਕ ਸਭਾ ਮੈਂਬਰ ਜੋ ਸੰਸਦ ਵਿੱਚ ਸਹੁੰ ਨਹੀਂ ਚੁੱਕ ਸਕੇ

ਤਸਵੀਰ ਸਰੋਤ, AFZAL ANSARI/FB/ ANI/ GETTY
18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਵੱਲੋਂ ਆਪਣੇ ਅਹੁਦੇ ਦੀ ਸਹੁੰ ਚੁੱਕਣ ਨਾਲ ਹੋਈ।
ਸੋਮਵਾਰ ਅਤੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਪਰ ਉਹ ਸੱਤ ਸੰਸਦ ਮੈਂਬਰ ਰਹਿ ਗਏ, ਜਿਹੜੇ ਸਹੁੰ ਨਹੀਂ ਚੁੱਕ ਸਕੇ।
ਬੁੱਧਵਾਰ ਨੂੰ ਸਪੀਕਰ ਦੇ ਅਹੁਦੇ ਦੀ ਚੋਣ ਲਈ ਵੋਟਾਂ ਨਹੀ ਹੋਈਆਂ, ਜੇਕਰ ਅਜਿਹਾ ਹੁੰਦਾ ਤਾਂ ਨਿਯਮਾਂ ਦੇ ਮੁਤਾਬਕ ਇਹ ਸੰਸਦ ਮੈਂਬਰ ਇਸ ਵਿੱਚ ਭਾਗ ਨਹੀਂ ਲੈ ਸਕਦੇ ਸਨ।
ਹਾਲਾਂਕਿ ਇਨ੍ਹਾਂ ਵਿੱਚੋਂ ਪੱਛਮੀ ਬੰਗਾਲ ਦੀ ਘਾਟਲ ਸੀਟ ਤੋਂ ਜਿੱਤੇ ਦੀਪਕ ਅਧਿਕਾਰੀ ਨੇ ਬੁੱਧਵਾਰ ਨੂੰ ਸਹੁੰ ਚੁੱਕੀ।
ਜਦਕਿ ਕੇਰਲ ਤੋਂ ਕਾਂਗਰਸ ਦੀ ਰਵਾਇਤੀ ਸੀਟ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਬਣੇ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਅਹੁਦੇ ਅਤੇ ਦੀ ਗੁਪਤਤਾ ਸਹੁੰ ਚੁੱਕੀ।
ਬਾਕੀ ਪੰਜ ਸੰਸਦ ਮੈਂਬਰਾਂ ਵਿੱਚ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਜਿੱਤੇ ਅਮ੍ਰਿਤਪਾਲ ਸਿੰਘ, ਕਸ਼ਮੀਰ ਦੀ ਬਾਰਾਮੁੱਲਾ ਸੀਟ ਤੋਂ ਜਿੱਤੇ ਇੰਜੀਨੀਅਰ ਰਸ਼ੀਦ, ਪੱਛਮੀ ਬੰਗਾਲ ਦੀ ਅਸਨਸੋਲ ਸੀਟ ਤੋਂ ਸੰਸਦ ਮੈਂਬਰ ਸ਼ਤਰੁਘਨ ਸਿਨਹਾ, ਬਸ਼ੀਰਹਾਟ ਤੋਂ ਸ਼ੇਖ਼ ਨੁਰੂਲ ਇਸਲਾਮ ਅਤੇ ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਤੋਂ ਮੁੜ ਜਿੱਤ ਕੇ ਸੰਸਦ 'ਚ ਪਹੁੰਚੇ ਅਫ਼ਜ਼ਲ ਅੰਸਾਰੀ ਸ਼ਾਮਲ ਹਨ।
ਇਨ੍ਹਾਂ ਵਿੱਚ ਅਮ੍ਰਿਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਜੇਲ੍ਹ ਵਿੱਚ ਬੰਦ ਹਨ ਅਤੇ ਸਹੁੰ ਚੁੱਕਣ ਲਈ ਇਨ੍ਹਾਂ ਦੀ ਅੰਤਰਿਮ ਜ਼ਮਾਨਤ 'ਤੇ ਅਦਾਲਤ ਵਿੱਚ ਸੁਣਵਾਈ ਹੋਣੀ ਹੈ।
ਜਦੋਂ ਕਿ ਅਫ਼ਜ਼ਲ ਅੰਸਾਰੀ ਨੂੰ ਪਿਛਲੇ ਸਾਲ ਇੱਕ ਮਾਮਲੇ ਵਿੱਚ ਸਜ਼ਾ ਹੋਣ ਦੇ ਕਾਰਨ ਸੰਸਦੀ ਕਾਰਵਾਈ ਵਿੱਚ ਸ਼ਾਮਲ ਹੋਣ ਦੀ ਮਨਾਹੀ ਹੈ, ਇਸ ਲਈ ਉਹ ਸੰਸਦ ਤਾਂ ਪਹੁੰਚੇ ਪਰ ਸਹੁੰ ਨਹੀਂ ਚੁੱਕ ਸਕੇ।
