ਪੰਜਾਬ 'ਚ ਨਸ਼ੇ ਲਈ ਵਰਤੀ ਜਾਣ ਵਾਲੀ ਦਵਾਈ ਪ੍ਰੀਗਾਬਲਿਨ ਕੀ ਹੈ, ਇਸ ਦੀ ਦੁਰਵਰਤੋਂ ਦਾ ਵਰਤਾਰਾ ਕਿੰਨਾ ਵੱਡਾ ਹੈ

ਪੰਜਾਬ ਸਰਕਾਰ ਨੇ ਪ੍ਰੀਗਾਬਲਿਨ ਵਾਲੇ ਡਰੱਗ ਫਾਰਮੂਲਾ ਵੇਚਣ ਵਾਲੀਆਂ 12 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।

ਭਾਰਤ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਮਾਮਲਿਆਂ ਦੇ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ।

ਪ੍ਰੀਗਾਬਲਿਨ, ਇੱਕ ਨਿਊਰੋਲੋਜੀਕਲ ਦਵਾਈ ਹੈ ਆਮ ਤੌਰ 'ਤੇ ਮਿਰਗੀ ਅਤੇ ਕਈ ਹੋਰ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ, ਪਰ ਪੰਜਾਬ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਇਸ ਦੀ ਵਿਆਪਕ ਪੱਧਰ 'ਤੇ ਦੁਰਵਰਤੋਂ ਦਾ ਚਲਣ ਹੈ।

ਜੇਪੀ ਨੱਡਾ ਨੇ ਇਹ ਜਾਣਕਾਰੀ ਅੰਮ੍ਰਿਤਸਰ ਹਲਕੇ ਤੋਂ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।

ਨੱਡਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ 72 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ ਅਤੇ 5.97 ਕਰੋੜ ਰੁਪਏ ਦੇ ਪ੍ਰੀਗਾਬਲਿਨ ਵਾਲੇ ਡਰੱਗ ਫਾਰਮੂਲੇ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ।

'ਪੰਜਾਬ ਸਰਕਾਰ ਵਰਤਾਰੇ ਤੋਂ ਜਾਣੂ'

ਪ੍ਰੀਗਾਬਲਿਨ ਦੀ ਵਰਤੋਂ ਨਸ਼ੇ ਦੇ ਰੂਪ ਵਿੱਚ ਕੀਤੇ ਜਾਣ ਦਾ ਚਲਣ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਹੈ, ਇਸੇ ਲਈ ਇਸ ਦੀ ਵਰਤੋਂ ਉੱਤੇ ਸਖ਼ਤ ਕਾਨੂੰਨਾਂ ਦੀ ਮੰਗ ਸਮੇਂ-ਸਮੇਂ ਹੁੰਦੀ ਰਹੀ ਹੈ।

ਜੇਪੀ ਨੱਡਾ ਨੇ ਦੱਸਿਆ ਕਿ,ਪ੍ਰੀਗਾਬਲਿਨ ਇੱਕ ਵਿਆਪਕ ਤੌਰ 'ਤੇ ਦੁਰਵਰਤੋਂ ਕੀਤੀ ਜਾਣ ਵਾਲੀ ਨਿਊਰੋਲੋਜੀਕਲ ਦਵਾਈ ਹੈ, ਕੁਝ ਲੋਕ ਇਸਨੂੰ ਮਨੋਰੰਜਨ ਦੇ ਮਕਸਦ ਲਈ ਵਰਤਦੇ ਹਨ।

ਉਨ੍ਹਾਂ ਲੋਕ ਸਭਾ ਵਿੱਚ ਦੱਸਿਆ, ''ਪੰਜਾਬ ਸਰਕਾਰ ਨੇ 12 ਫਰਮਾਂ ਦੇ ਲਾਇਸੈਂਸ ਰੱਦ ਕੀਤੇ ਹਨ ਅਤੇ 46 ਫਰਮਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ । ਇਸ ਮਾਮਲੇ ਵਿੱਚ ਹੁਣ ਤੱਕ 11 ਸ਼ਿਕਾਇਤਾਂ ਅਦਾਲਤਾਂ ਵਿੱਚ ਦਾਇਰ ਕੀਤੀਆਂ ਗਈਆਂ ਹਨ।''

