ਖਾਣ ਤੋਂ ਤੁਰੰਤ ਬਾਅਦ ਸੌਣ ਦਾ ਐਸਿਡਿਟੀ ਨਾਲ ਕੀ ਹੈ ਕਨੈਕਸ਼ਨ ਅਤੇ ਜਾਣੋ ਅਕਸਰ ਹੋਣ ਵਾਲੀ ਐਸਿਡਿਟੀ ਕਿਸ ਬਿਮਾਰੀ ਨੂੰ ਜਨਮ ਦੇ ਸਕਦੀ ਹੈ

ਐਸਿਡਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਬਦਲਦੀ ਜੀਵਨਸ਼ੈਲੀ, ਬੈਠਕ ਵਾਲਾ ਕੰਮ, ਕਸਰਤ ਦੀ ਕਮੀ ਅਤੇ ਪ੍ਰੋਸੈਸਡ ਖਾਣਾ ਦਿਨੋਂ-ਦਿਨ ਕਈ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ।
    • ਲੇਖਕ, ਓਮਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ

ਐਸਿਡਿਟੀ ਸ਼ਬਦ ਅਸੀਂ ਇੰਨੀ ਵਾਰ ਸੁਣ ਚੁੱਕੇ ਹਾਂ ਕਿ ਇਹ ਸਾਡੇ ਰੋਜ਼ਾਨਾ ਜੀਵਨ ਦਾ ਹੀ ਇੱਕ ਹਿੱਸਾ ਲੱਗਣ ਲੱਗ ਪਿਆ ਹੈ।

ਅਜਿਹੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ - "ਮੈਨੂੰ ਤਾਂ ਐਸਿਡਿਟੀ ਦੀ ਗੋਲ਼ੀ ਲੈਣੀ ਪਏਗੀ," "ਜੇ ਮੈਂ ਕੁਝ ਵੀ ਖਾ ਲਵਾਂ, ਤਾਂ ਮੈਨੂੰ ਐਸਿਡਿਟੀ ਹੋ ਜਾਂਦੀ ਹੈ," ਆਦਿ। ਪਰ ਜਦੋਂ ਐਸਿਡਿਟੀ ਬਾਰੇ ਇੰਨੀ ਜ਼ਿਆਦਾ ਗੱਲ ਹੋ ਰਹੀ ਹੈ ਤਾਂ ਇਸ 'ਤੇ ਧਿਆਨ ਦੇਣਾ ਵੀ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।

ਸਾਡੀ ਬਦਲਦੀ ਜੀਵਨਸ਼ੈਲੀ, ਬੈਠਕ ਵਾਲਾ ਕੰਮ, ਕਸਰਤ ਦੀ ਕਮੀ ਅਤੇ ਪ੍ਰੋਸੈਸਡ ਖਾਣਾ ਦਿਨੋਂ-ਦਿਨ ਕਈ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਬਿਮਾਰੀ ਹੈ - ਐਸਿਡਿਟੀ।

ਕਈ ਲੋਕ ਮੰਨਦੇ ਹਨ ਕਿ ਪੂਰਾ ਖਾਣਾ ਖਾਣ ਤੋਂ ਬਾਅਦ ਉਬਕਾਈ ਆਉਣਾ, ਛਾਤੀ ਵਿੱਚ ਜਲਨ ਹੋਣਾ ਜਾਂ ਖੱਟੀਆਂ ਡਕਾਰਾਂ ਆਉਣਾ ਕੋਈ ਗੰਭੀਰ ਲੱਛਣ ਨਹੀਂ ਹੈ।

