You’re viewing a text-only version of this website that uses less data. View the main version of the website including all images and videos.
ਪੰਜਾਬ ’ਚ ਨਸ਼ੇ ਲਈ ਵਰਤੇ ਜਾਂਦੇ ‘ਘੋੜੇ ਵਾਲੇ ਕੈਪਸੂਲ’ ਕੀ ਹਨ ਅਤੇ ਏਮਜ਼ ਦੇ ਡਾਕਟਰਾਂ ਨੇ ਇਸ ਬਾਰੇ ਕੀ ਚੇਤਾਇਆ ਹੈ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਮਾਨਸਾ ਪੁਲਿਸ ਨੇ ਪਰਵਿੰਦਰ ਸਿੰਘ ‘ਝੋਟਾ’, ਜੋ ਕਿ ਨਸ਼ਾ ਰੋਕੋ ਮੁਹਿੰਮ ਚਲਾਉਣ ਦਾ ਦਾਅਵਾ ਕਰਦਾ ਸੀ, ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਵੱਖ-ਵੱਖ ਕਿਸਾਨ ਯੂਨੀਅਨਾਂ ਤੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਦੇ ਹੱਕ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪਰਵਿੰਦਰ ਸਿੰਘ ’ਤੇ ਇਲਜ਼ਾਮ ਹਨ ਕਿ ਉਹ ਮਾਨਸਾ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਦੇ ਗਲ਼ੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਮਾਨਸਾ ਦੇ ਮੁੱਖ ਬਾਜ਼ਾਰ ਰਾਹੀਂ ਸਿਟੀ ਥਾਣੇ ਲੈ ਗਿਆ ਸੀ।
ਇਸ ਤੋਂ ਪਹਿਲਾਂ ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਸ਼ਵਨੀ ਕੁਮਾਰ ਦੇ ਸਟੋਰ ਤੋਂ ਸਿਗਨੇਚਰ ਕੈਪਸੂਲ (ਇਹ ਐੱਨਡੀਪੀਐੱਸ ਐਕਟ ਅਧੀਨ ਨਹੀਂ ਆਉਂਦੇ) ਖਰੀਦੇ ਸਨ।
ਇਹਨਾਂ ਨੂੰ ‘ਪ੍ਰੀਗਾਬਲਿਨ-300 ਮਿਲੀਗ੍ਰਾਮ’ ਕਹਿੰਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਮਾਲਵਾ ਖੇਤਰ ਵਿੱਚ ਨਸ਼ੇ ਦੀ ਪੂਰਤੀ ਕਰਨ ਲਈ ਕੁਝ ਨਸ਼ੇੜੀ ਸਿਗਨੇਚਰ ਕੈਪਸੂਲ ਦੀ ਵਰਤੋਂ ਕਰ ਰਹੇ ਹਨ।
ਆਮ ਭਾਸ਼ਾ ਵਿੱਚ ਲੋਕ ਸਿਗਨੇਚਰ ਕੈਪਸੂਲ ਨੂੰ ‘ਘੋੜੇ ਵਾਲਾ ਕੈਪਸੂਲ’ ਕਹਿੰਦੇ ਹਨ ਪਰ ਮੈਡੀਕਲ ਭਾਸ਼ਾ ਵਿੱਚ ਇਨ੍ਹਾਂ ਕੈਪਸੂਲਾਂ ਵਿੱਚ ਪ੍ਰੀਗਾਬਲਿਨ-300 ਐਮਜੀ ਸਾਲਟ ਪਾਇਆ ਜਾਂਦਾ ਹੈ।
ਮਾਨਸਾ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਪ੍ਰੀਗਾਬਲਿਨ-300 ਐੱਮਜੀ ਕੈਪਸੂਲ ਦੀ ਵਿੱਕਰੀ 'ਤੇ ਪਾਬੰਦੀ ਹੈ।
ਪੁਲਿਸ ਨੇ ਅਸ਼ਵਨੀ ਕੁਮਾਰ ਵਿਰੁੱਧ ਵੀ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਸੀ ਪਰ ਉਸ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਪ੍ਰੀਗਾਬਲਿਨ -300 ਐੱਮਜੀ ਕੈਪਸੂਲ ਕੀ ਹਨ?