"ਜਿਵੇਂ ਕਿ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੁਆਰਾ ਸੂਚਿਤ ਕੀਤਾ ਗਿਆ ਹੈ, ਪੰਜਾਬ ਸਰਕਾਰ ਫਾਰਮਾਸਿਊਟੀਕਲ ਡਰੱਗ ਪ੍ਰੀਗਾਬਲਿਨ ਦੀ ਵੱਧ ਰਹੀ ਦੁਰਵਰਤੋਂ ਅਤੇ ਤਸਕਰੀ ਬਾਰੇ ਜਾਣੂ ਹੈ।"

ਉਨ੍ਹਾਂ ਦੱਸਿਆ ਕਿ 28 ਫ਼ਰਵਰੀ ਨੂੰ ਇੱਕ ਪੱਤਰ ਵਿੱਚ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸੂਬੇ ਦੇ ਦਵਾਈ ਨਿਰਮਾਤਾਵਾਂ, ਕਲੀਅਰਿੰਗ ਅਤੇ ਫਾਰਵਰਡਿੰਗ ਏਜੰਟਾਂ, ਥੋਕ ਕੈਮਿਸਟਾਂ ਅਤੇ ਪ੍ਰਚੂਨ ਵਿਕਰੀ ਕੈਮਿਸਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਉਹ ਪ੍ਰੀਗਾਬਲਿਨ ਅਤੇ ਹੋਰ ਛੇ ਦਵਾਈਆਂ ਦੀ ਵਿਕਰੀ ਅਤੇ ਖਰੀਦ ਸੰਬੰਧੀ ਜਾਣਕਾਰੀ, ਰਿਪੋਰਟ ਡਰੱਗਜ਼ ਕੰਟਰੋਲ ਅਧਿਕਾਰੀਆਂ ਨੂੰ ਜਮ੍ਹਾਂ ਕਰਾਉਣ।

ਪੰਜਾਬ ਸਰਕਾਰ ਵੱਲੋਂ ਨਿਯੁਕਤ ਸਟੇਟ ਲਾਇਸੈਂਸਿੰਗ ਅਥਾਰਟੀਆਂ (ਐੱਸਐੱਲਏ) ਵੱਲੋਂ ਦਵਾਈਆਂ ਦੀ ਵਿਕਰੀ ਅਤੇ ਵੰਡ 'ਤੇ ਨਿਯੰਤਰਣ ਕੀਤਾ ਜਾਂਦਾ ਹੈ।

ਐੱਸਐੱਲਏ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਨਿਯਮਾਂ 1945 ਦੇ ਰੈਗੂਲੇਟਰੀ ਪ੍ਰਬੰਧਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਅਧਿਕਾਰ ਹੈ।

ਨੱਡਾ ਨੇ ਕਿਹਾ ਕਿ ਸਮੇਂ-ਸਮੇਂ 'ਤੇ ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈਆਂ ਦੀ ਵਿਕਰੀ ਬਾਰੇ ਕਈ ਵੱਖ-ਵੱਖ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹੀਆਂ ਹਨ ਅਤੇ ਇਨ੍ਹਾਂ ਨੂੰ ਢੁੱਕਵੀਂ ਕਾਰਵਾਈ ਲਈ ਸਬੰਧਤ ਸਟੇਟ ਲਾਇਸੈਂਸਿੰਗ ਅਥਾਰਟੀਆਂ ਨੂੰ ਭੇਜਿਆ ਜਾਂਦਾ ਹੈ।

ਪ੍ਰੀਗਾਬਲਿਨ ਕੀ ਹੈ?

