ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਜੋੜਾ ਸਾਹਿਬ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਤੱਕ ਕਿਵੇਂ ਪਹੁੰਚੇ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ, ਪਟਨਾ ਸਾਹਿਬ ਰਵਾਨਾ ਕਰਨ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਸੌਂਪ ਦਿੱਤੇ ਹਨ।

ਇਹ ਜੋੜੇ ਸਾਹਿਬ ਯਾਤਰਾ ਦੇ ਰੂਪ ਵਿੱਚ ਬਿਹਾਰ ਵਿੱਚ ਸਥਿਤ ਗੁਰਦੁਆਰਾ ਪਟਨਾ ਸਾਹਿਬ ਵਿਖੇ ਪਹੁੰਚਾਏ ਜਾਣਗੇ।

ਇੱਕ ਪ੍ਰੈੱਸ ਕਾਨਫਰੰਸ ਦੌਰਾਨ ਹਰਦੀਪ ਪੁਰੀ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ 300 ਸਾਲਾਂ ਤੋਂ ਪਵਿੱਤਰ ਜੌੜਾ ਸਾਹਿਬ ਦੀ ਸੇਵਾ-ਸੰਭਾਲ ਦੀ ਸੇਵਾ ਮਿਲੀ ਹੋਈ ਹੈ।

ਉਨ੍ਹਾਂ ਨੇ ਅੱਗੇ ਦੱਸਿਆ, “1947 ਵਿੱਚ ਭਾਰਤ-ਪਾਕਿਸਤਾਨ ਵੰਡ ਵੇਲੇ ਸਾਡੇ ਪਰਿਵਾਰ ਦੇ ਮੰਨੇ-ਪ੍ਰਮੰਨੇ ਸਰਦਾਰ ਉੱਤਮ ਸਿੰਘ ਦੁੱਗਲ, ਸਾਡੇ ਜੱਦੀ ਪਿੰਡ ਦਮਿਆਲ ਤੋਂ ਇਹ ਜੋੜੇ ਸਾਹਿਬ ਰਾਵਲਪਿੰਡੀ ਲੈ ਕੇ ਆਏ ਸੀ। ਸਾਡੇ ਪਰਿਵਾਰ ਦੇ ਇੱਕ ਮਸ਼ਹੂਰ ਵਕੀਲ ਸਨ ਐਡਵੋਕੇਟ ਸਰਦਾਰ ਬਹਾਦੁਰ ਬੇਅੰਤ ਸਿੰਘ ਪੁਰੀ, ਉਹ ਜਹਾਜ਼ ਰਾਹੀਂ ਜੋੜੇ ਸਾਹਿਬ ਲੈ ਕੇ ਆਏ।''

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ, "ਉਸ ਵੇਲੇ ਕਈ ਪਰਿਵਾਰ ਆਏ, ਜਿਨ੍ਹਾਂ ਨੇ ਸੋਚਿਆ ਕਿ ਹਾਲਾਤ ਸੁਧਰ ਜਾਣਗੇ ਤੇ ਫਿਰ ਵਾਪਸ ਚਲੇ ਜਾਵਾਂਗੇ, ਪਰ ਉਨ੍ਹਾਂ ਨੇ ਦੇਖਿਆ ਕਿ ਹੁਣ ਹਾਲਾਤ ਸੁਧਰਣ ਵਾਲੇ ਨਹੀਂ। ਇਸ ਲਈ ਉਹ ਜੋੜੇ ਸਾਹਿਬ ਨੂੰ ਜਹਾਜ਼ ਰਾਹੀਂ ਇੱਥੇ ਲੈ ਆਏ।"

