ਭਾਰਤੀ ਖ਼ੁਫ਼ੀਆ ਏਜੰਸੀ ਰਾਅ ਨੂੰ ਜਨਮ ਦੇਣ ਵਾਲੇ ਸ਼ਖ਼ਸ ਬਾਰੇ ਜਾਣੋ

- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
1996 ਵਿੱਚ ਪੂਰੇ ਭਾਰਤ 'ਚ ਬੰਗਲਾਦੇਸ਼ ਦੇ ਜਨਮ ਦੀ 25ਵੀਂ ਸਾਲਗਿਰਾਹ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਕਈ ਮੀਟਿੰਗਾ ਹੋਈਆਂ।
ਇੱਕ ਮੀਟਿੰਗ ਵਿੱਚ ਇੱਕ ਬੰਗਲਾਦੇਸ਼ੀ ਪੱਤਰਕਾਰ ਨੇ ਹਾਲ ਦੀ ਪਿਛਲੀ ਸੀਟ 'ਤੇ ਇੱਕ ਲੰਬੇ, ਸਮਾਰਟ ਅਤੇ ਦਿਲ ਖਿੱਚਵੇਂ ਵਿਅਕਤੀ ਨੂੰ ਦੇਖਿਆ। ਉਹ ਉਨ੍ਹਾਂ ਦੇ ਕੋਲ ਆ ਕੇ ਕਹਿੰਦਾ, ''ਸਰ ਤੁਹਾਨੂੰ ਉੱਥੇ ਮੰਚ 'ਤੇ ਵਿਚਾਲੇ ਹੋਣਾ ਚਾਹੀਦਾ ਹੈ, ਤੁਹਾਡੇ ਕਰਕੇ ਹੀ ਤਾਂ 1971 ਸੰਭਵ ਹੋ ਸਕਿਆ।''
ਉਸ ਸ਼ਰਮੀਲੇ ਤੇ ਆਕਰਸ਼ਿਤ ਇਨਸਾਨ ਨੇ ਜਵਾਬ ਦਿੱਤਾ, ''ਜੀ ਨਹੀਂ ਮੈਂ ਕੁਝ ਨਹੀਂ ਕੀਤਾ, ਮੰਚ 'ਤੇ ਬੈਠੇ ਲੋਕਾਂ ਦੀ ਤਾਰੀਫ਼ ਹੋਣੀ ਚਾਹੀਦੀ ਹੈ।'' ਪਛਾਣ ਲਏ ਜਾਣ ਤੋਂ ਪ੍ਰੇਸ਼ਾਨ ਉਹ ਸ਼ਖ਼ਸ ਆਪਣੀ ਥਾਂ ਤੋਂ ਉੱਠਿਆ ਅਤੇ ਚੁੱਪ ਚੁਪੀਤੇ ਹਾਲ ਤੋਂ ਬਾਹਰ ਚਲਾ ਗਿਆ।
ਇਸ ਸ਼ਖ਼ਸ ਦਾ ਨਾਂ ਸੀ ਰਾਮੇਸ਼ਵਰ ਨਾਥ ਕਾਵ - ਭਾਰਤ ਦੀ ਬਾਹਰੀ ਖ਼ੁਫ਼ੀਆ ਏਜੰਸੀ ਰਾਅ (RAW) ਦੇ ਜਨਮਦਾਤਾ।
ਇਹ ਵੀ ਜ਼ਰੂਰ ਪੜ੍ਹੋ:
1982 ਵਿੱਚ ਫਰਾਂਸ ਦੀ ਬਾਹਰੀ ਖ਼ੂਫ਼ੀਆ ਏਜੰਸੀ ਐਸਡੀਈਸੀਈ ਦੇ ਪ੍ਰਮੁੱਖ ਕਾਉਂਟ ਐਲੈਕਜਾਂਡਰੇ ਦ ਮੇਰੇਂਚੇ ਨੂੰ ਜਦੋਂ ਕਿਹਾ ਗਿਆ ਸੀ ਕਿ ਉਹ 70 ਦੇ ਦਹਾਕੇ ਦੇ ਦੁਨੀਆਂ ਦੇ ਪੰਜ ਸਰਬਉੱਚ ਖ਼ੁਫ਼ੀਆ ਮੁਖੀਆਂ ਦੇ ਨਾਂ ਦੱਸੋ, ਤਾਂ ਉਨ੍ਹਾਂ ਨੇ ਪੰਜ ਲੋਕਾਂ ਵਿੱਚ ਕਾਵ ਦਾ ਨਾਂ ਵੀ ਲਿਆ ਸੀ।

ਤਸਵੀਰ ਸਰੋਤ, Getty Images
ਪੁਲਿਸ ਸੇਵਾ ਦੇ ਅਧਿਕਾਰੀ
ਉਸ ਸਮੇਂ ਉਨ੍ਹਾਂ ਨੇ ਕਾਵ ਬਾਰੇ ਕਿਹਾ ਸੀ, ''ਸਰੀਰਿਕ ਅਤੇ ਮਾਨਸਿਕ ਤੌਰ 'ਤੇ ਚੰਗੇ ਹੋਣ ਦਾ ਵਿਲੱਖਣ ਸੁਮੇਲ ਹੈ ਇਹ ਇਨਸਾਨ! ਇਸਦੇ ਬਾਵਜੂਦ ਆਪਣੇ ਬਾਰੇ, ਆਪਣੇ ਦੋਸਤਾਂ ਬਾਰੇ ਅਤੇ ਆਪਣੀਆਂ ਉਪਬਲਧੀਆਂ ਬਾਰੇ ਗੱਲ ਕਰਨ 'ਚ ਇੰਨਾ ਸ਼ਰਮੀਲਾ!''
