ਕੈਨੇਡਾ 'ਚ ਭਾਰਤੀ ਕੂਟਨੀਤਕਾਂ 'ਤੇ ਨਿਗਰਾਨੀ ਬਾਰੇ ਮੋਦੀ ਸਰਕਾਰ ਨੇ ਸੰਸਦ 'ਚ ਕੀ ਕਿਹਾ

ਤਸਵੀਰ ਸਰੋਤ, ANI
ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ 'ਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਵੀਰਵਾਰ ਨੂੰ, ਮੋਦੀ ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਵੈਨਕੂਵਰ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੇ 'ਆਡੀਓ ਅਤੇ ਵੀਡੀਓ' ਮੈਸੇਜੇਜ਼ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨਿੱਜੀ ਮੈਸੇਜ ਵੀ ਪੜ੍ਹੇ ਜਾ ਰਹੇ ਸਨ।
ਇਹ ਵੀ ਦੱਸਿਆ ਗਿਆ ਕਿ ਇਹ ਜਾਣਕਾਰੀ ਹਾਲ ਹੀ ਵਿੱਚ ਕੈਨੇਡੀਅਨ ਅਧਿਕਾਰੀਆਂ ਵੱਲੋਂ ਭਾਰਤੀ ਕੌਂਸਲੇਟ ਨੂੰ ਦਿੱਤੀ ਗਈ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਿਦੇਸ਼ੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ, "ਕੈਨੇਡਾ ਨਾਲ ਭਾਰਤ ਦੇ ਰਿਸ਼ਤੇ ਚੁਣੌਤੀਪੂਰਨ ਰਹੇ ਹਨ ਅਤੇ ਬਣੇ ਰਹਿਣਗੇ, ਇਸ ਦਾ ਮੁੱਖ ਕਾਰਨ ਕੈਨੇਡੀਅਨ ਸਰਕਾਰ ਵੱਲੋਂ ਕੱਟੜਪੰਥੀ ਅਤੇ ਵੱਖਵਾਦੀ ਤੱਤਾਂ ਨੂੰ ਮੌਕਾ ਦੇਣਾ ਹੈ।"
“ਅਜਿਹੇ ਤੱਤ ਭਾਰਤ ਵਿਰੋਧੀ ਏਜੰਡੇ ਦੀ ਵਕਾਲਤ ਕਰਦੇ ਹਨ ਅਤੇ ਅਜਿਹੀਆਂ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੈਨੇਡਾ ਦੇ ਅੰਦੋਲਨ ਦੇ ਆਜ਼ਾਦ ਨਿਯਮਾਂ ਦੀ ਦੁਰਵਰਤੋਂ ਕਰ ਰਹੇ ਹਨ। ਇਹ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਹੈ।"

ਭਾਰਤੀ ਅਧਿਕਾਰੀਆਂ 'ਤੇ ਨਿਗਰਾਨੀ
ਅਸਲ ਵਿੱਚ ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਨੂੰ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਦੀ ਸਾਈਬਰ ਨਿਗਰਾਨੀ ਜਾਂ ਕਿਸੇ ਹੋਰ ਤਰ੍ਹਾਂ ਦੀ ਨਿਗਰਾਨੀ ਦੀ ਕਿਸੇ ਘਟਨਾ ਦੀ ਜਾਣਕਾਰੀ ਹੈ।
ਕੀਰਤੀ ਵਰਧਨ ਸਿੰਘ ਨੇ ਜਵਾਬ ਵਿੱਚ ਕਿਹਾ,“ਹਾਂ। ਹਾਲ ਹੀ ਵਿੱਚ, ਵੈਨਕੂਵਰ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਉੱਤੇ ਆਡੀਓ-ਵੀਡੀਓ ਸਰਵੀਲੈਂਸ ਜ਼ਰੀਏ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਨ੍ਹਾਂ ਦੇ ਨਿੱਜੀ ਮੈਸੇਜ ਵੀ ਪੜ੍ਹੇ ਜਾ ਰਹੇ ਸਨ।”
“ਇਹ ਨਿਗਰਾਨੀ ਹਾਲੇ ਵੀ ਜਾਰੀ ਹੈ।”
