You’re viewing a text-only version of this website that uses less data. View the main version of the website including all images and videos.
ਸਾਕਾ ਪੰਜਾ ਸਾਹਿਬ: ਜਦੋਂ ਸਿੱਖਾਂ ਨੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਅੱਗੇ ਲੇਟ ਕੇ ਜਾਨਾਂ ਵਾਰੀਆਂ
- ਲੇਖਕ, ਡਾ. ਮੁਹੰਮਦ ਇਦਰੀਸ
- ਰੋਲ, ਐਸੋਸੀਏਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ
ਸਾਕਾ ਪੰਜਾ ਸਾਹਿਬ ਸ਼ਾਂਤਮਈ ਅਤੇ ਅਹਿੰਸਕ ਅੰਦੋਲਨ ਰਾਹੀ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਦਾ ਪ੍ਰਤੀਕ ਹੈ।
(ਇਹ ਲੇਖ ਪਹਿਲੀ ਵਾਰ ਸਾਲ 2022 'ਚ ਛਾਪਿਆ ਗਿਆ ਸੀ ਜਦੋਂ ਸਾਕਾ ਦੇ 100 ਸਾਲ ਪੂਰੇ ਹੋਏ ਸਨ। ਅਸੀਂ ਇਸ ਲੇਖ ਨੂੰ ਦੁਬਾਰਾ ਪੋਸਟ ਕਰ ਰਹੇ ਹਾਂ)
ਪੰਜਾ ਸਾਹਿਬ ਦਾ ਸਾਕਾ
ਸਾਕਾ ਪੰਜਾ ਸਾਹਿਬ ਦੀ ਕਹਾਣੀ ਅਸਲ ਵਿਚ ਅਮ੍ਰਿੰਤਸਰ ਵਿਚ ਗੁਰੂ ਕੇ ਬਾਗ ਮੋਰਚੇ ਲਈ ਲੜੇ ਗਏ ਸੰਘਰਸ਼ ਦੀ ਅਗਲੀ ਕੜੀ ਸੀ।
ਸ਼੍ਰੋਮਣੀ ਕਮੇਟੀ ਨੇ ਮਹੰਤਾਂ ਕੋਲੋ ਗੁਰੂ ਕੇ ਬਾਗ ਮੋਰਚੇ ਦਾ ਕਬਜਾ ਲੈ ਲਿਆ ਸੀ। ਪਰ ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਵਿਚੋਂ ਲੰਗਰ ਲਈ ਲੱਕੜ ਵੱਢਣ ਨਹੀਂ ਦਿੱਤਾ ਜਾ ਰਹੀ ਸੀ।
ਇਸ ਦੇ ਵਿਰੋਧ ਵਿਚ 8 ਅਗਸਤ 1922 ਨੂੰ ਮੁੜ ਸ਼ਾਂਤਮਈ ਅਹਿੰਸਕ ਅਦੰਲੋਨ ਸ਼ੁਰੂ ਹੋ ਗਿਆ।
ਪੁਲਿਸ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਅਤੇ ਨਜਾਇਜ਼ ਦਖ਼ਲ ਦਾ ਮੁਕੱਦਮਾ ਚਲਾਉਦੀ ਅਤੇ ਹਿਰਾਸਤ ਵਿਚ ਅੰਨ੍ਹੇਵਾਹ ਜ਼ਬਰ ਕਰਦੀ ਸੀ। ਇਹ ਸਭ ਕੁਝ 13 ਸਤੰਬਰ ਤੱਕ ਚੱਲਦਾ ਰਿਹਾ।
ਤਤਕਾਲੀ ਗਵਰਨਰ ਪੰਜਾਬ ਦੇ ਦਖ਼ਲ ਨਾਲ ਪੁਲਿਸ ਜ਼ਬਰ ਤਾਂ ਬੰਦ ਹੋ ਗਿਆ ਪਰ ਗ੍ਰਿਫ਼ਤਾਰੀਆਂ ਮੁੜ ਸ਼ੁਰੂ ਹੋ ਗਈਆਂ।
