ਸ਼ੂਗਰ ਘਟਾਉਣ ਵਾਲੀਆਂ ਦਵਾਈਆਂ ਕਿਵੇਂ ਭਾਰ ਘੱਟ ਕਰਨ ਲਈ ਵਰਤੀਆਂ ਜਾ ਰਹੀਆਂ ਤੇ ਇਹ ਕੰਮ ਕਿਵੇਂ ਕਰਦੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਭਾਰਤ ਵਿੱਚ ਡੈਨਮਾਰਕ ਦੀ ਦਵਾਈ ਨਿਰਮਾਤਾ ਕੰਪਨੀ ਨੋਵੋ ਨੌਰਡਿਸਕ ਨੇ ਆਪਣੀ ਮਸ਼ਹੂਰ ਦਵਾਈ ਓਜ਼ੈਂਪਿਕ ਲਾਂਚ ਕੀਤੀ ਹੈ।
ਇਹ ਦਵਾਈ ਅਸਲ ਵਿੱਚ ਟਾਈਪ-2 ਸ਼ੂਗਰ (ਡਾਇਬੀਟੀਜ਼) ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ, ਪਰ ਇਸ ਦੇ ਇਸਤੇਮਾਲ ਨਾਲ ਭਾਰ ਘਟਣ ਦੇ ਪ੍ਰਭਾਵ ਕਾਰਨ ਦੁਨੀਆ ਭਰ ਵਿੱਚ ਇਸ ਦੀ ਚਰਚਾ ਹੋ ਰਹੀ ਹੈ।
ਸਾਲ 2023 ਵਿੱਚ 'ਦਿ ਲੈਂਸੇਟ ਡਾਇਬੀਟੀਜ਼ ਐਂਡ ਐਂਡੋਕਰੀਨੋਲੋਜੀ' ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਭਾਰਤ ਵਿੱਚ ਲਗਭਗ 10 ਕਰੋੜ 10 ਲੱਖ ਲੋਕਾਂ ਨੂੰ ਸ਼ੂਗਰ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਟਾਈਪ-2 ਸ਼ੂਗਰ ਦੇ ਹਨ ਜੋ ਤੇਜ਼ੀ ਨਾਲ ਵੱਧ ਰਹੇ ਹਨ।
ਕੇਂਦਰ ਸਰਕਾਰ ਦਾ ਸਿਹਤ ਮੰਤਰਾਲਾ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਜਾਗਰੂਕਤਾ ਫੈਲਾਉਣ ਦਾ ਦਾਅਵਾ ਕਰਦਾ ਹੈ, ਪਰ ਡਾਇਬੀਟੀਜ਼ ਇੱਕ ਵੱਡੀ ਜ਼ਮੀਨੀ ਚੁਣੌਤੀ ਬਣੀ ਹੋਈ ਹੈ।
ਸ਼ੂਗਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਨਵੀਂਆਂ ਦਵਾਈਆਂ (ਖਾਸ ਤੌਰ 'ਤੇ ਜੀਐਲਪੀ-1 ਅਧਾਰਿਤ) ਹੁਣ 'ਫੈਟ ਲੋਸ ਡਰੱਗਜ਼' ਵਜੋਂ ਵੀ ਚਰਚਾ ਵਿੱਚ ਹਨ।
ਦਰਅਸਲ, ਜੀਐਲਪੀ-1 ਇੱਕ ਕੁਦਰਤੀ ਹਾਰਮੋਨ ਹੈ ਜੋ ਆਂਦਰਾਂ ਵਿੱਚੋਂ ਨਿਕਲਦਾ ਹੈ ਅਤੇ ਇੰਸੁਲਿਨ ਦੇ ਰਿਸਾਅ ਨੂੰ ਵਧਾ ਕੇ ਪਾਚਨ ਨੂੰ ਹੌਲੀ ਕਰਕੇ ਅਤੇ ਭੁੱਖ ਘਟਾ ਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਅੱਜਕੱਲ੍ਹ ਇਹ ਦਵਾਈਆਂ ਟਾਈਪ-2 ਸ਼ੂਗਰ ਅਤੇ ਭਾਰ ਘਟਾਉਣ (ਮੋਟਾਪੇ) ਦੇ ਇਲਾਜ ਲਈ ਇੰਜੈਕਸ਼ਨ ਜਾਂ ਗੋਲੀ ਦੇ ਰੂਪ ਵਿੱਚ ਪ੍ਰਸਿੱਧ ਹੋ ਰਹੀਆਂ ਹਨ।
