ਪੈਰਿਸ ਓਲੰਪਿਕਸ 2024: ਜਿਣਸੀ ਸ਼ੋਸ਼ਣ ਦੇ ਮਾਮਲਿਆਂ ਨੇ ਕਿਹੜਾ ਡਰ ਖਿਡਾਰਨਾਂ ਦੇ ਮਨ ਵਿੱਚ ਪੈਦਾ ਕਰ ਦਿੱਤਾ

ਤਸਵੀਰ ਸਰੋਤ, Getty Images
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਖਿਲਾਫ਼ ਲੰਬਾ ਸਮਾਂ ਚਲੇ ਪ੍ਰਦਰਸ਼ਨਾਂ ਨੇ ਭਾਰਤੀ ਕੁਸ਼ਤੀ ਵਿੱਚ ਹਲਚਲ ਮਚਾ ਦਿੱਤੀ ਸੀ। ਹੁਣ ਇਸ ਦੇ ਇੱਕ ਸਾਲ ਬਾਅਦ, ਮਹਿਲਾ ਖਿਡਾਰਨਾਂ 2024 ਦੇ ਪੈਰਿਸ ਓਲੰਪਿਕ ਸਣੇ ਕਈ ਪ੍ਰਮੁੱਖ ਮੁਕਾਬਲਿਆਂ ਲਈ ਤਿਆਰੀਆਂ ਕਰ ਰਹੀਆਂ ਹਨ।
ਬੀਬੀਸੀ ਨੇ ਇਨ੍ਹਾਂ ਨੌਜਵਾਨ ਪਹਿਲਵਾਨਾਂ ਨਾਲ ਉਨ੍ਹਾਂ ਦੇ ਸਫ਼ਰ ਬਾਰੇ ਗੱਲ ਕੀਤੀ।
23 ਸਾਲਾ ਖਿਡਾਰਨ ਰੀਤਿਕਾ ਹੁੱਡਾ, ਇਸ ਸਾਲ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀਆਂ ਪੰਜ ਭਾਰਤੀ ਮਹਿਲਾ ਪਹਿਲਵਾਨਾਂ ਵਿਚੋਂ ਇੱਕ ਹੈ।
ਇਹ ਮੌਕਾ ਉਨ੍ਹਾਂ ਨੂੰ ਸਖ਼ਤ ਮਿਹਨਤ ਮਗਰੋਂ ਮਿਲਿਆ ਹੈ, ਹਾਲਾਂਕਿ ਇੱਕ ਸਾਲ ਪਹਿਲਾਂ ਭਾਰਤੀ ਕੁਸ਼ਤੀ 'ਚ ਆਏ ਭੁਚਾਲ ਨੇ ਉਨ੍ਹਾਂ ਦਾ ਵਿਸ਼ਵਾਸ ਹਿਲਾ ਦਿੱਤਾ ਸੀ।
ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੀ ਖੇਡ ਵਿੱਚ ਸੁਧਾਰ ਕਰਨ ਲਈ ਹੋਰ ਸਿਖਲਾਈ ਅਤੇ ਮੁਕਾਬਲਿਆਂ ਦੀ ਲੋੜ ਹੈ।
ਜਿਨਸੀ ਸ਼ੋਸ਼ਣ ਖਿਲਾਫ਼ ਦਿੱਲੀ ਦੀਆਂ ਸੜਕਾਂ 'ਤੇ ਉੱਤਰੇ ਸੀ ਪਹਿਲਵਾਨ

ਤਸਵੀਰ ਸਰੋਤ, Getty Images
ਇੱਕ ਸਾਲ ਪਹਿਲਾਂ, ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਭਾਰਤ ਵਿੱਚ ਕੁਸ਼ਤੀ ਖੇਡ ਇੱਕਦਮ ਠੱਪ ਹੋ ਗਈ ਸੀ। ਬ੍ਰਿਜ ਭੂਸ਼ਣ ਸਿੰਘ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਭਾਰਤ ਦੇ ਖੇਡ ਮੰਤਰਾਲੇ ਨੇ ਬ੍ਰਿਜ ਭੂਸ਼ਣ ਨੂੰ ਬਰਖ਼ਾਸਤ ਨਹੀਂ ਕੀਤਾ ਪਰ ਜਿਨਸੀ ਸ਼ੋਸ਼ਣ ਦੇ ਕਾਨੂੰਨਾਂ ਦੀ ਪਾਲਣਾ ਨਾ ਕਰਨ ਅਤੇ ਹੋਰ ਕਈ ਖਾਮੀਆਂ ਦਾ ਪਤਾ ਲਗਾਉਣ ਤੋਂ ਬਾਅਦ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਅਤੇ ਪ੍ਰਬੰਧਾਂ ਨੂੰ ਚਲਾਉਣ ਲਈ ਇੱਕ ਅਸਥਾਈ ਟੀਮ ਦਾ ਗਠਨ ਕਰ ਦਿੱਤਾ।