ਆਓ ਜਾਂਦੇ ਹਾਂ ਕਿ ਇਹ ਸੰਸਦ ਮੈਂਬਰ ਸਹੁੰ ਕਿਉਂ ਨਹੀਂ ਚੁੱਕ ਸਕੇ:
ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images
ਖ਼ਾਲਿਸਤਾਨੀ ਸਮਰਥਕ ਅਤੇ ੱਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਹਨ।
ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਕਰੀਬ 2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਇਹ ਚੋਣ ਲੜੀ।
ਅਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ਰਾਸ਼ਟਰੀ ਸੁੱਰਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਅਸਾਮ ਦੀ ਡਿਬਰੁਗੜ੍ਹ ਜੇਲ੍ਹ ਵਿੱਚ ਬੰਦ ਹਨ।
ਇਸੇ ਸਾਲ ਉਨ੍ਹਾਂ 'ਤੇ ਇੱਕ ਹੋਰ ਸਾਲ ਲਈ ਐੱਨਐੱਸਏ ਦੀ ਮਿਆਦ ਵਧਾ ਦਿੱਤੀ ਗਈ ਹੈ।
ਹਾਲਾਂਕਿ ਉਹ ਸਹੁੰ ਚੁੱਕਣ ਲਈ ਅੰਤਰਿਮ ਜ਼ਮਾਨਤ ਲੈਣ ਦੇ ਹੱਕਦਾਰ ਹਨ ਪਰ ਐੱਨਐੱਸਏ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਮਾਨਤ ਲਈ ਇੱਕ ਵਿਸ਼ੇਸ਼ ਅਪੀਲ ਕਰਨੀ ਪਵੇਗੀ।

ਇੰਜੀਨੀਅਰ ਰਸ਼ੀਦ

ਤਸਵੀਰ ਸਰੋਤ, WASEEM ANDRABI/HINDUSTAN TIMES VIA GETTY IMAGES
ਅਬਦੁਲ ਰਸ਼ੀਦ ਸ਼ੇਖ਼ ਉਰਫ਼ ਇੰਜੀਨੀਅਰ ਰਸ਼ੀਦ ਨੇ ਕਸ਼ਮੀਰ ਦੀ ਬਾਰਾਮੁੱਲਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਆਗੂ, ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 2 ਲੱਖ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇੰਜੀਨੀਅਰ ਰਸ਼ੀਦ ਨੂੰ 'ਅੱਤਵਾਦ ਦੀ ਫੰਡਿੰਗ' ਦੇ ਇਲਜ਼ਾਮ ਤਹਿਤ ਯੂਏਪੀਏ ਦੇ ਤਹਿਤ ਸਾਲ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਉਨ੍ਹਾਂ 'ਤੇ ਐੱਨਆਈਏ ਨੇ 'ਅੱਤਵਾਦ ਦੀ ਫੰਡਿੰਗ' ਦੇ ਇਲਜ਼ਾਮ ਲਗਾਏ ਗਏ ਹਨ।
ਉਨ੍ਹਾਂ ਲਈ ਪ੍ਰਚਾਰ ਉਨ੍ਹਾਂ ਦੇ ਪੁੱਤ ਅਬਰਾਰ ਰਸ਼ੀਦ ਨੇ ਕੀਤਾ ਸੀ।
