You’re viewing a text-only version of this website that uses less data. View the main version of the website including all images and videos.
ਕੈਨੇਡਾ ਤੇ ਆਸਟ੍ਰੇਲੀਆ ਸਣੇ ਦੁਨੀਆਂ ਦੇ ਕਈ ਮੁਲਕਾਂ ਦੇ ਉਹ ਸ਼ਹਿਰ ਜੋ ਰਹਿਣ ਲਈ ਕਮਾਲ ਹਨ
- ਲੇਖਕ, ਲਿੰਡਸੇ ਗੈਲੋਵੇ
- ਰੋਲ, ਬੀਬੀਸੀ ਟ੍ਰੈਵਲ
ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਦੁਨੀਆਂ ਭਰ ਦੇ ਸ਼ਹਿਰਾਂ ’ਚ ਜੀਵਨ ਦੀ ਗੁਣਵੱਤਾ ’ਚ ਇੱਕ ਵਾਰ ਫਿਰ ਸੁਧਾਰ ਹੋ ਰਿਹਾ ਹੈ।
ਇਕਨਾਮਿਸਟ ਇੰਟੈਲੀਜੈਂਸ ਯੁਨਿਟ ਦੇ ਸਾਲਾਨਾ ਗਲੋਬਲ ਲੀਵੇਬਿਲਟੀ ਇੰਡੈਕਸ ਯਾਨੀ ਰਹਿਣਯੋਗਤਾ ਸੁਚਕਾਂਕ ਮੁਤਾਬਕ ਔਸਤਨ ਜੀਵਨ ਪੱਧਰ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।
ਇਸ ਰਿਪੋਰਟ ’ਚ ਸਥਿਰਤਾ, ਸਿਹਤ, ਸੱਭਿਆਚਾਰ ਅਤੇ ਵਾਤਾਵਰਣ ਦੇ ਨਾਲ-ਨਾਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਦੁਨੀਆ ਦੇ 173 ਸ਼ਹਿਰਾਂ ਨੂੰ ਮਾਪਿਆ ਗਿਆ ਹੈ।
ਲੋਕਾਂ ਦੇ ਜ਼ਿੰਦਗੀ ਜਿਉਣ ਦੀ ਗੁਣਵੱਤਾ ’ਚ ਆਏ ਇਸ ਸੁਧਾਰ ਦਾ ਸਿਹਰਾ ਏਸ਼ੀਆ, ਮੱਧ ਪੂਰਬ ਅਤੇ ਅਫ਼ਰੀਕਾ ’ਚ ਸਿਹਤ ਅਤੇ ਸਿੱਖਿਆ ਦੇ ਮਿਆਰ ’ਚ ਹੋਏ ਸੁਧਾਰ ਨੂੰ ਜਾਂਦਾ ਹੈ।
ਹਾਲਾਂਕਿ ਯੁਕਰੇਨ ਯੁੱਧ ਦੇ ਕਾਰਨ ਪੈਦਾ ਹੋਏ ਆਲਮੀ ਮਹਿੰਗਾਈ ਸੰਕਟ ਦੇ ਕਾਰਨ ਸਥਿਰਤਾ ਦਾ ਪੱਧਰ ਥੋੜ੍ਹਾ ਡਿੱਗ ਗਿਆ ਹੈ।
ਪਰ ਦੂਜੇ ਪਾਸੇ ਕੋਰੋਨਾ ਮਹਾਂਮਾਰੀ ਦੌਰਾਨ ਲਗਾਈਆ ਗਈਆਂ ਪਾਬੰਦੀਆਂ ਦੇ ਖ਼ਤਮ ਹੋਣ ਤੋਂ ਬਾਅਦ ਦੁਨੀਆ ਆਮ ਜੀਵਨ ਵੱਲ ਪਰਤ ਆਈ ਹੈ ਅਤੇ ਸਮੁੱਚੇ ਤੌਰ ’ਤੇ ਲੋਕਾਂ ਦੇ ਜ਼ਿੰਦਗੀ ਜਿਉਣ ਦੇ ਪੱਧਰ ’ਚ ਸੁਧਾਰ ਹੋਇਆ ਹੈ।
