ਭਾਰਤੀ ਕੁਸ਼ਤੀ ਸੰਘ ਦੀ ‘ਕੁਸ਼ਤੀ’ ਵਿਚਾਲੇ ਅਖਾੜਿਆਂ ਵਿੱਚ ਕੁੜੀਆਂ ਕੀ ਸੋਚਦੀਆਂ

ਤਸਵੀਰ ਸਰੋਤ, Getty Images
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
ਨਵੀਂ ਬਣੀ ਭਾਰਤੀ ਕੁਸ਼ਤੀ ਸੰਘ ਦੀ ਟੀਮ ਦੇ ਪ੍ਰਧਾਨ ਸੰਜੇ ਸਿੰਘ ਅਤੇ ਉਨ੍ਹਾਂ ਦੀ ਕਾਰਜਕਾਰਣੀ ਦੇ ਚੁਣੇ ਜਾਣ ਉੱਤੇ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਅਤੇ ਦੋ ਦਿਨਾਂ ਬਾਅਦ ਹੀ ਖੇਡ ਮੰਤਰਾਲੇ ਨੇ ਸੰਘ ਦੀ ਪੂਰੀ ਟੀਮ ਨੂੰ ਮੁਅੱਤਲ ਕਰ ਦਿੱਤਾ।
ਕੁਸ਼ਤੀ ਜਗਤ ਵਿੱਚ ਮਚੀ ਉਥਲ-ਪੁਥਲ ’ਤੇ ਹਰ ਪਾਸਿਓ ਪੱਖ ਵਿੱਚ ਅਤੇ ਵਿਰੋਧ ਵਿੱਚ ਆਵਾਜ਼ ਆ ਰਹੀ ਹੈ, ਪਰ ਜਿਸ ਉੱਤੇ ਇਸ ਦਾ ਸਭ ਤੋਂ ਵੱਧ ਅਸਰ ਪੈ ਰਿਹਾ ਹੈ, ਉਹ ਹਨ ਉੱਭਰਦੀਆਂ ਹੋਈਆਂ ਮਹਿਲਾ ਪਹਿਲਵਾਨ, ਜੋ ਕਿ ਕੁਝ ਬੋਲਣ ਨੂੰ ਤਿਆਰ ਨਹੀਂ ਹਨ।
ਬੀਬੀਸੀ ਦੀ ਟੀਮ ਸਨੀਵਾਰ ਨੂੰ ਸਵੇਰੇ 6 ਵਜੇ ਰੋਹਤਕ ਦੀ ਛੋਟੂ ਰਾਮ ਰੈਸਲਿੰਗ ਅਕੈਡਮੀ ਪਹੁੰਚੀ। ਇਸੇ ਅਕੈਡਮੀ ਤੋਂ ਹੀ ਰੀਓ ਓਲੰਪਿਕ ਮੈਡਲ ਜੇਤੂ ਸਾਕਸ਼ੀ ਮਲਿਕ ਨੇ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ।
ਇਸ ਅਕੈਡਮੀ ਵਿੱਚ ਲਗਭਗ 50 ਉੱਭਰਦੀਆਂ ਹੋਈਆਂ ਖਿਡਾਰਨਾਂ ਆਪਣੀ ਪ੍ਰੈਕਟਿਸ ਕਰ ਰਹੀਆਂ ਸਨ।
ਸਾਕਸ਼ੀ ਮਲਿਕ ਦੇ ਓਲੰਪਿਕ ਮੈਡਲ ਜਿੱਤਣ ਤੋਂ ਪਹਿਲਾਂ ਇੱਥੇ ਸਹੂਲਤਾਂ ਨਾ ਦੇ ਬਰਾਬਰ ਸਨ, ਪਰ ਮੌਜੂਦਾ ਸਮੇਂ ਇੱਥੇ ਕਈ ਸਹੂਲਤਾਂ ਹਨ। ਇਹਨਾਂ ਵਿੱਚ ਏਸੀ, ਚੰਗੀਆਂ ਲਾਈਟਾਂ, ਫਾਲ ਸੀਲਿੰਗ, ਮੈਟਸ ਅਤੇ ਵਾਟਰ ਕੂਲਰ ਤੋਂ ਇਲਾਵਾ ਕਈ ਸਹੂਲਤਾਂ ਹਨ।
ਸਾਕਸ਼ੀ ਮਲਿਕ ਦੇ ਇਸ ਅਕੈਡਮੀ ਵਿੱਚ ਵੱਡੇ-ਵੱਡੇ ਪੋਸਟਰ ਲੱਗੇ ਹੋਏ ਹਨ। ਕੁਸ਼ਤੀ ਹਾਲ ਦਾ ਨਾਮ ਵੀ ਸਾਕਸ਼ੀ ਮਲਿਕ ਦੇ ਨਾਮ ਉੱਤੇ ਹੀ ਹੈ।