ਸਹੁੰ ਚੁੱਕਣ ਲਈ ਇੰਜੀਨੀਅਰ ਰਸ਼ੀਦ ਵੱਲੋਂ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਿੱਲੀ ਦੀ ਇੱਕ ਅਦਾਲਤ ਵਿੱਚ ਦਿੱਤੀ ਗਈ ਹੈ।
ਅਦਾਲਤ ਨੇ ਐੱਨਆਈਏ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ ਅਤੇ ਅਗਲੀ ਸੁਣਵਾਈ ਇੱਕ ਜੁਲਾਈ ਨੂੰ ਤੈਅ ਕੀਤੀ ਗਈ ਹੈ।
ਸ਼ਤਰੁਘਨ ਸਿਨਹਾ
ਸਹੁੰ ਨਾ ਚੁੱਕਣ ਵਾਲਿਆਂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੁਘਨ ਸਿਨਹਾ ਵੀ ਹਨ। ਉਹ ਪੱਛਮੀ ਬੰਗਾਲ ਦੀ ਅਸਨਸੋਲ ਸੀਟ ਤੋਂ ਟੀਐੱਮਸੀ ਉਮੀਦਵਾਰ ਵਜੋਂ ਚੁਣੇ ਗਏ ਹਨ।
ਉਹ ਪਹਿਲਾਂ ਭਾਜਪਾ ਵਿੱਚ ਸਨ ਪਰ ਸਾਲ 2019 ਵਿੱਚ ਉਹ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਸਾਲ 2022 ਵਿੱਚ ਉਹ ਤ੍ਰਿਣਮੂਲ ਕਾਂਗਰਸ ਦਾ ਹਿੱਸਾ ਬਣ ਗਏ।
ਅਸਨਸੋਲ ਸੀਟ ਤੋਂ ਉਨ੍ਹਾਂ ਨੇ ਭਾਜਪਾ ਦੇ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਨੂੰ ਕਰੀਬ ਸੱਠ ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਤਸਵੀਰ ਸਰੋਤ, ANI
ਕੋਲਕੱਤਾ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪ੍ਰਭਾਕਰਮਣਿ ਤਿਵਾਰੀ ਮੁਤਾਬਕ, ਟੀਐੱਮਸੀ ਦੇ ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਦੇ ਹੋਏ ਕਿਹਾ ਕਿ ਸ਼ਤਰੁਘਨ ਸਿਨਹਾ ਆਪਣੀ ਧੀ ਸੋਨਾਕਸ਼ੀ ਸਿਨਹਾ ਦੇ ਵਿਆਹ ਸਮਾਗਮਾਂ ਵਿੱਚ ਰੁੱਝੇ ਹੋਣ ਕਰਕੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।
ਟੀਐੱਮਸੀ ਆਗੂ ਮੁਤਾਬਕ, ਉਹ ਜਲਦ ਹੀ ਸੰਸਦ ਦੀ ਕਾਰਵਾਈ ਵਿੱਚ ਭਾਗ ਲੈਣ ਪਹੁੰਚਣਗੇ ਅਤੇ ਸਹੁੰ ਚੁੱਕਣਗੇ।
ਸ਼ੇਖ਼ ਨੁਰੁਲ ਇਸਲਾਮ

ਤਸਵੀਰ ਸਰੋਤ, @HAJINURULISLAM
ਟੀਐੱਮਸੀ ਦੇ ਇੱਕ ਹੋਰ ਸੰਸਦ ਮੈਂਬਰ ਨੁਰੁਲ ਇਸਲਾਮ ਨੇ ਵੀ ਆਪਣੇ ਅਹੁਦੇ ਲਈ ਸਹੁੰ ਨਹੀਂ ਚੁੱਕੀ ਹੈ।
ਸ਼ੇਖ਼ ਨੁਰੁਲ ਇਸਲਾਮ ਨੇ ਪੱਛਮੀ ਬੰਗਾਲ ਦੀ ਬਸ਼ੀਰਹਾਟ ਸੀਟ ਤੋਂ ਜਿੱਤ ਦਰਜ ਕੀਤੀ ਹੈ।
