ਜਗਜੀਤ ਸਿੰਘ ਡੱਲੇਵਾਲ ਨੇ ਕਿਸ ਦੇ ਕਹਿਣ 'ਤੇ ਤੋੜਿਆ ਮਰਨ ਵਰਤ, ਬੋਲੇ, 'ਸਾਡਾ ਮੋਰਚਾ ਖਦੇੜਣਾ ਸਰਕਾਰਾਂ ਦੀ ਕੋਈ ਬਹਾਦਰਾਂ ਵਾਲੀ ਗੱਲ ਨਹੀਂ...'

ਤਸਵੀਰ ਸਰੋਤ, SKM Non Political
ਮਰਨ ਵਰਤ ʼਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਫਤਹਿਗੜ੍ਹ ਸਾਹਿਬ ਵਿਖੇ ਆਪਣੇ ਮਰਨ ਵਰਤ ਤੋੜਿਆ।
ਇਸ ਦੌਰਾਨ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐੱਮਐੱਸਪੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਜਾਰੀ ਰਹੇਗੀ।
ਦਰਅਸਲ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐੱਮਐੱਸਪੀ ਸਣੇ ਹੋਰ ਕਈ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ʼਤੇ ਬੈਠੇ ਸਨ।
ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗੁਵਾਈ ਵਾਲੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਸਰਵੰਨ ਸਿੰਘ ਪੰਧੇਰ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗੁਵਾਈ ਵਾਲੇ ਮਜ਼ਦੂਰ ਮੋਰਚੇ ਦੇ ਬੈਨਰ ਹੇਠ ਇਹ ਸੰਘਰਸ਼ ਲੜ ਰਹੀ ਸੀ। ਉਹ ਇਸ ਨੂੰ ਕਿਸਾਨ ਅੰਦੋਲਨ 2.0 ਦਾ ਨਾਮ ਦਿੰਦੇ ਹਨ।
ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਸ ਨੇ ਤਿੰਨ ਖੇਤੀ ਕਾਨੂੰਨਾਂ ਲਈ ਸੰਘਰਸ਼ ਲੜਿਆ ਹੈ, ਉਸ ਦੀਆਂ ਬਹੁਗਿਣਤੀ ਜਥੇਬੰਦੀਆਂ ਸ਼ਾਮਿਲ ਨਹੀਂ ਸਨ।
ਇਸ ਵਿਚਾਲੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਵੀ ਹੋਈ ਪਰ ਕਿਸੇ ਸਿਰੇ ਨਾ ਲੱਗ ਸਕੀ।
ਇਸ ਤੋਂ ਪਹਿਲਾਂ 19 ਮਾਰਚ ਨੂੰ ਪੁਲਿਸ ਨੇ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਲੱਗਿਆ ਮੋਰਚਾ ਖਦੇੜ ਦਿੱਤਾ ਸੀ।

ਆਪਣਾ ਮਰਨ ਵਰਤ ਤੋੜਨ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਨੇ ਕਿਹਾ, "ਜਿਸ ਦਿਨ ਮੈਂ ਮਰਨ ਵਰਤ ਸ਼ੁਰੂ ਕੀਤਾ ਸੀ ਮੈਂ ਸਾਰਿਆਂ ਕੋਲੋਂ ਇੱਕ ਮੰਗ ਕੀਤੀ ਸੀ ਕਿ ਜੇ ਸਰਕਾਰ ਚੁੱਕ ਕੇ ਲੈ ਗਈ ਤਾਂ ਆਪਾਂ ਹਾਰ ਜਾਵਾਂਗੇ ਤੇ ਜੇ ਤੁਸੀਂ ਚੁੱਕਣ ਨਾ ਦਿੱਤਾ ਤਾਂ ਅਸੀਂ ਜਿੱਤ ਜਾਵਾਂਗੇ।"
"ਜਿਸ ਤਰ੍ਹਾਂ ਪੰਜਾਬ-ਹਰਿਆਣਾ ਦੇ ਨੌਜਵਾਨਾਂ, ਬੀਬੀਆਂ ਅਤੇ ਬਜ਼ੁਰਗਾਂ ਨੇ ਰਾਤ-ਰਾਤ ਜਾਗ ਕੇ ਮੋਰਚਾ ਸੰਭਾਲਿਆ ਹੈ, ਮੈਂ ਤੁਹਾਡੀ ਹਿੰਮਤ ਦੇਖਦਾ ਰਿਹਾ-ਸੁਣਦਾ ਰਿਹਾ।"