ਰਾਮੇਸ਼ਵਰ ਨਾਥ ਕਾਵ ਦਾ ਜਨਮ 10 ਮਈ 1918 ਨੂੰ ਵਾਰਾਣਸੀ 'ਚ ਹੋਇਆ ਸੀ। 1940 ਵਿੱਚ ਉਨ੍ਹਾਂ ਨੇ ਭਾਰਤੀ ਪੁਲਿਸ ਸੇਵਾ ਜਿਸਨੂੰ ਉਸ ਜ਼ਮਾਨੇ 'ਚ ਆਈਪੀ ਕਿਹਾ ਜਾਂਦਾ ਸੀ ਦਾ ਇਮਤਿਹਾਨ ਪਾਸ ਕੀਤਾ ਅਤੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਕਾਡਰ ਦਿੱਤਾ ਗਿਆ।
1948 ਵਿੱਚ ਜਦੋਂ ਇੰਟੈਲਿਜੈਂਸ ਬਿਊਰੋ ਦੀ ਸਥਾਪਨਾ ਹੋਈ ਤਾਂ ਉਨ੍ਹਾਂ ਨੂੰ ਉਸਦਾ ਸਹਾਇਕ ਨਿਦੇਸ਼ਕ ਬਣਾਇਆ ਗਿਆ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ।
ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਨੂੰ ਇੱਕ ਬਹੁਤ ਬਾਰੀਕ ਖ਼ੁਫ਼ੀਆ ਆਪਰੇਸ਼ਨ ਕਰਨ ਦਾ ਮੌਕਾ ਮਿਲਿਆ। 1955 ਵਿੱਚ ਚੀਨ ਦੀ ਸਰਕਾਰ ਨੇ ਏਅਰ ਇੰਡੀਆ ਦਾ ਇੱਕ ਜਹਾਜ਼ 'ਕਸ਼ਮੀਰ ਪ੍ਰਿੰਸੇਜ਼' ਚਾਰਟਰ ਕੀਤਾ ਜੋ ਹੌਂਗਕੌਂਗ ਤੋਂ ਜਕਾਰਤਾ ਲਈ ਉਡਾਨ ਭਰਨ ਵਾਲਾ ਸੀ ਅਤੇ ਉਸ ਵਿੱਚ ਬੈਠ ਕੇ ਚੀਨ ਦੇ ਪ੍ਰਧਾਨਮੰਤਰੀ ਚਾਓ ਏਨ ਲਾਈ ਬਾੰਡੁੰਗ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਣ ਵਾਲੇ ਸਨ।
ਪਰ ਆਖ਼ਰੀ ਮੌਕੇ 'ਤੇ ਏਪੇਂਡੇਸਾਇਸਟਿਸ ਦਾ ਦਰਦ ਹੋਣ ਕਾਰਨ ਉਨ੍ਹਾਂ ਨੇ ਆਪਣੀ ਯਾਤਰੀ ਰੱਦ ਕਰ ਦਿੱਤੀ ਸੀ। ਉਹ ਜਹਾਜ਼ ਇੰਡੋਨੇਸ਼ੀਆ ਦੇ ਕੰਢੇ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ 'ਚ ਬੈਠੇ ਬਹੁਤੇ ਚੀਨੀ ਅਧਿਕਾਰੀ ਅਤੇ ਪੱਤਰਕਾਰ ਮਾਰੇ ਗਏ ਸਨ।
ਰਾਮਨਾਥ ਕਾਵ ਨੂੰ ਇਸ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕਾਵ ਨੇ ਜਾਂਚ ਕੀਤੀ ਤੇ ਪਤਾ ਲਗਾਇਆ ਸੀ ਕਿ ਇਸ ਪਿੱਛੇ ਤਾਈਵਾਨ ਦੀ ਖ਼ੁਫ਼ੀਆ ਏਜੰਸੀ ਦਾ ਹੱਥ ਸੀ।

ਤਸਵੀਰ ਸਰੋਤ, Getty Images
ਰਾਅ ਦੇ ਪਹਿਲੇ ਨਿਦੇਸ਼ਕ ਬਣਾਏ ਗਏ
