ਅਤੀਕ ਅਤੇ ਅਸ਼ਰਫ਼ ’ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਦੇ ਪਰਿਵਾਰ ਕੀ ਬੋਲੇ, ਜਾਣੋ ਜਾਂਚ ਕਿੱਥੇ ਤੱਕ ਪੁੱਜੀ

ਅਤੀਕ ਤੇ ਅਸ਼ਰਫ ਦਾ ਕਤਲ

ਤਸਵੀਰ ਸਰੋਤ, ANI

ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਅਤੇ ਬਾਹੂਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਸ਼ਨੀਵਾਰ, 15 ਅਪ੍ਰੈਲ ਦੀ ਰਾਤ ਨੂੰ ਪ੍ਰਯਾਗਰਾਜ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਤਿੰਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਕਾਸਗੰਜ ਦੇ ਅਰੁਣ ਮੌਰਿਆ, ਹਮੀਰਪੁਰ ਦੇ ਸੰਨੀ ਅਤੇ ਬਾਂਦਾ ਦੇ ਤਵਲੇਸ਼ ਤਿਵਾਰੀ ਵਜੋਂ ਹੋਈ ਹੈ।

ਜਿਸ ਸਮੇਂ ਇਹ ਕਤਲ ਹੋਇਆ ਉਸ ਸਮੇਂ ਪੁਲਿਸ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾ ਰਹੀ ਸੀ ਅਤੇ ਦੋਵੇਂ ਭਰਾ ਪੁਲਿਸ ਦੇ ਸੁਰੱਖਿਆ ਘੇਰੇ ਵਿੱਚ ਸਨ।

ਦੱਸ ਦੇਈਏ ਕਿ ਅਤੀਕ ਅਤੇ ਅਸ਼ਰਫ, ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਨ ਅਤੇ ਉਸੇ ਸਿਲਸਿਲੇ 'ਚ ਡਾਕਟਰੀ ਜਾਂਚ ਲਈ ਉਨ੍ਹਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ, ਜਦੋਂ ਉਨ੍ਹਾਂ ਦਾ ਕਤਲ ਕੀਤਾ ਗਿਆ।।

ਇਸ ਤੋਂ ਦੋ ਦਿਨ ਪਹਿਲਾਂ (ਵੀਰਵਾਰ ਨੂੰ) ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਅਤੇ ਉਸ ਦੇ ਨਾਲ ਮੌਜੂਦ ਸਾਥੀ ਗੁਲਾਮ ਮੁਹੰਮਦ ਨੂੰ ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਝਾਂਸੀ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

ਸ਼ਨੀਵਾਰ ਰਾਤ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਸਮੇਂ ਕਿਸ ਨੇ ਕੀ ਦੇਖਿਆ ਅਤੇ ਕੀ ਕਿਹਾ? ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਹੋਇਆ? ਅਸੀਂ ਇਸ ਨੂੰ ਕ੍ਰਮਵਾਰ ਤਰੀਕੇ ਨਾਲ ਦੱਸ ਰਹੇ ਹਾਂ।

ਅਤੀਕ ਤੇ ਅਸ਼ਰਫ ਦਾ ਕਤਲ

ਤਸਵੀਰ ਸਰੋਤ, ANI

ਨਿਆਂਇਕ ਕਮਿਸ਼ਨ ਦੀ ਗਠਨ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਵਿਭਾਗ ਨੇ ਕਮਿਸ਼ਨ ਆਫ਼ ਇਨਕੁਆਰੀ ਐਕਟ, 1952 ਦੇ ਤਹਿਤ 15 ਅਪ੍ਰੈਲ ਨੂੰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਵਾਪਰੀ ਸਾਰੀ ਘਟਨਾ ਦੀ ਵਿਸਤ੍ਰਿਤ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।

ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ।

ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੋ ਮਹੀਨਿਆਂ ਦੇ ਅੰਦਰ ਪੂਰੇ ਘਟਨਾਕ੍ਰਮ ਦੀ ਜਾਂਚ ਕਰਕੇ ਰਿਪੋਰਟ ਸਰਕਾਰ ਨੂੰ ਸੌਂਪੇਗਾ।

ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਰਵਿੰਦ ਕੁਮਾਰ ਤ੍ਰਿਪਾਠੀ ਇਸ ਨਿਆਂਇਕ ਕਮਿਸ਼ਨ ਦੀ ਅਗਵਾਈ ਕਰਨਗੇ।

ਉਨ੍ਹਾਂ ਤੋਂ ਇਲਾਵਾ ਸੇਵਾਮੁਕਤ ਡੀਜੀਪੀ ਸੁਭਾਸ਼ ਕੁਮਾਰ ਸਿੰਘ ਆਈਪੀਐਸ ਅਤੇ ਸੇਵਾਮੁਕਤ ਜ਼ਿਲ੍ਹਾ ਜੱਜ ਬ੍ਰਿਜੇਸ਼ ਕੁਮਾਰ ਸੋਨੀ ਇਸ ਨਿਆਂਇਕ ਕਮਿਸ਼ਨ ਦੇ ਮੈਂਬਰ ਹੋਣਗੇ।

ਕਤਲ ਤੋਂ ਠੀਕ ਪਹਿਲਾਂ ਕੀ ਹੋਇਆ?

ਜਦੋਂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ 'ਤੇ ਹਮਲਾ ਕੀਤਾ ਗਿਆ ਸੀ, ਪੁਲਿਸ ਕਰਮਚਾਰੀ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਡਿਵੀਜ਼ਨਲ ਹਸਪਤਾਲ (ਕੈਲਵਿਨ ਹਸਪਤਾਲ) ਦੇ ਅੰਦਰ ਲੈ ਕੇ ਜਾ ਰਹੇ ਸਨ।

ਇਸ ਤੋਂ ਠੀਕ ਪਹਿਲਾਂ ਹਸਪਤਾਲ ਦੇ ਬਾਹਰ ਇੱਕ ਪੁਲਿਸ ਜੀਪ ਆ ਕੇ ਰੁਕੀ। ਕੁਝ ਪੁਲਿਸ ਮੁਲਾਜ਼ਮ ਸਾਹਮਣੇ ਤੋਂ ਹੇਠਾਂ ਉਤਰ ਕੇ ਪਿੱਛੇ ਵੱਲ ਆਏ, ਜਦਕਿ ਕੁਝ ਪਿਛਲੀ ਸੀਟ ਤੋਂ ਬਾਹਰ ਆਏ।

ਪਹਿਲਾਂ ਅਸ਼ਰਫ ਨੂੰ ਜੀਪ ਤੋਂ ਉਤਾਰਿਆ ਗਿਆ, ਫਿਰ ਅਤੀਕ ਅਹਿਮਦ ਨੂੰ ਪੁਲਿਸ ਨੇ ਸਹਾਰਾ ਦੇ ਕੇ ਬਾਹਰ ਕੱਢਿਆ।

ਅਸ਼ਰਫ਼ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਪੈਂਟ ਪਾਈ ਹੋਈ ਸੀ ਅਤੇ ਅਤੀਕ ਚਿੱਟੇ ਕੁੜਤੇ ਵਿੱਚ ਸੀ।

ਹਸਪਤਾਲ

ਹਮਲਾਵਰਾਂ ਨੇ ਦੱਸਿਆ ਗੋਲੀਬਾਰੀ ਦਾ ਕਾਰਨ

ਉੱਤਰ ਪ੍ਰਦੇਸ਼ ਪੁਲਿਸ ਮੁਤਾਬਕ ਤਿੰਨਾਂ ਨੌਜਵਾਨਾਂ ਨੇ ਸ਼ਨੀਵਾਰ ਰਾਤ ਨੂੰ ਪੱਤਰਕਾਰਾਂ ਦਾ ਭੇਸ ਧਾਰਿਆ ਹੋਇਆ ਸੀ।