ਪਰ ਜੇ ਇਹ ਵਾਰ-ਵਾਰ ਹੋਣ ਵਾਲੀ ਜਲਨ ਦਿਨ ਵਿੱਚ ਕਈ ਵਾਰ ਜਾਂ ਹਫ਼ਤੇ ਵਿੱਚ ਤਿੰਨ-ਚਾਰ ਵਾਰ ਹੁੰਦੀ ਹੈ, ਤਾਂ ਇਹ ਸਧਾਰਣ 'ਐਸਿਡਿਟੀ' ਨਹੀਂ, ਸਗੋਂ GERD (ਜੀਈਆਰਡੀ) ਭਾਵ ਗੈਸਟ੍ਰੋਇਸੋਫੇਜੀਅਲ ਰੀਫਲਕਸ ਡਿਜ਼ੀਜ਼ ਵੀ ਹੋ ਸਕਦੀ ਹੈ।

ਜੀਵਨਸ਼ੈਲੀ ਵਿੱਚ ਆਈਆਂ ਤਬਦੀਲੀਆਂ ਜਿਵੇਂ ਦੇਰ ਨਾਲ ਖਾਣਾ, ਫਾਸਟ ਫੂਡ ਖਾਣਾ, ਬੈਠ ਕੇ ਕੰਮ ਕਰਨ ਦੀ ਆਦਤ, ਵਜ਼ਨ ਵਧਣਾ ਅਤੇ ਲਗਾਤਾਰ ਤਣਾਅ ਆਦਿ ਕਾਰਨ ਜੀਈਆਰਡੀ ਦੇ ਮਾਮਲੇ ਵਧੇ ਹਨ।

ਕਈ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਜੇ ਇਲਾਜ ਨਾ ਕਰਵਾਇਆ ਜਾਵੇ ਤਾਂ ਜੀਈਆਰਡੀ ਭੋਜਨ ਨਲੀ ਦੀ ਸੋਜ, ਅਲਸਰ, ਬੈਰਟਜ਼ ਇਸੋਫੇਗਸ ਅਤੇ ਇੱਥੋਂ ਤੱਕ ਕਿ ਕੈਂਸਰ ਦੇ ਵਧੇਰੇ ਖ਼ਤਰੇ ਦਾ ਕਾਰਨ ਵੀ ਬਣ ਸਕਦੀ ਹੈ।

ਇਸ ਲਈ, ਸਧਾਰਨ ਐਸਿਡਿਟੀ ਅਤੇ ਜੀਈਆਰਡੀ ਵਿਚਕਾਰ ਫਰਕ ਪਛਾਣਨਾ, ਸਮੇਂ ਸਿਰ ਇਸਦੇ ਲੱਛਣ ਸਮਝਣਾ ਅਤੇ ਢੁੱਕਵਾਂ ਇਲਾਜ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ।

ਇਸ ਰਿਪੋਰਟ ਵਿੱਚ ਅਸੀਂ ਵਿਸਥਾਰ ਨਾਲ ਗੱਲ ਕਰਾਂਗੇ ਕਿ ਜੀਈਆਰਡੀ ਅਸਲ ਵਿੱਚ ਕੀ ਹੈ, ਇਸ ਦੇ ਪੈਦਾ ਹੋਣ ਦੇ ਕਾਰਨ ਕੀ ਹਨ, ਲੱਛਣ ਕੀ ਹਨ ਅਤੇ ਮਾਹਰਾਂ ਵੱਲੋਂ ਸਿਫ਼ਾਰਸ਼ ਕੀਤੇ ਇਲਾਜ ਕੀ ਹਨ।

ਹਾਰਟਬਰਨ ਅਤੇ ਐਸਿਡ ਰੀਫਲਕਸ

ਐਸਿਡ ਰੀਫਲਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਕਹਿੰਦੇ ਹਨ ਕਿ ਜਦੋਂ ਪੇਟ ਦਾ ਐਸਿਡ ਗਲ਼ੇ ਤੱਕ ਚੜ੍ਹ ਆਉਂਦਾ ਹੈ ਤਾਂ ਇਸਨੂੰ ਐਸਿਡ ਰੀਫਲਕਸ ਕਿਹਾ ਜਾਂਦਾ ਹੈ।