ਪ੍ਰੀਗਾਬਲਿਨ ਦੀ ਵਰਤੋਂ ਮਿਰਗੀ, ਨਸਾਂ ਦੇ ਦਰਦ ਅਤੇ ਐਂਗਜ਼ਾਇਟੀ (ਚਿੰਤਾ) ਸਣੇ ਕਈ ਮਾਨਸਿਕ ਸਥਿਤੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਇਹ ਦਵਾਈ ਗੋਲੀਆਂ, ਕੈਪਸੂਲ ਜਾਂ ਤਰਲ ਰੂਪ ਵਿੱਚ ਆਉਂਦੀ ਹੈ ਅਤੇ ਇਸ ਦਾ ਅਕਸਰ ਨਾਮ ਬ੍ਰਾਂਡ ਦੇ ਨਾਮ 'ਤੇ ਹੀ ਲਿਆ ਜਾਂਦਾ ਹੈ।

ਭਾਰਤ ਤੋਂ ਇਲਾਵਾ ਯੂਕੇ ਅਤੇ ਅਮਰੀਕਾ ਵਿੱਚ ਵੀ ਇਸ ਦੀ ਦੁਰਵਰਤੋਂ ਸਬੰਧੀ ਕਈ ਮਾਮਲੇ ਦਰਜ ਹੋ ਚੁੱਕੇ ਹਨ।

ਯੂਕੇ ਵਿੱਚ ਇਸ ਦਵਾਈ ਦੀ ਵਰਤੋਂ ਨੂੰ 2022 ਤੋਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮਰੀਜ਼ਾਂ ਲਈ ਬਹੁਤ ਲਾਭਦਾਇਕ ਇਲਾਜ ਹੋ ਸਕਦਾ ਹੈ ਜੇਕਰ ਸਹੀ ਢੰਗ ਨਾਲ ਲਿਆ ਜਾਵੇ ਅਤੇ ਇਹ ਉਪਲੱਬਧ ਰਹਿਣਾ ਚਾਹੀਦਾ ਹੈ।

ਪ੍ਰੀਗਾਬਲਿਨ ਦੇ ਮਾੜੇ ਪ੍ਰਭਾਵ ਕੀ ਹਨ?

ਕੁਝ ਲੋਕ ਪ੍ਰੀਗਾਬਲਿਨ ਨੂੰ ਨਵਾਂ ਵੈਲੀਅਮ ਜਾਂ "ਬਡ" (ਜਿਵੇਂ ਕਿ ਬਡਵਾਈਜ਼ਰ ਬੀਅਰ ਵਿੱਚ) ਕਹਿੰਦੇ ਹਨ ਇਸ ਦੀ ਵਰਤੋਂ ਕਰਨ ਵਾਲੇ ਮਾਨਸਿਕ ਤੌਰ 'ਤੇ ਆਰਾਮ ਮਹਿਸੂਸ ਕਰਦੇ ਹਨ, ਇਹ ਬਿਲਕੁਲ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਟ੍ਰੈਂਕਵਾਈਜ਼ਰ ਜਾਂ ਅਲਕੋਹਲ ਕੰਮ ਕਰਦੇ ਹਨ।

ਇਸਦਾ ਜੇ ਵਧੇਰੇ ਸੇਵਨ ਕੀਤਾ ਜਾਵੇ ਤਾਂ ਸੁਸਤੀ ਅਤੇ ਸਾਹ ਲੈਣ ਵਿੱਚ ਦਿੱਕਤ ਵਾਰਗੀਆਂ ਸਰੀਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਲੱਛਣ ਉਸ ਸਮੇਂ ਹੋਰ ਵੱਧ ਜਾਂਦੇ ਹਨ ਜਦੋਂ ਇਸ ਦੀ ਉਨ੍ਹਾਂ ਦਵਾਈਆ ਨਾਲ ਮਿਲਾਕੇ ਕੀਤੀ ਜਾਂਦੀ ਹੈ ਜੋ ਦਿਮਾਗ ਦੇ ਸਧਾਰਨ ਵਰਤਾਰੇ ਨੂੰ ਪ੍ਰਭਾਵਿਤ ਕਰਦੀਆਂ ਹਨ।

ਜਿਨ੍ਹਾਂ ਮਰੀਜ਼ਾਂ ਨੂੰ ਪ੍ਰੀਗਾਬਲਿਨ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਸ਼ਰਾਬ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਕੀ ਪ੍ਰੀਗਾਬਲਿਨ ਦੀ ਆਦਤ ਪੈ ਸਕਦੀ ਹੈ?