ਕਾਵ ਨੂੰ ਨੇੜਿਓਂ ਜਾਣਨ ਵਾਲੇ ਆਰਕੇ ਯਾਦਵ ਨੇ ਬੀਬੀਸੀ ਨੂੰ ਦੱਸਿਆ ਕਿ ਚੀਨ ਦੇ ਪ੍ਰਧਾਨ ਮੰਤਰੀ ਚਾਓ ਏਨ ਲਾਈ ਉਨ੍ਹਾਂ ਦੀ ਜਾਂਚ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕਾਵ ਨੂੰ ਆਪਣੇ ਦਫ਼ਤਰ ਸੱਦਿਆ ਅਤੇ ਯਾਦਗਾਰ ਦੇ ਤੌਰ 'ਤੇ ਉਨ੍ਹਾਂ ਨੂੰ ਆਪਣੀ ਨਿੱਜੀ ਸੀਲ ਭੇਂਟ ਕੀਤੀ ਅਤੇ ਜੋ ਆਖ਼ਿਰ ਤੱਕ ਕਾਵ ਦੀ ਮੇਜ 'ਤੇ ਸੁਸ਼ੋਭਿਤ ਰਹੀ।
1968 'ਚ ਇੰਦਰਾ ਗਾਂਧੀ ਨੇ ਸੀਆਈਏ ਅਤੇ ਐਮਆਈ 6 ਦੀ ਤਰਜ 'ਤੇ ਭਾਰਤ 'ਚ ਵੀ ਦੇਸ਼ ਦੇ ਬਾਹਰ ਦੇ ਖ਼ੁਫ਼ੀਆ ਮਾਮਲਿਆਂ ਲਈ ਇੱਕ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਬਣਾਉਣ ਦਾ ਫ਼ੈਸਲਾ ਕੀਤਾ ਅਤੇ ਕਾਵ ਨੂੰ ਇਸਦਾ ਪਹਿਲਾ ਨਿਦੇਸ਼ਕ ਬਣਾਇਆ ਗਿਆ।
ਰਾਅ ਨੇ ਆਪਣੀ ਬਹਾਦਰੀ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸਾਬਿਤ ਕਰ ਦਿੱਤੀ। ਕਾਵ ਅਤੇ ਉਨ੍ਹਾਂ ਦੇ ਸਾਥੀਆਂ ਦੀ ਦੇਖਰੇਖ 'ਚ ਇੱਕ ਲੱਖ ਤੋਂ ਵੱਧ ਮੁਕਤੀਵਾਹਿਨੀ ਦੇ ਜਵਾਨਾਂ ਨੂੰ ਭਾਰਤ 'ਚ ਟ੍ਰੇਨਿੰਗ ਦਿੱਤੀ ਗਈ।
ਕਾਵ ਦਾ ਖ਼ੁਫ਼ੀਆ ਤੰਤਰ ਇੰਨਾ ਮਜ਼ਬੂਤ ਸੀ ਕਿ ਉਨ੍ਹਾਂ ਨੂੰ ਇਸ ਗੱਲ ਤੱਕ ਦੀ ਜਾਣਕਾਰੀ ਸੀ ਕਿ ਕਿਸ ਦਿਨ ਪਾਕਿਸਤਾਨ ਭਾਰਤ 'ਤੇ ਹਮਲਾ ਕਰਨ ਵਾਲਾ ਹੈ।

ਤਸਵੀਰ ਸਰੋਤ, Getty Images
ਰਾਅ ਦੇ ਸਾਬਕਾ ਨਿਦੇਸ਼ਕ ਅਤੇ ਕਾਵ ਨੂੰ ਨੇੜਿਓਂ ਜਾਣਨ ਵਾਲੇ ਆਨੰਦ ਕੁਮਾਰ ਵਰਮਾ ਕਹਿੰਦੇ ਸਨ, ''ਯਾਹਿਆ ਖਾਂ ਦੇ ਦਫ਼ਤਰ ਦੇ ਸਾਡੇ ਇੱਕ ਸਰੋਤ ਨੇ ਸਾਨੂੰ ਪੁਖ਼ਤਾ ਜਾਣਕਾਰੀ ਦੇ ਦਿੱਤੀ ਸੀ ਕਿ ਕਿਸ ਦਿਨ ਹਮਲਾ ਹੋਣ ਵਾਲਾ ਹੈ, ਇਹ ਸੂਚਨਾ ਵਾਇਰਲੈੱਸ ਜ਼ਰੀਏ ਆਈ ਸੀ।’’
"ਜਦੋਂ ਕੋਡੇਡ ਸੂਚਨਾ ਨੂੰ ਡਿਸਾਇਫ਼ਰ ਕੀਤਾ ਗਿਆ ਤਾਂ ਗ਼ਲਤੀ ਨਾਲ ਤੈਅ ਤਾਰੀਕ ਤੋਂ ਦੋ ਦਿਨ ਪਹਿਲਾਂ ਦੀ ਸੂਚਨਾ ਦੇ ਦਿੱਤੀ ਗਈ। ਹਵਾਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ, ਦੋ ਦਿਨ ਤੱਕ ਕੁਝ ਨਹੀਂ ਹੋਇਆ, ਇਹ ਲੋਕ ਹਾਈ ਅਲਰਟ 'ਤੇ ਸਨ।''