‘ਸਾਰਿਆਂ ਨੂੰ ਆਪਣੇ ਕਰੀਅਰ ਦੀ ਚਿੰਤਾ’

ਮਨਦੀਪ ਸੈਣੀ ਇੱਥੇ ਕੁੜੀਆਂ ਨੂੰ ਕੋਚਿੰਗ ਦਿੰਦੇ ਹਨ। ਦੂਜੇ ਪਾਸੇ ਇਨ੍ਹਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਇੱਕ ਪਾਸੇ ਠੰਡ ਤੋਂ ਬਚਣ ਲਈ ਬੈਠੇ ਹੋਏ ਸਨ।
ਹਰਿਆਣਾ ਦੇ ਅਖਾੜਿਆਂ ਵਿੱਚ ਕੁੜੀਆਂ ਦੇ ਮਾਪਿਆਂ ਨੂੰ ਟ੍ਰੇਨਿੰਗ ਦੌਰਾਨ ਕੁਸ਼ਤੀ ਮੈਟ ਤੋਂ ਬਾਹਰ ਬੈਠਾ ਹੋਇਆ ਦੇਖਣਾ ਆਮ ਗੱਲ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਕੁੜੀ ਨੈਸ਼ਨਲ ਅਤੇ ਇੰਟਰਨੈਸ਼ਨਲ ਮੈਡਲ ਲੈ ਆਵੇ ਪਰ ਉਨ੍ਹਾਂ ਦੀ ਸੁਰੱਖਿਆ ਵਿੱਚ ਇੱਕ ਜਣੇ ਦਾ ਹੋਣਾ ਲਾਜ਼ਮੀ ਹੈ।
ਜਦੋਂ ਅਸੀਂ ਟ੍ਰੇਨਿੰਗ ਕਰ ਰਹੀਆਂ ਕੁੜੀਆਂ ਨਾਲ ਗੱਲ ਕਰਨੀ ਚਾਹੀ ਤਾਂ ਕੋਚ ਮਨਦੀਪ ਸੈਣੀ ਨੇ ਦੱਸਿਆ ਕਿ ਕੋਈ ਵੀ ਕੁੜੀ ਗੱਲ ਨਹੀਂ ਕਰੇਗੀ, ਭਾਵੇਂ ਤੁਸੀਂ ਜਿੰਨੀ ਵੀ ਕੋਸ਼ਿਸ਼ ਕਰ ਲਓ।
ਇਸ ਪਿੱਛੇ ਦਾ ਕਾਰਨ ਪੁੱਛਣ ਉੱਤੇ ਮਨਦੀਪ ਨੇ ਦੱਸਿਆ ਕਿ ਜਦੋਂ ਨਾਮੀਂ ਪਹਿਲਵਾਨ ਬਜਰੰਗ ਪੁਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦਿੱਲੀ ਦੇ ਜੰਤਰ-ਮੰਤਰ ’ਤੇ ਅੰਦੋਲਨ ਕਰ ਰਹੇ ਸਨ ਤਾਂ ਕੁਝ ਕੁੜੀਆਂ ਨੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ‘ਸਮਝਾ’ ਦਿੱਤਾ ਗਿਆ ਸੀ।
ਮਨਦੀਪ ਸੈਣੀ ਨੇ ਕਿਹਾ, ‘‘ਕੋਈ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਵੀ ਉਨ੍ਹਾਂ ਦਾ ਨਾਮ ਸਾਹਮਣੇ ਆਵੇ ਅਤੇ ਗੱਲ ਅੱਗੇ ਵਧੇ। ਸਾਰਿਆਂ ਨੂੰ ਆਪਣੇ ਕਰੀਅਰ ਦੀ ਚਿੰਤਾ ਹੈ।’’
‘ਸਾਕਸ਼ੀ ਸਾਡੀ ਆਦਰਸ਼ ਖਿਡਾਰਨ ਹਨ ਤੇ ਸਾਰੀਆਂ ਕੁੜੀਆਂ ਮਜਬੂਰ ਹਨ’

