ਕੈਨੇਡਾ : 'ਸਾਡਾ ਤਾਂ ਸਾਡੇ ਆਪਣੇ ਹੀ ਹਰ ਪੱਖੋਂ ਸ਼ੋਸ਼ਣ ਕਰਦੇ ਹਨ', ਸਟੱਡੀ ਵੀਜ਼ੇ ਵਾਲਿਆਂ ਦੀ ਜ਼ਿੰਦਗੀ ਦਾ ਸੱਚ

    • ਲੇਖਕ, ਮੋਹਸਿਨ ਅੱਬਾਸ
    • ਰੋਲ, ਬੀਬੀਸੀ ਲਈ, ਕੈਨੇਡਾ ਤੋਂ

ਕੈਨੇਡਾ-ਭਾਰਤ ਕੂਟਨੀਤਕ ਮਸਲਾ ਅਜੇ ਤੱਕ ਠੰਢਾ ਨਹੀਂ ਹੋ ਰਿਹਾ, ਅਜਿਹੇ ਵਿੱਚ ਭਾਰਤੀ ਵਿਦਿਆਰਥੀ ਅਮਰੀਕੀ ਦੇਸ਼ ਕੈਨੇਡਾ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ।

ਵਿਦਿਆਰਥੀ ਦੋਵੇਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰ ਰਹੇ ਹਨ।

ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆਉਣ ਦੇ ਆਪਣੇ ਫ਼ੈਸਲੇ 'ਤੇ ਸਵਾਲ ਚੁੱਕ ਰਹੇ ਹਨ ਖ਼ਾਸ ਕਰ ਕੇ ਜਦੋਂ ਦੀਆਂ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕੀਤੀਆਂ ਹਨ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ਵਿੱਚ ਪਾੜਾ ਪੈ ਗਿਆ ਹੈ।

45 ਸਾਲਾ ਕੈਨੇਡੀਅਨ ਨਾਗਰਿਕ, ਸਾਲਾਂ ਤੋਂ ਭਾਰਤ ਵਿੱਚ ਲੋੜੀਂਦੇ ਇੱਕ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਵੈਨਕੂਵਰ ਦੇ ਪੂਰਬ ਵਿੱਚ ਪੰਜ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ, ਸਰੀ ਵਿੱਚ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਬਰੈਂਪਟਨ ਅਤੇ ਮਿਸੀਸਾਗਾ ਸਣੇ ਗ੍ਰੇਟਰ ਟੋਰਾਂਟੋ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਰਹਿੰਦੇ ਹਨ। ਗ੍ਰੇਟਰ ਟੋਰਾਂਟੋ ਦੇ ਬਾਹਰਵਾਰ ਕਿਚਨਰ ਤੇ ਵਾਟਰਲੂ ਵਿੱਚ ਵੀ ਕਈ ਭਾਰਤੀ ਰਹਿੰਦੇ ਹਨ।

ਕੌਮਾਂਤਰੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਭਾਰਤੀ ਹਨ ਜੋ 40 ਫੀਸਦੀ ਬਣਦਾ ਹੈ। ਇਹ ਵਿਦਿਆਰਥੀ ਇੱਕ ਤੋਂ ਤਿੰਨ ਸਾਲ ਦੀ ਔਸਤ ਮਿਆਦ ਵਾਲੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲੈਂਦੇ ਹਨ।

ਬਰੈਂਪਟਨ, ਮਿਸੀਸਾਗਾ, ਕਿਚਨਰ, ਵਾਟਰਲੂ ਅਤੇ ਕੈਮਬ੍ਰਿਜ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਇਸ ਦੌਰਾਨ ਅਸੀਂ ਦੇਖਿਆ ਕਿ ਬਹੁਤ ਸਾਰੇ ਕੈਨੇਡਾ ਵਿੱਚ ਵੱਧ ਰਹੇ ਮੁਕਾਬਲੇ ਅਤੇ ਘੱਟ ਮੌਕਿਆਂ ਕਾਰਨ ਘਬਰਾਏ ਹੋਏ ਅਤੇ ਚਿੰਤਤ ਸਨ। ਇਨ੍ਹਾਂ ਲਈ ਕੂਟਨੀਤਕ ਸੰਕਟ ਕਿਸੇ ਤਰ੍ਹਾਂ ਵੀ ਮਦਦਗਾਰ ਨਹੀਂ ਸੀ।

