ਕੈਨੇਡਾ ਦੇ ਇਸ ਸੂਬੇ ਵੱਲੋਂ ‘ਕੈਨੇਡੀਅਨ ਐਕਸਪੀਰੀਐਂਸ’ ਦੀ ਸ਼ਰਤ ਖ਼ਤਮ ਹੋਣ ਨਾਲ ਕੀ ਕੁਝ ਬਦਲੇਗਾ

    • ਲੇਖਕ, ਬਰੈਨੰਨ ਡੌਹਰਟੀ
    • ਰੋਲ, ਬੀਬੀਸੀ ਵਰਕਲਾਈਫ

ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਪਤਾ ਹੈ ਕਿ ਉੱਥੇ ਕੰਮ ਕਰਨ ਲਈ ਉੱਥੇ ਕੰਮ ਕਰਨ ਦਾ ਪਹਿਲਾਂ ਤੋਂ ਤਜਰਬਾ (ਕੈਨੇਡੀਅਨ ਵਰਕ ਐਕਸਪੀਰੀਅੰਸ) ਹੋਣਾ ਕਿੰਨੀ ਮਦਦ ਕਰ ਸਕਦਾ ਹੈ।

ਕੈਨੇਡਾ ਵਿੱਚ ਕਈ ਰੁਜ਼ਗਾਰ ਦਾਤੇ ਆਪਣੇ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਬਿਨੈਕਾਰਾਂ ਤੋਂ 'ਕੈਨੇਡੀਅਨ ਵਰਕ ਐਕਸਪੀਰੀਅੰਸ' ਦੀ ਮੰਗ ਕਰਦੇ ਹਨ।

ਹੁਣ ਓਂਟਾਰੀਓ ਸਰਕਾਰ ਇੱਕ ਬਿਲ ਰਾਹੀਂ ਇਸ ਉੱਪਰ ਰੋਕ ਲਾਉਣ ਦੀ ਤਿਆਰੀ ਵਿੱਚ ਹੈ।

ਕੁਝ ਪਰਵਾਸੀਆਂ ਲਈ ਤਾਂ ਨਿਸ਼ਚਿਤ ਹੀ ਇਸ ਨਾਲ ਨਵੇਂ ਰਾਹ ਜ਼ਰੂਰ ਖੁੱਲ੍ਹਣਗੇ — ਪਰ ਪਰਵਾਸੀਆਂ ਨਾਲ ਰੁਜ਼ਗਾਰ ਵਿਤਕਰੇ ਨੂੰ ਸਮਝਣਾ ਇੰਨਾ ਵੀ ਸੌਖਾ ਨਹੀਂ ਹੈ, ਜਿੰਨਾ ਨਜ਼ਰ ਆਉਂਦਾ ਹੈ।

ਕੈਨੇਡਾ ਆਪਣੇ ਅਕਾਰ ਦੇ ਅਨੁਪਾਤ ਵਿੱਚ ਹਰ ਸਾਲ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ।

ਸਾਲ 2023 ਵਿੱਚ ਕੈਨੇਡਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਮੁਤਾਬਕ 5,26,000 ਨਵੇਂ ਲੋਕ ਕੈਨੇਡਾ ਆਏ ਜੋ ਜਾਂ ਤਾਂ ਸਥਾਈ ਨਾਗਰਿਕ ਸਨ ਜਾਂ ਅਜੇ ਨਾਗਰਿਕ ਨਹੀਂ ਬਣੇ ਸਨ।

ਕੈਨੇਡਾ ਦੀ ਕੁੱਲ ਅਬਾਦੀ ਲਗਭਗ 3.8 ਕਰੋੜ ਦੇ ਅਨੁਪਾਤ ਵਿੱਚ ਇਹ ਬਹੁਤ ਵੱਡੀ ਸੰਖਿਆ ਹੈ।

ਜਦਕਿ ਅਮਰੀਕਾ ਨੇ ਜਿਸ ਦੀ ਵਸੋਂ ਕੈਨੇਡਾ ਨਾਲੋਂ ਲਗਭਗ ਦਸ ਗੁਣਾ ਜ਼ਿਆਦਾ ਹੈ, ਬਹੁਤ ਥੋੜ੍ਹੇ ਪਰਵਾਸੀਆਂ ਨੂੰ ਸਵੀਕਾਰ ਕੀਤਾ। ਦਸ ਲੱਖ ਤੋਂ ਕੁਝ ਜ਼ਿਆਦਾ।

ਪਰਵਾਸੀਆਂ ਨੂੰ ਕੀ ਮੁਸ਼ਕਲ ਆਉਂਦੀ ਹੈ

ਹਾਲਾਂਕਿ ਕੈਨੇਡਾ ਵਿੱਚ ਆਉਣ ਵਾਲੇ ਇਹ ਨਵੇਂ ਸਥਾਈ ਨਿਵਾਸੀ ਆਪਣੇ-ਆਪ ਨੂੰ ਉਦੋਂ ਫਸਿਆ ਮਹਿਸੂਸ ਕਰਦੇ ਹਨ ਜਦੋਂ ਉਹ ਆਪਣੀ ਵਿਦਿਅਕ ਯੋਗਤਾ ਮੁਤਾਬਕ ਕਿਤੇ ਨੌਕਰੀ ਲਈ ਅਰਜ਼ੀ ਦੇਣ ਜਾਂਦੇ ਹਨ।