ਹਾਰਟਬਰਨ - ਛਾਤੀ ਵਿੱਚ ਜਲਨ ਵਾਲਾ ਅਹਿਸਾਸ ਹੁੰਦਾ ਹੈ। ਇਹ ਖ਼ਾਸ ਤੌਰ 'ਤੇ ਉਸ ਸਮੇਂ ਦਰਦਨਾਕ ਹੁੰਦਾ ਹੈ ਜਦੋਂ ਪੇਟ ਦਾ ਐਸਿਡ ਉੱਪਰ ਚੜ੍ਹ ਕੇ ਭੋਜਨ ਨਲੀ ਵਿੱਚ ਆ ਜਾਂਦਾ ਹੈ।

ਜਦੋਂ ਪੇਟ ਦਾ ਐਸਿਡ ਗਲ਼ੇ ਤੱਕ ਚੜ੍ਹ ਆਉਂਦਾ ਹੈ ਤਾਂ ਇਸਨੂੰ ਐਸਿਡ ਰੀਫਲਕਸ ਕਿਹਾ ਜਾਂਦਾ ਹੈ। ਕਦੇ-ਕਦੇ ਇਹ ਦਿੱਕਤ ਹੋਣਾ ਆਮ ਗੱਲ ਹੈ; ਪਰ ਜਦੋਂ ਅਜਿਹਾ ਵਾਰ-ਵਾਰ ਹੋਵੇ ਤਾਂ ਇਸਨੂੰ ਗੈਸਟ੍ਰੋ-ਓਈਸੋਫੇਜੀਅਲ ਰੀਫਲਕਸ ਡਿਜ਼ੀਜ਼ ਜਾਂ ਜੀਓਆਰਡੀ ਕਿਹਾ ਜਾਂਦਾ ਹੈ।

ਐਸਿਡ ਰੀਫਲਕਸ ਦੇ ਸਭ ਤੋਂ ਆਮ ਪਛਾਣੇ ਜਾ ਸਕਣ ਵਾਲੇ ਲੱਛਣ ਹਨ, ਛਾਤੀ ਵਿੱਚ ਜਲਨ ਅਤੇ ਮੂੰਹ ਵਿੱਚ ਖੱਟਾ ਜਾਂ ਕੌੜਾ ਸਵਾਦ। ਪੇਟ ਦਾ ਐਸਿਡ ਉੱਪਰ ਆਉਣ ਨਾਲ ਗਲ਼ੇ ਜਾਂ ਮੂੰਹ ਵਿੱਚ ਜਲਨ, ਚੁਭਨ ਜਾਂ ਅਸਹਿਜ ਮਹਿਸੂਸ ਹੋ ਸਕਦਾ ਹੈ।

ਕੁਝ ਲੋਕਾਂ ਨੂੰ ਵਾਰ-ਵਾਰ ਹਿਚਕੀ ਆਉਣ ਲੱਗਦੀ ਹੈ, ਖੰਘ ਉੱਠਦੀ ਹੈ, ਸਾਹ ਵਿੱਚ ਘਰਘਰਾਹਟ, ਮੂੰਹ ਦੀ ਬਦਬੂ, ਪੇਟ ਫੁੱਲਿਆ ਮਹਿਸੂਸ ਹੋਣਾ ਜਾਂ ਮਤਲੀ ਵਰਗੇ ਲੱਛਣ ਵੀ ਹੁੰਦੇ ਹਨ।

ਇਹ ਲੱਛਣ ਅਕਸਰ ਖਾਣ ਤੋਂ ਬਾਅਦ ਵਧ ਜਾਂਦੇ ਹਨ। ਖ਼ਾਸ ਕਰਕੇ ਜਦੋਂ ਤੁਸੀਂ ਖਾਣ ਤੋਂ ਤੁਰੰਤ ਬਾਅਦ ਲੇਟ ਜਾਂਦੇ ਹੋ, ਸੌਂ ਜਾਂਦੇ ਹੋ ਜਾਂ ਝੁਕ ਕੇ ਕੰਮ ਕਰਦੇ ਹੋ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਥਿਤੀਆਂ ਵਿੱਚ ਪੇਟ ਦਾ ਐਸਿਡ ਉੱਪਰ ਚੜ੍ਹ ਆਉਂਦਾ ਹੈ।

