ਖ਼ਤਰਨਾਕ ਨਸ਼ੇ ਦੀ ਹਕੀਕਤ: ਔਰਤਾਂ ਗੁਪਤ ਰੂਪ ਵਿੱਚ ਕਰ ਰਹੀਆਂ ਹਨ 'ਤਾਬਾ' ਦੀ ਵਰਤੋਂ, ਸਿਹਤ 'ਤੇ ਪੈ ਰਹੇ ਭਿਆਨਕ ਪ੍ਰਭਾਵ

    • ਲੇਖਕ, ਅਜ਼ੀਜ਼ਤ ਓਲਾਓਲੂਵਾ
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਪੱਛਮੀ ਅਫ਼ਰੀਕਾ

ਚੇਤਾਵਨੀ: ਇਸ ਆਰਟੀਕਲ ਵਿਚਲੇ ਵੇਰਵੇ ਪਰੇਸ਼ਾਨ ਕਰ ਸਕਦੇ ਹਨ। 'ਤਾਬਾ' ਬਾਰੇ ਆਪਣੇ ਅਨੁਭਵ ਸਾਂਝੇ ਕਰਨ ਵਾਲੇ ਸਾਰ ਵਿਅਕਤੀਆਂ ਦੇ ਨਾਮ ਬਦਲੇ ਹੋਏ ਹਨ।

ਐਸ਼ਾਤੂ (ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਮ) ਗੈਂਬੀਆ ਵਿੱਚ ਰਹਿਣ ਵਾਲੀ ਇੱਕ ਵਿਧਵਾ ਮਾਂ ਹੈ।

ਉਹ ਬੀਬੀਸੀ ਨੂੰ ਦੱਸਦੇ ਹਨ ਕਿ ਉਹ ਪੰਦਰਾਂ ਸਾਲਾਂ ਤੱਕ ਕਦੇ-ਕਦੇ 'ਤਾਬਾ' ਦੀ ਵਰਤੋਂ ਕਰਦੇ ਸਨ ਪਰ ਹੌਲੀ-ਹੌਲੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ।

'ਤਾਬਾ' ਤੰਬਾਕੂ ਦੇ ਪਾਊਡਰ ਦਾ ਇੱਕ ਸਥਾਨਕ ਨਾਮ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਪੱਛਮੀ ਅਫਰੀਕਾ ਵਿੱਚ ਮਰਦਾਂ ਅਤੇ ਔਰਤਾਂ ਦੁਆਰਾ ਵਰਤਿਆ ਜਾ ਰਿਹਾ ਹੈ। ਜ਼ਿਆਦਾਤਰ ਲੋਕ ਇਸ ਨੂੰ ਨੱਕ ਰਾਹੀਂ ਸੁੰਘ ਕੇ, ਪੀ ਕੇ ਜਾਂ ਚਬਾ ਕੇ ਲੈਂਦੇ ਹਨ।

ਹਾਲਾਂਕਿ, ਐਸ਼ਾਤੂ ਵਰਗੀਆਂ ਬਹੁਤ ਸਾਰੀਆਂ ਔਰਤਾਂ ਗੁਪਤ ਰੂਪ ਵਿੱਚ ਤਾਬਾ ਖਰੀਦਦੀਆਂ ਹਨ ਅਤੇ ਵੱਖ-ਵੱਖ ਮਕਸਦਾਂ ਲਈ ਇਸ ਦੇ ਪੇਸਟ ਨੂੰ ਆਪਣੀ ਜਣਨ ਅੰਗ (ਵੈਜਾਈਨਾ) ਵਿੱਚ ਰੱਖਦੀਆਂ ਹਨ।

ਅਸੀਂ ਉਨ੍ਹਾਂ ਨੂੰ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਨਰਸ ਦੇ ਦਫ਼ਤਰ ਦੇ ਐਂਟਰੀ ਗੇਟ 'ਤੇ ਮਿਲਦੇ ਹਾਂ, ਜਿੱਥੇ ਉਹ ਤਾਬਾ ਵਿਰੋਧੀ ਪ੍ਰਚਾਰਕਾਂ ਦੀ ਇੱਕ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਉੱਥੇ ਉਹ ਦੱਸਦੇ ਹਨ ਕਿ ਉਸ ਨੂੰ ਇਸ ਦੀ ਵਰਤੋਂ ਸ਼ੁਰੂ ਕਰਨ ਦਾ ਕਿੰਨਾ ਪਛਤਾਵਾ ਹੈ।

