ਰਾਜੀਵ ਗਾਂਧੀ ਦੇ ਦਫ਼ਤਰ ਦੀ ਜਸੂਸੀ ਕਰਨ ਵਾਲੇ ਨੈੱਟਵਰਕ ਦਾ ਭਾਂਡਾ ਕਿਵੇਂ ਫੁੱਟਿਆ ਸੀ ਤੇ ਇਸ 'ਚ ਕੌਣ -ਕੌਣ ਸ਼ਾਮਲ ਸੀ

ਕੁਮਾਰ ਨਾਰਾਇਣਨ ਨੂੰ ਲੈ ਕੇ ਜਾਂਦੇ ਹੋਏ ਆਈਬੀ ਦੇ ਅਧਿਕਾਰੀ

ਤਸਵੀਰ ਸਰੋਤ, Bloomsbury India

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਦੇ ਦਫ਼ਤਰ ਦੀਆਂ ਗੁਪਤ ਜਾਣਕਾਰੀਆਂ ਫਰਾਂਸ, ਪੋਲੈਂਡ ਅਤੇ ਚੈਕੋਸਲੋਵਾਕੀਆ ਵਰਗੇ ਦੇਸਾਂ ਦੇ ਏਜੰਟਾਂ ਨੂੰ ਵੇਚੀਆਂ ਜਾ ਰਹੀਆਂ ਸਨ।
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਸੰਨ 1985 ਦਾ ਜਨਵਰੀ ਮਹੀਨਾ ਭਾਰਤੀ ਰਾਜਨੀਤੀ ਦੇ ਲਈ ਕਾਫ਼ੀ ਉਥਲ-ਪੁਥਲ ਵਾਲਾ ਸੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਮੁੱਖ ਸਕੱਤਰ ਪੀਸੀ ਐਲਗਜ਼ੈਂਡਰ ਨੇ ਅਸਤੀਫ਼ਾ ਦੇ ਦਿੱਤਾ ਸੀ।

ਭਾਰਤ ਦੇ ਕਹਿਣ ਉੱਤੇ ਫਰਾਂਸ ਨੇ ਦਿੱਲੀ ਤੋਂ ਆਪਣਾ ਰਾਜਦੂਤ ਵਾਪਸ ਸੱਦ ਲਿਆ ਸੀ। ਚੈਕੋਸਲੋਵਾਕੀਆ ਅਤੇ ਚੜ੍ਹਦੀ ਜਰਮਨੀ ਦੇ ਦਿੱਲੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਕੱਢ ਦਿੱਤਾ ਗਿਆ ਸੀ।

ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਇੱਕ ਜਸੂਸੀ ਕਾਂਡ ਸੀ, ਜਿਸ ਦੇ ਤਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਜੁੜੇ ਹੋਏ ਸਨ। ਭਾਰਤੀ ਮੀਡੀਆ ਵਿੱਚ ਇਸ ਨੂੰ ‘ਮੋਲ ਇਨ ਦਿ ਪੀਐੱਮਓ ਸਕੈਂਡਲ’ ਕਿਹਾ ਜਾਣ ਲੱਗਿਆ।

ਇਸ ਵਿੱਚ ਸ਼ਾਮਲ ਸਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਮੁੱਖ ਸਕੱਤਰ ਪੀਸੀ ਐਲਗਜ਼ੈਂਡਰ ਦੇ ਨਿੱਜੀ ਸਕੱਤਰ ਐੱਨਟੀ ਖੇਰ, ਪੀਏ ਮਲਹੋਤਰਾ ਅਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਚਪੜਾਸੀ ਵੀ।

16-17 ਜਨਵਰੀ ਦੀ ਰਾਤ ਨੂੰ ਇੰਟੈਲੀਜੈਂਸ ਬਿਊਰੋ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸਭ ਤੋਂ ਪਹਿਲਾ ਐੱਨਟੀ ਖੇਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਸਵੇਰੇ ਹੁੰਦੇ-ਹੁੰਦੇ ਮਲਹੋਤਰਾ ਅਤੇ ਇੱਥੋਂ ਤੱਕ ਕਿ ਪੀਐੱਮਓ ਦੇ ਚਪੜਾਸੀ ਤੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਨ੍ਹਾਂ ਉੱਤੇ ਇਲਜ਼ਾਮ ਲੱਗਿਆ ਕਿ ਇਹ ਇੱਕ ਭਾਰਤੀ ਕਾਰੋਬਾਰੀ ਕੁਮਾਰ ਨਾਰਾਇਣ ਦੇ ਰਾਹੀਂ ਗੁਪਤ ਸਰਕਾਰੀ ਦਸਤਾਵੇਜ਼ ਵਿਦੇਸ਼ੀ ਏਜੰਟਾਂ ਨੂੰ ਵੇਚ ਰਹੇ ਸਨ।

ਸਟੈਨੋਗ੍ਰਾਫ਼ਰਾਂ ਅਤੇ ਨਿਜੀ ਸਹਾਇਕਾਂ ਕੋਲ ਸੂਚਨਾਵਾਂ ਦਾ ਢੇਰ

ਸੰਨ 1985 ਵਿੱਚ ਕੋਇੰਬਟੂਰ ਵਿੱਚ ਜਨਮੇ ਕੁਮਾਰ ਨਾਰਾਇਣ ਸੰਨ 1949 ਵਿੱਚ ਦਿੱਲੀ ਆਏ ਸਨ ਅਤੇ ਵਿਦੇਸ਼ ਮੰਤਰਾਲੇ ਵਿੱਚ ਇੱਕ ਸਟੈਨੋਗ੍ਰਾਫ਼ਰ ਦੇ ਰੂਪ ਵਿੱਚ ਉਨ੍ਹਾਂ ਨੇ ਆਪਣਾ ਪੇਸ਼ੇਵਰ ਜੀਵਨ ਸ਼ੁਰੂ ਕੀਤਾ ਸੀ।

ਬਾਅਦ ਵਿੱਚ ਉਨ੍ਹਾਂ ਨੇ ਅਸਤੀਫ਼ਾ ਦੇ ਕੇ ਇੰਜੀਨੀਅਰਿੰਗ ਉਪਕਰਣ ਬਣਾਉਣ ਵਾਲੀ ਕੰਪਨੀ ਐੱਸਐੱਸਐੱਲ ਮਾਨੇਕਲਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਹਾਲ ਹੀ ਵਿੱਚ ਛਪੀ ਕਿਤਾਬ ਏ ਸਿੰਗੂਲਰ ਸਪਾਈ ਦਿ ਅਨਟੋਲਡ ਸਟੋਰੀ ਆਫ਼ ਕੁਮਾਰ ਨਾਰਾਇਣ ਵਿੱਚ ਲੇਖਕ ਕੱਲੋਲ ਭੱਟਾਚਾਰਜੀ ਲਿਖਦੇ ਹਨ, “ਲਾਈਸੈਂਸ ਪਰਮਿਟ ਰਾਜ ਵਿੱਚ ਸਰਕਾਰ ਵਿੱਚ ਪਹਿਰਾਵੇ ਵਿੱਚ ਰਹਿਣ ਵਾਲੇ ਸਟੈਨੋਗ੍ਰਾਫ਼ਰਾਂ ਦੀ ਵੱਖ-ਵੱਖ ਮੰਤਰਾਲਿਆਂ ਵਿੱਚ ਗੁਪਤ ਸੂਚਨਾਵਾਂ ਤੱਕ ਚੰਗੀ ਪਹੁੰਚ ਹੁੰਦੀ ਸੀ।”