ਡਾਕਟਰ ਗੁਰਪ੍ਰਕਾਸ਼ ਸਿੰਘ ਪੰਜਾਬ ਦੇ ਜੇਲ੍ਹ ਵਿਭਾਗ ਵਿੱਚ ਮਨੋਵਿਗਿਆਨ ਦੇ ਮਾਹਿਰ ਹਨ।
ਡਾਕਟਰ ਗੁਰਪ੍ਰਕਾਸ਼ ਸਿੰਘ ਦੱਸਦੇ ਹਨ ਕਿ ਪ੍ਰੀਗਾਬਲਿਨ ਪਹਿਲਾਂ ਮਿਰਗੀ ਦੇ ਇਲਾਜ ਲਈ ਬਣੀ ਸੀ ਪਰ ਬਾਅਦ ਵਿੱਚ ਇਸ ਦਵਾਈ ਦਾ ਸ਼ੂਗਰ ਦੇ ਮਰੀਜਾਂ 'ਤੇ ਕਾਰਗਰ ਪ੍ਰਭਾਵ ਦੇਖਿਆ ਗਿਆ।
ਉਹ ਕਹਿੰਦੇ ਹਨ, “ਇਸ ਦਵਾਈ ਦੇ ਸਰੀਰ ’ਤੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ। ਇਸ ਦਵਾਈ ਦੀ ਨਿਆਮਕ ਡੋਜ਼ ਮਰੀਜ਼ ਨੂੰ ਸ਼ਾਂਤ ਕਰਦੀ ਹੈ।”
ਡਾਕਟਰ ਗੁਰਪ੍ਰਕਾਸ਼ ਸਿੰਘ ਦੱਸਦੇ ਹਨ, “ਚਾਰ ਪੰਜ ਸਾਲ ਪਹਿਲਾਂ ਸਾਨੂੰ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਬਾਰੇ ਪਤਾ ਨਹੀਂ ਸੀ। ਅਸੀਂ ਜੇਲ੍ਹ ਵਿੱਚ ਇਲਾਜ਼ ਅਧੀਨ ਕੈਦੀਆਂ ਨੂੰ ਪ੍ਰੀਗਾਬਲਿਨ 75-ਐੱਮਜੀ ਦਵਾਈ ਦਿੰਦੇ ਸੀ। ਪਰ ਜਦੋਂ ਕੈਦੀਆਂ ਨੇ ਇਹ ਦਵਾਈ ਦੇਣ ਲਈ ਬਾਰ-ਬਾਰ ਕਹਿਣਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਉਹ ਇਸ ਦੀ ਦੁਰਵਰਤੋਂ ਕਰ ਰਹੇ ਹਨ।”
ਨਸ਼ੇ ਤੇ ਦਵਾਈ ਵੱਜੋਂ ਵਰਤੋਂ
ਡਾਕਟਰ ਗੁਰਪ੍ਰਕਾਸ਼ ਸਿੰਘ ਕਹਿੰਦੇ ਹਨ, “ਅਸਲ ਵਿੱਚ ਜੋ ਦਵਾਈ ਨਸ਼ੇ ਲਈ ਵਰਤੀ ਜਾਂਦੀ ਹੈ, ਉਹ ਕਈ ਬਿਮਾਰੀਆਂ ਲਈ ਕਾਰਗਰ ਦਵਾਈਆਂ ਹੁੰਦੀਆਂ ਹਨ।”
ਉਹ ਦੱਸਦੇ ਹਨ, “ਮਿਸਾਲ ਦੇ ਤੌਰ 'ਤੇ ਕੈਂਸਰ ਦੇ ਮਰੀਜ਼ ਜੋ ਕਿ ਦਰਦ ਤੋਂ ਪੀੜਤ ਹੁੰਦੇ ਹਨ, ਉਹਨਾਂ ਲਈ ਟ੍ਰਾਮਾਡੋਲ ਦਵਾਈ ਮਦਦਗਾਰ ਹੁੰਦੀ ਹੈ ਪਰ ਉਨ੍ਹਾਂ ਨੂੰ ਇਹ ਦਵਾਈ ਆਸਾਨੀ ਨਾਲ ਨਹੀਂ ਮਿਲਦੀ ਕਿਉਂਕਿ ਇਸ ਦੀ ਵਿਆਪਕ ਦੁਰਵਰਤੋਂ ਹੋ ਰਹੀ ਹੈ।”