ਵਿਦਿਆਰਥੀਆਂ ਵਿੱਚ ਡਰ

ਬਹੁਤ ਸਾਰੇ ਵਿਦਿਆਰਥੀ, ਮੁੱਖ ਤੌਰ 'ਤੇ ਪੰਜਾਬ ਤੋਂ ਹਨ। ਉਹ ਸਾਡੇ ਨਾਲ ਗੱਲ ਕਰਨ ਤੋਂ ਝਿਜਕ ਰਹੇ ਸਨ ਅਤੇ ਚਿੰਤਾ ਵਿੱਚ ਸਨ ਕਿ ਕਿਸੇ ਵੀ ਤਰ੍ਹਾਂ ਦੀਆਂ ਟਿੱਪਣੀ ਉਨ੍ਹਾਂ ਦੇ ਵੀਜ਼ੇ ਦੀਆਂ ਸੰਭਾਵਨਾਵਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।

ਵਾਟਰਲੂ ਦੇ ਕੋਨੇਸਟੋਗਾ ਕਾਲਜ ਵਿੱਚ ਗਲੋਬਲ ਹਾਸਪਿਟੈਲਿਟੀ ਮੈਨੇਜਮੈਂਟ ਦੀ ਵਿਦਿਆਰਥਣ ਹਰਨੀਤ ਕੌਰ (ਬਦਲਿਆ ਹੋਇਆ ਨਾਮ) ਨੇ ਆਪਣੇ ਡਰ ਨੂੰ ਸਾਡੇ ਨਾਲ ਸਾਂਝਾ ਕੀਤਾ।

25 ਸਾਲਾ ਹਰਨੀਤ ਕੌਰ ਦਾ ਕਹਿਣਾ ਸੀ, "ਸਥਿਤੀ ਉਸ ਦੇ ਉਲਟ ਹੈ ਜਿਸ ਦੀ ਮੈਂ ਭਾਰਤ ਵਿੱਚ ਆਸ ਕੀਤੀ ਸੀ, ਜਦੋਂ ਮੈਂ ਭਾਰਤ ਵਿੱਚ ਸੀ ਤਾਂ ਮੰਗ ਸਪਲਾਈ ਨਾਲੋਂ ਘੱਟ ਹੈ, ਇਸ ਲਈ ਕੈਨੇਡੀਅਨ ਸਰਕਾਰ ਨੂੰ ਹਰ ਕਿਸੇ ਲਈ ਚੰਗੇ ਮੌਕੇ ਪ੍ਰਦਾਨ ਕਰਨ ਲਈ ਭਾਰਤੀ ਵਿਦਿਆਰਥੀ ਲਈ ਵੀਜ਼ਿਆਂ 'ਤੇ ਸੀਮਾ ਲਗਾਉਣੀ ਚਾਹੀਦੀ ਹੈ।"

ਆਮ ਤੌਰ 'ਤੇ, ਕੌਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਹਾਂਮਾਰੀ ਦੌਰਾਨ, ਕੈਨੇਡੀਅਨ ਸਰਕਾਰ ਨੇ ਕੰਮ ਦੇ ਘੰਟਿਆਂ ਦੇ ਨਿਯਮਾਂ ਵਿੱਚ 20 ਤੋਂ 40 ਘੰਟੇ ਪ੍ਰਤੀ ਹਫ਼ਤੇ ਦੀ ਢਿੱਲ ਦਿੱਤੀ ਸੀ। ਹਾਲਾਂਕਿ, ਕੁਝ ਵਿਦਿਆਰਥੀ ਮਨਜ਼ੂਰਸ਼ੁਦਾ ਘੰਟਿਆਂ ਤੋਂ ਵੱਧ ਕੰਮ ਵੀ ਕਰਦੇ ਹਨ।

ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਇੱਕ ਤਾਜ਼ਾ ਐਡਵਾਇਜ਼ਰੀ ਵਿੱਚ ਵੀ ਪਾਰਟ-ਟਾਈਮ ਕੰਮ ਲੱਭਣ ਵਿੱਚ ਮੁਸ਼ਕਲਾਂ ਵੱਲ ਇਸ਼ਾਰਾ ਕੀਤਾ ਹੈ।

ਹਰਨੀਤ ਕੌਰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਅਧਿਆਪਕਾ ਸੀ। ਹੁਣ, ਉਹ ਕਿਚਨਰ ਵਾਟਰਲੂ ਖੇਤਰ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਆਮਦਨੀ ਘੱਟੋ-ਘੱਟ ਉਜਰਤ ਤੋਂ ਵੀ ਘੱਟ ਹੈ।

ਉਸ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਵਿਦਿਆਰਥੀਆਂ ਦਾ ਅਕਸਰ ਉਨ੍ਹਾਂ ਦੇ ਮਾਲਕਾਂ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ।