ਉਨ੍ਹਾਂ ਨੇ ਲਿਖਿਆ, “ਨਾਰਾਇਣ ਨੂੰ ਪਤਾ ਸੀ ਕਿ ਸਟੈਨੋਗ੍ਰਾਫ਼ਰ ਮਹਿਜ਼ ਟਾਈਪ ਕਰਨ ਵਾਲਾ ਹੀ ਨਹੀਂ ਹੈ। ਉਨ੍ਹਾਂ ਕੋਲ ਜੋ ਸੂਚਨਾਵਾਂ ਹੁੰਦੀਆਂ ਹਨ, ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਬਾਸ਼ਰਤੇ ਕਿ ਉਹ ਇਸ ਜਾਣਕਾਰੀ ਦਾ ਸੌਦਾ ਕਰਨ ਲਈ ਤਿਆਰ ਹੋਣ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਰ ਅਹਿਮ ਮੰਤਰਾਲੇ ਵਿੱਚ ਸੀ ਕੁਮਾਰ ਨਾਰਾਇਣ ਦੀ ਦੋਸਤੀ

ਸੰਨ 1959 ਵਿੱਚ ਸਰਕਾਰੀ ਨੌਕਰੀ ਛੱਡਣ ਤੋਂ ਬਾਅਦ ਕੁਮਾਰ ਨੇ ਸਰਕਾਰ ਦੇ ਛੋਟੇ ਅਹੁਦਿਆਂ ਉੱਤੇ ਕੰਮ ਕਰਨ ਵਾਲੇ ਲੋਕਾਂ ਦਾ ਇੱਕ ਗੁਪਤ ਨੈਟਵਰਕ ਬਣਾ ਲਿਆ ਸੀ।

ਇਹੀ ਨਹੀਂ, ਉਸ ਨੇ ਛੇ ਯੂਰਪੀ ਦੇਸਾਂ ਫਰਾਂਸ. ਚੜ੍ਹਦੇ ਜਰਮਨੀ, ਲਹਿੰਦੇ ਜਰਮਨੀ, ਚੈਕੋਸਲੋਵਾਕੀਆ, ਸੋਵੀਅਤ ਸੰਘ ਅਤੇ ਪੋਲੈਂਡ ਦੇ ਦੂਤਾਵਾਸਾਂ ਦੇ ਨਾਲ ਵੀ ਰਾਬਤਾ ਕਾਇਮ ਕਰ ਲਿਆ ਸੀ ਅਤੇ ਉਨ੍ਹਾਂ ਤੱਕ ਗੁਪਤ ਅਤੇ ਸੰਵੇਦਨਾਸ਼ੀਲ ਦਸਤਾਵੇਜ਼ ਪਹੁੰਚਾਉਣ ਲੱਗਿਆ ਸੀ।

ਟਾਈਮਜ਼ ਆਫ਼ ਇੰਡੀਆ ਦੇ 28 ਜਨਵਰੀ 1985 ਦੇ ਅਖ਼ਬਾਰ ਨੇ ਇੱਥੋਂ ਤੱਕ ਖ਼ਬਰ ਛਾਪੀ ਕਿ ਕੁਮਾਰ ਨਾਰਾਇਣ ਨੂੰ “ਵਿਦੇਸ਼ ਵਿੱਚ ਗੁਪਤ ਜਾਣਕਾਰੀਆਂ ਇਕੱਠੀਆਂ ਕਰਨ ਦੀ ਸਿਖਲਾਈ ਤੱਕ ਦਿੱਤੀ ਗਈ ਸੀ।”

ਕੁਮਾਰ ਨਾਰਾਇਣਨ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਕੁਮਾਰ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਫ਼ਤਰਾਂ ਸਮੇਤ ਹਰ ਅਹਿਮ ਮੰਤਰਾਲੇ ਵਿੱਚ ਦੋਸਤ ਸਨ

ਸੰਨ 1985 ਵਿੱਚ ਭਾਰਤ ਵਿੱਚ ਲਗਭਗ ਦੋ ਹਜ਼ਾਰ ਲੋਕ ਵੱਖ-ਵੱਖ ਕਾਰਪੋਰੇਟ ਕੰਪਨੀਆਂ ਦੇ ਲਈ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ ਕੁਮਾਰ ਨਾਰਾਇਣ ਵੀ ਸ਼ਾਮਲ ਸਨ।

ਕੱਲੋਲ ਭੱਟਾਚਾਰਜੀ ਲਿਖਦੇ ਹਨ, “ਕੁਮਾਰ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਫ਼ਤਰਾਂ ਸਮੇਤ ਹਰ ਅਹਿਮ ਮੰਤਰਾਲੇ ਵਿੱਚ ਦੋਸਤ ਸਨ, ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੇ ਕਈ ਜਾਇਦਾਦਾਂ ਖ਼ਰੀਦੀਆਂ ਸਨ ਅਤੇ ਉਹ ਇੱਕ ਅਮੀਰ ਇਨਸਾਨ ਬਣ ਚੁੱਕੇ ਸਨ, ਉਨ੍ਹਾਂ ਦੇ ਆਪਣੇ ਸੁਤਰਾਂ ਨਾਲ ਬਹੁਤ ਆਤਮਿਕ ਸੰਪਰਕ ਸਨ। ਆਪਣੇ ਸਭ ਤੋਂ ਨਜ਼ਦੀਕੀ ਲੋਕਾਂ ਨੂੰ ਉਹ ਮਹਿੰਗੇ ਤੋਹਫ਼ੇ ਦਿੰਦੇ ਸਨ।”

ਮਾਮਲੇ ਦੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਤੈਨਾਤ ਪੀ. ਗੋਪਾਲਨ ਉਨ੍ਹਾਂ ਨੂੰ ਪਿਤਾ ਵਾਂਗ ਮੰਨਦੇ ਸਨ।

ਪਾਸਪੋਪਰਟ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਜੇ ਉਨ੍ਹਾਂ ਦੀ ਮੌਤ ਹੋ ਜਾਵੇ ਤਾਂ ਇਸਦੀ ਸੂਚਨਾ ਕੁਮਾਰ ਨਾਰਾਇਣ ਨੂੰ ਦਿੱਤੀ ਜਾਵੇ।

ਕੁਮਾਰ ਨਾਰਾਇਣਨ ਅਤੇ ਉਨ੍ਹਾਂ ਦੀ ਪਤਨੀ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਕੁਮਾਰ ਨਾਰਾਇਣਨ ਅਤੇ ਉਨ੍ਹਾਂ ਦੀ ਪਤਨੀ

ਸ਼੍ਰੀ ਲੰਕਾ ਨਾਲ ਬੈਠਕ ਵਿੱਚ ਲੀਕ ਦੀ ਪਹਿਲੀ ਕੰਨਸੋ ਮਿਲੀ

ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾਵਾਂ ਬਾਹਰ ਜਾ ਰਹੀਆਂ ਹਨ, ਇਸ ਗੱਲ ਦੀ ਪਹਿਲੀ ਕੰਨਸੋ ਉਦੋਂ ਲੱਗੀ ਜਦੋਂ ਭਾਰਤ ਅਤੇ ਸ਼੍ਰੀ ਲੰਕਾ ਦੇ ਅਧਿਕਾਰੀਆਂ ਦੀ ਦਿੱਲੀ ਵਿੱਚ ਬੈਠਕ ਹੋਈ।