ਉਨ੍ਹਾਂ ਅੱਗੇ ਕਿਹਾ, "ਸਰਕਾਰ ਨੂੰ ਮੋਰਚੇ ਦੇ ਨੇੜੇ ਨਹੀਂ ਆਉਣ ਦਿੱਤਾ ਅਤੇ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਡੱਲੇਵਾਲ ਨੂੰ ਉੱਥੋਂ ਚੁੱਕਣਾ ਉਨ੍ਹਾਂ ਲਈ ਸੰਭਵ ਨਹੀਂ ਹੈ। ਇਸੇ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ।"

ਤਸਵੀਰ ਸਰੋਤ, Jagjit Singh Dallewal/FB

"ਘਬਰਾਉਣ ਦੀ ਲੋੜ ਨਹੀਂ ਹੈ। ਇਹ ਹੁਣ ਹਾਰੀ ਹੋਈ ਸਰਕਾਰ ਹੈ ਕਿਉਂਕਿ ਉਹ ਮਨੁੱਖ ਹਮੇਸ਼ਾ ਹਾਰਿਆ ਹੁੰਦਾ ਜੋ ਪਿੱਛਿਓਂ ਹਮਲਾ ਕਰਦਾ। ਦੋਵਾਂ ਸਰਕਾਰਾਂ ਨੇ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫ਼ਤਾਰ ਕੀਤਾ, ਸਾਡੇ ਕਿਸਾਨਾਂ ਨੂੰ ਆਗੂ ਵਿਹੂਣੇ ਕੀਤਾ। ਸਾਡੇ ਸਾਰੇ ਆਗੂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੇ।"
"1500-1600 ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਅਤੇ ਪਿੱਛੋਂ ਸਾਡਾ ਮੋਰਚਾ ਖਦੇੜ ਦਿੱਤਾ। ਇਹ ਕੋਈ ਬਹਾਦਰਾਂ ਵਾਲੀ ਗੱਲ ਨਹੀਂ, ਇਹ ਤਾਂ ਡਰਪੋਕਾਂ ਵਾਲੀ ਗੱਲ ਹੈ।"
"ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਧੋਖਾ ਦੇ ਕੇ ਮੋਰਚਾ ਦਾ ਖਦੇੜ ਸਕਦੇ ਹੋ ਪਰ ਸਾਡੇ ਦਿਲਾਂ ਵਿੱਚ ਮੰਗਾਂ ਨੂੰ ਹਾਸਲ ਕਰਨ ਦੀ ਜੋ ਭਾਵਨਾ ਹੈ, ਇਸ ਨੂੰ ਕਿਵੇਂ ਖ਼ਤਮ ਕਰੋਗੇ।"
"ਇਹ ਜੰਗ ਜਾਰੀ ਹੈ ਅਤੇ ਅਸੀਂ ਹਰ ਹਾਲ ਵਿੱਚ ਜਿੱਤਣੀ ਹੈ।"
ਉਨ੍ਹਾਂ ਕਿਹਾ, "ਅਸੀਂ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮੋਰਚਾ ਜਾਰੀ ਹੈ। ਹਰ ਰੋਜ਼ ਕਿਸਾਨ ਮੋਰਚਾ ਲਗਾ ਰਹੇ ਹਨ।"

ਕਿਸ ਦੇ ਕਹਿਣ ਉੱਤੇ ਤੋੜਿਆ ਵਰਤ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਆਪਣੇ ਐਕਸ ਉੱਤੇ ਲਿਖਿਆ, "ਅਸੀਂ ਆਪਣੇ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿੰਨਾ ਨੇ ਕੇਂਦਰ ਸਰਕਾਰ ਦੀ ਬੇਨਤੀ ਨੂੰ ਮੰਨ ਦਿਆਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਜੋ ਭਰੋਸਾ ਡੱਲੇਵਾਲ ਸਾਹਿਬ ਨੇ ਕੇਂਦਰ ਸਰਕਾਰ ਤੇ ਕੀਤਾ ਹੈ ਅਸੀਂ ਉਸ ਭਰੋਸੇ ਤੇ ਪੂਰੇ ਜਰੂਰ ਉੱਤਰਾਂ ਗੇ।"