ਬ੍ਰਿਜ ਭੂਸ਼ਣ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਦੇਸ਼ ਦੇ ਸਭ ਤੋਂ ਹੁਨਰਮੰਦ ਪਹਿਲਵਾਨਾਂ ਨੂੰ ਇੰਝ ਦੇਖਣਾ ਹੁੱਡਾ ਨੂੰ ਅਜੇ ਵੀ ਯਾਦ ਹੈ, ਜਿਸ ਵਿੱਚ ਉਨ੍ਹਾਂ ਦੀ ਪ੍ਰੇਰਣਾ ਸਾਕਸ਼ੀ ਮਲਿਕ ਵੀ ਸੀ, ਜੋ ਕੁਸ਼ਤੀ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ।
ਇਹ ਵਿਰੋਧ ਪ੍ਰਦਰਸ਼ਨ ਪੂਰੇ ਵਿਸ਼ਵ ਪੱਧਰ 'ਤੇ ਸੁਰਖੀਆਂ ਵਿੱਚ ਆਇਆ ਸੀ, ਖ਼ਾਸ ਤੌਰ 'ਤੇ ਉਦੋਂ ਜਦੋਂ ਪਹਿਲਵਾਨਾਂ ਨੇ ਭਾਰਤ ਦੇ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਪਹਿਲਵਾਨਾਂ ਨਾਲ ਕੀਤੇ ਗਏ ਇਸ ਵਿਵਹਾਰ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
'ਓਲੰਪਿਕ ਲਈ ਕਿਵੇਂ ਤਿਆਰ ਹੋਵਾਂਗੇ, ਇਹ ਡਰ ਹਮੇਸ਼ਾ ਰਹਿੰਦਾ ਸੀ'

ਤਸਵੀਰ ਸਰੋਤ, Getty Images
ਹੁੱਡਾ ਨੇ ਮੈਨੂੰ ਦੱਸਿਆ, "ਇਹ ਦੁੱਖਦਾਈ ਸੀ, ਜੋ ਹੋ ਰਿਹਾ ਸੀ ਸਿਰਫ਼ ਉਸ ਕਰਕੇ ਨਹੀਂ, ਸਗੋਂ ਜੋ ਨਹੀਂ ਸੀ ਉਸ ਲਈ ਵੀ।"
ਹਰ ਸਾਲ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਕੁਝ ਖੇਡ ਟੂਰਨਾਮੈਂਟ ਯੋਗਤਾ ਮੁਕਾਬਲਿਆਂ ਵਜੋਂ ਕਰਵਾਏ ਜਾਂਦੇ ਹਨ।
ਮੁਕਾਬਲੇ ਲਈ, ਪਹਿਲਵਾਨਾਂ ਨੂੰ ਸਿਖਲਾਈ ਸੈਸ਼ਨਾਂ ਵਿੱਚ ਰੈਂਕਿੰਗ ਪੁਆਇੰਟ ਹਾਸਲ ਕਰਨੇ ਪੈਂਦੇ ਹਨ, ਰਾਸ਼ਟਰੀ ਮੁਕਾਬਲੇ ਜਿੱਤਣੇ ਹੁੰਦੇ ਹਨ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮਨਜ਼ੂਰੀ ਪ੍ਰਾਪਤ ਕਰਨੀ ਪੈਂਦੀ ਹੈ।