ਬੈਠਕ ਸ਼ੁਰੂ ਹੁੰਦਿਆਂ ਹੀ ਸ਼੍ਰੀ ਲੰਕਾ ਦੇ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਰਾਅ ਦਾ ਇੱਕ ਸਿਰੇ ਦਾ ਗੁਪਤ ਦਸਤਵੇਜ਼ ਦਿਖਾਇਆ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸ਼੍ਰੀ ਲੰਕਾ ਬਾਰੇ ਭਾਰਤ ਸਰਕਾਰ ਵਿੱਚ ਕੀ ਸੋਚ ਹੈ।

ਵਿਨੋਦ ਸ਼ਰਮਾ ਅਤੇ ਜੀਕੇ ਸਿੰਘ ਨੇ ਦਿ ਵੀਕ ਰਸਾਲੇ ਦੇ 17 ਫ਼ਰਵਰੀ 1985 ਦੇ ਅੰਕ ਵਿੱਚ ਲਿਖਿਆ ਸੀ, “ਭਾਰਤ ਦੇ ਲਈ ਇਹ ਇੱਕ ਸ਼ਰਮਿੰਦਾ ਕਰਨ ਵਾਲਾ ਦਸਤਾਵੇਜ਼ ਸੀ। ਸੂਹੀਆ ਅਫ਼ਸਰ ਇਸ ਬਾਰੇ ਹੈਰਾਨ ਸਨ ਕਿ ਜੋ ਦਸਤਾਵੇਜ਼ ਭਾਰਤ ਦੇ ਸਿਰਮੌਰ ਅਹੁਦਿਆਂ ਉੱਤੇ ਬੈਠੇ ਲੋਕਾਂ ਲਈ ਲਿਖਿਆ ਗਿਆ ਸੀ, ਸ਼੍ਰੀ ਲੰਕਾ ਦੇ ਕੋਲ ਕਿਵੇਂ ਪਹੁੰਚਿਆ?”

ਉਸ ਦਸਤਾਵੇਜ਼ ਦੀਆਂ ਸਿਰਫ਼ ਤਿੰਨ ਨਕਲਾਂ ਬਣਾਈਆਂ ਗਈਆਂ ਸਨ। ਦੋ ਰਾਅ ਦੇ ਵੱਡੇ ਅਫ਼ਸਰਾਂ ਕੋਲ ਸਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਭੇਜੀ ਗਈ ਸੀ।

ਕੱਲੋਲ ਭੱਟਾਚਾਰਜੀ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਕੱਲੋਲ ਭੱਟਾਚਾਰਜੀ

ਸੂਹੀਆਂ ਅਧਿਕਾਰੀਆਂ ਨੂੰ ਇਹ ਜਾਨਣ ਵਿੱਚ ਦਿਲਚਸਪੀ ਸੀ ਕਿ ਉਹ ਸਿਰੇ ਦਾ ਗੁਪਤ ਦਸਤਾਵੇਜ਼ ਕੋਲੰਬੋ ਤੱਕ ਕਿਵੇਂ ਪਹੁੰਚਿਆ?

ਵਿਨੋਦ ਸ਼ਰਮਾ ਅਤੇ ਜੀਕੇ ਸਿੰਘ ਲਿਖਦੇ ਹਨ, “ਮਗਰਲੀ ਜਾਂਚ ਤੋਂ ਪਤਾ ਲੱਗਿਆ ਕਿ ਇੱਕ ਫਰਾਂਸੀਸੀ ਅਧਿਕਾਰੀ ਨੇ ਕੁਮਾਰ ਨਾਰਾਇਣ ਦੇ ਰਾਹੀਂ ਉਹ ਦਸਤਾਵੇਜ਼ ਹਾਸਲ ਕਰਕੇ ਸ਼੍ਰੀ ਲੰਕਾ ਤੱਕ ਪਹੁੰਚਾਇਆ ਸੀ।”

ਕੁਮਾਰ ਨਾਰਾਇਣ ਅਤੇ ਫਰਾਂਸੀਸੀ ਸੂਹੀਆ ਏਜੰਸੀਆਂ

ਜਾਂਚ ਅਧਿਕਾਰੀਆਂ ਨੇ ਦੱਸਿਆ ਸੀ ਕਿ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਾਰਾਇਣ ਫਰਾਂਸੀਸੀ ਸੂਹੀਆ ਏਜੰਸੀ ਲਈ ਕੰਮ ਕਰ ਰਹੇ ਸਨ।

ਉਨ੍ਹਾਂ ਨੂੰ ਭਾਰਤ ਵਿੱਚ ਫਰਾਂਸ ਦੇ ਕਾਰੋਬਾਰੀ ਅਤੇ ਰੱਖਿਆ ਹਿੱਤਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਕੱਲੋਲ ਭੱਟਾਚਾਰਜੀ ਲਿਖਦੇ ਹਨ, “ਭਾਰਤ ਵਿੱਚ ਉਸ ਸਮੇਂ ਰੱਖਿਆ ਬਜ਼ਾਰ ਖੁੱਲ੍ਹ ਰਿਹਾ ਸੀ ਅਤੇ ਫਰਾਂਸ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਇਸ ਉੱਤੇ ਕਾਬਜ਼ ਹੋਇਆ ਜਾਵੇ।”

ਸੋਵੀਅਤ ਸੰਘ ਦੇ ਰੱਖਿਆ ਮੰਤਰੀ ਦਿਮਿਤ੍ਰੀ ਉਸਤੀਨੋਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਵੀਅਤ ਸੰਘ ਦੇ ਰੱਖਿਆ ਮੰਤਰੀ ਦਿਮਿਤ੍ਰੀ ਉਸਤੀਨੋਵ

“ਨਾਰਾਇਣ ਫਰਾਂਸੀਸੀ ਜਸੂਸੀ ਸੰਸਥਾ ਡੀਜੀਐੱਸਈ ਦੇ ਲਈ ਸੱਤ ਸਾਲਾਂ ਤੱਕ ਕੰਮ ਕਰਦੇ ਰਹੇ ਸਨ। ਉਨ੍ਹਾਂ ਦਾ ਡੀਜੀਐੱਸਈ ਦੇ ਨਾਲ ਸੰਪਰਕ ਐਲਗਜ਼ੈਂਦਰੋ ਦਿ ਮੈਰੇਂਚੋ ਦੇ ਕਾਰਜਕਾਲ ਵਿੱਚ ਸ਼ੁਰੂ ਹੋਇਆ ਸੀ ਅਤੇ ਸੰਨ 1881-82 ਦੇ ਦੌਰਾਨ ਜਦੋਂ ਪਾਏਰੇ ਮਾਰਿਓ ਸੰਸਥਾ ਦੇ ਮੁਖੀ ਬਣੇ ਤਾਂ ਇਹ (ਸੰਪਰਕ) ਆਪਣੇ ਸਿਖਰ ਨੂੰ ਪਹੁੰਚ ਗਿਆ ਸੀ।”

