ਕੈਨੇਡਾ ਵਿੱਚ ਪੜ੍ਹਨਾ ਕੌਮਾਂਤਰੀ ਵਿਦਿਆਰਥੀਆਂ ਲਈ ਔਖਾ ਹੋਇਆ, ਇਹ ਨਵੇਂ ਨਿਯਮ ਹੋਏ ਲਾਗੂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ।

ਮਾਹਰ ਕਹਿੰਦੇ ਹਨ ਕਿ ਇਸ ਨਾਲ ਕੈਨੇਡਾ ਜਾਣਾ ਪਹਿਲਾਂ ਨਾਲੋਂ ਔਖਾ ਤੇ ਮਹਿੰਗਾ ਹੋ ਜਾਵੇਗਾ।

ਕੈਨੇਡੀਆਈ ਸਰਕਾਰ ਨੇ ਜਿੱਥੇ ਜੀਆਈਸੀ ਦੀ ਰਕਮ ਦੁੱਗਣੀ ਕੀਤੀ ਹੈ ਉੱਥੇ ਵਰਕ ਪਰਮਿਟ ਵਿੱਚ ਵੀ ਕਈ ਬਦਲਾਅ ਕੀਤੇ ਹਨ।

ਜੀਆਈਸੀ ਤਹਿਤ ਕੌਮਾਂਤਰੀ ਵਿਦਿਆਰਥੀ ਆਪਣੇ ਆਪ ਨੂੰ ਕੈਨੇਡਾ ਰਹਿਣ ਦੇ ਸਮਰੱਥ ਦਰਸਾਉਣ ਲਈ ਰਕਮ ਜਮ੍ਹਾ ਕਰਵਾਉਂਦੇ ਹਨ।

ਪੰਜਾਬ ਤੋਂ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਣ ਵਾਲੇ ਕਈ ਵਿਦਿਆਰਥੀ ਵੀ ਕੈਨੇਡਾ ਨੂੰ ਪਹਿਲ ਦਿੰਦੇ ਹਨ, ਇਹ ਨਿਯਮ ਉਨ੍ਹਾਂ ਉੱਤੇ ਵੀ ਪ੍ਰਭਾਵ ਪਾਵੇਗਾ।

ਨਵੇਂ ਨਿਯਮ ਜਨਵਰੀ 2024 ਤੋਂ ਲਾਗੂ ਹੋਣਗੇ।

ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਕੈਨੇਡਾ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਦੇ ਉਹ ਵਚਨਬੱਧ ਹਨ।

ਕੀ ਹਨ ਨਵੇਂ ਨਿਯਮ

ਪਹਿਲਾ ਨਿਯਮ

ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਉੱਥੇ ਰਹਿਣ ਦੀ ਜ਼ਰੂਰਤ ਦੀ ਲਾਗਤ ਜੀ.ਆਈ.ਸੀ.(ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ) ਵਿੱਚ ਵਾਧਾ ਕਰ ਦਿੱਤਾ ਹੈ।

ਜੀਆਈਸੀ ਦੇ ਨਾਂ ਤਹਿਤ ਜਮ੍ਹਾ ਹੋਣ ਵਾਲੀ ਰਕਮ ਇਸ ਗੱਲ ਦਾ ਸਬੂਤ ਦੇਣ ਲਈ ਹੁੰਦੀ ਹੈ ਕਿ ਵਿਦਿਆਰਥੀ ਕੋਲ ਕੈਨੇਡਾ ਜਾ ਕੇ ਆਪਣੇ ਰਹਿਣ-ਸਹਿਣ ਦਾ ਖਰਚਾ ਕਰਨ ਜੋਗੀ ਰਕਮ ਹੈ।

ਨਵੇਂ ਨਿਯਮਾਂ ਮੁਤਾਬਕ ਹੁਣ ਜੀ ਆਈ ਸੀ 20,635 ਡਾਲਰ ਕਰ ਦਿੱਤੀ ਹੈ। ਪਹਿਲਾਂ ਜੀਆਈਸੀ 10,000 ਡਾਲਰ ਸੀ ਅਤੇ ਇਸ ਵਿੱਚ ਵਾਧਾ ਸਾਲ 2000 ਵਿੱਚ ਕੀਤਾ ਗਿਆ ਸੀ।

ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਮੁਤਾਬਕ ਜੀਆਈਸੀ ਸਬੰਧੀ ਨਵੇਂ ਨਿਯਮ 1 ਜਨਵਰੀ 2024 ਤੋਂ ਲਾਗੂ ਹੋਣਗੇ।