ਔਰਤਾਂ ਨਾਲ ਗੁਪਤ ਰੂਪ 'ਚ ਵਪਾਰ

ਤਾਬਾ ਨੂੰ ਡੀਲਰਾਂ ਦੇ ਇੱਕ ਰਾਸ਼ਟਰੀ ਨੈੱਟਵਰਕ ਰਾਹੀਂ ਗੁਪਤ ਰੂਪ ਵਿੱਚ ਵੇਚਿਆ ਜਾਂਦਾ ਹੈ, ਜੋ ਅਕਸਰ ਸਥਾਨਕ ਬਾਜ਼ਾਰਾਂ ਵਿੱਚ ਹੁੰਦਾ ਹੈ। ਪੂਰੇ ਦੇਸ਼ ਵਿੱਚ ਔਰਤਾਂ ਹੀ ਇਸ ਨੂੰ ਖਰੀਦਦੀਆਂ ਅਤੇ ਵੇਚਦੀਆਂ ਹਨ।

ਪਿਛਲੇ ਕੁਝ ਸਾਲਾਂ ਵਿੱਚ ਤਾਬਾ ਦਾ ਅਸਲੀ ਫਾਰਮੂਲਾ ਬਦਲ ਗਿਆ ਹੈ। ਹੁਣ ਤੰਬਾਕੂ ਦੇ ਪਾਊਡਰ ਵਿੱਚ ਵੱਖ-ਵੱਖ ਪਦਾਰਥ ਮਿਲਾਏ ਜਾ ਰਹੇ ਹਨ ਜਿਸ ਨਾਲ ਇਹ ਇੱਕ ਪੇਸਟ ਬਣ ਜਾਂਦਾ ਹੈ।

ਐਸ਼ਾਤੂ ਦੱਸਦੇ ਹਨ ਕਿ ਜਦੋਂ ਉਹ 2021 ਵਿੱਚ ਗਰਭਵਤੀ ਹੋਏ ਤਾਂ ਉਹ ਜਾਣਦੇ ਸੀ ਕਿ ਉਨ੍ਹਾਂ ਨੂੰ ਇਸ ਦੀ ਵਰਤੋਂ ਬੰਦ ਕਰਨੀ ਪਵੇਗੀ।

ਜਿਵੇਂ ਕਿ ਉਨ੍ਹਾਂ ਨੇ ਪਿਛਲੀਆਂ ਗਰਭ ਅਵਸਥਾਵਾਂ ਦੌਰਾਨ ਇਸ ਦੀ ਵਰਤੋਂ ਨੂੰ ਸਫਲਤਾਪੂਰਵਕ ਬੰਦ ਕੀਤਾ ਸੀ।

ਪਰ ਇਸ ਵਾਰ ਉਹ ਇਸ ਨੂੰ ਛੱਡਣ ਵਿੱਚ ਅਸਮਰਥ ਰਹੇ। ਉਹ ਆਪਣੀ ਇਸ ਆਖਰੀ ਗਰਭ ਅਵਸਥਾ ਦੇ ਦੁਖਦਾਈ ਨੁਕਸਾਨ ਲਈ ਆਪਣੀ ਨਸ਼ੇ ਦੀ ਆਦਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਅਤੇ ਮੰਨਦੇ ਹਨ ਕਿ ਬੱਚੇ ਦੀ ਮੌਤ ਲਈ ਸਿੱਧੇ ਤੌਰ 'ਤੇ ਤਾਬਾ ਦੀ ਵਰਤੋਂ ਹੀ ਜ਼ਿੰਮੇਵਾਰ ਸੀ।

ਜਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਗਰਭ 'ਚ ਬੱਚੇ ਦੀ ਹਰਕਤ ਰੁੱਕ ਗਈ ਹੈ ਤਾਂ ਉਹ ਆਪਣੇ ਡਾਕਟਰ ਕੋਲ ਗਏ।

ਉਨ੍ਹਾਂ ਕਿਹਾ, "ਡਾਕਟਰ ਨੇ ਮੈਨੂੰ ਦੱਸਿਆ ਕਿ ਬੱਚਾ ਮਰ ਗਿਆ ਹੈ, ਇਸ ਲਈ ਉਨ੍ਹਾਂ ਨੂੰ ਸਿਜ਼ੇਰੀਅਨ ਆਪ੍ਰੇਸ਼ਨ ਕਰਨਾ ਪਿਆ। ਜਦੋਂ ਉਨ੍ਹਾਂ ਨੇ ਮੇਰੇ ਬੱਚੇ ਨੂੰ ਬਾਹਰ ਕੱਢਿਆ ਤਾਂ ਉਸ ਦੀ ਚਮੜੀ ਸੜੀ ਹੋਈ ਲੱਗ ਰਹੀ ਸੀ। ਮੈਂ ਜਾਣਦੀ ਸੀ ਕਿ ਮੇਰੇ ਦੁਆਰਾ ਵਰਤੀ ਗਈ ਤਾਬਾ ਨੇ ਹੀ ਮੇਰੇ ਬੱਚੇ ਨੂੰ ਮਾਰਿਆ ਹੈ।''

