ਟਾਈਪ-1 ਡਾਇਬਟੀਜ਼ ਛੋਟੀ ਉਮਰ ਦੇ ਬੱਚਿਆਂ ਨੂੰ ਕਿਉਂ ਹੁੰਦੀ ਹੈ ਤੇ ਕਿਵੇਂ ਉਨ੍ਹਾਂ ਲਈ ਖ਼ਤਰਨਾਕ ਹੋ ਜਾਂਦੀ ਹੈ

ਤਸਵੀਰ ਸਰੋਤ, Nye family
- ਲੇਖਕ, ਜੇਮਸ ਗੇਲੇਘਰ
- ਰੋਲ, ਸਿਹਰ ਅਤੇ ਵਿਗਿਆਨ ਪੱਤਰਕਾਰ
ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਛੋਟੇ ਬੱਚਿਆਂ ਵਿੱਚ ਟਾਈਪ-1 ਡਾਇਬਟੀਜ਼ ਵਧੇਰੇ ਗੰਭੀਰ ਅਤੇ ਹਮਲਾਵਰ ਕਿਉਂ ਹੁੰਦੀ ਹੈ।
ਟਾਈਪ-1 ਇਮਿਊਨ ਸਿਸਟਮ ਵੱਲੋਂ ਪੈਨਕ੍ਰੀਆਜ਼ (ਪਾਚਨ ਗ੍ਰੰਥੀ) ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਕਰਨ ਵਾਲੇ ਸੈੱਲਾਂ 'ਤੇ ਹਮਲਾ ਕਰਨ ਕਾਰਨ ਹੁੰਦੀ ਹੈ।
ਖੋਜ ਟੀਮ ਨੇ ਦਿਖਾਇਆ ਕਿ ਪੈਨਕ੍ਰੀਆਜ਼ ਬਚਪਨ ਵਿੱਚ ਵਿਕਸਤ ਹੀ ਹੋ ਰਿਹਾ ਹੁੰਦਾ ਹੈ, ਖਾਸ ਕਰਕੇ ਸੱਤ ਸਾਲ ਤੋਂ ਘੱਟ ਉਮਰ ਵਿੱਚ, ਜਿਸ ਕਰਕੇ ਨੁਕਸਾਨ ਹੋਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਤਿਆਰ ਕੀਤੀਆਂ ਦਵਾਈਆਂ ਮਰੀਜ਼ਾਂ ਨੂੰ ਪੈਨਕ੍ਰੀਆਜ਼ ਨੂੰ ਸਿਹਤਮੰਦ ਕਰਨ ਦਾ ਸਮਾਂ ਦਿੰਦੀਆਂ ਹਨ, ਜਿਸ ਨਾਲ ਬਿਮਾਰੀ ਵਿੱਚ ਦੇਰੀ ਹੋ ਸਕਦੀ ਹੈ।
ਦੋ ਕਿਸਮਾਂ ਦੀ ਸ਼ੂਗਰ

ਤਸਵੀਰ ਸਰੋਤ, Nye family
ਟਾਈਪ 1 ਡਾਇਬਟੀਜ਼ - ਇਸ ਕਿਸਮ ਵਿੱਚ ਸਰੀਰ ਦਾ ਇਮਿਊਨ ਸਿਸਟਮ ਇੰਸੁਲਿਨ ਪੈਦਾ ਕਰਨ ਵਾਲੇ ਸੈੱਲਾਂ 'ਤੇ ਹਮਲਾ ਕਰਦਾ ਹੈ।
ਟਾਈਪ 2 ਡਾਇਬਟੀਜ਼ - ਇਸ ਵਿੱਚ ਸਰੀਰ ਲੋੜੀਂਦਾ ਇੰਸੁਲਿਨ ਪੈਦਾ ਨਹੀਂ ਕਰ ਸਕਦਾ ਜਾਂ ਸਰੀਰ ਦੇ ਸੈੱਲ ਇੰਸੁਲਿਨ ਪ੍ਰਤੀ ਪ੍ਰਤੀਕਿਰਿਆ ਨਹੀਂ ਕਰਦੇ। ਇਸ ਕਿਸਮ ਦੀ ਡਾਇਬਟੀਜ਼ ਵੱਡੀ ਗਿਣਤੀ ਵਿੱਚ ਮਰੀਜ਼ਾਂ ਵਿੱਚ ਪਾਈ ਜਾਂਦੀ ਹੈ।