ਕੁਝ ਵਿਦਿਆਰਥੀਆਂ ਨੂੰ ਡਰ ਹੈ ਕਿ ਵੀਜ਼ਾ ਕਾਰਜ ਮੁਅੱਤਲ ਕੀਤੇ ਜਾਣ ਦਾ ਕੈਨੇਡਾ ਵਿੱਚ ਭਾਰਤੀਆਂ 'ਤੇ ਵੀ ਉਲਟ ਪ੍ਰਭਾਵ ਪੈ ਸਕਦਾ ਹੈ।

ਕਿਫਾਇਤੀ ਰਿਹਾਇਸ਼ ਦੀ ਸਮੱਸਿਆ

ਬਰੈਂਪਟਨ ਦੇ ਸ਼ੈਰੇਡਨ ਕਾਲਜ ਦੇ ਵਿਦਿਆਰਥੀ ਮਹਿਤਾਬ ਗਰੇਵਾਲ ਨੇ ਕਿਹਾ, "ਇਹ ਬਹੁਤ ਗੁੰਝਲਦਾਰ ਸਥਿਤੀ ਹੈ। ਪਰ ਜੇਕਰ ਲੋਕ ਸਫ਼ਰ ਨਹੀਂ ਕਰ ਸਕਦੇ, ਤਾਂ ਖ਼ਾਸ ਕਰ ਕੇ ਪੰਜਾਬ ਦੇ ਜ਼ਿਆਦਾਤਰ ਇੰਡੋ-ਕੈਨੇਡੀਅਨਾਂ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ, ਨਾ ਕਿ ਕੂਟਨੀਤਕਾਂ ਨੂੰ।"

ਟੋਰਾਂਟੋ ਦੇ ਪੱਛਮ ਵਿੱਚ ਕਰੀਬ 1,50,000 ਪੰਜਾਬੀ ਰਹਿੰਦੇ ਹਨ।

ਗਰੇਵਾਲ ਸੰਕਟ ਬਾਰੇ ਕਹਿੰਦੇ ਹਨ, "ਇਸ ਨੇ ਮੇਰੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਹੋਰ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।"

ਉਸ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਦਸੰਬਰ ਵਿੱਚ ਇੱਕ ਵਿਆਹ 'ਤੇ ਜਾਣ ਲਈ ਭਾਰਤ ਲਈ ਪਹਿਲਾਂ ਤੋਂ ਹੀ ਟਿਕਟਾਂ ਲਈਆਂ ਹੋਈਆਂ ਸਨ ਪਰ ਬਰੈਂਪਟਨ ਵਿੱਚ ਭਾਰਤੀ ਵੀਜ਼ਾ ਦਫ਼ਤਰ ਤੋਂ ਇਸ ਬਾਰੇ ਕੋਈ ਜਵਾਬ ਨਹੀਂ ਮਿਲ ਸਕਿਆ ਕਿ ਕੀ ਉਨ੍ਹਾਂ ਦਾ ਵੀਜ਼ਾ ਆਵੇਗਾ ਜਾਂ ਨਹੀਂ।

ਗਰੇਵਾਲ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਿਹਾ ਹੈ ਕਿਉਂਕਿ ਉਹ ਕਿਫਾਇਤੀ ਰਿਹਾਇਸ਼ ਨਹੀਂ ਲੱਭ ਸਕਿਆ।

ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਲਈ ਕਿਫਾਇਤੀ ਰਿਹਾਇਸ਼ ਇੱਕ ਹੋਰ ਵੱਡੀ ਚੁਣੌਤੀ ਹੈ। ਓਟਵਾ ਵਿੱਚ ਭਾਰਤ ਸਰਕਾਰ ਦੇ ਹਾਈ ਕਮਿਸ਼ਨ ਵੱਲੋਂ ਜਾਰੀ ਇੱਕ ਤਾਜ਼ਾ ਐਡਵਾਇਜ਼ਰੀ ਵਿੱਚ ਮਹਿੰਗੇ ਘਰਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

ਅਕਸਰ ਵਿਦਿਆਰਥੀਆਂ ਕੋਲ ਮਾੜੀ ਰਹਿਣ-ਸਹਿਣ ਵਾਲੀਆਂ ਰਿਹਾਇਸ਼ਾਂ ਨੂੰ ਸਾਂਝਾ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੁੰਦਾ।

ਇੱਕ ਹੋਰ ਨੌਜਵਾਨ ਵਿਦਿਆਰਥੀ ਪਰਮੀਸ਼ ਸਿੰਘ ਪੰਜਾਬ ਦੇ ਮਾਨਸਾ ਤੋਂ ਹਾਲ ਹੀ ਵਿੱਚ ਮਿਸੀਸਾਗਾ ਦੇ ਸ਼ੈਰੇਡਨ ਕਾਲਜ ਵਿੱਚ ਬਿਜ਼ਨਸ ਸਟੱਡੀ ਪੜ੍ਹਨ ਲਈ ਆਇਆ ਸੀ।