ਹਾਲਾਂਕਿ, ਡੱਲੇਵਾਲ ਨੇ ਕਿਹਾ, "ਮੈਂ ਨਿੱਜੀ ਤੌਰ ʼਤੇ ਮਰਨ ਵਰਤ ਖ਼ਤਮ ਕਰਨ ਦੇ ਹੱਕ ਵਿੱਚ ਨਹੀਂ ਹਾਂ ਪਰ ਪਿਛਲੇ 4 ਦਿਨਾਂ ਵਿੱਚ ਮੈਂ 4 ਮਹਾਪੰਚਾਇਤਾਂ ਵਿੱਚ ਗਿਆ ਹਾਂ ਅਤੇ ਹਜ਼ਾਰਾਂ ਕਿਸਾਨਾਂ ਦੇ ਸੰਦੇਸ਼ ਦੇਸ਼-ਵਿਦੇਸ਼ ਤੋਂ ਮੈਨੂੰ ਮਿਲੇ।"
"ਸਾਰਿਆਂ ਨੇ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ ਕਿ ਮੈਂ ਆਪਣਾ ਵਰਤ ਖ਼ਤਮ ਕਰ ਦਿਆਂ, ਕਿਸਾਨ ਸਮਾਜ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਅੱਜ ਮੈਂ ਮਰਨ ਵਰਤ ਖ਼ਤਮ ਕਰਦਾ ਹਾਂ।"
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਇਹ ਸੰਕਲਪ ਲੈਂਦਾ ਹਾਂ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਐੱਮਐੱਸਪੀ ਗਾਰੰਟੀ ਕਾਨੂੰਨ ʼਤੇ ਚੱਲ ਰਹੇ ਅੰਦੋਲਨ ਨੂੰ ਤੇਜ਼ ਕਰਨ ਦਾ ਕੰਮ ਕਰਾਂਗੇ ਅਤੇ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਕਿਸਾਨਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਜਾਰੀ ਰੱਖਾਂਗੇ।"
ਕੀ ਹਨ ਕਿਸਾਨਾਂ ਦੀਆਂ ਮੰਗਾਂ
- ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ਉੱਤੇ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ।
- ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇ।
- ਡੀਏਪੀ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ।
- ਕਿਸਾਨ-ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਵੇ, ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ।
- ਖੇਤੀ ਐਕਵਾਇਰ ਕਾਨੂੰਨ 2013 ਨੂੰ ਫਿਰ ਤੋਂ ਲਾਗੂ ਕੀਤਾ ਜਾਵੇ।
- ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਿਮਾਂ ਨੂੰ ਸਜ਼ਾ ਦਿੱਤੀ ਜਾਵੇ।
- ਕਿਸਾਨ ਅੰਦੋਲਨ ਦੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ ਦਿੱਤੀ ਜਾਵੇ।
- ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ।
- ਮਨਰੇਗਾ ਤਹਿਤ ਹਰ ਸਾਲ 200 ਦਿਨ ਦਾ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਪ੍ਰਤੀ ਦਿਨ ਕੀਤੀ ਜਾਵੇ।
- ਨਕਲੀ ਬੀਜ, ਕੀਟਨਾਸ਼ਕ ਦਵਾਈਆਂ ਅਤੇ ਖਾਦ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ।