ਐੱਫਆਈਆਰ ਮੁਤਾਬਕ ਕਤਲ ਦੇ ਮਕਸਦ ਬਾਰੇ ਪੁੱਛੇ ਜਾਣ 'ਤੇ ਤਿੰਨਾਂ ਮੁਲਜ਼ਮਾਂ ਨੇ ਦੱਸਿਆ, "ਅਸੀਂ ਅਤੀਕ ਅਤੇ ਅਸ਼ਰਫ ਗੈਂਗ ਨੂੰ ਖ਼ਤਮ ਕਰ ਕੇ ਸੂਬੇ 'ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਸੀ, ਜਿਸ ਦਾ ਭਵਿੱਖ 'ਚ ਸਾਨੂੰ ਫਾਇਦਾ ਮਿਲਦਾ।"

"ਅਸੀਂ ਪੁਲਿਸ ਦੀ ਘੇਰਾਬੰਦੀ ਦਾ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਕਤਲ ਕਰ ਕੇ ਭੱਜਣ ਵਿੱਚ ਸਫ਼ਲ ਨਹੀਂ ਹੋਏ। ਪੁਲਿਸ ਦੀ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਦੌਰਾਨ ਅਸੀਂ ਫੜ੍ਹੇ ਗਏ।"

"ਅਤੀਕ ਅਤੇ ਅਸ਼ਰਫ ਦੇ ਪੁਲਿਸ ਹਿਰਾਸਤ ਰਿਮਾਂਡ ਦੀ ਸੂਚਨਾ ਜਦੋਂ ਤੋਂ ਮਿਲੀ ਸੀ, ਉਦੋਂ ਤੋਂ ਹੀ ਅਸੀਂ ਮੀਡੀਆ ਕਰਮੀ ਬਣ ਕੇ ਸਥਾਨਕ ਮੀਡੀਆ ਕਰਮੀਆਂ ਦੀ ਭੀੜ ਵਿੱਚ ਰਹਿ ਕੇ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਫਿਰਾਕ ਵਿੱਚ ਸੀ।"

ਗੋਲੀਆਂ ਚਲਾਉਣ ਵਾਲਿਆਂ ਦੇ ਪਰਿਵਾਰ ਕੀ ਬੋਲੇ

ਪੁਲਿਸ ਨੇ ਅਤੀਕ ਅਹਿਮਦ ਦੇ ਤਿੰਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਕਾਸਗੰਜ ਦੇ ਅਰੁਣ ਮੌਰਿਆ, ਹਮੀਰਪੁਰ ਦੇ ਸੰਨੀ ਅਤੇ ਬਾਂਦਾ ਦੇ ਤਵਲੇਸ਼ ਤਿਵਾਰੀ ਵਜੋਂ ਹੋਈ ਹੈ।

22 ਸਾਲ ਦੇ ਲਵਲੇਸ਼ ਤਿਵਾਰੀ ਦੇ ਪਿਤਾ ਦਾ ਕਹਿਣਾ ਹੈ ਕਿ ਬੇਟੇ ਦਾ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਹੈ।

ਉੱਥੇ ਹੀ ਉਸ ਦੀ ਮਾਂ ਰੋ-ਰੋ ਕਹਿ ਰਹੀ ਸੀ, "ਉਹ ਤਾਂ ਇੰਨਾ ਵੱਡਾ ਭਗਤ ਵੀ ਸੀ। ਭਗਵਾਨ ਦਾ ਬਹੁਤ ਵੱਡਾ ਭਗਤ ਸੀ...ਮੇਰੇ ਨਾਲ ਹਰ ਥਾਂ ਜਾਂਦਾ ਸੀ। ਸੰਕਟਮੋਚਨ ਦਰਸ਼ਨ ਕਰਨ ਜਾਂਦਾ ਸੀ। ਮੰਡਲੀ ਵਿੱਚ ਗਉਂਦਾ-ਵਜਾਉਂਦਾ ਵੀ ਸੀ ਪਰ ਪਤਾ ਨਹੀਂ ਉਸ ਦੇ ਨਸੀਬ ਵਿੱਚ ਕੀ ਲਿਖਿਆ ਹੈ।"