ਉਨ੍ਹਾਂ ਕਿਹਾ ਕਿ 'ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦੇ ਅਤੇ ਜਿਗਰ 'ਤੇ ਵੀ ਮਾੜਾ ਅਸਰ ਪੈਂਦਾ ਹੈ।'
- ਆਮ ਭਾਸ਼ਾ ਵਿੱਚ ਲੋਕ ਸਿਗਨੇਚਰ ਕੈਪਸੂਲ ਨੂੰ ‘ਘੋੜੇ ਵਾਲਾ ਕੈਪਸੂਲ’ ਕਹਿੰਦੇ ਹਨ
- ਮੈਡੀਕਲ ਭਾਸ਼ਾ ਵਿੱਚ ਇਨ੍ਹਾਂ ਕੈਪਸੂਲਾਂ ਵਿੱਚ ਪ੍ਰੀਗਾਬਲਿਨ-300 ਐਮਜੀ ਸਾਲਟ ਪਾਇਆ ਜਾਂਦਾ ਹੈ
- ਇਹ ਗੋਲੀਆਂ ਐੱਨਡੀਪੀਐੱਸ ਐਕਟ ਅਧੀਨ ਨਹੀਂ ਆਉਂਦੀਆਂ
- ਮਾਨਸਾ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਪ੍ਰੀਗਾਬਲਿਨ-300 ਐੱਮਜੀ ਕੈਪਸੂਲ ਦੀ ਵਿੱਕਰੀ 'ਤੇ ਪਾਬੰਦੀ ਹੈ
- ਮਾਹਰਾਂ ਮੁਤਾਬਕ, ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਮਰੀਜ਼ ਦੇ ਗੁਰਦੇ ਤੇ ਜਿਗਰ 'ਤੇ ਵੀ ਮਾੜਾ ਅਸਰ ਪਾਉਂਦੀ ਹੈ
- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਡੀ ਮਾਤਰਾ 'ਚ ਪ੍ਰੀਗਾਬਾਲਿਨ ਤੇ ਹੋਰ ਗੈਬਾਪੇਂਟਿਨੋਇਡ ਜ਼ਬਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ
ਮਾਨਸਾ ਦੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਹਨਾਂ ਦੇ ਜ਼ਿਲ੍ਹੇ ਵਿੱਚ ਕੋਈ ਵੀ ਡਾਕਟਰ ਪ੍ਰੀਗਾਬਲਿਨ-300 ਐੱਮਜੀ ਦੀਆਂ ਗੋਲੀਆਂ ਨਹੀਂ ਲਿਖਦੇ ਕਿਉਂਕਿ ਉਹ ਸਿਰਫ਼ 75 ਐੱਮਜੀ ਤੱਕ ਦੀ ਨਿਧਾਰਾਤ ਡੋਜ਼ ਦਿੰਦੇ ਹਨ।
ਉਨ੍ਹਾਂ ਕਿਹਾ, “ਸਿਗਨੇਚਰ ਨਾਮ ਦਾ ਕੈਪਸੂਲ ਬਰਾਂਡ ਸੀ, ਜਿਸ ਤੋਂ ਇਹ ਪ੍ਰਸਿੱਧ ਹੋ ਗਿਆ ਪਰ ਪੰਜਾਬੀ ਭਾਸ਼ਾ ਵਿੱਚ ਲੋਕ ਇਸ ਨੂੰ ਘੋੜੇ ਵਾਲਾ ਕੈਪਸੂਲ ਕਹਿੰਦੇ ਹਨ।”
ਸਿਹਤ ਮੰਤਰੀ ਨੂੰ ਲਿਖਿਤ ਸ਼ਿਕਾਇਤ