ਗ੍ਰਿਫ਼ਤਾਰ ਸਿੱਖ ਕਾਰਕੁਨਾਂ ਉੱਤੇ ਅੰਮ੍ਰਿਤਸਰ ਵਿਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਰੇਲ੍ਹ ਗੱਡੀਆਂ ਵਿਚ ਭਰਕੇ ਦੂਰ ਦੂਰਾਡੇ ਦੀਆਂ ਜੇਲ੍ਹਾਂ ਵਿਚ ਭੇਜਿਆ ਜਾਣ ਲੱਗਾ।
29 ਅਕਤੂਬਰ 1922 ਨੂੰ ਸਿੱਖ ਕੈਦੀਆਂ ਨੂੰ ਲੈ ਕੇ ਇੱਕ ਰੇਲ ਗੱਡੀ ਨੂੰ ਅਟਕ ਭੇਜਿਆ ਗਿਆ, ਜੋ ਵਾਇਆ ਹਸਨ ਅਬਦਾਲ ਜਾਣੀ ਸੀ।
ਇਸ ਮੋਰਚੇ ਦੌਰਾਨ ਗ੍ਰਿਫਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫ਼ਸਰਾਂ ਵਲੋਂ ਭੁੱਖੇ-ਭਾਣੇ ਕੈਦ ਕਰਕੇ ਰੇਲ ਗੱਡੀਆਂ ਰਾਹੀਂ ਅਟਕ ਦੀ ਜੇਲ੍ਹ ਲਿਜਾਇਆ ਜਾ ਰਿਹਾ ਸੀ।
ਲੰਗਰ ਛਕਾਉਣ ਲਈ ਵਾਰੀ ਜਾਨ
ਇਹ ਘਟਨਾ 30 ਅਕਤੂਬਰ,1922 ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ।
ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਅਤੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੂੰ ਭੁੱਖੇ ਕੈਦੀ ਸਿੱਖਾਂ ਨੂੰ ਲੰਗਰ ਛਕਾਉਣ ਲਈ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਰੇਲ ਗੱਡੀ ਨੂੰ ਰੋਕਣ ਲਈ ਕਿਹਾ।
ਉਨ੍ਹਾਂ ਦਾ ਮੰਤਵ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਪਾਣੀ ਛਕਾਉਣਾ ਸੀ, ਪਰ ਸਟੇਸ਼ਨ ਮਾਸਟਰ ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ।
ਚੱਲਦੀ ਗੱਡੀ ਨੂੰ ਜ਼ਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਖ਼ਜ਼ਾਨਚੀ ਅਤੇ ਆਨੰਦਪੁਰ ਸਾਹਿਬ ਤੋਂ ਆਏ ਇੱਕ ਸ਼ਰਧਾਲੂ ਕਰਮ ਸਿੰਘ ਆਪਣੇ ਸ਼ੀਸ਼ ਰੇਲ ਗੱਡੀ ਦੀ ਪੱਟੜੀ 'ਤੇ ਰੱਖ ਕੇ ਲੇਟ ਗਏ।
ਗੱਡੀ ਨਾ ਰੁਕੀ ਤੇ ਉਹ ਦੋਵੇਂ ਉਸੇ ਥਾਂ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਲ ਛੇ ਹੋਰ ਸਿੰਘ ਵੀ ਇਸ ਦੌਰਾਨ ਜ਼ਖ਼ਮੀ ਹੋ ਗਏ ਸਨ।
ਗੱਡੀ ਉਸੇ ਸਥਾਨ 'ਤੇ ਡੇਢ ਘੰਟੇ ਲਈ ਰੁਕੀ ਰਹੀ, ਜਿਸ ਨਾਲ ਉਸ 'ਚ ਸਵਾਰ ਸਿੱਖ ਕੈਦੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਗਈਆਂ।
ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਅਨੁਸਾਰ, ਪੰਜਾ ਸਾਹਿਬ ਸਾਕੇ ਦੀ ਯਾਦ ਵਿੱਚ 14 ਅਕਤੂਬਰ, 1932 ਈਸਵੀ ਨੂੰ ਪਟਿਆਲਾ ਸ਼ਾਹੀ ਰਿਆਸਤ ਦੇ ਉਸ ਸਮੇਂ ਟਿੱਕਾ ਯਾਦਵਿੰਦਰ ਦੀ ਪ੍ਰਧਾਨਗੀ ਅਧੀਨ ਨਵੇਂ ਸਰੋਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ।
ਪੰਜ ਪਿਆਰਿਆਂ ਭਾਈ ਰਣਧੀਰ ਸਿੰਘ, ਬਾਬਾ ਵਿਸਾਖਾ ਸਿੰਘ, ਬਾਬਾ ਨਿਧਾਨ ਸਿੰਘ, ਭਾਈ ਜੋਧ ਸਿੰਗ ਅਤੇ ਸੰਤ ਬੁੱਧ ਸਿੰਘ ਦੁਆਰਾ ਅਰਦਾਸ ਕਰਕੇ ਇਸ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਸੀ।
ਭਾਰਤ ਦੀ ਆਜ਼ਾਦੀ ਅਤੇ ਵੰਡ ਦੇ ਨਾਲ ਹੀ ਇਹ ਗੁਰਦੁਆਰਾ ਕਈ ਹੋਰ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਾਮਾਂ ਵਾਂਗ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ।
ਹਸਨ ਅਬਦਾਲ ਦਾ ਪਿਛੋਕੜ
ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਦੂਰੀ ਉੱਪਰ ਹੀ ਪੰਜਾ ਸਾਹਿਬ ਗੁਰਦੁਆਰਾ ਸਥਿਤ ਹੈ।
ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਹਸਨ ਅਬਦਾਲ ਰਾਵਲਪਿੰਡੀ ਤੋਂ ਲਗਭਗ 35 ਕਿਲੋਮੀਟਰ ਦੂਰ ਹੈ।
ਇਤਿਹਾਸਕ ਵੇਰਵਿਆਂ ਮੁਤਾਬਕ ਗੁਰੂ ਨਾਨਕ ਦੇਵ ਜਦੋਂ ਪੱਛਮੀ ਉਦਾਸੀ ਭਾਵ ਮੱਕਾ ਅਤੇ ਬਗਦਾਦ ਜੋ ਕਿ ਇਸਲਾਮ ਧਰਮ ਦੇ ਪ੍ਰਮੁੱਖ ਕੇਂਦਰ ਹਨ, ਤੋਂ ਵਾਪਸ ਆ ਰਹੇ ਸਨ ਤਾਂ ਉਹ ਇਸ ਸਥਾਨ ਉੱਪਰ ਕੁਝ ਸਮਾਂ ਰੁਕੇ ਸਨ।
ਇਸ ਸਮੇਂ ਗੁਰੂ ਨਾਨਕ ਦੇਵ ਨਾਲ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂ ਭਾਈ ਮਰਦਾਨਾ ਵੀ ਸਨ।
ਕਲੀ ਕੰਧਾਰੀ ਵਾਲੀ ਘਟਨਾ
ਭਾਈ ਸੰਤੋਖ ਸਿੰਘ ਦੀ ਲਿਖਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਪ੍ਰਚਲਿਤ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਉੱਪਰ ਭਾਈ ਮਰਦਾਨਾ ਨੂੰ ਪਾਣੀ ਦੀ ਪਿਆਸ ਲੱਗੀ ਸੀ।