ਪਰ ਮੁਕਾਬਲਾ ਕਰਨ ਦੀ ਬਜਾਏ, ਹੁੱਡਾ ਹਫ਼ਤਿਆਂ ਤੱਕ ਇੱਕ ਖਾਲੀ ਖੇਡ ਕੈਲੰਡਰ ਵੱਲ ਵੇਖਦੇ ਰਹੇ।
ਉਨ੍ਹਾਂ ਨੇ ਕਿਹਾ, "ਸਾਨੂੰ ਸਿਖਲਾਈ ਦਿੱਤੀ ਗਈ ਸੀ, ਪਰ ਕੋਈ ਟ੍ਰਾਇਲ ਨਹੀਂ ਹੋਏ, ਜਿਸ ਦਾ ਮਤਲਬ ਹੈ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੀਆਂ ਕਮੀਆਂ ਨੂੰ ਜਾਣ ਸਕਦੇ ਸੀ। ਹਮੇਸ਼ਾ ਇਹ ਡਰ ਸੀ ਕਿ ਅਸੀਂ ਓਲੰਪਿਕ ਲਈ ਤਿਆਰ ਨਹੀਂ ਹੋ ਸਕਾਂਗੇ।"
ਜਿਸ ਦੇਸ਼ ਨੇ ਓਲੰਪਿਕਸ ਵਿੱਚ ਵਿਅਕਤੀਗਤ ਮੁਕਾਬਲਿਆਂ 'ਚ ਸਿਰਫ਼ 24 ਤਗਮੇ ਜਿੱਤੇ ਹੋਣ, ਜਿਸ ਵਿੱਚੋ ਇੱਕ ਚੌਥਾਈ ਤੋਂ ਵੱਧ ਤਗਮੇ ਕੁਸ਼ਤੀ 'ਚ ਹੋਣ, ਉਸ ਦੇਸ਼ ਲਈ ਇਹ ਬੇਹੱਦ ਚਿੰਤਾਜਨਕ ਸੀ।

ਵਿਰੋਧ ਪ੍ਰਦਰਸ਼ਨ ਦੇ ਸ਼ੁਰੂ ਹੋਣ ਤੋਂ ਕਰੀਬ ਇੱਕ ਸਾਲ ਬਾਅਦ, ਦਸੰਬਰ 2023 ਵਿੱਚ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂਐੱਫਆਈ) ਦੀਆਂ ਤਾਜ਼ਾ ਚੋਣਾਂ ਹੋਈਆਂ।
ਪਹਿਲਵਾਨਾਂ ਨੇ ਭਾਰਤ ਦੇ ਖੇਡ ਮੰਤਰੀ ਨੂੰ ਬ੍ਰਿਜ ਭੂਸ਼ਣ ਸਿੰਘ ਨਾਲ ਜੁੜੇ ਲੋਕਾਂ ਨੂੰ ਚੋਣ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਕਿਹਾ ਸੀ।
ਬ੍ਰਿਜ ਭੂਸ਼ਣ ਸਿੰਘ ਨੇ ਚੋਣ ਨਹੀਂ ਲੜੀ ਕਿਉਂਕਿ ਉਹ ਪਹਿਲਾਂ ਹੀ ਤਿੰਨ ਵਾਰ ਅਹੁਦੇ 'ਤੇ ਰਹਿ ਚੁੱਕਿਆ ਹੈ। ਪਰ ਉਨ੍ਹਾਂ ਦੇ ਕਰੀਬੀ ਸੰਜੇ ਸਿੰਘ ਨੂੰ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਚੁਣ ਲਿਆ ਗਿਆ।
ਇਸ ਚੋਣ ਮਗਰੋਂ ਮਹਿਲਾ ਪਹਿਲਵਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਉਸੇ ਦਿਨ, ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਵਿਰੋਧ ਵਿੱਚ ਖੇਡ ਨੂੰ ਛੱਡਣ ਦਾ ਫ਼ੈਸਲਾ ਲੈ ਲਿਆ ਸੀ।
ਮਲਿਕ ਨੇ ਕਿਹਾ, ''ਹੁਣ ਵੀ ਜਦੋਂ ਮੈਂ ਉਸ ਪਲ ਬਾਰੇ ਸੋਚਦੀ ਹਾਂ ਤਾਂ ਮੈਂ ਭਾਵੁਕ ਹੋ ਜਾਂਦੀ ਹਾਂ। ਕੁਸ਼ਤੀ ਨੇ ਮੈਨੂੰ ਇੰਨੀ ਉਚਾਈ 'ਤੇ ਪਹੁੰਚਾਇਆ, ਮੈਨੂੰ ਪਿਆਰ ਅਤੇ ਸਤਿਕਾਰ ਦਿਵਾਇਆ ਅਤੇ ਮੈਨੂੰ ਇਸ ਨੂੰ ਛੱਡਣਾ ਪਿਆ।"