ਜਦੋਂ ਹਵਾਈ ਫ਼ੌਜ ਮੁਖੀ ਨੇ ਕਾਵ ਸਾਹਬ ਨੂੰ ਕਿਹਾ ਕਿ ਇੰਨੇ ਦਿਨਾਂ ਤੱਕ ਹਵਾਈ ਫ਼ੌਜੀਆਂ ਨੂੰ ਹਾਈ ਅਲਰਟ 'ਤੇ ਨਹੀਂ ਰੱਖਿਆ ਜਾ ਸਕਦਾ।
ਤਾਂ ਕਾਵ ਨੇ ਜਵਾਬ ਦਿੱਤਾ ਸੀ ਕਿ ਇੱਕ ਦਿਨ ਹੋਰ ਰੁੱਕ ਜਾਓ।
3 ਦਸੰਬਰ ਨੂੰ ਪਾਕਿਸਤਾਨ ਨੇ ਹਮਲਾ ਕੀਤਾ ਅਤੇ ਭਾਰਤੀ ਹਵਾਈ ਫ਼ੌਜ ਉਸ ਹਮਲੇ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਸੀ। ਇਹ ਜੋ ਏਜੰਟ ਸੀ ਉਹ ਇੱਕ ਹਿਊਮਨ ਏਜੰਟ ਸੀ, ਉਸਦੀ ਲੋਕੇਸ਼ਨ ਚੰਗੀ ਸੀ ਅਤੇ ਉਸ ਕੋਲ ਸੂਚਨਾ ਭੇਜਣ ਲਈ ਵਾਇਰਲੈੱਸ ਵੀ ਸੀ।

ਤਸਵੀਰ ਸਰੋਤ, Getty Images
ਸਿੱਕਮ ਰਲੇਵੇਂ ਦੀ ਯੋਜਨਾ
ਭਾਰਤ 'ਚ ਸਿੱਕਮ ਦੇ ਰਲੇਵੇਂ 'ਚ ਵੀ ਰਾਮੇਸ਼ਵਰ ਨਾਥ ਕਾਵ ਦੀ ਜ਼ਬਰਦਸਤ ਭੂਮਿਕਾ ਰਹੀ। ਉਨ੍ਹਾਂ ਨੇ ਇਸ ਕੰਮ ਨੂੰ ਮਹਿਜ਼ ਚਾਰ ਅਫ਼ਸਰਾਂ ਦੇ ਸਾਥ ਨਾਲ ਅੰਜਾਮ ਦਿੱਤਾ ਅਤੇ ਇਸ ਪੂਰੇ ਮਿਸ਼ਨ 'ਚ ਇੰਨੀ ਗੋਪਨੀਅਤਾ ਵਰਤੀ ਗਈ ਕਿ ਉਨ੍ਹਾਂ ਦੇ ਨੰਬਰ ਦੋ ਸ਼ੰਕਰਨ ਨਾਇਰ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ।
ਆਰਕੇ ਯਾਦਵ ਕਹਿੰਦੇ ਹਨ, ''ਸਿੱਕਮ ਦੀ ਯੋਜਨਾ ਆਰਐਨ ਕਾਵ ਦੀ ਜ਼ਰੂਰ ਸੀ ਪਰ ਉਦੋਂ ਤੱਕ ਇੰਦਰਾ ਗਾਂਧੀ ਇਸ ਖ਼ੇਤਰ ਦੀ ਬਿਨਾਂ ਕਿਸੇ ਵਿਵਾਦ ਦੇ ਨੇਤਾ ਬਣ ਚੁੱਕੇ ਸਨ।’’
‘‘ਬੰਗਲਾਦੇਸ਼ ਦੀ ਲੜਾਈ ਤੋਂ ਬਾਅਦ ਉਨ੍ਹਾਂ ਵਿੱਚ ਇੰਨਾ ਆਤਮ ਵਿਸ਼ਵਾਸ ਗਿਆ ਸੀ ਕਿ ਉਹ ਸੋਚਦੇ ਸਨ ਕਿ ਆਲੇ-ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਜ਼ਿੰਮਾ ਉਨ੍ਹਾਂ ਦਾ ਹੈ।’’
ਸਿੱਕਮ ਸਮੱਸਿਆ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਚੋਗਯਾਲ ਨੇ ਇੱਕ ਅਮਰੀਕੀ ਮਹਿਲਾ ਨਾਲ ਵਿਆਹ ਕਰ ਲਿਆ ਸੀ ਅਤੇ ਸੀਆਈਏ ਦਾ ਥੋੜ੍ਹਾ ਬਹੁਤ ਦਖ਼ਲ ਉੱਥੇ ਸ਼ੁਰੂ ਹੋ ਗਿਆ ਸੀ।''