ਪਾਣੀ ਪੀਣ ਲਈ ਉਹ ਪਹਾੜ 'ਤੇ ਇਕਾਂਤ ਵਿੱਚ ਰਹਿੰਦੇ ਵਲੀ ਕੰਧਾਰੀ ਨਾਮੀ ਸੂਫੀ ਕੋਲ ਗਏ, ਪਰ ਵਲੀ ਕੰਧਾਰੀ ਵੱਲੋਂ ਭਾਈ ਮਰਦਾਨਾ ਨੂੰ ਤਿੰਨ ਵਾਰ ਪਾਣੀ ਮੰਗਣ ਉੱਤੇ ਵੀ ਪਾਣੀ ਨਾ ਦਿੱਤਾ ਗਿਆ।
ਇਸ ਕਾਰਨ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਕੋਲ ਫਰਿਆਦ ਕੀਤੀ ਕਿ ਉਹ ਪਾਣੀ ਬਿਨਾਂ ਮਰ ਰਹੇ ਹਨ ਅਤੇ ਵਲੀ ਕੰਧਾਰੀ ਨੇ ਉਨ੍ਹਾਂ ਨੂੰ ਪੀਣ ਲਈ ਪਾਣੀ ਨਹੀਂ ਦਿੱਤਾ।
ਪੰਜਾਬੀ ਪੀਡੀਆ ਅਨੁਸਾਰ ਗੁਰੂ ਨਾਨਾਕ ਦੇਵ ਨੇ "ਸਤਿ ਕਰਤਾਰ ਕਹਿ" ਕੇ "ਪ੍ਰਭੂ ਦਾਸ ਕਾ ਦੁਖ ਖਵਿ ਸਕੇ" ਦੇ ਭਾਵ ਅਨੁਸਾਰ ਭਾਈ ਮਰਦਾਨਾ ਨੂੰ ਕੋਲ ਪਿਆ ਪੱਥਰ ਚੁੱਕਣ ਲਈ ਕਿਹਾ।
ਜਦੋਂ ਮਰਦਾਨਾ ਨੇ ਪੱਥਰ ਚੁੱਕਿਆ ਤਾਂ ਉਸ ਹੇਠੋਂ ਪਾਣੀ ਦਾ ਚਸ਼ਮਾ ਫੁੱਟ ਗਿਆ।
ਉੱਧਰ ਵਲੀ ਕੰਧਾਰੀ ਦੇ ਚਸ਼ਮੇ ਦਾ ਪਾਣੀ ਖਤਮ ਹੋਣ ਲੱਗਾ ਤੇ ਕੰਧਾਰੀ ਨੇ ਕ੍ਰੋਧ ਵਿੱਚ ਆ ਕੇ ਆਪਣੀ ਸ਼ਕਤੀ ਨਾਲ ਇੱਕ ਪੱਥਰ ਗੁਰੂ ਜੀ ਵੱਲ ਧੱਕ ਦਿੱਤਾ।
ਅੱਗੇ ਗੁਰੂ ਜੀ ਨੇ ਆਪਣੇ ਪੰਜੇ ਨਾਲ ਪੱਧਰ ਨੂੰ ਕੁਝ ਪਰੰਪਰਾਵਾਂ ਅਨੁਸਾਰ ਰੋਕ ਲਿਆ। ਇਸੇ ਕਾਰਨ ਬਾਅਦ ਵਿੱਚ ਇਸ ਇਤਿਹਾਸਕ ਸਥਾਨ ਦਾ ਨਾਮ ਪੰਜਾ ਸਾਹਿਬ ਪੈ ਗਿਆ।
ਨਾਮਕਰਣ ਅਤੇ ਸਥਾਪਨਾ
ਪੰਜਾ ਸਾਹਿਬ ਸਥਾਨ 'ਤੇ ਗੁਰਦੁਆਰੇ ਦੀ ਸੇਵਾ ਸਭ ਤੋਂ ਪਹਿਲਾਂ ਹਰਿ ਸਿੰਘ ਨਲਵਾ ਦੁਆਰਾ ਕਰਵਾਈ ਗਈ ਸੀ।
ਭਾਈ ਹਰਬੰਸ ਸਿੰਘ ਦੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਕੁਝ ਜ਼ਮੀਨ ਦਿੱਤੀ ਗਈ ਸੀ ਅਤੇ ਆਪਣੇ ਜੀਵਨ ਦੌਰਾਨ ਉਹ ਇੱਕ ਵਾਰ ਇੱਥੇ ਆਏ ਵੀ ਸਨ।
ਕੁਝ ਹੋਰ ਸਰੋਤਾਂ ਅਨੁਸਾਰ ਪੰਜ ਸੌ ਰੁਪਏ ਸਲਾਨਾ ਜਾਗੀਰ ਅਤੇ ਕੁਝ ਸਥਾਨਕ ਪਣਚੱਕੀਆਂ ਤੋਂ ਹੋਣ ਵਾਲੀ ਆਮਦਨ ਵੀ ਪੰਜਾ ਸਾਹਿਬ ਗੁਰੂਦੁਆਰੇ ਦੇ ਨਾਮ ਲਗਾਈ ਸੀ।
1920 ਈਸਵੀ ਤੱਕ ਬਰਤਾਨਵੀ ਰਾਜ ਦੌਰਾਨ ਹੋਰ ਗੁਰਦੁਆਰਿਆਂ ਵਾਂਗ ਪੰਜਾ ਸਾਹਿਬ ਉੱਤੇ ਵੀ ਮਹੰਤਾਂ ਦਾ ਕਬਜ਼ਾ ਸੀ।