ਉਨ੍ਹਾਂ ਨੇ ਆਪਣੇ ਵਿਰੋਧੀ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰੇਖਾ ਪਾਤਰਾ ਨੂੰ 3.33 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਬਸ਼ੀਰਹਾਟ ਤੋਂ ਪਿਛਲੀ ਵਾਰ ਬੰਗਾਲ ਦੀ ਮਸ਼ਹੂਰ ਅਦਾਕਾਰਾ ਨੁਸਰਤ ਜਹਾਂ ਟੀਐੱਮਸੀ ਦੀ ਟਿਕਟ 'ਤੇ ਜਿੱਤੀ ਸੀ, ਪਰ ਇਸ ਵਾਰ ਮਮਤਾ ਬੈਨਰਜੀ ਨੇ ਉਨ੍ਹਾਂ ਦੀ ਥਾਂ ਇਸਲਾਮ ਨੂੰ ਟਿਕਟ ਦਿੱਤੀ ਸੀ।
ਨੁਰੂਲ ਇਸਲਾਮ ਟੀਐੱਮਸੀ ਦੇ ਵਿਧਾਇਕ ਵੀ ਰਹੇ ਹਨ।
ਸੰਦੇਸ਼ਖਾਲੀ ਇਲਾਕਾ ਬਸ਼ੀਰਹਾਟ ਸੀਟ ਦੇ ਅੰਦਰ ਹੀ ਆਉਂਦਾ ਹੈ, ਜਿੱਥੇ ਇਸੇ ਸਾਲ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਔਰਤਾਂ ਨਾਲ ਛੇੜਛਾੜ ਹੋਣ ਦਾ ਮਾਮਲਾ ਚਰਚਾ ਵਿੱਚ ਆਇਆ ਸੀ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪ੍ਰਭਾਕਰਮਣਿ ਤਿਵਾਰੀ ਨੂੰ ਟੀਐੱਮਸੀ ਦੇ ਇੱਕ ਆਗੂ ਨੇ ਦੱਸਿਆ ਕਿ 'ਨਿੱਜੀ ਰੁਝੇਵਿਆਂ ਦੇ ਚਲਦਿਆਂ ਉਹ ਸਹੁੰ ਚੁੱਕਣ ਨਹੀਂ ਪਹੁੰਚੇ, ਅਜਿਹਾ ਹੁੰਦਾ ਹੈ ਅਤੇ ਉਹ ਬਾਅਦ ਵਿੱਚ ਸਹੁੰ ਚੁੱਕਣਗੇ।'
ਅਫ਼ਜ਼ਲ ਅੰਸਾਰੀ

ਤਸਵੀਰ ਸਰੋਤ, ANI
ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਦੁਬਾਰਾ ਜਿੱਤ ਕੇ ਸੰਸਦ ਮੈਂਬਰ ਬਣਨ ਵਾਲੇ ਅਫ਼ਜ਼ਲ ਅੰਸਾਰੀ ਸੰਸਦ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਤਾਂ ਪਹੁੰਚੇ ਪਰ ਸਹੁੰ ਨਹੀਂ ਚੁੱਕ ਸਕੇ।
ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਪਾਰਸਨਾਥ ਰਾਏ ਨੂੰ ਕਰੀਬ ਸਵਾ ਲੱਖ ਵੋਟਾਂ ਦੇ ਫਰਕ ਨਾਲ ਹਰਾਇਆ।
ਪਿਛਲੀ ਵਾਰ ਬਸਪਾ ਦੀ ਟਿਕਟ 'ਤੇ ਉਹ ਗਾਜ਼ੀਪੁਰ ਤੋਂ ਹੀ ਸੰਸਦ ਮੈਂਬਰ ਬਣੇ ਸਨ।
ਪਰ ਪਿਛਲੇ ਸਾਲ ਗੈਂਗਸਟਰ ਐਕਟ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ 4 ਸਾਲ ਦੀ ਸਜ਼ਾ ਹੋਈ ਸੀ, ਜਿਸ ਦੇ ਵਿਰੁੱਧ ਉਨ੍ਹਾਂ ਨੇ ਇਲਾਹਾਬਾਦ ਹਾਈਕੋਰਟ ਤੱਕ ਪਹੁੰਚ ਕੀਤੀ ਪਰ ਰਾਹਤ ਮਿਲਣ 'ਤੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ।
