ਪੁਤਿਨ ਦੇ ਭਾਰਤ ਦੌਰੇ ਨਾਲ ਦੋਵੇਂ ਦੇਸ਼ਾਂ ਨੂੰ ਕੀ ਫਾਇਦਾ ਹੋਵੇਗਾ, ਦੋਵਾਂ ਦੇਸ਼ਾਂ ਦੇ ਮਾਹਰ ਕੀ ਕਹਿ ਰਹੇ ਹਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚੇ ਸਨ

ਇਸ ਵੇਲੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਚੀਨ ਦੇ ਦੌਰੇ 'ਤੇ ਹਨ, ਜਦਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚੇ ਹਨ।

ਹਾਲਾਂਕਿ, ਪੁਤਿਨ ਦੇ ਭਾਰਤ ਦੌਰੇ ਦੀ ਚਰਚਾ ਜ਼ਿਆਦਾ ਹੋ ਰਹੀ ਹੈ। ਪੱਛਮੀ ਦੇਸ਼ ਇਸ ਦੌਰੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਰੂਸ ਦੇ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਪੱਛਮੀ ਦੇਸ਼ ਅਸਹਿਜ ਵੀ ਰਹਿੰਦੇ ਹਨ।

1 ਦਸੰਬਰ ਨੂੰ ਭਾਰਤ ਵਿੱਚ ਫਰਾਂਸ, ਬ੍ਰਿਟੇਨ ਅਤੇ ਜਰਮਨੀ ਦੇ ਡਿਪਲੋਮੈਟਾਂ ਨੇ ਟਾਈਮਜ਼ ਆਫ਼ ਇੰਡੀਆ ਵਿੱਚ ਇੱਕ ਸਾਂਝਾ ਲੇਖ ਲਿਖ ਕੇ ਯੂਕਰੇਨ ਜੰਗ ਨੂੰ ਲੰਮਾ ਖਿੱਚਣ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਸ ਦੇ ਜਵਾਬ ਵਿੱਚ, ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਨੇ ਉਸੇ ਅਖ਼ਬਾਰ ਵਿੱਚ ਇੱਕ ਲੇਖ ਲਿਖਿਆ ਅਤੇ ਸੰਯੁਕਤ ਲੇਖ ਨੂੰ ਯੂਕਰੇਨ ਜੰਗ ਬਾਰੇ ਭਾਰਤੀ ਜਨਤਾ ਨੂੰ "ਗੁੰਮਰਾਹ" ਕਰਨ ਵਾਲਾ ਦੱਸਿਆ।

ਰੂਸ ਦੇ ਮਾਹਰ ਇਸ ਦੌਰੇ ਨੂੰ ਕਿਵੇਂ ਦੇਖ ਰਹੇ ਹਨ?

ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Kremlin Press Service/Anadolu via Getty Images

ਤਸਵੀਰ ਕੈਪਸ਼ਨ, ਪੱਛਮੀ ਦੇਸ਼ ਇਸ ਦੌਰੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ

ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੇ ਇੰਸਟੀਚਿਊਟ ਆਫ਼ ਓਰੀਐਂਟਲ ਸਟਡੀਜ਼ ਵਿੱਚ ਸੈਂਟਰ ਫਾਰ ਸਾਇੰਟਿਫਿਕ ਐਂਡ ਐਨਾਲਿਟੀਕਲ ਇਨਫਰਮੇਸ਼ਨ ਦੇ ਮੁਖੀ ਨਿਕੋਲਾਈ ਪਲੋਤਨੀਕੋਵ ਨੇ ਦਿ ਹਿੰਦੂ ਨਾਲ ਗੱਲਬਾਤ ਵਿੱਚ ਭਾਰਤੀ ਵਿਦੇਸ਼ ਨੀਤੀ ਨੂੰ "ਵਿਹਾਰਕ" ਦੱਸਿਆ।

ਉਨ੍ਹਾਂ ਕਿਹਾ, "ਦੋਵਾਂ ਦੇਸ਼ਾਂ ਵਿਚਕਾਰ ਕਈ ਸਾਲਾਂ ਦੀ ਦੋਸਤੀ ਅਤੇ ਰਣਨੀਤਕ ਸਹਿਯੋਗ ਵਿੱਚ ਏਕਤਾ ਰਹੀ ਹੈ। ਦੁਵੱਲੇ ਸਬੰਧਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਅੰਦਰ ਸਹਿਯੋਗ ਵੀ ਲਗਾਤਾਰ ਅੱਗੇ ਵੱਧ ਰਿਹਾ ਹੈ। ਨਵੀਂ ਦਿੱਲੀ ਵਿੱਚ ਗੱਲਬਾਤ ਦਾ ਏਜੰਡਾ ਮੁੱਖ ਤੌਰ 'ਤੇ ਇਸ ਗੱਲ ਨਾਲ ਤੈਅ ਹੋ ਰਿਹਾ ਹੈ ਕਿ ਅਸੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਉਣ ਵਾਲੇ ਭਾਰੀ ਬਾਹਰੀ ਦਬਾਅ ਦੇ ਅਨੁਕੂਲ ਆਪਣੇ ਆਪ ਨੂੰ ਕਿਵੇਂ ਢਾਲ ਸਕਦੇ ਹਾਂ।"