ਕੈਮਿਸਟ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੁਮਾਰ ਨੇ ਦੱਸਿਆ, ''ਅਸੀਂ ਅਜਿਹੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਦਾ ਸਮਰਥਨ ਨਹੀਂ ਕਰਦੇ ਜੋ ਪਾਬੰਦੀਸ਼ੁਦਾ ਦਵਾਈਆਂ ਵੇਚਦੇ ਹਨ। ਮਾਨਸਾ ਵਿੱਚ 580 ਮੈਡੀਕਲ ਸਟੋਰ ਦੇ ਲਾਇਸੈਂਸ ਹਨ। ਨਸ਼ੇੜੀਆਂ ਨੂੰ ਅਜਿਹੇ ਕੈਪਸੂਲ ਦੀ ਵਿਕਰੀ ਵਿੱਚ ਵੱਧ ਤੋਂ ਵੱਧ 15 ਮੈਡੀਕਲ ਸਟੋਰ ਸ਼ਾਮਲ ਹੋ ਸਕਦੇ ਹਨ।”
ਅਜੈ ਕੁਮਾਰ ਨੇ ਕਿਹਾ, “ਅਸੀਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਪ੍ਰੀਗਾਬਲਿਨ-300 ਮਿਲੀਗ੍ਰਾਮ ਦੇ ਕੈਪਸੂਲ 'ਤੇ ਪਾਬੰਦੀ ਲਗਾਉਣ ਲਈ ਲਿਖਤੀ ਰੂਪ ਵਿੱਚ ਦਿੱਤਾ ਸੀ।”
“ਸਾਲ 2019 ਤੱਕ ਪੰਜਾਬ ਵਿੱਚ ਇਹ ਕੈਪਸੂਲ 75 ਮਿਲੀਗ੍ਰਾਮ ਹੀ ਉਪਲੱਬਧ ਸਨ। ਹਾਲਾਂਕਿ, ਕੋਵਿਡ-19 ਦੌਰਾਨ ਪੰਜਾਬ 'ਚ ਨਸ਼ੇੜੀਆਂ ਵਿੱਚ 300 ਮਿਲੀਗ੍ਰਾਮ ਦੀ ਖੁਰਾਕ ਪ੍ਰਸਿੱਧ ਹੋ ਗਈ ਤੇ ਇਹ ਸਿਰਫ 4 ਰੁਪਏ ਦਾ ਕੈਪਸੂਲ ਹੈ।”
ਉਨ੍ਹਾਂ ਕਿਹਾ ਕਿ 'ਇਹ ਸਭ ਤੋਂ ਪਹਿਲਾਂ ਦੇਹਰਾਦੂਨ ਸਥਿਤ ਸਿਗਨੇਚਰ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਸੀ। ਇਨ੍ਹਾਂ ਦੀ ਦੁਰਵਰਤੋਂ ਕਰਕੇ ਪਿਛਲੇ ਸਾਲ ਪੰਜਾਬ ਵਿੱਚ ਕੈਪਸੂਲ ਦੀ ਵਿੱਕਰੀ ਬੰਦ ਕਰ ਦਿੱਤੀ ਸੀ।''
ਅਜੈ ਕੁਮਾਰ ਨੇ ਕਿਹਾ, ''ਹੁਣ ਕਈ ਹੋਰ ਕੰਪਨੀਆਂ ਵੀ ਇਸੇ ਦਵਾਈ ਦਾ ਨਿਰਮਾਣ ਕਰ ਰਹੀਆਂ ਹਨ। ਹੁਣ ਇਹ ਕੈਪਸੂਲ ਪੰਜਾਬ ਵਿੱਚ ਸਿਗਨੇਚਰ ਦੇ ਨਾਮ ਨਾਲ ਮਸ਼ਹੂਰ ਹਨ ਹਾਲਾਂਕਿ ਸਿਗਨੇਚਰ ਕੰਪਨੀ ਹੁਣ ਇਨ੍ਹਾਂ ਨੂੰ ਸੂਬੇ ਵਿੱਚ ਨਹੀਂ ਵੇਚਦੀ।''
ਪੁਲਿਸ ਤੇ ਜ਼ਿਲ੍ਹਾਂ ਪ੍ਰਸ਼ਾਸਨ ਦਾ ਕੀ ਕਹਿਣਾ ਹੈ?
