ਅਘੋਰੀ ਸਾਧੂ ਕੌਣ ਹੁੰਦੇ ਹਨ ਜੋ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਮਨੁੱਖੀ ਲਾਸ਼ਾਂ ਦਾ ਮਾਸ ਖਾਂਦੇ ਹਨ

ਤਸਵੀਰ ਸਰੋਤ, EPA
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸ
ਸਾਧੂਆਂ ਦਾ ਇੱਕ ਸੰਪ੍ਰਦਾਇ ਹਮੇਸ਼ਾ ਹੀ ਕੁੰਭ ਦੀ ਖ਼ਾਸ ਖਿੱਚ ਰਹਿੰਦਾ ਹੈ ਤੇ ਆਮ ਲੋਕਾਂ ਵਿੱਚ ਇਨ੍ਹਾਂ ਵਿੱਚ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਇਹ ਫਿਰਕਾ ਹੈ ਅਘੋਰੀ ਸਾਧੂਆਂ ਦਾ।
ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।
ਇਸ ਤਰ੍ਹਾਂ ਦੀਆਂ ਗੱਲਾਂ ਵੀ ਪ੍ਰਚਲਿਤ ਹਨ ਕਿ ਅਘੋਰੀ ਨੰਗੇ ਘੁੰਮਦੇ ਰਹਿੰਦੇ ਹਨ, ਇਨਸਾਨੀ ਮਾਸ ਖਾਂਦੇ ਹਨ, ਇਨਸਾਨੀ ਖੋਪੜੀ ਵਿੱਚ ਖਾਣਾ ਖਾਂਦੇ ਹਨ ਅਤੇ ਦਿਨ ਰਾਤ ਚਿਲਮਾ ਫੂਕਦੇ ਹਨ।
ਅਘੋਰੀ ਹੁੰਦੇ ਕੌਣ ਹਨ?
ਲੰਦਨ ਵਿੱਚ ਸਕੂਲ ਆਫ਼ ਐਫਰੀਕਨ ਐਂਡ ਓਰੀਐਂਟਲ ਸਟਡੀਜ਼' ਵਿੱਚ ਸੰਸਕ੍ਰਿਤ ਦੇ ਅਧਿਆਪਕ ਜੇਮਜ਼ ਮੈਂਲਿੰਸਨ ਦੱਸਦੇ ਹਨ, "ਅਘੋਰ ਫਿਲਾਸਫ਼ੀ ਦਾ ਸਿਧਾਂਤ ਇਹ ਹੈ ਕਿ ਅਧਿਆਤਮਿਕ ਦਾ ਗਿਆਨ ਹਾਸਲ ਕਰਨਾ ਹੈ ਅਤੇ ਈਸ਼ਵਰ ਨੂੰ ਮਿਲਣਾ ਹੈ ਤਾਂ ਸ਼ੁੱਧਤਾ ਦੇ ਨਿਯਮਾਂ ਤੋਂ ਪਾਰ ਜਾਣਾ ਪਵੇਗਾ।"
ਆਕਸਫੋਰਡ ਵਿੱਚ ਪੜ੍ਹਾਈ ਕਰਨ ਵਾਲੇ ਮੈਲਿੰਸਨ ਇੱਕ ਮਹੰਤ ਅਤੇ ਗੁਰੂ ਵੀ ਹਨ ਪਰ ਉਨ੍ਹਾਂ ਦੇ ਫਿਰਕੇ ਵਿੱਚ ਅਘੋਰੀਆਂ ਦੇ ਕਰਮਕਾਂਡ ਵਰਜਤ ਹਨ।