- ਮਿਰਚ, ਹਲਦੀ ਅਤੇ ਹੋਰ ਮਸਾਲਿਆਂ ਦੇ ਲਈ ਕੌਮੀ ਆਯੋਗ ਦਾ ਗਠਨ ਕੀਤਾ ਜਾਵੇ।
- ਸੰਵਿਧਾਨ ਦੀ 5ਵੀਂ ਸੂਚੀ ਨੂੰ ਲਾਗੂ ਕਰ ਕੇ ਆਦਿਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ ਕੀਤੀ ਜਾਵੇ।

ਤਸਵੀਰ ਸਰੋਤ, Getty Images
ਡੱਲੇਵਾਲ ਨੇ ਕਦੋਂ-ਕਦੋਂ ਰੱਖੇ ਮਰਨ ਵਰਤ
ਜਗਜੀਤ ਸਿੰਘ ਡੱਲੇਵਾਲ ਹੁਣ ਤੱਕ 5 ਵਾਰ ਮਰਨ ਵਰਤ ਰੱਖ ਕੇ ਕਿਸਾਨ ਘੋਲ਼ਾਂ ਨੂੰ ਫੈਸਲਾਕੁੰਨ ਜਿੱਤ ਦੁਆ ਚੁੱਕੇ ਹਨ।ਇਹ ਉਨ੍ਹਾਂ ਦਾ 6ਵਾਂ ਮਰਨ ਵਰਤ ਸੀ।
ਬੋਹੜ ਸਿੰਘ ਮੁਤਾਬਕ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਕਿਸੇ ਐਕਸ਼ਨ ਦੀ ਕਾਲ ਦਿੰਦੀ ਹੈ ਅਤੇ ਸੰਘਰਸ਼ ਦੌਰਾਨ ਜੇਕਰ ਸਰਕਾਰ ਤੇ ਪੁਲਿਸ ਧੱਕਾ ਕਰੇ ਤਾਂ ਡੱਲੇਵਾਲ ਇਸ ਦਾ ਜਵਾਬ ਮਰਨ ਵਰਤ ਵਿੱਚ ਦਿੰਦੇ ਹਨ।
ਬੋਹੜ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹਨ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਕਰੀਬੀ ਸਾਥੀ ਹਨ।
ਪਹਿਲਾ ਮਰਨ ਵਰਤ
ਬੋਹੜ ਸਿੰਘ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨੇ ਪਹਿਲੀ ਵਾਰ 2005-06 ਵਿੱਚ ਮਰਨ ਵਰਤ ਰੱਖਿਆ ਸੀ। ਉਸ ਵੇਲੇ ਸਿੱਧੂਪੁਰ ਜਥੇਬੰਦੀ ਤਪਾ ਮੰਡੀ ਵਿੱਚ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਨ। ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਲੈ ਗਈ। ਉੱਥੇ ਉਨ੍ਹਾਂ ਨਾਲ ਅਪਰਾਧੀਆਂ ਵਾਲਾ ਵਿਹਾਰ ਕੀਤਾ ਗਿਆ ਅਤੇ ਰੋਟੀ ਪਾਣੀ ਠੀਕ ਢੰਗ ਨਾਲ ਨਹੀਂ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਡੱਲੇਵਾਲ ਨੇ ਪਹਿਲੀ ਵਾਰ 10 ਦਿਨ ਦਾ ਮਰਨ ਵਰਤ ਰੱਖਿਆ, ਆਖ਼ਿਰ 11ਵੇਂ ਦਿਨ ਸਾਰੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਕਰ ਦਿੱਤੀ।
ਦੂਜੀ ਵਾਰ ਮਰਨ ਵਰਤ
2018 ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਕੂਚ ਕੀਤਾ। ਪਰ ਉਨ੍ਹਾਂ ਨੂੰ ਸੰਗਰੂਰ ਦੀ ਚੀਮਾ ਮੰਡੀ ਵਿੱਚ ਪੁਲਿਸ ਨੇ ਜ਼ਬਰੀ ਰੋਕੀ ਰੱਖਿਆ, ਫੇਰ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਅੱਗੇ ਪੁਲਿਸ ਨੇ ਸ਼ੁਤਰਾਣੇ ਰੋਕ ਲਿਆ। ਇੱਥੇ ਡੱਲੇਵਾਲ ਨੇ ਦੂਜੀ ਵਾਰ ਮਰਨ ਵਰਤ ਸ਼ੁਰੂ ਕੀਤਾ।