ਅੰਕੜਿਆਂ ਦੇ ਆਧਾਰ ’ਤੇ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੋਈ ਸ਼ਹਿਰ ਰਹਿਣ ਯੋਗ ਕਿੰਨਾ ਬਿਹਤਰ ਹੈ, ਹਾਲਾਂਕਿ ਇਸ ਸਵਾਲ ਦਾ ਜਵਾਬ ਅਸਲ ’ਚ ਉਸ ਸ਼ਹਿਰ ਦੇ ਵਸਨੀਕ ਹੀ ਆਪਣੇ ਤਜਰਬੇ ਦੇ ਆਧਾਰ ’ਤੇ ਵਧੇਰੇ ਸਹੀ ਤਰੀਕੇ ਨਾਲ ਦੇ ਸਕਦੇ ਹਨ।
ਅਸੀਂ ਇਸ ਦਰਜਾਬੰਦੀ ’ਚ ਚੋਟੀ ਦੇ 10 ਸ਼ਹਿਰਾਂ ’ਚੋਂ ਪੰਜ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਉਸ ਸ਼ਹਿਰ ਨੂੰ ਰਹਿਣ ਲਈ ਕਿਉਂ ਚੁਣਿਆ ਹੈ।
ਵਿਏਨਾ, ਆਸਟ੍ਰੀਆ
ਆਸਟ੍ਰੀਆ ਦੀ ਰਾਜਧਾਨੀ ਵਿਏਨਾ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਕਾਬਜ਼ ਹੈ। ਇਹ ਸ਼ਹਿਰ ਇਸ ਸੂਚੀ ’ਚ ਸਿਰਫ 2021 ’ਚ ਹੇਠਾਂ ਆਇਆ ਸੀ ਕਿਉਂਕਿ ਇਸ ਸਾਲ ਸ਼ਹਿਰ ਦੇ ਅਜਾਇਬ ਘਰ ਅਤੇ ਰੈਸਟੋਰੈਂਟ ਕੋਰੋਨਾ ਵਾਇਰਸ ਦੇ ਕਾਰਨ ਬੰਦ ਹੋ ਗਏ ਸਨ।
ਹਾਲਾਂਕਿ ਵਿਏਨਾ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਸਥਿਰਤਾ, ਸਿਹਤ ਸੰਭਾਲ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਲਿਹਾਜ਼ ਤੋਂ ਬਹੁਤ ਹੀ ਉੱਤਮ ਹੈ।
ਮੈਨੁਏਲਾ ਫਿਲਿਪੋ ਮਿਸ਼ੇਲਿਨ-ਸਟਾਰ ਵਾਲੇ ਦੋ ਰੈਸਟੋਰੈਂਟਾਂ ਦੀ ਮੈਨੇਜਰ ਹਨ। ਉਹ ਆਪਣੇ ਪਤੀ ਦੀ ਮਦਦ ਨਾਲ ਕਾਰੋਬਾਰ ਸੰਭਾਲਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਇਤਿਹਾਸ, ਭਰੋਸੇਮੰਦ ਜਨਤਕ ਆਵਾਜਾਈ, ਕੈਫੇ, ਥੀਏਟਰ ਅਤੇ ਕੁਝ ਹੋਰ ਮਨੋਰੰਜਕ ਥਾਂਵਾਂ ਤੱਕ ਆਸਾਨ ਪਹੁੰਚ...ਕੁਝ ਅਜਿਹੇ ਕਾਰਨ ਹਨ ਜੋ ਕਿ ਵਿਏਨਾ ਨੂੰ ਇੱਕ ਬਿਹਤਰ ਜਗ੍ਹਾਂ ਦਾ ਦਰਜਾ ਦਿੰਦੇ ਹਨ।
ਉਹ ਅੱਗੇ ਦੱਸਦੇ ਹਨ, “ਕਈ ਵਾਰ ਜਦੋਂ ਅਸੀਂ ਇੰਨਾਂ ਕੰਮ ਕਰਦੇ ਹਾਂ ਅਤੇ ਲੰਮੇ ਸਮੇਂ ਲਈ ਕਿਤੇ ਜਾਣ ਦਾ ਸਮਾਂ ਨਹੀਂ ਹੁੰਦਾ ਤਾਂ ਅਸੀਂ ਸ਼ਹਿਰ ਅੰਦਰ ਆਪਣੇ ਮਨੋਰੰਜਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ।”