ਕੋਸ਼ਿਸ਼ ਕਰਨ ਉੱਤੇ ਇੱਕ ਕੁੜੀ ਜਦੋਂ ਗੱਲ ਕਰਨ ਨੂੰ ਤਿਆਰ ਹੋਈ ਤਾਂ ਕਿਹਾ ਗਿਆ ਕਿ ਉਨ੍ਹਾਂ ਤੋਂ ਸਿਰਫ਼ ਸਾਕਸ਼ੀ ਦੇ ਸੰਨਿਆਸ ਬਾਰੇ ਹੀ ਸਵਾਲ ਪੁੱਛਿਆ ਜਾਵੇ।
ਇਸ ਖਿਡਾਰਨ ਨੇ ਇਹ ਵੀ ਕਿਹਾ ਕਿ ਨਵੇਂ ਕੁਸ਼ਤੀ ਸੰਘ, ਉਸ ਦੇ ਪ੍ਰਧਾਨ ਜਾਂ ਬ੍ਰਿਜ ਭੂਸ਼ਣ ਬਾਰੇ ਉਹ ਕੋਈ ਜਵਾਬ ਨਹੀਂ ਦੇਣਗੇ।
ਇਸ ਖਿਡਾਰਨ ਨੇ ਗੱਲ ਕਰਦਿਆਂ ਕਿਹਾ, ‘‘ਅਸੀਂ ਹਾਲੇ ਮੁਕਾਬਲਾ ਲੜਨ ਜਾਣਾ ਹੈ ਅਤੇ ਅੱਗੇ ਸਾਨੂੰ ਉਹੀ ਲੋਕ ਮਿਲਣਗੇ।’’
ਦੂਜੇ ਪਾਸੇ ਇੱਕ ਹੋਰ ਖਿਡਾਰਨ ਸਾਹਮਣੇ ਆਈ ਅਤੇ ਸਾਕਸ਼ੀ ਮਲਿਕ ਦੇ ਅਕੈਡਮੀ ਵਿੱਚ ਟੰਗੇ ਪੋਸਟਰਾਂ ਵੱਲ ਹੱਥ ਕਰਕੇ ਕਹਿੰਦੀ ਕਿ ‘ਉਹ (ਸਾਕਸ਼ੀ) ਸਭ ਦੀ ਆਦਰਸ਼ ਖਿਡਾਰਨ ਹਨ ਅਤੇ ਸਾਰੀਆਂ ਕੁੜੀਆਂ ਮਜਬੂਰ ਹਨ’।
ਇਸ ਖਿਡਾਰਨ ਨੇ ਕਿਹਾ, ‘‘ਸਾਡੇ ਮਾਪਿਆਂ ਵੱਲੋਂ ਸਾਨੂੰ ਹਦਾਇਤ ਹੈ ਕਿ ਮੀਡੀਆ ਨਾਲ ਕੋਈ ਗੱਲ ਨਾ ਕਰੇ।’’
‘ਬ੍ਰਿਜ ਭੂਸ਼ਣ ਦੇ ਨਾਮ ਤੋਂ ਸਾਰੇ ਡਰਦੇ ਹਨ’

ਤਸਵੀਰ ਸਰੋਤ, ANI
ਪੁਰਾਣੇ ਬਸ ਸਟੈਂਡ ਦੇ ਪਿੱਛੇ ਮਹਾਦੇਵ ਅਖਾੜੇ ਦੇ ਨਾਮ ਨਾਲ ਮਹਿਲਾ ਕੁਸ਼ਤੀ ਟ੍ਰੇਨਿੰਗ ਸੈਂਟਰ ਉੱਤੇ ਜਦੋਂ ਸਾਡੀ ਟੀਮ ਪਹੁੰਚੀ ਤਾਂ ਸਾਹਮਣੇ ਵੱਡਾ ਗੇਟ ਬੰਦ ਕੀਤਾ ਗਿਆ ਸੀ।
ਘੰਟੀ ਵਜਾਉਣ ਉੱਤੇ ਇੱਕ ਵਿਅਕਤੀ ਸਾਹਮਣੇ ਨਿਕਲ ਕੇ ਆਇਆ ਅਤੇ ਦੱਸਿਆ ਕਿ ਉਹ ਇੱਥੋਂ ਦੇ ਕੋਚ ਹਨ।
ਇਸ ਕੋਚ ਨੇ ਦੱਸਿਆ, ‘‘ਕੋਈ ਕੁੜੀ ਨਹੀਂ ਬੋਲਣਾ ਚਾਹੁੰਦੀ, ਟ੍ਰੇਨਿੰਗ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਸਾਰੇ ਆਪਣੇ ਕਮਰਿਆਂ ਵਿੱਚ ਅਕੈਡਮੀ ਵਿੱਚ ਹੀ ਹਨ। ਪਰ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰੇਗਾ।’’