ਹਾਲਾਂਕਿ ਕੁਝ ਰਿਪੋਰਟਾਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਪਾਬੰਦੀਆਂ ਤੋਂ ਬਚਣ ਲਈ ਭਾਰਤ ਨੇ ਰੂਸੀ ਤੇਲ ਦੀ ਖਰੀਦ ਨੂੰ ਕਾਫ਼ੀ ਘਟਾ ਦਿੱਤਾ ਹੈ, ਪਲੋਤਨੀਕੋਵ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਨੂੰ ਚੰਗਾ ਲਾਭ ਹੁੰਦਾ ਹੈ।

ਉਨ੍ਹਾਂ ਨੇ ਦਿ ਹਿੰਦੂ ਨੂੰ ਦੱਸਿਆ ਕਿ "ਭਾਰਤੀ ਦਰਾਮਦ 'ਚ ਰੂਸੀ ਤੇਲ ਚੰਗਾ ਖਾਸਾ ਹਿੱਸਾ ਹੈ ਅਤੇ ਇਸਨੂੰ ਖਰੀਦ ਕੇ ਭਾਰਤ ਕਾਫ਼ੀ ਮੁਨਾਫ਼ਾ ਕਮਾਉਂਦਾ ਹੈ। ਕੋਈ ਅਜਿਹੀ ਮੁਨਾਫ਼ੇ ਵਾਲੀ ਪੇਸ਼ਕਸ਼ ਨੂੰ ਕਿਉਂ ਠੁਕਰਾਏਗਾ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਰਨ ਦਾ ਮੌਕਾ ਮਿਲਦਾ ਹੋਵੇ?"

ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਪੁਤਿਨ ਲੰਘੇ ਵੀਰਵਾਰ ਸ਼ਾਮ ਨੂੰ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ

ਹਾਲਾਂਕਿ, ਕੁਝ ਮਾਹਰ ਕਹਿੰਦੇ ਹਨ ਕਿ ਭਾਰਤ ਅਤੇ ਰੂਸ ਤੇਲ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਸਾਂਝੇਦਾਰੀ ਦੇ ਮੌਕਿਆਂ ਦੀ ਭਾਲ਼ ਕਰ ਰਹੇ ਹਨ।

ਬੁੱਧਵਾਰ ਨੂੰ ਇੱਕ ਸਮਾਗਮ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸਰਕਾਰਾਂ ਵਿਚਕਾਰ ਸਮਝੌਤਿਆਂ ਵਿੱਚ "ਮੋਬਿਲਿਟੀ ਸਾਡੀ ਕੂਟਨੀਤੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ"।

ਦਿ ਹਿੰਦੂ ਨੂੰ ਹੀ ਮਾਸਕੋ-ਅਧਾਰਤ ਵਿਸ਼ਲੇਸ਼ਕ ਆਰਿਫ਼ ਅਸਾਲੀਓਗਲੂ ਨੇ ਕਿਹਾ, "ਰੂਸ ਨੂੰ ਭਾਰਤੀ ਕੁਸ਼ਲ ਅਤੇ ਅਰਧ-ਕੁਸ਼ਲ ਕਾਮਿਆਂ ਦੀ ਬਹੁਤ ਲੋੜ ਹੈ ਅਤੇ ਰੂਸ ਵਿੱਚ ਪੰਜ ਲੱਖ ਭਾਰਤੀ ਕਾਮਿਆਂ ਦੀ ਲੋੜ ਹੋ ਸਕਦੀ ਹੈ।"

ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਹੀ ਪੱਛਮੀ ਪਾਬੰਦੀਆਂ ਦੇ ਦਬਾਅ ਦਾ ਸਾਹਮਣਾ ਕਰਨ ਵਿੱਚ ਰੂਸ ਲਈ ਚੀਨ ਅਤੇ ਭਾਰਤ ਦਾ ਸਮਰਥਨ ਬਹੁਤ ਮਹੱਤਵਪੂਰਨ ਰਿਹਾ ਹੈ।

ਭਾਰਤ ਵਿੱਚ ਕੂਟਨੀਤਕ ਮਾਹਿਰ ਇਸ ਨੂੰ ਕਿਵੇਂ ਦੇਖਦੇ ਹਨ

ਮੋਦੀ, ਪੁਤਿਨ ਅਤੇ ਜਿਨਪਿੰਗ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਸਤੰਬਰ ਦੇ ਸ਼ੁਰੂ ਵਿੱਚ ਚੀਨ ਦੇ ਤਿਆਨਜਿਨ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ, ਭਾਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