ਕੈਨੇਡਾ ਪਰਵਾਸ ਦਾ ਸਿਸਟਮ ਵਡੇਰੇ ਰੂਪ ਵਿੱਚ ਹੁਨਰ-ਅਧਾਰਿਤ ਅੰਕਾਂ (ਸਕਿੱਲ ਬੇਸਡ ਪੁਆਇੰਟਸ) ਨਾਲ ਚੱਲਦਾ ਹੈ। ਇਸ ਨਾਲ ਵਿਦੇਸ਼ਾਂ ਤੋਂ ਉੱਚ ਸਿੱਖਿਆ ਹਾਸਲ ਪਰਵਾਸੀਆਂ ਨੂੰ ਲਾਭ ਪਹੁੰਚਦਾ ਹੈ।

ਹਾਲਾਂਕਿ ਖੋਜਰਾਥੀ ਅਤੇ ਨਵੇਂ ਪ੍ਰਵਾਸੀ ਦੋਵਾਂ ਨੂੰ ਹੀ ਲਗਦਾ ਹੈ ਕਿ ਕੁਝ ਪਰਵਾਸੀਆਂ ਨੂੰ ਨੌਕਰੀ ਦੇ ਮੌਕਿਆਂ ਤੋਂ ਵਾਂਝੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਥੋੜ੍ਹੀ ਉਜਰਤ ਵਾਲੀਆਂ, ਅਸਥਿਰ ਨੌਕਰੀਆਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਇਜ਼ੂਮੀ ਸਾਕਾਮੋਟੋ, ਟੋਰਾਂਟੋ ਯੂਨੀਵਰਸਿਟੀ ਦੇ ਮੰਕ ਸਕੂਲ ਆਫ਼ ਗਲੋਬਲ ਅਫੇਅਰਜ਼ ਐਂਡ ਪਬਲਿਕ ਪਾਲਿਸੀ ਵਿੱਚ ਐਸੋਸੀਏਟ ਪ੍ਰੋਫੈਸਰ ਹਨ। ਉਹ ਪਰਵਾਸੀ ਮਾਮਲਿਆਂ ਦਾ ਅਧਿਐਨ ਕਰਦੇ ਹਨ।

ਉਹ ਕਹਿੰਦੇ ਹਨ,“ਗੱਲ ਇਹ ਹੈ ਕਿ ਭਾਵੇਂ ਤੁਹਾਡੇ ਕੋਲ ਵਧੀਆ ਰਿਜ਼ਿਊਮੇ (ਵਿੱਦਿਅਕ ਅਤੇ ਪੇਸ਼ਵਰ ਪ੍ਰਾਪਤੀਆਂ ਦਾ ਸਾਰਅੰਸ਼), ਵਧੀਆ ਤਜਰਬਾ ਅਤੇ ਚੰਗੀ ਪੜ੍ਹਾਈ ਹੈ ਪਰ ਤੁਹਾਡੇ ਕੋਲ ਸਬੰਧਤ ਖੇਤਰ ਦਾ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਨਹੀਂ ਹੈ। ਇਸ ਲਈ ਅਸੀਂ ਤੁਹਾਨੂੰ ਨੌਕਰੀ ’ਤੇ ਨਹੀਂ ਰੱਖ ਸਕਦੇ।”

ਨਵਾਂ ਬਿਲ ਕੀ ਹੈ

ਸਾਲ 2023 ਵਿੱਚ ਓਂਟਾਰੀਓ ਸਰਕਾਰ ਨੇ ਬਿਲ 149 ਰਾਹੀਂ ਇਸ ਪਾਸੇ ਇੱਕ ਅਹਿਮ ਕਦਮ ਪੁੱਟਿਆ।

ਬਿਲ ਰੁਜ਼ਗਾਰ ਦਾਤਿਆਂ ਨੂੰ ਓਂਟਾਰੀਓ ਵਿੱਚ ਜੋ ਕਿ ਕੈਨੇਡਾ ਦਾ ਸਭ ਤੋਂ ਵਧੇਰੇ ਵਸੋਂ ਵਾਲਾ ਸੂਬਾ ਹੈ ਵਿੱਚ ਆਪਣੇ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਕੈਨੇਡੀਅਨ ਵਰਕ ਐਕਸਪੀਰੀਅੰਸ ਦੀ ਮੰਗ ਕਰਨ ਤੋਂ ਰੋਕਦਾ ਹੈ।

ਪੁਰਾਣੀ ਨੀਤੀ ਤਹਿਤ 30 ਪੇਸ਼ੇਵਰ ਐਸੋਸੀਏਸ਼ਨਾਂ, ਨਿਯਮਕ ਬਾਡੀਆਂ ਇਹ ਤੈਅ ਕਰਨ ਲਈ ਜ਼ਿੰਮੇਵਾਰ ਸਨ ਕਿ ਸਿਹਤ ਅਤੇ ਅਧਿਆਪਨ ਵਰਗੇ ਖੇਤਰਾਂ ਵਿੱਚ ਕੌਣ ਕੰਮ ਕਰੇਗਾ ਅਤੇ ਕੌਣ ਨਹੀਂ।