ਰਿਚਰਡ ਵੌਸ ਵਿਏਨਾ ’ਚ ਹੋਟਲ ਦਾਸ ਤਿਗਰਾ ’ਚ ਵਿਕਰੀ ਅਤੇ ਮਾਰਕੀਟਿੰਗ ਮੈਨੇਜਰ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਰ ਦੇ ਜੀਵਨ ਦੀ ਗੁਣਵੱਤਾ ਉਸ ਦੇ ਸੱਭਿਆਚਾਰਕ ਇਤਿਹਾਸ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਵਧਦੀ ਹੈ।
ਉਹ ਕਹਿੰਦੇ ਹਨ, “ਵਿਏਨਾ ’ਚ ਸ਼ੋਨਬਰੂਨ ਪੈਲੇਸ, ਹੋਫਬਰਗ ਅਤੇ ਵਿਏਨਾ ਸਿਟੀ ਹਾਲ ਵਰਗੀਆਂ ਕਈ ਪ੍ਰਭਾਵਸ਼ਾਲੀ ਇਤਿਹਾਸਿਕ ਇਮਾਰਤਾਂ ਹਨ। ਇਹ ਆਪਣੀ ਸੰਗੀਤਕ ਰਵਾਇਤਾਂ ਲਈ ਵੀ ਬਹੁਤ ਮਸ਼ਹੂਰ ਹੈ ਕਿਉਂਕਿ ਮੋਜ਼ਾਰਟ, ਬੀਥੋਵੇਨ ਅਤੇ ਸਟ੍ਰਾਸ ਇੱਥੇ ਰਹਿੰਦੇ ਸਨ।”
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਕਈ ਅਜਾਇਬ ਘਰ, ਥੀਏਟਰ ਅਤੇ ਓਪੇਰਾ ਹਾਊਸ ਹੋਣ ਕਾਰਨ ਇੱਥੋਂ ਦੇ ਲੋਕਾਂ ਕੋਲ ਕਈ ਵਿਕਲਪ ਮੌਜੂਦ ਹਨ।
ਉਨ੍ਹਾਂ ਦਾ ਸੁਝਾਅ ਹੈ ਕਿ ਲੋਕਾਂ ਨੂੰ ਵਿਏਨਾ ਦੇ ਖਾਣੇ ਦਾ ਵੀ ਆਨੰਦ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਮੈਲਬਰਨ, ਆਸਟ੍ਰੇਲੀਆ
ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਅਤੇ ਸਿਡਨੀ ਦੋਵਾਂ ਸ਼ਹਿਰਾਂ ਨੇ ਹੀ ਇਸ ਵਾਰ ਦਰਜਾਬੰਦੀ ’ਚ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ।
ਮੈਲਬਰਨ ਨੇ ਖਾਸ ਕਰਕੇ ਸੱਭਿਆਚਾਰ ਅਤੇ ਵਾਤਾਵਰਣ ਦੇ ਮਾਮਲਿਆਂ ’ਚ ਵਧੀਆ ਸਕੋਰ ਹਾਸਲ ਕੀਤਾ ਹੈ ਅਤੇ ਸਥਾਨਕ ਲੋਕਾਂ ਨੂੰ ਇਸ ’ਤੇ ਮਾਣ ਹੈ।
ਜੇਨ ਮੋਰੇਲ ਕਰੀਅਰ ਸੋਲਿਊਸ਼ਨ ਕੰਪਨੀ ਦੀ ਸੀਈਓ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੈਲਬਰਨ ਆਪਣੇ ਭੋਜਨ, ਸੱਭਿਆਚਾਰਕ ਗਤੀਵਿਧੀਆਂ, ਸਮਾਗਮਾਂ ਦੇ ਨਾਲ-ਨਾਲ ਆਸਟ੍ਰੇਲੀਆਈ ਫਾਰਮੂਲਾ ਵਨ ਅਤੇ ਆਸਟ੍ਰੇਲੀਆਈ ਓਪਨ ਵਰਗੀਆਂ ਕੌਮਾਂਤਰੀ ਖੇਡਾਂ ਦੇ ਕਾਰਨ ਚੋਟੀ ਦਾ ਸ਼ਹਿਰ ਹੈ।
