ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜੇ ਬੰਦ ਜਾਂ ਖਰਾਬ ਹੋ ਗਿਆ ਤਾਂ ਕੀ ਇਹ ਧਰਤੀ ਨਾਲ ਟਕਰਾ ਜਾਵੇਗਾ? ਇਹ ਕਿੱਥੇ ਡਿੱਗੇਗਾ ਤੇ ਇਸ ਨਾਲ ਕਿੰਨਾ ਖ਼ਤਰਾ?

ਤਸਵੀਰ ਸਰੋਤ, Getty Images
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ, ਜਿੱਥੇ ਸੁਨੀਤਾ ਵਿਲੀਅਮਜ਼ ਪਿਛਲੇ ਨੌਂ ਮਹੀਨਿਆਂ ਤੋਂ ਰਹਿ ਰਹਿ ਸਨ, 2031 ਵਿੱਚ ਆਪਣਾ ਮਿਸ਼ਨ ਖਤਮ ਕਰ ਦੇਵੇਗਾ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਦੀ ਸ਼ੁਰੂਆਤ 1998 ਵਿੱਚ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਪੁਲਾੜ ਉਦਯੋਗ ਵਿੱਚ ਤਰੱਕੀ ਦਾ ਪ੍ਰਤੀਕ ਰਿਹਾ ਹੈ।
ਇਹ ਪੁਲਾੜ ਸਟੇਸ਼ਨ ਧਰਤੀ ਤੋਂ ਲਗਭਗ 400 - 415 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਹੈ। ਅਤੇ ਇਸਦੀ ਮਾਈਕ੍ਰੋਗ੍ਰੈਵਿਟੀ ਪ੍ਰਯੋਗਸ਼ਾਲਾ ਵਿੱਚ 3,000 ਤੋਂ ਵੱਧ ਖੋਜ ਜਾਂਚਾਂ ਹੋਈਆਂ ਹਨ।
ਇਹ 109 ਮੀਟਰ ਲੰਬਾ ਹੈ (ਇੱਕ ਫੁੱਟਬਾਲ ਮੈਦਾਨ ਦੇ ਆਕਾਰ ਦੇ ਬਰਾਬਰ) ਅਤੇ ਇਸਦਾ ਭਾਰ ਚਾਰ ਲੱਖ ਕਿਲੋਗ੍ਰਾਮ (400 ਟਨ, ਲਗਭਗ 80 ਅਫਰੀਕੀ ਹਾਥੀਆਂ ਦੇ ਬਰਾਬਰ) ਤੋਂ ਵੱਧ ਹੈ।
ਇਸ ਨੂੰ ਬਣਾਉਣ ਲਈ, ਚਾਲੀ ਤੋਂ ਵੱਧ ਪੁਲਾੜ ਪ੍ਰੋਗਰਾਮਾਂ ਦੁਆਰਾ ਧਰਤੀ ਤੋਂ ਸਮੱਗਰੀਆਂ ਨੂੰ ਢੋਇਆ ਗਿਆ ਅਤੇ ਫਿਰ ਉਨ੍ਹਾਂ ਨੂੰ ਪੁਲਾੜ ਵਿੱਚ ਇਕੱਠਾ ਕੀਤਾ ਗਿਆ।
ਹੁਣ, ਜੇਕਰ ਇਹ ਵਿਸ਼ਾਲ ਸਪੇਸ ਸਟੇਸ਼ਨ ਖਰਾਬ ਹੋ ਜਾਵੇ ਤਾਂ ਕੀ ਹੋਵੇਗਾ? ਕੀ ਇਹ ਧਰਤੀ ਨਾਲ ਟਕਰਾਅ ਜਾਵੇਗਾ? ਕੀ ਇਸ ਨਾਲ ਸਾਨੂੰ ਕੋਈ ਖਤਰਾ ਹੈ? ਤੇ ਕੀ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ? ਕੁਝ ਅਜਿਹੇ ਹੀ ਸਵਾਲਾਂ ਦੇ ਜਵਾਬ ਜਾਣਦੇ ਹਾਂ ਇਸ ਰਿਪੋਰਟ ਵਿੱਚ...

ਕਿੰਨੀ ਤੇਜ਼ੀ ਨਾਲ ਘੁੰਮਦਾ ਹੈ ਆਈਐਸਐਸ ਤੇ ਜੇ ਡਿੱਗ ਗਿਆ ਤਾਂ ਕੀ ਹੋਵੇਗਾ
ਇਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਧਰਤੀ ਦੀ ਸਤ੍ਹਾ ਤੋਂ ਸਿਰਫ਼ 415 ਕਿਲੋਮੀਟਰ ਦੀ ਉਚਾਈ 'ਤੇ ਹੈ ਅਤੇ ਧਰਤੀ ਦੇ ਹੇਠਲੇ ਔਰਬਿਟ (ਧਰਤੀ ਤੋਂ 160-2000 ਕਿਲੋਮੀਟਰ ਉੱਪਰ) ਵਿੱਚ ਘੁੰਮ ਰਿਹਾ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 17,500 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ ਧਰਤੀ ਦੁਆਲੇ ਇੱਕ ਦਿਨ ਵਿੱਚ ਔਸਤਨ 16 ਵਾਰ ਚੱਕਰ ਲਗਾਉਂਦਾ ਹੈ, ਭਾਵ ਹਰ 90 ਮਿੰਟਾਂ ਵਿੱਚ ਇੱਕ ਵਾਰ।
ਇਹ ਕਲਪਨਾ ਕਰਨਾ ਵੀ ਡਰਾਉਣ ਵਾਲਾ ਹੈ ਕਿ ਜੇ ਇੰਨੀ ਤੇਜ਼ ਗਤੀ ਨਾਲ ਘੁੰਮ ਰਹੀ ਇੱਕ ਵਿਸ਼ਾਲ ਬਣਤਰ ਜੇ ਅਚਾਨਕ ਬੇਕਾਬੂ ਹੋ ਕੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ।

ਤਸਵੀਰ ਸਰੋਤ, NASA
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਕਿਉਂ ਸੇਵਾਮੁਕਤ ਕੀਤਾ ਜਾ ਰਿਹਾ ਹੈ?
ਹਾਲਾਂਕਿ, ਨਾਸਾ ਨੇ ਅਜਿਹੀ ਖ਼ਤਰਨਾਕ ਸਥਿਤੀ ਨੂੰ ਵਾਪਰਨ ਤੋਂ ਰੋਕਣ ਲਈ 2031 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਸਦਾ ਕਾਰਨ ਬਹੁਤ ਸਰਲ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਹੁਣ ਪੁਰਾਣਾ ਹੁੰਦਾ ਜਾ ਰਿਹਾ ਹੈ।
ਰੂਸ, ਅਮਰੀਕਾ, ਕੈਨੇਡਾ, ਜਾਪਾਨ ਅਤੇ ਕਈ ਯੂਰਪੀ ਦੇਸ਼ਾਂ ਨੇ ਸਾਂਝੇ ਤੌਰ 'ਤੇ 1998 ਵਿੱਚ ਇਸ ਪੁਲਾੜ ਸਟੇਸ਼ਨ ਦਾ ਨਿਰਮਾਣ ਕੀਤਾ ਸੀ। ਬਾਅਦ ਵਿੱਚ ਵੱਖ-ਵੱਖ ਪੜਾਵਾਂ ਵਿੱਚ ਇਸ 'ਚ ਸੁਧਾਰ ਵੀ ਹੁੰਦੇ ਰਹੇ।
ਇਸਨੂੰ ਸ਼ੁਰੂ ਵਿੱਚ ਇਸ ਟੀਚੇ ਨਾਲ ਤਿਆਰ ਕੀਤਾ ਗਿਆ ਸੀ ਕਿ ਇਹ 15 ਸਾਲਾਂ ਲਈ ਕੰਮ ਕਰੇਗਾ।
ਹਾਲਾਂਕਿ, ਵਿਗਿਆਨਕ ਖੋਜ ਅਤੇ ਪੁਲਾੜ ਉਦਯੋਗ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਿੱਚ ਇਸਦੀ ਨਿਰੰਤਰ ਸਫਲਤਾ ਦੇ ਕਾਰਨ, ਇਸ ਪੁਲਾੜ ਸਟੇਸ਼ਨ ਦੀ ਉਮਰ ਕਈ ਵਾਰ ਵਧਾਈ ਗਈ।
ਆਖਰੀ ਵਾਰ, ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੌਰਾਨ (2021 ਵਿੱਚ), ਪੁਲਾੜ ਸਟੇਸ਼ਨ ਦੀ ਉਮਰ 2030 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ।

ਤਸਵੀਰ ਸਰੋਤ, NASA
ਰੂਸ ਦੀ ਚੇਤਾਵਨੀ
ਹਾਲਾਂਕਿ, ਉਸੇ ਸਾਲ (2021) ਵਿੱਚ, ਰੂਸ ਨੇ ਇਸ ਪੁਲਾੜ ਸਟੇਸ਼ਨ ਬਾਰੇ ਚੇਤਾਵਨੀ ਜਾਰੀ ਕੀਤੀ ਸੀ।
ਚੇਤਾਵਨੀ ਮੁਤਾਬਕ - ਪੁਰਾਣੇ ਉਪਕਰਣਾਂ ਅਤੇ ਹਾਰਡਵੇਅਰ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਸਮੱਸਿਆਵਾਂ ਆ ਸਕਦੀਆਂ ਹਨ, ਜਿਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਸਕੇਗਾ।
ਸਾਬਕਾ ਰੂਸੀ ਪੁਲਾੜ ਯਾਤਰੀ ਵਲਾਦੀਮੀਰ ਸੋਲੋਵਯੋਵ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਰੂਸੀ ਹਿੱਸੇ ਵਿੱਚ 80 ਪ੍ਰਤੀਸ਼ਤ ਯੰਤਰ ਪ੍ਰਣਾਲੀਆਂ ਪੁਰਾਣੀਆਂ ਹਨ, ਅਤੇ ਇਸ ਤੋਂ ਇਲਾਵਾ ਛੋਟੀਆਂ ਤਰੇੜਾਂ ਵੀ ਦਿਖਾਈ ਦਿੰਦੀਆਂ ਹਨ ਜੋ ਸਮੇਂ ਦੇ ਨਾਲ ਵੱਡੀਆਂ ਹੋ ਸਕਦੀਆਂ ਹਨ।
ਹਾਲ ਹੀ ਵਿੱਚ ਇਲੋਨ ਮਸਕ ਨੇ ਫਰਵਰੀ ਵਿੱਚ ਆਪਣੇ ਐਕਸ ਪੇਜ 'ਤੇ ਕਿਹਾ ਸੀ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ 2030 ਤੱਕ ਦੀ ਸਮਾਂ ਸੀਮਾ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸਨੂੰ ਦੋ ਸਾਲਾਂ ਦੇ ਅੰਦਰ ਹੀ ਬੰਦ ਕਰ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਇਸ ਸਬੰਧ ਵਿੱਚ ਰਾਸ਼ਟਰਪਤੀ ਟਰੰਪ ਨੂੰ ਫੈਸਲਾ ਲੈਣਾ ਚਾਹੀਦਾ ਹੈ।
ਮਸਕ ਨੇ ਆਪਣੀ ਪੋਸਟ 'ਚ ਕਿਹਾ, "ਸਮਾਂ ਆ ਗਿਆ ਹੈ ਕਿ ਹੁਣ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਡੀਆਰਬਿਟ ਕਰ ਦਿੱਤਾ ਜਾਵੇ। ਇਸਦੀ ਸਥਾਪਨਾ ਦਾ ਉਦੇਸ਼ ਪੂਰਾ ਹੋ ਗਿਆ ਹੈ। ਹੁਣ ਅਸੀਂ ਮੰਗਲ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ।''
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਕਿਵੇਂ ਨਸ਼ਟ ਹੋਵੇਗਾ?
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਜਦੋਂ ਇੱਕ ਫੁੱਟਬਾਲ ਮੈਦਾਨ ਦੇ ਆਕਾਰ ਦਾ ਸਪੇਸ ਸਟੇਸ਼ਨ ਧਰਤੀ ਦੁਆਲੇ ਘੁੰਮਦਾ ਹੈ, ਤਾਂ ਇਸਦਾ ਔਰਬਿਟ ਸਮੇਂ-ਸਮੇਂ 'ਤੇ ਵਾਯੂਮੰਡਲੀ ਖਿੱਚ ਦੁਆਰਾ ਪ੍ਰਭਾਵਿਤ ਹੁੰਦਾ ਹੈ।
ਜੇ ਇਸ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਜਾਵੇ, ਤਾਂ ਇਹ ਸੂਰਜ ਤੋਂ ਪ੍ਰਭਾਵਿਤ ਹੋਵੇਗਾ ਅਤੇ ਇੱਕ ਜਾਂ ਦੋ ਸਾਲਾਂ ਦੇ ਅੰਦਰ ਇਹ ਆਪਣੇ ਔਰਬਿਟ ਤੋਂ ਪੂਰੀ ਤਰ੍ਹਾਂ ਭਟਕ ਜਾਵੇਗਾ ਅਤੇ ਧਰਤੀ ਵੱਲ ਡਿੱਗ ਜਾਵੇਗਾ।
ਇਹ ਧਰਤੀ 'ਤੇ ਰਹਿਣ ਵਾਲੇ ਲੋਕਾਂ ਲਈ ਬਹੁਤ ਵੱਡਾ ਖ਼ਤਰਾ ਪੈਦਾ ਕਰੇਗਾ। ਇਸੇ ਕਾਰਨ, 'ਰੀ-ਬੂਸਟ' (ਰੀ-ਬੂਸਟ - ਸਪੇਸ ਸਟੇਸ਼ਨ ਨੂੰ ਚਾਲੂ ਰੱਖਣ ਲਈ ਬੂਸਟ) ਦੀ ਪ੍ਰਕਿਰਿਆ ਜਾਰੀ ਹੈ।
ਨਾਸਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਬੰਦ ਕਰਨ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ।
ਇਸ ਦਾ ਪਹਿਲਾ ਕਦਮ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਔਰਬਿਟ ਨੂੰ ਵਾਯੂਮੰਡਲੀ ਖਿੱਚ ਦੇ ਅੰਦਰ ਆਪਣੇ ਆਪ ਹੀ ਸੜਨ ਹੋਣ ਦਿੱਤਾ ਜਾਵੇਗਾ। ਇਸਦਾ ਮਤਲਬ ਹੈ ਕਿ 'ਰੀ-ਬੂਸਟ' ਪ੍ਰਕਿਰਿਆ ਘਟ ਜਾਵੇਗੀ।
ਫਿਰ, ਪੁਲਾੜ ਸਟੇਸ਼ਨ ਨੂੰ ਹੌਲੀ ਕਰਨ ਦੀਆਂ ਪ੍ਰਕਿਰਿਆਵਾਂ ਸ਼ੁਰੂ ਹੋਣਗੀਆਂ। ਇਸ ਦੇ ਲਈ, ਪੁਲਾੜ ਯਾਨ ਅਤੇ ਪੁਲਾੜ ਸਟੇਸ਼ਨ ਨਾਲ ਜੁੜੇ ਹੋਰ ਪ੍ਰੋਪਲਸ਼ਨ ਮਾਡਿਊਲਾਂ, ਜਿਵੇਂ ਕਿ ਪ੍ਰਗਤੀ (ਰੂਸ ਦਾ ਪੁਲਾੜ ਯਾਨ) ਦੀ ਵਰਤੋਂ ਕੀਤੀ ਜਾਵੇਗੀ।
ਇਸਦੇ ਗੈਰ-ਜ਼ਰੂਰੀ ਮਾਡਿਊਲਾਂ ਨੂੰ ਵੱਖਰੇ ਤੌਰ 'ਤੇ ਔਰਬਿਟ ਤੋਂ ਵੱਖ ਕਰਕੇ ਅਤੇ ਹਟਾਇਆ ਜਾ ਸਕਦਾ ਹੈ। ਇਸ ਸਮੇਂ ਦੌਰਾਨ (2026 ਤੋਂ 2030), ਪੁਲਾੜ ਸਟੇਸ਼ਨ ਦੀ ਉਚਾਈ ਹੌਲੀ-ਹੌਲੀ 415 ਕਿਲੋਮੀਟਰ ਦੀ ਉਚਾਈ ਤੋਂ ਘਟ ਜਾਵੇਗੀ।

ਤਸਵੀਰ ਸਰੋਤ, NASA
ਅਤੇ ਫਿਰ ਇਹ ਧਰਤੀ 'ਤੇ ਆ ਡਿੱਗੇਗਾ
ਇਸ ਮਗਰੋਂ, ਪੁਲਾੜ ਸਟੇਸ਼ਨ ਦੀ ਉਚਾਈ 280 ਕਿਲੋਮੀਟਰ ਤੱਕ ਘਟਾ ਦਿੱਤੀ ਜਾਵੇਗੀ। ਫਿਰ ਇੱਕ ਅੰਤਮ ਵਾਰ, ਇੱਕ ਪੁਲਾੜ ਯਾਨ ਦੀ ਮਦਦ ਨਾਲ ਇਸਦੀ ਦੂਰੀ ਨੂੰ 120 ਕਿਲੋਮੀਟਰ ਤੱਕ ਘਟਾਇਆ ਜਾਵੇਗਾ।
ਜੇਕਰ ਯੋਜਨਾ ਅਨੁਸਾਰ ਇਹ ਯਤਨ ਸਫਲ ਹੋ ਜਾਂਦੇ ਹਨ, ਤਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਧਰਤੀ ਤੋਂ 120 ਕਿਲੋਮੀਟਰ ਦੀ ਦੂਰੀ ਤੱਕ ਪਹੁੰਚਣ ਦੀ ਉਮੀਦ ਹੈ।
ਜੇਕਰ ਸਟੇਸ਼ਨ 120 ਕਿਲੋਮੀਟਰ ਦੀ ਦੂਰੀ ਤੱਕ ਪਹੁੰਚਦਾ ਹੈ, ਤਾਂ ਇਹ 29,000 ਕਿਲੋਮੀਟਰ ਪ੍ਰਤੀ ਘੰਟਾ ਦੀ ਭਿਆਨਕ ਗਤੀ ਨਾਲ ਧਰਤੀ ਦੇ ਵਾਯੂਮੰਡਲ ਨਾਲ ਟਕਰਾਏਗਾ।
ਹਾਲਾਂਕਿ, ਨਾਸਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਜ਼ਿਆਦਾਤਰ ਹਿੱਸੇ ਵਾਯੂਮੰਡਲ 'ਚ ਮੁੜ-ਪ੍ਰਵੇਸ਼ ਦੌਰਾਨ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਸੜ ਜਾਣਗੇ।
ਅਤੇ ਬਾਕੀ ਦੇ ਹਿੱਸੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਖਾਸ ਖੇਤਰ ਵਿੱਚ ਡਿੱਗਣਗੇ।
ਨਾਸਾ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਹ ਖੇਤਰ ਆਬਾਦੀ ਵਾਲਾ ਨਹੀਂ ਹੈ ਅਤੇ ਅਣਚਾਹੇ ਪੁਲਾੜ ਯਾਨ ਆਮ ਤੌਰ 'ਤੇ ਇੱਥੇ ਹੀ ਡਿੱਗਦੇ ਹਨ।

ਕੀ ਹੈ 'ਪੁਆਇੰਟ ਨੇਮੋ'
'ਪੁਆਇੰਟ ਨੇਮੋ' ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਖੇਤਰ ਹੈ। ਇਹ ਧਰਤੀ 'ਤੇ ਉਹ ਥਾਂ ਹੈ ਜੋ ਜ਼ਮੀਨ ਤੋਂ ਸਭ ਤੋਂ ਦੂਰ ਵਾਲਾ ਬਿੰਦੂ ਹੈ।
ਇਸਨੂੰ ਪੁਲਾੜ ਯਾਨਾਂ ਦਾ ਕਬਰਸਤਾਨ ਵੀ ਕਿਹਾ ਜਾਂਦਾ ਹੈ।
ਬਹੁਤ ਸਾਰੇ ਪੁਰਾਣੇ ਉਪਗ੍ਰਹਿ ਅਤੇ ਹੋਰ ਪੁਲਾੜ ਮਲਬਾ ਇੱਥੇ ਹੀ ਕ੍ਰੈਸ਼ ਹੋਇਆ ਹੈ। ਸਾਲ 2001 ਵਿੱਚ ਰੂਸੀ ਪੁਲਾੜ ਸਟੇਸ਼ਨ ਮੀਰ ਵੀ ਇੱਥੇ ਹੀ ਡਿੱਗਿਆ ਸੀ।
ਸਪੇਸ ਐਸਕ ਕਰੇਗਾ ਮਦਦ

ਤਸਵੀਰ ਸਰੋਤ, Reuters
ਪਿਛਲੇ ਸਾਲ ਜੂਨ ਵਿੱਚ, ਨਾਸਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਬੰਦ ਕਰਨ ਅਤੇ ਨਸ਼ਟ ਕਰਨ ਲਈ ਇਲੋਨ ਮਸਕ ਦੇ ਸਪੇਸਐਕਸ ਨੂੰ ਚੁਣਿਆ ਸੀ।
ਇਸ ਮਕਸਦ ਲਈ ਕੰਪਨੀ ਨਾਲ 843 ਮਿਲੀਅਨ ਅਮਰੀਕੀ ਡਾਲਰ (ਭਾਰਤੀ ਮੁਦਰਾ ਵਿੱਚ ਲਗਭਗ ਸੱਤ ਹਜ਼ਾਰ ਕਰੋੜ ਰੁਪਏ) ਦਾ ਇਕਰਾਰਨਾਮਾ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਬਦਲ ਕੀ ਹੈ?
ਨਾਸਾ ਦਾ ਕਹਿਣਾ ਹੈ ਕਿ ਪੁਲਾੜ ਸਟੇਸ਼ਨ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਹੀ ਨਿੱਜੀ ਪੁਲਾੜ ਸਟੇਸ਼ਨ ਕੰਮ ਕਰਨ ਲੱਗ ਜਾਣਗੇ, ਜਿਸ ਨਾਲ ਕਮਰਸ਼ੀਅਲ ਪੁਲਾੜ ਸੇਵਾਵਾਂ, ਖਾਸ ਕਰਕੇ ਧਰਤੀ ਦੇ ਹੇਠਲੇ ਔਰਬਿਟ ਵਿੱਚ, ਦੀ ਆਗਿਆ ਮਿਲੇਗੀ।
ਇਸ ਦੇ ਲਈ, ਐਕਸੀਓਮ ਸਪੇਸ ਅਤੇ ਬਲੂ ਓਰਿਜਿਨ ਵਰਗੀਆਂ ਕੰਪਨੀਆਂ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ ਗਏ ਹਨ।
ਨਾਸਾ ਨੇ ਇਹ ਵੀ ਕਿਹਾ ਹੈ ਕਿ 2031 ਤੋਂ ਬਾਅਦ, ਉਹ ਹੁਣ ਮਨੁੱਖਾਂ ਨੂੰ ਧਰਤੀ ਦੇ ਔਰਬਿਟ ਤੋਂ ਪਰ੍ਹੇ ਚੰਦਰਮਾ ਅਤੇ ਮੰਗਲ ਵਰਗੇ ਖੇਤਰਾਂ ਵਿੱਚ ਭੇਜਣ ਦੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰੇਗਾ।
ਇਸ ਦੇ ਨਾਲ ਹੀ, ਹੋਰ ਦੇਸ਼ ਵੀ ਆਪਣੇ ਪੁਲਾੜ ਸਟੇਸ਼ਨ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ।

ਤਸਵੀਰ ਸਰੋਤ, ISRO
ਭਾਰਤ ਵੀ 2035 ਤੱਕ ਭਾਰਤੀ ਅੰਤਰਕਸ਼ਾ ਸਟੇਸ਼ਨ ਨਾਮਕ ਇੱਕ ਭਾਰਤੀ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਲਈ ਕੰਮ ਵੀ ਚੱਲ ਰਿਹਾ ਹੈ।
ਇਸਰੋ ਦੇ ਸਾਬਕਾ ਚੇਅਰਮੈਨ ਐਸ. ਸੋਮਨਾਥ ਨੇ ਪਿਛਲੇ ਸਾਲ ਕਿਹਾ ਸੀ ਕਿ ਇਸ ਪੁਲਾੜ ਸਟੇਸ਼ਨ ਦਾ ਪਹਿਲਾ ਹਿੱਸਾ 2028 ਵਿੱਚ ਲਾਂਚ ਕੀਤਾ ਜਾਵੇਗਾ।
ਪਹਿਲੇ ਹਿੱਸੇ ਦੇ ਲਾਂਚ ਤੋਂ ਸੱਤ ਸਾਲ ਬਾਅਦ, ਭਾਰਤ ਆਪਣੇ ਪੁਲਾੜ ਸਟੇਸ਼ਨ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਤਿਆਰ ਹੋਵੇਗਾ।
ਚੀਨ ਨੇ 2022 ਵਿੱਚ ਆਪਣੇ ਪੁਲਾੜ ਸਟੇਸ਼ਨ, ਤਿਆਨਗੋਂਗ, ਜਾਂ 'ਸਵਰਗੀ ਮਹਿਲ' ਦੇ ਪਹਿਲੇ ਮਾਡਿਊਲ ਨੂੰ ਔਰਬਿਟ ਵਿੱਚ ਲਾਂਚ ਕੀਤਾ ਸੀ।
ਮੌਜੂਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਉਲਟ, ਚੀਨ ਨੇ ਇਸਨੂੰ ਇਕੱਲੇ ਹੀ ਬਣਾਇਆ ਸੀ।
ਚੀਨ ਦਾ ਪੱਕਾ ਵਿਸ਼ਵਾਸ ਹੈ ਕਿ 2031 ਤੋਂ ਬਾਅਦ, ਉਨ੍ਹਾਂ ਦਾ ਇਹ ਪੁਲਾੜ ਸਟੇਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਥਾਂ ਲੈ ਲਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