ਹਾਲਾਂਕਿ ਬਿਲ ਅਜੇ ਪ੍ਰਕਿਰਿਆ ਵਿੱਚ ਹੈ ਪਰ ਮਾਹਿਰਾਂ ਦੀ ਰਾਇ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਪਸ਼ਟ ਬਹੁਮਤ ਕਾਰਨ ਇਹ ਬਿਲ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਪਾਸ ਹੋ ਜਾਵੇਗਾ।

ਖੋਜਕਾਰ ਅਤੇ ਨਵੇਂ-ਪਰਵਾਸੀਆਂ ਦੇ ਰੁਜ਼ਗਾਰ ਦੇ ਖੇਤਰ ਵਿੱਚ ਕਾਰਜਸ਼ੀਲ ਲੋਕਾਂ ਦਾ ਮੰਨਣਾ ਹੈ ਕਿ ਇਹ ਪਾਬੰਦੀ ਹੁਨਰਮੰਦ ਪਰਵਾਸੀਆਂ ਜਿਨ੍ਹਾਂ ਨੂੰ ਅਕਸਰ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ, ਉਨ੍ਹਾਂ ਨੇ ਕਿੱਥੋਂ ਪੜ੍ਹਾਈ ਕੀਤੀ ਹੈ ਅਤੇ ਕਿੱਥੇ ਕੰਮ ਕੀਤਾ ਹੈ ਦੀ ਬੁਨਿਆਦ ’ਤੇ, ਦੀ ਮਦਦ ਕਰੇਗੀ।

ਹਾਲਾਂਕਿ ਨੌਕਰੀ ਦੇਣ ਸਮੇਂ ਕੀਤੇ ਜਾਂਦੇ ਪੱਖਪਾਤ ਦਾ ਜ਼ਿਆਦਾਤਰ ਕੋਈ ਸਪਸ਼ਟ ਸਬੂਤ ਨਹੀਂ ਹੁੰਦਾ।

ਅਜਿਹਾ ਵੀ ਨਹੀਂ ਹੈ ਕਿ ਇਹ ਕਾਨੂੰਨ ਇਸ ਪੱਖਪਾਤ ਨੂੰ ਮੂਲੋਂ ਹੀ ਖਤਮ ਕਰ ਦੇਵੇਗਾ।

ਸਾਕਾਮੋਟੋ ਮੁਤਾਬਕ, “ਨੌਕਰੀ ਦੇਣ ਵੇਲੇ ਉਨ੍ਹਾਂ ਨਾਲ ਕਿਵੇਂ ਵਿਤਕਰਾ ਕੀਤਾ ਗਿਆ ਇਹ ਸਾਬਤ ਕਰਨਾ ਮੁਸ਼ਕਿਲ ਹੈ। ਭਰਤੀ ਪ੍ਰਕਿਰਿਆ ਬੰਦ ਦਰਵਾਜ਼ਿਆਂ ਪਿੱਛੇ ਹੁੰਦੀ ਹੈ। ਕੁਝ ਲੋਕਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ, ਇਸਦੇ ਕਾਰਨਾਂ ਦਾ ਅਕਸਰ ਸਾਨੂੰ ਪਤਾ ਨਹੀਂ ਲਗਦਾ।”

ਕੈਨੇਡਾ ਵਿੱਚ ਰੁਜ਼ਗਾਰ: ਅਸਲੀਅਤ ਅਤੇ ਨਿਯਮਾਂ ਦਾ ਟਕਰਾਅ

ਕੈਨੇਡਾ ਵਿੱਚ ਕਾਮਿਆਂ ਦੀ ਕਮੀ ਹੈ।

ਇੱਥੇ ਕੰਮ ਕਰਨ ਲਈ ਤੁਹਾਡੇ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ ਪਰ ਉਹ ਤਾਂ ਹੀ ਮਿਲੇਗਾ ਜੇ ਤੁਸੀਂ ਇੱਥੇ ਕੰਮ ਕਰੋਗੇ ਜਾਂ ਦੂਜੇ ਸ਼ਬਦਾਂ ਵਿੱਚ ਤੁਹਾਨੂੰ ਕੰਮ ਦਿੱਤਾ ਜਾਵੇਗਾ।

ਕੈਨੇਡਾ ਆਉਣ ਵਾਲੇ ਜ਼ਿਆਦਾਤਰ ਪਰਵਾਸੀ, ਇੱਥੇ ਕੰਮ ਹੀ ਕਰਨਾ ਚਾਹੁੰਦੇ ਹਨ।

ਆਉਣ ਵਾਲੇ ਤਿੰਨ ਸਾਲਾਂ ਵਿੱਚ ਜੋ ਲੋਕ ਕੈਨੇਡਾ ਆਉਣਗੇ ਉਨ੍ਹਾਂ ਵਿੱਚੋਂ ਅੱਧੇ “ਆਰਥਿਕ ਪਰਵਾਸੀ” ਸਮਝੇ ਹੋਣਗੇ। ਇਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਦੀ ਜਾਚੇ ਕੈਨੇਡਾ ਉਨ੍ਹਾਂ ਨੂੰ ਆਪਣੇ ਦੇਸ ਨਾਲੋਂ ਕੰਮ ਦੇ ਵਧੀਆ ਮੌਕੇ ਪ੍ਰਦਾਨ ਕਰ ਸਕਦਾ ਹੈ।