ਉਹ ਅੱਗੇ ਕਹਿੰਦੇ ਹਨ ਕਿ ਟ੍ਰਾਮ ਦੇ ਕਾਰਨ ਸ਼ਹਿਰ ’ਚ ਸਫ਼ਰ ਕਰਨਾ ਵੀ ਬਹੁਤ ਸੌਖਾ ਹੋ ਗਿਆ ਹੈ।
ਮੈਲਬਰਨ ਵੀ ਵਿਸ਼ਵ ਪ੍ਰਸਿੱਧ ਸਮੁੰਦਰੀ ਤਟਾਂ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ।
ਕਿਮੀ ਕੋਨਰ ਕੈਲੀਫੋਰਨੀਆ ਦੀ ਇੱਕ ਬਲੌਗਰ ਹਨ। ਉਹ ਸਿਡਨੀ ਨੂੰ ਮੈਲਬਰਨ ਤੋਂ ਬਿਹਤਰ ਮੰਨਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ “ਸਿਡਨੀ ਬਹੁਤ ਸੋਹਣਾ ਹੈ ਕਿਉਂਕਿ ਉੱਥੇ ਬਹੁਤ ਸਾਰੇ ਸੋਹਣੇ ਨਜ਼ਾਰੇ, ਸਮੁੰਦਰੀ ਤੱਟ ਅਤੇ ਇਤਿਹਾਸਿਕ ਇਮਾਰਤਾਂ ਹਨ, ਪਰ ਮੈਲਬਰਨ ਇਮਾਰਤਾਂ ਦਾ ਸ਼ਹਿਰ ਨਹੀਂ ਹੈ। ਇਹ ਸੱਭਿਆਚਾਰ ਦਾ ਸ਼ਹਿਰ ਹੈ ਅਤੇ ਇਸ ਨੂੰ ਪੂਰਾ ਵੇਖਣ ਲਈ ਕੁਝ ਸਮਾਂ ਜਰੂਰ ਲੱਗਦਾ ਹੈ।”
“ਮੈਲਬਰਨ ਦੀ ਨਬਜ਼ ਨੂੰ ਸਮਝਣ ਲਈ ਤੁਹਾਨੂੰ ਇੱਕ ਕੈਫੇ ’ਚ ਬੈਠਣਾ ਪਵੇਗਾ ਅਤੇ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਕੌਫੀ ਪੀਣੀ ਪਵੇਗੀ, ਤੁਹਾਨੂੰ ਸ਼ਹਿਰ ਦੇ ਰੈਸਟੋਰੈਂਟਾਂ ’ਚ ਮਿਲਣ ਵਾਲੇ ਕਈ ਤਰ੍ਹਾਂ ਦੇ ਭੋਜਣ ਖਾਣੇ ਪੈਣਗੇ ਅਤੇ ਤੁਹਾਨੂੰ ਲੁਕੇ ਹੋਏ ਬਾਰ ਵੀ ਲੱਭਣੇ ਪੈਣਗੇ।”
ਉਹ ਅੱਗੇ ਕਹਿੰਦੇ ਹਨ ਕਿ ਮੈਲਬਰਨ ਦੇ ਲੋਕ ਸਿਡਨੀ ਨਾਲੋਂ ਵਧੇਰੇ ਚੰਗੇ ਹਨ।
ਜੇਨ ਮੋਰੇਲ ਸ਼ਹਿਰ ਦੇ ਵਧੀਆ ਸਕੋਰ ਦਾ ਇੱਕ ਕਾਰਨ ਉੱਥੋਂ ਦੇ ਵਸਨੀਕਾਂ ਦੇ ਸਕਾਰਾਤਮਕ ਰਵੱਈਏ ਨੂੰ ਵੀ ਮੰਨਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਮੈਲਬਰਨ ’ਚ ਲੋਕ ਬਹੁਤ ਹੀ ਮਿਲਣਸਾਰ ਹਨ।”
ਵੈਨਕੂਵਰ, ਕੈਨੇਡਾ
ਇਸ ਸੂਚੀ ’ਚ ਕੈਨੇਡਾ ਦੇ ਤਿੰਨ ਸ਼ਹਿਰ ਚੋਟੀ ਦੇ 10 ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਹਨ, ਜਿੰਨ੍ਹਾਂ ’ਚ ਵੈਨਕੂਵਰ , ਕੈਲਗਰੀ ਅਤੇ ਟੋਰਾਂਟੋ ਹਨ।