ਇਸ ਵਿੱਚ ਟਿਊਸ਼ਨ ਫੀਸ ਸ਼ਾਮਲ ਹੁੰਦੀ ਹੈ, ਇਹ ਵਿਦਿਆਰਥੀਆਂ ਨੂੰ ਕਿਸ਼ਤਾਂ ਵਿੱਚ ਮੋੜੀ ਜਾਂਦੀ ਹੈ।

ਮੰਤਰੀ ਮਾਰਕ ਮਿਲਰ ਮੁਤਾਬਕ ਕੈਨੇਡਾ ਵਿੱਚ ਰਿਹਾਇਸ਼ ਦੀਆਂ ਕੀਮਤਾਂ ਵਿੱਤ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਕਰ ਕੇ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀ ਇੱਥੇ ਸਹੀ ਤਰੀਕੇ ਨਾਲ ਰਹਿ ਸਕਣ ਉਸ ਦੇ ਮੱਦੇਨਜ਼ਰ ਜੀ.ਆਈ.ਸੀ ਵਿੱਚ ਵਾਧਾ ਕੀਤਾ ਗਿਆ ਹੈ।

ਦੂਜਾ ਨਿਯਮ – ਕੈਨੇਡਾ ਵਿੱਚ ਵਿਦਿਆਰਥੀ ਵੀਜ਼ੇ ਉੱਤੇ ਗਏ ਵਿਦਿਆਰਥੀ ਨੂੰ ਪਹਿਲਾਂ ਹਫ਼ਤੇ ਵਿੱਚ ਵੀਹ ਘੰਟੇ ਕੰਮ ਕਰਨ ਦੀ ਆਗਿਆ ਸੀ।

ਪਰ ਕੈਨੇਡਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ ਅਤੇ ਇਹ ਨਿਯਮ 31 ਦਸੰਬਰ 2023 ਤੱਕ ਸੀ।

ਕੈਨੇਡਾ ਨੇ ਹੁਣ ਇਸ ਨਿਯਮ ਵਿੱਚ 30 ਅਪਰੈਲ 2024 ਤੱਕ ਵਾਧਾ ਕਰ ਦਿੱਤਾ ਹੈ।

ਤੀਜਾ ਨਿਯਮ – ਇਹ ਨਿਯਮ ਵਰਕ ਪਰਮਿਟ ਨਾਲ ਸਬੰਧਿਤ ਹੈ। ਕੋਰੋਨਾ ਦੌਰਾਨ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਨੇ ਆਰਜ਼ੀ ਤੌਰ ਉੱਤੇ ਵਰਕ ਪਰਮਿਟ ਵਿੱਚ 18 ਮਹੀਨੇ ਦਾ ਵਾਧਾ ਕਰਨ ਦੀ ਨੀਤੀ ਲਾਗੂ ਕੀਤੀ ਸੀ।

ਕੈਨੇਡਾ ਵਿੱਚ ਦੋ ਸਾਲ ਦੀ ਪੜਾਈ ਕਰਨ ਵਾਲੇ ਵਿਦਿਆਰਥੀ ਨੂੰ ਪੜਾਈ ਤੋਂ ਬਾਅਦ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਭਾਵ ਜਿਸ ਵਿਅਕਤੀ ਦਾ ਤਿੰਨ ਸਾਲ ਦਾ ਵਰਕ ਪਰਮਿਟ ਖ਼ਤਮ ਹੋ ਜਾਂਦਾ ਸੀ ਉਸ ਨੂੰ ਹੋਰ ਮਹੀਨੇ ਹੋਰ ਕੰਮ ਕਰਨ ਦੀ ਆਗਿਆ ਮਿਲਦੀ ਸੀ।

ਪਰ ਜਨਵਰੀ ਮਹੀਨੇ ਤੋਂ 18 ਮਹੀਨੇ ਵਰਕ ਪਰਮਿਟ ਮਿਲਣ ਦੇ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਪਰ ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਜਿਨ੍ਹਾਂ ਵਿਅਕਤੀਆਂ ਦਾ ਵਰਕ ਪਰਮਿਟ 31 ਦਸੰਬਰ 2023 ਤੱਕ ਖ਼ਤਮ ਹੋ ਰਿਹਾ ਹੈ ਉਹ 18 ਮਹੀਨੇ ਦਾ ਵਰਕ ਪਰਮਿਟ ਅਪਲਾਈ ਕਰਨ ਦੇ ਯੋਗ ਹੋਣਗੇ।