ਉਹ ਕੈਨੇਡਾ ਵਿੱਚ ਜੰਮੇ ਆਪਣੇ ਵਰਗੇ ਲੋਕਾਂ ਨਾਲੋਂ ਵਿਦਿਅਕ ਤੌਰ ’ਤੇ ਬਿਹਤਰ ਯੋਗਤਾ ਵਾਲੇ ਹੋਣਗੇ। ਉਨ੍ਹਾਂ ਨੂੰ ਪੱਕੀਆਂ ਅਤੇ ਚੰਗੀਆਂ ਨੌਕਰੀਆਂ ਮਿਲਦੀਆਂ।

ਹਾਲਾਂਕਿ ਓਂਟਾਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਕੁਝ ਰੁਜ਼ਗਾਰ ਦਾਤੇ ਜਾਂ ਤਾਂ ਸਪਸ਼ਟ ਤੌਰ ’ਤੇ ਕੈਨੇਡਾ ਵਿੱਚ ਕੰਮ ਦੇ ਤਜਰਬੇ ਦੀ ਮੰਗ ਕਰਦੇ ਹਨ ਜਾਂ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਜਾਂ ਤਜਰਬੇ ਵਾਲਿਆਂ ਨੂੰ ਨੌਕਰੀ ’ਤੇ ਨਹੀਂ ਰੱਖਦੇ।

ਪੇਸ਼ੇਵਰ ਐਸੋਸੀਏਸ਼ਨਾਂ ਦਾ ਹਾਲ ਵੀ ਇਸ ਤੋਂ ਵੱਖ ਨਹੀਂ ਸਨ। ਓਂਟਾਰੀਓ ਦੇ ਇੰਜੀਨੀਅਰਿੰਗ ਖੇਤਰ ਦੀ ਨੁਮਾਇੰਦਾ ਐਸੋਸੀਏਸ਼ਨ ਖੁਦ 2023 ਤੱਕ ਕੈਨੇਡਾ ਵਿੱਚ ਕੰਮ ਦਾ ਘੱਟੋ-ਘੱਟ ਤਜਰਬਾ ਹੋਣ ਦੀ ਮੰਗ ਕਰਦੀ ਰਹੀ ਹੈ।

ਇਸੇ ਦੌਰਾਨ ਕੈਨੇਡਾ ਵਿੱਚ ਹੁਨਰਮੰਦ ਕਾਮਿਆਂ ਦੀ ਡਾਕਟਰਾਂ ਤੋਂ ਲੈ ਕੇ ਵੈਲਡਿੰਗ ਕਰਨ ਵਾਲਿਆਂ ਤੱਕ ਕਮੀ ਹੈ।

ਓਂਟਰੀਓ ਦੇ ਕਿਰਤ ਮੰਤਰੀ ਡੇਵਿਡ ਪਿਕਨੀ ਮੁਤਾਬਕ ਸੂਬੇ ਵਿੱਚ 3 ਲੱਖ ਅਸਾਮੀਆਂ ਖਾਲੀ ਪਈਆਂ ਹਨ।

ਪਿਛਲੇ ਸਾਲ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਸੀ, “ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਆਉਣ ਵਾਲੇ ਬਹੁਤ ਜ਼ਿਆਦਾ ਲੋਕਾਂ ਨੂੰ ਅਜਿਹੇ ਕੰਮਾਂ ਵੱਲ ਮੋੜ ਦਿੱਤਾ ਜਾਂਦਾ ਰਿਹਾ ਹੈ ਜਿਨ੍ਹਾਂ ਲਈ ਉਹ ਜ਼ਰੂਰਤ ਤੋਂ ਵਧੇਰੇ ਯੋਗ ਸਨ। ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਨੂੰ ਚੰਗੀਆਂ ਤਨਖਾਹਾਂ ਵਾਲੇ ਅਤੇ ਚੰਗੇ ਪੇਸ਼ੇ ਮਿਲਣ ਤਾਂ ਜੋ ਕਿਰਤ ਦੇ ਖੱਪੇ ਨੂੰ ਪੂਰਨ ਵਿੱਚ ਮਦਦ ਮਿਲੇ।”

ਮੈਡੀਸਨ, ਦੰਦ-ਸਾਜੀ, ਅੱਖਾਂ ਅਤੇ ਪਸ਼ੂਆਂ ਦੇ ਖੇਤਰ ਵਿੱਚ ਆਉਣ ਵਾਲੇ ਪਰਵਾਸੀਆਂ ਲਈ ਤਾਂ ਸਥਿਤੀ ਖਾਸ ਕਰਕੇ ਬੁਰੀ ਹੈ