ਪ੍ਰੀਗਾਬਲਿਨ ਦੇ ਡਰੱਗ ਮਨੁੱਖ ਨੂੰ ਸ਼ਾਂਤ ਚਿੱਤ ਕਰਨ ਵਾਲੇ ਪ੍ਰਭਾਵ ਪਾਉਂਦੇ ਹਨ, ਜਿਸਨੂੰ ਕਈ ਵਾਰ 'ਜੈਂਟਲ ਹਾਈ' ਵਜੋਂ ਦਰਸਾਇਆ ਜਾਂਦਾ ਹੈ। ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਕੁਝ ਉਪਭੋਗਤਾ ਇਸ ਨਾਲ ਸਕੂਨ ਵਿੱਚ ਰਹਿਣ ਕਰਕੇ ਸਮੇਂ ਦੇ ਨਾਲ ਡਰੱਗ ਦੇ ਆਦੀ ਕਰ ਦੇ ਸੁਭਾਅ ਨੂੰ ਸਮਝਣ ਵਿੱਚ ਦੇਰੀ ਕਰ ਦਿੰਦੇ ਹਨ।

ਪ੍ਰੀਗਾਬਲਿਨ 'ਤੇ ਨਿਰਭਰਤਾ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਖ਼ਤਰਨਾਕ ਹੈ ਜੋ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਸ਼ਾਖੋਰੀ ਦੀ ਗ੍ਰਿਫ਼ਤ ਵਿੱਚ ਰਹੇ ਹੋਣ।

ਪ੍ਰੀਗਾਬਲਿਨ ਦੀ ਦੁਰਵਰਤੋਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਕੁਝ ਲੋਕਾਂ ਨੂੰ ਪ੍ਰੀਗਾਬਲਿਨ ਦੀ ਲੰਬਾ ਸਮਾਂ ਵਰਤੋਂ ਕਰਨ ਤੋਂ ਬਾਅਦ ਇਸ ਦਾ ਸੇਵਨ ਬੰਦ ਕਰਨਾ ਮੁਸ਼ਕਲ ਲੱਗਦਾ ਹੈ।

ਇਸ ਦੀ ਵਰਤੋਂ ਨੂੰ ਛੱਡਣ ਵਾਲੇ ਲੋਕ ਮੂਡ ਵਿੱਚ ਬਦਲਾਅ, ਜਿਵੇਂ ਕਿ ਗੁੱਸਾ, ਚਿੜਚਿੜਾਪਨ, ਚਿੰਤਾ ਅਤੇ ਘਬਰਾਹਟ ਦੇ ਨਾਲ-ਨਾਲ ਪਸੀਨਾ ਆਉਣਾ, ਮਤਲੀ ਅਤੇ ਠੰਢ ਲੱਗਣਾ ਵਰਗੇ ਸਰੀਰਕ ਲੱਛਣ ਮਹਿਸੂਸ ਕਰ ਕਰਦੇ ਹਨ।

ਜੋ ਵੀ ਵਿਅਕਤੀ ਪ੍ਰੀਗਾਬਲਿਨ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸਨੂੰ ਪਹਿਲਾਂ ਸਿਹਤ ਸਲਾਹ ਲੈਣੀ ਚਾਹੀਦੀ ਹੈ।