ਕਈ ਅਘੋਰੀ ਸਾਧੂਆਂ ਨਾਲ ਗੱਲਬਾਤ ਦੇ ਆਧਾਰ 'ਤੇ ਮੈਲਿੰਸਨ ਦਸਦੇ ਹਨ, "ਅਘੋਰੀਆਂ ਦਾ ਤਰੀਕਾ ਇਹ ਹੈ ਕਿ ਕੁਦਰਤੀ ਮਨਾਹੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਜਾਵੇ। ਉਹ ਚੰਗਿਆਈ ਅਤੇ ਬੁਰਾਈ ਦੇ ਸਾਧਾਰਣ ਨਿਯਮਾਂ ਨੂੰ ਰੱਦ ਕਰਦੇ ਹਨ। ਅਧਿਆਤਮਿਕ ਤਰੱਕੀ ਦਾ ਉਨ੍ਹਾਂ ਦਾ ਰਾਹ ਅਜੀਬੋ ਗਰੀਬ ਕਰਮ ਕਾਂਡਾਂ, ਜਿਵੇਂ ਇਨਸਾਨੀ ਮਾਸ ਅਤੇ ਆਪਣਾ ਮਲ ਖਾਣ ਵਰਗੀਆਂ ਪ੍ਰਕਿਰਿਆਵਾਂ ਚੋਂ ਹੋ ਕੇ ਲੰਘਦਾ ਹੈ। ਅਘਰੋ ਮੰਨਦੇ ਹਨ ਕਿ ਦੂਸਰਿਆਂ ਵੱਲੋਂ ਤਿਆਗੀਆਂ ਗਈਆਂ ਇਨ੍ਹਾਂ ਚੀਜ਼ਾਂ ਖਾਣ ਨਾਲ ਉਹ ਪਰਮ ਚੇਤਨਾ ਹਾਸਲ ਕਰ ਸਕਦੇ ਹਨ।"

ਤਸਵੀਰ ਸਰੋਤ, Getty Images
ਅਘੋਰੀਆਂ ਦਾ ਇਤਿਹਾਸ
ਜੇ ਅਘੋਰ ਸੰਪ੍ਰਦਾਇ ਦਾ ਇਤਿਹਾਸ ਦੇਖੀਏ ਤਾਂ ਇਹ ਸ਼ਬਦ 18ਵੀਂ ਸਦੀ ਵਿੱਚ ਚਰਚਾ ਦਾ ਵਿਸ਼ਾ ਬਣਿਆ।
ਉਸ ਸਮੇਂ ਇਸ ਫਿਰਕੇ ਨੇ ਉਨ੍ਹਾਂ ਕਰਮਕਾਂਡਾਂ ਨੂੰ ਅਪਣਾਇਆ ਹੈ, ਜਿਸ ਲਈ ਕਪਾਲਿਕਾ ਸੰਪ੍ਰਦਾਇ ਬਦਨਾਮ ਹੋਇਆ ਕਰਦਾ ਸੀ।
ਕਪਾਲਿਕਾ ਸੰਪ੍ਰਦਾਇ ਵਿੱਚ ਇਨਸਾਨੀ ਖੋਪੜੀ ਨਾਲ ਜੁੜੀਆਂ ਸਾਰੀਆਂ ਰਵਾਇਤਾਂ ਦੇ ਨਾਲ-ਨਾਲ ਇਨਸਾਨੀ ਬਲੀ ਦੀ ਰਵਾਇਤ ਵੀ ਸੀ।
ਹਾਲਾਂਕਿ, ਕਪਾਲਿਕਾ ਸੰਪ੍ਰਦਾਇ ਆਪਣੀ ਹੋਂਦ ਗੁਆ ਚੁੱਕਿਆ ਹੈ ਪਰ ਅਘੋਰ ਸੰਪ੍ਰਦਾਇ ਨੇ ਇਸ ਸੰਪ੍ਰਦਾਇ ਦੀਆਂ ਸਾਰੀਆਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਧਾਰਨ ਕਰ ਲਿਆ ਹੈ।
ਹਿੰਦੂ ਸਮਾਜ ਵਿੱਚ ਜ਼ਿਆਦਾਤਰ ਪੰਥ ਅਤੇ ਸੰਪ੍ਰਦਾਇ ਤੈਅ ਨਿਯਮਾਂ ਮੁਤਾਬਕ ਹੀ ਜ਼ਿੰਦਗੀ ਜਿਊਂਦੇ ਹਨ।