"ਪਤਾ ਨਹੀਂ ਕਿਸਮਤ ਵਿੱਚ ਕੀ ਲਿਖਿਆ ਹੈ। ਕੀ ਨਸੀਬ ਵਿੱਚ ਹੈ, ਸਮਝ ਹੀ ਨਹੀਂ ਆਉਂਦਾ। ਇੱਕ ਹਫ਼ਤਾ ਹੋ ਗਿਆ, ਜਦੋਂ ਦਾ ਗਿਆ ਉਦੋਂ ਤੋਂ ਕੋਈ ਗੱਲਬਾਤ ਨਹੀਂ ਹੈ। ਫੋਨ ਵੀ ਬੰਦ ਆਉਂਦਾ ਹੈ।"

ਉਧਰ 23 ਸਾਲ ਦੇ ਮੁਲਜ਼ਮ ਸੰਨੀ ਸਿੰਘ ਦੇ ਭਰਾ ਪਿੰਟੂ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨੇ ਰਿਸ਼ਤਾ ਖ਼ਤਮ ਕਰ ਲਿਆ ਹੈ।

18 ਸਾਲ ਦੇ ਅਰੁਣ ਮੌਰਿਆ ਦੇ ਰਿਸ਼ਤੇਦਾਰ ਮੀਡੀਆ ਨਾਲ ਗੱਲਬਾਤ ਦੌਰਾਨ ਕਹਿ ਰਹੇ ਹਨ ਕਿ ਉਹ ਕਈ ਦਿਨਾਂ ਤੋਂ ਘਰ ਨਹੀਂ ਆਇਆ।

ਵੀਡੀਓ ਕੈਪਸ਼ਨ, ਅਤੀਕ ਅਹਿਮਦ ਉੱਤੇ ਗੋਲੀ ਚਲਾਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਨੇ ਕੀ ਕਿਹਾ

ਅਤੀਕ ਅਹਿਮਦ ਗੱਲ ਵੀ ਪੂਰੀ ਨਾ ਕਰ ਸਕਿਆ...

ਜੀਪ ਤੋਂ ਹੇਠਾਂ ਉਤਰਨ ਦੇ 10 ਸਕਿੰਟਾਂ ਦੇ ਅੰਦਰ ਹੀ ਅਤੀਕ ਅਤੇ ਅਸ਼ਰਫ ਨੂੰ ਮੀਡੀਆ ਵਾਲਿਆਂ ਨੇ ਘੇਰ ਲਿਆ।

ਦੋਵੇਂ ਹਸਪਤਾਲ ਤੋਂ ਲਗਭਗ 10-15 ਮੀਟਰ ਦੀ ਦੂਰੀ 'ਤੇ ਬਿਲਕੁਲ ਸਾਹਮਣੇ ਦਿਖਾਈ ਦੇ ਰਹੇ ਸਨ। ਇੱਥੇ ਮੀਡੀਆ ਵਾਲੇ ਦੋਵੇਂ ਭਰਾਵਾਂ ਨੂੰ ਪੁੱਛ ਰਹੇ ਸਨ, "ਤੁਸੀਂ ਲੋਕ ਕੁਝ ਕਹੋਗੇ... ਕੁਝ ਕਹਿਣਾ ਚਾਹੋਗੇ?"

ਇਸ 'ਤੇ ਅਸ਼ਰਫ਼ ਨੇ ਪੁੱਛਿਆ, "ਕੀ ਕਹੀਏ, ਕੀ ਕਹੀਏ?"

ਇੱਕ ਮੀਡੀਆ ਵਾਲੇ ਨੇ ਪੁੱਛਿਆ, "ਤੁਸੀਂ ਅੱਜ ਜਨਾਜ਼ੇ 'ਚ ਨਹੀਂ ਗਏ। ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?"