ਸਿਰਫ਼ 4.5 ਫ਼ੀਸਦੀ ਕੈਨੇਡੀਅਨ ਨਾਗਰਿਕ ਜੋ ਇਨ੍ਹਾਂ ਖੇਤਰਾਂ ਵਿੱਚ ਸਿੱਖਿਆ ਪ੍ਰਾਪਤ ਹਨ। ਇਨ੍ਹਾਂ ਖੇਤਰਾਂ ਵਿੱਚ ਕੰਮ ਨਹੀਂ ਕਰ ਰਹੇ ਹਨ। ਜਦਕਿ ਪਰਵਾਸੀਆਂ ਲਈ ਇਹ ਅੰਕੜਾ 30 ਫ਼ੀਸਦੀ ਹੈ।

ਹੈਲਥ ਫੋਰਸ ਓਂਟਾਰੀਓ ਮੁਤਾਬਕ ਸਾਲ 2020 ਦੌਰਾਨ ਜਦੋਂ ਕੋਰੋਨਾ ਮਹਾਂਮਾਰੀ ਆਪਣੇ ਸਿਖਰ ’ਤੇ ਸੀ ਤਾਂ (ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਲਗਭਗ 13,000 ਡਾਕਟਰ ਇਕੱਲੇ ਓਂਟਾਰੀਓ ਵਿੱਚ ਕੰਮ ਨਹੀਂ ਕਰ ਰਹੇ ਸਨ।)

ਕਾਰਲੋਸ ਮਾਰਟਿਨਸ ਰੁਜ਼ਗਾਰ ਖੇਤਰ ਦੇ ਮਾਹਰ ਹਨ ਅਤੇ ਰੁਜ਼ਗਾਰ ਦੀ ਲੱਭ ਰਹੇ ਪਰਵਾਸੀਆਂ ਲਈ ਸਮਾਜ-ਸੇਵੀ ਸੰਸਥਾ, ਲੂਥਰਵੁੱਡ, ਨਾਲ ਕੰਮ ਕਰਦੇ ਹਨ।

ਕਾਰਲੋਸ ਨੇ ਦੱਸਿਆ, “ਕੁਝ ਨੇ ਇੱਥੇ ਆ ਕੇ ਨਰਸ, ਜਾਂ ਇੱਥੋਂ ਤੱਕ ਕਿ ਨਿੱਜੀ ਸੰਭਾਲ ਕਾਮੇ ਬਣ ਗਏ।”

ਹਾਲਾਂਕਿ ਮਾਰਟਿਨਸ ਇਹ ਵੀ ਦੱਸਦੇ ਹਨ ਕਿ ਸਾਰਿਆਂ ਲਈ ਸਥਿਤੀ ਇੱਕੋ ਜਿੰਨੀ ਬੁਰੀ ਨਹੀਂ ਹੈ ਸਾਫਟਵੇਅਰ ਇੰਜੀਨੀਅਰਾਂ ਨੂੰ ਆਪਣੇ ਖੇਤਰ ਵਿੱਚ ਡਾਕਟਰਾਂ, ਦੰਦ ਸਾਜਾਂ ਅਤੇ ਇੱਥੋਂ ਤੱਕ ਕਿ ਵਕੀਲਾਂ ਨਾਲੋਂ ਵੀ ਸੌਖਾ ਕੰਮ ਮਿਲ ਜਾਂਦਾ ਹੈ।

ਪਿਛਲੇ ਇੱਕ ਦਹਾਕੇ ਦੌਰਾਨ ਸਾਕਾਮੋਟੋ ਅਤੇ ਕੈਨੇਡਾ ਦੇ ਨਵੇਂ ਪ੍ਰਵਾਸੀਆਂ ਦੇ ਕੁਝ ਸੰਗਠਨਾਂ ਨੇ ਓਂਟਾਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਉੱਪਰ ਕੈਨੇਡੀਅਨ ਵਰਕ ਐਕਸਪੀਰੀਅੰਸ ਦੇ ਮੁੱਦੇ ਬਾਰੇ ਕਦਮ ਚੁੱਕਣ ਲਈ ਦਬਾਅ ਪਾਇਆ ਹੈ।

ਸਾਲ 2013 ਵਿੱਚ ਕਮਿਸ਼ਨ ਨੇ ਇਸ ਬਾਰੇ ਇੱਕ ਨੀਤੀ ਦਸਤਾਵੇਜ਼ ਜਾਰੀ ਕੀਤਾ ਕਿ ਆਯੋਗ ਬਿਨੈਕਾਰਾਂ ਤੋਂ ਕੈਨੇਡਾ ਵਿੱਚ ਕੰਮ ਦਾ ਤਜਰਬਾ ਮੰਗਣ ਦੀ ਸ਼ਰਤ ਨੂੰ ਪਹਿਲੀ ਨਜ਼ਰੇ ਪੱਖਪਾਤ ਸਮਝਦਾ ਜਿਸ ਦੀ ਵਰਤੋਂ ਬਹੁਤ ਸੀਮਤ ਹਾਲਤ ਵਿੱਚ ਹੀ ਕੀਤੀ ਜਾ ਸਕਦੀ ਹੈ।