ਆਰਕੇ ਯਾਦਵ ਅੱਗੇ ਦੱਸਦੇ ਹਨ, ''ਕਾਵ ਸਾਹਬ ਨੇ ਇੰਦਰਾ ਗਾਂਧੀ ਨੂੰ ਸੁਝਾਅ ਦਿੱਤਾ ਕਿ ਸਿੱਕਮ ਦਾ ਭਾਰਤ ਦੇ ਨਾਲ ਰਲੇਵਾਂ ਕਰਵਾਇਆ ਜਾ ਸਕਦਾ ਹੈ। ਇਸ ਆਪਰੇਸ਼ਨ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਚੀਨ ਦੀ ਨੱਕ ਹੇਠਾਂ ਹੋਇਆ ਸੀ।’’
‘‘ਚੀਨ ਦੀ ਫ਼ੌਜ ਸਰਹੱਦ 'ਤੇ ਸੀ ਪਰ ਇੰਦਰਾ ਗਾਂਧੀ ਨੇ ਚੀਨ ਦੀ ਕੋਈ ਪਰਵਾਹ ਨਹੀਂ ਕੀਤੀ। ਕਾਵ ਨੂੰ ਹੀ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਨੇ 3000 ਵਰਗ ਕਿਲੋਮੀਟਰ ਖ਼ੇਤਰ ਦਾ ਭਾਰਤ 'ਚ ਰਲੇਵਾਂ ਕਰਵਾਇਆ ਅਤੇ ਸਿੱਕਮ ਭਾਰਤ ਦਾ 22ਵਾਂ ਸੂਬਾ ਬਣਿਆ।''

ਤਸਵੀਰ ਸਰੋਤ, Getty Images
ਇੰਦਰਾ ਦੇ ਬਟੂਏ ਅਤੇ ਛੱਤਰੀ ਨਾਲ ਜੁੜਿਆ ਵਾਕਿਆ
ਇੰਦਰਾ ਗਾਂਧੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਾਵ ਕੋਲ ਸੀ। ਇੰਦਰ ਮਲਹੋਤਰਾ ਇੱਕ ਦਿਲਚਸਪ ਕਿੱਸਾ ਯਾਦ ਕਰਦੇ ਹਨ ਜੋ ਉਨ੍ਹਾਂ ਨੂੰ ਰਾਮੇਸ਼ਵਰ ਕਾਵ ਨੇ ਹੀ ਸੁਣਾਇਆ ਸੀ।
ਮਲਹੋਤਰਾ ਕਹਿੰਦੇ ਹਨ, ''ਕਾਵ ਨੇ ਦੱਸਿਆ ਕਿ ਅਸੀਂ ਰਾਸ਼ਟਰਮੰਡਲ ਸੰਮੇਲਨ 'ਚ ਹਿੱਸਾ ਲੈਣ ਮੇਲਬਰਨ, ਆਸਟਰੇਲੀਆ ਗਏ ਸੀ। ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਆਸਟਰੇਲੀਆਈ ਸੁਰੱਖਿਆ ਟੀਮ ਦਾ ਇੱਕ ਵਿਅਕਤੀ ਮੈਨੂੰ ਮਿਲਣਾ ਚਾਹੁੰਦਾ ਹੈ।’’
‘‘ਮੇਰੇ ਕੋਲ ਆਕੇ ਉਸਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ। ਤੁਹਾਡੀ ਪ੍ਰਧਾਨ ਮੰਤਰੀ ਇੱਕ ਮਹਾਨ ਦੇਸ਼ ਦੀ ਮਹਾਨ ਨੇਤਾ ਹਨ ਅਤੇ ਇੱਥੇ ਆਸਟਰੇਲਈਆ ਦੀ ਧਰਤੀ 'ਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਹੈ।''
ਮਲਹੋਤਰਾ ਨੇ ਕਿੱਸਾ ਅੱਗੇ ਦੱਸਦੇ ਹੋਏ ਕਿਹਾ, ''ਤੁਹਾਡੇ ਪਤਾ ਨਹੀਂ ਕੀ ਚਲਨ ਹੈ, ਜਦੋਂ ਉਹ (ਇੰਦਰਾ ਗਾਂਧੀ) ਕਾਰ ਤੋਂ ਉਤਰਦੇ ਹਨ ਤਾਂ ਆਪਣਾ ਬਟੂਆ ਅਤੇ ਛੱਤਰੀ ਮੈਨੂੰ ਫੜਾ ਦਿੰਦੇ ਹਨ।’’