ਹਾਲਾਂਕਿ ਉਨ੍ਹਾਂ ਦੇ ਦਾਅਵੇ ਦੀ ਮੈਡੀਕਲ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਪਰ ਐਸ਼ਾਤੂ ਕਹਿੰਦੇ ਹਨ ਕਿ ਜਦੋਂ ਵੀ ਉਹ ਤਾਬਾ ਦੀ ਵਰਤੋਂ ਕਰਦੇ ਸੀ ਤਾਂ ਉਨ੍ਹਾਂ ਨੂੰ ਆਪਣੀ ਵੈਜਾਈਨਾ ਦੇ ਅੰਦਰ ਹਮੇਸ਼ਾ ਜਲਣ ਮਹਿਸੂਸ ਹੁੰਦੀ ਸੀ।

ਐਸ਼ਾਤੂ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਤਾਬਾ ਦੀ ਵਰਤੋਂ ਇਸ ਲਈ ਸ਼ੁਰੂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਭਾਰ ਘਟਾਉਣ ਅਤੇ ਗਰਭਵਤੀ ਹੋਣ ਵਿੱਚ ਮਦਦ ਕਰੇਗੀ। ਪਰ ਇਸ ਨੇ ਅਜਿਹਾ ਕੁਝ ਵੀ ਨਹੀਂ ਕੀਤਾ।

ਐਸ਼ਾਤੂ ਕਹਿੰਦੇ ਹਨ, "ਜਦੋਂ ਤਾਬਾ ਤੁਹਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਤੁਹਾਡੇ 'ਤੇ ਕਬਜ਼ਾ ਕਰ ਲੈਂਦਾ ਹੈ ਅਤੇ ਤੁਹਾਨੂੰ ਕੰਟਰੋਲ ਕਰਦਾ ਹੈ। ਆਮ ਮਹਿਸੂਸ ਕਰਨ ਲਈ ਤੁਹਾਨੂੰ ਇਸ ਨੂੰ ਲਗਾਤਾਰ ਲੈਣਾ ਪੈਂਦਾ ਹੈ।''

ਉਨ੍ਹਾਂ ਕਿਹਾ, ''ਤਾਬਾ ਨੇ ਮੈਨੂੰ ਸਕੂਨ ਤਾਂ ਦਿੱਤਾ ਪਰ ਇਸ ਨੇ ਮੇਰੀ ਜਿਨਸੀ ਇੱਛਾ ਨੂੰ ਘਟਾ ਦਿੱਤਾ, ਮੈਨੂੰ ਇਸ ਦੀ ਇੰਨੀ ਆਦਤ ਪੈ ਗਈ ਸੀ ਕਿ ਮੈਂ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਲੈਣ ਲੱਗ ਪਈ ਸੀ।"

ਉਹ ਕਹਿੰਦੇ ਹਨ, "ਮੈਂ ਆਪਣਾ ਬੱਚਾ ਗੁਆਉਣ ਤੋਂ ਬਾਅਦ ਤਾਬਾ ਵਰਤਣਾ ਬੰਦ ਕਰ ਦਿੱਤਾ, ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਪਹਿਲਾਂ ਹੀ ਸਰਵਾਈਕਲ ਕੈਂਸਰ ਸੀ।''

ਉਨ੍ਹਾਂ ਦੱਸਿਆ ਕਿ ਕੈਂਸਰ ਬਾਰੇ ਦੋ ਸਾਲ ਪਹਿਲਾਂ ਹੀ ਪਤਾ ਲੱਗਿਆ।

ਇਸ ਤੋਂ ਬਾਅਦ ਅਸੀਂ ਕਿਸੇ ਹੋਰ ਜਗ੍ਹਾ ਰਸ਼ੀਦਾ (ਬਦਲਿਆ ਹੋਇਆ ਨਾਮ) ਨੂੰ ਮਿਲਦੇ ਹਾਂ, ਜੋ ਅੰਬ ਦੇ ਰੁੱਖ ਦੀ ਛਾਂ ਹੇਠਾਂ ਬੈਠੇ ਸਨ।

ਇੱਕ ਹੋਰ ਤਾਬਾ ਦਾ ਸੇਵਨ ਕਰਨ ਵਾਲੀ ਰਸ਼ੀਦਾ ਬੀਬੀਸੀ ਨੂੰ ਦੱਸਦੇ ਹਨ ਕਿ ਉਹ ਸੱਤ ਸਾਲਾਂ ਤੋਂ ਇਸ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਨੂੰ ਇਸ ਬਾਰੇ ਪਤਾ ਨਹੀਂ ਹੈ।