ਸੁਪਰੀਮ ਕੋਰਟ ਨੇ ਸਜ਼ਾ 'ਤੇ ਰੋਕ ਤਾਂ ਲਗਾ ਦਿੱਤੀ ਹੈ ਪਰ ਇਹ ਸ਼ਰਤ ਵੀ ਰੱਖੀ ਹੈ ਕਿ ਉਹ ਹਾਈਕੋਰਟ ਵਿੱਚ ਫ਼ੈਸਲਾ ਨਾ ਹੋਣ ਤੱਕ ਉਹ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈਣਗੇ।
ਇਸ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਹੋ ਸਕਦੀ ਹੈ। ਜੇਕਰ ਉਨ੍ਹਾਂ ਨੂੰ ਰਾਹਤ ਮਿਲਦੀ ਹੈ ਤਾਂ ਹੀ ਉਹ ਸਹੁੰ ਚੁੱਕ ਸਕਣਗੇ।
ਜੇਲ੍ਹ ਵਿੱਚੋਂ ਸਹੁੰ ਚੁੱਕੀ ਜਾ ਸਕਦੀ ਹੈ ?

ਤਸਵੀਰ ਸਰੋਤ, ANI
ਸੰਵਿਧਾਨ ਮੁਤਾਬਕ, ਜੇਕਰ ਕੋਈ ਸੰਸਦ ਮੈਂਬਰ 60 ਦਿਨਾਂ ਤੱਕ ਸੰਸਦ ਵਿੱਚ ਵਿੱਚ ਹਾਜ਼ਰੀ ਦਰਜ ਨਹੀਂ ਕਰਵਾਉਂਦਾ ਤਾਂ ਉਸ ਦੀ ਸੀਟ ਨੂੰ ਖਾਲੀ ਮੰਨ ਲਿਆ ਜਾਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ ਇਹੀ ਅਧਾਰ ਬਣਾ ਕੇ ਅਦਾਲਤ ਨੇ ਜੇਲ੍ਹ ਵਿੱਚ ਵਿੱਚੋਂ ਸੰਸਦ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਮਨਜ਼ੂਰੀ ਦਿੱਤੀ ਹੋਈ ਹੈ।
ਪਿਛਲੇ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਤਿਹਾੜ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਖਾਸ ਤੌਰ ’ਤੇ ਜ਼ਮਾਨਤ ਦਿੱਤੀ ਗਈ ਸੀ।
ਪਿਛਲੀ ਲੋਕ ਸਭਾ ਵਿੱਚ ਯੂਪੀ ਦੇ ਘੋਸੀ ਤੋਂ ਚੁਣੇ ਗਏ ਬਸਪਾ ਸਾਂਸਦ ਅਤੁਲ ਕੁਮਾਰ ਸਿੰਘ ਬਲਾਤਕਾਰ ਦੇ ਦੋਸ਼ ਤਹਿਤ ਜੇਲ੍ਹ ਵਿੱਚ ਬੰਦ ਸਨ।
ਉਨ੍ਹਾਂ ਨੂੰ ਜਨਵਰੀ 2020 ਵਿੱਚ ਅਦਾਲਤ ਨੇ ਵਿਸ਼ੇਸ਼ ਜ਼ਮਾਨਤ ਦਿੱਤੀ ਸੀ ਅਤੇ ਉਨ੍ਹਾਂ ਨੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਸੀ।
ਹਾਲਾਂਕਿ ਚੋਣ ਕਮਿਸ਼ਨ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਸੰਸਦ ਮੈਂਬਰਾਂ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਪਰ ਜਦੋਂ ਤੱਕ ਉਹ ਸੰਸਦ ਵਿੱਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਨਹੀਂ ਚੁੱਕਦੇ ਉਦੋਂ ਤੱਕ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਦੇ।