ਸੰਨ 1982 ਵਿੱਚ ਫਰਾਂਸ ਨੂੰ 46 ਮਿਰਾਜ 2000-ਐੱਚ ਅਤੇ 13ਮਿਰਾਜ 2000-ਟੀਐੱਚ ਲੜਾਕੂ ਜਹਾਜ਼ਾਂ ਦੀ ਪੂਰਤੀ ਕਰਨ ਦਾ ਠੇਕਾ ਮਿਲਿਆ ਸੀ ਅਤੇ ਇਸਦੀ ਵੀ ਗੁੰਜਾਇਸ਼ ਰੱਖੀ ਗਈ ਸੀ ਕਿ 110 ਜਹਾਜ਼ ਹੋਰ ਖ਼ਰੀਦੇ ਜਾ ਸਕਦੇ ਹਨ।

ਸਾਲਾਂ ਬਾਅਦ ਪਾਏਰੇ ਮਾਰਿਓ ਨੇ ਸ਼ੇਖੀ ਮਾਰੀ ਸੀ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦੇ ਰੱਖਿਆ ਮੰਤਰਾਲੇ ਵਿੱਚ ਸੰਨ੍ਹ ਲਾਉਣਾ ਉਨ੍ਹਾਂ ਦੀ ਵੱਡੀ ਉਪਲੱਬਧੀ ਸੀ, ਜਿਸ ਕਾਰਨ ਫਰਾਂਸ ਮਿਰਾਜ ਜਹਾਜ਼ ਭਾਰਤ ਨੂੰ ਵੇਚਣ ਵਿੱਚ ਸਫ਼ਲ ਰਿਹਾ ਸੀ।

ਇਸ ਪੂਰੇ ਮਿਸ਼ਨ ਨੂੰ ਆਪਰੇਸ਼ਨਜ਼ ਨਿਕੋਬਾਰ ਦਾ ਨਾਮ ਦਿੱਤਾ ਗਿਆ ਸੀ।

ਹਾਲਾਂਕਿ ਇਹ ਕਹਿਣ ਦੀ ਕੋਈ ਬੁਨਿਆਦ ਨਹੀਂ ਹੈ ਕਿ ਫਰਾਂਸ ਨੂੰ ਇਹ ਠੇਕਾ ਦਿੱਤੇ ਜਾਣ ਵਿੱਚ ਇਸ ਜਸੂਸੀ ਕਾਂਡ ਦੀ ਕੋਈ ਭੂਮਿਕਾ ਸੀ।

ਭਾਰਤ ਅਤੇ ਫਰਾਂਸ ਦਾ ਕਰਾਰ ਹੋਣ ਤੋਂ ਪਹਿਲਾਂ ਸੋਵੀਅਤ ਸੰਘ ਨੇ ਆਪਣੇ ਰੱਖਿਆ ਮੰਤਰੀ ਦਿਮਿਤ੍ਰੀ ਉਸਤੀਨੋਵ ਨੂੰ ਇਸ ਮਿਸ਼ਨ ਦੇ ਨਾਲ ਦਿੱਲੀ ਭੇਜਿਆ ਸੀ ਕਿ ਉਹ ਭਾਰਤ ਨੂੰ ਫਰਾਂਸੀਸੀ ਜਹਾਜ਼ਾਂ ਦੀ ਥਾਂ ਸੋਵੀਅਤ ਜਹਾਜ਼ ਖ਼ਰੀਦਣ ਲਈ ਮਨਾਉਣ। ਲੇਕਿਨ ਉਹ ਸਫ਼ਲ ਨਹੀਂ ਹੋਏ ਸਨ।

ਕੁਮਾਰ ਨਾਰਾਇਣ ਉੱਤੇ ਸ਼ੱਕ ਦਾ ਸੰਜੋਗ

ਦਿੱਲੀ ਵਿੱਚ ਪ੍ਰਮੁੱਖ ਸਰਕਾਰੀ ਇਮਾਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦਫ਼ਤਰ ਦੇ ਵੱਡੇ ਅਫ਼ਸਰਾਂ ਉੱਤੇ ਵੀ ਨਿਗ੍ਹਾ ਰੱਖੀ ਜਾਣ ਲੱਗੀ

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਹਾਈ ਅਲਰਟ ਸੀ ਅਤੇ ਸੱਤਾ ਦੇ ਗਲਿਆਰਾਂ ਨਾਲ ਜੁੜਿਆ ਹਰ ਵਿਅਕਤੀ ਸ਼ੱਕ ਦੇ ਘੇਰੇ ਵਿੱਚ ਸੀ।

ਇਕ ਸਮਾਂ ਅਜਿਹਾ ਆਇਆ ਜਦੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦਫ਼ਤਰ ਦੇ ਵੱਡੇ ਅਫ਼ਸਰਾਂ ਉੱਤੇ ਵੀ ਨਿਗ੍ਹਾ ਰੱਖੀ ਜਾਣ ਲੱਗੀ।

ਲੇਕਿਨ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੁਮਾਰ ਦਾ ਕਨੈਕਸ਼ਨ ਇਸਦੇ ਬਾਵਜੂਦ ਕਿਸੇ ਦੀ ਨਜ਼ਰੀਂ ਨਹੀਂ ਚੜ੍ਹਿਆ। ਕੁਮਾਰ ਨਾਰਾਇਣ ਸੰਜੋਗ ਨਾਲ ਹੀ ਪੁਲਿਸ ਦੇ ਹੱਥੇ ਚੜ੍ਹ ਗਿਆ

ਸੀਬੀਆਈ ਵਿੱਚ ਕੰਮ ਕਰਨ ਵਾਲੇ ਵੇਦ ਪ੍ਰਕਾਸ਼ ਅਕਸਰ ਆਪਣੇ ਦੋਸਤ ਸੁਭਾਸ਼ ਸ਼ਰਮਾ ਦੀ ਫੋਟੋ ਕਾਪੀ ਕਰਨ ਦੀ ਦੁਕਾਨ ਉੱਤੇ ਜਾਇਆ ਕਰਦੇ ਸਨ।

ਦੁਕਾਨ ਵਿੱਚ ਰੌਸ਼ਨੀ ਬਹੁਤ ਰਹਿੰਦੀ ਸੀ। ਅਚਾਨਕ ਉਨ੍ਹਾਂ ਦੀ ਨਜ਼ਰ ਫੋਟੋ ਕਾਪੀ ਕੀਤੇ ਜਾ ਰਹੇ ਇੱਕ ਪੰਨੇ ਉੱਤੇ ਪਈ, ਜਿਸ ਉੱਤੇ ਲਿਖਿਆ ਸੀ, ਸੈਂਟਰਲ ਇੰਟੈਲੀਜੈਂਸ ਬਿਊਰੋ।

ਵੇਦ ਪ੍ਰਕਾਸ਼ ਆਪਣੇ ਤਜ਼ਰਬੇ ਤੋਂ ਜਾਣਦੇ ਸਨ ਕਿ ਇੰਟੈਲੀਜੈਂਸ ਬਿਊਰੋ ਆਪਣੇ ਕਿਸੇ ਵੀ ਅੰਦਰੂਨੀ ਦਸਤਾਵੇਜ਼ ਨੂੰ ਬਾਹਰ ਲਿਜਾਣ ਦੀ ਆਗਿਆ ਨਹੀਂ ਦਿੰਦਾ।

ਆਈਬੀ ਦੇ ਅਹਿਮ ਕਾਗਜ਼ਾਂ ਦੀ ਫ਼ੋਟੋ ਕਾਪੀ

ਕੱਲੋਲ ਭੱਟਾਚਾਰਜੀ ਲਿਖਦੇ ਹਨ, “ਵੇਦ ਪ੍ਰਕਾਸ਼ ਕਮਰੇ ਦੇ ਖੂੰਜੇ ਵਿੱਚ ਪਈ ਇੱਕ ਕੁਰਸੀ ਉੱਤੇ ਬੈਠ ਗਏ। ਫੋਟੋ ਕਾਪੀ ਕਰਵਾਉਣ ਵਾਲੇ ਵਿਅਕਤੀ ਸੁਭਾਸ਼ ਸ਼ਰਮਾ ਦੀ ਉਨ੍ਹਾਂ ਵੱਲ ਪਿਠ ਸੀ। ਉਨ੍ਹਾਂ ਨੇ ਦੇਖਿਆ ਕਿ ਇੰਟੈਲੀਜੈਂਸ ਬਿਊਰੋ ਦੇ ਕਾਗਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰਪਤੀ ਭਵਨ ਦੇ ਲਈ ਮਾਰਕ ਕੀਤੇ ਗਏ ਸਨ। ਇਹ ਕਾਗਜ਼ ਅਸਾਮ, ਕਸ਼ਮੀਰ, ਭਾਰੀ ਉਦਯੋਗ ਅਤੇ ਪਾਕਿਸਤਾਨ ਨਾਲ ਜੁੜੇ ਹੋਏ ਸਨ।”

ਇਸ ਤੋਂ ਬਾਅਦ ਵੇਦ ਪ੍ਰਕਾਸ਼ ਇਸ ਉਮੀਦ ਨਾਲ ਆਪਣੇ ਦੋਸਤ ਦੀ ਦੁਕਾਨ ਉੱਤੇ ਹਰ ਰੋਜ਼ ਜਾਣ ਲੱਗੇ ਕਿ ਉਨ੍ਹਾਂ ਦੀ ਮੁਲਾਕਾਤ ਇੱਕ ਵਾਰ ਫ਼ੋਟੋ ਕਾਪੀ ਕਰਵਾਉਣ ਵਾਲੇ ਨਾਲ ਹੋ ਜਾਵੇਗੀ।

ਇਹ ਸਿਲਸਿਲਾ ਕਈ ਦਿਨਾਂ ਤੱਕ ਜਾਰੀ ਰਿਹਾ। ਇਨ੍ਹਾਂ ਕਾਗਜ਼ਾਂ ਵਿੱਚ ਭਾਰਤ ਦੀਆਂ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਬਾਰੇ ਇੰਟੈਲੀਜੈਂਸ ਬਿਊਰੋ ਦੀ ਸੂਹੀਆ ਸੰਖੇਪ ਹੁੰਦੀ ਸੀ।

ਦਿਲਚਸਪ ਗੱਲ ਤਾਂ ਇਹ ਸੀ ਇਨ੍ਹਾਂ ਦਸਤਾਵੇਜ਼ਾਂ ਨੂੰ ਦਿੱਲੀ ਦੇ ਐਨ ਵਿਚਕਾਰ ਕਨਾਟ ਪਲੇਸ ਵਿੱਚ ਫ਼ੋਟੋ ਕਾਪੀ ਕੀਤਾ ਜਾ ਰਿਹਾ ਸੀ।

ਕੱਲੋਲ ਭੱਟਾਚਾਰਜੀ ਲਿਖਦੇ ਹਨ, ਜਦੋਂ ਵੇਦ ਪ੍ਰਕਾਸ਼ ਨੂੰ ਪੂਰਾ ਭਰੋਸਾ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਸਾਬਕਾ ਬੌਸ ਅਤੇ ਇੰਟੈਲੀਜੈਂਸ ਬਿਊਰੋ ਵਿੱਚ ਵਧੀਕ ਨਿਰਦੇਸ਼ਕ ਜੇਐੱਨ ਰੌਏ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ।

ਰੌਏ ਨੇ ਜਾਂਚ ਲਈ ਕੁਝ ਅਧਿਕਾਰੀਆਂ ਨੂੰ ਫ਼ੋਟੋ ਕਾਪੀ ਵਾਲੀ ਦੁਕਾਨ ਉੱਤੇ ਭੇਜਿਆ ਪਰ ਕੁਝ ਠੋਸ ਨਿਕਲ ਕੇ ਨਹੀਂ ਆਇਆ।

ਜਸੂਸੀ ਰੈਕਟ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ

ਵੇਦ ਪ੍ਰਕਾਸ਼ ਇਸਦੇ ਸਬੂਤ ਇਕੱਠੇ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇੱਕ ਦਿਨ ਉਸ ਚਪੜਾਸੀ ਦਾ ਲਿਆਂਦਾ ਇੱਕ ਕਾਗਜ਼ ਚੋਰੀ ਕਰਕੇ ਆਪਣੇ ਕੋਟ ਦੀ ਜੇਬ੍ਹ ਵਿੱਚ ਪਾ ਲਿਆ।

ਉਨ੍ਹਾਂ ਨੇ ਕਾਗਜ਼ ਨੂੰ ਪੜ੍ਹਿਆ ਤਾਂ ਦੇਖਿਆ ਕਿ ਉਹ ਇੰਟੈਲੀਜੈਂਸ ਬਿਊਰੋ ਦਾ ਇੱਕ ਕਾਗਜ਼ ਸੀ। ਹੁਣ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਦਾ ਸ਼ੱਕ ਸਹੀ ਸੀ।

ਉੱਥੋਂ ਹੀ ਉਹ ਸਿੱਧੇ ਰੌਏ ਕੋਲ ਗਏ। ਰੌਏ ਇਹ ਦੇਖਦੇ ਹੀ ਉਛਲ ਪਏ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ।

ਵੇਦ ਪ੍ਰਕਾਸ਼ ਨੇ ਉਨ੍ਹਾਂ ਨੂੰ ਕਿਹਾ ਕਿ ਦੁਕਾਨ ਦਾ ਮਾਲਕ ਇਸ ਕੰਮ ਵਿੱਚ ਸ਼ਾਮਲ ਨਹੀਂ ਹੈ। ਇਸ ਲਈ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇੰਟੈਲੀਜੈਂਸ ਬਿਊਰੋ ਦੇ ਲੋਕਾਂ ਨੇ ਸਾਦੇ ਕੱਪੜਿਆਂ ਵਿੱਚ ਫ਼ੋਟੋ ਕਾਪੀ ਵਾਲੀ ਦੁਕਾਨ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ।

ਹੈਲੀ ਰੋਡ ਦਾ ਸਾਈਨ ਬੋਰਡ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਕਾਗਜ਼ ਨਵੀਂ ਦਿੱਲੀ ਦੀ ਹੈਲੀ ਰੋਡ ਉੱਤੇ ਸਥਿਤ ਇੱਕ ਦਫ਼ਤਰ ਵਿੱਚੋਂ ਆ ਰਹੇ ਸਨ

ਭੱਟਾਚਾਰਜੀ ਲਿਖਦੇ ਹਨ, “ਅਗਲੇ ਦਿਨ ਜਦੋਂ ਚਪੜਾਸੀ ਕਾਗਜ਼ ਕਾਪੀ ਕਰਵਾ ਕੇ ਦੁਕਾਨ ਤੋਂ ਨਿਕਲਿਆ ਤਾਂ ਵੇਦ ਪ੍ਰਕਾਸ਼ ਨੇ ਆਈਬੀ ਦੇ ਆਦਮੀ ਨੂੰ ਉਸਦੇ ਮਗਰ ਲਾ ਦਿੱਤਾ।”