ਸਿੰਘ ਨੇ ਕਿਹਾ, "ਇਸ ਸਬੰਧ ਵਿੱਚ, ਭਾਰਤ ਸਰਕਾਰ ਨੇ 2 ਨਵੰਬਰ, 2024 ਨੂੰ ਇੱਕ ਨੋਟ ਭੇਜ ਕੇ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ ਅਤੇ ਇਸ ਕਾਰਵਾਈ ਨੂੰ ਸਾਰੇ ਕੂਟਨੀਤਕ ਪ੍ਰਬੰਧਾਂ ਦੀ ਮੁਕੰਮਲ ਉਲੰਘਣਾ ਦੱਸਿਆ ਗਿਆ ਸੀ।”
ਮੰਤਰੀ ਨੇ ਆਪਣੇ ਜਵਾਬ ਵਿੱਚ ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਦਿੱਤੇ ਗਏ ਤਾਜ਼ਾ ਬਿਆਨ ਦਾ ਵੀ ਹਵਾਲਾ ਦਿੱਤਾ।
ਬੁਲਾਰੇ ਨੇ ਕਿਹਾ ਸੀ, “ਤਕਨੀਕੀ ਗੱਲਾਂ ਦਾ ਹਵਾਲਾ ਦਿੰਦਿਆਂ ਕੈਨੇਡੀਅਨ ਸਰਕਾਰ ਇਸ ਤੱਥ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਕਿ ਉਹ ਸ਼ੋਸ਼ਣ ਅਤੇ ਧਮਕਾਉਣ ਦਾ ਸਹਾਰਾ ਲੈ ਰਹੀ ਹੈ।”
"ਸਾਡੇ ਕੂਟਨੀਤਿਕ ਅਤੇ ਕੌਂਸਲਰ ਪਹਿਲਾਂ ਹੀ ਕੱਟੜਵਾਦ ਅਤੇ ਹਿੰਸਾ ਦੇ ਮਾਹੌਲ ਵਿੱਚ ਕੰਮ ਕਰ ਰਹੇ ਹਨ।"

ਤਸਵੀਰ ਸਰੋਤ, Reuters
“ਕੈਨੇਡਾ ਸਰਕਾਰ ਦੀ ਇਹ ਕਾਰਵਾਈ ਸਥਿਤੀ ਨੂੰ ਹੋਰ ਵਿਗਾੜਦੀ ਹੈ ਅਤੇ ਇਹ ਸਥਾਪਿਤ ਕੂਟਨੀਤਕ ਮਾਪਦੰਡਾਂ ਅਤੇ ਰਿਵਾਇਤਾਂ ਦੇ ਮੁਤਾਬਕ ਨਹੀਂ ਹੈ।"
ਇਸ ਸਬੰਧੀ ਕੇਂਦਰੀ ਮੰਤਰੀ ਤੋਂ ਹੋਰ ਜਾਣਕਾਰੀ ਮੰਗੀ ਗਈ ਸੀ ਅਤੇ ਪੁੱਛਿਆ ਗਿਆ ਸੀ ਕਿ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਲਈ ਕਿਹੜੇ ਕਦਮ ਚੁੱਕੇ ਗਏ ਹਨ।
ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, ''ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦੇ ਮਸਲੇ 'ਤੇ ਭਾਰਤ ਕੈਨੇਡਾ ਨਾਲ ਲਗਾਤਾਰ ਸੰਪਰਕ 'ਚ ਹੈ, ਤਾਂ ਜੋ ਸਾਡੇ ਡਿਪਲੋਮੈਟਾਂ ਅਤੇ ਜਾਇਦਾਦਾਂ ਨੂੰ ਹਰ ਸਮੇਂ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।”
ਮੰਤਰੀ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਸੈਂਟਰ ਫ਼ਾਰ ਸਾਈਬਰ ਸਕਿਓਰਿਟੀ ਨੇ ਦੋ ਸਾਲ ਵਿੱਚ ਇੱਕ ਵਾਰ ਜਾਰੀ ਹੋਣ ਵਾਲੀ ਨੈਸ਼ਨਲ ਸਾਈਬਰ ਥ੍ਰੇਟ ਅਸੈਸਮੈਂਟ (ਐੱਨਸੀਟੀਏ) ਦੀ 30 ਅਕਤੂਬਰ, 2024 ਦੀ ਰਿਪੋਰਟ ਵਿੱਚ ਭਾਰਤ ਨੂੰ ਸੈਕਸ਼ਨ-1 ਦੀ ਸ਼੍ਰੇਣੀ (ਸਰਕਾਰ ਦੇ ਵਿਰੋਧੀਆਂ ਤੋਂ ਸਾਈਬਰ ਖ਼ਤਰਾ) ਵਿੱਚ ਰੱਖਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ 2 ਨਵੰਬਰ ਨੂੰ ਪ੍ਰਤੀਕਿਰਿਆ ਦਿੰਦਿਆਂ, ਇਸ ਨੂੰ ਭਾਰਤ ਨਾਲ ਸਬੰਧਾਂ ਪ੍ਰਤੀ ਕੈਨੇਡਾ ਦੀ ‘ਨਕਾਰਾਤਮਕ’ ਹੋਰ ਦੀ ਇੱਕ ਹੋਰ ਉਦਾਹਰਣ ਦੱਸਿਆ ਸੀ।
ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ 'ਕਈ ਹੋਰ ਮੌਕਿਆਂ ਦੀ ਤਰ੍ਹਾਂ , ਇਸ 'ਚ ਵੀ ਭਾਰਤ ਬਾਰੇ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਲਗਾਏ ਗਏ ਹਨ।'

ਤਸਵੀਰ ਸਰੋਤ, @HCI_Ottawa
ਡਿਪਲੋਮੈਟਾਂ ਦੀ ਸੁਰੱਖਿਆ 'ਤੇ ਕੀ ਕਿਹਾ ਗਿਆ
ਕੀਰਤੀ ਵਰਧਨ ਸਿੰਘ ਨੂੰ ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਕੈਨੇਡਾ ਨਾਲ ਮੁੱਦਿਆਂ ਦੇ ਹੱਲ ਲਈ ਕੀ ਕਦਮ ਚੁੱਕੇ ਗਏ ਅਤੇ ਕੀ ਇਹ ਸੱਚ ਹੈ ਕਿ ਕੈਨੇਡੀਅਨ ਸਰਕਾਰ ਨੇ ਭਾਰਤੀ ਦੂਤਾਵਾਸ ਅਤੇ ਡਿਪਲੋਮੈਟਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਲਈ ‘ਆਪਣੀ ਅਸਮਰੱਥਾ ਜ਼ਾਹਰ ਕੀਤੀ’ ਸੀ।
ਲਿਖਤੀ ਜਵਾਬ ਵਿੱਚ ਕਿਹਾ ਗਿਆ ਹੈ, “ਇਸ ਸਬੰਧ ਵਿੱਚ, ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਹੈ ਕਿ ਉਹ ਉੱਥੇ ਕੰਮ ਕਰ ਰਹੇ ਭਾਰਤ ਵਿਰੋਧੀ ਤੱਤਾਂ ਖ਼ਿਲਾਫ਼ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕਰੇ।”
ਜਵਾਬ ਵਿੱਚ ਕਿਹਾ ਗਿਆ, “ਸਾਡੇ ਆਗੂਆਂ ਦੇ ਕਤਲ ਬਾਰੇ ਮਾਣ ਨਾਲ ਗੱਲ ਕਰਨ ਵਾਲੇ ਤੇ ਸਾਡੇ ਮੌਜੂਦਾ ਸਿਆਸੀ ਆਗੂਆਂ ਅਤੇ ਕੂਟਨੀਤਿਕਾਂ ਨੂੰ ਦੇਣ ਵਾਲੇ ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਨੂੰ ਰੋਕਿਆ ਜਾਵੇ।”
“ਨਾਲ ਹੀ, ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੀ ਭੰਨਤੋੜ ਕਰਨ ਅਤੇ ਅਖੌਤੀ ਜਨਮਤ ਸੰਗ੍ਰਹਿ ਜ਼ਰੀਏ ਭਾਰਤ ਦੀ ਵੰਡ ਦਾ ਸਮਰਥਨ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਕੇਂਦਰੀ ਮੰਤਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਇਹ ਵੀ ਕਿਹਾ, “ਕੈਨੇਡੀਅਨ ਅਧਿਕਾਰੀ ਭਾਰਤੀ ਕੂਟਨੀਤਿਕਾਂ ਅਤੇ ਡਿਪਲੋਮੈਟਿਕ ਜਾਇਦਾਦਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ, ਪਰ ਹਾਲ ਹੀ ਵਿੱਚ ਉਨ੍ਹਾਂ ਨੇ ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਦੀਆਂ ਹਿੰਸਕ ਕਾਰਵਾਈਆਂ ਤੋਂ ਕੌਂਸਲਰ ਕੈਂਪਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ ਹੈ।”
ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਕੈਨੇਡੀਅਨਾਂ ਦੀ ਗਿਣਤੀ 18 ਲੱਖ ਹੈ, ਜੋ ਕਿ ਕੈਨੇਡੀਅਨ ਆਬਾਦੀ ਦਾ 4.7 ਫ਼ੀਸਦੀ ਹੈ।