ਯੂਕਰੇਨ ਜੰਗ ਤੋਂ ਬਾਅਦ ਤੋਂ ਹੀ ਰੂਸ ਇਸ ਗੱਲ 'ਤੇ ਜ਼ੋਰ ਦੇਣ ਲੱਗਿਆ ਹੈ ਕਿ ਵਰਲਡ ਆਰਡਰ ਵਿੱਚ ਸ਼ਕਤੀ ਸੰਤੁਲਨ ਹੁਣ ਬਦਲ ਰਿਹਾ ਹੈ।

ਇਸੇ ਸਾਲ ਅਗਸਤ ਮਹੀਨੇ ਦੇ ਅੰਤ ਵਿੱਚ ਜਦੋਂ ਚੀਨ ਦੇ ਤਿਆਨਜਿਨ ਵਿੱਚ ਚੀਨ, ਰੂਸ ਅਤੇ ਭਾਰਤ ਦੇ ਆਗੂ ਮਿਲੇ ਤਾਂ ਬਹੁ-ਧਰੁਵੀ ਦੁਨੀਆਂ ਦੀ ਗੱਲ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ।

ਭਾਰਤ ਦੀ ਨੀਤੀ ਸ਼ੁਰੂ ਤੋਂ ਹੀ ਗੁੱਟ-ਨਿਰਪੇਖ ਵਾਲੀ ਰਹੀ ਹੈ, ਪਰ ਜਿਵੇਂ-ਜਿਵੇਂ ਅੰਤਰਰਾਸ਼ਟਰੀ ਕੂਟਨੀਤਕ ਤਣਾਅ ਵਧ ਰਿਹਾ ਹੈ, ਭਾਰਤ 'ਤੇ ਵੀ ਦਬਾਅ ਵਧਿਆ ਹੈ ਕਿ ਉਹ ਕਿਸੇ ਇੱਕ ਪੱਖ ਨੂੰ ਚੁਣੇ। ਖਾਸ ਕਰਕੇ ਅਮਰੀਕਾ ਤੋਂ ਅਜਿਹਾ ਦਬਾਅ ਵਧਿਆ ਹੈ।।

ਪੁਤਿਨ ਦਾ ਭਾਰਤ ਦੌਰਾ

ਦਿ ਨਿਊ ਰਾਈਜ਼ਿੰਗ ਪਾਵਰਸ ਇਨ ਏ ਮਲਟੀਪੋਲਰ ਵਰਲਡ ਦੇ ਲੇਖਕ ਅਤੇ ਭੂ-ਰਾਜਨੀਤਿਕ ਮਾਮਲਿਆਂ ਦੇ ਮਾਹਰ ਜ਼ੋਰਾਵਰ ਦੌਲਤ ਸਿੰਘ ਕਹਿੰਦੇ ਹਨ ਕਿ ਭਾਰਤ ਨਵੀਂ ਵਿਸ਼ਵ ਵਿਵਸਥਾ ਲਈ ਖੁਦ ਨੂੰ ਤਿਆਰ ਕਰ ਰਿਹਾ ਹੈ।

ਉਨ੍ਹਾਂ ਐਕਸ 'ਤੇ ਲਿਖਿਆ, "2000 ਦੇ ਦਹਾਕੇ ਦੇ ਮੱਧ ਵਿੱਚ ਭਾਰਤ ਲਈ ਅਮਰੀਕੀ ਨਵ-ਰੂੜ੍ਹੀਵਾਦੀ ਯੋਜਨਾ ਦਾ ਮੂਲ ਆਧਾਰ ਸੀ ਰੂਸ ਨੂੰ ਹਟਾ ਕੇ ਭਾਰਤ ਨੂੰ ਆਪਣੇ ਖੇਮੇ ਦੀ 'ਮਹਾਂਸ਼ਕਤੀ' ਬਣਾਉਣਾ। ਪਰ ਰੂਸ ਦੇ ਉਭਾਰ ਨੇ ਉਨ੍ਹਾਂ ਦੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ।"

"ਇਹ ਹਫ਼ਤਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਭਾਰਤ ਆਖਿਰਕਾਰ ਆਪਣੇ ਭਰਮ ਦੂਰ ਕਰ ਰਿਹਾ ਹੈ ਅਤੇ ਖੁਦ ਨੂੰ ਇੱਕ ਨਵੀਂ ਵਿਸ਼ਵ ਵਿਵਸਥਾ ਲਈ ਤਿਆਰ ਕਰ ਰਿਹਾ ਹੈ।"