ਅਚਾਨਕ ਪ੍ਰੀਗਾਬਲਿਨ ਲੈਣੀ ਬੰਦ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਕਿ ਡਾਕਟਰ ਵੱਲੋਂ ਸਲਾਹ ਨਾ ਦਿੱਤੀ ਜਾਵੇ। ਆਮ ਤੌਰ 'ਤੇ ਪਹਿਲਾਂ ਇਸ ਦੀ ਖ਼ੁਰਾਕ ਨੂੰ ਘਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਅੰਮ੍ਰਿਤਸਰ ਵਿੱਚ ਪ੍ਰੀਗਾਬਲਿਨ ਦੀ ਵੱਡੀ ਖੇਪ ਜ਼ਬਤ

ਪੰਜਾਬ ਵਿੱਚ ਗ਼ੈਰ-ਕਾਨੂੰਨੀ ਪ੍ਰੀਗਾਬਲਿਨ ਜ਼ਬਤ ਕੀਤੇ ਜਾਣ ਦੀ ਘਟਨਾ 5 ਅਪ੍ਰੈਲ ਦੀ ਹੈ।

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਤੇ ਡਰੱਗ ਵਿਭਾਗ ਦੀ ਜੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਪ੍ਰੀਗਾਬਲਿਨ ਦੀ ਗ਼ੈਰਕਾਨੂੰਨੀ ਵਿਕਰੀ ਖ਼ਿਲਾਫ਼ ਇੱਕ ਸਾਂਝਾ ਓਪਰੇਸ਼ਨ ਚਲਾਇਆ ਗਿਆ ਸੀ।

ਜਿਸ ਦੌਰਾਨ ਅੰਮ੍ਰਿਤਸਰ ਵਿੱਚੋਂ 1,48,800 ਪ੍ਰੇਗਾਬੈਲਿਨ ਕੈਪਸੂਲ 1,51,200 ਪੰਬਾਦੀਸ਼ੁਦਾ ਦਰਦ ਨਿਵਾਰਕ ਗੋਲੀਆਂ ਜੋ ਵੱਖ-ਵੱਖ ਕੰਪਨੀਆਂ ਦੇ ਨਾਮਾਂ ਹੇਠ ਬਣਾਈਆਂ ਗਈਆਂ ਸਨ, ਦੀ ਬਰਾਮਦੀ ਕੀਤੀ ਗਈ ਹੈ।

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਐਕਸ ਉੱਤੇ ਸਾਂਝੀ ਕੀਤੀ ਗਈ ਪੋਸਟ ਮੁਤਾਬਕ ਇਨ੍ਹਾਂ ਦੀ ਕੁੱਲ ਕੀਮਤ 69 ਲੱਖ ਰੁਪਏ ਹੈ।

ਜਿਸ ਮੈਡੀਕਲ ਸਟੋਰ ਤੋਂ ਇਹ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ ਡਰੱਗ ਐਂਡ ਕੋਸਮੈਟਿਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਦੂਜੇ ਦੇਸ਼ਾਂ ਵਿੱਚ ਪ੍ਰੀਗਾਬਲਿਨ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?

1993 ਵਿੱਚ ਅਮਰੀਕਾ ਅਤੇ ਯੂਕੇ ਵਿੱਚ ਪ੍ਰੀਗਾਬਲਿਨ ਨੂੰ ਪਹਿਲੀ ਵਾਰ ਬਾਜ਼ਾਰ ਵਿੱਚ ਇੱਕ ਦਵਾਈ ਵਜੋਂ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ, ਪ੍ਰੀਬੈਬਾਲਿਨ ਡਰੱਗ ਵਾਲੀਆਂ ਦੁਨੀਆ ਭਰ ਵਿੱਚ ਉਪਲੱਬਧ ਹੋਣ ਲੱਗੀਆਂ।