'ਪ੍ਰਦਰਸ਼ਨਾਂ ਮਗਰੋਂ ਵੀ ਅਕੈਡਮੀ 'ਚ ਕੁੜੀਆਂ ਦੀ ਗਿਣਤੀ ਨਹੀਂ ਘਟੀ'

ਨੌਜਵਾਨ ਪਹਿਲਵਾਨਾਂ ਨੂੰ ਸਾਕਸ਼ੀ ਮਲਿਕ ਦੇ ਇਸ ਫ਼ੈਸਲੇ ਨੇ ਸੁੰਨ ਕਰ ਦਿੱਤਾ ਸੀ, ਪਰ ਫਿਰ ਜਲਦੀ ਹੀ, ਉਹ ਮੈਟ 'ਤੇ ਵਾਪਸ ਆ ਗਏ ਸਨ।
ਹਰਿਆਣਾ ਸੂਬੇ ਦੀ 20 ਸਾਲਾ ਪਹਿਲਵਾਨ ਤਨੂ ਮਲਿਕ ਨੇ ਕਿਹਾ, “ਮੇਰਾ ਕੁਸ਼ਤੀ ਚੁਣਨ ਦਾ ਕਾਰਨ ਸਾਕਸ਼ੀ ਮਲਿਕ ਸੀ।"
“ਇਸ ਲਈ ਜਦੋਂ ਮੈਂ ਉਨ੍ਹਾਂ ਨੂੰ ਰੋਂਦਿਆਂ ਦੇਖਿਆ, ਫਿਰ ਮੈਂ ਸੋਚਿਆ ਕਿ ਉਹ ਸਾਡੇ ਲਈ ਲੜ੍ਹੇ ਹਨ, ਹੁਣ ਅਸੀਂ ਹਾਰ ਨਹੀਂ ਮੰਨ ਸਕਦੇ।”
ਉਸ ਦਿਨ ਤੋਂ ਤਨੂ ਮਲਿਕ ਨੇ ਹੋਰ ਸਖ਼ਤ ਮਿਹਨਤ ਕਰਨ ਦਾ ਫੈ਼ਸਲਾ ਕਰ ਲਿਆ।
ਉਨ੍ਹਾਂ ਦੀ ਸਿਖਲਾਈ ਸੂਬੇ ਦੀ ਆਲ ਵੂਮੈਨ ਯੁੱਧਵੀਰ ਕੁਸ਼ਤੀ ਅਕੈਡਮੀ ਵਿੱਚ 04:30 ਵਜੇ ਸ਼ੁਰੂ ਹੁੰਦੀ ਹੈ।
ਦਿਨ ਦੀ ਸ਼ੁਰੂਆਤ ਪੰਜ ਘੰਟੇ ਦੇ ਸਖ਼ਤ ਫਿਟਨੈੱਸ ਸੈਸ਼ਨ, ਵੱਡੇ ਟਰੱਕ ਟਾਇਰਾਂ ਨੂੰ ਚੁੱਕਣ ਅਤੇ ਕੁਸ਼ਤੀ ਦੀਆਂ ਤਕਨੀਕਾਂ ਦਾ ਅਭਿਆਸ ਕਰਨ ਨਾਲ ਹੁੰਦੀ ਹੈ।
ਭੋਜਨ ਅਤੇ ਆਰਾਮ ਲਈ ਇੱਕ ਬ੍ਰੇਕ ਤੋਂ ਬਾਅਦ, ਦੁਪਹਿਰ ਨੂੰ ਹੋਰ ਪੰਜ ਘੰਟਿਆਂ ਲਈ ਉਨ੍ਹਾਂ ਦੀ ਸਿਖਲਾਈ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
12 ਸਾਲ ਦੀਆਂ ਕੁੜੀਆਂ ਇਸ ਮੈਟ 'ਤੇ ਆਪਣਾ ਪਸੀਨਾ ਵਹਾਉਂਦੀਆਂ ਹਨ। ਆਪਣੇ ਖਾਲੀ ਸਮੇਂ ਵਿੱਚ, ਉਹ ਖੁਰਾਕ ਬਾਰੇ ਗੱਲ ਕਰਦੀਆਂ ਹਨ ਅਤੇ ਉਸ ਨੂੰ ਤਿਆਰ ਕਰਨ ਦੇ ਤਰੀਕਿਆਂ ਨੂੰ ਇੱਕ-ਦੂਜੇ ਨਾਲ ਸਾਂਝਾ ਕਰਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਫਿੱਟ ਰਹਿਣ ਵਿੱਚ ਮਦਦ ਮਿਲ ਸਕੇ।