ਕੋਚ ਨੇ ਆਪਣਾ ਨਾਮ ਦੱਸੇ ਬਿਨਾਂ ਸਵਾਲ ਚੁੱਕਿਆ ਕਿ ਜਦੋਂ ਸਾਕਸ਼ੀ, ਵਿਨੇਸ਼ ਅਤੇ ਬਜਰੰਗ ਦੇ ਬੋਲਣ ਨਾਲ ਕੁਝ ਨਹੀਂ ਹੋਇਆ ਤਾਂ ਇਹਨਾਂ ਆਮ ਘਰਾਂ ਦੀਆਂ ਉੱਭਰੀਆਂ ਹੋਈਆਂ ਖਿਡਾਰਨਾਂ ਦੇ ਬੋਲਣ ਨਾਲ ਕੁਝ ਨਹੀਂ ਹੋਣ ਵਾਲਾ।
ਕੋਚ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਨੇ ਇਹਨਾਂ ਤਿੰਨ ਵੱਡੇ ਨਾਮੀਂ ਖਿਡਾਰੀਆਂ ਦਾ ਸਾਥ ਦਿੱਤਾ ਸੀ ਪਰ ਉਨ੍ਹਾਂ ਦਾ ਸਾਥ ਕਿਸੇ ਨੇ ਨਹੀਂ ਦਿੱਤਾ।
ਕੋਚ ਨੇ ਅੱਗੇ ਕਿਹਾ, ‘‘ਬ੍ਰਿਜ ਭੂਸ਼ਣ ਦੇ ਨਾਮ ਤੋਂ ਸਾਰੇ ਡਰਦੇ ਹਨ, ਕੋਈ ਮਾਪੇ ਨਹੀਂ ਬੋਲਣਗੇ ਅਤੇ ਨਾ ਹੀ ਕੁੜੀਆਂ ਬੋਲਣਗੀਆਂ।’’
ਕੋਚ ਨੇ ਇਹ ਵੀ ਦੱਸਿਆ ਕਿ ਜੋ ਖਿਡਾਰਨ ਬੋਲਦੀ ਹੈ, ਉਸ ਨੂੰ ਮੁਕਾਬਲੇ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਨੂੰ ਜਾਂ ਤਾਂ ਮੁਕਾਬਲੇ ਵਿੱਚ ਖੇਡਣ ਨਾ ਦਿੱਤਾ ਜਾਵੇ ਜਾਂ ਫ਼ਿਰ ਹਾਰਾ ਹੋਇਆ ਘੋਸ਼ਿਤ ਕਰ ਦਿੱਤਾ ਜਾਵੇ।
ਕੋਚ ਨੇ ਅੱਗੇ ਕਿਹਾ, ‘‘ਕੋਈ ਵੀ, ਕਿੱਥੋਂ ਤੱਕ ਸਿਸਟਮ ਨਾਲ ਲੜੇਗਾ। ਸਾਰੀਆਂ ਕੁੜੀਆਂ ਆਮ ਗ਼ਰੀਬ ਘਰਾਂ ਤੋਂ ਆਉਂਦੀਆਂ ਹਨ।’’
ਕੋਚ ਨੇ ਦੱਸਿਆ ਕਿ ਜਦੋਂ ਸਾਕਸ਼ੀ, ਬਜਰੰਗ ਅਤੇ ਵਿਨੇਸ਼ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਵਿੱਚ ‘ਭਰੋਸਾ ਦਿੱਤਾ ਗਿਆ ਕਿ ਨਾ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ ਨਾ ਹੀ ਉਨ੍ਹਾਂ ਦਾ ਕੋਈ ਨਜ਼ਦੀਕੀ ਭਾਰਤੀ ਕੁਸ਼ਤੀ ਸੰਘ ਦੀ ਕਮਾਨ ਸੰਭਾਲੇਗਾ’, ਇੱਕ ਵਾਰ ਤਾਂ ਲੱਗਿਆ ਸੀ ਕਿ ਮਹਿਲਾ ਕੁਸ਼ਤੀ ਦਾ ਭਲਾ ਹੋ ਸਕੇਗਾ।
‘ਔਰਤਾਂ ਦੀ ਵੱਖਰੀ ਫੈਡਰੇਸ਼ਨ ਬਣਾ ਦੇਣ’

ਜਿਵੇਂ ਇਹਨਾਂ ਦੋਵੇਂ ਅਖਾੜਿਆਂ ਦਾ ਹਾਲ ਸੀ, ਉਸੇ ਤਰ੍ਹਾਂ ਦਾ ਮਾਹੌਲ ਸਤਿਆਵਾਨ ਕਾਦਯਾਨ ਅਖਾੜੇ ਵਿੱਚ ਮਿਲਿਆ।