ਡਾਕਟਰ ਦੀ ਟਿੱਪਣੀ

ਐਸਿਡ ਰੀਫਲਕਸ ਦੇ ਕਈ ਕਾਰਨ ਹੋ ਸਕਦੇ ਹਨ। ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ, ਜਿਵੇਂ ਕੌਫੀ, ਮਸਾਲੇਦਾਰ ਜਾਂ ਤੇਲ ਵਾਲੀਆਂ ਚੀਜ਼ਾਂ, ਚਾਕਲੇਟ ਅਤੇ ਸ਼ਰਾਬ ਕਾਰਨ ਇਹ ਦਿੱਕਤ ਹੋ ਸਕਦੀ ਹੈ।

ਭਾਰ ਵਧਣਾ, ਤੰਬਾਕੂਨੋਸ਼ੀ, ਤਣਾਅ ਅਤੇ ਗਰਭਾਵਸਥਾ ਦੌਰਾਨ ਪੇਟ ਵਿੱਚ ਦਬਾਅ ਵਧਦਾ ਹੈ, ਜਿਸ ਨਾਲ ਐਸਿਡ ਰੀਫਲਕਸ ਦਾ ਖ਼ਤਰਾ ਵਧ ਜਾਂਦਾ ਹੈ। ਕਈ ਵਾਰ ਪ੍ਰੋਗੈਸਟਰੋਨ ਅਤੇ ਇਸਟਰੋਜਨ ਵਰਗੇ ਹਾਰਮੋਨ ਵੀ ਅਸਰ ਪਾਉਂਦੇ ਹਨ।

ਕੁਝ ਦਵਾਈਆਂ (ਜਿਵੇਂ ਕਿ ਸੋਜਸ਼ ਨੂੰ ਘਟਾਉਣ ਵਾਲੀ ਬੂਪ੍ਰੋਫੈਨ ਆਦਿ) ਕਾਰਨ ਵੀ ਪੇਟ ਦੀ ਅੰਦਰੂਨੀ ਪਰਤ ਨੂੰ ਅਸਹਿਜ ਮਹਿਸੂਸ ਹੋ ਸਕਦਾ ਹੈ ਅਤੇ ਐਸਿਡ ਰੀਫਲਕਸ ਵਧ ਸਕਦਾ ਹੈ।

ਹਾਇਟਸ ਹਰਨੀਆ, ਜਿਸ ਵਿੱਚ ਪੇਟ ਦਾ ਉੱਪਰਲਾ ਹਿੱਸਾ ਛਾਤੀ ਵਾਲੇ ਪਾਸੇ ਚੜ੍ਹ ਜਾਂਦਾ ਹੈ, ਵੀ ਸਮੱਸਿਆ ਪੈਦਾ ਕਰ ਸਕਦਾ ਹੈ। ਪੇਟ ਦੇ ਅਲਸਰ ਜਾਂ ਪੇਟ ਸਬੰਧੀ ਲਾਗ (H. pylori) ਵੀ ਐਸਿਡ ਦੇ ਸੰਤੁਲਨ ਨੂੰ ਖ਼ਰਾਬ ਕਰ ਸਕਦੇ ਹਨ।

ਆਮ ਤੌਰ 'ਤੇ, ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਕੇ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।

ਪਰ ਜੇ ਲੱਛਣ ਲਗਾਤਾਰ ਅਤੇ ਗੰਭੀਰ ਹੋਣ ਤਾਂ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਬਿਨਾਂ ਇਲਾਜ ਦੇ ਪੇਟ ਦਾ ਐਸਿਡ ਭਜਨ-ਨਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ-