ਇਸ ਤੋਂ ਇਲਾਵਾ ਤਰੀਬਨ 4.27 ਲੱਖ ਭਾਰਤੀ ਵਿਦਿਆਰਥੀਆਂ ਸਣੇ 10 ਲੱਖ ਪਰਵਾਸੀ ਭਾਰਤੀ ਹਨ।
ਦੂਜੇ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸਭ ਤੋਂ ਵੱਧ ਆਬਾਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ, "ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ, ਸੁਰੱਖਿਆ ਅਤੇ ਸੁਰੱਖਿਅਤ ਭਾਰਤ ਲਈ ਬਹੁਤ ਅਹਿਮ ਹੈ।"
ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਤਲਖ਼ੀ

ਤਸਵੀਰ ਸਰੋਤ, Reuters
ਸਾਲ 2023 ਦੀ ਸ਼ੁਰੂਆਤ ਤੋਂ ਲੈ ਕੇ 2024 ਦੇ ਅੰਤ ਤੱਕ ਭਾਰਤ ਕੈਨੇਡਾ ਦਰਮਿਆਨ ਕਈ ਮਸਲਿਆਂ ’ਤੇ ਤਣਾਅ ਦੇਖਣ ਨੂੰ ਮਿਲਿਆ।
ਇਨ੍ਹਾਂ ਵਿੱਚ ਵੱਡਾ ਮਸਲਾ ਕਥਿਤ ਵੱਖਵਾਦੀ ਸਮੂਹਾਂ ਦੀਆਂ ਕੈਨੇਡਾ ਵਿੱਚ ਜਨਤਕ ਤੌਰ ’ਤੇ ਗਤੀਵਿਧੀਆਂ ਅਤੇ ਹਰਦੀਪ ਨਿੱਝਰ ਕਤਲ ਮਾਮਲੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇਲਜ਼ਾਮਬਾਜ਼ੀਆਂ ਦਾ ਰਿਹਾ।
ਜ਼ਿਕਰਯੋਗ ਹੈ ਕਿ ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ 18 ਜੂਨ, 2023 ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਕਤਲ ਹੋ ਗਿਆ ਸੀ।
ਇਸ ਕਤਲ ਦੇ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਵਾਰ ਭਾਰਤ ਦਾ ਨਾਂ ਜੋੜਿਆ ਹੈ। ਟਰੂਡੋ ਨੇ ਕਿਹਾ ਸੀ ਕਿ ਇਸ ਸਬੰਧ ਵਿੱਚ ਉਨ੍ਹਾਂ ਕੋਲ ‘ਭਰੋਸੇਯੋਗ ਜਾਣਕਾਰੀ’ ਮੌਜੂਦ ਹੈ।
ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਇਨ੍ਹਾਂ ਤੋਂ ਲਗਾਤਾਰ ਇਨਕਾਰ ਕੀਤਾ ਹੈ।
ਹਾਲ ਦੀ ਘਟਨਾ 3 ਨਵੰਬਰ, 2024 ਦੀ ਹੈ। ਜਦੋਂ ਬਰੈਂਪਟਨ ਦੇ ਹਿੰਦੂ ਮੰਦਰ ਸਾਹਮਣੇ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਮੁਜ਼ਾਹਾਰਾ ਕੀਤਾ ਗਿਆ। ਇਸ ਮੁਜ਼ਾਹਰੇ ਦੌਰਾਨ ਹਿੰਸਕ ਝੜਪਾਂ ਹੋਈਆਂ।
ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਫ਼ੌਰਨ ਕਾਰਵਾਈ ਕੀਤੀ ਤੇ ਕਰੀਬ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।
ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਤੇ ਇਸ ਮਸਲੇ ਉੱਤੇ ਕੈਨੇਡਾ ਨੂੰ ਘੇਰਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