ਸਤਿਆਵਾਨ ਅਖਾੜਾ ਸਾਕਸ਼ੀ ਮਲਿਕ ਦੇ ਸਹੁਰਾ ਸਤਿਆਵਾਨ ਚਲਾਉਂਦੇ ਹਨ ਅਤੇ ਸਾਕਸ਼ੀ ਮਲਿਕ ਦੇ ਮੈਡਲ ਆਉਣ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਕੁੜੀਆਂ ਨੇ ਕੁਸ਼ਤੀ ਲਈ ਆਉਣਾ ਸ਼ੁਰੂ ਕਰ ਦਿੱਤਾ ਸੀ।
ਜਿਸ ਵੀ ਕੁੜੀ ਨਾਲ ਬੀਬੀਸੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਵਾਬ ਇੱਕੋ ਸੀ ਕਿ ਉਹ ‘ਨਹੀਂ ਬੋਲਣਗੀਆਂ’।
ਪਰ ਇੱਕ ਕੁੜੀ ਨੇ ਕਿਹਾ, ‘‘ਸਾਕਸ਼ੀ ਮਲਿਕ ਨੂੰ ਹੋਰ ਖੇਡਣਾ ਚਾਹੀਦਾ ਸੀ ਤੇ ਹਾਲੇ ਸੰਨਿਆਸ ਨਹੀਂ ਲੈਣਾ ਚਾਹੀਦਾ ਸੀ। ਬਾਕੀ ਮੈਂ ਕੁਝ ਬੋਲਾਂਗੀ ਤਾਂ ਬਵਾਲ ਖੜ੍ਹਾ ਹੋ ਜਾਵੇਗਾ।’’
ਦੂਜੀ ਕੁੜੀ ਨੇ ਜਵਾਬ ਦਿੱਤਾ, ‘‘ਤੁਸੀਂ ਰਹਿਣ ਦਿਓ, ਸਾਡੇ ਤੋਂ ਨਾ ਬੁਲਵਾਓ, ਜੇ ਕੁਝ ਮੂੰਹੋਂ ਨਿਕਲ ਗਿਆ ਤਾਂ ਪਰਿਵਾਰ ਵਾਲੇ ਝਿੜਕਣਗੇ।’’
ਸੰਦੀਪ ਕੁਮਾਰ ਆਪਣੀ ਧੀ ਨਾਲ ਅਖਾੜੇ ਵਿੱਚ ਆਏ ਹੋਏ ਸਨ, ਉਨ੍ਹਾਂ ਦਾ ਕਹਿਣਾ ਸੀ ਕਿ ਸਭ ਦਾ ਕਰੀਅਰ ਦਾਅ ਉੱਤੇ ਹੈ।
ਸੰਦੀਪ ਨੇ ਕਿਹਾ, ‘‘ਇੱਥੇ ਇਹ ਬੋਲਣਗੀਆਂ ਤਾਂ ਉਧਰ ਬ੍ਰਿਜ ਭੂਸ਼ਣ ਦੇ ਲੋਕ ਸੁਣਨਗੇ ਤੇ ਬਾਅਦ ਵਿੱਚ ਉਸ ਦਾ ਹਿਸਾਬ ਮੰਗਣਗੇ। ਭਲਾਈ ਇਸੇ ਵਿੱਚ ਹੈ ਕਿ ਸਾਰੇ ਚੁੱਪ ਰਹਿਣ।’’
ਸਤਿਆਵਾਨ ਕਾਦਯਾਨ, ਸਾਕਸ਼ੀ ਮਲਿਕ ਦੇ ਸਹੁਰਾ ਹਨ ਅਤੇ ਖ਼ੁਦ ਇੱਕ ਰਾਸ਼ਟਰੀ ਪਹਿਲਵਾਨ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਆਖ਼ਿਰ ਇਨ੍ਹਾਂ ਕੁੜੀਆਂ ਦੀ ਕੀ ਗਲਤੀ ਜਦੋਂ ਸਰਕਾਰ ਹੀ ਬ੍ਰਿਜ ਭੂਸ਼ਣ ਖ਼ਿਲਾਫ਼ ਕੁਝ ਨਹੀਂ ਸਕੀ ਹੈ।
