ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਹੋਈ ਸੁਰੱਖਿਅਤ ਵਾਪਸੀ, ਆਖ਼ਰੀ ਮਿੰਟ 'ਚ ਕੀ ਵਾਪਰਿਆ

ਤਸਵੀਰ ਸਰੋਤ, NASA
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੋ ਹੋਰ ਪੁਲਾੜ ਯਾਤਰੀਆਂ ਦੇ ਨਾਲ ਸਪੇਸਐਕਸ ਦੇ ਡਰੈਗਨ ਕੈਪਸੂਲ ਰਾਹੀਂ ਧਰਤੀ 'ਤੇ ਪਰਤ ਆਏ ਹਨ।
ਪਿਛਲੇ ਸਾਲ ਜੂਨ 'ਚ ਮਹਿਜ਼ ਅੱਠ ਦਿਨਾਂ ਲਈ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਗਏ ਇਹ ਦੋਵੇਂ ਪੁਲਾੜ ਯਾਤਰੀ 9 ਮਹੀਨਿਆਂ ਬਾਅਦ ਵਾਪਸ ਪਰਤੇ ਹਨ।
ਬੋਇੰਗ ਸਟਾਰਲਾਈਨਰ ਪੁਲਾੜ ਯਾਨ ਜਿਸ ਨੇ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਉਣਾ ਸੀ, ਟੁੱਟ ਗਿਆ ਸੀ, ਇਸ ਲਈ ਉਨ੍ਹਾਂ ਨੂੰ ਵਾਪਸ ਪਰਤਣ ਲਈ ਇੰਨੀ ਲੰਬੀ ਉਡੀਕ ਕਰਨੀ ਪਈ।
ਉਨ੍ਹਾਂ ਨੂੰ ਆਖ਼ਰਕਾਰ ਇਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ਡਰੈਗਨ ਕੈਪਸੂਲ ਵਿੱਚ ਫਲੋਰੀਡਾ ਦੇ ਤੱਟ 'ਤੇ ਸੁਰੱਖਿਅਤ ਉਤਾਰਿਆ ਗਿਆ।

ਸਮੁੰਦਰ ਵਿੱਚ ਡਿੱਗਣ ਤੋਂ ਬਾਅਦ, ਕੈਪਸੂਲ ਦੇ ਚਾਰੇ ਪਾਸੇ ਉਤਸੁਕ ਡਾਲਫਿਨਜ਼ ਦਾ ਇੱਕ ਸਮੂਹ ਚੱਕਰ ਕੱਢ ਰਿਹਾ ਸੀ।
ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਪਹੁੰਚਣ 'ਚ 17 ਘੰਟੇ ਦਾ ਲੰਬਾ ਸਮਾਂ ਲੱਗਾ।
ਜਾਣੋ ਕਿਸ ਤਰ੍ਹਾਂ ਦਾ ਸੀ ਇਹ ਸਫ਼ਰ ਅਤੇ ਕੈਪਸੂਲ ਸਪਲੈਸ਼ਡਾਊਨ ਤੋਂ ਬਾਅਦ ਕੀ ਹੋਇਆ?
ਪਹਿਲਾਂ ਪੈਰਾਸ਼ੂਟ ਖੁੱਲ੍ਹਿਆ ਅਤੇ ਫਿਰ ਸਪਲੈਸ਼ਡਾਊਨ

ਤਸਵੀਰ ਸਰੋਤ, Reuters
ਭਾਰਤੀ ਸਮੇਂ ਮੁਤਾਬਕ ਤੜਕੇ 3:27 ਵਜੇ ਚਾਰ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਵਾਲਾ ਕੈਪਸੂਲ ਫਲੋਰੀਡਾ ਦੇ ਤੱਟ ਨੇੜੇ ਸਮੁੰਦਰ ਵਿੱਚ ਡਿੱਗ ਗਿਆ।
ਸਮੁੰਦਰ ਦੀ ਸਤ੍ਹਾ 'ਤੇ ਆਉਣ ਤੋਂ ਬਾਅਦ, ਕੰਟਰੋਲ ਕੇਂਦਰ ਨੇ ਪੁਲਾੜ ਯਾਤਰੀਆਂ ਦਾ ਸੁਆਗਤ ਕਰਦਿਆਂ ਕਿਹਾ, "ਨਿਕ, ਇਲੇਕ, ਬੁੱਚ, ਸੁਨੀ...ਸਪੇਸਐਕਸ ਵੱਲੋਂ ਘਰ ਵਾਪਸ ਪਹੁੰਚਣ 'ਤੇ ਤੁਹਾਡਾ ਸੁਆਗਤ ਹੈ।"
ਕਮਾਂਡਰ ਨਿਕ ਹੇਗ ਨੇ ਖੁਸ਼ੀ ਨਾਲ ਜਵਾਬ ਦਿੱਤਾ, "ਕੈਪਸੂਲ ਅੰਦਰ ਸਾਰਿਆਂ ਦੇ ਚਿਹਰਿਆਂ ਉੱਤੇ ਮੁਸਕਰਾਹਟ ਹੈ।"
ਸਪਲੈਸ਼ਡਾਊਨ ਤੋਂ ਠੀਕ ਪਹਿਲਾਂ ਕੀ ਹੋਇਆ?