19 ਸਾਲਾ ਪਰਮੀਸ਼ ਦਾ ਕਹਿਣਾ ਹੈ, "ਮਕਾਨ ਮਾਲਕ ਨਵੇਂ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਹਨ। ਅਸੀਂ ਅਜੇ ਨਵੇਂ-ਨਵੇਂ ਆਏ ਹੁੰਦੇ ਹਾਂ ਤਾਂ ਸਾਨੂੰ ਇਸ ਬਾਰੇ ਥੋੜ੍ਹਾ ਹੀ ਪਤਾ ਹੁੰਦਾ ਹੈ। ਮੈਂ ਇੱਕ ਭੀੜਭਾੜ ਵਾਲੀ ਬੇਸਮੈਂਟ ਵਿੱਚ ਰਹਿੰਦਾ ਹਾਂ, ਜਿੱਥੇ ਨਾ ਹੋਈ ਕਮਰਾ ਅਤੇ ਨਾ ਹੀ ਰਸੋਈ ਹੈ।"

"ਸਿਰਫ਼ ਬਾਥਰੂਮ ਹੈ, ਜੋ ਅਸੀਂ 6 ਲੋਕ ਵਰਤਦੇ ਹਾਂ, ਜਿਸ ਵਿੱਚ ਅਫਰੀਕਾ ਅਤੇ ਨੇਪਾਲ ਤੋਂ ਆਏ ਲੋਕ ਵੀ ਸ਼ਾਮਿਲ ਹਨ।"

ਗੁਜਰਾਤ ਦੇ ਜੈ ਵਰਮਾ ਇੱਕ ਚੰਗੀ ਕਿਸਮਤ ਵਾਲੇ ਹਨ ਕਿਉਂਕਿ ਉਨ੍ਹਾਂ ਨੂੰ ਆਉਂਦਿਆਂ ਹੀ ਕੈਨੇਡਾ ਵਿੱਚ ਕੰਮ ਮਿਲ ਗਿਆ। ਪਰ ਉਹ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਲੈ ਕੇ ਚਿੰਤਤ ਹਨ।

ਉਹ ਕਹਿੰਦੇ ਹਨ, "ਸਾਰੇ ਵਿਦਿਆਰਥੀ ਕਨਵੋਕੇਸ਼ਨ ਲਈ ਮਾਪਿਆਂ ਨੂੰ ਸੱਦਣਾ ਚਾਹੁੰਦੇ ਹਨ। ਜੇਕਰ ਭਾਰਤੀਆਂ ਲਈ ਵੀਜ਼ਾ 'ਤੇ ਵੀ ਪਾਬੰਦੀ ਲਗਾਈ ਜਾਂਦੀ ਹੈ, ਤਾਂ ਇਹ ਵਿਦਿਆਰਥੀਆਂ ਦੇ ਸੁਪਨੇ ਤੋੜ ਦੇਵੇਗਾ। ਜਿਹੜੇ ਵਿਦਿਆਰਥੀ ਕੈਨੇਡੀਅਨ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ, ਉਹ ਬਹੁਤ ਤਣਾਅ ਵਿੱਚ ਹਨ। ਹੁਣ ਕੋਈ ਸਪੱਸ਼ਟਤਾ ਨਹੀਂ ਹੈ।"

ਬਿਹਤਰੀ ਦੀ ਆਸ

ਵਰਮਾ ਹਾਊਸਿੰਗ ਸੰਕਟ ਬਾਰੇ ਚਿੰਤਤ ਹੈ ਜਿਸ ਕਾਰਨ ਵਿਦਿਆਰਥੀ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਾਂਗ ਭੀੜ-ਭੜੱਕੇ ਵਾਲੇ ਅਪਾਰਟਮੈਂਟਾਂ ਵਿੱਚ ਰਹਿਣ ਲਈ ਮਜਬੂਰ ਹਨ।

ਉਹ ਆਖਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਕੋਈ ਪਰਵਾਸੀ ਵਿਦਿਆਰਥੀਆਂ ਦੀ ਮਦਦ ਕਰ ਰਿਹਾ ਹੈ ਕਿਉਂਕਿ ਸਾਡੀ ਵੋਟ ਨਹੀਂ ਹੈ। ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਭਾਰਤੀ ਪ੍ਰਵਾਸੀਆਂ ਲਈ ਸਭ ਤੋਂ ਮਾੜਾ ਹੋਵੇਗਾ। ਇਹ ਹਰ ਬ੍ਰਾਊਨ ਵਿਅਕਤੀ ਨੂੰ ਪ੍ਰਭਾਵਿਤ ਕਰੇਗਾ।"