ਇਹ ਦਵਾਈਆਂ ਕੀ ਹਨ ਕਿਵੇਂ ਕੰਮ ਕਰਦੀਆਂ ਹਨ, ਇਨ੍ਹਾਂ ਦੇ ਫਾਇਦੇ ਅਤੇ ਜੋਖਮ ਕੀ ਹਨ? ਬੀਬੀਸੀ ਨੇ ਸਿਹਤ ਖੇਤਰ ਦੇ ਮਾਹਰਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਭਾਰਤ ਵਿੱਚ ਟਾਈਪ-2 ਡਾਇਬੀਟੀਜ਼

ਤਸਵੀਰ ਸਰੋਤ, Getty Images
ਫੋਰਟਿਸ-ਸੀ-ਡੌਕ ਸੈਂਟਰ ਆਫ਼ ਐਕਸੀਲੈਂਸ ਫਾਰ ਡਾਇਬੀਟੀਜ਼ ਦੇ ਪ੍ਰਧਾਨ ਡਾਕਟਰ ਅਨੂਪ ਮਿਸ਼ਰਾ ਕਹਿੰਦੇ ਹਨ, "ਭਾਰਤ ਵਿੱਚ ਟਾਈਪ-2 ਡਾਇਬੀਟੀਜ਼ ਦਾ ਵਧਦਾ ਬੋਝ ਇੱਕ ਤਰ੍ਹਾਂ ਨਾਲ ਪਬਲਿਕ ਹੈਲਥ ਐਮਰਜੈਂਸੀ ਹੈ।"
ਉਹ ਕਹਿੰਦੇ ਹਨ, "ਸ਼ਹਿਰੀਕਰਨ, ਸੁਸਤ ਜੀਵਨ ਸ਼ੈਲੀ, ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਖਾਣ-ਪੀਣ, ਜੈਨੇਟਿਕ ਕਾਰਨਾਂ ਦੇ ਨਾਲ-ਨਾਲ ਤਣਾਅ ਅਤੇ ਪ੍ਰਦੂਸ਼ਣ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। '10 ਮਿੰਟਾਂ ਵਿੱਚ ਫਾਸਟ ਫੂਡ ਡਿਲੀਵਰੀ' ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਹੁਣ 20 ਸਾਲ ਦੀ ਉਮਰ ਦੇ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਹਨ।"
ਡਾਕਟਰ ਮਿਸ਼ਰਾ ਦੇ ਅਨੁਸਾਰ, "ਭਾਰਤੀਆਂ ਵਿੱਚ ਡਾਇਬੀਟੀਜ਼ ਪੱਛਮੀ ਦੇਸ਼ਾਂ ਦੇ ਮੁਕਾਬਲੇ ਘੱਟ ਉਮਰ ਅਤੇ ਘੱਟ ਭਾਰ 'ਤੇ ਹੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿੱਚ ਇਲਾਜ ਦੇ ਨਾਲ-ਨਾਲ ਬਚਾਅ 'ਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ।"
ਮੈਕਸ ਹੈਲਥਕੇਅਰ ਵਿੱਚ ਐਂਡੋਕਰੀਨੋਲੋਜੀ ਅਤੇ ਡਾਇਬੀਟੀਜ਼ ਵਿਭਾਗ ਦੇ ਚੇਅਰਮੈਨ ਡਾਕਟਰ ਅੰਬਰੀਸ਼ ਮਿੱਤਲ ਟਾਈਪ-2 ਡਾਇਬੀਟੀਜ਼ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਸੰਦਰਭ ਵਿੱਚ ਕਹਿੰਦੇ ਹਨ, "ਜਿਹੜੀਆਂ ਨਵੀਆਂ ਦਵਾਈਆਂ ਆਈਆਂ ਹਨ ਜਿਵੇਂ ਕਿ ਸੇਮਾਗਲੂਟਾਈਡ (ਓਜ਼ੈਂਪਿਕ/ਵੇਗੋਵੀ) ਅਤੇ ਤਿਰਜ਼ੇਪਾਟਾਈਡ (ਮਾਊਂਜਾਰੋ), ਇਨ੍ਹਾਂ ਦਾ ਭਾਰ ਘਟਾਉਣ ਵਿੱਚ ਕਾਫ਼ੀ ਪ੍ਰਭਾਵ ਦਿਖ ਰਿਹਾ ਹੈ। ਦਰਅਸਲ ਇਹ ਦਵਾਈਆਂ ਨਾ ਸਿਰਫ਼ ਸ਼ੂਗਰ ਕੰਟਰੋਲ ਕਰਦੀਆਂ ਹਨ, ਸਗੋਂ ਭੁੱਖ ਘਟਾ ਕੇ ਪੇਟ ਦੇ ਜਲਦੀ ਭਰੇ ਹੋਣ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ। ਇਸ ਨਾਲ ਭਾਰ 15 ਤੋਂ 20 ਫੀਸਦੀ ਤੱਕ ਘਟ ਸਕਦਾ ਹੈ।"
ਦਸੰਬਰ 2025 ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੋਟਾਪੇ ਦੇ ਇਲਾਜ ਲਈ ਜੀਐਲਪੀ-1 ਦਵਾਈਆਂ ਦੀ ਵਰਤੋਂ ਬਾਰੇ ਪਹਿਲੀ ਗਲੋਬਲ ਗਾਈਡਲਾਈਨ ਜਾਰੀ ਕੀਤੀ ਹੈ। ਡਬਲਯੂਐਚਓ ਨੇ ਮੋਟਾਪੇ ਨੂੰ ਇੱਕ ਪੁਰਾਣੀ ਅਤੇ ਵਾਰ-ਵਾਰ ਹੋਣ ਵਾਲੀ ਬਿਮਾਰੀ ਮੰਨਿਆ ਹੈ।
ਡਬਲਯੂਐਚਓ ਦੇ ਅਨੁਸਾਰ, "ਜੀਐਲਪੀ-1 ਦਵਾਈਆਂ ਦੀ ਵਰਤੋਂ ਬਾਲਗਾਂ ਵਿੱਚ ਮੋਟਾਪੇ ਦੇ ਲੰਬੇ ਸਮੇਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਨੂੰ ਸਿਹਤਮੰਦ ਖੁਰਾਕ, ਨਿਯਮਤ ਕਸਰਤ ਅਤੇ ਡਾਕਟਰ ਦੀ ਨਿਗਰਾਨੀ ਹੇਠ ਹੀ ਵਰਤਿਆ ਜਾਣਾ ਚਾਹੀਦਾ ਹੈ।"
ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਗੈਬਰੇਅਸਸ ਕਹਿੰਦੇ ਹਨ, "ਸਿਰਫ਼ ਦਵਾਈਆਂ ਨਾਲ ਇਹ ਵਿਸ਼ਵਵਿਆਪੀ ਸਿਹਤ ਸੰਕਟ ਖ਼ਤਮ ਨਹੀਂ ਹੋਵੇਗਾ ਪਰ ਜੀਐਲਪੀ-1 ਦਵਾਈਆਂ ਲੱਖਾਂ ਲੋਕਾਂ ਨੂੰ ਮੋਟਾਪੇ ਨਾਲ ਲੜਨ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੀਆਂ ਹਨ।"
ਫੈਟ ਲੋਸ ਡਰੱਗਜ਼ ਕੀ ਹਨ ਤੇ ਕਿਵੇਂ ਕੰਮ ਕਰਦੇ ਹਨ

ਤਸਵੀਰ ਸਰੋਤ, Getty Images
ਡਾਕਟਰ ਅੰਬਰੀਸ਼ ਮਿੱਤਲ ਦੱਸਦੇ ਹਨ, "ਸਾਡੇ ਸਰੀਰ ਵਿੱਚ ਇੱਕ ਕੁਦਰਤੀ ਹਾਰਮੋਨ ਜੀਐਲਪੀ-1 ਹੁੰਦਾ ਹੈ । ਇਹ ਖਾਣਾ ਖਾਣ 'ਤੇ ਆਂਦਰਾਂ ਵਿੱਚੋਂ ਨਿਕਲਦਾ ਹੈ, ਭੁੱਖ ਨੂੰ ਕੰਟਰੋਲ ਕਰਦਾ ਹੈ, ਪੇਟ ਨੂੰ ਹੌਲੀ-ਹੌਲੀ ਖਾਲੀ ਹੋਣ ਦਿੰਦਾ ਹੈ ਅਤੇ ਇੰਸੁਲਿਨ ਦੇ ਜ਼ਰੀਏ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।"