ਗਰਭ ਅਵਸਥਾ ਦੌਰਾਨ, ਕੁਝ ਔਰਤਾਂ ਦੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵੱਧ ਜਾਂਦੇ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੇ ਸਰੀਰ ਉਨ੍ਹਾਂ ਨੂੰ ਸੰਭਾਲਣ ਲਈ ਕਾਫ਼ੀ ਇੰਸੁਲਿਨ ਪੈਦਾ ਨਹੀਂ ਕਰ ਸਕਦੇ। ਇਸ ਨੂੰ ਗਰਭ ਅਵਸਥਾ ਸ਼ੂਗਰ ਕਿਹਾ ਜਾਂਦਾ ਹੈ।
ਬਹੁਤ ਸਾਰੇ ਲੋਕਾਂ ਵਿੱਚ ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਹੁੰਦਾ ਹੈ, ਪਰ ਇਹ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਇਸ ਨੂੰ ਸ਼ੂਗਰ ਕਿਹਾ ਜਾ ਸਕੇ। ਇਸ ਸਥਿਤੀ ਨੂੰ ਪ੍ਰੀ-ਡਾਇਬਟੀਜ਼ ਕਿਹਾ ਜਾਂਦਾ ਹੈ।
ਭੋਜਨ ਅਤੇ ਇੰਸੁਲਿਨ ਦਾ ਸਬੰਧ
ਜਦੋਂ ਭੋਜਨ ਪਚ ਜਾਂਦਾ ਹੈ, ਤਾਂ ਇਹ ਗਲੂਕੋਜ਼ ਵਿੱਚ ਬਦਲ ਜਾਂਦਾ ਹੈ ਅਤੇ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਹੈ। ਇੰਸੁਲਿਨ ਖੂਨ ਤੋਂ ਗਲੂਕੋਜ਼ ਨੂੰ ਸੈੱਲਾਂ ਵਿੱਚ ਪਹੁੰਚਾਉਂਦਾ ਹੈ, ਜਿੱਥੇ ਇਹ ਊਰਜਾ ਵਿੱਚ ਬਦਲ ਜਾਂਦਾ ਹੈ।
ਪਰ ਜੇਕਰ ਤੁਹਾਨੂੰ ਸ਼ੂਗਰ ਹੈ, ਤਾਂ ਸਰੀਰ ਗਲੂਕੋਜ਼ ਨੂੰ ਊਰਜਾ ਵਿੱਚ ਨਹੀਂ ਬਦਲ ਸਕਦਾ ਕਿਉਂਕਿ ਗਲੂਕੋਜ਼ ਨੂੰ ਲਿਜਾਣ ਲਈ ਕਾਫ਼ੀ ਇੰਸੁਲਿਨ ਨਹੀਂ ਮਿਲਦੀ ਹੈ ਜਾਂ ਇੰਸੁਲਿਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ ਹੈ।
ਮਾਹਰਾਂ ਮੁਤਾਬਕ, ਸ਼ੂਗਰ ਦੀ ਜਾਂਚ ਦਾ ਮਤਲਬ ਹੈ ਕਿ ਪੈਨਕ੍ਰੀਆਜ਼ ਦੀ ਇਨਸੁਲਿਨ ਪੈਦਾ ਕਰਨ ਦੀ ਸਮਰੱਥਾ 50 ਫ਼ੀਸਦ ਘੱਟ ਗਈ ਹੈ। ਬਾਕੀ 50 ਫ਼ੀਸਦ ਸ਼ੂਗਰ ਕੰਟਰੋਲ ਅਤੇ ਜੀਵਨ ਸ਼ੈਲੀ ਵਿੱਚ ਬਦਲਾਵਾਂ 'ਤੇ ਨਿਰਭਰ ਕਰਦਾ ਹੈ।
ਟਾਈਪ-1 ਡਾਇਬਟੀਜ਼ ਕਰਕੇ ਯੂਕੇ ਵਿੱਚ ਤਕਰੀਬਨ 4,00,000 ਲੋਕ ਪ੍ਰਭਾਵਿਤ ਹਨ।

ਮਰਸੀਸਾਈਡ ਦੇ ਰਹਿਣ ਵਾਲੇ ਅੱਠ ਸਾਲ ਦੇ ਗ੍ਰੇਸੀ, 2018 ਵਿੱਚ ਹੈਲੋਵੀਨ 'ਤੇ ਅਚਾਨਕ ਬਿਮਾਰ ਹੋ ਗਏ ਸਨ। ਇਹ ਥੋੜ੍ਹੇ ਜਿਹੀ ਜ਼ੁਕਾਮ ਦੇ ਰੂਪ ਵਿੱਚ ਸ਼ੁਰੂ ਹੋਈ ਬਿਮਾਰੀ, ਤੇਜ਼ੀ ਨਾਲ ਵਧਦੀ ਗਈ।
ਉਨ੍ਹਾਂ ਦੇ ਪਿਤਾ ਗੈਰੇਥ ਕਹਿੰਦੇ ਹਨ,"ਜਦੋਂ ਉਹ ਇੱਕ ਸਾਲ ਦੀ ਬਹੁਤ ਖੁਸ਼ ਬੱਚੀ ਸੀ, ਉਦੋਂ ਉਹ ਨਰਸਰੀ ਵਿੱਚ ਜਾਂਦੀ ਸੀ ਅਤੇ ਨੱਚਦੀ ਸੀ ਅਤੇ ਗਾਉਂਦੀ ਸੀ, ਅਤੇ ਫਿਰ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ ਮਰਨ ਵਾਲੀ ਸਥਿਤੀ ਵਿੱਚ ਪਹੁੰਚ ਗਈ ਸੀ।"
ਉਹ ਅਗਾਂਹ ਕਹਿੰਦੇ ਹਨ, "ਇਲਾਜ ਸਾਡੀ ਜ਼ਿੰਦਗੀ ਦਾ ਸਭ ਤੋਂ ਭੈੜਾ ਸਮਾਂ ਬਣਿਆ ਹੋਇਆ ਹੈ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਹਲਕੇ ਵਿੱਚ ਲੈਂਦੇ ਸੀ ਉਹੀ ਸਭ 10-12 ਗੁਣਾ ਔਖਾ ਕੰਮ ਹੋ ਗਿਆ ਹੈ।"
ਪਰਿਵਾਰ ਨੂੰ ਸਭ ਕੁਝ ਛੇਤੀ-ਛੇਤੀ ਅਪਣਾਉਣਾ ਪਿਆ, ਸਭ ਤੋਂ ਵੱਧ ਤਰਜੀਹ ਇਸ ਗੱਲ ਨੂੰ ਦਿੱਤੀ ਜਾਂਦੀ ਕਿ ਗ੍ਰੇਸੀ ਨੇ ਕੀ ਖਾਣਾ ਹੈ ਜਾਂ ਕੀ ਪੀਣਾ ਹੈ, ਉਸ ਦਾ ਬਲੱਡ ਸ਼ੂਗਰ ਲੈਵਲ ਚੈੱਕ ਕਰਨਾ ਅਤੇ ਉਸ ਨੂੰ ਹਾਰਮੋਨ ਇੰਸੁਲਿਸ ਦੇਣਾ ਤਾਂ ਜੋ ਉਸ ਦੇ ਸਰੀਰ ਨੂੰ ਦੱਸਿਆ ਜਾ ਸਕੇ ਕਿ ਖੂਨ ਵਿੱਚ ਮੌਜੂਦ ਸ਼ੂਗਰ ਨੂੰ ਸੋਖਿਆ ਜਾਵੇ।
ਉਸਦੇ ਪਿਤਾ ਕਹਿੰਦੇ ਹਨ, ਗ੍ਰੇਸੀ ਕੋਲ ਹੁਣ ਗਲੂਕੋਜ਼ ਮੌਨੀਟਰ ਅਤੇ ਇੱਕ ਇੰਸੁਲਿਨ ਪੰਪ ਹੈ ਅਤੇ ਡਾਇਬਟੀਜ਼ ਨਾਲ ਲੜ ਰਹੀ ਹੈ।
ਅਗਾਂਹ ਉਹ ਕਹਿੰਦੇ ਹਨ, "ਗ੍ਰੇਸੀ ਸੁਪਰਸਟਾਰ ਹੈ"
ਛੋਟੀ ਉਮਰ ਦੇ ਬੱਚਿਆਂ ਨੂੰ ਟਾਈਪ 1 ਡਾਇਬਟੀਜ਼ ਕਿਉਂ ਹੁੰਦੀ ਹੈ?

ਤਸਵੀਰ ਸਰੋਤ, Diabetes UK
ਗ੍ਰੇਸੀ ਵਰਗੇ 7 ਸਾਲ ਤੋਂ ਛੋਟੇ ਬੱਚਿਆਂ ਨੂੰ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਗੰਭੀਰ ਡਾਇਬਟੀਜ਼ ਕਿਉਂ ਹੋ ਰਹੀ ਹੈ, ਜਿਨ੍ਹਾਂ ਨੂੰ ਇਹ ਬਿਮਾਰੀ ਕਿਸ਼ੋਰ ਅਵਸਥਾ ਜਾਂ ਫਿਰ ਬਾਅਦ ਦੇ ਸਾਲਾਂ ਵਿੱਚ ਹੋਈ, ਇਹ ਅਜੇ ਪਹੇਲੀ ਹੀ ਹੈ।
ਸਾਇੰਸ ਅਡਵਾਂਸ ਨਾਮ ਦੇ ਜਰਨਲ ਵਿੱਚ ਛਪੀ ਸਟੱਡੀ ਦੱਸਦੀ ਹੈ ਕਿ ਇਹ ਪੈਨਕ੍ਰੀਆਜ਼ ਵਿੱਚ ਰਹਿਣ ਵਾਲੇ ਬੀਟਾ ਸੈੱਲਾਂ ਦੇ ਵਿਕਾਸ ਕਾਰਨ ਹੈ।
ਇਹ ਉਹ ਸੈੱਲ ਹਨ ਜੋ ਹਾਰਮੋਨ ਇੰਸੁਲਿਨ ਛੱਡਦੇ ਹਨ ਜਦੋਂ ਖਾਣਾ ਖਾਣ ਤੋਂ ਬਾਅਦ ਸਾਡੇ ਖੂਨ ਵਿੱਚ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ।
ਯੂਨੀਵਰਸਿਟੀ ਆਫ ਐਕਸੇਟਰ ਵਿੱਚ ਖੋਜਕਾਰਾਂ ਨੇ 250 ਡੋਨਰਜ਼ ਦੇ ਪੈਨਕ੍ਰੀਆਜ਼ ਦੇ ਸੈਂਪਲਾਂ ਦਾ ਅਧਿਐਨ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਬੀਟਾ ਸੈੱਲ ਆਮ ਤੌਰ 'ਤੇ ਲੋਕਾਂ ਦੀ ਉਮਰ ਵਧਣ ਦੇ ਨਾਲ-ਨਾਲ ਕਿਵੇਂ ਬਣਦੇ ਹਨ।
ਜੀਵਨ ਦੇ ਸ਼ੁਰੂ ਵਿੱਚ ਇਹ ਬੀਟਾ ਸੈੱਲ ਛੋਟੇ ਸਮੂਹਾਂ ਜਾਂ ਇਕੱਲੇ ਹੀ ਮੌਜੂਦ ਦਿਖਾਏ ਗਏ ਸਨ, ਪਰ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਉਹ ਗਿਣਤੀ ਵਿੱਚ ਵਧਦੇ ਹਨ ਅਤੇ ਵੱਡੇ ਸਮੂਹਾਂ ਵਿੱਚ ਤਬਦੀਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਲੈਂਗਰਹੰਸ ਦੇ ਟਾਪੂ ਕਿਹਾ ਜਾਂਦਾ ਹੈ।