ਹੁਣ ਦਸ ਸਾਲ ਬਾਅਦ ਓਂਟਾਰੀਓ ਸਰਕਾਰ ਨੇ ਇਸ ਬਿਲ 149 ਰਾਹੀਂ ਆਯੋਗ ਦੀ ਰਾਇ ਨੂੰ ਕਨੂੰਨੀ ਰੂਪ ਦੇਣ ਜਾ ਰਹੀ ਹੈ।

ਹਾਰਡ ਬਨਾਮ ਸਾਫ਼ਟ ਸਕਿੱਲਜ਼

ਸਾਕਾਮੋਟੋ ਅਤੇ ਮਾਰਟਿਨਸ ਦੋਵਾਂ ਮੁਤਾਬਕ ਨਵੇਂ ਪਰਵਾਸੀ ਮੁਲਾਜ਼ਮਾਂ ਨਾਲ, ਜਦੋਂ ਉਹ ਕੋਈ ਢੁੱਕਵੀਂ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਪੱਖਪਾਤ ਦਾ ਸਾਹਮਣਾ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ, ਬਿਲ 149 ਇੱਕ ਚੰਗਾ ਵਿਚਾਰ ਹੈ।

ਹਾਲਾਂਕਿ, ਇਹ ਸਾਬਤ ਕਰਨਾ ਕਿ ਕੋਈ ਰੁਜ਼ਗਾਰਦਾਤਾ ਸਿਰਫ਼ ਕੈਨੇਡੀਅਨ ਸਿੱਖਿਆ ਜਾਂ ਤਜਰਬੇ ਵਾਲੇ ਬਿਨੈਕਾਰਾਂ ਵਿੱਚ ਦਿਲਚਸਪੀ ਰੱਖਦਾ ਹੈ, ਔਖਾ ਹੈ। ਇਸ ਤੋਂ ਇਲਾਵਾ ਇਹ ਨਵਾਂ ਕਾਨੂੰਨ ਦੇ ਲਾਗੂ ਹੋਣ ਦੇ ਬਾਵਜੂਦ, ਕੁਝ ਗੱਲਾਂ ਪ੍ਰਵਾਸੀ ਬਿਨੈਕਾਰਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਤੋਂ ਵਾਂਝੇ ਰੱਖ ਸਕਦੀਆਂ ਹਨ।

ਸਾਕਾਮੋਟੋ ਕਹਿੰਦੇ ਹਨ ਕਿ ਉਨ੍ਹਾਂ ਦੀ ਖੋਜ ਮੁਤਾਬਕ ਕੈਨੇਡੀਅਨ ਵਰਕ ਐਕਸਪੀਰੀਅੰਸ ਦੇ ਦੋ ਪਹਿਲੂ ਹਨ।

ਹਾਰਡ ਸਕਿੱਲਜ਼- ਹੁਨਰ ਜੋ ਕਿਸੇ ਰਿਜ਼ਿਊਮੇ ਵਿੱਚ ਲਿਖੇ ਹੁੰਦੇ ਹਨ। ਸਮਲਨ, ਬਿਨੈਕਾਰ ਨੇ ਕਿੱਥੋਂ ਪੜ੍ਹਾਈ ਕੀਤੀ ਹੈ, ਕਿੱਥੇ ਕੰਮ ਕੀਤਾ ਹੈ। ਸਾਕਾਮੋਟੋ ਨੂੰ ਲਗਦਾ ਹੈ ਕਿ ਬਿਲ 149 ਇਸ ਦਿੱਕਤ ਨੂੰ ਦੂਰ ਕਰੇਗਾ।

ਹਾਲਾਂਕਿ ਸਾਫ਼ਟ ਸਕਿੱਲਜ਼ ਜਾਂ ਉਹ ਖਸਲਤਾਂ ਜੋਂ ਕਿਸੇ ਕਰਮਚਾਰੀ ਨੂੰ ਸੰਸਥਾ ਦੇ ਢਾਂਚੇ ਦੇ ਅਨੁਕੂਲ ਬਣਾਉਂਦੀਆਂ ਹਨ, ਵੀ ਨੌਕਰੀ ਦੇਣ ਵਾਲਿਆਂ ਲਈ (ਅਹਿਮ ਨੁਕਤਾ ) ਹਨ।

ਸਾਕਾਮੋਟੋ ਕਹਿੰਦੇ ਹਨ ਕਿ ਇਸ ਵਿੱਚ ਬਿਨੈਕਾਰ ਦੇ ਸਮੁੱਚੇ ਗੁਣ-ਰੁਝਾਨ ਆ ਜਾਂਦੇ ਹਨ। ਮਿਸਾਲ ਵਜੋਂ ਉਸ ਦੀ ਇੰਡਸਟਰੀ ਦੇ ਕੰਮਕਾਜ ਵਿੱਚ ਢਲ ਸਕਣ ਦੀ ਯੋਗਤਾ। ਉਸ ਦਾ ਸਹਿਕਰਮੀਆਂ ਨਾਲ ਗੱਲਬਾਤ ਦਾ ਸਲੀਕਾ ਅਤੇ ਕੈਨੇਡਾ ਦੇ ਦਫ਼ਤਰਾਂ ਵਿੱਚ ਆਮ ਕੰਮਕਾਜ ਦਾ ਸਲੀਕਾ।