‘‘ਉਨ੍ਹਾਂ ਨੂੰ ਮੈਂ ਨਹੀਂ ਕਹਿ ਸਕਦਾ ਪਰ ਤੁਹਾਨੂੰ ਕਹਿ ਰਿਹਾ ਹਾਂ ਕਿ ਜਦੋਂ ਕੋਈ ਨੇਤਾ ਕਾਰ ਤੋਂ ਉਤਰਦਾ ਜਾਂ ਚੜ੍ਹਦਾ ਹੈ ਤਾਂ ਉਦੋਂ ਹੀ ਅੱਤਵਾਦੀ ਕੋਲ ਮੌਕਾ ਹੁੰਦਾ ਹੈ ਉਨ੍ਹਾਂ 'ਤੇ ਗੋਲੀ ਚਲਾਉਣ ਦਾ। ਅਜਿਹੇ ਹਾਲਾਤ 'ਚ ਮੇਰੇ ਦੋਵੇਂ ਹੱਥ ਉਨ੍ਹਾਂ ਦੀ ਹਿਫ਼ਾਜ਼ਤ ਲਈ ਖਾਲ੍ਹੀ ਹੋਣੇ ਚਾਹੀਦੇ ਹਨ, ਇਸ ਲਈ ਸਾਨੂੰ ਕਾਰ 'ਚ ਇੱਕ ਵਾਧੂ ਵਿਅਕਤੀ ਨੂੰ ਹੀ ਕਾਰ ਵਿੱਚ ਕਿਉਂ ਨਾ ਬੈਠਣਾ ਪਵੇ।''
ਮਲਹੋਤਰਾ ਨੇ ਅੱਗੇ ਦੱਸਿਆ, ''ਕਾਵ ਨੇ ਜਦੋਂ ਇੰਦਰਾ ਗਾਂਧੀ ਨੂੰ ਇਹ ਗੱਲ ਸਮਝਾਈ ਤਾਂ ਉਹ ਇਹ ਗੱਲ ਸਮਝ ਗਏ ਅਤੇ ਉਨ੍ਹਾਂ ਨੇ ਉਸਨੂੰ ਆਪਣੀ ਛੱਤਰੀ ਅਤੇ ਬਟੂਆ ਦੇਣਾ ਬੰਦ ਕਰ ਦਿੱਤਾ ਪਰ ਜਦੋਂ ਉਹ ਭਾਰਤ ਵਾਪਸ ਆਏ ਤਾਂ ਮੁੜ ਤੋਂ ਉਨ੍ਹਾਂ ਨੇ ਆਪਣੀ ਪੁਰਾਣੀ ਆਦਤ ਦੁਹਰਾਉਣੀ ਸ਼ੁਰੂ ਕਰ ਦਿੱਤੀ।''

'ਬੈਸਟ ਡ੍ਰੈਸਡ ਮੈਨ'
ਕਾਵ ਨੂੰ ਬਿਹਤਰੀਨ ਕੱਪਣੇ ਪਹਿਨਣ ਦਾ ਸ਼ੌਕ ਸੀ। ਆਰਕੇ ਯਾਦਵ ਦੱਸਦੇ ਹਨ, ''ਮੈਂ ਉਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਹਮੇਸ਼ਾ ਸੂਟ ਟਾਈ ਵਿੱਚ ਦੇਖਿਆ, ਪਰ ਕਦੇ-ਕਦੇ ਉਹ ਖਾਦੀ ਦਾ ਕੁਰਤਾ ਵੀ ਪਹਿਨਦੇ ਸਨ ਅਤੇ ਦੱਸਦੇ ਸਨ ਕਿ ਮੈਂ ਇਸਨੂੰ ਖਾਦੀ ਭੰਡਾਰ ਤੋਂ ਲਿਆਇਆ ਹਾਂ ਅਤੇ ਉਹ ਪੁਸ਼ਾਕ ਉਨ੍ਹਾਂ 'ਤੇ ਫ਼ਬਦੀ ਵੀ ਸੀ ਕਿਉਂਕਿ ਉਨ੍ਹਾਂ ਦਾ ਸਰੀਰ ਅਜਿਹਾ ਸੀ।’’
‘‘ਢਿੱਡ ਅੰਦਰ ਵੱਲ ਸੀ ਅਤੇ ਉਨ੍ਹਾਂ ਦਾ ਡੀਲ ਡੌਲ ਇੱਕ ਐਥਲੀਟ ਵਾਂਗ ਸੀ। ਉਹ ਜਦੋਂ ਜਵਾਨ ਸਨ ਉਦੋਂ ਤੋਂ ਹੀ ਘੋੜਾ ਰੱਖਦੇ ਸਨ। ਉਹ ਮੈਨੂੰ ਕਹਿੰਦੇ ਸਨ ਕਿ ਮੇਰੀ ਤਨਖ਼ਾਹ ਦਾ ਅੱਧਾ ਹਿੱਸਾ ਤਾਂ ਘੋੜੋ ਨੂੰ ਖੁਆਉਣ 'ਚ ਚਲਾ ਜਾਂਦਾ ਹੈ। ਉਨ੍ਹਾਂ ਦੇ ਸ਼ਾਨਦਾਰ ਕੱਪੜੇ ਪਹਿਨਣ ਕਰਕੇ ਕੁਝ ਅਫ਼ਸਰਾਂ ਨੂੰ ਉਨ੍ਹਾਂ ਤੋਂ ਰਸ਼ਕ ਵੀ ਹੁੰਦਾ ਸੀ। ਇਸ ਵਿੱਚ ਕੋਈ ਖ਼ਦਸ਼ਾ ਨਹੀਂ ਕਿ ਹੀ ਵਾਜ਼ ਦਿ ਬੈਸਟ ਡ੍ਰੈਸਡ ਮੈਨ।''

ਤਸਵੀਰ ਸਰੋਤ, Getty Images