ਉਹ ਕਹਿੰਦੇ ਹਨ, "ਇਹ ਦਵਾਈਆਂ ਅਮਰੀਕਾ ਦੀ ਐਫਡੀਏ ਅਤੇ ਯੂਰਪ ਦੀਆਂ ਸਿਹਤ ਏਜੰਸੀਆਂ ਤੋਂ ਮੋਟਾਪੇ ਦੇ ਇਲਾਜ ਲਈ ਵੀ ਮਨਜ਼ੂਰੀ ਹਾਸਲ ਕਰ ਚੁੱਕੀਆਂ ਹਨ। ਆਮ ਤੌਰ 'ਤੇ ਡਾਕਟਰ ਦੀ ਸਲਾਹ ਤੋਂ ਬਾਅਦ ਇਹ ਉਨ੍ਹਾਂ ਲੋਕਾਂ ਲਈ ਸੁਝਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਬੀਐਮਆਈ 30 ਜਾਂ ਉਸ ਤੋਂ ਉੱਪਰ ਹੈ, ਜਾਂ ਜਿਨ੍ਹਾਂ ਵਿੱਚ ਜੀਵਨ ਸ਼ੈਲੀ ਬਦਲਣ ਦੇ ਬਾਵਜੂਦ ਲੋੜੀਂਦਾ ਸੁਧਾਰ ਨਹੀਂ ਹੋਇਆ ਹੈ।"
ਇਨ੍ਹਾਂ ਦਵਾਈਆਂ ਨਾਲ ਸਿਰਫ਼ ਭਾਰ ਹੀ ਨਹੀਂ, ਸਗੋਂ ਸਿਹਤ ਵਿੱਚ ਵੀ ਸੁਧਾਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਡਾਕਟਰ ਮਿੱਤਲ ਮੰਨਦੇ ਹਨ ਕਿ ਇਨ੍ਹਾਂ ਦਵਾਈਆਂ ਨੂੰ 'ਕਾਸਮੈਟਿਕ' ਸਮਝਣਾ ਗ਼ਲਤ ਹੈ। ਉਹ ਕਹਿੰਦੇ ਹਨ ਕਿ ਮੋਟਾਪਾ ਆਪਣੇ ਆਪ ਵਿੱਚ ਇੱਕ ਗੰਭੀਰ ਬਿਮਾਰੀ ਹੈ, ਜੋ ਡਾਇਬੀਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ।
ਡਾਕਟਰ ਅੰਬਰੀਸ਼ ਮਿੱਤਲ ਦੇ ਮੁਤਾਬਕ, ਇਨ੍ਹਾਂ ਦਵਾਈਆਂ ਦੇ ਸੰਭਾਵਿਤ ਫਾਇਦੇ ਹਨ, ਜਿਵੇਂ ਟਾਈਪ-2 ਡਾਇਬੀਟੀਜ਼ 'ਤੇ ਬਿਹਤਰ ਕੰਟਰੋਲ, ਭਾਰ ਘਟਣ ਨਾਲ ਕਈ ਬਿਮਾਰੀਆਂ ਦਾ ਜੋਖਮ ਘੱਟ ਹੋਣਾ, ਹਾਰਟ ਅਟੈਕ ਜਾਂ ਸਟ੍ਰੋਕ ਦਾ ਖ਼ਤਰਾ 20% ਤੱਕ ਘਟ ਸਕਦਾ ਹੈ, ਫੈਟੀ ਲਿਵਰ ਵਿੱਚ ਸੁਧਾਰ, ਗੁਰਦੇ (ਕਿਡਨੀ) ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਾਅ ਵਿੱਚ ਮਦਦ।
ਭਾਰਤ ਵਿੱਚ ਜੰਕ ਫੂਡ, ਸਰੀਰਕ ਗਤੀਵਿਧੀਆਂ ਦੀ ਕਮੀ, ਤਣਾਅ ਅਤੇ ਪ੍ਰਦੂਸ਼ਣ ਕਾਰਨ ਮੋਟਾਪਾ ਅਤੇ ਡਾਇਬੀਟੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਖਾਸ ਕਰਕੇ ਪੇਟ ਦੇ ਆਲੇ-ਦੁਆਲੇ ਜਮ੍ਹਾਂ ਚਰਬੀ (ਸੈਂਟਰਲ ਓਬੇਸਿਟੀ) ਨੂੰ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ।

ਮਾੜੇ ਪ੍ਰਭਾਵ ਅਤੇ ਸਾਵਧਾਨੀਆਂ
ਡਾਕਟਰ ਮਿੱਤਲ ਇਨ੍ਹਾਂ ਦਵਾਈਆਂ ਦੇ ਸਾਈਡ ਇਫੈਕਟਸ ਬਾਰੇ ਵੀ ਚਿਤਾਵਨੀ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸ਼ੁਰੂਆਤ ਵਿੱਚ 40 ਤੋਂ 50 ਫੀਸਦੀ ਲੋਕਾਂ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਜੀ ਮਚਲਾਉਣਾ ਜਾਂ ਉਲਟੀ ਆਉਣਾ, ਐਸਿਡਿਟੀ, ਬਲੋਟਿੰਗ (ਪੇਟ ਫੁੱਲਣਾ), ਕਬਜ਼ ਜਾਂ ਦਸਤ।