ਤਸਵੀਰ ਸਰੋਤ, EPA
ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਧਰਤੀ ਤੱਕ ਦਾ ਸਫ਼ਰ ਤਕਰੀਬਨ 17 ਘੰਟੇ ਦਾ ਸੀ।
ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਸਮੇਂ, ਡਰੈਗਨ ਕੈਪਸੂਲ ਦੀ ਰਫ਼ਤਾਰ 17,000 ਮੀਲ ਪ੍ਰਤੀ ਘੰਟਾ ਸੀ, ਜੋ ਕਿ ਕੁਝ ਮਿੰਟਾਂ ਦੇ ਅੰਤਰਾਲ ਵਿੱਚ ਤੇਜ਼ੀ ਨਾਲ ਹੌਲੀ ਹੋ ਗਈ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੇ ਨਾਲ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਨੇ ਬਾਕੀ ਪੁਲਾੜ ਯਾਤਰੀਆਂ ਤੋਂ ਅਲਵਿਦਾ ਲਈ ਸੀ।
2000 ਡਿਗਰੀ ਦਾ ਤਾਪਮਾਨ ਅਤੇ ਹੀਟ ਸ਼ੀਲਡ, ਕਿੰਨਾ ਖਤਰਨਾਕ ਸੀ ਸਫਰ?

ਤਸਵੀਰ ਸਰੋਤ, NASA
ਜਦੋਂ ਇਹ ਕੈਪਸੂਲ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਇਆ ਤਾਂ ਉੱਥੇ ਸੰਚਾਰ ਬਲੈਕਆਊਟ ਹੋ ਗਿਆ ਸੀ, ਜਿਸ ਨੂੰ ਦੁਪਹਿਰ 3:20 ਵਜੇ ਦੇ ਕਰੀਬ ਮੁੜ ਬਹਾਲ ਕਰ ਦਿੱਤਾ ਗਿਆ।
ਵਾਯੂਮੰਡਲ ਵਿੱਚ ਦਾਖ਼ਲ ਹੋਣ ਤੋਂ ਬਾਅਦ, ਪੁਲਾੜ ਯਾਨ ਦੀ ਪਲਾਜ਼ਮਾ ਸ਼ੀਲਡ ਦਾ ਤਾਪਮਾਨ 1927 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਪਰ ਹੀਟ ਸ਼ੀਲਡ ਪੁਲਾੜ ਯਾਤਰੀਆਂ ਨੂੰ ਅਜਿਹੀ ਤੀਬਰ ਗਰਮੀ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਈ।
ਦੁਪਹਿਰ 3.21 ਵਜੇ ਦੇ ਕਰੀਬ ਪੁਲਾੜ ਯਾਨ ਆਟੋਨੋਮਸ, ਭਾਵ ਸਵੈ-ਚਲਿਤ ਹੋ ਗਿਆ ਸੀ। ਇਸ ਦਾ ਅਰਥ ਹੈ ਕਿ ਪੁਲਾੜ ਯਾਤਰੀ ਇਸ ਨੂੰ ਕੰਟਰੋਲ ਨਹੀਂ ਕਰ ਰਹੇ ਸਨ।
ਇਸ ਸਮੇਂ ਦੌਰਾਨ, ਉਹ ਆਪਣੇ ਸਾਹਮਣੇ ਟੱਚ ਸਕਰੀਨ 'ਤੇ ਸਾਰੀਆਂ ਗਤੀਵਿਧੀਆਂ ਨੂੰ ਵੇਖਣ ਦੇ ਯੋਗ ਸੀ।
ਦੁਪਹਿਰ ਕਰੀਬ 3:24 ਵਜੇ, ਡਰੈਗਨ ਕੈਪਸੂਲ ਦੇ ਪਹਿਲੇ ਦੋ ਪੈਰਾਸ਼ੂਟ ਖੁੱਲ੍ਹੇ, ਜਿਸ ਨਾਲ ਇਸਦੀ ਰਫ਼ਤਾਰ ਹੋਰ ਹੌਲੀ ਹੋ ਗਈ।
ਇਸ ਦੌਰਾਨ ਜ਼ੋਰਦਾਰ ਝਟਕਾ ਲੱਗਿਆ ਅਤੇ ਕੈਪਸੂਲ ਦੀ ਰਫ਼ਤਾਰ ਹੋਰ ਹੌਲੀ ਹੋ ਗਈ। ਇਸ ਤੋਂ ਬਾਅਦ ਦੋ ਹੋਰ ਪੈਰਾਸ਼ੂਟ ਖੁੱਲ੍ਹੇ।
ਸਮੁੰਦਰ ਵਿੱਚ ਉਤਰਨ ਤੋਂ ਬਾਅਦ ਕੀ ਹੋਇਆ?

ਤਸਵੀਰ ਸਰੋਤ, EPA
ਕੈਪਸੂਲ ਦੇ ਸਮੁੰਦਰ ਵਿੱਚ ਉਤਰਿਆ ਉਸੇ ਸਮੇਂ ਡੌਲਫਿਨਜ਼ ਪਾਣੀ ਵਿੱਚ ਕੈਪਸੂਲ ਦੇ ਆਲੇ ਦੁਆਲੇ ਤੈਰਦੀਆਂ ਵੇਖੀਆਂ ਗਈਆਂ।
ਮੌਕੇ 'ਤੇ ਮੌਜੂਦ ਰਿਕਵਰੀ ਟੀਮ ਬਹੁਤ ਤੇਜ਼ ਕਿਸ਼ਤੀਆਂ 'ਚ ਕੈਪਸੂਲ ਤੱਕ ਪਹੁੰਚੀ ਅਤੇ ਪਹਿਲਾਂ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਪੈਰਾਸ਼ੂਟ ਨੂੰ ਹਟਾਇਆ।
ਇਸ ਤੋਂ ਬਾਅਦ, ਸਪੇਸਐਕਸ ਦਾ ਰਿਕਵਰੀ ਜਹਾਜ਼ ਪਹੁੰਚਿਆ, ਜਿਸ ਨੂੰ ਲੈਂਡਿੰਗ ਸਾਈਟ ਤੋਂ ਮਹਿਜ਼ ਦੋ ਮੀਲ ਦੂਰ ਰੋਕਿਆ ਹੋਇਆ ਸੀ।
ਜਦੋਂ ਪੁਲਾੜ ਯਾਨ ਵਾਪਸ ਆ ਰਿਹਾ ਸੀ, ਤਾਂ ਅਸਮਾਨ ਬਿਲਕੁਲ ਸਾਫ਼ ਨੀਲਾ ਸੀ।
ਇਸ ਤੋਂ ਬਾਅਦ ਕੈਪਸੂਲ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਆ ਕਿਸ਼ਤੀ 'ਚ ਲਿਆਂਦਾ ਗਿਆ।
ਕੈਪਸੂਲ ਹੈਚ ਖੋਲ੍ਹਿਆ

ਤਸਵੀਰ ਸਰੋਤ, NASA
ਇਸ ਤੋਂ ਬਾਅਦ ਡਰੈਗਨ ਦਾ ਸਾਈਡ ਹੈਚ ਖੁੱਲ੍ਹਿਆ ਅਤੇ ਪੂਰੀ ਦੁਨੀਆ ਪੁਲਾੜ ਯਾਤਰੀਆਂ ਦੀ ਝਲਕ ਪਾਉਣ ਲਈ ਉਡੀਕ ਕਰਨ ਲੱਗੀ।
ਲੰਬੇ ਸਮੇਂ ਬਾਅਦ ਇਹ ਲੋਕ ਧਰਤੀ 'ਤੇ ਤਾਜ਼ੀ ਹਵਾ 'ਚ ਸਾਹ ਲੈਣ ਜਾ ਰਹੇ ਹਨ।
ਇਸ ਤੋਂ ਬਾਅਦ ਨਾਸਾ ਤੋਂ ਲਾਈਵ ਤਸਵੀਰਾਂ ਰਾਹੀਂ ਦੁਨੀਆ ਭਰ ਦੇ ਲੋਕਾਂ ਨੇ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਹਰ ਆਉਂਦੇ ਦੇਖਿਆ।
ਚਾਲਕ ਦਲ ਦੇ ਕੈਪਸੂਲ ਛੱਡਣ ਤੋਂ ਪਹਿਲਾਂ, ਅੰਦਰ ਦੀਆਂ ਕੁਝ ਤਸਵੀਰਾਂ ਖਿੱਚੀਆਂ ਗਈਆਂ।
ਇਨ੍ਹਾਂ ਤਸਵੀਰਾਂ 'ਚ ਸਾਰੇ ਯਾਤਰੀ ਹੱਥ ਹਿਲਾ ਕੇ ਵਧਾਈ ਦਿੰਦੇ ਨਜ਼ਰ ਆ ਰਹੇ ਹਨ।
ਕਰੂ-9 ਕਮਾਂਡਰ ਨਿਕ ਹੇਗ ਡਰੈਗਨ ਤੋਂ ਬਾਹਰ ਨਿਕਲਣ ਵਾਲੇ ਪਹਿਲੇ ਯਾਤਰੀ ਸਨ।
ਉਹ ਬਾਹਰ ਆਏ, ਕੈਮਰੇ ਵੱਲ ਦੇਖ ਕੇ ਮੁਸਕਰਾਏ, ਹਵਾ ਵਿੱਚ ਹੱਥ ਲਹਿਰਾਉਂਦੇ ਹੋਏ ਅੱਗੇ ਵਧੇ।
ਕੈਪਸੂਲ ਛੱਡਣ ਤੋਂ ਬਾਅਦ ਪੁਲਾੜ ਯਾਤਰੀਆਂ ਨੇ ਹੱਥ ਹਿਲਾਇਆ

ਤਸਵੀਰ ਸਰੋਤ, NASA
ਕੈਪਸੂਲ ਛੱਡਣ ਤੋਂ ਠੀਕ ਪਹਿਲਾਂ, ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਨੇ ਕੈਮਰੇ ਵੱਲ ਹੱਥ ਹਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪੁਲਾੜ ਵਿੱਚ ਤਕਰੀਬਨ 286 ਦਿਨ ਬਿਤਾਉਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਧਰਤੀ 'ਤੇ ਤਾਜ਼ੀ ਹਵਾ ਵਿੱਚ ਸਾਹ ਲਿਆ।
ਸੁਨੀਤਾ ਵਿਲੀਅਮਜ਼ ਕੈਪਸੂਲ ਤੋਂ ਪਹਿਲਾਂ ਉਤਰੇ ਫਿਰ ਉਸ ਤੋਂ ਬਾਅਦ ਬੁਚ ਵਿਲਮੋਰ ਆਏ।
ਇਸ ਤੋਂ ਬਾਅਦ ਬਾਕੀ ਦੇ ਦੋ ਸਾਥੀ ਪੁਲਾੜ ਯਾਤਰੀ ਉਤਰੇ।
ਜਦੋਂ ਉਹ ਕੈਪਸੂਲ ਤੋਂ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਸੀ ਅਤੇ ਉਹ ਕੈਮਰੇ ਵੱਲ ਦੇਖਦੇ ਹੋਏ ਲਗਾਤਾਰ ਆਪਣੇ ਹੱਥ ਹਿਲਾ ਰਹੇ ਸਨ।
ਕਰੀਬਨ ਨੌਂ ਮਹੀਨਿਆਂ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਰਹਿੰਦੇ ਹੋਏ, ਇਨ੍ਹਾਂ ਦੋਵਾਂ ਯਾਤਰੀਆਂ ਨੇ ਹਰ ਰੋਜ਼ 16 ਵਾਰ ਸੂਰਜ ਨੂੰ ਚੜ੍ਹਦਿਆਂ ਅਤੇ ਡੁੱਬਦਿਆਂ ਦੇਖਿਆ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਇਸ ਨਾਲ ਤਾਲਮੇਲ ਬਣਾਉਣਾ ਉਨ੍ਹਾਂ ਲਈ ਕਿੰਨਾ ਚੁਣੌਤੀ ਭਰਿਆ ਰਿਹਾ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