ਰਣਨੀਤਕ ਮਾਮਲਿਆਂ ਦੇ ਮਾਹਰ ਪ੍ਰਵੀਨ ਸਾਹਨੀ ਨੇ ਐਕਸ 'ਤੇ ਲਿਖਿਆ, "ਰਾਸ਼ਟਰਪਤੀ ਪੁਤਿਨ ਦਾ ਦੌਰਾ 2025 ਵਿੱਚ ਭਾਰਤ ਲਈ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ ਹੈ। ਜੇਕਰ ਰਾਸ਼ਟਰਪਤੀ ਟਰੰਪ ਕਵਾਡ ਸੰਮੇਲਨ ਲਈ ਭਾਰਤ ਆਏ ਹੁੰਦੇ, ਤਾਂ ਪੁਤਿਨ ਆਪਣੀ ਯਾਤਰਾ ਨੂੰ ਮੁਲਤਵੀ ਕਰ ਸਕਦੇ ਸਨ।"

ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੁਝ ਮਾਹਰ ਕਹਿੰਦੇ ਹਨ ਕਿ ਭਾਰਤ ਅਤੇ ਰੂਸ ਤੇਲ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਸਾਂਝੇਦਾਰੀ ਦੇ ਮੌਕਿਆਂ ਦੀ ਭਾਲ਼ ਕਰ ਰਹੇ ਹਨ

ਪੁਤਿਨ ਦੀ ਯਾਤਰਾ ਦੇ ਦੁਵੱਲੇ, ਖੇਤਰੀ ਅਤੇ ਵਿਸ਼ਵਵਿਆਪੀ ਮਾਅਨੇ ਹਨ। ਇਹ ਸੱਲ 2026 ਵਿੱਚ ਭਾਰਤ ਦੇ ਬ੍ਰਿਕਸ ਲਈ ਰੂਸ ਦੇ ਸਮਰਥਨ ਤੋਂ ਕਿਤੇ ਅੱਗੇ ਹੈ।

ਬਰੂਕਿੰਗਜ਼ ਇੰਸਟੀਚਿਊਟ ਦੇ ਸੀਨੀਅਰ ਫੈਲੋ ਤਨਵੀ ਮਦਾਨ ਨੇ ਇੱਕ ਲੇਖ ਵਿੱਚ ਕਿਹਾ ਹੈ ਕਿ ਪੁਤਿਨ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਦਾ ਮਕਸਦ ਇੱਕ ਸੰਕੇਤ ਦੇਣਾ ਵੀ ਹੈ।

ਉਨ੍ਹਾਂ ਦੇ ਅਨੁਸਾਰ, "ਭਾਰਤ ਸਰਕਾਰ ਆਪਣੇ ਇੱਥੇ ਇਹ ਦਿਖਾਉਣਾ ਚਾਹੇਗੀ ਕਿ ਅਮਰੀਕੀ ਦਬਾਅ ਦੇ ਬਾਵਜੂਦ ਉਸ ਕੋਲ ਖੁਦਮੁਖਤਿਆਰੀ ਜਾਂ ਸੁਤੰਤਰਤਾ ਹੈ। ਦੂਜੇ ਪਾਸੇ, ਮਾਸਕੋ ਇਸ ਦੌਰੇ ਨਾਲ ਭਾਰਤ 'ਤੇ ਉਸ ਦੇ ਪੱਛਮ ਨਾਲ ਸਬੰਧਾਂ ਨੂੰ ਲੈ ਕੇ ਦਬਾਅ ਪਾਉਣਾ ਚਾਹੇਗਾ।''

ਪੁਤਿਨ ਦਾ ਭਾਰਤ ਦੌਰਾ

ਹਾਲਾਂਕਿ ਦੂਜੇ ਪਾਸੇ, ਭਾਰਤ 'ਤੇ ਪੱਛਮ ਨਾਲ ਆਪਣੇ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਚੁਣੌਤੀ ਹੋਵੇਗੀ।

ਤਨਵੀ ਲਿਖਦੇ ਹਨ, "ਰੂਸ ਦਾ ਜ਼ੋਰ ਰੱਖਿਆ ਸਹਿਯੋਗ 'ਤੇ ਰਹੇਗਾ, ਜਦਕਿ ਭਾਰਤ ਆਰਥਿਕ ਅਤੇ ਹੋਰ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ। ਰੂਸ ਅਤਿ-ਆਧੁਨਿਕ ਲੜਾਕੂ ਜਹਾਜ਼ ਸੁਖੋਈ-57 ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਸਮੇਂ ਭਾਰਤ ਦੇ ਰੂਸੀ ਤੇਲ ਦਰਾਮਦ ਦੇ ਘਟ ਹੋਣ ਨਾਲ, ਰੂਸ ਕੋਲ ਇੱਕ ਅਜਿਹਾ ਰੱਖਿਆ ਖੇਤਰ ਹੈ, ਜਿੱਥੋਂ ਉਸ ਨੂੰ ਡਾਲਰ ਮਿਲ ਸਕੇ।''

ਉਨ੍ਹਾਂ ਅਨੁਸਾਰ, "ਭਾਰਤ ਨੂੰ ਐਸ-400 ਹਵਾਈ ਰੱਖਿਆ ਪ੍ਰਣਾਲੀ ਦੀ ਸਪਲਾਈ ਅਤੇ ਸੁਖੋਈ-30 ਨੂੰ ਅਪਗ੍ਰੇਡ ਕਰਨ ਸਬੰਧੀ ਇੱਕ ਸਮਝੌਤੇ ਦੀ ਉਮੀਦ ਹੈ। ਇਸ ਤੋਂ ਇਲਾਵਾ, ਆਰਕਟਿਕ ਖੇਤਰ ਅਤੇ ਹਿੰਦ ਮਹਾਸਾਗਰ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ 'ਤੇ ਸਹਿਮਤੀ ਹੋ ਸਕਦੀ ਹੈ।''

ਇਹ ਵੀ ਪੜ੍ਹੋ-

ਰੱਖਿਆ ਖੇਤਰ ਦੇ ਇਲਾਵਾ ਹੋਰ ਕਿਹੜੀ ਸਾਂਝ

ਰੂਸ ਦਾ ਸੁਖੋਈ-57 ਲੜਾਕੂ ਜਹਾਜ਼

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਰੂਸ ਦੇ ਸੁਖੋਈ-57 ਲੜਾਕੂ ਜਹਾਜ਼ ਨੇ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਏਅਰ ਸ਼ੋਅ - ਏਅਰੋ ਇੰਡੀਆ 2025 ਵਿੱਚ ਹਿੱਸਾ ਲਿਆ ਸੀ

ਭਾਰਤ ਨੇ ਕਦੇ ਵੀ ਯੂਕਰੇਨ 'ਤੇ ਰੂਸੀ ਹਮਲੇ ਦੀ ਨਿੰਦਾ ਨਹੀਂ ਕੀਤੀ ਅਤੇ ਦੂਜੇ ਪਾਸੇ, ਰੂਸ ਨਾਲ ਭਾਰਤ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ। ਇਸ ਨਾਲ ਪੱਛਮੀ ਦੇਸ਼ ਭਾਰਤ ਨੂੰ ਲੈ ਕੇ ਨਾਰਾਜ਼ ਰਹਿੰਦੇ ਹਨ।

ਇੰਸਟੀਚਿਊਟ ਆਫ਼ ਸਾਊਥ ਏਸ਼ੀਅਨ ਸਟੱਡੀਜ਼ ਦੇ ਵਿਜ਼ਿਟਿੰਗ ਪ੍ਰੋਫੈਸਰ ਸੀ ਰਾਜਾਮੋਹਨ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਲਿਖਿਆ ਹੈ: "ਜੋਅ ਬਾਇਡਨ ਨੇ ਅਮਰੀਕਾ-ਭਾਰਤ ਸਾਂਝੇਦਾਰੀ ਵਿੱਚ ਭਾਰਤ ਦੇ ਰੂਸ ਨਾਲ ਸਬੰਧਾਂ ਨੂੰ ਅੜਿੱਕਾ ਨਹੀਂ ਮੰਨਿਆ। ਦੂਜੇ ਪਾਸੇ, ਬਾਇਡਨ ਨਾਲੋਂ ਜ਼ਿਆਦਾ ਰੂਸ ਵਿਰੋਧੀ ਨਾ ਹੋਣ ਦੇ ਬਾਵਜੂਦ ਟਰੰਪ ਨੇ ਭਾਰਤ ਦੇ ਖਿਲਾਫ ਰੂਸੀ ਤੇਲ ਦੀ ਖਰੀਦ ਦਾ ਹਵਾਲਾ ਦਿੰਦੇ ਹੋਏ ਭਾਰਤ ਵਿਰੁੱਧ 25% ਵਾਧੂ ਟੈਰਿਫ ਲਗਾ ਦਿੱਤਾ।