ਹਾਲਾਂਕਿ ਵੈਨਕੂਵਰ ਆਪਣੇ ਸੱਭਿਆਚਾਰ ਤੇ ਵਾਤਾਵਰਣ ਸਕੋਰ ਦੇ ਕਰਕੇ ਚੋਟੀ ਦੇ ਪੰਜ ਸ਼ਹਿਰਾਂ ’ਚ ਸ਼ਮੂਲੀਅਤ ਕਰਦਾ ਹੈ। ਇਸੇ ਕਾਰਨ ਹੀ ਸਥਾਨਕ ਲੋਕਾਂ ਦੀ ਪਹਿਲੀ ਪਸੰਦ ਵੈਨਕੂਵਰ ਹੈ।
ਟੋਨੀ ਹੋ ਇੱਕ ਕਾਰੋਬਾਰੀ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ “ਵੈਨਕੂਵਰ ਜੰਗਲ, ਸਮੁੰਦਰ ਅਤੇ ਆਸਮਾਨ ਤੱਕ ਆਸਾਨ ਪਹੁੰਚ ਰੱਖਣ ਵਾਲਾ ਸ਼ਹਿਰ ਹੈ।”
“ਸਾਡੀਆਂ ਸੜਕਾਂ ਅਤੇ ਸੰਪਰਕ ਇੰਨਾ ਵਧੀਆ ਹੈ ਕਿ ਇੱਕ ਹੀ ਦਿਨ ’ਚ ਤੁਹਾਨੂੰ ਖੁਬਸੂਰਤ ਸਮੁੰਦਰੀ ਤੱਟ ਤੋਂ ਸ਼ਹਿਰ ਦੇ ਉੱਚੇ ਪਹਾੜ ਤੱਕ ਲੈ ਜਾ ਸਕਦਾ ਹੈ। ਤੁਸੀਂ ਭਾਵੇਂ ਬੱਸ, ਸਾਈਕਲ ਜਾਂ ਫਿਰ ਕਿਸ਼ਤੀ ਜ਼ਰੀਏ ਹੀ ਕਿਉਂ ਨਾ ਸਫ਼ਰ ਕਰ ਰਹੇ ਹੋਵੋ।”
“ਅਸੀਂ ਸ਼ਹਿਰ ’ਚ ਮਿਲਣ ਵਾਲੇ ਕਈ ਤਰ੍ਹਾਂ ਦੇ ਖਾਣਿਆਂ ਦਾ ਵੀ ਆਨੰਦ ਲੈਂਦੇ ਹਾਂ, ਜੋ ਕਿ ਸ਼ਹਿਰ ਦੀ ਬਹੁ-ਸੱਭਿਆਚਾਰਕ ਪਛਾਣ ਦਾ ਹਿੱਸਾ ਹੈ। ਤੁਹਾਨੂੰ ਇੱਥੇ ਇਥੋਪੀਆਈ ਇੰਜੇਰਾ ਤੋਂ ਲੈ ਕੇ ਤਿੱਬਤੀ ਮੋਮੋ ਤੱਕ ਸਭ ਕੁਝ ਮਿਲ ਜਾਵੇਗਾ।”
ਟੋਨੀ ਦਾ ਇੱਕ ਛੋਟਾ ਬੱਚਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਬਹੁਤ ਸਾਰੇ ਪਾਰਕ ਹਨ ਅਤੇ ਸਿਰਫ 20 ਮਿੰਟ ਦੀ ਹੀ ਦੂਰੀ ’ਤੇ ਸਮੁੰਦਰੀ ਤੱਟ ਹੈ।
ਇੱਥੋਂ ਦੀ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਦੁਨੀਆਂ ਦੇ ਵੱਖ-ਵੱਖ ਮੁਲਕਾਂ ’ਚੋਂ ਲੋਕ ਇੱਥੇ ਖਿੱਚੇ ਆਉਂਦੇ ਹਨ।
ਜੋਅ ਟੋਲਜ਼ਮੈਨ ਰਾਕੇਟ ਪਲਾਨ ਨਾਮ ਦੇ ਮੋਬਾਈਲ ਪਲੇਟਫਾਰਮ ਦੇ ਸੀਈਓ ਹਨ।
ਉਨ੍ਹਾਂ ਦਾ ਕਹਿਣਾ ਹੈ, “ਮੈਂ ਕਰੋਸ਼ੀਆ ਤੋਂ ਹਾਂ ਅਤੇ ਇੱਕ ਅਜਿਹੇ ਸ਼ਹਿਰ ਦੀ ਭਾਲ ’ਚ ਸੀ ਜੋ ਕਿ ਵਿਕਾਸ ਨੂੰ ਉਤਸ਼ਾਹਿਤ ਕਰੇ, ਪਰ ਜੀਵੰਤ ਅਤੇ ਗਰਮਜੋਸ਼ੀ ਨਾਲ ਸਵਾਗਤ ਕਰਨ ਵਾਲਾ ਵੀ ਹੋਵੇ।”
ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਵੈਨਕੂਵਰ ਦੀ ਸਭ ਤੋਂ ਵਧੀਆ ਗੱਲ ਇੱਥੋਂ ਦੇ ਲੋਕ ਹਨ।
“ਤੁਹਾਨੂੰ ਹਰ ਮੌਕੇ ’ਤੇ ਇੱਥੋਂ ਦੇ ਲੋਕਾਂ ਦੀ ਮਦਦ ਸਹਿਜੇ ਹੀ ਮਿਲ ਸਕਦੀ ਹੈ। ਇੱਥੋਂ ਦਾ ਕਾਰੋਬਾਰੀ ਭਾਈਚਾਰਾ ਬਹੁਤ ਹੀ ਸਹਿਯੋਗੀ ਅਤੇ ਮਦਦਗਾਰ ਹੈ।”
ਕਾਰੋਬਾਰ ਤੋਂ ਇਲਾਵਾ ਇੱਥੋਂ ਦੇ ਨਜ਼ਾਰੇ ਵੀ ਬਹੁਤ ਸੋਹਣੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਜਦੋਂ ਮੈਨੂੰ ਕੰਮ ਤੋਂ ਆਰਾਮ ਦੀ ਜ਼ਰੂਰਤ ਹੁੰਦੀ ਹੈ ਤਾਂ ਸ਼ਹਿਰ ’ਚ ਹੀ ਇੱਕ ਪਾਸੇ ਸਮੁੰਦਰ ਹੁੰਦਾ ਹੈ ਅਤੇ ਸੜਕ ਦੇ ਦੂਜੇ ਪਾਸੇ ਪਹਾੜ ਹੁੰਦੇ ਹਨ।”
ਓਸਾਕਾ, ਜਾਪਾਨ
ਓਸਾਕਾ ਸੂਚੀ ’ਚ 10ਵੇਂ ਨੰਬਰ ’ਤੇ ਹੈ ਅਤੇ ਦਰਜਾਬੰਦੀ ’ਚ ਚੋਟੀ ਦੇ 10 ਸ਼ਹਿਰਾਂ ’ਚ ਸ਼ਾਮਲ ਹੋਣ ਵਾਲਾ ਏਸ਼ੀਆ ਦਾ ਇੱਕੋ ਇੱਕ ਸ਼ਹਿਰ ਹੈ।
ਹਾਲਾਂਕਿ ਓਸਾਕਾ ਨੇ ਸਥਿਰਤਾ, ਸਿਹਤ ਪ੍ਰਣਾਲੀ ਅਤੇ ਸਿੱਖਿਆ ’ਚ 100% ਅੰਕ ਹਾਸਲ ਕੀਤੇ ਹਨ।
ਅਜਿਹੇ ਸਮੇਂ ’ਚ ਜਦੋਂ ਦੁਨੀਆ ਭਰ ਦੇ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ, ਇਹ ਇੱਕ ਅਜਿਹਾ ਸ਼ਹਿਰ ਹੈ ਜੋ ਕਿ ਕਾਫੀ ਹੱਦ ਤੱਕ ਕਿਫਾਇਤੀ ਹੈ ਅਤੇ ਸਥਾਨਕ ਲੋਕ ਇਸ ਗੱਲ ਤੋਂ ਖੁਸ਼ ਵੀ ਹਨ।
ਸ਼ਰਲੀ ਜ਼ੇਂਗ ਮੂਲ ਰੂਪ ’ਚ ਵੈਨਕੂਵਰ ਦੀ ਵਸਨੀਕ ਹਨ, ਪਰ ਹੁਣ ਉਹ ਓਸਾਕਾ ’ਚ ਰਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਓਸਾਕਾ ’ਚ ਕਿਰਾਇਆ ਜਾਪਾਨ ਅਤੇ ਦੁਨੀਆ ਦੇ ਹੋਰ ਵੱਡੇ ਸ਼ਹਿਰਾ ਜਿੰਨਾਂ ਜ਼ਿਆਦਾ ਨਹੀਂ ਹੈ।