ਹਾਰਡ ਸਕਿੱਲਜ਼ ਦੀ ਤੁਲਨਾ ਵਿੱਚ ਕੋਈ ਬਿਨੈਕਾਰ ਆਪਣੀਆਂ ਸਾਫ਼ਟ ਸਕਿੱਲਜ਼ ਲਈ ਕੋਈ ਡਿਪਲੋਮਾ ਜਾਂ ਸਰਟੀਫਿਕੇਟ ਪੇਸ਼ ਨਹੀਂ ਕਰ ਸਕਦੇ।

ਇਹ ਸਭ ਤਾਂ ਕੋਈ ਵਿਅਕਤੀ ਕੰਮ ਤੋਂ ਅੱਗੇ-ਪਿੱਛੇ ਆਪਣੇ ਸਹਿਕਰਮੀਆਂ ਨਾਲ ਚਾਹ-ਕਾਫ਼ੀ ਪੀਂਦਿਆਂ, ਜਾਂ ਸਮਾਜਿਕ ਮੌਕਿਆਂ ਉੱਪਰ ਮਿਲਵਰਤਨ ਨਾਲ ਸਿੱਖਦਾ ਹੈ।

ਸਾਕਾਮੋਟੋ ਕਹਿੰਦੇ ਹਨ ਕਿ ਰੁਜ਼ਗਾਰਦਾਤਿਆਂ ਦੀ ਇਨ੍ਹਾਂ ਸਾਫ਼ਟ ਸਕਿੱਲਜ਼ ਉੱਪਰ ਭਰਤੀ ਪ੍ਰਕਿਰਿਆ ਦੌਰਾਨ ਨਿਰਭਰਤਾ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਕੈਨੇਡਾ ਵਿੱਚ ਵੀ ਅਤੇ ਬਾਹਰ ਵੀ ਬੈਰੋਮੀਟਰ ਵਾਂਗ ਦੇਖਿਆ ਜਾਣ ਲੱਗਿਆ ਹੈ।

ਸਾਕਾਮੋਟੋ ਦੇ ਤਜਰਬੇ ਮੁਤਾਬਕ ਇਹ ਕਿਸੇ ਬਿਨੈਕਾਰਨ ਦੀ ਅਰਜੀ ਰੱਦ ਕਰਨ ਦਾ ਇੱਕ ਕਾਰਨ ਬਣ ਸਕਦੇ ਹਨ। ਫਿਰ ਭਾਵੇਂ ਉਸ ਕੋਲ ਬਾਕੀ ਸਾਰੀਆਂ ਇੱਛਿਤ ਯੋਗਤਾਵਾਂ ਅਤੇ ਕੰਮ ਦਾ ਤਜ਼ਰਬਾ ਕਿਉਂ ਹੀ ਨਾ ਹੋਵੇ।

ਹੋ ਸਕਦਾ ਹੈ ਕਿਸੇ ਰੁਜ਼ਗਾਰਦਾਤੇ ਨੂੰ ਕਿਸੇ ਬਿਨੈਕਾਰ ਦੀ ਭਾਸ਼ਾ ਦਾ ਲਹਿਜ਼ਾ ਜਾਂ ਉਸ ਦੇ ਖਾਣੇ ਦੀ ਮਹਿਕ ਨਾ ਪਸੰਦ ਹੋਵੇ ਪਰ ਇਸ ਬਾਰੇ ਕਦੇ ਚਰਚਾ ਕਰਨ ਦੀ ਲੋੜ ਨਹੀਂ ਹੁੰਦੀ।

ਸਾਕਾਮੋਟੇ ਮੁਤਾਬਕ “ਉਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕੀਤੇ ਹੋਣ ਦਾ ਤਜ਼ਰਬਾ ਹੋਣ ਬਾਰੇ ਗੱਲ ਕਰਨ ਦੀ ਵੀ ਲੋੜ ਨਹੀਂ। ਇਹ ‘ਸਾਫ਼ਟ ਸਕਿੱਲਜ਼’ ਦੇ ਪਿੱਛੇ ਲੁਕ ਜਾਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਸਟੀਕ-ਸਟੀਕ ਪਰਿਭਾਸ਼ਿਤ ਵੀ ਨਹੀਂ ਕੀਤਾ ਜਾ ਸਕਦਾ।”