"ਸਰਦਾਰ ਬਹਾਦੁਰ ਬੇਅੰਤ ਸਿੰਘ ਪੂਰੀ ਦੇ ਵੱਡੇ ਬੇਟੇ ਸਰਦਾਰ ਅਵਤਾਰ ਸਿੰਘ ਪੁਰੀ ਫਰੰਟੀਅਰ ਕੈਨਟੂਰਨਮੈਂਟ ਸਰਵਿਸ ਦੇ ਸੀਨੀਅਰ ਅਫਸਰ ਸਨ। ਉਨ੍ਹਾਂ ਮਗਰੋਂ, ਉਨ੍ਹਾਂ ਦੇ ਬੇਟੇ ਜਸਮੀਤ ਸਿੰਘ ਪੁਰੀ ਜੋ ਮੇਰੇ ਰਿਸ਼ਤੇਦਾਰ ਸਨ, ਇਹ ਜੋੜੇ ਸਾਹਿਬ ਉਨ੍ਹਾਂ ਕੋਲ ਰਹੇ।"

"ਜਦੋਂ ਸਰਦਾਰ ਜਸਮੀਤ ਸਿੰਘ ਪੁਰੀ ਦਾ ਦੇਹਾਂਤ ਹੋ ਗਿਆ ਤਾਂ ਪਰਿਵਾਰ ਨੇ ਮੈਨੂੰ ਕਿਹਾ ਕਿ ਤੁਸੀਂ ਉਸ ਪੀੜ੍ਹੀ ਦੇ ਵੱਡੇ ਮੈਂਬਰ ਹੋ ਅਤੇ ਜੋੜੇ ਸਾਹਿਬ ਦੀ ਸੇਵਾ ਹੁਣ ਤੁਸੀਂ ਲਓ।"

ਉਨ੍ਹਾਂ ਨੇ ਅੱਗੇ ਦੱਸਿਆ, "ਫਿਰ ਮੈਂ ਆਪਣੇ ਪਰਿਵਾਰ ਅਤੇ ਸਰਕਾਰ ਨਾਲ ਗੱਲ ਕੀਤੀ ਕਿਉਂਕਿ ਇਹ ਬਹੁਤ ਇਤਿਹਾਸਿਕ, ਧਾਰਮਿਕ, ਸੱਭਿਆਚਾਰਕ ਅਤੇ ਭਾਵਨਾਤਮਕ ਤੌਰ 'ਤੇ ਕੀਮਤੀ ਹਨ, ਅਸੀਂ ਸੋਚਿਆ ਕਿ ਇਨ੍ਹਾਂ ਦੀ ਕਾਰਬਨ ਫੋਰਟੀਨ ਟੈਸਟਿੰਗ ਵੀ ਕਰਾ ਲੈਣੀ ਚਾਹੀਦੀ ਹੈ।"

"ਕਲਚਰਲ ਮਿਨਿਸਟਰੀ ਨੇ ਕਾਰਬਨ ਫੋਰਟੀਨ ਟੈਸਟਿੰਗ ਕਰਵਾਈ। ਟੈਸਟਿੰਗ ਦੀ ਰਿਪੋਰਟ ਤੇ ਜਿਨ੍ਹਾਂ ਸਿੱਖ ਇਤਿਹਾਸਕਾਰਾਂ ਨੇ ਇਨ੍ਹਾਂ 'ਤੇ ਅਧਿਐਨ ਕੀਤਾ, ਉਨ੍ਹਾਂ ਮੁਤਾਬਕ ਕਾਰਬਨ ਫੋਰਟੀਨ ਟੈਸਟਿੰਗ ਦੀ ਟਾਈਮਲਾਈਨ ਬਿਲਕੁਲ ਮੈਚ ਕਰਦੀਆਂ ਹਨ।"

"ਸਿੱਖ ਇਤਿਹਾਸ ਦੇ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਨੂੰ ਇੰਦਰਾ ਗਾਂਧੀ ਸੈਂਟਰ ਆਫ ਆਰਟ ਨੇ ਬੇਨਤੀ ਕੀਤੀ ਸੀ ਕਿ ਇਸ ਬਾਰੇ ਸਾਰਾ ਅਧਿਐਨ ਕੀਤਾ ਜਾਵੇ ਅਤੇ ਉਨ੍ਹਾਂ ਨੇ ਵੀ ਇਸ ਦੀ ਤਸਦੀਕ ਕੀਤੀ।"

ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਜਸਮੀਤ ਸਿੰਘ ਪੁਰੀ ਦੇ ਦੇਹਾਂਤ ਮਗਰੋਂ ਇਹ ਸਪੱਸ਼ਟ ਹੋ ਗਿਆ ਸੀ ਜੋੜੇ ਸਾਹਿਬ ਨੂੰ ਉਨ੍ਹਾਂ ਨੂੰ ਉਚਿਤ ਥਾਂ 'ਤੇ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਸੰਗਤਾਂ ਇਨ੍ਹਾਂ ਦੇ ਦਰਸ਼ਨ ਕਰ ਸਕਣ।

ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਇਸ ਲਈ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੀਆਂ ਹਸਤੀਆਂ ਸ਼ਾਮਲ ਸਨ। ਉਨ੍ਹਾਂ ਨੇ ਸੰਗਤਾਂ ਨਾਲ ਸੰਬਧਿਤ ਲੋਕਾਂ ਨਾਲ ਵਿਚਾਰ-ਚਰਚਾ ਕਰ ਕੇ ਫ਼ੈਸਲਾ ਲਿਆ ਗਿਆ ਜੋੜੇ ਸਾਹਿਬ ਨੂੰ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ।

ਗੁਰਚਰਨ ਯਾਤਰਾ

ਹਰਦੀਪ ਸਿੰਘ ਪੁਰੀ ਨੇ ਪਵਿੱਤਰ ਜੋੜੇ ਸਾਹਿਬ ਨੂੰ ਆਪਣੇ ਘਰੋਂ ਰਵਾਨਾ ਕਰਨ ਤੋਂ ਪਹਿਲਾਂ ਅਰਦਾਸ ਵੀ ਕੀਤੀ। ਇਸ ਮੌਕੇ ਪੁਰੀ ਪਰਿਵਾਰ ਦੇ ਨਾਲ-ਨਾਲ ਹੋਰ ਸ਼ਰਧਾਲੂਆਂ ਨੇ ਵੀ ਪਵਿੱਤਰ ਜੋੜੇ ਦੇ ਦਰਸ਼ਨ ਕੀਤੇ।

ਇਸ ਮਗਰੋਂ ਉਹ ਪਵਿੱਤਰ ਜੋੜਿਆਂ ਨੂੰ ਲੈ ਕੇ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਪਹੁੰਚੇ।

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਇਸ ਦੌਰਾਨ ਦਰਸ਼ਨ ਕਰਨ ਪਹੁੰਚੇ।

ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗੁਰ ਚਰਨ ਯਾਤਰਾ 23 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 1 ਨਵੰਬਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਰ ਚਰਨ ਯਾਤਰਾ ਮੌਕੇ ਵਧਾਈਆਂ ਦਿੱਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਅਧਿਆਤਮਕ ਵਿਰਾਸਤ ਨੂੰ ਯਾਦ ਕੀਤਾ।

ਉਨ੍ਹਾਂ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਧਿਆਤਮਕ ਯਾਤਰਾ ਵਿੱਚ ਹਿੱਸਾ ਲੈਣ ਅਤੇ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ।

ਉਨ੍ਹਾਂ ਐਕਸ 'ਤੇ ਲਿਖਿਆ, ''ਮੈਂ ਕਾਮਨਾ ਕਰਦਾ ਹਾਂ ਕਿ 'ਗੁਰੂ ਚਰਨ ਯਾਤਰਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਉੱਤਮ ਆਦਰਸ਼ਾਂ ਨਾਲ ਸਾਡਾ ਨਾਤਾ ਨੂੰ ਹੋਰ ਡੂੰਘਾ ਕਰੇ। ਮੈਂ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਲਈ ਜ਼ਰੂਰ ਆਉਣ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)