ਉਹ ਦੱਸਦੇ ਹਨ, “ਮੇਰਾ ਕਿਰਾਇਆ, ਪਾਣੀ, ਇੰਟਰਨੈੱਟ ਅਤੇ ਹੋਰ ਚੀਜ਼ਾਂ ਸਮੇਤ ਪ੍ਰਤੀ ਮਹੀਨਾ ਲਗਭਗ 410 ਯੂਰੋ ਜਾਂ 700 ਕੈਨੇਡੀਅਨ ਡਾਲਰ ਹੈ। ਭਾਵੇਂ ਕਿ ਇਹ ਇੱਕ ਛੋਟਾ ਜਿਹਾ ਅਪਾਰਟਮੈਂਟ ਹੈ, ਪਰ ਨਵਾਂ ਅਤੇ ਸਾਫ਼-ਸੁਥਰਾ ਹੈ। ਜੇ ਤੁਸੀਂ ਵੈਨਕੂਵਰ ’ਚ ਅਜਿਹੀ ਥਾਂ ਲੈਂਦੇ ਹੋ ਤਾਂ ਇਸ ਦੀ ਕੀਮਤ 1200 ਕੈਨੇਡੀਅਨ ਡਾਲਰ ਤੋਂ ਘੱਟ ਨਹੀਂ ਹੋਵੇਗੀ।”
ਜੇਕਸ ਹਿਲਜ਼ ਦਾ ਕਹਿਣਾ ਹੈ, “ਮੈਂ ਬ੍ਰਿਟੇਨ ਤੋਂ ਹਾਂ। ਬਾਹਰ ਕਿਤੇ ਖਾਣਾ ਬਹੁਤ ਮਹਿੰਗਾ ਹੁੰਦਾ ਹੈ ਪਰ ਓਸਾਕਾ ’ਚ ਤੁਸੀਂ ਕਿਸੇ ਵਧੀਆ ਰੈਸਟੋਰੈਂਟ ’ਚ ਵੀ ਘੱਟ ਪੈਸਿਆਂ ’ਚ ਢਿੱਡ ਭਰ ਕੇ ਭੋਜਨ ਖਾ ਸਕਦੇ ਹੋ ਅਤੇ ਤੁਸੀਂ ਰੋਜ਼ਾਨਾ ਬਾਹਰ ਖਾਣਾ ਖਾ ਸਕਦੇ ਹੋ।”
ਇਹ ਸ਼ਹਿਰ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਵੀ ਮੰਨਿਆ ਜਾਂਦਾ ਹੈ।
ਸ਼ਰਲੀ ਜ਼ੇਂਗ ਦਾ ਕਹਿਣਾ ਹੈ, “ਮੈਂ ਰਾਤ ਦੇ ਸਮੇਂ ਘੁੰਮਣ ਵੇਲੇ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਹਾਂ।”
ਉਨ੍ਹਾਂ ਨੂੰ ਕਦੇ ਵੀ ਆਪਣਾ ਪਰਸ ਚੋਰੀ ਹੋਣ ਦੀ ਚਿੰਤਾ ਨਹੀਂ ਹੋਈ।
ਇਸ ਦੇ ਨਾਲ ਹੀ ਇੱਥੋਂ ਦੀ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਵੀ ਬਹੁਤ ਫਾਇਦੇਮੰਦ ਹੈ।
ਜੋਨਾਥਨ ਲੁਕਾਸ ਦਾ ਕਹਿਣਾ ਹੈ, “ਸ਼ਹਿਰ ਦੇ ਅੰਦਰ ਤੇ ਆਲੇ-ਦੁਆਲੇ ਰੇਲ ਲਾਈਨ ਫੈਲੀ ਹੋਈ ਹੈ। ਸ਼ਹਿਰ ਤੋਂ ਬਾਹਰ ਕਿਓਟੋ, ਨਾਰਾ ਅਤੇ ਕੋਬੇ ਵਰਗੇ ਸ਼ਹਿਰਾਂ ਤੱਕ ਜਾਣਾ ਵੀ ਕਾਫ਼ੀ ਸੌਖਾ ਹੈ।”
ਆਕਲੈਂਡ, ਨਿਊਜ਼ੀਲੈਂਡ
ਆਕਲੈਂਡ, ਓਸਾਕਾ ਦੇ ਨਾਲ 10ਵਾਂ ਨੰਬਰ ਸਾਂਝਾ ਕਰ ਰਿਹਾ ਹੈ। ਪਿਛਲੇ ਸਾਲ ਇਹ ਸ਼ਹਿਰ ਇਸ ਸੂਚੀ ’ਚ 25ਵੇਂ ਸਥਾਨ ’ਤੇ ਸੀ।
ਸਤੰਬਰ 2022 ਤੱਕ ਸ਼ਹਿਰ ’ਚ ਕੋਰੋਨਾ ਤੋਂ ਬਾਅਦ ਦੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਹਟਾਇਆ ਗਿਆ ਸੀ, ਇਹ ਇੱਕ ਮੁੱਖ ਕਾਰਨ ਸੀ।