ਇਨ੍ਹਾਂ ਸੰਪ੍ਰਦਾਵਾਂ ਨੂੰ ਮੰਨਣ ਵਾਲੇ ਸੰਗਠਨ ਵਰਗੇ ਨਿਯਮਾਂ ਦਾ ਪਾਲਣ ਕਰਦੇ ਹਨ। ਆਮ ਸਮਾਜ ਨਾਲ ਸੰਪਰਕ ਕਾਇਮ ਰੱਖਦੇ ਹਨ।
ਜਦਕਿ ਅਘੋਰੀਆਂ ਨਾਲ ਅਜਿਹਾ ਨਹੀਂ ਹੈ। ਇਸ ਸੰਪ੍ਰਦਾਇ ਦੇ ਸਾਧੂ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਰਾਬਤਾ ਖ਼ਤਮ ਕਰ ਲੈਂਦੇ ਹਨ ਅਤੇ ਬਾਹਰੀ ਲੋਕਾਂ ਉੱਪਰ ਭਰੋਸਾ ਨਹੀਂ ਕਰਦੇ।
ਇਹ ਵੀ ਧਾਰਨਾ ਹੈ ਕਿ ਜ਼ਿਆਦਾਤਰ ਅਘੋਰੀ ਕਥਿਤ ਨੀਵੀਂ ਸਮਝੀਆਂ ਜਾਂਦੀਆਂ ਜਾਤਾਂ ਵਿੱਚੋਂ ਆਉਂਦੇ ਹਨ।
ਮੈਲਿੰਸਨ ਦਸਦੇ ਹਨ, "ਅਘੋਰੀ ਸੰਪ੍ਰਦਾਇ ਦੇ ਸਾਧੂਆਂ ਦੇ ਬੌਧਿਕ ਕੌਸ਼ਲਾਂ ਵਿੱਚ ਕਾਫ਼ੀ ਫ਼ਰਕ ਦੇਖਿਆ ਜਾਂਦਾ ਹੈ। ਕੁਝ ਅਘੋਰੀ ਇੰਨੇ ਤੇਜ਼ ਦਿਮਾਗ ਹੁੰਦੇ ਸਨ ਕਿ ਰਾਜਿਆਂ ਦੇ ਸਲਾਹਕਾਰ ਹੁੰਦੇ ਸਨ। ਇੱਕ ਅਘੋਰੀ ਤਾਂ ਨੇਪਾਲ ਦੇ ਰਾਜਾ ਦਾ ਵੀ ਸਲਾਹਕਾਰ ਰਿਹਾ।"

ਤਸਵੀਰ ਸਰੋਤ, Getty Images
ਕੋਈ ਨਫ਼ਰਤ ਨਹੀਂ
ਅਘੋਰੀਆਂ ਬਾਰੇ ਇੱਕ ਕਿਤਾਬ 'ਅਘੋਰੀ: ਏ ਬਾਇਓਗ੍ਰਾਫਿਕਲ ਨੋਵਲ' ਦੇ ਲੇਖਕ ਮਨੋਜ ਠੱਕਰ ਦਸਦੇ ਹਨ ਕਿ ਲੋਕਾਂ ਵਿੱਚ ਅਘੋਰੀਆਂ ਬਾਰੇ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਬਹੁਤ ਜ਼ਿਆਦਾ ਹੈ।
ਉਹ ਦਸਦੇ ਹਨ, "ਅਘੋਰੀ ਬੇਹੱਦ ਹੀ ਸਰਲ ਲੋਕ ਹੁੰਦੇ ਹਨ ਜੋ ਕੁਦਰਤ ਦਾ ਸਾਥ ਪੰਸਦ ਕਰਦੇ ਹਨ ਅਤੇ ਨਾ ਹੀ ਕੋਈ ਮੰਗ ਕਰਦੇ ਹਨ।"