ਮਾਹਰਾਂ ਦੀ ਰਾਇ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੇ ਇਮੀਗ੍ਰੇਸ਼ਨ ਮਾਹਿਰ ਰਤਨਦੀਪ ਸਿੰਘ ਮੁਤਾਬਕ ਜੀਆਈਸੀ ਵਿੱਚ ਇੱਕ ਦਮ ਕੀਤਾ ਗਿਆ ਵਾਧਾ ਵਿਦਿਆਰਥੀਆਂ ਨੂੰ ਮਾਯੂਸ ਕਰਨ ਵਾਲਾ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਰਹਿਣ ਸੁਹਿਣ ਪਹਿਲਾਂ ਦੇ ਮੁਕਾਬਲੇ ਬਹੁਤ ਮਹਿੰਗਾ ਗਿਆ ਹੈ ਅਤੇ ਇਸ ਦੀ ਮਾਰ ਵਿਦਿਆਰਥੀਆਂ ਨੂੰ ਝੱਲਣੀ ਪੈ ਰਹੀ ਹੈ।

ਉਨ੍ਹਾਂ ਆਖਿਆ ਕਿ ਇਸੇ ਕਰਕੇ ਪੰਜ ਤੋਂ ਛੇ ਵਿਦਿਆਰਥੀਆਂ ਬੇਸਮੈਂਟ ਵਿੱਚ ਰਹਿਣ ਲਈ ਮਜਬੂਰ ਹਨ।

ਇਸ ਤੋਂ ਇਲਾਵਾ ਕੁਝ ਵਿਦਿਆਰਥੀ ਬਿਨ੍ਹਾਂ ਘਰਾਂ ਤੋਂ ਟੈਂਟਾਂ ਵਿੱਚ ਰਹਿ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਰੋਟੀ ਖਾ ਕੇ ਗੁਜ਼ਾਰਾ ਕਰਨ ਦੇ ਲਈ ਮਜਬੂਰ ਹਨ।

ਰਤਨਦੀਪ ਸਿੰਘ ਮੁਤਾਬਕ ਬੇਸ਼ੱਕ ਜੀਆਈਸੀ ਵਿੱਚ ਵਾਧਾ ਕਰ ਕੇ ਕੈਨੇਡਾ ਆਰਥਿਕ ਤੌਰ ਉੱਤੇ ਮਜ਼ਬੂਤ ਵਿਦਿਆਰਥੀਆਂ ਨੂੰ ਪੜਾਈ ਲਈ ਬੁਲਾਉਣਾ ਚਾਹੁੰਦਾ ਹੈ ਪਰ ਚੰਗਾ ਹੁੰਦਾ ਇਹ ਵਾਧਾ ਹੌਲੀ ਹੌਲੀ ਹੁੰਦਾ।

ਇਸ ਤੋਂ ਇਲਾਵਾ ਜਨਵਰੀ ਮਹੀਨੇ ਵਿੱਚ 18 ਮਹੀਨੇ ਵਰਕ ਪਰਮਿਟ ਦੀ ਸਕੀਮ ਬੰਦ ਕਰਨਾ ਦੀ ਮਾਰ ਵੀ ਵਿਦਿਆਰਥੀਆਂ ਉੱਤੇ ਪਵੇਗੀ ਜੋ ਕਿ ਉਨ੍ਹਾਂ ਨੂੰ ਮਾਯੂਸ ਕਰਨ ਵਾਲੀ ਹੈ।

ਚੰਡੀਗੜ੍ਹ ਦੇ ਇਮੀਗ੍ਰੇਸ਼ਨ ਮਾਹਿਰ ਰੁਪਿੰਦਰ ਸਿੰਘ ਮੁਤਾਬਕ ਕੈਨੇਡਾ ਵਿੱਚ ਨਵੇਂ ਨਿਯਮਾਂ ਦਾ ਅਸਰ ਮਈ ਅਤੇ ਸਤੰਬਰ ਇੰਨਟੈੱਕ ਉੱਤੇ ਪਵੇਗਾ।