ਹਾਲਾਂਕਿ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰ ਤੇ ਵਾਤਾਵਰਣ ’ਚ ਵੀ ਇਹ ਸ਼ਹਿਰ ਵਧੀਆ ਸਕੋਰ ਰੱਖਦਾ ਹੈ। ਇੱਥੋਂ ਦੇ ਵਸਨੀਕ ਵੀ ਇੰਨਾਂ ਅੰਕੜਿਆਂ ’ਤੇ ਭਰੋਸਾ ਕਰਦੇ ਨਜ਼ਰ ਆਉਂਦੇ ਹਨ।
ਮੇਗਨ ਲਾਰੈਂਸ ਇੱਕ ਬਲੌਗਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਕਲੈਂਡ ’ਚ ਰਹਿਣ ਵਾਲਿਆਂ ਲਈ 20 ਮਿੰਟ ਦੀ ਦੂਰੀ ’ਤੇ ਇੱਕ ਸੋਹਣਾ ਸਮੁੰਦਰੀ ਤੱਟ ਹੈ।
“ਸ਼ਹਿਰ ਦੇ ਚਾਰੇ ਪਾਸੇ ਬਹੁਤ ਹਰਿਆਲੀ ਹੈ ਅਤੇ ਤੁਸੀਂ ਸ਼ਹਿਰ ਤੋਂ ਦੂਰ ਵੀ ਜਾ ਸਕਦੇ ਹੋ। ਇਹ ਵਿਸ਼ਵ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਾਲਾ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ। 2023 ਦਾ ਮਹਿਲਾ ਫੀਫਾ ਵਿੱਸ਼ਵ ਕੱਪ ਵੀ ਇੱਥੇ ਹੀ ਆਯੋਜਿਤ ਕੀਤਾ ਜਾ ਰਿਹਾ ਹੈ।”
ਗ੍ਰੇਗ ਮੈਰੀਅਟ ਇੱਕ ਟਰੈਵਲ ਕੰਪਨੀ ’ਚ ਕੰਮ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਸਾਡੇ ਕੋਲ ਵਧੀਆ ਸੰਗੀਤ ਸਮਾਰੋਹ, ਸ਼ੋਅ ਅਤੇ ਖੇਡ ਸਮਾਗਮ ਹਨ। ਅਗਲੇ ਹਫ਼ਤੇ ਆਕਲੈਂਡ ਮਿਊਜ਼ੀਅਮ ’ਚ ਮਿਸਰ ਦੇ ਫਿਰੌਨ ਦੇ ਬਾਰੇ ਇੱਕ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ।”
ਨਿਊਜ਼ੀਲੈਂਡ ’ਚ ਦੁਨੀਆ ਦੇ ਕਈ ਦੇਸ਼ਾਂ ਤੋਂ ਲੋਕ ਆ ਕੇ ਰਹਿੰਦੇ ਹਨ। ਇਸ ਲਈ ਦੁਨੀਆ ਭਰ ਦੇ ਵੱਖ-ਵੱਖ ਖਾਣੇ ਇੱਥੇ ਉਪਲਬਧ ਹਨ।
ਲਾਰੈਂਸ ਦਾ ਕਹਿਣਾ ਹੈ ਕਿ ਇੰਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਇੱਥੋਂ ਦੀ ਸਭ ਤੋਂ ਵਧੀਆ ਗੱਲ ਲੋਕਾਂ ਦਾ ਦੋਸਤਾਨਾ ਰਵੱਈਆ ਹੈ।
“ਵਧੇਰੇਤਰ ਲੋਕ ਹਮੇਸ਼ਾਂ ਹੀ ਮਦਦ ਲਈ ਤਿਆਰ ਰਹਿੰਦੇ ਹਨ ਅਤੇ ਮੈਨੂੰ ਚੰਗਾ ਲੱਗਦਾ ਹੈ ਕਿ ਇੱਥੋਂ ਦੇ ਲੋਕ ਤੁਹਾਨੂੰ ਮੁਸਕਰਾਉਂਦੇ ਹੋਏ ਹੈਲੋ ਜਾਂ ਬਾਏ ਕਰਦੇ ਹਨ।”