"ਟਰੰਪ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਰੂਸ-ਸਮਰਥਕ ਅਮਰੀਕੀ ਰਾਸ਼ਟਰਪਤੀ ਮੰਨਿਆ ਜਾ ਸਕਦਾ ਹੈ। ਭਾਰਤ ਨੂੰ ਰੂਸੀ ਤੇਲ ਖਰੀਦਣ ਲਈ ਸਜ਼ਾ ਦਿੰਦੇ ਹੋਏ ਵੀ, ਟਰੰਪ ਅਮਰੀਕਾ ਲਈ ਰੂਸੀ ਹਾਈਡਰੋਕਾਰਬਨ ਅਤੇ ਖਣਿਜ ਚਾਹੁੰਦੇ ਹਨ। ਅਮਰੀਕੀ ਅਤੇ ਯੂਰਪੀ ਮੀਡੀਆ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਟਰੰਪ ਦੀ ਸ਼ਾਂਤੀ ਕੂਟਨੀਤੀ ਰੂਸ ਵਿੱਚ ਵਪਾਰਕ ਮੌਕਿਆਂ ਨੂੰ ਵਧਾਉਣ ਅਤੇ ਯੂਕਰੇਨ ਤੋਂ ਕੁਦਰਤੀ ਸਰੋਤਾਂ ਤੱਕ ਵਿਸ਼ੇਸ਼ ਪਹੁੰਚ ਪ੍ਰਾਪਤ ਕਰਨ ਦੀਆਂ ਇੱਛਾਵਾਂ ਨਾਲ ਜੁੜੀ ਹੋਈ ਹੈ।"

ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Kremlin Press Service/Anadolu via Getty Images

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੇ ਭਾਰਤ ਦੌਰੇ 'ਤੇ ਹਨ

ਸੀ ਰਾਜਾਮੋਹਨ ਲਿਖਦੇ ਹਨ, "ਯੂਰਪ ਯੂਕਰੇਨ 'ਤੇ ਦਿੱਲੀ ਦੇ ਰੁਖ਼ ਤੋਂ ਅਸਹਿਜ ਹੈ। ਸਪਸ਼ਟ ਤੌਰ 'ਤੇ, ਅਮਰੀਕਾ ਤੋਂ ਬਾਅਦ ਯੂਰਪ ਭਾਰਤ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ। ਪਰ ਯੂਰਪ ਨੇ ਟਰੰਪ ਵਾਂਗ ਭਾਰਤ ਵਿਰੁੱਧ ਕੋਈ ਟੈਰਿਫ ਨਹੀਂ ਲਗਾਇਆ। ਭਾਰਤ ਯੂਰਪ ਨਾਲ ਡੂੰਘੇ ਸਬੰਧ ਬਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਯੂਰਪ ਅਤੇ ਰੂਸ ਵਿਚਕਾਰ ਸ਼ਾਂਤੀ ਦੇਖਣਾ ਪਸੰਦ ਕਰੇਗਾ। ਪੁਤਿਨ ਦੀ ਯਾਤਰਾ ਦਿੱਲੀ ਨੂੰ ਯੂਰਪ ਦੀ ਸੁਲ੍ਹਾ-ਸੰਧੀ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਕਰਨ ਦਾ ਮੌਕਾ ਦਿੰਦੀ ਹੈ।

ਸੀ ਰਾਜਾਮੋਹਨ ਨੇ ਲਿਖਿਆ ਹੈ, "ਯੂਰਪ ਨੂੰ ਹੁਣ ਇੱਕ ਅਜਿਹਾ ਅਮਰੀਕਾ ਨਜ਼ਰ ਆ ਰਿਹਾ ਹੈ ਜੋ ਆਪਣੇ ਸਹਿਯੋਗੀਆਂ ਦੀ ਰੱਖਿਆ ਕਰਨ ਦੀ ਤੁਲਨਾ 'ਚ ਰੂਸ ਨਾਲ ਸੌਦੇ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ। ਜੰਗ ਨੇ ਯੂਰਪ ਅਤੇ ਰੂਸ ਵਿਚਕਾਰ ਆਪਸੀ ਨਿਰਭਰਤਾ ਨੂੰ ਤੋੜ ਦਿੱਤਾ ਹੈ। ਯੂਰਪ ਦੋ ਤਰ੍ਹਾਂ ਦੀਆਂ ਚਿੰਤਾਵਾਂ ਦਾ ਸਾਹਮਣਾ ਕਰ ਰਿਹਾ ਹੈ: ਰੂਸ ਤੋਂ ਖ਼ਤਰਾ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਤਿਆਗੇ ਜਾਣ ਦਾ ਡਰ। ਉਸ ਨੂੰ ਟਰੰਪ ਅਤੇ ਪੁਤਿਨ ਵੱਲੋਂ ਤੈਅ ਕੀਤੀ ਗਈ ਸ਼ਾਂਤੀ ਪਸੰਦ ਨਹੀਂ ਹੈ।"