ਸਤਿਆਵਾਨ ਨੇ ਅੱਗੇ ਕਿਹਾ, ‘‘ਸਭ ਨੂੰ ਬੋਲਣ ਤੋਂ ਡਰ ਲਗਦਾ ਹੈ। ਮਾਪੇ ਬਹੁਤ ਔਕੜਾਂ ਨਾਲ ਧੀਆਂ ਨੂੰ ਅਖਾੜੇ ਵਿੱਚ ਪਹਿਲਵਾਨ ਬਣਾਉਣ ਦਾ ਖ਼ਰਚਾ ਚੁੱਕਦੇ ਹਨ। ਕੋਈ ਨਹੀਂ ਚਾਹੁੰਦਾ ਕਿ ਇਨ੍ਹਾਂ ਦੀ ਤਪੱਸਿਆ ਖ਼ਰਾਬ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਔਰਤਾਂ ਦੀ ਇੱਕ ਵੱਖਰੀ ਫੈਡਰੇਸ਼ਨ ਬਣਾ ਦੇਣ ਅਤੇ ਔਰਤਾਂ ਨੂੰ ਹੀ ਉਸ ਦੀ ਕਮਾਨ ਦਿੱਤੀ ਜਾਵੇ ਤਾਂ ਜੋ ਉਹ ਉਨ੍ਹਾਂ ਵਿਚਾਲੇ ਬੈਠ ਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਸੁਣ ਸਕਣ ਅਤੇ ਉਸ ਦਾ ਹੱਲ ਕਰ ਸਕਣ।’’
ਅਧੂਰਾ ਐਲਾਨ

ਸਾਕਸ਼ੀ ਮਲਿਕ ਦਾ ਪਿੰਡ ਮੋਖਰਾ ਹੈ ਅਤੇ ਇਹ ਜਾਟਾਂ ਦੀ ਬਹੁਗਿਣਤੀ ਵਾਲਾ ਪਿੰਡ ਹੈ।
ਇਸ ਪਿੰਡ ਦੇ ਲੋਕਾਂ ਦੀ ਹਰਿਆਣਾ ਸਰਕਾਰ ਨਾਲ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਜਦੋਂ ਰੀਓ ਓਲੰਪਿਕਸ ਵਿੱਚ ਸਾਕਸ਼ੀ ਮਲਿਕ ਨੇ ਮੈਡਲ ਜਿੱਤਿਆ ਤਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਵਿੱਚ ਕੁਸ਼ਤੀ ਨੂੰ ਸਮਰਪਿਤ ਇੱਕ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ ਤੇ ਇਹ ਐਲਾਨ ਅੱਜ ਛੇ ਸਾਲਾਂ ਬਾਅਦ ਵੀ ਅਧੂਰਾ ਹੈ।
ਵੇਦਪਾਲ ਮਲਿਕ ਖ਼ੁਦ ਨੂੰ ਸਾਕਸ਼ੀ ਮਲਿਕ ਦਾ ਤਾਇਆ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਕੁਸ਼ਤੀ ਨੂੰ ਲੈ ਕੇ ਕਾਫ਼ੀ ਕ੍ਰੇਜ਼ ਹੈ ਅਤੇ ਸਟੇਡੀਅਮ ਨਾ ਬਣਨ ਕਾਰਨ ਪਿੰਡ ਪਰੇਸ਼ਾਨ ਹੈ।
ਵੇਦਪਾਲ ਨੇ ਕਿਹਾ, ‘‘ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੰਜ ਕਰੋੜ ਤੋਂ ਉੱਤੇ ਦੇ ਫੰਡ ਖਰਚ ਹੋ ਚੁੱਕੇ ਹਨ, ਪਰ ਸੱਚ ਤਾਂ ਇਹ ਹੈ ਕਿ ਹਾਲੇ ਸਿਰਫ਼ 10 ਫੀਸਦੀ ਹੀ ਕੰਮ ਹੋ ਸਕਿਆ ਹੈ। ਪਿੰਡ ਵਾਲੇ ਵੀ ਆਪਣੇ ਵੱਲੋਂ ਪੈਸਾ ਖ਼ਰਚ ਕਰ ਰਹੇ ਹਨ ਤਾਂ ਜੋ ਇਹ ਕੰਮ ਜਲਦੀ ਪੂਰਾ ਹੋ ਸਕੇ।’’