ਉਨ੍ਹਾਂ ਵਿੱਚੋਂ ਕੋਈ ਵੀ ਅਕੈਡਮੀਆਂ ਵਿੱਚ ਕਥਿਤ ਜਿਨਸੀ ਸ਼ੋਸ਼ਣ ਜਾਂ ਸਾਬਕਾ ਕੁਸ਼ਤੀ ਮੁਖੀ 'ਤੇ ਲੱਗੇ ਇਲਜ਼ਾਮਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਹਾਲਾਂਕਿ, ਉਹ ਸਭ ਹਾਰ ਨਾ ਮੰਨਣ ਲਈ ਦ੍ਰਿੜ੍ਹ ਹਨ।
ਇੱਕ ਕੋਚ ਸੀਮਾ ਖਰਬ ਦਾ ਕਹਿਣਾ ਹੈ ਕਿ ਉਮੀਦਾਂ ਦੇ ਉਲਟ, ਪ੍ਰਦਰਸ਼ਨਾਂ ਤੋਂ ਬਾਅਦ ਅਕੈਡਮੀ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ ਹੈ।
ਉਹ ਕਹਿੰਦੇ ਹਨ, "ਵਿਰੋਧਾਂ ਨੇ ਨੌਜਵਾਨ ਪਹਿਲਵਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦਾ ਆਪਣੀ ਆਵਾਜ਼ ਬੁਲੰਦ ਕਰਨਾ ਸੰਭਵ ਹੈ, ਸਕਾਰਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਸਿਸਟਮ ਦੇ ਅੰਦਰ ਸਮਰਥਨ ਮਿਲ ਸਕਦਾ ਹੈ।"

ਤਸਵੀਰ ਸਰੋਤ, Getty Images
ਜੂਨ ਵਿੱਚ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ 'ਤੇ ਪਿੱਛਾ ਕਰਨ, ਤੰਗ ਕਰਨ, ਡਰਾਉਣ ਅਤੇ "ਜਿਨਸੀ ਟਿੱਪਣੀਆਂ" ਕਰਨ ਦੇ ਇਲਜ਼ਾਮ ਲਗਾਏ ਸਨ, ਪਰ ਇੱਕ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਇਸ ਦੌਰਾਨ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਨੇ ਅਹੁਦਾ ਸੰਭਾਲ ਲਿਆ ਸੀ।
ਉਨ੍ਹਾਂ ਨੇ ਸਾਬਕਾ ਮੁਖੀ ਨਾਲ ਆਪਣੇ 30 ਸਾਲਾਂ ਦੇ ਸਬੰਧਾਂ ਨੂੰ ਸਵੀਕਾਰ ਕੀਤਾ, ਪਰ ਬ੍ਰਿਜ ਭੂਸ਼ਣ ਸਿੰਘ ਦੇ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਪਹਿਲਵਾਨਾਂ ਨੇ ਉਨ੍ਹਾਂ ਨੂੰ ਨਵੇਂ ਮੁਖੀ ਵਜੋਂ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਕਿਸੇ ਨਾਲ ਵੀ ਪੱਖਪਾਤ ਜਾਂ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਹਰ ਪਹਿਲਵਾਨ ਮੇਰੇ ਲਈ ਪਿਆਰਾ ਹੈ। ਮੈਂ ਦੋ ਧੀਆਂ ਦਾ ਪਿਤਾ ਵੀ ਹਾਂ ਅਤੇ ਮੈਂ ਸਮਝਦਾ ਹਾਂ ਕਿ ਧੀਆਂ ਨੂੰ ਕੀ ਚਾਹੀਦਾ ਹੈ।"