ਉਹ ਹਰ ਚੀਜ਼ ਨੂੰ ਰੱਬ ਦੀ ਅੰਸ਼ ਵਜੋਂ ਹੀ ਦੇਖਦੇ ਹਨ। ਉਹ ਨਾ ਕਿਸੇ ਨੂੰ ਨਫ਼ਰਤ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਰੱਦ ਕਰਦੇ ਹਨ। ਇਸੇ ਕਾਰਨ ਉਹ ਕਿਸੇ ਜਾਨਵਰ ਅਤੇ ਇਨਸਾਨੀ ਮਾਸ ਵਿੱਚ ਫਰਕ ਨਹੀਂ ਕਰਦੇ। ਇਸ ਤੋਂ ਇਲਾਵਾ ਪਸ਼ੂ ਬਲੀ ਉਨ੍ਹਾਂ ਦੀ ਪੂਜਾ ਪ੍ਰਣਾਲੀ ਦਾ ਅਹਿਮ ਅੰਗ ਹੈ।
"ਉਹ ਗਾਂਜਾ ਪੀਂਦੇ ਹਨ ਪਰ ਨਸ਼ੇ ਵਿੱਚ ਰਹਿਣ ਦੇ ਬਾਵਜੂਦ ਆਪਣਾ ਪੂਰਾ ਖ਼ਿਆਲ ਰੱਖਦੇ ਹਨ।"

ਤਸਵੀਰ ਸਰੋਤ, Getty Images
ਅਘੋਰੀਆਂ ਬਾਪੇ ਦੋਵੇਂ ਮਾਹਿਰਾਂ ਮੈਲਸਿਨ ਅਤੇ ਠੱਕਰ ਦਾ ਮੰਨਣਾ ਹੈ ਕਿ ਅਜਿਹੇ ਬਹੁਤ ਘੱਟ ਸਾਧੂ ਹਨ, ਜੋ ਅਘੋਰੀ ਪ੍ਰਣਾਲੀ ਦਾ ਸਹੀ ਢੰਗ ਨਾਲ ਪਾਲਣਾ ਕਰ ਰਹੇ ਹਨ।
ਉਹ ਮੰਨਦੇ ਹਨ ਕਿ ਕੁੰਭ ਵਿੱਚ ਇਕੱਠੇ ਹੋਣ ਵਾਲੇ ਸਾਧੂ ਅਕਸਰ ਆਪੂੰ-ਬਣੇ ਅਘੋਰੀ ਹੁੰਦੇ ਹਨ। ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਦੀਖਿਆ ਨਹੀਂ ਲਈ ਹੁੰਦੀ। ਇਸਦੇ ਇਲਾਵਾ ਕੁਝ ਲੋਕ ਅਘੋਰੀਆਂ ਦਾ ਭੇਖ ਧਾਰਨ ਕਰਕੇ ਵੀ ਯਾਤਰੂਆਂ ਦਾ ਮਨੋਰੰਜਨ ਕਰਦੇ ਹਨ।
ਸੰਗਮ ਵਿੱਚ ਇਸ਼ਨਾਨ ਕਰਨ ਆਏ ਲੋਕ ਉਨ੍ਹਾਂ ਨੂੰ ਖਾਣਾ ਅਤੇ ਪੈਸੇ ਦਿੰਦੇ ਹਨ।
ਹਾਲਾਂਕਿ ਠੱਕਰ ਦਾ ਮੰਨਦੇ ਹਨ, "ਅਘੋਰੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਅਤੇ ਉਹ ਸਾਰਿਆਂ ਦੇ ਭਲੇ ਦੀ ਅਰਦਾਸ ਕਰਦੇ ਹਨ। ਉਹ ਇਸ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੋਈ ਉਨ੍ਹਾਂ ਤੋਂ ਔਲਾਦ ਦਾ ਵਰ ਮੰਗ ਰਿਹਾ ਹੈ ਜਾਂ ਘਰ ਬਣਉਣ ਲਈ।"

ਤਸਵੀਰ ਸਰੋਤ, EPA
ਕਿਸ ਦੇ ਉਪਾਸ਼ਕ ਹਨ ਅਘੋਰੀ?