ਉਹ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਤੇਜ਼ੀ ਨਾਲ ਭਾਰ ਘਟਣ ਕਾਰਨ 20-40 ਫੀਸਦੀ ਤੱਕ ਮਾਸਪੇਸ਼ੀਆਂ ਘਟ ਸਕਦੀਆਂ ਹਨ। ਇਸ ਤੋਂ ਬਚਣ ਲਈ ਲੋੜੀਂਦਾ ਪ੍ਰੋਟੀਨ ਲਓ ਅਤੇ ਸਟ੍ਰੈਂਥ ਟ੍ਰੇਨਿੰਗ (ਕਸਰਤ) ਜ਼ਰੂਰ ਕਰੋ।
ਡਾਕਟਰ ਅਨੂਪ ਮਿਸ਼ਰਾ ਦਵਾਈ ਦੀ ਵਰਤੋਂ 'ਤੇ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ, "ਇਹ ਹਰ ਕਿਸੇ ਲਈ ਨਹੀਂ ਹਨ। ਪਤਲੇ ਲੋਕ, ਟਾਈਪ-1 ਡਾਇਬੀਟੀਜ਼ ਵਾਲੇ, ਪੈਨਕ੍ਰੀਆਟਾਇਟਸ ਜਾਂ ਕੁਝ ਖਾਸ ਥਾਇਰਾਇਡ ਕੈਂਸਰ ਦੀ ਹਿਸਟਰੀ ਵਾਲੇ ਮਰੀਜ਼ਾਂ ਲਈ ਇਹ ਠੀਕ ਨਹੀਂ ਹਨ। ਭਾਰਤ ਵਿੱਚ ਇਨ੍ਹਾਂ ਦੀ ਉੱਚੀ ਕੀਮਤ ਅਤੇ ਸੀਮਤ ਉਪਲਬਧਤਾ ਵੀ ਇੱਕ ਵੱਡੀ ਚੁਣੌਤੀ ਹੈ।"
ਤਾਂ ਸਵਾਲ ਇਹ ਹੈ ਕਿ ਕੀ ਇਹ ਭਾਰ ਘਟਾਉਣ ਦਾ ਸੱਚਮੁੱਚ ਸ਼ਾਰਟਕੱਟ ਹੈ?
ਡਾਕਟਰ ਅਨੂਪ ਮਿਸ਼ਰਾ ਜੀਐਲਪੀ-1 ਦਵਾਈਆਂ ਦੀ ਭੂਮਿਕਾ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ, "ਇਹ ਦਵਾਈਆਂ ਕੁਝ ਖਾਸ ਮਰੀਜ਼ਾਂ ਜਿਵੇਂ ਕਿ ਮੋਟਾਪੇ ਤੋਂ ਪੀੜਤ, ਜਿਨ੍ਹਾਂ ਦੀ ਸ਼ੂਗਰ ਆਮ ਇਲਾਜ ਨਾਲ ਕੰਟਰੋਲ ਨਹੀਂ ਹੋ ਰਹੀ, ਜਾਂ ਜਿਨ੍ਹਾਂ ਵਿੱਚ ਦਿਲ, ਗੁਰਦੇ, ਫੈਟੀ ਲਿਵਰ ਜਾਂ ਸਲੀਪ ਐਪਨੀਆ ਦਾ ਜੋਖਮ ਜ਼ਿਆਦਾ ਹੈ, ਲਈ ਫਾਇਦੇਮੰਦ ਹੋ ਸਕਦੀਆਂ ਹਨ।"
ਉਨ੍ਹਾਂ ਦੀ ਚਿੰਤਾ ਇਹ ਵੀ ਹੈ ਕਿ ਸੋਸ਼ਲ ਮੀਡੀਆ ਅਤੇ ਦਿਖਾਵੇ ਦੇ ਦਬਾਅ ਵਿੱਚ ਲੋਕ ਇਨ੍ਹਾਂ ਨੂੰ ਭਾਰ ਘਟਾਉਣ ਦਾ ਸ਼ਾਰਟਕੱਟ ਸਮਝ ਕੇ ਬਿਨਾਂ ਮੈਡੀਕਲ ਲੋੜ ਦੇ ਇਸਤੇਮਾਲ ਕਰ ਰਹੇ ਹਨ।
ਉਹ ਯਾਦ ਦਵਾਉਂਦੇ ਹਨ, "ਸਾਡੇ ਦੇਸ਼ ਵਿੱਚ ਕੁਪੋਸ਼ਣ ਅਤੇ ਮੋਟਾਪਾ ਦੋਵੇਂ ਨਾਲ-ਨਾਲ ਹਨ। ਇਸ ਲਈ ਦਵਾਈਆਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