ਜਦੋਂ ਉਹ ਦੱਸਦੇ ਹਨ ਕਿ ਤਾਬਾ ਦੀ ਆਦਤ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਕਿਵੇਂ ਕਬਜ਼ਾ ਕਰ ਲਿਆ ਤਾਂ ਨਾਲ ਹੀ ਉਹ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਆਪਣੀ ਮਰ ਚੁੱਕੀ ਭਾਬੀ ਨੂੰ ਹਸਪਤਾਲ ਵਿੱਚ ਯਾਦ ਕਰਦਿਆਂ ਉਹ ਕਹਿੰਦੇ ਹਨ, "ਮੈਨੂੰ ਤਿੰਨ ਦਿਨ ਉਨ੍ਹਾਂ ਦੇ ਨਾਲ ਰਹਿਣਾ ਪਿਆ ਤੇ ਮੈਂ ਤਾਬਾ ਨਾਲ ਲੈ ਕੇ ਜਾਣਾ ਭੁੱਲ ਗਈ ਸੀ। ਮੈਨੂੰ ਇਸ ਦੀ ਇੰਨੀ ਤਲਬ ਲੱਗ ਰਹੀ ਸੀ ਕਿ ਮੈਂ ਕਿਸੇ ਚੀਜ਼ 'ਤੇ ਧਿਆਨ ਨਹੀਂ ਲਗਾ ਸਕੀ।"

ਆਪਣੇ ਸਪਲਾਇਰ ਦੇ ਘਰ ਸਮਾਨ ਲੈਣ ਜਾਂਦੇ ਸਮੇਂ ਉਹ ਦੱਸਦੇ ਹਨ ਕਿ ਕਿਵੇਂ ਤਾਬਾ ਇੱਕ ਰੋਜ਼ਾਨਾ ਦੀ ਲੋੜ ਬਣ ਗਿਆ ਹੈ।

ਬੀਬੀਸੀ ਨਾਲ ਗੱਲ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਪਹਿਲੀ ਵਾਰ ਵਰਤੋਂ ਕਰਨ ਵਾਲਿਆਂ ਲਈ ਤਾਬਾ ਦਾ ਅਨੁਭਵ ਬਹੁਤ ਭਿਆਨਕ ਹੁੰਦਾ ਹੈ।

ਐਸ਼ਾਤੂ ਕਹਿੰਦੇ ਹਨ, "ਜਦੋਂ ਮੈਂ ਪਹਿਲੀ ਵਾਰ ਇਸ ਨੂੰ ਲਗਾਇਆ ਤਾਂ ਮੈਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬੇਹੋਸ਼ ਹੋ ਗਈ ਅਤੇ ਸਹੁੰ ਖਾਧੀ ਕਿ ਮੈਂ ਇਸ ਨੂੰ ਦੁਬਾਰਾ ਕਦੇ ਨਹੀਂ ਵਰਤਾਂਗੀ। ਜਦੋਂ ਮੈਂ ਦੂਜੀ ਵਾਰ ਇਸ ਦੀ ਵਰਤੋਂ ਕੀਤੀ ਤਾਂ ਮੈਨੂੰ ਬਹੁਤ ਉਲਟੀਆਂ ਆਈਆਂ।''

ਉਹ ਦੱਸਦੇ ਹਨ, ''ਜਿਸ ਵਿਅਕਤੀ ਨੇ ਮੈਨੂੰ ਤਾਬਾ ਬਾਰੇ ਦੱਸਿਆ ਸੀ ਉਸ ਨੇ ਕਿਹਾ ਕਿ ਇਸ ਦੀ ਵਰਤੋਂ ਲਗਾਤਾਰ ਜਾਰੀ ਰੱਖੋ ਇਸ ਨਾਲ ਸਰੀਰ ਦੇ ਅੰਦਰੋਂ ਸਿਸਟਮ ਦੀ ਸਫ਼ਾਈ ਹੁੰਦੀ ਹੈ।''

ਰਸ਼ੀਦਾ ਵੀ ਸਹਿਮਤ ਹੋ ਜਾਂਦੇ ਹਨ ਅਤੇ ਦੱਸਦੇ ਨੇ, ''ਇਸ ਦੇ ਸੇਵਨ ਨਾਲ ਮੈਨੂੰ ਚੱਕਰ ਆਉਣ ਲੱਗੇ ਅਤੇ ਮੈਂ ਕੰਬਣ ਲੱਗ ਪਈ। ਇੰਝ ਲੱਗ ਰਿਹਾ ਸੀ ਜਿਵੇਂ ਮੈਨੂੰ ਮਲੇਰੀਆ ਹੋ ਗਿਆ ਹੋਵੇ।