ਜੀਈਆਰਡੀ ਅਤੇ ਐਸਿਡਿਟੀ ਵਿੱਚ ਕੀ ਫਰਕ

ਜੀਈਆਰਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਮੁਤਾਬਕ ਵਾਰ-ਵਾਰ ਹੋਣ ਵਾਲਾ ਐਸਿਡ ਰੀਫਲਕਸ ਭੋਜਨ ਨਲੀ ਵਿੱਚ ਸੋਜ ਜਾਂ ਅਸਹਿਜਤਾ ਪੈਦਾ ਕਰਦਾ ਹੈ

ਹਾਲਾਂਕਿ, ਜੇ ਐਸਿਡਿਟੀ ਅਕਸਰ ਹੀ ਰਹਿੰਦੀ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਡਾਕਟਰੀ ਜਾਂਚ ਅਤੇ ਸਲਾਹ ਅਨੁਸਾਰ ਇਲਾਜ ਲੈਣਾ ਜ਼ਰੂਰੀ ਹੁੰਦਾ ਹੈ।

ਇਸ ਲਈ ਕਈ ਵਾਰ ਵਧੇਰੇ ਜਾਂਚਾਂ ਅਤੇ ਟੈਸਟਾਂ ਦੀ ਲੋੜ ਪੈਂਦੀ ਹੈ।

ਅਸੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਗੈਸਟ੍ਰੋਐਂਟਰੋਲੋਜਿਸਟ ਡਾਕਟਰ ਦੱਤਾਤ੍ਰਯ ਸਾਲੁੰਖੇ ਨੂੰ ਇਸ ਬਾਰੇ ਪੁੱਛਿਆ ਕਿ ਜੀਈਆਰਡੀ ਅਤੇ ਐਸਿਡਿਟੀ ਵਿੱਚ ਕੀ ਫਰਕ ਹੈ।

ਡਾਕਟਰ ਸਾਲੁੰਖੇ ਨੇ ਦੱਸਿਆ, "ਜੀਈਆਰਡੀ ਜਾਂ ਗੈਸਟ੍ਰੋਇਸੋਫੇਜੀਅਲ ਰੀਫਲਕਸ ਡਿਜ਼ੀਜ਼ ਬਿਮਾਰੀ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ, ਜਿਸ ਵਿੱਚ ਪੇਟ ਦਾ ਐਸਿਡ ਵਾਰ-ਵਾਰ ਭੋਜਨ ਨਲੀ ਵਿੱਚ ਆ ਜਾਂਦਾ ਹੈ। ਇਹ ਹਾਲਤ ਉਸ ਸਮੇਂ ਹੁੰਦੀ ਹੈ ਜਦੋਂ ਭੋਜਨ ਨਲੀ ਦੇ ਹੇਠਲੇ ਹਿੱਸੇ 'ਤੇ ਮੌਜੂਦ ਵਾਲਵ, ਜਿਸ ਨੂੰ ਲੋਅਰ ਇਸੋਫੇਜੀਅਲ ਸਫਿੰਕਟਰ ਕਿਹਾ ਜਾਂਦਾ ਹੈ, ਕਮਜ਼ੋਰ ਜਾਂ ਢਿੱਲਾ ਹੋ ਜਾਂਦਾ ਹੈ।

ਇਹ ਮੁੜ ਮੁੜ ਹੋਣ ਵਾਲਾ ਐਸਿਡ ਰੀਫਲਕਸ ਭੋਜਨ ਨਲੀ ਵਿੱਚ ਸੋਜ ਜਾਂ ਅਸਹਿਜਤਾ ਪੈਦਾ ਕਰਦਾ ਹੈ ਅਤੇ ਛਾਤੀ ਵਿੱਚ ਜਲਨ, ਖੱਟੀਆਂ ਡਕਾਰਾਂ, ਛਾਤੀ ਵਿੱਚ ਅਸਹਿਜਤਾ, ਖੰਘ ਅਤੇ ਆਵਾਜ਼ ਵਿੱਚ ਬਦਲਾਅ ਵਰਗੇ ਲੱਛਣ ਪੈਦਾ ਕਰਦਾ ਹੈ।