ਇੱਕ ਸੀਨੀਅਰ ਡਾਕਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮਾਨਸਾ ਵਿੱਚ 12 ਓਓਏਟੀ ਕੇਂਦਰਾਂ ਵਿੱਚ 8000 ਨਸ਼ੇੜੀ ਰਜਿਸਟਰਡ ਹਨ।
ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਨੇ ਦੱਸਿਆ, ''ਇਹ ਗੋਲੀਆਂ ਐੱਨਡੀਪੀਐੱਸ ਐਕਟ ਅਧੀਨ ਨਹੀਂ ਆਉਂਦੀਆਂ ਜਦਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਧਾਰਾ 144 ਤਹਿਤ ਇਨ੍ਹਾਂ ਕੈਪਸੂਲਾਂ ਦੀ ਵਿੱਕਰੀ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਅਸੀਂ ਇਸ ਮਾਮਲੇ ਵਿੱਚ ਲਗਾਤਾਰ ਸਖ਼ਤ ਕਾਰਵਾਈ ਕਰ ਰਹੇ ਹਾਂ।''
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੰਨਿਆ ਕਿ ਜ਼ਿਲ੍ਹੇ ਵਿੱਚ ਪ੍ਰੀਗਾਬਲਿਨ ਦੀਆਂ ਗੋਲੀਆਂ ਬਹੁਤ ਜ਼ਿਆਦਾ ਪ੍ਰਚਲਿਤ ਹਨ ਤੇ ਪ੍ਰੀਗਾਬਲਿਨ-300 ਮਿਲੀਗ੍ਰਾਮ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਵਿਚਾਰ ਅਧੀਨ ਹੈ।
ਪੰਜਾਬ ਦੇ ਪੱਛਮੀ ਖੇਤਰ ’ਚ ਗੰਭੀਰ ਜਨਤਕ ਸਿਹਤ ਸਮੱਸਿਆ: ਏਮਜ਼ ਰਿਸਰਚ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਤਿੰਦਰ ਅਨੇਜਾ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਜਵਾਹਰ ਸਿੰਘ ਨੇ ਸਾਲ 2021 ਵਿੱਚ ਪ੍ਰੀਗਾਬਲਿਨ ਦੀ ਵਰਤੋਂ ਅਤੇ ਦੁਰਵਰਤੋਂ 'ਤੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਸੀ।
ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਪੱਛਮੀ ਖੇਤਰ ਪ੍ਰੀਗਾਬਲਿਨ ਦੀ ਦੁਰਵਰਤੋਂ ਦੇ ਰੂਪ ਵਿੱਚ ਇੱਕ ਹੋਰ ਭਿਆਨਕ ਜਨਤਕ ਸਿਹਤ ਸਮੱਸਿਆ ਵੱਲ ਜਾ ਰਿਹਾ ਹੈ।
ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੀ ਮਾਤਰਾ ਵਿੱਚ ਪ੍ਰੀਗਾਬਾਲਿਨ ਅਤੇ ਹੋਰ ਗੈਬਾਪੇਂਟਿਨੋਇਡ ਜ਼ਬਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹਾਲ ਹੀ ਵਿੱਚ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਗਾਬਲਿਨ-300 ਮਿਲੀਗ੍ਰਾਮ ਦੀ ਬਿਨਾਂ ਡਾਕਟਰ ਦੀ ਪਰਚੀ ਤੋਂ ਵਿੱਕਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰੀਗਾਬਲਿਨ ਨੂੰ ਅੰਸ਼ਕ ਦੌਰੇ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਈਆਲਗੀਆ ਲਈ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਚਿੰਤਾ ਸੰਬੰਧੀ ਵਿਗਾੜਾਂ ਅਤੇ ਅਫ਼ੀਮ ਦੇ ਆਦਿਆਂ ਨੂੰ ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ।
ਖੋਜ ਪੱਤਰ ਦੱਸਦਾ ਹੈ ਕਿ ਵਿਸ਼ਵ ਪੱਧਰ 'ਤੇ, ਅਧਿਐਨਾਂ ਨੇ ਦਿਖਾਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਇਤਿਹਾਸ ਵਾਲੇ ਵਿਅਕਤੀ ਇਲਾਜ ਦੀ ਖੁਰਾਕ ਤੋਂ 3-20 ਗੁਣਾ ਖੁਰਾਕ ਸੀਮਾ ਵਿੱਚ ਪ੍ਰੀਗਾਬਲਿਨ ਅਤੇ ਹੋਰ ਗੈਬਾਪੇਂਟਿਨੋਇਡਜ਼ ਦੀ ਦੁਰਵਰਤੋਂ ਕਰਦੇ ਹਨ।
ਡਾਕਟਰ ਜਤਿੰਦਰ ਅਨੇਜਾ ਨੇ ਦੱਸਿਆ ਕਿ ਕੁਝ ਨਸ਼ਾ ਕਰਨ ਵਾਲੇ ਲੋਕ ਇੱਕ ਦਿਨ ਵਿੱਚ 300 ਮਿਲੀਗ੍ਰਾਮ ਪ੍ਰੀਗਾਬਲਿਨ ਦੀਆਂ 10 ਕੈਪਸੂਲ ਦਾ ਸੇਵਨ ਕਰ ਰਹੇ ਹਨ ਜੋ ਕਿ ਜਾਨਲੇਵਾ ਵੀ ਸਾਬਿਤ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੁਝ ਬਿਮਾਰੀਆਂ ਲਈ ਇਹ ਦਵਾਈ ਲਾਭਦਾਇਕ ਹੈ ਪਰ ਇਸ ਨੂੰ ਸਹੀ ਢੰਗ ਨਾਲ ਨਿਯਮਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਮਾਨਸਾ ਜ਼ਿਲ੍ਹੇ ਵਿੱਚ ਪ੍ਰੀਗਾਬਲਿਨ-300 ਮਿਲੀਗ੍ਰਾਮ ਕੈਪਸੂਲ ਦੀ ਵਿੱਕਰੀ 'ਤੇ ਸੂਬੇ ਭਰ ਵਿੱਚ ਪਾਬੰਦੀ ਹੋਣੀ ਚਾਹੀਦੀ ਹੈ।
ਸਰੀਰ 'ਤੇ ਮਾੜੇ ਪ੍ਰਭਾਵ ਕੀ ਹਨ?