''ਬਾਅਦ ਵਿੱਚ ਮੈਂ ਬੇਹੋਸ਼ ਹੋ ਗਈ। ਦੂਜੇ ਦਿਨ ਵੀ ਇਹੀ ਅਨੁਭਵ ਸੀ ਪਰ ਤੀਜੇ ਦਿਨ ਤੱਕ ਇਹ ਆਮ ਲੱਗਣ ਲੱਗ ਪਿਆ।"

ਤਾਬਾ ਵੇਚਣ ਵਾਲੇ ਆਪਣੇ ਉਤਪਾਦ ਨੂੰ ਛੁਪਾ ਕੇ ਰੱਖਦੇ ਹਨ। ਉਹ ਵੇਚਣ ਲਈ ਹੋਰ ਚੀਜ਼ਾਂ ਦੀ ਪ੍ਰਦਰਸ਼ਨੀ ਕਰਦੇ ਹਨ ਜਦੋਂ ਕਿ ਪਾਊਡਰ ਨੂੰ ਲੁਕਾ ਕੇ ਰੱਖਿਆ ਜਾਂਦਾ ਹੈ।

ਉਹ ਸਿਰਫ਼ ਉਨ੍ਹਾਂ ਗਾਹਕਾਂ ਨੂੰ ਹੀ ਤਾਬਾ ਵੇਚਦੇ ਹਨ ਜੋ ਖਾਸ 'ਕੋਡ ਵਰਡ' ਜਾਣਦੇ ਹੁੰਦੇ ਹਨ।

ਇਸ ਤੋਂ ਇਲਾਵਾ ਪੇਂਡੂ ਭਾਈਚਾਰਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੀਆਂ ਔਰਤਾਂ ਕੋਲੋ ਵੀ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ।

ਰਮਤ 56 ਸਾਲ ਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਾਰਥ ਬੈਂਕ ਖੇਤਰ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਗੁਪਤ ਰੂਪ ਵਿੱਚ ਤਾਬਾ ਵੇਚ ਰਹੇ ਹਨ।

ਉਹ ਦੱਸਦੇ ਹਨ ਕਿ ਇਸ ਮਿਸ਼ਰਣ ਨੂੰ ਆਮ ਤੌਰ 'ਤੇ ਨਾਈਲੋਨ ਵਿੱਚ ਲਪੇਟਿਆ ਜਾਂਦਾ ਹੈ ਅਤੇ ਇਸ ਦੀ ਤੇਜ਼ ਗੰਧ ਕਾਰਨ ਕਈ ਵਾਰ ਉੱਪਰੋਂ ਕਾਗਜ਼ ਵੀ ਲਪੇਟ ਦਿੱਤਾ ਜਾਂਦਾ ਹੈ।

ਇੱਕ ਪੈਕੇਟ ਦੀ ਕੀਮਤ ਲਗਭਗ 15 ਦਲਾਸੀ (20 ਸੈਂਟ) ਹੈ।

ਰਮਤ ਨੂੰ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ ਕਿ ਉਸ ਦੇ ਸਪਲਾਇਰ ਮਿਸ਼ਰਣ ਬਣਾਉਣ ਲਈ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ।

ਹਲਾਂਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ। ਉਹ ਵੇਚੀ ਜਾਣ ਵਾਲੀ ਤਾਬਾ ਪਾਊਡਰ ਦੀ ਹਰ ਪੰਜ ਲੀਟਰ ਦੀ ਬਾਲਟੀ 'ਤੇ 200% ਮੁਨਾਫਾ ਕਮਾਉਂਦੇ ਹਨ।

ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਨੂੰ ਵੇਚਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਕਿੰਨਾ ਨਸ਼ੀਲਾ ਹੈ।

"ਜੇਕਰ ਮੈਨੂੰ ਕੋਈ ਹੋਰ ਲਾਹੇਵੰਦ ਕਾਰੋਬਾਰ ਮਿਲ ਜਾਂਦਾ ਹੈ ਤਾਂ ਮੈਂ ਇਸ ਨੂੰ ਵੇਚਣਾ ਬੰਦ ਕਰ ਦੇਵਾਂਗੀ ਕਿਉਂਕਿ ਮੈਂ ਹੁਣ ਆਪਣੀਆਂ ਸਾਥੀ ਔਰਤਾਂ ਨੂੰ ਹੋਰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੀ।"

ਉਹ ਅੱਗੇ ਦੱਸਦੇ ਹਨ, "ਮੈਂ ਇੱਕ ਵਾਰ ਇਨਫੈਕਸ਼ਨ ਦੇ ਇਲਾਜ ਲਈ ਤਾਬਾ ਦੀ ਵਰਤੋਂ ਕੀਤੀ ਸੀ ਪਰ ਮੈਂ ਮਰਦੇ-ਮਰਦੇ ਬਚੀ। ਉਸ ਦਿਨ ਤੋਂ ਬਾਅਦ ਮੈਂ ਇਸ ਨੂੰ ਦੁਬਾਰਾ ਕਦੇ ਨਹੀਂ ਲਗਾਇਆ। ਮੇਰੇ ਕੁਝ ਗਾਹਕਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦਾ ਅਨੁਭਵ ਵੀ ਅਜਿਹਾ ਹੀ ਰਿਹਾ ਸੀ।"