ਸੀ ਰਾਜਾਮੋਹਨ ਮੁਤਾਬਕ, "ਜਦੋਂ ਪੁਤਿਨ ਪਹਿਲੀ ਵਾਰ 2000 ਵਿੱਚ ਰਾਸ਼ਟਰਪਤੀ ਵਜੋਂ ਭਾਰਤ ਆਏ ਸਨ, ਤਾਂ ਉਨ੍ਹਾਂ ਦਾ ਉਦੇਸ਼ ਭਾਰਤ ਪ੍ਰਤੀ ਰੂਸ ਦੀ ਸੋਵੀਅਤ ਤੋਂ ਬਾਅਦ ਵਾਲੀ ਅਣਗਹਿਲੀ ਨੂੰ ਖਤਮ ਕਰਨਾ ਸੀ। ਉਹ ਮੌਕਾ ਦੋਵਾਂ ਧਿਰਾਂ ਨੇ ਗੁਆਚ ਗਿਆ। ਇਹ ਹਫ਼ਤਾ ਮੋਦੀ ਅਤੇ ਪੁਤਿਨ ਨੂੰ ਵਧੇਰੇ ਮਜ਼ਬੂਤ ਅਤੇ ਆਧੁਨਿਕ ਪੱਧਰ 'ਤੇ ਸਬੰਧ ਸਥਾਪਤ ਕਰਨ ਦਾ ਇੱਕ ਨਵਾਂ ਮੌਕਾ ਪ੍ਰਦਾਨ ਕਰਦਾ ਹੈ।"

ਚੀਨ ਨਾਲ ਰੂਸ ਦੇ ਸਬੰਧ

ਪੁਤਿਨ ਅਤੇ ਸ਼ਿਨਪਿੰਗ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਕੂਟਨੀਤਿਕ ਮਾਹਰ ਬ੍ਰਹਮ ਚੇਲਾਨੀ ਮੁਤਾਬਕ, ਪੁਤਿਨ ਦਾ ਭਾਰਤ ਦੌਰਾ ਦਿਖਾਉਂਦਾ ਹੈ ਕਿ ਰੂਸ ਭਾਰਤ ਨਾਲ ਆਪਣੀ ਭਾਗੀਦਾਰੀ ਨੂੰ ਅਹਿਮੀਅਤ ਦਿੰਦਾ ਹੈ ਤੇ ਖੁਦ ਨੂੰ ਬੀਜਿੰਗ ਦਾ ਜੂਨੀਅਰ ਪਾਰਟਨਰ ਨਹੀਂ ਬਣਾਉਣਾ ਚਾਹੁੰਦਾ

ਭਾਰਤ ਦੇ ਸਾਬਕਾ ਡਿਪਲੋਮੈਟ ਅਤੇ ਕੂਟਨੀਤਿਕ ਮਾਹਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ 'ਚ ਹਨ ਕਿ ਚੀਨ ਨਾਲ ਰੂਸ ਦੀ ਨੇੜਤਾ ਨੂੰ ਦੇਖਦੇ ਹੋਏ ਭਾਰਤ-ਰੂਸ ਦਾ ਸਹਿਯੋਗ ਕਿਹੜੇ ਪੱਧਰ ਤੱਕ ਪਹੁੰਚੇਗਾ।

ਤਨਵੀ ਮਦਾਨ ਨੇ ਲਿਖਿਆ ਹੈ, "ਇਸ ਯਾਤਰਾ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਕਹੀਆਂ ਜਾਣਗੀਆਂ ਪਰ ਚੀਨ ਅਤੇ ਪਾਕਿਸਤਾਨ ਨਾਲ ਰੂਸ ਦੇ ਸਬੰਧਾਂ ਨੂੰ ਲੈ ਕੇ, ਭਾਰਤ-ਰੂਸ ਸਬੰਧਾਂ ਦੀਆਂ ਕੁਝ ਸੀਮਾਵਾਂ ਵੀ ਹੋਣਗੀਆਂ। ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੀ ਐਲਾਨ ਹੁੰਦੇ ਹਨ, ਕੀ ਲਾਗੂ ਹੁੰਦਾ ਹੈ ਅਤੇ ਪੱਛਮੀ ਦੇਸ਼ਾਂ ਦੀ ਪ੍ਰਤੀਕ੍ਰਿਆ ਕੀ ਰਹਿੰਦੀ ਹੈ ਅਤੇ ਯੂਕਰੇਨ ਜੰਗ ਦਾ ਕੀ ਨਤੀਜਾ ਨਿਕਲਦਾ ਹੈ।"

ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਸ ਦੌਰੇ ਤੋਂ ਭਾਰਤ ਇਹ ਉਮੀਦ ਕਰੇਗਾ ਕਿ ਪੱਛਮੀ ਦੇਸ਼ਾਂ ਨਾਲ ਸਬੰਧ ਪੱਟੜੀ 'ਤੇ ਬਣੇ ਰਹਿਣਗੇ ਅਤੇ ਉਸ ਦਾ ਕਾਰਨ ਹੈ ਕਿ ਖੁਦ ਟਰੰਪ ਪ੍ਰਸ਼ਾਸਨ, ਰੂਸੀ ਰਾਸ਼ਟਰਪਤੀ ਨਾਲ ਵਾਰਤਾ ਕਰ ਰਿਹਾ ਹੈ ਅਤੇ ਪੱਛਮੀ ਭਾਗੀਦਾਰ ਭਾਰਤ ਨਾਲ ਸੰਵਾਦ ਬਣਾਈ ਰੱਖਣ ਦੀ ਅਹਿਮੀਅਤ ਨੂੰ ਸਮਝਦੇ ਹਨ।