ਮਾਰਟਿਨ ਖੁਦ ਵੀ ਬ੍ਰਾਜ਼ੀਲ ਤੋਂ ਦਸ ਸਾਲ ਪਹਿਲਾਂ ਹੀ ਕੈਨੇਡਾ ਆਏ ਹਨ।

ਆਪਣੇ ਕੰਮ ਦੌਰਾਨ ਉਨ੍ਹਾਂ ਨੇ ਦੇਖਿਆ ਹੈ, “ਰੁਜ਼ਗਾਰਦਾਤੇ ਸਿੱਧੇ ਤੌਰ ’ਤੇ ਕੈਨੇਡੀਅਨ ਵਰਕ ਐਕਸਪੀਰੀਅੰਸ ਦੀ ਮੰਗ ਨਹੀਂ ਕਰਦੇ। ਫਿਰ ਵੀ ਮੈਂ ਪਿਛਲੇ ਸਮੇਂ ਦੌਰਾਨ ਕਈ ਨੌਕਰੀਆਂ ਲਈ ਅਰਜ਼ੀ ਦਿੱਤੀ ਹੈ ਪਰ ਮੈਨੂੰ ਨਹੀਂ ਸੱਦਿਆ ਗਿਆ ਜਾਂ ਮੇਰੀ ਇੰਟਰਵਿਊ ਹੋਈ ਪਰ ਮੈਨੂੰ ਰੱਖਿਆ ਨਹੀਂ ਗਿਆ। ਇਸ ਦਾ ਕੋਈ ਵੀ ਕਾਰਨ ਦੱਸਿਆ ਜਾ ਸਕਦਾ ਹੈ— ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਸਿਰਫ਼ ਮੇਰੇ ਨਵਾਂ ਪ੍ਰਵਾਸੀ ਹੋਣ ਕਾਰਨ ਹੈ।”

ਹੁਣ ਸਾਰੇ ਤਜਰਬੇ ਵਾਲਿਆਂ ਦਾ ਸਵਾਗਤ ਹੋਵੇਗਾ

ਬੇਸ਼ਕ ਓਂਟਾਰੀਓ ਦਾ ਬਿਲ ਅਹਿਮ ਜ਼ਰੂਰ ਹੈ ਪਰ ਹੋਰ ਸੂਬੇ ਵੀ ਰੀਸੋ-ਰੀਸ ਅਜਿਹੇ ਕਦਮ ਚੁੱਕ ਰਹੇ ਹਨ।

ਮਿਸਾਲ ਵਜੋਂ ਬ੍ਰਿਟਿਸ਼ ਕੋਲੰਬੀਆ ਨੇ ਪਿਛਲੇ ਅਕਤੂਬਰ ਵਿੱਚ ਅਜਿਹਾ ਹੀ ਬਿਲ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਸਭ ਤੋਂ ਜ਼ਿਆਦਾ ਨਵੇਂ ਪਰਵਾਸੀ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਹਨ।

ਕੈਨੇਡਾ ਵਿੱਚ ਦੂਜੇ ਉੱਤਰ ਅਮਰੀਕੀ ਦੇਸਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪਰਵਾਸੀ ਵਸੋਂ ਹੈ ਅਤੇ ਇਸ ਬਿਲ ਦੇ ਕਾਨੂੰਨ ਬਣਨ ਦੀ ਸੂਰਤ ਵਿੱਚ ਇਸਦੀ ਕਾਰਜ ਸ਼ਕਤੀ ਦਾ ਮੁਹਾਂਦਰਾ ਬਦਲ ਪਵੇਗਾ।

ਸਾਕਾਮੋਟੋ ਨੂੰ ਉਮੀਦ ਹੈ ਕਿ ਓਂਟਾਰੀਓ ਦਾ ਬਿਲ ਪਾਸ ਹੋ ਜਾਵੇਗਾ। ਉਹ ਇਹ ਵੀ ਉਮੀਦ ਕਰਦੇ ਹਨ ਕਿ ਕਿਤੇ ਰੁਜ਼ਗਾਰ ਦਾਤੇ ਕੋਡ-ਬੋਲੀ ਵਿੱਚ ਉਹੀ ਸਾਫ਼ਟ ਸਕਿੱਲਜ਼ ਨਾ ਮੰਗਣ ਲੱਗ ਪੈਣ ਜੋ ਸਿਰਫ਼ ਕੈਨੇਡਾ ਵਿੱਚ ਕੰਮ ਕਰਕੇ ਹੀ ਗ੍ਰਹਿਣ ਕੀਤੀਆਂ ਜਾ ਸਕਦੀ ਹਨ।

ਉਨ੍ਹਾਂ ਮੁਤਾਬਕ ਇਸ ਨਾਲੋਂ ਬਿਹਤਰ ਹੋਵੇਗਾ ਰੁਜ਼ਗਾਰ ਦਾਤੇ ਨਵੇਂ ਪ੍ਰਵਾਸੀਆਂ ਨੂੰ ਦਿਲੋਂ ਅਪਨਾਉਣ। ਇਹ ਕਿਸੇ ਕਾਨੂੰਨ ਨਾਲ ਨਹੀਂ ਕੀਤਾ ਜਾ ਸਕਦਾ।

ਉਹ ਕਹਿੰਦੇ ਹਨ, “ਜਦੋਂ ਤੱਕ ਕਿ ਪਰਵਾਸੀਆਂ ਨਾਲ ਪੱਖਪਾਤ ਕਰਨ ਦੀ ਇੱਛਾ ਮੌਜੂਦ ਰਹੇਗੀ ਵਿਤਕਰੇ ਦੇ ਹੋਰ ਰਾਹ ਵੀ ਮੌਜੂਦ ਰਹਿਣਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)