ਉਨ੍ਹਾਂ ਨੇ ਲਿਖਿਆ, ਜਦੋਂ ਇਹ ਪਤਾ ਲੱਗਿਆ ਇਹ ਵਿਅਕਤੀ ਐੱਸਐੱਲਐੱਮ ਮਾਨੇਕ ਲਾਲ ਦੇ ਹੈਲੀ ਰੋਡ ਵਾਲੇ ਦਫ਼ਤਰ ਤੋਂ ਆਇਆ ਹੈ ਤਾਂ ਉਸ ਦਫ਼ਤਰ ਉੱਤੇ ਵੀ 24 ਘੰਟੇ ਦੀ ਨਿਗਰਾਨੀ ਬਿਠਾ ਦਿੱਤੀ ਗਈ। ਕਈ ਦਿਨਾਂ ਦੀ ਨਿਗਰਾਨੀ ਤੋਂ ਬਾਅਦ ਇਸ ਰੈਕੇਟ ਵਿੱਚ ਸ਼ਾਮਲ ਲੋਕਾਂ ਨੂੰ ਪਛਾਣ ਕਰ ਲਈ ਗਈ।

ਨਾਰਾਇਣ ਦੇ ਦਫ਼ਤਰ ਉੱਤੇ ਛਾਪਾ

ਇਸ ਤੋਂ ਅਨਜਾਣ ਕੁਮਾਰ ਨਾਰਾਇਣ ਆਪਣੇ ਦਫ਼ਤਰ ਵਿੱਚ ਪੀਐੱਮਓ ਵਿੱਚ ਕੰਮ ਕਰ ਰਹੇ ਪੀ ਗੋਪਾਲਨ ਦੀ ਉਡੀਕ ਕਰ ਰਹੇ ਸਨ। ਕਰੀਬ 11 ਵਜੇ ਰਾਤ ਨੂੰ ਗੋਪਾਲਨ ਇੱਕ ਬ੍ਰੀਫ਼ਕੇਸ ਲੈ ਕੇ ਨਾਰਾਇਣਨ ਦੋ ਕੋਲ ਪਹੁੰਚੇ।

ਕੁਮਾਰ ਨੇ ਉਨ੍ਹਾਂ ਦੇ ਲਈ ਵਿਸਕੀ ਦੀ ਇੱਕ ਬੋਤਲ ਖੋਲ੍ਹੀ ਅਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਨ ਲੱਗੇ। ਉਦੋਂ ਹੀ ਉਨ੍ਹਾਂ ਨੂੰ ਦਰਵਾਜ਼ੇ ਉੱਤੇ ਇੱਕ ਦਸਤਕ ਸੁਣਾਈ ਦਿੱਤੀ।

ਕੱਲੋਲ ਭੱਟਾਚਾਰਜੀ ਲਿਖਦੇ ਹਨ, “ਦਰਵਾਜ਼ਾ ਖੁੱਲ੍ਹਦੇ ਹੀ ਇੰਟੈਲੀਜੈਂਸ ਬਿਊਰੋ ਦੀ ਟੀਮ ਕਮਰੇ ਵਿੱਚ ਦਾਖਲ ਹੋਈ ਅਤੇ ਉਸ ਨੂੰ ਕੁਮਾਰ ਦੀ ਮੇਜ਼ ਉੱਤੇ ਸਿਰਫ਼ ਡੇਢ ਘੰਟਾ ਪਹਿਲਾਂ ਹੋਈ ਕੈਬਨਿਟ ਮੀਟਿੰਗ ਦੇ ਨੋਟਸ ਮਿਲੇ। ਟੀਮ ਨੇ ਕੁਮਾਰ ਅਤੇ ਗੋਪਾਲਨ ਨੂੰ ਆਪਣੀ ਥਾਂ ਬੈਠੇ ਰਹਿਣ ਲਈ ਕਿਹਾ ਅਤੇ ਪੂਰੇ ਦਫ਼ਤਰ ਦੀ ਤਲਾਸ਼ੀ ਲੈਣ ਲੱਗੇ। ਇਹ ਤਲਾਸ਼ੀ ਅਗਲੇ ਦਿਨ ਸਵੇਰ ਹੋਣ ਤੱਕ ਚਲਦੀ ਰਹੀ।”

ਟੀਮ ਨੂੰ ਬਿਹਤਰੀਨ ਸਕਾਚ ਅਤੇ ਵਿਸਕੀ ਦੀਆਂ 14 ਬੋਤਲਾਂ ਮਿਲੀਆਂ। ਨਾਰਾਇਣ ਅਤੇ ਗੋਪਾਲਨ ਨੂੰ ਪੁੱਛ-ਗਿੱਛ ਲਈ ਲਾਲ ਕਿਲ੍ਹੇ ਲਿਜਾਇਆ ਗਿਆ।

17 ਜਨਵਰੀ ਦੀ ਰਾਤ ਨੂੰ ਤਿਲਕ ਮਾਰਗ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਅੱਠ ਜਣਿਆਂ ਦੇ ਖਿਲਾਫ਼ ਐੱਫਆਈਆਰ ਦਰਜ ਕਰਵਾਈ ਗਈ, ਜਿਨ੍ਹਾਂ ਨੇ ਕੌਮੀ ਸੁਰੱਖਿਆ ਨਾਲ ਜੁੜੇ ਦਸਤਾਵੇਜ਼ਾਂ ਤੱਕ ਪਹੁੰਚ ਕਾਇਮ ਕਰਕੇ ਉਹ ਵਿਦੇਸ਼ੀ ਲੋਕਾਂ ਨਾਲ ਸਾਂਝੇ ਕੀਤੇ ਸਨ।

ਕੁਮਾਰ ਨਾਰਾਇਣਨ ਨੂੰ ਲੈ ਕੇ ਜਾਂਦੇ ਹੋਏ ਆਈਬੀ ਦੇ ਅਧਿਕਾਰੀ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਕੁਮਾਰ ਨਾਰਾਇਣਨ ਨੂੰ ਲੈ ਕੇ ਜਾਂਦੇ ਹੋਏ ਆਈਬੀ ਦੇ ਅਧਿਕਾਰੀ

ਕੁਮਾਰ ਨਾਰਾਇਣ ਤਿਹਾੜ ਜੇਲ੍ਹ ਵਿੱਚ

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਕਸ਼ਮੀਰੀ ਟੀਐੱਨ ਖੇਰ ਸਨ, ਜੋ ਪੀਐੱਮ ਦੇ ਮੁੱਖ ਸਕੱਤਰ ਪੀਸੀ ਐਲਗਜ਼ੈਂਡਰ ਦੇ ਪੀਐੱਸ ਸਨ। ਐਲਗਜ਼ੈਂਡਰ ਦੇ ਨਿੱਜੀ ਸਹਾਇਕ ਵਜੋਂ ਉਨ੍ਹਾਂ ਦੀ ਪਹੁੰਚ ਪੂਰੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀ।

ਇੱਕ ਹੋਰ ਜਣੇ ਕੇਕੇ ਮਲਹੋਤਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜੋ ਗ੍ਰਹਿ ਮੰਤਰਾਲੇ ਤੋਂ ਬਦਲ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਆਏ ਸਨ।