ਉਨ੍ਹਾਂ ਮੁਤਾਬਕ ਨਵੇਂ ਨਿਯਮ ਨਾਲ ਪ੍ਰਤੀ ਵਿਦਿਆਰਥੀ ਕੈਨੇਡਾ ਜਾਣਾ 6 ਤੋਂ 7 ਲੱਖ (ਡਾਲਰ ਦੀ ਕੀਮਤ ਅਤੇ ਕਾਲਜ ਦੀ ਪੜਾਈ ਉੱਤੇ ਨਿਰਭਰ) ਮਹਿੰਗਾ ਹੋ ਜਾਵੇਗਾ।

ਰੁਪਿੰਦਰ ਸਿੰਘ ਮੁਤਾਬਕ ਚੰਗਾ ਹੁੰਦਾ ਕੈਨੇਡਾ ਇਹ ਰਾਸ਼ੀ ਹੌਲੀ-ਹੌਲੀ ਵਾਧਾ ਕਰਦਾ ਤਾਂ ਜੋ ਨਵੇਂ ਵਿਦਿਆਰਥੀਆਂ ਉੱਤੇ ਇਸ ਦਾ ਅਸਰ ਇਕ ਦਮ ਨਾ ਪੈਂਦਾ।

ਵਿਦਿਆਰਥੀਆਂ ਦਾ ਰੁਝਾਨ ਬਾਕੀ ਦੇਸਾਂ ਦੇ ਮੁਕਾਬਲੇ ਕੈਨੇਡਾ ਲਈ ਇਸ ਕਰ ਕੇ ਸੀ ਕਿਉਂਕਿ ਉੱਥੇ ਜਾਣਾ ਸੌਖਾ ਸੀ ਕਿਉਂਕਿ ਜੀ.ਆਈ.ਸੀ ਦੀ ਰਾਸ਼ੀ ਬਹੁਤ ਘੱਟ ਸੀ।

ਉਨ੍ਹਾਂ ਆਖਿਆ ਕਿ ਸਟੂਡੈਂਟ ਵੀਜ਼ੇ ਉੱਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣ ਦੇ ਲਈ ਫ਼ੰਡ ਜ਼ਿਆਦਾ ਹਨ ਅਤੇ ਇਹ ਦੇਸ਼ ਇਸ ਦੇ ਸਰੋਤ ਦੀ ਵੀ ਜਾਣਕਾਰੀ ਮੰਗਦੇ ਹਨ ਜਦੋਂਕਿ ਕੈਨੇਡਾ ਵਿੱਚ ਅਜਿਹੀ ਕੋਈ ਸ਼ਰਤ ਨਹੀਂ ਸੀ।

ਪੰਜਾਬ ਉੱਤੇ ਅਸਰ

ਕੈਨੇਡਾ ਵਿੱਚ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿੱਚ ਭਾਰਤੀਆਂ ਦੀ ਗਿਣਤੀ ਕਾਫੀ ਹੈ।

2022 ਵਿੱਚ ਕੈਨੇਡਾ ਪੜਾਈ ਲਈ ਆਉਣ ਵਾਲੇ ਕੁਲ ਵਿਦਿਆਰਥੀਆਂ ਵਿਚੋਂ 40 ਫ਼ੀਸਦੀ ਭਾਰਤੀ ਵਿਦਿਆਰਥੀ ਸਨ ਜਿੰਨਾ ਵਿੱਚ ਵੱਡੀ ਤਦਾਦ ਪੰਜਾਬੀ ਵਿਦਿਆਰਥੀਆਂ ਦੀ ਹੈ।

ਇਮੀਗ੍ਰੇਸ਼ਨ ਮਾਹਿਰ ਰੁਪਿੰਦਰ ਸਿੰਘ ਦੱਸਦੇ ਹਨ ਜੀਆਈਸੀ ਵਿੱਚ ਵਾਧਾ ਹੋਣ ਕਰਕੇ ਕੈਨੇਡਾ ਜਾ ਕੇ ਪੜਾਈ ਬਾਰੇ ਸੋਚ ਰਹੇ ਵਿਦਿਆਰਥੀਆਂ ਲਈ ਧੱਕਾ ਜ਼ਰੂਰ ਹੈ।

ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਕਰੀਬ 1.4 ਮਿਲੀਅਨ ਹੈ- ਜਿੰਨਾ ਵਿੱਚੋਂ ਅੱਧੇ ਤੋਂ ਵੱਧ ਸਿੱਖ ਹਨ। 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਦੇਸ਼ ਦੀ ਆਬਾਦੀ ਦਾ 3.7% ਬਣਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)