ਹਾਲਾਂਕਿ, ਇਸ ਪੇਸ਼ੇ ਵਿੱਚ ਤਨੂ ਮਲਿਕ ਵਰਗੀਆਂ ਨੌਜਵਾਨ ਖਿਡਾਰਨਾਂ ਲਈ ਡਰ ਇੱਕ ਨਾ ਬਦਲੇ ਜਾਣ ਵਾਲਾ ਹਿੱਸਾ ਬਣ ਗਿਆ ਹੈ।
ਉਨ੍ਹਾਂ ਕਿਹਾ, "ਇਹ ਆਸਾਨ ਨਹੀਂ ਹੈ, ਮੇਰੇ ਮਾਪੇ ਮੈਨੂੰ ਇਕੱਲੇ ਸਿਖਲਾਈ ਲਈ ਭੇਜਣ ਵੇਲੇ ਹਮੇਸ਼ਾ ਚਿੰਤਤ ਰਹਿੰਦੇ ਹਨ। ਪਰ ਉਨ੍ਹਾਂ ਨੂੰ ਸਾਡੇ 'ਤੇ ਭਰੋਸਾ ਕਰਨਾ ਪਵੇਗਾ, ਨਹੀਂ ਤਾਂ ਚੀਜ਼ਾਂ ਕਿਵੇਂ ਕੰਮ ਕਰਨਗੀਆਂ? ਇਹ ਤਾਂ ਬਿਨਾਂ ਲੜੇ ਹਾਰ ਸਵੀਕਾਰ ਕਰਨ ਵਾਂਗ ਹੈ।”
'ਸਭ ਤੋਂ ਮਹੱਤਵਪੂਰਨ ਗੱਲ ਹੈ ਲੜਨਾ' - ਸਾਕਸ਼ੀ ਮਲਿਕ

ਤਸਵੀਰ ਸਰੋਤ, Getty Images
ਉਧਰ ਕੁਝ ਲੋਕ ਨਿਰਾਸ਼ਾ ਮਹਿਸੂਸ ਕਰਦੇ ਹਨ ਅਤੇ ਕਹਿੰਦੇ ਹਨ ਕਿ ਵਿਰੋਧ ਪ੍ਰਦਰਸ਼ਨ ਉਨ੍ਹਾਂ ਲਈ ਇੱਕ ਵੱਡੀ ਨਿੱਜੀ ਕੀਮਤ ਦੇ ਤੌਰ 'ਤੇ ਆਏ ਹਨ।
ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਸ਼ਿਕਸ਼ਾ ਖਰਬ ਦਾ ਕਹਿਣਾ ਹੈ ਕਿ ਇਸ ਨਾਲ ਸਿਖਲਾਈ ਵਿੱਚ ਰੁਕਾਵਟ ਪਈ ਹੈ, ਜਿਸ ਕਰਕੇ ਨੌਜਵਾਨ ਪਹਿਲਵਾਨਾਂ ਨੇ ਆਪਣਾ ਇੱਕ ਅਹਿਮ ਸਾਲ ਗੁਆ ਦਿੱਤਾ।
ਪਰ ਸਾਕਸ਼ੀ ਮਲਿਕ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।
ਉਨ੍ਹਾਂ ਨੇ ਕਿਹਾ, “ਸਭ ਤੋਂ ਮਹੱਤਵਪੂਰਨ ਗੱਲ ਲੜਨਾ ਹੈ। ਮੈਨੂੰ ਨਹੀਂ ਲਗਦਾ ਕਿ ਕਿਸੇ ਵੀ ਖੇਡ ਫੈੱਡਰੇਸ਼ਨ ਵਿੱਚ ਹੁਣ ਕੋਈ ਵੀ ਕੁਝ ਕਰਨ ਦੀ ਹਿੰਮਤ ਕਰੇਗਾ, ਉਹ ਜਾਣਦੇ ਹਨ ਕਿ ਤੰਗ ਕਰਨ ਦੇ ਨਤੀਜੇ ਕੀ ਹੋ ਸਕਦੇ ਹਨ।"
ਹੁੱਡਾ ਦਾ ਕਹਿਣਾ ਹੈ ਕਿ ਉਹ ਖੇਡਾਂ ਵਿਚ ਦੁਨੀਆ ਦੇ ਕੁਝ ਸਭ ਤੋਂ ਵੱਡੇ ਕੁਸ਼ਤੀ ਦਿੱਗਜਾਂ ਨਾਲ ਮੁਕਾਬਲਾ ਕਰਨ ਤੋਂ ਘਬਰਾਉਂਦੀ ਹੈ, ਪਰ ਨਾਲ ਹੀ ਉਹ ਇਸ ਦੀ ਉਡੀਕ ਵੀ ਕਰ ਰਹੀ ਹੈ।