ਅੰਤਰਰਾਸ਼ਟਰੀ ਸਪਲਾਈ ਨੈੱਟਵਰਕ

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਦੀ ਸਪਲਾਈ ਚੇਨ ਦੇਸ਼ ਦੀਆਂ ਸਰਹੱਦਾਂ ਤੋਂ ਕਿਤੇ ਅੱਗੇ ਤੱਕ ਫੈਲੀ ਹੋਈ ਹੈ।

ਵੇਚਣ ਵਾਲੇ ਇਸ ਉਤਪਾਦ ਨੂੰ ਗਿਨੀ-ਬਿਸਾਊ, ਸਿਏਰਾ ਲਿਓਨ ਅਤੇ ਸੇਨੇਗਲ ਦੇ ਕਾਸਾਮਾਂਸ ਵਰਗੇ ਦੂਰ-ਦੁਰਾਡੇ ਇਲਾਕਿਆਂ ਤੋਂ ਮੰਗਵਾਉਂਦੇ ਹਨ।

ਗੈਂਬੀਆ ਸਰਕਾਰ ਨੇ 2020 ਵਿੱਚ 'ਤਾਬਾ' ਨੂੰ ਔਰਤਾਂ ਅਤੇ ਲੜਕੀਆਂ ਲਈ ਇੱਕ ਹਾਨੀਕਾਰਕ ਪਦਾਰਥ ਘੋਸ਼ਿਤ ਕੀਤਾ ਸੀ।

ਪਰ ਜ਼ਮੀਨੀ ਪੱਧਰ 'ਤੇ ਇਸ ਦਾ ਕੋਈ ਖਾਸ ਅਸਰ ਨਹੀਂ ਦਿਖ ਰਿਹਾ। ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਨੂੰ ਰੋਕਣ ਲਈ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

ਹਾਲਾਂਕਿ ਤਾਬਾ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਨਹੀਂ ਹੈ ਪਰ ਤੰਬਾਕੂ ਦੀ ਵਰਤੋਂ ਲਈ ਕਾਨੂੰਨੀ ਉਮਰ 18 ਸਾਲ ਹੈ।

'ਮਦਰਜ਼ ਹੈਲਥ ਫਾਊਂਡੇਸ਼ਨ' ਅਤੇ ਲਿੰਗ ਮੰਤਰਾਲੇ ਵਰਗੇ ਸਮੂਹਾਂ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਬੱਚੇ ਵੀ ਇਸ ਦੀ ਵਰਤੋਂ ਕਰ ਰਹੇ ਹਨ।

ਗੈਂਬੀਆ ਦੇ ਲਿੰਗ, ਬੱਚੇ ਅਤੇ ਸਮਾਜਿਕ ਭਲਾਈ ਮੰਤਰਾਲੇ ਦੇ ਡਿਪਟੀ ਪਰਮਾਨੈਂਟ ਸੈਕਟਰੀ ਕਾਜਾਲੀ ਸੋਨਕੋ ਕਹਿੰਦੇ ਹਨ, "ਸਰਕਾਰ ਇਹ ਮੰਨਦੀ ਹੈ ਕਿ ਤਾਬਾ ਇੱਕ ਅਜਿਹਾ ਪਦਾਰਥ ਹੈ ਜੋ ਗੈਂਬੀਆ ਦੀਆਂ ਔਰਤਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਲਈ ਕਾਨੂੰਨੀ ਉਪਾਅ, ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਲਈ ਵਚਨਬੱਧ ਹਾਂ।"

ਮੈਡੀਕਲ ਰਿਸਰਚ ਕੌਂਸਲ ਯੂਨਿਟ, ਗੈਂਬੀਆ ਦੇ ਇੱਕ ਮਹਾਂਮਾਰੀ ਵਿਗਿਆਨੀ ਡਾਕਟਰ ਬਾਈ ਚਾਮ ਨੇ 2023 ਵਿੱਚ ਸਰੀਰ 'ਤੇ ਤਾਬਾ ਦੇ ਪ੍ਰਭਾਵਾਂ ਬਾਰੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਸੀ।

ਉਨ੍ਹਾਂ ਦੀ ਟੀਮ ਨੇ ਪਾਇਆ ਕਿ ਦੂਜੇ ਧੂੰਆਂ ਰਹਿਤ ਤੰਬਾਕੂ ਦੇ ਪ੍ਰਭਾਵਾਂ ਬਾਰੇ ਜੋ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ, ਉਸ ਦੇ ਅਧਾਰ 'ਤੇ ਤਾਬਾ ਦੇ 'ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪੈਣ ਦੀ ਪੂਰੀ ਸੰਭਾਵਨਾ' ਹੈ।