ਗ੍ਰਿਫ਼ਤਾਰ ਕੀਤਾ ਗਿਆ ਇੱਕ ਹੋਰ ਜਣਾ ਸੀ ਰਾਸ਼ਟਰਪਤੀ ਦਾ ਪ੍ਰੈੱਸ ਸਲਾਹਕਾਰ ਤਰਲੋਚਨ ਸਿੰਘ ਦਾ ਸੀਨੀਅਰ ਨਿੱਜੀ ਸਹਾਇਕ ਐੱਸ ਸ਼ੰਕਰਣ। ਮਦੁਰਈ ਦੇ ਰਹਿਣ ਵਾਲੇ ਸ਼ੰਕਰਣ ਪਿਛਲੇ ਵੀਹ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰਾਸ਼ਟਰਪਤੀ ਦੇ ਅਮਲੇ ਵਿੱਚ ਸਨ ਅਤੇ ਪ੍ਰੈਜ਼ੀਡੈਂਸ਼ਿਅਲ ਇਸਟੇਟ ਵਿੱਚ ਹੀ ਰਹਿੰਦੇ ਸਨ।

ਕੁਝ ਦਿਨਾਂ ਦੀ ਪੁੱਛ-ਗਿੱਛ ਤੋਂ ਬਾਅਦ ਕੁਮਾਰ ਨੂੰ ਤਿਹਾੜ ਜੇਲ੍ਹ ਪਹੁੰਚਾ ਦਿੱਤਾ ਗਿਆ ਸੀ। ਜੇਲ੍ਹ ਦੇ ਮਾਹੌਲ ਦੇ ਕੁਮਾਰ ਦੀ ਸਿਹਤ ਉੱਤੇ ਬੁਰਾ ਅਸਰ ਪਾਇਆ ਅਤੇ ਉਹ ਬੀਮਾਰ ਰਹਿਣ ਲੱਗਿਆ। ਉਸ ਨੂੰ ਡਰ ਸੀ ਕਿ ਉਸਦਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਜਾਵੇਗਾ। ਉਹ ਰਾਤਾਂ ਨੂੰ ਉੱਠ-ਉੱਠ ਕੇ ਚੀਕਣ ਲੱਗਦੇ ਸਨ।

ਤਿਹਾੜ ਜੇਲ੍ਹ ਦੇ ਸਾਬਕਾ ਪ੍ਰੈੱਸ ਅਧਿਕਾਰੀ ਸੁਨੀਲ ਗੁਪਤਾ ਦੱਸਦੇ ਹਨ, “ਕੁਮਾਰ ਹਰ ਸਮੇਂ ਰੋਂਦਾ ਰਹਿੰਦਾ ਸੀ। ਗ੍ਰਿਫ਼ਤਾਰ ਹੋਣ ਦੇ ਪਹਿਲੇ ਦੋ ਮਹੀਨਿਆਂ ਵਿੱਚ ਹੀ ਉਸਦਾ 20 ਕਿੱਲੋ ਭਾਰ ਘਟ ਗਿਆ। ਅਸੀਂ ਉਸ ਨਾਲ ਮਜ਼ਾਕ ਵੀ ਕਰਦੇ ਸੀ ਕਿ ਉਸਦਾ ਭਾਰ ਘਟਨਾ ਚੰਗੀ ਗੱਲ ਹੈ। ਹੁਣ ਉਹ ਲੰਬੇ ਸਮੇਂ ਤੱਕ ਜਿਉਂਦਾ ਰਹਿਣਗੇ।”

ਕੁਮਾਰ ਨਾਰਾਇਣ ਵੱਲੋਂ ਜੁਰਮ ਦਾ ਇਕਬਾਲ

ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜਨਤਕ ਨਹੀਂ ਕੀਤਾ ਗਿਆ ਸੀ ਲੇਕਿਨ ਦਿ ਹਿੰਦੂ ਦੇ ਜੀਕੇ ਰੈੱਡੀ ਨੂੰ ਇਸਦੀ ਭਿਣਕ ਪੈ ਗਈ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ।

4 ਫਰਵਰੀ 1985 ਨੂੰ ਐੱਸਐੱਮਐੱਲ ਮਾਨੇਕਲਾਲ ਨੇ ਕੁਮਾਰ ਨਾਰਾਇਣ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ।

ਕੁਮਾਰ ਨਾਰਾਇਣ ਨੇ ਆਪਣੇ 15 ਪੰਨਿਆਂ ਦੇ ਇਕਬਾਲੀਆ ਬਿਆਨ ਵਿੱਚ ਸਵੀਕਾਰ ਕੀਤਾ ਕਿ ਇਸ ਜਸੂਸੀ ਕੇਸ ਵਿੱਚ ਘੱਟ-ਤੋਂ-ਘੱਟ ਤਿੰਨ ਦੇਸ ਸ਼ਾਮਲ ਸਨ। ਉਹ ਪਿਛਲੇ 15 ਸਾਲਾਂ ਤੋਂ ਉਨ੍ਹਾਂ ਨੂੰ ਨਗਦ ਪੈਸਿਆਂ ਦੇ ਬਦਲੇ ਗੁਪਤ ਦਸਤਾਵੇਜ਼ ਮੁਹੱਈਆ ਕਰਵਾਉਂਦੇ ਰਹੇ ਹਨ।

ਕੁਮਾਰ ਨੇ ਆਪਣੇ ਰੋਜ਼ਗਾਰ ਦਾਤਾ ਮਾਨੇਕਲਾਲ ਬਾਰੇ ਵੀ ਕਿਹਾ ਕਿ ਉਨ੍ਹਾਂ ਨੇ ਵੀ ਇਨ੍ਹਾਂ ਜਾਣਕਾਰੀਆਂ ਦਾ ਲਾਹਾ ਲਿਆ ਹੈ।

ਪੀਸੀ ਐਲਗਜ਼ੈਂਡਰ ਦਾ ਅਸਤੀਫ਼ਾ

ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀਸੀ ਐਲਗਜੈਂਡਰ ਨੇ ਪੂਰੇ ਮਾਮਲੇ ਦੀ ਨੈਕਿਤ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਉਨ੍ਹਾਂ ਨੇ ਆਪਣੀ ਆਤਮ-ਕਥਾ ਥਰੂ ਦਿ ਕਾਰੀਡੋਰਜ਼ ਆਫ਼ ਪਾਵਰ ਵਿੱਚ ਲਿਖਿਆ, “18 ਜਨਵਰੀ 1985 ਨੂੰ ਮੁੱਖ ਸਕੱਤਰ ਵਜੋਂ ਮੇਰੀਆਂ ਸੇਵਾਵਾਂ ਦਾ ਸਭ ਤੋਂ ਸਿਆਹ ਦਿਨ ਸਾਬਤ ਹੋਇਆ”।

ਉਨ੍ਹਾਂ ਨੇ ਲਿਖਿਆ, “ਉਸ ਸਵੇਰ ਮੈਨੂੰ ਇਹ ਹਿਲਾ ਦੇਣ ਵਾਲੀ ਖ਼ਬਰ ਪਤਾ ਲੱਗੀ ਕਿ ਮੇਰੇ ਨਿੱਜੀ ਸਕੱਤਰ ਅਤੇ ਤਿੰਨ ਨਿੱਜੀ ਸਹਿਯੋਗੀਆਂ ਨੂੰ ਮੇਰੇ ਦਫ਼ਤਰ ਦੀਆਂ ਗੁਪਤ ਜਾਣਕਾਰੀਆਂ ਕੁਝ ਕਾਰੋਬਾਰੀ ਸੰਸਥਾਵਾਂ ਨੂੰ ਲੀਕ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।”