ਅਧਿਐਨ ਵਿੱਚ ਦੇਖਿਆ ਗਿਆ ਸੀ ਕਿ ਮਰੀਜ਼ ਦੇ ਇਮਿਊਨ ਸਿਸਟਮ ਦੇ ਆਪਣੇ ਹੀ ਬੀਟਾ ਸੈੱਲਾਂ ਦੇ ਵਿਰੁੱਧ ਹੋਣ ਤੋਂ ਬਾਅਦ ਕੀ ਹੋਇਆ।
ਛੋਟੇ ਸਮੂਹਾਂ ਵਿੱਚ ਬੀਟਾ ਸੈੱਲਾਂ ਨੂੰ ਚੁੱਕ ਕੇ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਜੋ ਉਹਨਾਂ ਨੂੰ ਕਦੇ ਵੀ ਵੱਧਣ ਫੁੱਲਣ ਦਾ ਮੌਕਾ ਨਾ ਮਿਲੇ।
ਵੱਡੇ ਸਮੂਹਾਂ ਉੱਤੇ ਵੀ ਹਮਲਾ ਕੀਤਾ ਗਿਆ, ਪਰ ਉਹ ਵਧੇਰੇ ਟਿਕਾਊ ਸਨ ਜਿਸ ਨਾਲ ਮਰੀਜ਼ ਅਜੇ ਵੀ ਘੱਟ ਪੱਧਰ ਦਾ ਇੰਸੁਲਿਨ ਪੈਦਾ ਕਰ ਸਕਦੇ ਸਨ ਜਿਸ ਨਾਲ ਉਨ੍ਹਾਂ ਦੀ ਬਿਮਾਰੀ ਦੀ ਗੰਭੀਰਤਾ ਘੱਟ ਗਈ।
ਯੂਨੀਵਰਸਿਟੀ ਆਫ਼ ਐਕਸੇਟਰ ਤੋਂ ਡਾ. ਸਾਰਾਹ ਰਿਚਰਡਸਨ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਟਾਈਪ 1 ਡਾਇਬਟੀਜ਼ ਲਈ ਇਹ ਇੱਕ ਸੱਚਮੁੱਚ ਮਹੱਤਵਪੂਰਨ ਖੋਜ ਹੈ, ਇਹ ਖੋਜ ਸੱਚਮੁੱਚ ਇਸ ਗੱਲ 'ਤੇ ਰੌਸ਼ਨੀ ਪਾਉਂਦੀ ਹੈ ਕਿ ਬੱਚਿਆਂ ਵਿੱਚ ਇਹ ਬਿਮਾਰੀ ਕਿਉਂ ਜ਼ਿਆਦਾ ਹਮਲਾਵਰ ਹੈ।"
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਉਹ ਟਾਈਪ 1 ਡਾਇਬਟੀਜ਼ ਨਾਲ ਪੀੜਤ ਨੇ ਉਨ੍ਹਾਂ ਲਈ ਭਵਿੱਖ ਹੋਰ ਸਪੱਸ਼ਟ ਹੈ।
ਹੁਣ ਬਿਮਾਰੀ ਤੋਂ ਬਚਾਉਣ ਲਈ ਸਿਹਤਮੰਦ ਬੱਚਿਆਂ ਦੀ ਜਾਂਚ ਕਰਨ ਜਾਂ ਫਿਰ ਇਸ ਨੂੰ ਕੁਝ ਦੇਰ ਲਈ ਟਾਲਣ ਵਾਸਤੇ ਨਵੀਆਂ ਇਮਯੂਨੋਥੈਰੇਪੀ ਦਵਾਈਆਂ ਦੀ ਸੰਭਾਵਨਾ ਸ਼ਾਮਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