ਹਾਲਾਂਕਿ, ਕੁਝ ਕੈਨੇਡੀਅਨ ਕਾਲਜ ਜਿਵੇਂ ਕਿ ਵਾਟਰਲੂ ਵਿੱਚ ਕੋਨੇਸਟੋਗਾ ਕਾਲਜ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੂੰ ਅਨੁਕੂਲ ਬਣਾਉਣ ਲਈ ਆਪਣੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਹੇ ਹਨ।

ਸਾਊਥ ਏਸ਼ੀਅਨ ਲਿੰਕ ਦੀ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਜ਼ੀਆ ਨਜ਼ੀਰ, ਆਸ਼ਾਵਾਦੀ ਹੈ ਕਿ ਓਟਵਾ ਅਤੇ ਨਵੀਂ ਦਿੱਲੀ ਦੇ ਸਬੰਧ ਜਲਦੀ ਹੀ ਆਮ ਵਾਂਗ ਹੋ ਜਾਣਗੇ।

ਸਾਊਥ ਏਸ਼ੀਆ ਲਿੰਕ ਇੱਕ ਏਜੰਸੀ ਹੈ ਜੋ ਗ੍ਰੇਟਰ ਟੋਰਾਂਟੋ ਖੇਤਰ ਤੋਂ ਬਾਹਰ ਪੇਂਡੂ ਭਾਈਚਾਰਿਆਂ ਵਿੱਚ ਵਸਣ ਵਿੱਚ ਵਿਦਿਆਰਥੀਆਂ ਦੀ ਮਦਦ ਕਰਦੀ ਹੈ।

ਉਨ੍ਹਾਂ ਮੁਤਾਬਕ, "ਸਤੰਬਰ ਦੇ ਦਾਖ਼ਲੇ ਲਈ ਹੁਣੇ-ਹੁਣੇ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਵਿੱਚ ਵਧੇਰੇ ਸਪੱਸ਼ਟਤਾ ਦੀ ਲੋੜ ਹੈ। ਅਗਲੇ ਸਮੈਸਟਰ ਵਿੱਚ ਬਹੁਤ ਸਾਰੇ ਆਉਣ ਵਾਲੇ ਹਨ।"

"ਕੈਨੇਡਾ ਇੱਕ ਬਹੁਤ ਹੀ ਸ਼ਾਂਤੀਮਈ ਦੇਸ਼ ਹੈ। ਅਸੀਂ ਵਧੀਆ ਦੀ ਉਮੀਦ ਕਰ ਰਹੇ ਹਾਂ। ਸਾਨੂੰ ਥੋੜ੍ਹੀ ਬਹੁਤ ਨਸਲੀ ਪ੍ਰਤੀਕਿਰਿਆ ਅਤੇ ਵਿਤਕਰੇ ਦੀ ਚਿੰਤਾ ਹੈ।"

ਜੁਬਿਨ ਥੋਮਸ ਦਾ ਜਨਮ ਭੋਪਾਲ ਹੋਇਆ ਸੀ। ਉਹ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ। ਹੁਣ, ਉਹ ਆਪਣੇ ਪੀਆਰ ਦੀ ਉਡੀਕ ਕਰ ਰਿਹਾ ਹੈ। ਜੁਬਿਨ ਭਾਰਤ ਦੇ ਪੰਜ ਵਿਦਿਆਰਥੀਆਂ ਨਾਲ ਰਹਿੰਦਾ ਹੈ।

ਉਹ ਕਹਿੰਦਾ ਹੈ, "ਇਹ ਸਥਿਤੀ ਸਾਡੇ ਸਾਰਿਆਂ ਲਈ ਬਹੁਤ ਤਣਾਅਪੂਰਨ ਹੈ। ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਭਵਿੱਖ ਵਿੱਚ ਕੀ ਹੋਵੇਗਾ। ਇਹ ਕੂਟਨੀਤਕ ਸਮੱਸਿਆ ਬਹੁਤ ਤਣਾਅਪੂਰਨ ਹੈ। ਰੱਬ ਦਾ ਸ਼ੁਕਰ ਹੈ ਕਿ ਹੁਣ ਤੱਕ ਕੋਈ ਭੇਦਭਾਵ ਜਾਂ ਅਜਿਹੀ ਘਟਨਾ ਨਹੀਂ ਹੋਈ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)