ਡਾਕਟਰ ਬਾਈ ਚਾਮ ਅਗਲੇਰੀ ਖੋਜ ਦੇ ਹਿੱਸੇ ਵਜੋਂ ਤਾਬਾ ਦੇ ਮਿਸ਼ਰਣਾਂ ਦੇ ਨਮੂਨਿਆਂ ਦਾ ਰਸਾਇਣਕ ਵਿਸ਼ਲੇਸ਼ਣ ਵੀ ਕਰ ਰਹੇ ਹਨ।

ਜਿਸ ਦੇ ਤਹਿਤ ਉਨ੍ਹਾਂ ਨੇ 42 ਔਰਤਾਂ ਅਤੇ 15 ਮਰਦਾਂ ਦੇ ਇੰਟਰਵਿਊ ਲਏ ਹਨ, ਜਿਨ੍ਹਾਂ 'ਚ ਕੁਝ ਲੋਕ ਹਾਲੇ ਵੀ ਤਾਬਾ ਖਾ ਰਹੇ ਹਨ ਤੇ ਇਨ੍ਹਾਂ 'ਚੋਂ ਕੁਝ ਛੱਡ ਗਏ ਹਨ।

ਉਹ ਕਹਿੰਦੇ ਹਨ ਕਿ ਜਿਨ੍ਹਾਂ ਔਰਤਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਉਨ੍ਹਾਂ ਵਿੱਚੋਂ 90% ਤੋਂ ਵੱਧ ਵਿੱਚ ਨਿਕੋਟੀਨ ਦੇ ਜ਼ਹਿਰੀਲੇ ਪ੍ਰਭਾਵ ਦੇ ਲੱਛਣ ਸਨ। ਜਿਸ ਵਿੱਚ ਉਲਟੀਆਂ, ਦਸਤ, ਬੇਕਾਬੂ ਪਿਸ਼ਾਬ, ਜਲਣ ਅਤੇ ਸਰੀਰਕ ਪਰੇਸ਼ਾਨੀ ਸ਼ਾਮਲ ਸੀ।

ਡਾਕਟਰ ਚਾਮ ਵੱਲੋਂ ਜਿਨ੍ਹਾਂ ਔਰਤਾਂ ਦੀ ਇੰਟਰਵਿਊ ਲਈ ਗਈ ਸੀ ਉਨ੍ਹਾਂ ਮਹਿਲਾਵਾਂ 'ਚੋਂ ਕਈਆਂ ਨੇ ਦੱਸਿਆ ਕਿ ਉਹ ਤੰਬਾਕੂ ਦੇ ਪਾਊਡਰ ਵਿੱਚ 'ਕਾਸਟਿਕ ਸੋਡਾ' ਮਿਲਾਉਂਦੀਆਂ ਹਨ।

ਉਨ੍ਹਾਂ ਦੀ ਟੀਮ ਨੇ ਟੈਸਟ ਕੀਤੇ ਗਏ ਨਮੂਨਿਆਂ ਵਿੱਚ ਨਿਕੋਟੀਨ ਅਤੇ ਕੈਂਸਰ ਪੈਦਾ ਕਰਨ ਵਾਲੇ ਤੰਬਾਕੂ ਦੇ ਖਾਸ ਰਸਾਇਣ 'ਐਨ-ਨਾਈਟ੍ਰੋਸਾਮਾਈਨਜ਼' ਦੇ ਉੱਚ ਪੱਧਰ ਵੀ ਪਾਏ ਹਨ।

ਬੀਬੀਸੀ ਨੇ ਏਸਾਓ ਅਤੇ ਬਾਂਜੁਲ ਤੋਂ ਇਕੱਠੇ ਕੀਤੇ ਤਾਬਾ ਦੇ ਕੁਝ ਹੋਰ ਨਮੂਨੇ ਵਿਸ਼ਲੇਸ਼ਣ ਲਈ ਲਾਗੋਸ ਯੂਨੀਵਰਸਿਟੀ ਦੀ ਲੈਬ ਵਿੱਚ ਭੇਜੇ।

ਨਤੀਜਿਆਂ ਵਿੱਚ ਪਾਇਰੀਡਾਈਨ ਡੈਰੀਵੇਟਿਵਜ਼ (ਜਿਨ੍ਹਾਂ ਵਿੱਚ ਨਿਕੋਟੀਨ ਨਾਲ ਸਬੰਧਤ ਮਿਸ਼ਰਣ ਹੁੰਦੇ ਹਨ) ਅਤੇ ਲੈੱਡ ਦੀ ਉਹ ਮਾਤਰਾ ਪਾਈ ਗਈ ਜੋ ਵਿਸ਼ਵ ਸਿਹਤ ਸੰਗਠਨ ਦੀ ਤੈਅ ਹੱਦਾਂ ਤੋਂ ਵੱਧ ਸੀ।