ਇਸ 'ਤੇ ਅਤੀਕ ਅਹਿਮਦ ਨੇ ਕਿਹਾ, "ਨਹੀਂ ਲੈ ਕੇ ਗਏ ਤਾਂ ਨਹੀਂ ਗਏ।"

ਇਸ ਤੋਂ ਬਾਅਦ ਅਸ਼ਰਫ ਨੇ ਕਿਹਾ, "ਮੇਨ ਗੱਲ ਇਹ ਹੈ ਕਿ ਗੁੱਡੂ ਮੁਸਲਿਮ..."

ਅਸ਼ਰਫ ਦਾ ਇੰਨਾ ਕਹਿਣਾ ਸੀ ਕਿ ਕੈਮਰੇ 'ਚ ਨਜ਼ਰ ਆਉਂਦਾ ਹੈ ਕਿ ਅਤੀਕ ਅਹਿਮਦ ਦੀ ਕਨਪਟੀ ਨਾਲ ਪਿਸਤੌਲ ਲੱਗੀ ਤੇ ਤੁਰੰਤ ਗੋਲ਼ੀ ਚੱਲੀ।

ਅਤੀਕ ਉਸੇ ਪਲ ਜ਼ਮੀਨ 'ਤੇ ਡਿੱਗ ਗਿਆ।

ਇਸ ਤੋਂ ਤੁਰੰਤ ਬਾਅਦ ਅਤੀਕ ਅਹਿਮਦ ਅਤੇ ਉਸ ਦੇ ਭਰਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਗੋਲੀਆਂ ਚਲਾਈਆਂ ਗਈਆਂ।

ਇਸ ਘਟਨਾ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਅਤੀਕ ਤੇ ਅਸ਼ਰਫ ਦਾ ਕਤਲ

ਤਸਵੀਰ ਸਰੋਤ, ANI

ਲਾਈਨ

ਅਤੀਕ ਅਹਿਮਦ ਬਾਰੇ ਮੁੱਖ ਗੱਲਾਂ

  • 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸੀ।
  • 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
  • 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
  • 24 ਫ਼ਰਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
  • ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
  • 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚਿਆ ਤੇ ਇਸੇ ਦੌਰਾਨ ਉਸ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।
  • ਇਸ ਤੋਂ ਦੋ ਦਿਨ ਬਾਅਦ, 15 ਅਪ੍ਰੈਲ ਦੀ ਰਾਤ ਅਟੈਕ ਅਤੇ ਉਸ ਦੇ ਭਰਾ ਨੂੰ ਸਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਲਾਈਨ
ਅਤੀਕ ਤੇ ਅਸ਼ਰਫ ਦਾ ਕਤਲ

ਤਸਵੀਰ ਸਰੋਤ, ANI

ਹੋਰ ਵੀਡੀਓਜ਼ 'ਚ ਕੀ ਨਜ਼ਰ ਆਇਆ

ਇਕ ਹੋਰ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਭਰਾਵਾਂ ਦੇ ਹੱਥਕੜੀ ਲੱਗੀ ਹੋਈ ਹੈ ਅਤੇ ਉਹ ਕੈਮਰੇ 'ਤੇ ਮੀਡੀਆ ਵਾਲਿਆਂ ਨਾਲ ਗੱਲ ਕਰ ਰਹੇ ਹਨ।

ਜਦੋਂ ਉਹ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਦੋਵਾਂ ਨੂੰ ਗੋਲੀ ਮਾਰ ਦਿੱਤੀ ਗਈ।

ਇਸ ਵੀਡੀਓ ਵਿੱਚ ਕਮੀਜ਼, ਨੀਲੀ ਜੀਨਸ, ਚਿੱਟੇ ਜੁੱਤੇ ਪਹਿਨੇ ਇੱਕ ਹਮਲਾਵਰ ਅਤੀਕ ਅਤੇ ਅਸ਼ਰਫ 'ਤੇ ਗੋਲ਼ੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।