ਅਖੀਰ ਕਈ ਦਿਨਾਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਟਰੈਕਟਰ ਟਰਾਲੀਆਂ ਦੀ ਬਜਾਇ ਬੱਸਾਂ ਵਿੱਚ ਚਲੇ ਜਾਣ। ਉਹ ਦਿੱਲੀ ਜਾਣ ਵਿੱਚ ਸਫ਼ਲ ਰਹੇ ਅਤੇ ਰਾਮਲੀਲ਼ਾ ਮੈਦਾਨ ਵਿੱਚ ਡੱਲੇਵਾਲ ਦਾ ਮਰਨ ਵਰਤ ਮੁੜ ਸ਼ੁਰੂ ਹੋਇਆ। ਉਦੋਂ ਹੀ ਅੰਨਾ ਹਜ਼ਾਰੇ ਦਾ ਮਰਨ ਵਰਤ ਵੀ ਇੱਥੇ ਸ਼ੁਰੂ ਹੋਇਆ ਅਤੇ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ।

ਤੀਜਾ ਮਰਨ ਵਰਤ
ਜਗਜੀਤ ਸਿੰਘ ਡੱਲੇਵਾਲ ਦਾ ਤੀਜਾ ਮਰਨ ਵਰਤ ਚੰਡੀਗੜ੍ਹ ਵਿੱਚ 2019 ਵਿੱਚ ਹੋਇਆ ਸੀ। ਦਰਅਸਲ ਇੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਆਏ ਸਨ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਬੈਠਕ ਕਰਵਾਈ ਗਈ ਅਤੇ ਕੁਝ ਮੰਗਾਂ ਮੰਨੀਆਂ ਗਈਆਂ।
ਚੌਥਾ ਮਰਨ ਵਰਤ
ਜਗਜੀਤ ਸਿੰਘ ਡੱਲੇਵਾਲ ਨੇ 2023 ਵਿੱਚ ਆਪਣੇ ਜੱਦੀ ਜ਼ਿਲ੍ਹੇ ਫਰੀਦਕੋਟ ਦੇ ਟਹਿਣਾ ਟੀ-ਪੁਆਇੰਟ ਉੱਤੇ ਮਰਨ ਵਰਤ ਰੱਖਿਆ ਸੀ। ਇਹ ਅਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਨਾ ਲੈਣ ਅਤੇ ਕਈ ਹੋਰ ਮੰਗਾਂ ਲਈ ਕੀਤਾ ਗਿਆ। ਜਿਸ ਦੀ ਸਮਾਪਤੀ ਸਰਕਾਰ ਵਲੋਂ ਲਿਖਤੀ ਸਮਝੌਤੇ ਨਾਲ ਹੋਈ।

ਤਸਵੀਰ ਸਰੋਤ, SKM Non Political
ਪੰਜਵਾਂ ਮਰਨ ਵਰਤ
2023 ਵਿੱਚ ਹੀ ਜਗਜੀਤ ਡੱਲੇਵਾਲ ਨੂੰ ਮਰਨ ਵਰਤ ਰੱਖਣ ਦੀ ਇੱਕ ਸਾਲ ਵਿੱਚ ਹੀ ਦੂਜੀ ਵਾਰ ਜ਼ਰੂਰਤ ਮਹਿਸੂਸ ਹੋਈ। ਇਸ ਵਾਰ ਧਰਨੇ ਦਾ ਸਥਾਨ ਪਟਿਆਲਾ ਸੀ। ਉਹ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ। ਜਦੋਂ ਪ੍ਰਸ਼ਾਸਨ ਨੇ ਜ਼ਬਰੀ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮੁੜ ਮਰਨ ਵਰਤ ਰੱਖ ਲਿਆ। ਬਾਅਦ ਵਿੱਚ ਸਰਕਾਰ ਨੇ ਲਿਖਤੀ ਮੰਗਾਂ ਮੰਨੀਆਂ ਤੇ ਜਿੱਤ ਨਾਲ ਸੰਘਰਸ਼ ਖ਼ਤਮ ਹੋਇਆ।
ਛੇਵਾਂ ਮਰਨ ਵਰਤ
ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੰਗਾਂ ਮਨਾਉਣ ਲਈ ਡੱਲੇਵਾਲ ਮੁੜ ਮਰਨ ਵਰਤ ਉੱਤੇ ਸਨ।
ਭਾਵੇਂ ਉਹ ਪਹਿਲਾਂ ਵੀ ਮਰਨ ਵਰਤ ਰੱਖਦੇ ਰਹੇ ਹਨ, ਪਰ ਇਸ ਵਾਰ ਇਹ ਜ਼ਿਆਦਾ ਲੰਬਾ ਹੋ ਗਿਆ ਸੀ ਅਤੇ ਉਨ੍ਹਾਂ ਦੀ ਉਮਰ ਵੀ 70 ਨੂੰ ਟੱਪ ਚੁੱਕੀ ਹੈ ਅਤੇ ਉਹ ਕੈਂਸਰ ਦੇ ਮਰੀਜ਼ ਵੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