ਡਾਕਟਰ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦੇ ਅਤੇ ਜਿਗਰ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਜਲੰਧਰ ਦੇ ਸਰਕਾਰੀ ਨਸ਼ਾ ਮੁੜ ਵਸੇਬਾ ਕੇਂਦਰ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਅਮਨ ਸੂਦ ਨੇ ਦੱਸਿਆ ਕਿ ਪ੍ਰੀਗਾਬਲਿਨ-300 ਐਮਜੀ ਨਸ਼ੇ ਦੇ ਆਦੀ ਲੋਕਾਂ ਵਿੱਚ ਵਿਆਪਕ ਤੌਰ 'ਤੇ ਵਰਤੀ ਜਾਂਦੀ ਹੈ। ਕਿਉਂਕਿ ਟਰਾਮਾਡੋਲ ਮੁਕਾਬਲਤਨ ਘੱਟ ਉਪਲੱਭਧ ਹੈ ਤੇ ਇਨ੍ਹਾਂ ਕੁਝ ਗੋਲੀਆਂ ਦਾ ਸੇਵਨ ਕਰਨ ਨਾਲ ਦਿਮਾਗ ਗੁੰਮ ਜਿਹਾ ਹੋ ਜਾਂਦਾ ਹੈ ਤੇ ਨੀਂਦ ਵੀ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਿਆਂ ਦਾ ਮੰਨਣਾ ਹੁੰਦਾ ਹੈ ਕਿ ਉਹ ਇਸ ਦਾ ਸੇਵਨ ਕਰਕੇ ਵੱਧ ਕੰਮ ਕਰ ਸਕਦੇ ਹਨ ਤੇ ਇਸ ਲਈ ਇਸ ਨੂੰ ਘੋੜੇ ਵਾਲਾ ਕੈਪਸੂਲ ਵੀ ਕਹਿੰਦੇ ਹਨ।
ਡਾਕਟਰ ਅਮਨ ਸੂਦ ਅਨੁਸਾਰ, “ਲੰਬੇ ਸਮੇਂ ਦੇ ਪ੍ਰਭਾਵਾਂ ਵਿੱਚ ਇਹ ਮਾਨਸਿਕ ਸਮੱਸਿਆਵਾਂ ਪੈਦਾ ਕਰਦੇ ਹਨ ਤੇ ਵਿਵਹਾਰ ਵਿੱਚ ਬਦਲਾਅ ਵੀ ਆਉਂਦਾ ਹੈ। ਸਾਡੇ ਕੋਲ ਜਲੰਧਰ ਵਿੱਚ ਓਟ ਕਲੀਨਿਕਾਂ ਵਿੱਚ ਕੁੱਲ 18000 ਨਸ਼ੇੜੀ ਰਜਿਸਟਰਡ ਹਨ।”
ਕੌਣ ਹੈ ਪਰਵਿੰਦਰ ਸਿੰਘ ਝੋਟਾ
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦੇ ਰਹਿਣ ਵਾਲੇ ਹਨ।
ਉਹ ਫ਼੍ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ ਹਨ।
ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।
ਪੰਜਾਬ ਪੁਲਿਸ ਨੇ ਝੋਟਾ ਖ਼ਿਲਾਫ਼ ਜੋ ਡੋਜ਼ੀਅਰ ਤਿਆਰ ਕੀਤਾ ਹੈ ਉਸ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਛੇ ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ।