200 ਸਾਲ ਪਹਿਲਾਂ ਜਦੋਂ ਲੰਡਨ ਵਿੱਚ ਸ਼ਰਾਬ ਦੇ ਮਾਰੂ ਹੜ੍ਹ ਆਏ

ਤਸਵੀਰ ਸਰੋਤ, Getty Images
- ਲੇਖਕ, ਵਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਕਾਰ
ਸ਼ਰਾਬ ਦੀ ਟੈਂਕੀ ਵਿੱਚ ਲੋਹੇ ਦੇ ਕੜੇ ਦਾ ਆਪਣੀ ਥਾਂ ਤੋਂ ਹਿੱਲ ਜਾਣਾ ਅਤੇ ਇਸ ਦੀ ਮੁਰੰਮਤ ਇੱਕ ਆਮ ਗੱਲ ਸੀ।
ਇਸ ਲਈ, ਜਦੋਂ ਲੰਡਨ ਦੀ 'ਹਾਰਸ ਸ਼ੂ ਬਰੂਅਰੀ' ਦੇ ਕੇਅਰਟੇਕਰ ਨੇ 17 ਅਕਤੂਬਰ 1814 ਦੀ ਦੁਪਹਿਰ ਨੂੰ ਇੱਕ ਟੈਂਕ ਦਾ ਕੜਾ ਲੱਥਿਆ ਦੇਖਿਆ ਤਾਂ ਉਹ ਮੁਰੰਮਤ ਲਈ ਸੁਨੇਹਾ ਲਿਖਣ ਚਲਿਆ ਗਿਆ।
1764 ਵਿੱਚ ਸਥਾਪਿਤ, ਇਸ ਬਰੂਅਰੀ ਵਿੱਚ ਸਿਰਫ਼ ਗੂੜ੍ਹੇ ਰੰਗ ਦੀ ਬੀਅਰ 'ਪੋਰਟਰ' ਦਾ ਉਤਪਾਦਨ ਹੁੰਦਾ ਸੀ। ਇਸ ਡਰਿੰਕ ਦੀ ਪ੍ਰਸਿੱਧੀ ਦੇ ਕਾਰਨ, ਬ੍ਰਿਟੇਨ ਦੀਆਂ ਦੋ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈਨਰੀ ਮੇਵ ਐਂਡ ਕੰਪਨੀ ਦੀ ਮਲਕੀਅਤ ਵਾਲੀ ਇਸ ਬਰੂਅਰੀ ਨੇ ਇੱਕ ਸਾਲ ਵਿੱਚ ਇੱਕ ਲੱਖ ਬੈਰਲ ਪੋਰਟਰ ਦਾ ਉਤਪਾਦਨ ਕੀਤਾ।
ਪੱਤਰਕਾਰ ਕ੍ਰਿਸਟੋਫਰ ਕਲੇਨ ਲਿਖਦੇ ਹਨ ਕਿ ਬਰੂਅਰੀ ਦੇ ਸਟੋਰਹਾਊਸ ਵਿੱਚ 22 ਫੁੱਟ ਉੱਚੇ ਲੱਕੜ ਦੇ ਟੈਂਕਾਂ ਵਿੱਚ ਪੋਰਟਰ ਦਾ ਖਮੀਰ ਉਠਾਇਆ ਜਾਂਦਾ ਸੀ।
"ਉਨ੍ਹਾਂ ਦੇ ਆਲੇ-ਦੁਆਲੇ ਲੋਹੇ ਦੇ ਕਈ ਭਾਰੇ ਕੜੇ ਸਨ। ਕੁਝ ਕੜਿਆਂ ਦਾ ਭਾਰ ਇੱਕ ਟਨ ਤੱਕ ਹੁੰਦਾ ਸੀ। ਇੱਕ ਪੂਰੇ ਟੈਂਕ ਵਿੱਚ ਲਗਭਗ 3,555 ਬੈਰਲ (ਪੰਜ ਲੱਖ ਲੀਟਰ ਤੋਂ ਵੱਧ) ਬੀਅਰ ਹੁੰਦੀ ਸੀ।"
ਮੁਰੰਮਤ ਦਾ ਸੁਨੇਹਾ ਅਜੇ ਕੇਅਰਟੇਕਰ ਦੇ ਹੱਥ ਵਿੱਚ ਸੀ ਜਦੋਂ ਸ਼ਾਮ 5.30 ਵਜੇ ਉਸ ਨੇ ਸਟੋਰ ਵਿੱਚੋਂ ਕਿਸੇ ਚੀਜ਼ ਦੇ ਡਿੱਗਣ ਦੀ ਉੱਚੀ ਆਵਾਜ਼ ਸੁਣੀ। ਉਹ ਉਸ ਆਵਾਜ਼ ਵੱਲ ਭੱਜਿਆ।

ਤਸਵੀਰ ਸਰੋਤ, HULTON ARCHIVE/GETTY IMAGES
6 ਤੋਂ 14 ਲੱਖ ਲੀਟਰ ਬੀਅਰ
ਪੱਤਰਕਾਰ ਮਾਰਟਿਨ ਕਾਰਨੇਲ ਨੇ ਲਿਖਿਆ ਹੈ ਕਿ ਉਹ ਇਹ ਦੇਖ ਕੇ ਘਬਰਾ ਗਿਆ ਸੀ ਕਿ ਮੁਰੰਮਤ ਦੀ ਲੋੜ ਵਾਲਾ ਉਹੀ ਟੈਂਕ ਫਟ ਗਿਆ ਸੀ ਅਤੇ ਹਾਦਸੇ ਵਿੱਚ ਬਰੂਅਰੀ ਦੀ 25 ਫੁੱਟ ਉੱਚੀ ਕੰਧ ਅਤੇ ਛੱਤ ਦਾ ਜ਼ਿਆਦਾਤਰ ਹਿੱਸਾ ਢਹਿ ਗਿਆ ਸੀ।
ਇਸ ਤੋਂ ਇਲਾਵਾ ਸਟੋਰ ਹਾਊਸ ਦਾ ਸੁਪਰਡੈਂਟ ਅਤੇ ਉਸ ਦਾ ਭਰਾ ਵੀ ਕਈ ਫੱਟੜ ਮੁਲਾਜ਼ਮਾਂ ਸਮੇਤ ਮਲਬੇ ਹੇਠਾਂ ਬੇਹੋਸ਼ ਪਏ ਸਨ।
ਇੱਟਾਂ ਅਤੇ ਮਲਬੇ ਦੀ ਬਰਸਾਤ ਨੇ ਨੇੜਲੇ ਨਿਊ ਸਟਰੀਟ ਵਿੱਚ ਦੋ ਘਰ ਢਹਿ-ਢੇਰੀ ਕਰ ਦਿੱਤੇ ਅਤੇ ਬੀਅਰ ਦੀ 15 ਫੁੱਟ ਉੱਚੀ ਲਹਿਰ, ਲਗਭਗ 6 ਤੋਂ 14 ਲੱਖ ਲੀਟਰ ਬੀਅਰ ਬਰੂਅਰੀ ਵਿੱਚੋਂ ਬਾਹਰ ਵਹਿ ਤੁਰੀ।
ਇਸ ਦੀ ਦਿਸ਼ਾ ਫੈਕਟਰੀ ਦੇ ਪਿੱਛੇ ਵਸੀ ਇੱਕ ਕੱਚੀ ਅਬਾਦੀ ਸੇਂਟ ਜਾਇਲਜ਼ ਰੂਕਰੀ ਵੱਲ ਸੀ।
ਸੇਂਟ ਜਾਇਲਜ਼ ਦੀ ਸਥਾਪਨਾ ਪੱਛਮੀ ਲੰਡਨ ਦੇ ਬ੍ਰੇਨ ਬ੍ਰਿਜ ਵਿਖੇ ਸਤਾਰ੍ਹਵੀਂ ਸਦੀ ਵਿੱਚ ਇੱਕ ਅਮੀਰ ਪਰਿਵਾਰ ਵੱਲੋਂ ਕੀਤੀ ਗਈ ਸੀ।

ਤਸਵੀਰ ਸਰੋਤ, GUILDHALL LIBRARY & ART GALLERY/HERITAGE IMAGES/GETTY IMAGES
'ਦਿ ਡੇਂਸ ਆਫ਼ ਲੰਦਨ'
"ਮੁਨਾਫ਼ੇ ਦੇ ਲਾਲਚ ਨੇ ਤੇਜ਼ੀ ਨਾਲ ਪਰ ਨੁਕਸਦਾਰ ਉਸਾਰੀ ਹੁੰਦੀ ਆਈ ਸੀ। ਨਤੀਜਾ ਹਨੇਰੀਆਂ ਗਲੀਆਂ ਅਤੇ ਸੰਘਣੀ ਝੁੱਗੀਆਂ ਦੇ ਰੂਪ ਵਿੱਚ ਸਾਹਮਣੇ ਆਇਆ ਸੀ।"
"ਅਠਾਰ੍ਹਵੀਂ ਸਦੀ ਤੱਕ ਇਸ ਸੰਘਣੀ ਆਬਾਦੀ ਵਾਲੇ ਰੂਕਰੀ ਨੂੰ ਲੰਡਨ ਵਿੱਚ ਅਪਰਾਧ ਲਈ ਬਦਨਾਮ ਝੁੱਗੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਇੱਥੇ ਗਰੀਬ, ਬੇਰੁਜ਼ਗਾਰ ਅਪਰਾਧੀ ਅਤੇ ਬਹੁਤ ਸਾਰੇ ਆਇਰਿਸ਼ ਸ਼ਰਨਾਰਥੀ ਰਹਿੰਦੇ ਸਨ।"
"ਉਨ੍ਹਾਂ ਦੇ ਘਰ ਲੋਕਾਂ ਨਾਲ ਇੰਨੇ ਭਰੇ ਹੁੰਦੇ ਸਨ ਕਿ ਲੋਕਾਂ ਨੂੰ ਸੜਕਾਂ ਅਤੇ ਰਸੋਈ ਵਿੱਚ ਵੀ ਰਹਿਣਾ ਪੈਂਦਾ ਸੀ। ਕਈ ਵਾਰ ਇੱਕੋ ਕਮਰੇ ਵਿੱਚ ਕਈ-ਕਈ ਪਰਿਵਾਰ ਰਹਿੰਦੇ ਸਨ।"
ਜੌਹਨ ਡੰਕੌਮ ‘ਦਿ ਡੇਂਸ ਆਫ਼ ਲੰਦਨ’ ਵਿੱਚ ਲਿਖਦੇ ਹਨ ਕਿ ਉਨ੍ਹੀਵੀਂ ਸਦੀ ਦੇ ਸ਼ੁਰੂ ਤੱਕ ਜਾਇਲਜ਼ ਵਿੱਚ ਜ਼ੁਰਮ, ਵੇਸਵਾਗਮਨੀ ਅਤੇ ਗੰਦਗੀ ਆਪਣੇ ਸਿਖਰਾਂ ’ਤੇ ਸੀ।
'ਇਹ ਤਾੜਨ ਵਾਲੇ ਘਰ' ਕਹੇ ਜਾਂਦੇ ਮੁਰਗੀਆਂ ਦੇ ਖੁੱਡਿਆਂ ਵਰਗੇ ਘਰ ਸਨ ਜਿੱਥੇ ਫੱਕਰ ਲੋਕ ਪਨਾਹ ਲੈਂਦੇ ਸਨ। ਇੱਥੋਂ ਤੱਕ ਕਿ ਪੁਲਿਸ ਦਾ ਵੀ ਭੁੱਲ-ਭੁਲਈਏ ਵਰਗੀਆਂ ਗਲੀਆਂ-ਨਾਲੀਆਂ ਅਤੇ ਉਨ੍ਹਾਂ ਵਿੱਚ ਬਣੀਆਂ ਝੁੱਗੀਆਂ ਵੱਲ ਮੂੰਹ ਨਹੀਂ ਕਰਦੀ ਸੀ।
ਜਾਇਲਜ਼ ਵਿੱਚ ਅਜੇ ਸ਼ਾਮ ਨਹੀਂ ਸੀ ਹੋਈ, ਲੋਕ ਆਪਣੇ ਰੋਜ਼ਾਨਾ ਜੀਵਨ ਵਿੱਚ ਰੁੱਝੇ ਹੋਏ ਸਨ।

ਤਸਵੀਰ ਸਰੋਤ, GUILDHALL LIBRARY & ART GALLERY/HERITAGE IMAGES/GETTY IMAGES
ਸ਼ਰਾਬ ਦਾ ਹੜ੍ਹ
ਖ਼ਰਾਬ ਜਲ ਨਿਕਾਸੀ ਦੀ ਨਾਕਸ ਪ੍ਰਣਾਲੀ ਅਕਸਰ ਗਲੀਚ ਹਾਲਾਤ ਅਤੇ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣਦੀ ਸੀ। ਜਦੋਂ ਸ਼ਰਾਬ ਦਾ ਹੜ੍ਹ ਆਇਆ ਤਾਂ ਇਸ ਕਾਰਨ ਘਰ ਵੀ ਡੁੱਬ ਗਏ ਅਤੇ ਲੋਕ ਵੀ ਡੁੱਬ ਗਏ।
ਅਜਿਹੇ 'ਚ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਹੋ ਗਏ। ਲੋਕ ਲੱਕ ਤੱਕ ਡੁੱਬੇ ਹੋਏ ਬਚੇ ਹੋਇਆਂ ਨੂੰ ਲੱਭ ਰਹੇ ਸਨ।
ਤਬਾਹੀ ਦਾ ਡਰਾਉਣਾ ਅਸਰ ਸਪਸ਼ਟ ਦਿਸ ਰਿਹਾ ਸੀ, ਜ਼ਖਮੀ ਅਤੇ ਪਰੇਸ਼ਾਨ ਲੋਕ ਸੜਕਾਂ 'ਤੇ ਸਨ, ਚੀਕ ਰਹੇ ਸਨ, ਅਤੇ ਫਸੇ ਹੋਏ ਆਪਣੇ ਨਜ਼ਦੀਕੀਆਂ ਦੀਆਂ ਚੀਕਾਂ ਸੁਣਕੇ ਫਟਾਫਟ ਉਨ੍ਹਾਂ ਦੇ ਉੱਪਰੋਂ ਮਲਬਾ ਹਟਾਉਣ ਲੱਗੇ।
ਇਸ ਹਾਦਸੇ ਦੀ ਤਬਾਹੀ 19 ਅਕਤੂਬਰ 1814 ਨੂੰ ਹੋਈ ਕੋਰੋਨਰ ਜਾਂਚ ਦੌਰਾਨ ਗਵਾਹਾਂ ਦੇ ਬਿਆਨਾਂ ਤੋਂ ਪ੍ਰਗਟ ਹੁੰਦੀ ਹੈ।
ਸ਼ੁਰੂ ਵਿੱਚ ਖ਼ਦਸ਼ਾ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇਗੀ ਕਿਉਂਕਿ ਸੇਂਟ ਜਾਇਲਜ਼ ਵਿੱਚ ਤਹਿਖ਼ਾਨੇ ਵਿੱਚ ਲੋਕ ਰਹਿ ਰਹੇ ਸਨ, ਪਰ ਜਦੋਂ ਹੜ੍ਹ ਘਟਿਆਂ ਤਾਂ ਪਤਾ ਲੱਗਾ ਕਿ ਕੁੱਲ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।

ਤਸਵੀਰ ਸਰੋਤ, Getty Images
ਹਾਦਸੇ ਦੀ ਥਾਂ
ਬਰੂਅਰੀ ਦੇ 31 ਕਰਮਚਾਰੀਆਂ ਸਮੇਤ ਕਈ ਜਣੇ ਜ਼ਖਮੀ ਹੋ ਗਏ ਸਨ। ਸੰਕਟ ਦੇ ਨੇੜੇ ਹੋਣ ਦੇ ਬਾਵਜੂਦ, ਕਿਸੇ ਵੀ ਮਜ਼ਦੂਰ ਦੀ ਮੌਤ ਨਹੀਂ ਹੋਈ।
ਜਾਂਚ ਦੌਰਾਨ ਦਰਸ਼ਕਾਂ ਦਾ ਵੱਡਾ ਹਜੂਮ ਹੜ੍ਹ ਵਾਲੀ ਥਾਂ 'ਤੇ ਪਹੁੰਚ ਗਿਆ।
ਇੱਥੋਂ ਤੱਕ ਕਿ ਕਾਰਨੇਲ ਮੁਤਾਬਕ ਸ਼ਰਾਬਖ਼ਾਨੇ ਦੇ ਸਟਾਫ਼ ਨੇ ਹਾਦਸੇ ਵਾਲੀ ਥਾਂ ਦਿਖਾਉਣ ਲਈ ਲੋਕਾਂ ਤੋਂ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ।
ਕਾਰਨੇਲ ਦਾ ਕਹਿਣਾ ਹੈ ਕਿ ਅੱਜ ਵੀ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਦੇਖਣ ਲਈ ਆਉਣ ਵਾਲਿਆਂ ਤੋਂ ਪਰਿਵਾਰਾਂ ਨੇ ਪੈਸੇ ਲਏ ਅਤੇ ਲੋਕ ਇੰਨੀ ਵੱਡੀ ਗਿਣਤੀ 'ਚ ਇਮਾਰਤ 'ਚ ਦਾਖਲ ਹੋ ਗਏ ਕਿ ਜਿਸ ਫਰਸ਼ 'ਤੇ ਲਾਸ਼ਾਂ ਰੱਖੀਆਂ ਗਈਆਂ ਸਨ, ਉਹ ਢਹਿ-ਢੇਰੀ ਹੋ ਗਏ ਅਤੇ ‘ਸੈਲਾਨੀ’ ਬੀਅਰ ਨਾਲ ਭਰੀ ਕੋਠੜੀ ਵਿੱਚ ਜਾ ਡਿੱਗੇ।
"ਉਨੀਵੀਂ ਸਦੀ ਵਿੱਚ ਲਾਸ਼ਾਂ ਨਿਸ਼ਚਤ ਤੌਰ 'ਤੇ ਇੱਕ ਸੈਲਾਨੀ ਖਿੱਚ ਦਾ ਕੇਂਦਰ ਸਨ, ਪਰ ਇਸ ਗੱਲ ਦਾ ਕੋਈ ਸਮਕਾਲੀ ਸਬੂਤ ਨਹੀਂ ਹੈ ਕਿ ਬੀਅਰ ਦੇ ਇਸ ਹੜ੍ਹ ਤੋਂ ਬਾਅਦ ਵੀ ਅਜਿਹਾ ਹੋਇਆ ਸੀ।"

ਤਸਵੀਰ ਸਰੋਤ, UNIVERSAL HISTORY ARCHIVE/UNIVERSAL IMAGES GROUP VIA GETTY IMAGES
‘ਹਾਲਾਤ ਅਤੇ ਦੁਰਭਾਗ ਵੱਸ’
ਕੋਰੋਨਰ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੜ੍ਹ ਦੀ ਤੀਬਰਤਾ ਇਸ ਲਈ ਇੰਨੀ ਜ਼ਿਆਦਾ ਸੀ ਕਿਉਂਕਿ ਇੱਕ ਟੈਂਕ ਦੇ ਫਟਣ ਨਾਲ ਦੂਜੇ ਟੈਂਕਾਂ 'ਤੇ ਦਬਾਅ ਇੰਨਾ ਵਧ ਗਿਆ ਕਿ ਉਹ ਵੀ ਬਚ ਨਹੀਂ ਸਕੇ।
ਜਾਂਚ ਤੋਂ ਪਤਾ ਲੱਗਾ ਹੈ ਕਿ ਮੌਤਾਂ ਵਿੱਚ ਬਰੂਅਰੀ ਦਾ ਕਸੂਰ ਨਹੀਂ ਸੀ, ਸਗੋਂ ਇਹ ਮੌਤਾਂ 'ਹਾਲਾਤਾਂ ਅਤੇ ਬਦਕਿਸਮਤੀ' ਕਾਰਨ ਹੋਈਆਂ ਸਨ।
ਇਸ ਤਰ੍ਹਾਂ ਉਨ੍ਹਾਂ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਪਿਆਰੇ, ਘਰ ਅਤੇ ਸਮਾਨ ਗੁਆ ਦਿੱਤਾ ਸੀ।
ਕਾਰਨੇਲ ਦੇ ਅਨੁਸਾਰ, ਕੰਪਨੀ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ 23 ਹਜ਼ਾਰ ਪੌਂਡ (ਅੱਜ ਦੇ ਪੈਸੇ ਵਿੱਚ 10 ਲੱਖ ਪੌਂਡ ਤੋਂ ਵੱਧ) ਸੀ। ਇਸ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਲਈ ਸਰਕਾਰ ਨੇ ਪਹਿਲਾਂ ਹੀ ਵਸੂਲਿਆ ਆਬਕਾਰੀ ਟੈਕਸ ਵਾਪਸ ਕਰ ਦਿੱਤਾ ਅਤੇ ਕੰਪਨੀ ਨੂੰ 7250 ਪੌਂਡ ਦਾ ਭੁਗਤਾਨ ਕੀਤਾ, ਜੋ ਅੱਜ ਲਗਭਗ ਚਾਰ ਲੱਖ ਪੌਂਡ ਬਣਦਾ ਹੈ।
ਸਰਕਾਰ ਨੇ ਪੀੜਤਾਂ ਦੀ ਕੋਈ ਮਦਦ ਨਹੀਂ ਕੀਤੀ, ਪਰ ਲੰਦਨ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਵਿੱਚੋਂ ਬਹੁਤੇ ਖੁਦ ਗਰੀਬ ਸਨ, ਨੇ ਜਿੰਨੀ ਹੋ ਸਕਦੀ ਸੀ ਮਦਦ ਕੀਤੀ ਤਾਂ ਜੋ ਮ੍ਰਿਤਕਾਂ ਦਾ ਸਨਮਾਨ ਨਾਲ ਸਸਕਾਰ ਕੀਤਾ ਜਾ ਸਕੇ।

ਤਸਵੀਰ ਸਰੋਤ, GETTY IMAGES
ਆਇਰਿਸ਼ ਸ਼ਰਨਾਰਥੀ
ਬੈਨ ਜੌਹਨਸਨ ਦੀ ਖੋਜ ਦਰਸਾਉਂਦੀ ਹੈ ਕਿ ਅਜਿਹੀਆਂ ਅਫ਼ਵਾਹਾਂ ਲਗਾਤਾਰ ਉੱਠਦੀਆਂ ਰਹਿੰਦੀਆਂ ਸਨ ਕਿ ਹੜ੍ਹ ਤੋਂ ਮਗਰਲੇ ਦਿਨਾਂ ਵਿੱਚ, ਸਥਾਨਕ ਲੋਕ ਗਲੀਆਂ ਵਿੱਚ ਵਹਿ ਰਹੀਆਂ ਬੀਅਰ ਦੀਆਂ ਨਦੀਆਂ ਵਿੱਚ ਨਸ਼ੇ ਵਿੱਚ ਧੁੱਤ ਰਹਿੰਦੇ ਸਨ।
ਇੱਥੋਂ ਤੱਕ ਕਿਹਾ ਗਿਆ ਕਿ ਕੁਝ ਲੋਕਾਂ ਨੇ ਇੰਨੀ ਪੀਤੀ ਕਿ ਉਹ ਲਗਭਗ ਮੌਤ ਦੇ ਮੂੰਹ ਵਿੱਚ ਚਲੇ ਗਏ।