"ਜ਼ਿਆਦਾ ਖਾਣਾ ਖਾਣ ਤੋਂ ਬਾਅਦ ਕਦੇ-ਕਦੇ ਹੋਣ ਵਾਲੀ ਛਾਤੀ ਦੀ ਜਲਨ ਆਮ ਗੱਲ ਹੈ ਅਤੇ ਆਮ ਤੌਰ 'ਤੇ ਜ਼ਿਆਦਾ ਪਰੇਸ਼ਾਨ ਨਹੀਂ ਕਰਦੀ, ਪਰ ਜੀਈਆਰਡੀ ਵਿੱਚ ਇਹ ਲੱਛਣ ਲਗਾਤਾਰ ਜਾਂ ਘੱਟੋ-ਘੱਟ ਹਫ਼ਤੇ ਵਿੱਚ ਦੋ ਵਾਰ ਗੰਭੀਰ ਰੂਪ ਵਿੱਚ ਪੇਸ਼ ਆਉਂਦੇ ਹਨ। ਇਹ ਨੀਂਦ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਰੋਜ਼ਾਨਾ ਦੇ ਕੰਮਕਾਜ ਨੂੰ ਵੀ।"

ਡਾਕਟਰ ਸਾਲੁੰਖੇ ਕਹਿੰਦੇ ਹਨ, "ਜ਼ਿਆਦਾ ਖਾਣ ਜਾਂ ਭਾਰੀ, ਮਸਾਲੇਦਾਰ ਭੋਜਨ ਨਾਲ ਹੋਣ ਵਾਲੀ ਐਸਿਡਿਟੀ ਸਧਾਰਣ ਐਂਟਾਸਿਡ ਨਾਲ ਘੱਟ ਹੋ ਜਾਂਦੀ ਹੈ ਅਤੇ ਲਗਾਤਾਰ ਮੁੜ-ਮੁੜ ਨਹੀਂ ਹੁੰਦੀ। ਦੂਜੇ ਪਾਸੇ, ਜੀਈਆਰਡੀ ਵਿੱਚ ਲੱਛਣ ਘੱਟੋ-ਘੱਟ ਹਫ਼ਤੇ ਵਿੱਚ ਦੋ ਵਾਰ ਹੁੰਦੇ ਹਨ।"

ਐਸਿਡ ਰੀਫਲਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਉਸਮਾਨ ਮਾਪਕਰ ਵੀ ਕਹਿੰਦੇ ਹਨ ਕਿ ਜੀਵਨਸ਼ੈਲੀ ਵਿੱਚ ਤਬਦੀਲੀ ਇਸ ਬਿਮਾਰੀ ਦਾ ਇੱਕ ਮੁੱਖ ਕਾਰਕ ਹੈ।

ਇਹ ਲੱਛਣ ਅਕਸਰ ਰਾਤ ਨੂੰ ਹੁੰਦੇ ਹਨ, ਇਨ੍ਹਾਂ ਨਾਲ ਨੀਂਦ ਖੁੱਲ੍ਹ ਸਕਦੀ ਹੀ ਅਤੇ ਨਿਗਲਣ ਵਿੱਚ ਮੁਸ਼ਕਲ, ਕੰਮ ਕਰਨ ਦੀ ਸਮਰੱਥਾ ਘਟਣਾ ਜਾਂ ਭੁੱਖ ਘਟਣ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।

ਉਹ ਕਹਿੰਦੇ ਹਨ ਕਿ "ਜੇ ਤੁਹਾਨੂੰ ਵਜ਼ਨ ਘਟਣਾ, ਵਾਰ-ਵਾਰ ਉਲਟੀ ਆਉਣਾ, ਕਾਲ਼ੇ ਰੰਗ ਦਾ ਮਲ ਜਾਂ ਲਗਾਤਾਰ ਛਾਤੀ 'ਚ ਦਰਦ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।"