ਅਘੋਰੀ ਆਮ ਤੌਰ 'ਤੇ: ਸ਼ਿਵ ਦੇ ਉਪਾਸ਼ਕ ਹੁੰਦੇ ਹਨ, ਜਿਨ੍ਹਾਂ ਨੂੰ ਵਿਨਾਸ਼ ਦਾ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਤੋਂ ਇਲਾਵਾ ਉਹ ਸ਼ਿਵ ਦੀ ਪਤਨੀ ਪਾਰਬਤੀ ਦੀ ਵੀ ਪੂਜਾ ਕਰਦੇ ਹਨ।"
ਔਰਤ-ਅਘੋਰੀਆਂ ਨੂੰ ਕੱਪੜੇ ਪਾਉਣੇ ਪੈਂਦੇ ਹਨ।
ਠੱਕਰ ਦਸਦੇ ਹਨ, "ਜ਼ਿਆਦਾਤਰ ਲੋਕ ਮੌਤ ਤੋਂ ਡਰਦੇ ਹਨ। ਸਮਸ਼ਾਨ ਘਾਟ ਮੌਤ ਦੇ ਪ੍ਰਤੀਕ ਹੁੰਦੇ ਹਨ ਪਰ ਅਘੋਰੀਆਂ ਦੀ ਜ਼ਿੰਦਗੀ ਇੱਥੋਂ ਹੀ ਸ਼ੂਰੂ ਹੁੰਦੀ ਹੈ। ਇਹ ਲੋਕਾਂ ਦੀਆਂ ਕਦਰਾਂ ਕੀਮਤਾ ਨੂੰ ਚੁਣੌਤੀ ਦਿੰਦੇ ਹਨ।"

ਤਸਵੀਰ ਸਰੋਤ, Empics
ਸਮਾਜ ਸੇਵਾ ਵਿੱਚ ਹਿੱਸਾ
ਅਘੋਰੀ ਸਾਧੂਆਂ ਨੂੰ ਸਮਾਜ ਵਿੱਚ ਆਮ ਕਰਕੇ ਮਾਨਤਾ ਨਹੀਂ ਦਿੱਤੀ ਜਾਂਦੀ। ਹਾਲਾਂਕਿ, ਲੰਘੇ ਕੁਝ ਸਾਲਾਂ ਤੋਂ ਇਸ ਸੰਪ੍ਰਦਾਇ ਨੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਹੈ।
ਕਈ ਥਾਂ ਇਨ੍ਹਾਂ ਨੇ ਕੋੜ੍ਹ ਲਈ ਹਸਪਤਾਲ ਬਣਵਾਏ ਵੀ ਹਨ ਅਤੇ ਉਨ੍ਹਾਂ ਨੂੰ ਚਲਾ ਵੀ ਰਹੇ ਹਨ।
ਅਮਰੀਕਾ ਦੇ ਮਿਨੀਸੋਟਾ ਦੀ ਮੈਡੀਕਲ ਕਲਚਰਲ ਅਤੇ ਐਂਥਰੋਪੋਲੋਜਿਸਟ ਰਾਅਨ ਬਾਰੇਨ ਨੇ ਇਮੋਰੀ ਰਿਪੋਰਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਦੇ ਹਨ, ਅਘੋਰੀ ਉਨ੍ਹਾਂ ਲੋਕਾਂ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਮਾਜ ਵਿੱਚ ਅਛੂਤ ਸਮਝਿਆ ਜਾਂਦਾ ਹੈ। ਇੱਕ ਤਰ੍ਹਾਂ ਦੇ ਕੋੜ੍ਹ ਇਲਾਜ ਕਲੀਨਿਕਾਂ ਨੇ ਸ਼ਮਸ਼ਾਨ ਘਾਟ ਦੀ ਥਾਂ ਲੈ ਲਈ ਹੈ ਅਤੇ ਅਘੋਰੀ ਇਸ ਬੀਮਾਰੀ ਦੇ ਡਰ 'ਤੇ ਜਿੱਤ ਹਾਸਲ ਕਰ ਰਹੇ ਹਨ।"
ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਅਘੋਰੀ ਸਮਾਜ ਤੋਂ ਵੱਖਰੇ ਰਹਿੰਦੇ ਹਨ। ਪਰ ਕੁਝ ਅਘੋਰੀ ਸਾਧੂ ਫੋਨ ਅਤੇ ਜਨਤਕ ਸਾਧਨਾਂ ਦੀ ਵਰਤੋਂ ਵੀ ਕਰਦੇ ਹਨ।
ਇਸ ਤੋਂ ਇਲਾਵਾ ਸਮਾਜਿਕ ਥਾਵਾਂ ਤੇ ਕੁਝ ਅਘੋਰੀ ਕਪੱੜੇ ਵੀ ਪਾ ਲੈਂਦੇ ਹਨ।

ਤਸਵੀਰ ਸਰੋਤ, EPA
ਗੇ-ਸੈਕਸ ਨੂੰ ਮਾਨਤਾ ਨਹੀਂ
ਦੁਨੀਆਂ ਭਰ ਵਿੱਚ 1 ਅਰਬ ਤੋਂ ਵੀ ਜ਼ਿਆਦਾ ਲੋਕ ਹਿੰਦੂ ਧਰਮ ਦੀ ਪਾਲਣਾ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਦੀਆਂ ਮਾਨਤਾਵਾਂ ਇੱਕੋ-ਜਿਹੀਆਂ ਨਹੀਂ ਹਨ।
ਹਿੰਦੂ ਧਰਮ ਵਿੱਚ ਕੋਈ ਪੈਗੰਬਰ ਜਾਂ ਪਵਿੱਤਰ ਕਿਤਾਬ ਨਹੀਂ ਹੈ। ਜਿਸਦਾ ਉਹ ਪਾਲਣ ਕਰਦੇ ਹੋਣ।
ਅਜਿਹੇ ਵਿੱਚ ਅਘੋਰੀਆਂ ਦੀ ਸੰਖਿਆ ਦਾ ਕਿਆਸ ਲਾਉਣਾ ਮੁਸ਼ਕਿਲ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਣੀ ਚਾਹੀਦੀ ਹੈ।
ਕੁਝ ਅਘੋਰੀ ਸਾਧੂਆਂ ਨੇ ਜਨਤਕ ਰੂਪ ਵਿੱਚ ਮੰਨਿਆ ਹੈ ਕਿ ਹਾਲਾਂਕਿ ਉਨ੍ਹਾਂ ਨੇ ਲਾਸ਼ਾਂ ਨਾਲ ਸਰੀਰਕ ਸੰਬੰਧ ਬਣਾਏ ਹਨ ਪਰ ਉਹ ਗੇ-ਸੈਕਸ ਨੂੰ ਮਾਨਤਾ ਨਹੀਂ ਦਿੰਦੇ।
ਖ਼ਾਸ ਗੱਲ ਇਹ ਹੈ ਕਿ ਜਦੋਂ ਅਘੋਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਅਘੋਰੀ ਉਨ੍ਹਾਂ ਦਾ ਮਾਸ ਨਹੀਂ ਖਾਂਦੇ ਅਤੇ ਆਮ ਤੌਰ ਤੇ ਉਹ ਅਘੋਰੀਆਂ ਦਾ ਅੰਤਿਮ ਸੰਸਕਾਰ ਸਸਕਾਰ ਕਰਕੇ ਜਾਂ ਦਫ਼ਨ ਕਰਕੇ ਕਰਦੇ ਹਨ।
(ਇਹ ਲੇਖ ਸਾਲ 2019 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