ਉਹ ਅੱਗੇ ਕਹਿੰਦੇ ਹਨ, "ਸਾਕਸ਼ੀ ਮਲਿਕ ਕਹਿੰਦੇ ਸੀ ਕਿ ਜਿੱਤ ਅਤੇ ਹਾਰ ਮਹੱਤਵਪੂਰਨ ਨਹੀਂ, ਬਸ ਆਪਣੀ ਮਿਹਨਤ 'ਤੇ ਭਰੋਸਾ ਰੱਖੋ ਅਤੇ ਇਹੀ ਮੈਂ ਕਰਾਂਗੀ।”
ਜਿਵੇਂ ਹੀ ਉਹ ਸਿਖਲਾਈ ਲਈ ਤਿਆਰ ਹੁੰਦੀ ਹੈ, ਸਾਕਸ਼ੀ ਦੀ ਉਸ ਦੇ ਓਲੰਪਿਕ ਤਮਗੇ ਨਾਲ ਖਿੱਚੀ ਹੋਈ ਤਸਵੀਰ, ਉਸ ਨੂੰ ਚਮਕਦੀ ਦਿਖਾਈ ਦਿੰਦੀ ਹੈ।
ਉਹ ਕਹਿੰਦੀ ਹੈ, "ਮੇਰਾ ਧਿਆਨ ਹੁਣ ਜਿੱਤਣ 'ਤੇ ਹੈ। ਕੌਣ ਜਾਣਦਾ ਹੈ, ਕਿ ਕੀ ਪਤਾ ਇੱਕ ਦਿਨ ਮੇਰੀ ਤਸਵੀਰ ਉਨ੍ਹਾਂ ਦੇ ਨਾਲ ਹੋਵੇਗੀ।"
ਓਲੰਪਿਕ 'ਚ ਜਾਣ ਵਾਲੀਆਂ 5 ਮਹਿਲਾ ਪਹਿਲਵਾਨਾਂ ਕੌਣ ਹਨ ?
ਪੈਰਿਸ ਓਲੰਪਿਕ 2024, 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਖੇਡਾਂ 11 ਅਗਸਤ ਤੱਕ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋਣਗੀਆਂ। ਦੁਨੀਆ ਭਰ ਦੇ ਐਥਲੀਟ ਤਗਮੇ ਜਿੱਤਣ ਲਈ, ਇਥੇ ਕੁੱਲ 32 ਖੇਡਾਂ ਵਿੱਚ ਹਿੱਸਾ ਲੈਣਗੇ।
ਓਲੰਪਿਕ ਖੇਡਾਂ ਵਿੱਚ ਚਾਰ ਵਾਰ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਨਿਸ਼ਾਨੇਬਾਜ਼ ਗਗਨ ਨਾਰੰਗ ਪੈਰਿਸ ਓਲੰਪਿਕ 2024 ਵਿੱਚ ਭਾਰਤੀ ਦਲ ਦੇ ਸ਼ੈੱਫ ਡੀ ਮਿਸ਼ਨ ਯਾਨੀ ਭਾਰਤੀ ਖੇਡ ਦਲ ਦੇ ਮੁਖੀ ਹੋਣਗੇ।
ਇਸ ਦੇ ਨਾਲ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਭਾਰਤ ਦੀ ਮਹਿਲਾ ਝੰਡਾਬਰਦਾਰ ਹੋਵੇਗੀ ਅਤੇ ਟੇਬਲ ਟੈਨਿਸ ਖਿਡਾਰੀ ਸ਼ਰਦ ਕਮਲ ਪੁਰਸ਼ ਝੰਡਾਬਰਦਾਰ ਹੋਣਗੇ।
ਕੁਸ਼ਤੀ ਵਿੱਚ ਇਸ ਸਾਲ ਭਾਰਤ ਦੇ 6 ਪਹਿਲਵਾਨ ਕੁਆਲੀਫਾਈ ਹੋਏ ਹਨ, ਜਿਨ੍ਹਾਂ ਵਿੱਚੋਂ 5 ਮਹਿਲਾਵਾਂ ਹਨ।
ਪੈਰਿਸ ਓਲੰਪਿਕਸ ਵਿੱਚ ਕੁਸ਼ਤੀ ਕਰਨ ਲਈ ਤਿਆਰ 5 ਮਹਿਲਾ ਪਹਿਲਵਾਨਾਂ ਵਿੱਚ ਵਿਨੇਸ਼ ਫੋਗਾਟ, ਅੰਤਿਮ ਪੰਘਾਲ, ਅੰਸ਼ੂ ਮਲਿਕ, ਨਿਸ਼ਾ ਦਹੀਆ ਅਤੇ ਰੀਤਿਕਾ ਹੁੱਡਾ ਸ਼ਾਮਲ ਹਨ।

ਤਸਵੀਰ ਸਰੋਤ, Getty Images