ਕੂਟਨੀਤਿਕ ਮਾਮਲਿਆਂ ਦੇ ਜਾਣਕਾਰ ਬ੍ਰਹਮ ਚੇਲਾਨੀ ਦਾ ਕਹਿਣਾ ਹੈ ਕਿ ਪੁਤਿਨ ਦਾ ਭਾਰਤ ਦੌਰਾ ਇਹ ਦਿਖਾਉਂਦਾ ਹੈ ਕਿ ਰੂਸ ਭਾਰਤ ਨਾਲ ਆਪਣੀ ਭਾਗੀਦਾਰੀ ਨੂੰ ਅਹਿਮੀਅਤ ਦਿੰਦਾ ਹੈ ਅਤੇ ਉਹ ਖੁਦ ਨੂੰ ਬੀਜਿੰਗ ਦਾ ਜੂਨੀਅਰ ਪਾਰਟਨਰ ਨਹੀਂ ਬਣਾਉਣਾ ਚਾਹੁੰਦਾ।

ਰੂਸ ਦੇ ਸਰਕਾਰੀ ਮੀਡੀਆ ਆਰਟੀ ਦੇ ਐਡੀਟਰ-ਇਨ-ਚੀਫ਼ ਫ਼ਯੋਦੋਰ ਲੁਕਯਾਨੋਵ ਨੇ ਵੀਰਵਾਰ ਨੂੰ, "ਕੀ ਮਾਸਕੋ-ਦਿੱਲੀ ਧੁਰੀ, ਪੱਛਮੀ ਦੁਨੀਆ ਦੇ ਦਬਦਬੇ ਤੋਂ ਬਾਅਦ ਦੇ ਸਮੇਂ ਲਈ ਇੱਕ ਟੈਂਪਲੇਟ ਹੈ?'' - ਸਿਰਲੇਖ ਵਾਲਾ ਇੱਕ ਲੇਖ ਲਿਖਿਆ।

ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ "ਭਾਰਤ-ਰੂਸ ਸਬੰਧ ਇਸ ਗੱਲ ਦੀ ਉਦਾਹਰਨ ਹਨ ਕਿ ਉਥਲ-ਪੁਥਲ ਵਾਲੇ ਦੌਰ ਵਿੱਚ ਕਿਵੇਂ ਸਥਿਰਤਾ ਬਰਕਰਾਰ ਰੱਖੀ ਜਾਵੇ। ਇਹ ਸਬੰਧ ਬਹੁਤ ਸਾਰੇ ਲੋਕਾਂ ਲਈ ਈਰਖ਼ਾ ਦਾ ਵਿਸ਼ਾ ਰਿਹਾ ਹੈ।''

ਉਨ੍ਹਾਂ ਲਿਖਿਆ, "ਭਾਰਤ ਦੀ ਨੀਤੀ ਸਥਿਰ ਰਹੀ ਹੈ, ਇਸ ਦੇ ਏਜੈਂਡੇ ਦੇ ਕੇਂਦਰ ਵਿੱਚ ਖੁਦ ਦਾ ਵਿਕਾਸ ਬਣਿਆ ਹੋਇਆ ਹੈ… ਇਸ ਦੀ ਵਿਸ਼ਵਵਿਆਪੀ ਦਬਦਬੇ ਦੀ ਕੋਈ ਇੱਛਾ ਨਹੀਂ ਹੈ…"

"ਇਸ ਦਾ ਵਧਦਾ ਸਿਆਸੀ ਵਜ਼ਨ ਇਸ ਦੀਆਂ ਵਧਦੀਆਂ ਇੱਛਾਵਾਂ ਦਾ ਨਤੀਜਾ ਨਹੀਂ, ਬਲਕਿ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਨਤੀਜਾ ਹੈ। ਇਹ ਕੁਝ ਪ੍ਰਮੁੱਖ ਸ਼ਕਤੀਆਂ ਦੀ ਹੋਰ ਪ੍ਰਮੁੱਖ ਸ਼ਕਤੀਆਂ ਨਾਲ ਆਪਣੇ ਸਬੰਧਾਂ ਵਿੱਚ ਭਾਰਤ ਦਾ ਸਮਰਥਨ ਹਾਸਲ ਕਰਨ ਦੀ ਵਧਦੀ ਚਾਹਤ ਦਾ ਵੀ ਨਤੀਜਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)