ਆਰੋਗਿਆਧਾਮ ਨਰਸਿੰਗ ਹੋਮ, ਨੇਰੂਲ, ਨਵੀ ਮੁੰਬਈ ਦੇ ਡਾਕਟਰ ਉਸਮਾਨ ਮਾਪਕਰ ਵੀ ਕਹਿੰਦੇ ਹਨ ਕਿ ਜੀਵਨਸ਼ੈਲੀ ਵਿੱਚ ਤਬਦੀਲੀ ਇਸ ਬਿਮਾਰੀ ਦਾ ਇੱਕ ਮੁੱਖ ਕਾਰਕ ਹੈ।

ਉਨ੍ਹਾਂ ਅਨੁਸਾਰ, "ਆਧੁਨਿਕ ਜੀਵਨਸ਼ੈਲੀ, ਤਣਾਅ ਭਰੀ ਜ਼ਿੰਦਗੀ ਅਤੇ ਖੁਰਾਕ ਵਿੱਚ ਹੋ ਰਹੀਆਂ ਤਬਦੀਲੀਆਂ ਕਾਰਨ ਭਾਰਤ ਵਿੱਚ ਜੀਈਆਰਡੀ ਦੇ ਮਾਮਲੇ ਵਧ ਰਹੇ ਹਨ।"

"ਤੇਲ ਵਾਲੇ, ਮਸਾਲੇਦਾਰ ਅਤੇ ਪ੍ਰੋਸੈਸਡ ਖਾਣੇ, ਮੋਟਾਪਾ, ਬੈਠਕ ਵਾਲੀ ਜੀਵਨਸ਼ੈਲੀ ਅਤੇ ਦੇਰ ਰਾਤ ਤੱਕ ਜਾਗਣਾ ਇਸ ਵਿੱਚ ਯੋਗਦਾਨ ਪਾ ਰਹੇ ਹਨ। ਉਹ ਕਹਿੰਦੇ ਹਨ ਕਿ ਤੰਮਾਕੂਨੋਸ਼ੀ, ਸ਼ਰਾਬ ਅਤੇ ਕੁਝ ਦਰਦ-ਨਿਵਾਰਕ ਦਵਾਈਆਂ ਵੀ ਇਸ ਨੂੰ ਵਧਾ ਰਹੀਆਂ ਹਨ।"

ਕੀ ਇਸ ਬਿਮਾਰੀ ਲਈ ਸਰਜਰੀ ਦੀ ਲੋੜ ਪੈਂਦੀ ਹੈ?

ਜੀਵਨਸ਼ੈਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋ ਲੋਕ ਜੀਵਨਸ਼ੈਲੀ ਨਹੀਂ ਬਦਲ ਸਕਦੇ ਉਨ੍ਹਾਂ ਕੁਝ ਕੇਸਾਂ ਵਿੱਚ ਡਾਕਟਰ ਸਰਜਰੀ ਦੀ ਸਲਾਹ ਵੀ ਦਿੰਦੇ ਹਨ (ਸੰਕੇਤਕ ਤਸਵੀਰ)

ਡਾਕਟਰ ਉਸਮਾਨ ਮਾਪਕਰ ਕਹਿੰਦੇ ਹਨ, "ਕੁਝ ਲੋਕਾਂ ਵਿੱਚ ਜੀਈਆਰਡੀ ਕਾਰਨ ਮੁਸ਼ਕਿਲ ਸਿਹਤ ਸਮੱਸਿਆਵਾਂ ਵਿਕਸਿਤ ਹੋ ਸਕਦੀਆਂ ਹਨ, ਭਾਵੇਂ ਉਨ੍ਹਾਂ ਵਿੱਚ ਖ਼ਾਸ ਲੱਛਣ ਨਜ਼ਰ ਨਾ ਵੀ ਆਉਣ।"

"ਉਨ੍ਹਾਂ ਵਿੱਚ ਭੋਜਨ ਨਲੀ ਨਾਲ ਸੰਬੰਧਿਤ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ ਭੋਜਨ ਨਲੀ ਤੰਗ ਹੋ ਸਕਦੀ ਹੈ, ਬੈਰਟਜ਼ ਇਸੋਫੇਗਸ ਹੋ ਸਕਦਾ ਹੈ ਜਾਂ ਇੱਥੋਂ ਤੱਕ ਕਿ ਕੈਂਸਰ ਦਾ ਵੀ ਜੋਖਮ ਵਧ ਸਕਦਾ ਹੈ।"