ਮੈਡੀਕਲ ਜਰਨਲ ਨੇਚਰ ਕਮਿਊਨੀਕੇਸ਼ਨਜ਼ ਵਲੋਂ ਪ੍ਰਕਾਸ਼ਿਤ ਇੱਕ ਅਧਿਐਨ ਦਾ ਅੰਦਾਜ਼ਾ ਹੈ ਕਿ 2008 ਅਤੇ 2018 ਦੇ ਵਿਚਕਾਰ ਦੁਨੀਆ ਭਰ ਵਿੱਚ ਰੋਜ਼ਾਨਾ ਲਈਆਂ ਜਾਣ ਵਾਲੀਆਂ ਪ੍ਰੀਗਾਬਲਿਨ ਅਤੇ ਗੈਬਾਪੇਂਟਿਨ ਦੀਆਂ ਖੁਰਾਕਾਂ ਦੀ ਗਿਣਤੀ ਚਾਰ ਗੁਣਾ ਤੋਂ ਵੱਧ ਵਧ ਗਈ।

ਪ੍ਰੀਗਾਬਲਿਨ ਦੀ ਦੁਰਵਰਤੋਂ ਅਤੇ ਮੌਤਾਂ ਵਿੱਚ ਵੀ ਵਿਸ਼ਵਵਿਆਪੀ ਵਾਧਾ ਹੋਇਆ ਹੈ

ਆਸਟ੍ਰੇਲੀਆ ਦੀ 2023 ਦੀ ਸਾਲਾਨਾ ਓਵਰਡੋਜ਼ ਰਿਪੋਰਟ ਵਿੱਚ 2000 ਅਤੇ 2021 ਦੇ ਵਿਚਕਾਰ ਪ੍ਰੀਗਾਬਲਿਨ ਅਤੇ ਗੈਬਾਪੈਂਟਿਨ ਨਾਲ ਜੁੜੀਆਂ 887 ਮੌਤਾਂ ਹੋਣ ਦੀ ਗੱਲ ਸਾਹਮਣੇ ਆਈ ਸੀ। ਮਰਨ ਵਾਲਿਆਂ ਨੇ ਜਿਹੜੀਆਂ ਦਵਾਈਆਂ ਦਾ ਸੇਵਨ ਕੀਤਾ ਸੀ ਉਨ੍ਹਾਂ ਵਿੱਚੋਂ 93 ਫ਼ੀਸਦ ਵਿੱਚ ਪ੍ਰੀਗਾਬਲਿਨ ਸ਼ਾਮਲ ਸੀ।

ਅਧਿਕਾਰਤ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸਾਊਦੀ ਅਰਬ ਅਤੇ ਜਾਰਡਨ ਵਿੱਚ ਵੀ ਪ੍ਰੀਗਾਬਲਿਨ ਦੀ ਦੁਰਵਰਤੋਂ ਵਧ ਰਹੀ ਹੈ।

2017 ਵਿੱਚ, ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰੀ ਪੁਨਰਵਾਸ ਕੇਂਦਰ ਨੇ ਕਿਹਾ ਕਿ ਪ੍ਰੀਗਾਬਲਿਨ ਅਤੇ ਗੈਬਾਪੈਂਟਿਨ ਦੀ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਲੋਂ ਸਭ ਤੋਂ ਵੱਧ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਸਨ।

ਯੂਏਈ ਅਤੇ ਕੁਵੈਤ ਵਿੱਚ ਵੱਡੀ ਮਾਤਰਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਵਪਾਰ ਕੀਤੇ ਜਾਣ ਵਾਲੇ ਪ੍ਰੀਗਾਬਲਿਨ ਨੂੰ ਫੜਿਆ ਗਿਆ ਹੈ।

ਜੇਕਰ ਤੁਸੀਂ ਨਸ਼ੇ ਤੋਂ ਪ੍ਰਭਾਵਿਤ ਹੋ, ਤਾਂ ਮਦਦ ਅਤੇ ਸਹਾਇਤਾ ਬੀਬੀਸੀ ਐਕਸ਼ਨ ਲਾਈਨ 'ਤੇ ਉਪਲੱਬਧ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)