ਰਾਅ ਦੇ ਸਾਬਕਾ ਵਧੀਕ ਨਿਦੇਸ਼ਕ ਰਾਣਾ ਬਨਰਜੀ ਵੀ ਕਾਵ ਨੂੰ ਬੇਹੱਦ ਨੇੜਿਓਂ ਜਾਣਦੇ ਸਨ। ਰਾਣਾ ਨੇ ਬੀਬੀਸੀ ਨੂੰ ਦੱਸਿਆ, ''ਉਹ ਇੱਕ ਖ਼ਾਸ ਕਿਸਮ ਦੀ ਬਨਿਆਨ ਪਾਉਂਦੇ ਸਨ, ਉਹ ਜਾਲੀ ਵਾਲੀ ਬਨਿਆਨ ਹੁੰਦੀ ਸੀ ਤੇ ਇਹ ਸਿਰਫ਼ ਕਲਕੱਤੇ ਦੀ ਗੋਪਾਲ ਹੋਜ਼ਰੀ 'ਚ ਬਣਦੀ ਸੀ।’’
"ਪਰ ਫ਼ਿਰ ਇਹ ਕੰਪਨੀ ਬੰਦ ਹੋ ਗਈ, ਇਸਦੇ ਬਾਵਜੂਦ ਉਹ ਕਾਵ ਸਾਹਬ ਲਈ ਅਲੱਗ ਤੋਂ ਸਾਲ ਭਰ 'ਚ ਜਿੰਨੀ ਉਨ੍ਹਾਂ ਦੀ ਜ਼ਰੂਰਤ ਸੀ 10 ਜਾਂ 12 ਬਨਿਆਨ, ਉਹ ਉਨ੍ਹਾਂ ਲਈ ਬਣਾਇਆ ਕਰਦੇ ਸਨ।''
ਇਹ ਵੀ ਜ਼ਰੂਰ ਪੜ੍ਹੋ:
ਰਾਣਾ ਅੱਗੇ ਦੱਸਦੇ ਹਨ, ''ਜਦੋਂ ਮੇਰੀ ਕਲਕੱਤੇ ਪੋਸਟਿੰਗ ਹੋਈ ਤਾਂ ਮੇਰੇ ਸੀਨੀਅਰ ਨੇ ਮੈਨੂੰ ਕਿਹਾ ਕਿ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਕਾਵ ਸਾਹਬ ਕੋਲ ਗੋਪਾਲ ਹੋਜ਼ਰੀ ਤੋਂ ਬਨਿਆਨਾਂ ਪਹੁੰਚਦੀਆਂ ਰਹਿਣ।’’
"ਇੱਕ ਵਾਰ ਕਾਵ ਸਾਹਬ ਦਾ ਫ਼ੋਨ ਆਇਆ ਤਾਂ ਮੈਂ ਕਿਹਾ ਸਮਾਨ ਭਿਜਵਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਉਹ ਬਨਿਆਨਾਂ ਉਨ੍ਹਾਂ ਤੱਕ ਪਹੁੰਚਦੀਆਂ, ਉਸਦੀ ਕੀਮਤ 25 ਰੁਪਏ ਮੇਰੇ ਕੋਲ ਪਹੁੰਚ ਗਈ, ਇੰਨਾ ਧਿਆਨ ਰੱਖਦੇ ਸੀ ਉਹ ਚੀਜ਼ਾਂ ਦਾ।''

ਤਸਵੀਰ ਸਰੋਤ, Pn Dhar
ਜਨਤਾ ਸਰਕਾਰ ਦੀ ਜਾਂਚ
1977 ਵਿੱਚ ਜਦੋਂ ਇੰਦਰਾ ਗਾਂਧੀ ਚੋਣਾਂ ਹਰ ਗਏ ਅਤੇ ਮੋਰਾਰਜੀ ਦੇਸਾਈ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਕਿ ਐਮਰਜੈਂਸੀ ਦੀਆਂ ਜ਼ਿਆਦਤੀਆਂ ਵਿੱਚ ਕਾਵ ਸਾਹਬ ਦਾ ਵੀ ਹੱਥ ਸੀ।
ਉਨ੍ਹਾਂ ਨੇ ਇਹ ਗੱਲ ਕਾਵ ਨਾਲ ਖੁੱਲ੍ਹ ਕੇ ਸਾਂਝੀ ਕੀਤੀ, ਕਾਵ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਤੇ ਕਿਹਾ ਕਿ ਤੁਸੀਂ ਇਸਦੀ ਜਾਂਚ ਕਰਵਾ ਸਕਦੇ ਹੋ।
ਇਸਤੋਂ ਬਾਅਦ ਇੱਕ ਐਸਪੀ ਸਿੰਘ ਕਮੇਟੀ ਬਿਠਾਈ ਗਈ। ਉਸ ਕਮੇਟੀ ਨੇ ਛੇ ਮਹੀਨੇ ਦੇ ਅੰਦਰ ਰਿਪੋਰਟ ਦਿੱਤੀ ਸੀ ਅਤੇ ਨਾ ਸਿਰਫ਼ ਰਾਅ ਨੂੰ ਬੇਦਾਗ ਦੱਸਿਆ ਸਗੋਂ ਇਹ ਵੀ ਕਿਹਾ ਕਿ ਐਮਰਜੈਂਸੀ ਨਾਲ ਕਾਵ ਦਾ ਕੋਈ ਲੈਣਾ ਦੇਣਾ ਨਹੀਂ ਸੀ।''