ਅਸੀਂ ਡਾਕਟਰ ਦੱਤਾਤ੍ਰਯ ਸਾਲੁੰਖੇ ਤੋਂ ਪੁੱਛਿਆ ਕਿ ਕੀ ਇਸ ਬਿਮਾਰੀ ਲਈ ਸਰਜਰੀ ਦੀ ਲੋੜ ਪੈਂਦੀ ਹੈ।

ਉਨ੍ਹਾਂ ਕਿਹਾ, "ਸਰਜਰੀ ਉਨ੍ਹਾਂ ਮਰੀਜ਼ਾਂ ਲਈ ਇੱਕ ਵਿਕਲਪ ਹੈ ਜਿਨ੍ਹਾਂ ਨੂੰ ਦਵਾਈਆਂ ਬਹੁਤ ਫਾਇਦਾ ਨਹੀਂ ਨਜ਼ਰ ਆਉਂਦਾ ਜਾਂ ਜੋ ਢੁੱਕਵੀਆਂ ਜੀਵਨਸ਼ੈਲੀ ਤਬਦੀਲੀਆਂ ਨਹੀਂ ਕਰ ਸਕਦੇ ਅਤੇ ਉਨ੍ਹਾਂ ਲਈ ਵੀ ਜੋ ਲੰਬੇ ਸਮੇਂ ਤੱਕ ਦਵਾਈਆਂ ਲੈਣ ਤੋਂ ਬਚਣਾ ਚਾਹੁੰਦੇ ਹਨ।"

"ਉਹ ਮਰੀਜ਼ ਜੋ ਦਵਾਈਆਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਕੇ ਪੂਰੀ ਤਰ੍ਹਾਂ ਲਾਭ ਨਹੀਂ ਲੈਂਦੇ, ਜਾਂ ਜੋ ਲੰਬੇ ਸਮੇਂ ਦੀ ਦਵਾਈ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਸਰਜਰੀ ਇੱਕ ਵਿਕਲਪ ਹੋ ਸਕਦੀ ਹੈ।"

"ਲੈਪਾਰੋਸਕੋਪਿਕ ਫੰਡੋਪਲਿਕੇਸ਼ਨ ਜਾਂ ਮਿਨਿਮਲ ਇਨਵੇਸਿਵ ਐਂਡੋਸਕੋਪਿਕ ਤਕਨੀਕਾਂ ਭੋਜਨ ਨਲੀ ਦੇ ਹੇਠਲੇ ਸਫਿੰਕਟਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀਆਂ ਹਨ।"

"ਸਰਜਰੀ ਦੀ ਸਿਫ਼ਾਰਸ਼ ਸਿਰਫ਼ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਐਂਡੋਸਕੋਪੀ ਜਾਂ pH ਮਾਨੀਟਰਿੰਗ ਵਰਗੀਆਂ ਜਾਂਚਾਂ ਰਾਹੀਂ ਇਲਾਜ ਦੀ ਪੁਸ਼ਟੀ ਹੋ ਜਾਵੇ।"

ਜੇ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕੋਈ ਵੱਡੀ ਤਬਦੀਲੀ ਚਾਹੁੰਦੇ ਹੋ ਜਿਵੇਂ ਕਿ ਖੁਰਾਕ, ਇਲਾਜ, ਦਵਾਈ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਆਦਿ ਤਾਂ ਡਾਕਟਰ ਅਤੇ ਯੋਗ ਟ੍ਰੇਨਰ ਦੀ ਮਦਦ ਲੈਣਾ ਬਹੁਤ ਜ਼ਰੂਰੀ ਹੈ।

ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਢੰਗ ਨਾਲ ਡਾਕਟਰੀ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਦੇ ਅਧਾਰ 'ਤੇ ਹੀ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰੋ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)