ਅੰਤਿਮ ਪੰਘਾਲ 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਕੋਟਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਪਹਿਲਵਾਨ ਸੀ।
ਜਦਕਿ ਵਿਨੇਸ਼ ਫੋਗਾਟ, ਅੰਸ਼ੂ ਮਲਿਕ ਅਤੇ ਰੀਤਿਕਾ ਹੁੱਡਾ ਨੇ ਏਸ਼ੀਅਨ ਓਲੰਪਿਕ ਖੇਡਾਂ ਦੇ ਕੁਆਲੀਫਾਇਰ ਦੇ ਫਾਈਨਲ ਵਿੱਚ ਪਹੁੰਚ ਕੇ ਪੈਰਿਸ ਦੀ ਟਿਕਟ ਪੱਕੀ ਕੀਤੀ ਸੀ।
ਵਿਨੇਸ਼ ਫੋਗਾਟ ਪਿਛਲੇ ਕੁਝ ਸਮੇਂ ਤੋਂ ਕੁਸ਼ਤੀ ਦੀ ਬਜਾਏ ਅੰਦੋਲਨ ਕਰਕੇ ਸੁਰਖੀਆਂ ਵਿੱਚ ਸਨ ਪਰ ਉਨ੍ਹਾਂ ਨੇ ਪਿਛਲੇ ਮਹੀਨੇ ਹੀ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਵਿਨੇਸ਼ ਫੋਗਾਟ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ।
ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਤੋਂ ਵੱਧ ਤਗਮੇ ਵੀ ਜਿੱਤੇ ਹਨ। ਹੁਣ ਓਲੰਪਿਕ ਤਗਮੇ ਤੋਂ ਉਨ੍ਹਾਂ ਦੀ ਦੂਰੀ ਬਣੀ ਹੋਈ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਉਹ ਇਸ ਵਾਰ ਇਸ ਦੂਰੀ ਨੂੰ ਪੂਰਾ ਕਰ ਸਕਣਗੇ ਜਾਂ ਨਹੀਂ।
ਨਿਸ਼ਾ ਦਹੀਆ ਨੇ ਵਿਸ਼ਵ ਓਲੰਪਿਕ ਖੇਡਾਂ ਦੇ ਕੁਆਲੀਫਾਇਰ ਵਿੱਚ ਆਪਣੇ ਭਾਰ ਵਰਗ ਦੇ ਫਾਈਨਲ ਵਿੱਚ ਪਹੁੰਚ ਕੇ ਆਖਰੀ ਕੁਆਲੀਫਾਇੰਗ ਈਵੈਂਟ ਵਿੱਚ ਕੋਟਾ ਹਾਸਲ ਕੀਤਾ।
ਸਿਰਫ਼ ਅਮਨ ਸਹਿਰਾਵਤ ਨੇ ਆਖਰੀ ਕੁਆਲੀਫਾਇਰ ਰਾਹੀਂ ਪੁਰਸ਼ ਵਰਗ ਵਿੱਚ ਕੋਟਾ ਹਾਸਲ ਕੀਤਾ ਹੈ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸੰਜੇ ਸਿੰਘ ਨੇ ਇਹ ਪੁਸ਼ਟੀ ਕੀਤੀ ਸੀ ਕਿ ਪੈਰਿਸ ਓਲੰਪਿਕ 2024 ਲਈ ਪਹਿਲਵਾਨਾਂ ਦੀ ਚੋਣ ਕਰਨ ਲਈ ਟ੍ਰਾਇਲ ਨਹੀਂ ਲਏ ਜਾਣਗੇ, ਸਗੋਂ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਖਿਡਾਰੀ ਪੈਰਿਸ ਜਾਣਗੇ ਅਤੇ ਭਾਰਤ ਦੀ ਨੁਮਾਇੰਦਗੀ ਕਰਨਗੇ।