17-18 ਨਵੰਬਰ, 1920 ਈਸਵੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਅਧੀਨ 25 ਸਿੰਘਾਂ ਦੇ ਜੱਥੇ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਵੀ ਮਹੰਤਾਂ ਦੇ ਕਬਜ਼ੇ ਤੋਂ ਆਜਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਂਦਾ ਗਿਆ ਸੀ।
ਧਾਰਮਿਕ ਮਹੱਤਵ
1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਪ੍ਰੈਲ ਖਾਲਸਾ ਸਾਜਨਾ 'ਤੇ ਅਤੇ ਹੋਰ ਮਹੱਤਵਪੂਰਨ ਦਿਹਾੜਿਆਂ 'ਤੇ ਪਾਕਿਸਤਾਨ ਵਿਖੇ ਜਥੇ ਭੇਜੇ ਜਾਂਦੇ ਹਨ।
ਇਨ੍ਹਾਂ ਜਥਿਆਂ ਦੁਆਰਾ ਪੰਜਾ ਸਾਹਿਬ ਦੀ ਯਾਤਰਾ ਵੀ ਕੀਤੀ ਜਾਂਦੀ ਹੈ।
ਪੰਜਾ ਸਾਹਿਬ ਸਾਕੇ ਦੇ ਸੌ ਸਾਲ ਯਾਦਗਾਰੀ ਸਮਾਗਮ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰ ਰਾਸ਼ਟਰੀ ਪੱਧਰ 'ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ।
ਜਿਸ ਹਸਨ ਅਬਦਾਲ ਰੇਲਵੇ ਸਟੇਸ਼ਨ ਉੱਤੇ ਸਾਕਾ ਵਾਪਰਿਆ ਸੀ, ਉੱਥੇ ਵੱਡਾ ਕੀਰਤਨ ਦਰਬਾਰ ਕੀਤਾ ਜਾ ਰਿਹਾ ਹੈ।
ਇਸ ਸਾਕੇ ਦਾ ਗੁਰਦੁਆਰਾ ਸੁਧਾਰ ਲਹਿਰ ਅਤੇ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਅਹਿਮ ਮਹੱਤਵ ਰਿਹਾ ਹੈ।
ਸੰਖੇਪ ਵਿੱਚ ਪੰਜਾ ਸਾਹਿਬ ਦਾ ਸਾਕਾ ਵੀ ਗੁਰਦੁਆਰਾ ਸੁਧਾਰ ਲਹਿਰ ਤੇ ਪੰਜਾਬ ਵਿੱਚ ਚੱਲ ਰਹੀ ਭਾਰਤੀ ਸੁਤੰਤਰਤਾ ਸੰਗਰਾਮ ਦੀ ਲਹਿਰ ਦਾ ਇੱਕ ਅਹਿਮ ਤੇ ਮਹੱਤਵਪੂਰਨ ਹਿੱਸਾ ਸੀ।
ਗੁਰਦੁਆਰਾ ਸੁਧਾਰ ਲਹਿਰ 1920-25 ਅਧੀਨ ਅਨੇਕਾਂ ਗੁਰਦੁਆਰਿਆਂ ਨੂੰ ਮਹੰਤਾਂ ਅਤੇ ਬਰਤਾਨਵੀ ਪਿੱਠੂਆਂ ਤੋਂ ਆਜ਼ਾਦ ਕਰਵਾਉਣ ਲਈ ਅਕਾਲੀਆਂ, ਸਿੱਖਾਂ, ਹੋਰ ਪੰਜਾਬੀਆਂ ਤੇ ਔਰਤਾਂ ਨੇ ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ ਅਤੇ ਸ਼ਹਾਦਤਾਂ ਵੀ ਦਿੱਤੀਆਂ ਸਨ।
ਕੁਝ ਹੋਰ ਮਹੱਤਵਪੂਰਨ ਮੋਰਚੇ ਗੁਰਦੁਆਰਾ ਰਕਾਬ ਗੰਜ, ਬਾਬੇ ਦੀ ਬੇਰ, ਸਿਆਲਕੋਟ, ਨਨਕਾਣਾ ਸਾਹਿਬ, ਕੂਜੀਆਂ ਦਾ ਮੋਰਚਾ, ਗੁਰੂ ਕਾ ਬਾਗ਼ ਅਤੇ ਜੈਤੋਂ ਆਦਿ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