ਗੈਂਬੀਆ ਸਰਕਾਰ ਦੇਸ਼ ਭਰ ਦੀਆਂ ਕਮਿਊਨਿਟੀਆਂ ਅਤੇ ਪਬਲਿਕ ਹੈਲਥ ਸੈਂਟਰਾਂ ਵਿੱਚ ਤਾਬਾ ਦੀ ਵਰਤੋਂ ਵਿਰੁੱਧ ਮੁਹਿੰਮ ਚਲਾਉਣ ਲਈ ਸਿਹਤ ਮਾਹਿਰਾਂ ਅਤੇ ਕਾਰਕੁਨਾਂ ਦੀ ਮਦਦ ਲੈ ਰਹੀ ਹੈ।

ਲਿੰਗ ਮੰਤਰਾਲੇ ਦੇ ਸ਼੍ਰੀ ਸੋਨਕੋ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਲਈ ਇੱਕ ਸੂਚਨਾ ਅਤੇ ਵਕਾਲਤ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।

ਦੇਸ਼ ਨੇ ਮਾਰਚ ਵਿੱਚ ਆਪਣਾ ਪਹਿਲਾ ਨਸ਼ਾ ਛੁਡਾਊ ਅਤੇ ਇਲਾਜ ਕੇਂਦਰ ਬਣਾਉਣਾ ਵੀ ਸ਼ੁਰੂ ਕੀਤਾ ਹੈ ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉੱਥੇ ਤਾਬਾ ਦੇ ਆਦੀ ਲੋਕਾਂ ਦਾ ਇਲਾਜ ਕੀਤਾ ਜਾਵੇਗਾ ਜਾਂ ਨਹੀਂ।

ਜਦੋਂ ਤੱਕ ਅਧਿਕਾਰੀ ਅਗਲੇ ਕਦਮਾਂ ਬਾਰੇ ਵਿਚਾਰ ਕਰ ਰਹੇ ਹਨ, ਉਦੋਂ ਤੱਕ ਤਾਬਾ ਲੈਣਾ ਛੱਡ ਚੁੱਕੀਆਂ ਐਸ਼ਾਤੂ ਵਰਗੀਆਂ ਔਰਤਾਂ ਆਪਣੇ ਭਾਈਚਾਰਿਆਂ ਵਿੱਚ ਜ਼ਮੀਨੀ ਪੱਧਰ 'ਤੇ ਤਾਬਾ ਵਿਰੁੱਧ ਮੁਹਿੰਮ ਚਲਾ ਰਹੀਆਂ ਹਨ।

ਐਸ਼ਾਤੂ ਕਹਿੰਦੇ ਹਨ, "ਮੈਂ ਨਹੀਂ ਚਾਹੁੰਦੀ ਕਿ ਹੋਰ ਔਰਤਾਂ ਉਸ ਦਰਦ ਵਿੱਚੋਂ ਗੁਜ਼ਰਨ ਜਿਸ ਵਿੱਚੋਂ ਮੈਂ ਗੁਜ਼ਰੀ ਹਾਂ।"

ਰਸ਼ੀਦਾ ਨੂੰ ਵੀ ਪਛਤਾਵਾ ਹੈ ਅਤੇ ਉਹ ਇੱਕ ਦਿਨ ਇਸ ਨੂੰ ਛੱਡਣ ਦੀ ਉਮੀਦ ਰੱਖਦੇ ਹਨ।

ਰਸ਼ੀਦਾ ਕਹਿੰਦੇ ਹਨ, "ਜੇ ਮੈਨੂੰ ਮਦਦ ਮਿਲ ਸਕੇ ਤਾਂ ਮੈਂ ਯਕੀਨੀ ਤੌਰ 'ਤੇ ਇਸ ਦੀ ਵਰਤੋਂ ਬੰਦ ਕਰ ਦੇਵਾਂਗੀ। ਮੈਂ ਕਿਸੇ ਨੂੰ ਵੀ ਤਾਬਾ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦੇਵਾਂਗੀ ਤਾਂ ਜੋ ਉਹ ਮੇਰੇ ਵਾਂਗ ਇਸ ਦੇ ਆਦੀ ਨਾ ਹੋ ਜਾਣ।"

ਯੂਸਫ ਅਕਿਨਪੇਲੂ ਵੱਲੋਂ ਅਡੀਸ਼ਨਲ ਰਿਪੋਰਟਿੰਗ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)