ਪੀਸੀ ਅਲੈਂਗਜੈਂਡਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ

ਤਸਵੀਰ ਸਰੋਤ, kallol bhattacherjee

ਤਸਵੀਰ ਕੈਪਸ਼ਨ, ਪੀਸੀ ਅਲੈਂਗਜੈਂਡਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ

ਉਨ੍ਹਾਂ ਨੇ ਲਿਖਿਆ, “ਮੇਰੀ ਤੁਰੰਤ ਪ੍ਰਤੀਕਿਰਿਆ ਸੀ ਕਿ ਮੈਂ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵਾਂ।”

ਉਹ ਲਿਖਦੇ ਹਨ,“ਮੈਂ ਤਿੰਨ ਵਜੇਂ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ। ਉਸ ਸਮੇਂ ਤਿੰਨ ਸੀਨੀਅਰ ਸਹਿਯੋਗੀ, ਨਰਸਿਮ੍ਹਾ ਰਾਓ, ਵੀਪੀ ਸਿੰਘ ਅਤੇ ਐੱਸਬੀ ਚਵਹਾਣ ਉਨ੍ਹਾਂ ਦੇ ਕੋਲ ਬੈਠੇ ਸਨ। ਮੈਂ ਰਾਜੀਵ ਗਾਂਧੀ ਨੂੰ ਕਿਹਾ ਮੈਂ ਤੁਹਾਡੇ ਨਾਲ ਇਕੱਲਿਆਂ ਮਿਲਣਾ ਚਾਹੁੰਦਾ ਹਾਂ। ਜਿਵੇਂ ਹੀ ਉਹ ਲੋਕ ਗਏ ਮੈਂ ਸਾਰੀ ਗੱਲ ਪ੍ਰਧਾਨ ਮੰਤਰੀ ਨੂੰ ਦੱਸੀ ਅਤੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ।”

ਦਿੱਲੀ ਨੇ ਫਰਾਂਸ ਨੂੰ ਰਾਜਦੂਤ ਵਾਪਸ ਬੁਲਾਉਣ ਲਈ ਕਿਹਾ

ਫਰਾਂਸ ਦੇ ਰਾਸ਼ਟਰਪਤੀ ਫਰਾਂਸੂਆ ਸਿਤਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਾਂਸ ਦੇ ਰਾਸ਼ਟਰਪਤੀ ਫਰਾਂਸੂਆ ਸਿਤਰਾਂ

ਪੈਰਿਸ ਵਿੱਚ ਭਾਰਤ ਦੇ ਰਾਜਦੂਤ ਨਰੇਂਦਰ ਸਿੰਘ ਨੂੰ ਸੁਨੇਹਾ ਭੇਜ ਕੇ ਦੱਸਿਆ ਗਿਆ ਕਿ ਫਰਾਂਸ ਦੇ ਵਿਦੇਸ਼ ਮੰਤਰੀ ਨੂੰ ਮਿਲ ਕੇ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਨੂੰ ਵਾਪਸ ਸੱਦਣ ਦੀ ਬੇਨਤੀ ਕਰਨ ਅਤੇ ਇਹ ਵੀ ਕਹਿਣ ਕਿ ਦਿੱਲੀ ਵਿੱਚ ਉਨ੍ਹਾਂ ਦੇ ਦੂਤਾਵਾਸ ਦੇ ਕਰਮਚਾਰੀਆਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ।

ਚਿਨਮਯ ਗੋਰਖਾਂ ਆਪਣੀ ਸਵੈ-ਜੀਵਨੀ ‘ਸੈਂਟਰਜ਼ ਆਫ਼ ਪਾਵਰ’ ਵਿੱਚ ਲਿਖਦੇ ਹਨ, “ਫਰਾਂਸ ਦੇ ਰਾਸ਼ਟਰਪਤੀ ਫਰਾਂਸੂਆ ਸਿਤਰਾਂ ਨੇ ਰਾਜੀਵ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਨੂੰ ਭੁੱਲ ਜਾਣ। ਇਸ ਘਟਨਾ ਨੂੰ ਦੋਵਾਂ ਦੇਸਾਂ ਦੀ ਦੋਸਤੀ ਦੇ ਵਿਚਕਾਰ ਨਹੀਂ ਆਉਣ ਦਿੱਤਾ ਜਾਵੇਗਾ।”

22 ਜਨਵਰੀ, 1985 ਨੂੰ ਸਿਤਰਾਂ ਨੇ ਆਪਣੇ ਭਰਾ ਨੂੰ ਰਾਜੀਵ ਗਾਂਧੀ ਨੂੰ ਮਿਲਣ ਦਿੱਲੀ ਭੇਜਿਆ। ਇਹ ਉਨ੍ਹਾਂ ਦਾ ਕਹਿਣ ਦਾ ਤਰੀਕਾ ਸੀ ਕਿ ਉਹ ਦੁਖੀ ਹਨ, ਲੇਕਿਨ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ।

ਇਸ ਕਾਂਡ ਵਿੱਚ ਮੁਲੱਵਿਸ ਪੋਲੈਂਡ, ਚੈਕੋਸਲੋਵਾਕੀਆ ਅਤੇ ਪੂਰਬੀ ਜਰਮਨੀ ਦੇ ਕਰਮਚਾਰੀਆਂ ਨੂੰ ਤੁਰੰਤ ਭਾਰਤ ਛੱਡ ਦੇਣ ਲਈ ਕਿਹਾ ਗਿਆ ਲੇਕਿਨ ਨਰਸਿਮ੍ਹਾ ਰਾਓ ਦਾ ਸਲਾਹ ਉੱਤੇ ਸੋਵੀਅਤ ਰਾਜਦੂਤ ਨੂੰ ਕੁਝ ਨਹੀਂ ਕਿਹਾ ਗਿਆ।

ਕੁਮਾਰ ਨਾਰਾਇਣ ਦੀ ਮੌਤ

ਸਾਰੇ 13 ਮੁਲਜ਼ਮਾਂ ਦੇ ਖਿਲਾਫ਼ 17 ਸਾਲ ਤੱਕ ਮੁਕੱਦਮਾ ਚੱਲਦਾ ਰਿਹਾ।

ਉਨ੍ਹਾਂ ਸਾਰਿਆਂ ਉੱਤੇ ਗੁਪਤ ਜਾਣਕਾਰੀਆਂ ਵਿਦੇਸ਼ੀ ਏਜੰਟਾਂ ਤੱਕ ਪਹੁੰਚਾਉਣ ਦੇ ਜੁਰਮ ਸਾਬਤ ਹੋਏ। ਉਨ੍ਹਾਂ ਵਿੱਚੋਂ ਚਾਰ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਸਨ।

ਇਨ੍ਹਾਂ ਸਾਰਿਆਂ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਲੇਕਿਨ ਫੈਸਲਾ ਆਉਣ ਤੋਂ ਦੋ ਸਾਲ ਪਹਿਲਾਂ 20 ਮਾਰਚ 2000 ਨੂੰ ਕੁਮਾਰ ਨਾਰਾਇਣ ਦੀ ਮੌਤ ਹੋ ਗਈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)