ਨਾਲ ਹੀ ਇਹ ਵੀ ਦਿਖਾਈ ਦਿੰਦਾ ਹੈ ਕਿ ਦੋਵੇਂ ਭਰਾ ਖੂਨ ਨਾਲ ਲਥਪਥ ਜ਼ਮੀਨ 'ਤੇ ਡਿੱਗੇ ਹੋਏ ਹਨ।

ਅਤੀਕ ਤੇ ਅਸ਼ਰਫ ਦਾ ਕਤਲ

ਤਸਵੀਰ ਸਰੋਤ, ANI

ਇੱਕ ਹੋਰ ਵੀਡੀਓ ਵਿੱਚ ਦਿਖਾਈ ਦਿੱਤਾ ਕਿ ਇਨ੍ਹਾਂ ਹਮਲਾਵਰਾਂ ਨੇ ਹਫੜਾ-ਦਫੜੀ ਦਰਮਿਆਨ ਆਤਮ ਸਮਰਪਣ ਕੀਤਾ ਅਤੇ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਵੀਡੀਓ 'ਚ ਇਕ ਹੋਰ ਹਮਲਾਵਰ ਚੈੱਕ ਸ਼ਰਟ ਅਤੇ ਜੀਨਸ 'ਚ ਦੋਵੇਂ ਹੱਥ ਉੱਪਰ ਕੀਤੇ ਹੋਏ ਨਜ਼ਰ ਆਉਂਦਾ ਹੈ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਹਰ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਹਮਲਾਵਰ ਵੱਲੋਂ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ।

ਚਸ਼ਮਦੀਦ ਨੇ ਕੀ ਦੱਸਿਆ

ਵਿਜੇ ਮਿਸ਼ਰਾ

ਤਸਵੀਰ ਸਰੋਤ, ANI

ਇਸ ਘਟਨਾ ਨੂੰ ਨੇੜਿਓਂ ਦੇਖਣ ਵਾਲੇ ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਨੇ ਹਮਲੇ ਦੀ ਪੂਰੀ ਘਟਨਾ ਬਾਰੇ ਦੱਸਿਆ।

ਉਨ੍ਹਾਂ ਦੱਸਿਆ, "ਪੁਲਿਸ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਮੈਡੀਕਲ ਚੈੱਕਅਪ ਲਈ ਲੈ ਕੇ ਜਾ ਰਹੀ ਸੀ। ਜਿਵੇਂ ਹੀ ਉਹ ਮੈਡੀਕਲ ਕੈਂਪਸ ਦੇ ਗੇਟ ਤੋਂ ਦੋ ਕਦਮ ਅੱਗੇ ਵਧੇ ਤਾਂ ਗੋਲੀ ਚੱਲਣ ਦੀ ਅਵਾਜ਼ ਆਈ। ਮੈਂ ਵਿਧਾਇਕ ਦੇ ਨਾਲ ਹੀ ਸੀ, ਉਨ੍ਹਾਂ ਨੂੰ ਗੋਲ਼ੀ ਲੱਗੀ ਅਤੇ ਫਿਰ ਸਾਂਸਦ ਜੀ ਨੂੰ ਗੋਲ਼ੀ ਵੱਜੀ। ਦੋਵੇਂ ਉੱਥੇ ਹੀ ਡਿੱਗ ਪਏ ਅਤੇ ਫਿਰ ਭਗਦੜ ਮੱਚ ਗਈ।"

ਇਹ ਪੁੱਛੇ ਜਾਣ 'ਤੇ ਕਿ ਕੀ ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਕਿਹਾ, "ਪੁਲਿਸ ਨੇ ਗੋਲੀ ਚਲਾਉਣ ਵਾਲਿਆਂ ਨੂੰ ਤੁਰੰਤ ਫੜ੍ਹ ਲਿਆ।"

ਕੀ ਪੁਲਿਸ ਨੇ ਕੋਈ ਗੋਲੀ ਚਲਾਈ? ਇਸ ਸਵਾਲ 'ਤੇ ਉਨ੍ਹਾਂ ਕਿਹਾ, ''ਨਹੀਂ, ਉਸ ਨੂੰ ਕੋਈ ਨਹੀਂ ਦੇਖ ਸਕਿਆ ਕਿਉਂਕਿ ਭਗਦੜ ਮਚ ਗਈ ਸੀ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)