ਰਾਅ ਦੇ ਲਗਪਗ ਸਾਰੇ ਅਧਿਕਾਰੀ ਕਾਵ ਦੀ ਦਰਿਆਦਿਲੀ ਨੂੰ ਅਜੇ ਤੱਕ ਯਾਦ ਕਰਦੇ ਹਨ।

ਤਸਵੀਰ ਸਰੋਤ, Getty Images
ਜਯੋਤੀ ਸਿਨਹਾ ਰਾਅ ਦੇ ਵਧੀਕ ਸਚਿਵ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ, ''ਉਨ੍ਹਾਂ ਦਾ ਕੀ ਸੌਫ਼ਿਸਿਟਿਫ਼ਿਕੇਸ਼ਨ ਸੀ! ਗੱਲ ਕਰਨ ਦਾ ਤਰੀਕਾ ਸੀ, ਉਹ ਕਿਸੇ ਨੂੰ ਕੋਈ ਅਜਿਹੀ ਚੀਜ਼ ਨਹੀਂ ਕਹਿੰਦੇ ਸਨ ਜੋ ਉਸਨੂੰ ਦੁੱਖ ਪਹੁੰਚਾਏ।’’
‘‘ਇੱਕ ਉਨ੍ਹਾਂ ਦਾ ਜੁਮਲਾ ਮੈਨੂੰ ਬਹੁਤ ਚੰਗਾ ਲੱਗਦਾ ਸੀ, ਉਹ ਕਿਹਾ ਕਰਦੇ ਸਨ...ਜੇ ਕੋਈ ਤੁਹਾਡੀ ਵਿਰੋਧ ਕਰਦਾ ਹੈ ਤਾਂ ਉਸ ਨੂੰ ਜ਼ਹਿਰ ਦੇ ਕੇ ਕਿਉਂ ਮਾਰਨਾ...ਕਿਉਂ ਨਾ ਉਸਨੂੰ ਵਾਧੂ ਸਾਰਾ ਸ਼ਹਿਦ ਦੇ ਕੇ ਮਾਰਿਆ ਜਾਵੇ। ਕਹਿਣ ਦਾ ਮਤਲਬ ਇਹ ਸੀ ਕਿ ਕਿਉਂ ਨਾ ਉਸਨੂੰ ਮਿੱਠੇ ਤਰੀਕੇ ਨਾਲ ਆਪਣੇ ਵੱਲ ਲੈ ਕੇ ਆਇਆ ਜਾਵੇ। ਅਸੀਂ ਲੋਕ ਉਸ ਜ਼ਮਾਨੇ 'ਚ ਬਹੁਤ ਨੌਜਵਾਨ ਸੀ ਅਤੇ ਅਸੀਂ ਸਾਰੇ ਉਨ੍ਹਾਂ ਨੂੰ ਬਤੌਰ ਹੀਰੋ ਪੂਜਦੇ ਸੀ।''
ਵਿਦੇਸ਼ੀ ਖ਼ੁਫ਼ੀਆ ਮੁਖੀਆਂ ਨਾਲ ਕਾਵ ਦੇ ਨਿੱਜੀ ਰਿਸ਼ਤਿਆਂ ਨਾਲ ਭਾਰਤ ਨੂੰ ਕਿੰਨਾ ਲਾਭ ਹੋਇਆ, ਇਸਦੀ ਜਾਣਕਾਰੀ ਸ਼ਾਇਦ ਹੀ ਲੋਕਾਂ ਨੂੰ ਕਦੇ ਹੋਵੇਗੀ।
ਇੱਕ ਵਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਸੀਆਈਏ ਮੁਖੀ ਰਹਿ ਚੁੱਕੇ ਜਾਰਜ ਬੁਸ਼ ਸੀਨੀਅਰ ਨੇ ਉਨ੍ਹਾਂ ਨੂੰ ਅਮਰੀਕੀ 'ਕਾਓ ਬੁਆਏ' ਦੀ ਨਿੱਕੀ ਜਿਹੀ ਮੂਰਤੀ ਭੇਂਟ ਕੀਤੀ ਸੀ। ਬਾਅਦ ਵਿੱਚ ਜਦੋਂ ਉਨ੍ਹਾਂ ਦੇ ਪੈਰੋਕਾਰਾਂ ਨੂੰ 'ਕਾਵ ਬੁਆਏਜ਼' ਕਿਹਾ ਜਾਣ ਲੱਗਿਆ ਤਾਂ ਉਨ੍ਹਾਂ ਨੇ ਇਸ ਮੂਰਤੀ ਦਾ ਫ਼ਾਇਬਰਗਲਾਸ ਪ੍ਰਤੀਰੂਪ ਬਣਵਾ ਕੇ ਰਾਅ ਦੇ ਮੁੱਖ ਦਫ਼ਤਰ ਦੇ ਰਿਸੈਪਸ਼ਨ ਕੰਪਲੈਕਸ ਵਿੱਚ ਲਗਵਾਇਆ ਸੀ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