ਪਰ ਮਾਰਟਿਨ ਕਾਰਨੇਲ ਇਸ ਨਾਲ ਸਹਿਮਤ ਨਹੀਂ ਹਨ ਕਿ ਹੜ੍ਹ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸ਼ਰਾਬੀ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਰਵੱਈਏ ਦੀ ਕੋਈ ਸਮਕਾਲੀ ਅਖ਼ੀਬਾਰ ਰਿਪੋਰਟ ਨਹੀਂ ਹੈ।
"ਪ੍ਰਭਾਵਿਤ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਆਇਰਿਸ਼ ਸ਼ਰਨਾਰਥੀ ਰਹਿ ਰਹੇ ਸਨ। ਉਨ੍ਹਾਂ ਨੂੰ ਲੰਦਨ ਵਾਸੀ ਨਾਪਸੰਦ ਕਰਦੇ ਸੀ। ਜੇਕਰ ਇਸ ਤਰੀਕੇ ਨਾਲ ਸ਼ਰਾਬ ਪੀਤੀ ਗਈ ਹੁੰਦੀ, ਤਾਂ ਕੀ ਉੱਥੋਂ ਦੇ ਅਖ਼ਬਾਰਾਂ ਨੇ ਉਨ੍ਹਾਂ ਦੀ ਭੰਡੀ ਕਰਨ ਦਾ ਮੌਕਾ ਛੱਡਣਾ ਸੀ?"

ਤਸਵੀਰ ਸਰੋਤ, UNIVERSAL HISTORY ARCHIVE/UNIVERSAL IMAGES GROUP VIA GETTY IMAGES
ਮਹਿੰਗਾ ਵਪਾਰਕ ਇਲਾਕਾ
ਹਾਲਾਂਕਿ, ਉਨ੍ਹੀਵੀਂ ਸਦੀ ਵਿੱਚ, ਸੇਂਟ ਜਾਇਲਜ਼ ਅਤੇ ਹੋਰ ਝੁੱਗੀਆਂ ਨੂੰ ਢਾਹ ਕੇ ਨਿਊ ਆਕਸਫੋਰਡ ਸਟ੍ਰੀਟ ਬਣਾ ਦਿੱਤੀ ਗਈ।
ਅੱਜ ਇਹ ਲੰਦਨ ਦਾ ਇੱਕ ਮਹਿੰਗਾ ਵਪਾਰਕ ਖੇਤਰ ਹੈ। ਬਰੂਅਰੀ ਹੁਣ ਨਹੀਂ ਹੈ ਅਤੇ ਹੁਣ ਡੋਮੀਨੀਅਨ ਥੀਏਟਰ ਹੈ।
ਇੱਕ ਹੋਰ ਬਦਲਾਅ ਵੀ ਆਇਆ।
ਅਮਰੀਕੀ ਲੇਖਕ ਟੌਮ ਕਲੇਵਿਨ ਦੇ ਅਨੁਸਾਰ, ਇਸ ਘਟਨਾ ਤੋਂ ਬਾਅਦ, ਜਿਸ ਨੂੰ 'ਲੰਦਨ ਬੀਅਰ ਫਲੱਡ' ਕਿਹਾ ਜਾਂਦਾ ਹੈ, ਸ਼ਰਾਬ ਬਣਾਉਣ ਲਈ ਲੱਕੜ ਦੇ ਵੱਡੇ ਟੈਂਕਾਂ ਦੀ ਵਰਤੋਂ ਬੰਦ ਕਰ ਦਿੱਤੀ ਗਈ ਅਤੇ ਉਨ੍ਹਾਂ ਦੀ ਥਾਂ ਕੰਕਰੀਟ ਦੇ ਟੈਂਕਾਂ ਨੇ ਲੈ ਲਈ।
ਸ਼ਾਇਦ ਇਸੇ ਲਈ ਪਿਛਲੇ ਦੋ ਸੌ ਸਾਲਾਂ ਵਿੱਚ ਅਜਿਹੀ ਕੋਈ ਦੁਰਘਟਨਾ ਦੁਬਾਰਾ ਨਹੀਂ ਵਾਪਰੀ।












